RavinderSharma7ਨਾ ਭਰਾਵਾ! ਇਨ੍ਹਾਂ ਨੂੰ ਹੱਥ ਨਾ ਲਾਇਓ ਕਿਉਂਕਿ ਜੇਕਰ ਕੋਈ ਬੰਦਾ ...
(18 ਮਈ 2017)

 

Tatihri1ਸੰਨ 1999 ਦੀ ਗੱਲ ਹੈ। ਦਸਵੀਂ ਜਮਾਤ ਦੇ ਇਮਤਿਹਾਨ ਦੇਣ ਤੋਂ ਬਾਅਦ ਸਕੂਲ ਤੋਂ ਹੋਈਆਂ ਛੁੱਟੀਆਂ ਕਾਰਨ ਮੈਂ ਆਪਣੇ ਬਾਪੂ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵਟਾਉਣ ਵਿਚ ਖੁਸ਼ੀ ਮਹਿਸੂਸ ਕਰਦਾ ਸੀ। ਉੱਧਰੋਂ ਕਣਕਾਂ ਪੱਕ ਚੁੱਕੀਆਂ ਸਨ ਤੇ ਵਾਢੀਆਂ ਦਾ ਜ਼ੋਰ ਸੀ। ਟਰੈਕਟਰ ’ਤੇ ਝੂਟੇ ਲੈਣ ਦਾ ਸ਼ੌਂਕ ਹੋਣ ਕਾਰਨ ਬਿਨਾਂ ਗਰਮੀ ਦੀ ਪਰਵਾਹ ਕੀਤਿਆਂ ਦਿਨ ਚੜ੍ਹਦਿਆਂ ਹੀ ਮੈਂ ਬਾਪੂ ਨਾਲ ਖੇਤ ਜਾਣ ਦੀ ਜ਼ਿਦ ਫੜ ਲੈਣੀ। ਬਾਪੂ ਜੀ ਦਾ ਮੇਰੇ ਨਾਲ ਹੱਦੋਂ ਵੱਧ ਪਿਆਰ ਹੋਣ ਕਾਰਨ ਉਹ ਵੀ ਮੈਨੂੰ ਕਦੇ ਮਨ੍ਹਾ ਨਾ ਕਰਦੇ ਤੇ ਆਪਣੇ ਨਾਲ ਖੇਤਾਂ ਨੂੰ ਲੈ ਜਾਂਦੇ। ਉਨ੍ਹੀਂ ਦਿਨੀਂ ਕਣਕਾਂ ਦੀ ਵਾਢੀ ਹੱਥੀਂ ਹੀ ਹੋਇਆ ਕਰਦੀ ਸੀ। ਵਿਰਲੀ ਹੀ ਕੋਈ ਕੰਬਾਈਨ ਆਈ ਹੋਵੇਗੀ ਸ਼ਾਇਦ ਉਦੋਂ। ਸਾਡੇ ਇਲਾਕੇ ਵਿਚ ਤਾਂ ਉਹ ਵੀ ਨਹੀਂ ਸੀ ਆਈ।

ਕਣਕ ਦੀ ਵਾਢੀ ਤਾਂ ਭਾਵੇਂ ਠੇਕੇਦਾਰਾਂ ਤੋਂ ਕਰਵਾਈ ਜਾਂਦੀ ਸੀ ਪਰ ਉਨ੍ਹਾਂ ਨੂੰ ਰਾਸ਼ਨ-ਪਾਣੀ ਤੇ ਹੋਰ ਜ਼ਰੂਰੀ ਸਾਜ਼ੋ-ਸਮਾਨ ਪਹੁੰਚਾਉਣ ਲਈ ਬਾਪੂ ਜੀ ਸਵੇਰੇ ਹੀ ਆਪਣੀ ਜ਼ਿੰਮੇਵਾਰੀ ’ਤੇ ਜੁਟ ਜਾਂਦੇ। ਬਾਪੂ ਜੀ ਨੇ ਜਿੱਧਰ ਨੂੰ ਜਾਣਾ, ਮੈਂ ਹਮੇਸ਼ਾ ਉਨ੍ਹਾਂ ਦੇ ਨਾਲ ਹੀ ਰਹਿਣਾ। ਇੱਕ ਦਿਨ ਬਾਪੂ ਤੇ ਮੈਂ ਜਦੋਂ ਖੇਤ ਵਿਚ ਲੱਗੇ ਵਾਢਿਆਂ ਨੂੰ ਕਣਕ ਦੀਆਂ ਭਰੀਆਂ ਬੰਨ੍ਹਣ ਲਈ ਰੱਸੇ ਦੇਣ ਗਏ ਤਾਂ ਉਨ੍ਹਾਂ ਵਿੱਚੋਂ ਇੱਕ ਸਿਆਣੀ ਜਿਹੀ ਉਮਰ ਦੇ ਬੰਦੇ ਨੇ ਬਾਪੂ ਜੀ ਨੂੰ ਕਿਹਾ,ਸਰਦਾਰ ਜੀ! ਕਣਕ ਦੀ ਵੱਟ ’ਤੇ ਟਟੀਹਰੀ ਦੇ ਆਂਡੇ ਨੇ, ਕਿਉਂ ਨਾ ਅਸੀਂ ਇਨ੍ਹਾਂ ਨੂੰ ਚੁੱਕ ਕੇ ਨਹਿਰ ਦੇ ਕੰਢੇ ਉੱਚੀ ਜਗ੍ਹਾ ’ਤੇ ਰੱਖ ਦੇਈਏ ਤਾਂ ਕਿ ਇਹ ਬਚੇ ਰਹਿਣ।”

ਬਾਪੂ ਜੀ ਨੇ ਜਵਾਬ ਦਿੱਤਾ,ਨਾ ਭਰਾਵਾ! ਇਨ੍ਹਾਂ ਨੂੰ ਹੱਥ ਨਾ ਲਾਇਓ ਕਿਉਂਕਿ ਜੇਕਰ ਕੋਈ ਬੰਦਾ ਕਿਸੇ ਵੀ ਪੰਛੀ ਦੇ ਆਂਡਿਆਂ ਨੂੰ ਇੱਕ ਵਾਰ ਹੱਥ ਨਾਲ ਚੱਕ ਕੇ ਇੱਧਰੋਂ-ਉੱਧਰ ਕਰ ਦਿੰਦਾ ਹੈ ਤਾਂ ਪੰਛੀ ਦੁਬਾਰਾ ਆਪਣੇ ਆਲ੍ਹਣੇ ਵਿਚ ਨਹੀਂ ਬਹਿੰਦੇ ਤੇ ਆਂਡਿਆਂ ਵਿੱਚੋਂ ਬੱਚੇ ਨਹੀਂ ਨਿੱਕਲਦੇ।”

ਇੰਨੀ ਗੱਲ ਸੁਣ ਕੇ ਉਹ ਕਾਮਾ ਹਾਮੀ ਭਰਿਆ ਸਿਰ ਹਿਲਾਉਂਦਾ ਹੋਇਆ ਬੋਲਿਆ, ਠੀਕ ਐ ਸਰਦਾਰ ਜੀ, ਅਸੀਂ ਇਹਦਾ ਕੋਈ ਹੱਲ ਕੱਢ ਦਿੰਨੇ ਆਂ।”

ਬਾਪੂ ਜੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਇਨ੍ਹਾਂ ਆਂਡਿਆਂ ਦੇ ਦੁਆਲੇ ਦੋ ਪੁਲਾਂਘਾਂ ਇੱਧਰ ਨੂੰ ਅਤੇ ਦੋ ਪਲਾਂਘਾਂ ਉੱਧਰ ਨੂੰ ਕਣਕ ਖੜ੍ਹੀ ਰਹਿਣ ਦਿਓ। ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਆਂਡਿਆਂ ਦੀ ਨਿਸ਼ਾਨੀ ਵੀ ਰਹਿ ਜਾਵੇਗੀ ਅਤੇ ਹੋਰਨਾਂ ਖਤਰਿਆਂ ਤੋਂ ਵੀ ਇਹ ਬਚੇ ਰਹਿਣਗੇ।” ਇੰਨਾ ਕਹਿ ਕੇ ਅਸੀਂ ਘਰ ਆ ਗਏ।

ਕੁਝ ਦਿਨਾਂ ਵਿਚ ਵਾਢੀ ਦਾ ਕੰਮ-ਧੰਦਾ ਨਿੱਬੜ ਗਿਆ। ਹੁਣ ਸਮਾਂ ਆ ਗਿਆ ਸੀ ਜ਼ਮੀਨ ਨੂੰ ਪਾਣੀ ਲਾ ਕੇ ਵਾਹੁਣ ਅਤੇ ਨਰਮੇ ਦੀ ਬਿਜਾਈ ਦਾ। ਰੋਜ਼ਾਨਾ ਵਾਂਗ ਦਿਨ ਚੜ੍ਹਦਿਆਂ ਮੈਂ ਬਾਪੂ ਜੀ ਨਾਲ ਖੇਤ ਗਿਆ ਤਾਂ ਮੇਰੇ ਦਿਲ ਵਿਚ ਉਨ੍ਹਾਂ ਆਂਡਿਆਂ ਨੂੰ ਦੇਖਣ ਦੀ ਉਮੰਗ ਠਾਠਾਂ ਮਾਰ ਰਹੀ ਸੀ ਅਤੇ ਮੈਂ ਸੋਚ ਰਿਹਾ ਸੀ ਕੀ ਉਹ ਆਂਡੇ ਉੱਥੇ ਹੀ ਹੋਣਗੇ? ਜਾਂ ਉਨ੍ਹਾਂ ਨੂੰ ਕਿਸੇ ਨੇ ਭੰਨ ਦਿੱਤਾ ਹੋਵੇਗਾ? ਮੈਂ ਖੇਤ ਪਹੁੰਚਦਿਆਂ ਹੀ ਵਿਹਲੀ ਜ਼ਮੀਨ ਵਿਚ ਖੜ੍ਹੀ ਕਣਕ ਦੀ ਦੌਗੀ ਕੋਲ ਗਿਆ ਤਾਂ ਟਟੀਹਰੀ ਨੇ ਮੇਰੇ ਪੈਰਾਂ ਦੀ ਆਵਾਜ਼ ਸੁਣ ਕੇ ਉਡਾਰੀ ਮਾਰੀ ਤੇ ਮੇਰੇ ਵੱਲ ਨੂੰ ਵਾਰ-ਵਾਰ ਝਪਟਣ ਲੱਗੀ। ਮੈਂ ਇੱਕ ਵਾਰ ਤਾਂ ਡਰ ਗਿਆ ਪਰ ਹੌਸਲਾ ਰੱਖਦਿਆਂ ਮੈਂ ਆਂਡੇ ਦੇਖਣ ਪਹੁੰਚ ਹੀ ਗਿਆ। ਆਂਡੇ ਸਲਾਮਤ ਸਨ, ਮੇਰੇ ਦਿਲ ਨੂੰ ਬੜੀ ਖੁਸ਼ੀ ਤੇ ਤਸੱਲੀ ਜਿਹੀ ਹੋਈ।

ਕੁਝ ਦਿਨਾਂ ਵਿਚ ਸਾਰੀ ਜ਼ਮੀਨ ਦੀ ਰੌਣੀ ਹੋ ਕੇ ਵੱਤ ਆ ਚੁੱਕੀ ਸੀ। ਹੁਣ ਵਾਰੀ ਸੀ ਨਰਮੇ ਦੀ ਬਿਜਾਈ ਵਾਸਤੇ ਜ਼ਮੀਨ ਵਾਹੁਣ ਦੀ। ਮੇਰੇ ਚਿੱਤ ਵਿਚ ਇੱਕ ਗੱਲ ਵਾਰ-ਵਾਰ ਠਣਕ ਰਹੀ ਸੀ ਕਿ ਹੁਣ ਇਨ੍ਹਾਂ ਆਂਡਿਆਂ ਦਾ ਬਚਣਾ ਮੁਸ਼ਕਲ ਹੈ। ਮੈਂ ਬਾਪੂ ਜੀ ਨੂੰ ਕਿਹਾ ਕਿ ਹੁਣ ਕਿਵੇਂ ਬਚਣਗੇ ਇਹ ਆਂਡੇ। ਤਾਂ ਬਾਪੂ ਜੀ ਦਾ ਜਵਾਬ ਸੀ,ਪੁੱਤ ਇਨ੍ਹਾਂ ਆਂਡਿਆਂ ਖਾਤਰ ਆਪਾਂ ਇੱਕ ਕਿਆਰਾ ਰੌਣੀ ਵੀ ਨ੍ਹੀਂ ਕੀਤਾ ਤੇ ਇਹਨੂੰ ਆਪਾਂ ਵਾਹੁੰਦੇ ਵੀ ਨਹੀਂ। ਜਦੋਂ ਬੱਚੇ ਨਿੱਕਲ ਆਉਣਗੇ ਉਦੋਂ ਸੋਚਾਂਗੇ ਇੱਥੇ ਕੀ ਬੀਜਣੈ।”

ਬਾਪੂ ਜੀ ਦੀ ਇਹ ਦਇਆ ਭਰੀ ਸੋਚ ਦੇਖ ਕੇ ਮੇਰੇ ਬਾਲ ਮਨ ’ਤੇ ਡੂੰਘਾ ਪ੍ਰਭਾਵ ਪਿਆ। ਇਸ ਨਾਲ ਮੇਰਾ ਪੰਛੀਆਂ ਪ੍ਰਤੀ ਮੋਹ ਹੋਰ ਵੀ ਮਜ਼ਬੂਤ ਹੋ ਗਿਆ। ਇਸੇ ਤਰ੍ਹਾਂ ਉਹ ਇੱਕ ਕਿਆਰਾ (ਲਗਭਗ ਅੱਧੀ ਕਨਾਲ ਜ਼ਮੀਨ) ਵਿਹਲੀ ਰੱਖੀ ਗਈ। ਮੈਂ ਜਦੋਂ ਵੀ ਖੇਤ ਜਾਣਾ ਸਭ ਤੋਂ ਪਹਿਲਾਂ ਉਨ੍ਹਾਂ ਆਂਡਿਆਂ ਦਾ ਪਤਾ ਕਰਨਾ ਕਿ ਸਹੀ ਸਲਾਮਤ ਨੇ। ਕਿਤੇ ਕੋਈ ਖ਼ਤਰਾ ਤਾਂ ਨਹੀਂ ਉਨ੍ਹਾਂ ਨੂੰ। ਮੈਂ ਘਰ ਜਾਂ ਕਿਤੇ ਹੋਰ ਕਿਸੇ ਵੀ ਕੰਮ ਧੰਦੇ ਵਿਚ ਲੱਗੇ ਹੋਣਾ ਜਾਂ ਪਿੰਡ ਦੇ ਗਰਾਊਂਡ ਵਿਚ ਖੇਡਣ ਜਾਣਾ ਤਾਂ ਵੀ ਦਿਮਾਗ ਉਨ੍ਹਾਂ ਆਂਡਿਆਂ ਵਿਚ ਹੀ ਘੁੰਮੀ ਜਾਣਾ।

ਇੰਝ ਕਰਦਿਆਂ-ਕਰਦਿਆਂ ਕਈ ਦਿਨ ਬੀਤ ਗਏ। ਇੱਕ ਦਿਨ ਆਂਡਿਆਂ ਵਿੱਚੋਂ ਬੱਚੇ ਨਿੱਕਲ ਆਏ। ਫਿਰ ਜਦੋਂ ਟਟੀਹਰੀ ਦੇ ਬੱਚੇ ਉਡਾਰ ਹੋ ਗਏ ਅਤੇ ਆਪਣਾ ਆਪ ਸੰਭਾਲਣ ਲੱਗੇ ਤਾਂ ਫਿਰ ਜਾ ਕੇ ਉਸ ਕਿਆਰੇ ਵਿਚ ਸਬਜ਼ੀ ਦੀ ਬਿਜਾਈ ਕੀਤੀ ਗਈ। ਸਬਜ਼ੀ  ਖੂਬ ਵਧੀ-ਫੁੱਲੀ ਤੇ ਭਰਪੂਰ ਪੈਦਾਵਾਰ ਦਿੱਤੀ।

ਇੰਝ ਹੀ ਮੇਰਾ ਪਿਆਰ ਪੰਛੀਆਂ ਨਾਲ ਵਧਦਾ ਗਿਆ। ਗਰਮੀ ਸ਼ੁਰੂ ਹੁੰਦਿਆਂ ਹੀ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖਣੇ, ਪੰਛੀਆਂ ਨੂੰ ਹਮੇਸ਼ਾ ਚੋਗਾ ਆਦਿ ਪਾਉਂਦੇ ਰਹਿਣਾ, ਅੱਜ ਮੇਰਾ ਸ਼ੌਂਕ ਬਣ ਚੁੱਕਾ ਹੈ। ਉਂਝ ਵੀ ਪੰਛੀਆਂ ਦੀ ਸੰਭਾਲ ਕਰਨਾ ਮਨੁੱਖ ਦਾ ਪਹਿਲਾ ਕਰਤਵ ਹੈ। ਹੁਣ ਵੀ ਜਦੋਂ ਕਿਤੇ ਟਟੀਹਰੀ ਦੀ ਆਵਾਜ਼ ਕੰਨਾਂ ਵਿਚ ਪੈਂਦੀ ਹੈ ਤਾਂ ਉਸ ਸਾਲ ਦੀ ਘਟਨਾ ਅਚਾਨਕ ਹੀ ਮੇਰੀਆਂ ਅੱਖਾਂ ਅੱਗੇ ਆ ਘੁੰਮਦੀ ਐ ਤੇ ਪੰਛੀਆਂ ਪ੍ਰਤੀ ਪਿਆਰ ਹੋਰ ਗੂੜ੍ਹਾ ਕਰ ਜਾਂਦੀ ਐ।

ਟਟੀਹਰੀ ਦੀ ਆਵਾਜ਼ ਸੁਣਦਿਆਂ ਇੱਕ ਗੱਲ ਹੋਰ ਮੇਰੇ ਦਿਮਾਗ ਦੀਆਂ ਨਸਾਂ ਨੂੰ ਟੋਂਹਦੀ ਹੈ ਕਿ ਉਦੋਂ ਤਾਂ ਹੱਥੀਂ ਵਾਢੀ ਕਾਰਨ ਖੜ੍ਹੀ ਕਣਕ ਵਿਚ ਪੰਛੀਆਂ ਤੇ ਹੋਰਨਾਂ ਜਾਵਨਰਾਂ ਦੇ ਰੈਣ-ਬਸੇਰਿਆਂ ਦਾ ਪਤਾ ਲੱਗ ਜਾਂਦਾ ਸੀ ਤੇ ਉਨ੍ਹਾਂ ਨੂੰ ਬਚਾ ਲਿਆ ਜਾਂਦਾ ਸੀ ਪਰ ਹੁਣ ਮਸ਼ੀਨਾਂ ਤੇ ਕੰਬਾਈਨਾਂ ਨਾਲ ਵਾਢੀ ਕੀਤੀ ਜਾਂਦੀ ਹੈ। ਕੁਝ ਪਰਿੰਦੇ ਤਾਂ ਕੰਬਾਈਨਾਂ ਦੇ ਟਾਇਰਾਂ ਹੇਠ ਆ ਕੇ ਮਰ-ਮੁੱਕ ਜਾਂਦੇ ਹੋਣਗੇ, ਬਾਕੀ ਜੋ ਕਿਸਮਤ ਨਾਲ ਬਚ ਜਾਂਦੇ ਹੋਣਗੇ, ਉਹ ਕਿਸਾਨਾਂ ਵੱਲੋਂ ਰਹਿੰਦ-ਖੂਹੰਦ ਨੂੰ ਲਾਈ ਗਈ ਅੱਗ ਦੀ ਭੇਂਟ ਚੜ੍ਹ ਜਾਂਦੇ ਹੋਣਗੇ।

*****

(705)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

 ਰਵਿੰਦਰ ਸ਼ਰਮਾ

ਰਵਿੰਦਰ ਸ਼ਰਮਾ

Hirke, Mansa, Punjab, India.
Phone: (91 - 94683 - 34603)
Email: (rinku.rinku36@gmail.com)