“ਜੇ ਤੂੰ ਅੱਜ ਵਕਤ ਨਾ ਸੰਭਾਲਿਆ ਤਾਂ ...”
(25 ਅਪਰੈਲ 2017)
ਮੈਂ ਆਪਣੇ ਦੋਸਤ ਨੂੰ ਮਿਲਣ ਉਸਦੇ ਘਰ ਗਿਆ ਤਾਂ ਦੇਖਿਆ ਮਾਹੌਲ ਕਾਫੀ ਤਲਖੀ ਵਾਲਾ ਸੀ। ਚੰਗੇ ਪਰਿਵਾਰਕ ਸਬੰਧ ਹੋਣ ਕਾਰਨ ਮੇਰੇ ਸਿੱਧਾ ਹੀ ਘਟਨਾ ਸਥਲ ’ਤੇ ਪੁੱਜ ਜਾਣ ਕਰਕੇ ਉਹ ਸੰਭਲ ਵੀ ਨਹੀਂ ਸਨ ਸਕੇ ਕਿ ਥੋੜ੍ਹੀ ਬਹੁਤੀ ਅਵਾਜ਼ ਹੀ ਨੀਵੀਂ ਕਰ ਲੈਂਦੇ। ਮੇਰਾ ਦੋਸਤ ਮੋਬਾਇਲ ਅਤੇ ਕੰਪਿਉਟਰ ਦੀ ਹੱਦੋਂ ਵੱਧ ਵਰਤੋਂ ਕਰਨ ਵਾਲੇ ਆਪਣੇ ਪੁੱਤ ਨੂੰ ਵਰਜਣ ਲਈ ਕੌੜੀ ਭਾਸ਼ਾ ਤੱਕ ਜਾ ਪੁੱਜਾ ਸੀ। ਮੈਨੂੰ ਦੇਖ ਕੇ ਮੇਰੇ ਮਿੱਤਰ ਨੇ ਮੇਰੇ ਵੱਲ ਰੁਖ ਕਰਦਿਆਂ ਕਿਹਾ, “ਵੇਖ ਯਾਰ ਜਟਾਣੇ, ਕਿਹੋ ਜਿਹਾ ਜ਼ਮਾਨਾ ਆ ਗਿਆ! ਬੱਚੇ ਕੋਈ ਚੱਜ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ। ਕਿੰਨੀ ਵਾਰ ਮੈਂ ਇਹ ਨੂੰ ਰੋਕਿਐ ਬਈ ਤੂੰ ਆਹ ਫੋਨ ਨਾਲ ਹਰ ਵਕਤ ਚਿੱਚੜ ਬਣਨ ਵਾਲੀ ਆਦਤ ਛੱਡ ਕੇ ਪੜ੍ਹਾਈ ਵੱਲ ਧਿਆਨ ਕਰ। ਜੇ ਮੱਲੋ ਮੱਲੀ ਫੋਨ ਫੜ ਲਈਏ ਤਾਂ ਇਹ ਕੰਪਿਉਟਰ ਨੂੰ ਚਿੰਬੜ ਜਾਂਦੈ। ਬਿਜਲੀ ਨਾ ਹੋਵੇ ਤਾਂ ਮੋਟਰ ਸਾਇਕਲ ਭਜਾਈ ਫਿਰਦੈ। ਮੈਂ ਤਾਂ ਅੱਕ ਗਿਆਂ ਗੰਦੀ ਔਲਾਦ ਤੋਂ ... ਜੀਅ ਕਰਦੈ ਫਾਹਾ ਲੈ ਲਵਾਂ।”
ਗਰਮ ਮਾਹੌਲ ਨੂੰ ਠੰਢਾ ਕਰਨ ਦੇ ਇਰਾਦੇ ਨਾਲ ਮੈਂ ਆਪਣੇ ਦੋਸਤ ਦੇ ਮੁੰਡੇ ਦੇ ਮੋਢੇ ’ਤੇ ਹੱਥ ਰੱਖਿਆ ਅਤੇ ਕੋਲ ਪਏ ਸੋਫੇ ’ਤੇ ਜਾ ਬੈਠਾ। ਸਾਡੇ ਪਿੱਛੇ ਹੀ ਮੇਰਾ ਦੋਸਤ ਵੀ ਆ ਗਿਆ। ਮੁੰਡੇ ਨੂੰ ਪੁਚਕਾਰਦੇ ਹੋਏ ਮੈਂ ਕਿਹਾ, “ਬੇਟਾ, ਜਦੋਂ ਤੇਰੇ ਮੰਮੀ ਪਾਪਾ ਤੈਨੂੰ ਫਾਲਤੂ ਦੇ ਕੰਮ ਕਰਨ ਤੋਂ ਰੋਕਦੇ ਨੇ ਤਾਂ ਤੂੰ ਰੁਕਦਾ ਕਿਉਂ ਨਹੀਂ? ਬੱਚੇ, ਮਾਂ ਬਾਪ ਜ਼ੁਬਾਨ ਦੇ ਕੌੜੇ ਤਾਂ ਹੋ ਸਕਦੇ ਨੇ ਪਰ ਦਿਲ ਦੇ ਮਾੜੇ ਨਹੀਂ ਹੁੰਦੇ। ਇਹ ਜੋ ਵੀ ਆਂਹਦੇ ਨੇ ਤੇਰੇ ਭਲੇ ਲਈ ਹੀ ਤਾਂ ਆਂਹਦੇ ਨੇ। ਤੂੰ ਅਜੇ ਛੋਟੈਂ ਪਰ ਤੇਰਾ ਬਾਪੂ ਵੱਡੀ ਉਮਰ ਕਾਰਨ ਤਜ਼ਰਬਾ ਵੱਧ ਰੱਖਦੈ। ਇਸਦੀਆਂ ਜਿਹੜੀਆਂ ਗੱਲਾਂ ਤੈਨੂੰ ਅੱਜ ਬੁਰੀਆਂ ਲੱਗਦੀਆਂ ਨੇ, ਇਹੀ ਗੱਲਾਂ ਦਸਾਂ ਪੰਦਰ੍ਹਾਂ ਸਾਲਾਂ ਨੂੰ ਘਿਉ ਵਰਗੀਆਂ ਲੱਗਿਆ ਕਰਨਗੀਆਂ। ਪਰ ਜੇ ਤੂੰ ਅੱਜ ਵਕਤ ਨਾ ਸੰਭਾਲਿਆ ਤਾਂ ਪਛਤਾਵੇ ਬਿਨਾਂ ਕੁਝ ਵੀ ਨਹੀਂ ਬਚਣਾ। ਚੱਲ ਕਰ ਆਪਣੇ ਪਿਤਾ ਜੀ ਨਾਲ ਵਾਅਦਾ ਕਿ ਅੱਗੇ ਤੋਂ ਉਨ੍ਹਾਂ ਦੀ ਹਰ ਚੰਗੀ ਗੱਲ ਮੰਨੇਗਾ।”
ਪਤਾ ਨਹੀਂ ਸਾਡੇ ਚੰਗੇ ਪਰਿਵਾਰਕ ਸਬੰਧਾਂ ਕਰਕੇ, ਪਤਾ ਨਹੀਂ ਕਿਸੇ ਹੋਰ ਝੇਪ ਵਿਚ ਉਹ ਮੁੰਡਾ ਸਾਡੇ ਨਾਲ ਸਹਿਮਤ ਹੋ ਗਿਆ। ਮੁੰਡੇ ਦੇ ਗਲਤੀ ਮੰਨਣ ਅਤੇ ਸਹਿਮਤੀ ਦੇਣ ਬਾਅਦ ਮਾਹੌਲ ਸ਼ਾਂਤ ਹੋ ਗਿਆ। ਮੁੰਡਾ ਉੱਠ ਕੇ ਮੇਰੇ ਲਈ ਪਾਣੀ ਲੈ ਆਇਆ। ਮੈਂ ਆਪਣੇ ਦੋਸਤ ਨੂੰ ਆਪਣਾ ਕੰਮ ਦੱਸਿਆ ਅਤੇ ਕੁਝ ਸਮਾਂ ਗੱਲਾਂਬਾਤਾਂ ਕਰਨ ਬਾਅਦ ਉੱਥੋਂ ਵਾਪਸ ਤੁਰ ਪਿਆ।
ਰਸਤੇ ਵਿਚ ਆਉਂਦਿਆਂ ਮੈਨੂੰ ਮੇਰੇ ਦਾਦਾ ਜੀ ਯਾਦ ਆ ਗਏ। ਪੜ੍ਹੇ ਲਿਖੇ ਤਾਂ ਭਾਵੇਂ ਉਹ ਨਾ ਮਾਤਰ ਹੀ ਸਨ ਪਰ ਜਿੰਨਾ ਵੀ ਅੱਖਰ ਗਿਆਨ ਸੀ ਉਹ ਸੀ ਇੱਟ ਵਰਗਾ ਪੱਕਾ। ਜਦੋਂ ਮੈਂ ਬਜ਼ੁਰਗਾ ਅਵਸਥਾ ਦੌਰਾਨ ਉਨ੍ਹਾਂ ਵੱਲੋਂ ਆਪਣੇ ਪਿਤਾ ਜੀ ਹੋਰਾਂ ਅਤੇ ਚਾਚਿਆਂ-ਤਾਇਆਂ ਨੂੰ ਦਿੱਤੀਆਂ ਜਾਂਦੀਆਂ ਨਸੀਹਤਾਂ ਯਾਦ ਕੀਤੀਆਂ ਤਾਂ ਮੈਨੂੰ ਅੱਜ ਵਾਲੇ ਮੁੰਡੇ ਦੀ ਥਾਂ ਖੜ੍ਹੇ ਮੇਰੇ ਪਿਤਾ ਜੀ ਹੋਰੀਂ ਯਾਦ ਆ ਗਏ। ਦਾਦੇ ਦੀਆਂ ਨਸੀਹਤਾਂ ਦੇ ਪਵਿੱਤਰ ਜਲ ਨੇ ਪਰਿਵਾਰ ਦੀ ਬਗੀਚੀ ਅਜਿਹੀ ਭਰੀ ਕਿ ਪਰਿਵਾਰ ਵਿਚ ਚਾਲੀ ਮੈਂਬਰੇ ਬਾਗ ਨੇ ਦਿਨ ਰਾਤ ਤਰੱਕੀ ਕਰਕੇ ਅਸਮਾਨ ਛੋਹੇ।
ਦਾਦੇ ਦੀ ਮੌਤ ਤੋਂ ਬਾਅਦ ਮੇਰੇ ਦਾਦੇ ਵਾਲਾ ਨਸੀਹਤਾਂ ਦਾ ਸੰਦੂਕ ਮੇਰੇ ਪਿਤਾ ਜੀ ਹੋਰਾਂ ਨੇ ਸੰਭਾਲ ਲਿਆ। ਫੇਰ ਆਪਣੇ ਪਿਤਾ ਅਤੇ ਚਾਚੇ ਤਾਇਆਂ ਵਾਲੇ ਕਟਹਿਰੇ ਵਿਚ ਮੈਂ ਖੁਦ ਨੂੰ ਖੜ੍ਹਾ ਦੇਖਿਆ। ਮੈਨੂੰ ਉਹ ਦਿਨ ਯਾਦ ਆ ਗਏ ਜਦੋਂ ਨਿੱਕੀ ਮੋਟੀ ਕਿਸੇ ਵੀ ਗਲਤੀ ਲਈ ਪਰਿਵਾਰ ਦੇ ਮੁਖੀਆਂ ਅਤੇ ਵੱਡੇ ਮੈਂਬਰਾਂ ਤੋਂ ਝਿੜਕਾਂ ਪੈਣੀਆਂ ਅਤੇ ਨਾਲ ਹੀ ਨਸੀਹਤਾਂ ਦਾ ਮੀਂਹ ਵਰ੍ਹਨਾ। ਕਦੇ ਘੱਟ ਪੜ੍ਹਨਾ ਜਾਂ ਸਵੇਰ ਵੇਲੇ ਦੇਰ ਨਾਲ ਜਾਗਣਾ ਤਾਂ ਬਾਪੂ ਹੋਰਾਂ ਵੱਲੋਂ ਦਿੱਤੀ ਜਾਂਦੀ ਬੇਸ਼ਰਮੀ ਭਿੱਜੀ ਨਸੀਹਤ ਅੱਜ ਵੀ ਚੇਤੇ ਹੈ। ਖੇਤੀਬਾੜੀ ਦੇ ਕੰਮ ਦੇ ਜ਼ੋਰ ਵਾਲੇ ਦਿਨਾਂ ਵਿੱਚ ਸਾਡੀ ਪਾੜ੍ਹਕੂਆਂ ਦੀ ਡਿਉਟੀ ਘਰ ਦੇ ਕੰਮਾਂ ਅਤੇ ਡੰਗਰ ਪਸ਼ੂਆਂ ’ਤੇ ਹੁੰਦੀ ਸੀ। ਬਚਪਨੇ ਦੀਆਂ ਖੇਡਾਂ ਵਿਚ ਮਸਤ ਹੋ ਕੇ ਕੋਈ ਜ਼ਰੂਰੀ ਕੰਮ ਭੁੱਲ ਜਾਂਦੇ ਤਾਂ ਸਾਡੇ ਨਾਲ ਉਹ ਕੁੱਤੇ ਖਾਣੀ ਹੋਣੀ, ਰਹੇ ਰੱਬ ਦਾ ਨਾਮ। ਕਦੇ ਕਦੇ ਮਾਂ ਨਸੀਹਤਾਂ ਵਾਲੇ ਮੈਡਲ ਵਜੋਂ ਪੈਰ ਵਾਲੀ ਚੱਪਲ ਜਾਂ ਹੱਥ ਵਾਲਾ ਵੇਲਣਾ ਹੀ ਵਗਾਹ ਮਾਰਦੀ ਹੁੰਦੀ ਸੀ। ਪਰ ਦੋ ਪਈਆਂ ਵਿਸਰ ਗਈਆਂ, ਆਖ ਕੇ ਅੱਗੇ ਤੋਂ ਗਲਤੀ ਨਾ ਕਰਨ ਦਾ ਇਕਰਾਰ ਕਰਕੇ ਖਹਿੜਾ ਛੁਡਾ ਲੈਂਦੇ ਹੁੰਦੇ ਸੀ।
ਅੱਜ ਜਦੋਂ ਦਾਦੇ-ਦਾਦੀ, ਮਾਂ-ਪਿਉ ਅਤੇ ਚਾਚੇ-ਤਾਇਆਂ ਵੱਲੋਂ ਦਿੱਤੀਆਂ ਮਿਹਨਤ ਕਰਨ ਦੀਆਂ ਨਸੀਹਤਾਂ ਕਾਰਨ ਕਾਟੋ ਫੁੱਲਾਂ ’ਤੇ ਖੇਡਦੀ ਹੈ ਤਾਂ ਬੜਾ ਯਾਦ ਆਉਂਦਾ ਹੈ ਉਹ ਵਕਤ ਕਿ ਜੇਕਰ ਉਨ੍ਹਾਂ ਵੇਲਿਆਂ ਵਿਚ ਬਾਪੂ ਹੋਰਾਂ ਦੀਆਂ ਨਾ ਮੰਨਦੇ ਤਾਂ ਕਦੋਂ ਦੇ ਰੁਲ਼ ਖੁਲ਼ ਗਏ ਹੁੰਦੇ। ਇਹ ਬਾਪੂ ਹੋਰਾਂ ਦੀਆਂ ਤਜ਼ਰਬੇ ਦੇ ਖੇਤਾਂ ਵਿੱਚ ਪੈਦਾ ਕਰਕੇ ਸਾਨੂੰ ਵੰਡੀਆਂ ਨਸੀਹਤਾਂ ਦਾ ਹੀ ਕਮਾਲ ਹੈ ਕਿ ਉਨ੍ਹਾਂ ਅਤੇ ਰੱਬ ਦੀ ਮਿਹਰ ਨਾਲ ਗੱਡੀ ਟਾਪ ਗੇਅਰ ਵਿੱਚ ਚੱਲਦੀ ਹੈ।
ਮੇਰੀ ਅੱਜ ਦੀ ਨੌਜਵਾਨ, ਗੁੱਸੇਖੋਰ ਪੀੜ੍ਹੀ ਨੂੰ ਪੁਰਜ਼ੋਰ ਅਪੀਲ ਹੈ ਕਿ ਐਵੇਂ ਨਿੱਕੀਆਂ ਮੋਟੀਆਂ ਝਿੜਕਾਂ ’ਤੇ ਹੀ ਮੂੰਹ ਮੋਟਾ ਕਰਕੇ ਗ਼ਲਤ ਰਸਤਿਆਂ ’ਤੇ ਨਾ ਤੁਰ ਪਿਆ ਕਰੋ। ਅੱਜ ਜਿਸ ਥਾਂ ਤੁਹਾਡੇ ਵੱਡੇ ਹਨ, ਅਗਲੇ ਸਾਲਾਂ ਵਿਚ ਇਹ ਤਖਤ ਤੁਹਾਡੇ ਹੇਠ ਹੋਵੇਗਾ। ਜਿਵੇਂ ਸਾਡੇ ਬਾਪੂ ਹੋਰੀਂ ਸਾਨੂੰ ਵਰਜਿਆ ਕਰਦੇ ਸਨ, ਉਵੇਂ ਹੀ ਅਸੀਂ ਅੱਜ ਤੁਹਾਨੂੰ ਵਰਜ ਰਹੇ ਹਾਂ, ਅਤੇ ਅੱਗੇ ਤੁਸੀਂ ਵੀ ਇਵੇਂ ਹੀ ਕਰਨਾ ਹੈ। ਪਰਿਵਾਰਕ, ਖੂਨ ਅਤੇ ਸਮਾਜਿਕ ਮੋਹ ਦੇ ਰਿਸ਼ਤਿਆਂ ਵਾਲੇ ਰਾਹਾਂ ’ਤੇ ਚੱਲਦੀ ਨਸੀਹਤਾਂ ਦੀ ਇਹ ਰੇਲ ਕਦੇ ਵੀ ਰੁਕਣ ਵਾਲੀ ਨਹੀਂ ਅਤੇ ਨਾ ਹੀ ਰੁਕਣੀ ਚਾਹੀਦੀ ਹੈ।
*****
(712)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)