RavinderSharma7“ਮੈਂ ਕੁਝ ਮੰਗਣ ਨਹੀਂ ਆਇਆ। ਮੈਂ ਤਾਂ ਪਛਾਣਦਾ ਸੀ, ਸ਼ਾਇਦ ਕੋਈ ਮੇਰਾ ਆਪਣਾ ਮਿਲ ਜਾਵੇ ...”
(12 ਮਾਰਚ 2017)

 

ਮੈਂ ਆਪਣੇ ਕੁਝ ਦੋਸਤਾਂ ਨਾਲ ਰੇਲ ਵਿੱਚ ਸਫ਼ਰ ਕਰ ਰਿਹਾ ਸੀ। ਅਸੀਂ ਆਪਸ ਵਿੱਚ ਭੀਖ ਮੰਗਣ ਵਾਲਿਆਂ ਸਬੰਧੀ ਚਰਚਾ ਕਰ ਰਹੇ ਸੀ। ‘ਭੀਖ ਮੰਗਣ ਵਾਲੇ ਜ਼ਿਆਦਾਤਰ ਤੰਦਰੁਸਤ ਤੇ ਨੌਜਵਾਨ ਵਿਅਕਤੀ ਹੁੰਦੇ ਹਨ’ ਇਸ ਮੁੱਦੇ ’ਤੇ ਸਾਡੀ ਚਰਚਾ ਪੂਰੇ ਜ਼ੋਰਾਂ ’ਤੇ ਸੀ। ਮੇਰੇ ਇੱਕ ਦੋਸਤ ਨੇ ਗਰਜਵੀਂ ਸੁਰ ਵਿਚ ਕਿਹਾ, “ਯਾਰ ਇਹ ਮੰਗਤੇ ਐਸ਼ ਦੀ ਜ਼ਿੰਦਗੀ ਬਤੀਤ ਕਰਦੇ ਨੇ, ਅਸੀਂ ਕਿਉ ਇਨ੍ਹਾਂ ਨਾਲ ਹਮਦਰਦੀ ਕਰਕੇ ਆਪਣਾ ਪੈਸਾ ਬਰਬਾਦ ਕਰੀਏ।”

ਮੈਂ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਾ ਰਿਹਾ ਤੇ ਰੇਲ ਸਫ਼ਰ ਦੌਰਾਨ ਭੀਖ ਮੰਗਣ ਵਾਲਿਆਂ ਖਿਲਾਫ਼ ਮੇਰੇ ਦਿਮਾਗ ਵਿਚ ਕਈ ਵਿਚਾਰ ਪੈਦਾ ਹੁੰਦੇ ਗਏ। ਮੈਂ ਇਨ੍ਹਾਂ ਖਿਲਾਫ਼ ਸਖ਼ਤ ਸ਼ਬਦ ਲਿਖਣ ਬਾਰੇ ਮਨੋ-ਮਨ ਸੋਚ ਰਿਹਾ ਸੀ। ਇੰਨੇ ਨੂੰ ਮੈਲੇ-ਕੁਚੈਲੇ ਤੇ ਪਾਟੇ ਜਿਹੇ, ਮਿੱਟੀ ਰੰਗੇ ਕੱਪੜੇ ਪਾਈ ਰੁੜ੍ਹਦਾ ਹੋਇਆ ਇੱਕ ਬਜ਼ੁਰਗ ਜਿਹਾ ਭਿਖਾਰੀ ਮੇਰੇ ਗੋਡੇ ਟੋਹਣ ਲੱਗ ਪਿਆਮੇਰੇ ਦਿਮਾਗ ਵਿਚ ਤਾਂ ਪਹਿਲਾਂ ਹੀ ਇਨ੍ਹਾਂ ਖਿਲਾਫ਼ ਖਿਆਲਾਂ ਦੇ ਹੜ੍ਹ ਚੱਲ ਰਹੇ ਸਨ। ਜਦੋਂ ਉਸ ਨੇ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸ ਨੂੰ ਕੁੱਦ ਕੇ ਪੈ ਗਿਆ, “ਓਏ! ਕੰਮ-ਧੰਦਾ ਕਰ ਲਿਆ ਕਰੋ, ਕਿਉਂ ਸਾਰਾ ਦਿਨ ਹਰਾਮ ਦੀ ਖਾਨੇ ਓਂ?”

ਮੇਰੇ ਫਿਟਕਾਰ ਪਾਉਂਦਿਆਂ ਹੀ ਉਹ ਭਿਖਾਰੀ ਹੁਭਕੀ-ਹੁਭਕੀ ਰੋਣ ਲੱਗਾ। ਸਾਰੇ ਹੈਰਾਨ ਰਹਿ ਗਏ। ਭਿਖਾਰੀਆਂ ਨੂੰ ਜਿੰਨਾ ਮਰਜ਼ੀ ਝਿੜਕ ਦੇਈਏ, ਇਹ ਕਦੇ ਰੋਂਦੇ ਨਹੀਂ। ਪਰ ਇਹ ਕਿਉਂ ਰੋਇਆ? ਮੇਰੇ ਇੱਕ ਦੋਸਤ ਨੇ ਉਸ ਨਾਲ ਹਮਦਰਦੀ ਦਿਖਾਉਂਦਿਆਂ ਉਸ ਨੂੰ ਪਿਆਰ ਨਾਲ ਪੁਚਕਾਰਿਆ ਤੇ ਉਸ ਦੇ ਰੋਣ ਦਾ ਕਾਰਨ ਪੁੱਛਿਆ। ਉਸ ਨੇ ਹਉਕੇ ਲੈਂਦਿਆਂ ਕਿਹਾ, “ਮੈਂ ਭਿਖਾਰੀ ਨਹੀਂ। ਮੈਂ ਕੁਝ ਮੰਗਣ ਨਹੀਂ ਆਇਆ। ਮੈਂ ਤਾਂ ਪਛਾਣਦਾ ਸੀ, ਸ਼ਾਇਦ ਕੋਈ ਮੇਰਾ ਆਪਣਾ ਮਿਲ ਜਾਵੇ।”

ਉਸ ਪ੍ਰਤੀ ਮੇਰਾ ਗੁੱਸਾ ਵੀ ਕੁਝ ਢੈਲ਼ਾ ਪੈ ਗਿਆ ਤੇ ਮੈਂ ਉਸ ਨੂੰ ਉਸ ਦਾ ਪਤਾ ਪੁੱਛਣ ਦੀ ਕੋਸ਼ਿਸ਼ ਕੀਤੀ। ਉਸ ਨੇ ਆਪਣਾ ਨਾਂਅ ਤਾਂ ਸਾਨੂੰ ਦੱਸ ਦਿੱਤਾ ਪਰ ਪਤਾ ਤੇ ਮਾਤਾ-ਪਿਤਾ ਦਾ ਨਾਂਅ ਉਸ ਨੂੰ ਚੇਤੇ ਨਹੀਂ ਸੀ ਕਿਉਕਿ ਜਦੋਂ ਉਹ ਘਰਦਿਆਂ ਤੋਂ ਵਿੱਛੜਿਆ ਸੀ ਤਾਂ ਉਹ ਉਦੋਂ ਕਾਫ਼ੀ ਛੋਟਾ ਸੀ। ਮੇਰੇ ਦੋਸਤ ਕਹਿਣ ਲੱਗੇ, “ਇਸ ਬਜ਼ੁਰਗ ਨੂੰ ਤਾਂ ਕਈ ਸਾਲ ਹੋ ਗਏ ਗੁਆਚੇ ਨੂੰ ਇਹ ਕਿਵੇਂ ਆਪਣੇ ਘਰਦਿਆਂ ਨਾਲ ਮਿਲ ਸਕੇਗਾ।”

ਇੰਨੀ ਗੱਲ ਸੁਣਦਿਆਂ ਉਹ ਸ਼ਖ਼ਸ ਕਹਿਣ ਲੱਗਾ, “ਵੀਰੇ! ਮੈਂ ਬਜ਼ੁਰਗ ਨਹੀਂ ... ਜ਼ਿਆਦਾ ਸਾਲ ਨ੍ਹੀਂ ਹੋਏ ਮੈਨੂੰ ਆਪਣੇ ਘਰੋਂ ਨਿੱਕਲਿਆਂ ...

ਉਸ ਦੀ ਗੱਲ ਸੁਣ ਕੇ ਮੈਂ ਆਪਣੇ ਦੋਸਤਾਂ ਨੂੰ ਕਿਹਾ, “ਸਾਨੂੰ ਇਸ ਦੀ ਮਦਦ ਕਰਨੀ ਚਾਹੀਦੀ ਹੈ।”

ਅਸੀਂ ਅਗਲੇ ਸਟੇਸ਼ਨ ’ਤੇ ਹੀ ਰੇਲ ਤੋਂ ਉੱਤਰ ਗਏ ਅਤੇ ਉਸ ਵਿਅਕਤੀ ਨੂੰ ਨੁਹਾ-ਧੁਆ ਕੇ ਸਾਫ਼-ਸੁਥਰਾ ਬਣਾਇਆ। ਉਸ ਦੀ ਸਾਫ਼-ਸਫ਼ਾਈ ਕਰਵਾਉਂਦਿਆਂ ਹੀ ਪਤਾ ਲੱਗਿਆ ਕਿ ਉਹ ਬੁੱਢਾ ਵਿਅਕਤੀ ਨਹੀਂ, ਸਗੋਂ ਨੌਜਵਾਨ ਸੀ। ਅਸੀਂ ਉਸ ਦੇ ਨਾਂਅ ਸਮੇਤ ਉਸ ਦੀਆਂ ਫੋਟੋਆਂ ਬਰਥ ਮਾਰਕ ਇਨਸੈੱਟ ਕਰਕੇ ਫੇਸਬੁੱਕ ’ਤੇ ਪਾ ਦਿੱਤੀਆਂ ਤੇ ਉਸ ਨੂੰ ਆਪਣੇ ਨਾਲ ਇੱਕ ਧਾਰਮਿਕ ਸੰਸਥਾ ਵਿੱਚ ਲੈ ਗਏ। ਅਸੀਂ ਉਸ ਸੰਸਥਾ ਦੀ ਮਦਦ ਨਾਲ ਉਸ ਦਾ ਇਲਾਜ ਕਰਵਾਇਆ ਅਤੇ ਕਈ ਦਿਨਾਂ ਤੱਕ ਉਸ ਦੀ ਸਾਂਭ-ਸੰਭਾਲ ਕਰਦੇ ਰਹੇ।

ਛੇਤੀ ਹੀ ਫੇਸਬੁੱਕ ਰਾਹੀਂ ਫੋਟੋ ਅਤੇ ਸੂਚਨਾ ਉਸ ਦੇ ਪਰਿਵਾਰਕ ਮੈਂਬਰਾਂ ਕੋਲ ਪਹੁੰਚ ਗਈ। ਕੁਝ ਦਿਨਾਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਉਸ ਦੀਆਂ ਬਚਪਨ ਦੀਆਂ ਫੋਟੋਆਂ ਲੈ ਕੇ ਸਾਡੇ ਕੋਲ ਪਹੁੰਚ ਗਏ। ਉਸ ਸਖ਼ਸ਼ ਨੇ ਵੀ ਆਪਣੇ ਪਰਿਵਾਰ ਵਾਲਿਆਂ ਨੂੰ ਪਛਾਣ ਲਿਆ ਤੇ ਉਨ੍ਹਾਂ ਦੇ ਨਾਲ ਆਪਣੇ ਘਰ ਪਰਤ ਗਿਆ। ਮੇਰੇ ਦਿਲ ਨੂੰ ਬੜਾ ਸਕੂਨ ਮਿਲਿਆ ਜਦੋਂ ਉਹ ਆਪਣੇ ਮਾਂ-ਬਾਪ ਦੇ ਗਲ ਲੱਗ ਕੇ ਹੁਭਕੀ-ਹੁਭਕੀ ਰੋਇਆ।

ਅੱਜ-ਕੱਲ੍ਹ ਬੱਚੇ ਗੁੰਮ ਹੋਣ ਦੀਆਂ ਘਟਨਾਵਾਂ ਆਮ ਹੀ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਕਈ ਮੰਦਬੁੱਧੀ, ਦਿਮਾਗੀ ਤੌਰ ’ਤੇ ਪਰੇਸ਼ਾਨ ਵਿਅਕਤੀ ਵੀ ਆਪਣਿਆਂ ਤੋਂ ਵਿੱਛੜ ਕੇ ਕਿਤੇ ਗੁਆਚ ਜਾਂਦੇ ਹਨ ਜਾਂ ਆਪਣੇ ਘਰੋਂ ਕਿਤੇ ਦੂਰ ਚਲੇ ਜਾਂਦੇ ਹਨ। ਸਿਆਲੂ ਦਿਨਾਂ ਦੀਆਂ ਠੁਰ-ਠੁਰ ਕਰਦੀਆਂ ਰਾਤਾਂ ਅਤੇ ਗਰਮੀ ਦੀਆਂ ਤਪਦੀਆਂ ਦੁਪਹਿਰਾਂ ਵਿਚ ਜੇਕਰ ਕੋਈ ਛੋਟਾ ਬੱਚਾ ਬਿਨਾਂ ਸੰਭਾਲ ਤੋਂ ਰੁਲਦਾ ਫਿਰੇ ਤਾਂ ਸੋਚੋ ਉਸ ’ਤੇ ਕੀ ਬੀਤੇਗੀ। ਕਿਵੇਂ ਉਹ ਆਪਣੇ ਸਾਹਾਂ ਦੀ ਲੜੀ ਨੂੰ ਜੋੜ ਕੇ ਰੱਖ ਸਕੇਗਾ। ਉਂਝ ਤਾਂ ਮਾਪੇ ਆਪਣੇ ਬੱਚਿਆਂ ਦੀ ਸੰਭਾਲ ਜਿੰਦ-ਜਾਨ ਤੋਂ ਵਧ ਕੇ ਕਰਦੇ ਹਨ ਪਰ ਕਈ ਵਾਰ ਕਿਸੇ ਛੋਟੀ ਜਿਹੀ ਅਣਗਹਿਲੀ ਕਾਰਨ ਬੱਚਾ ਇੱਧਰ-ਉੱਧਰ ਹੋ ਜਾਂਦਾ ਹੈ।

ਬਚਪਨ ਜ਼ਿੰਦਗੀ ਦਾ ਸਭ ਤੋਂ ਅਣਭੋਲ ਤੇ ਕੋਮਲ ਹਿੱਸਾ ਹੈ। ਇਸ ਸਮੇਂ ਦਾ ਲੱਗਿਆ ਹੋਇਆ ਕੋਈ ਵੀ ਮਾਨਸਿਕ ਝਟਕਾ ਜ਼ਿੰਦਗੀ ਭਰ ਦੀ ਯਾਦ ਬਣ ਕੇ ਰਹਿ ਜਾਂਦਾ ਹੈ। ਬੱਚਾ ਹਰ ਮਾਂ-ਬਾਪ ਲਈ ਆਪਣੀ ਜ਼ਿੰਦਗੀ ਤੋਂ ਵੀ ਕੀਮਤੀ ਹੁੰਦਾ ਹੈ ਪਰ ਜੇਕਰ ਕਿਸੇ ਦਾ ਬੱਚਾ ਦੁਨੀਆਂ ਦੀ ਭੀੜ ਵਿਚ ਕਿਤੇ ਗੁਆਚ ਜਾਵੇ ਤਾਂ ਉਹ ਮਾਂ-ਬਾਪ ਹੀ ਜਾਣਦੇ ਹਨ, ਜਿਨ੍ਹਾਂ ਦਾ ਬੱਚਾ ਗੁਆਚਿਆ ਹੋਵੇ। ਹਰ ਇੱਕ ਚੰਗਾ ਇਨਸਾਨ ਇਸ ਤਰ੍ਹਾਂ ਦੇ ਗੁਆਚੇ ਬੱਚੇ ਨੂੰ ਉਸ ਦੇ ਅਸਲ ਵਾਰਸਾਂ ਤੱਕ ਪਹੁੰਚਾਉਣ ਦਾ ਤਹਿ ਦਿਲੋਂ ਯਤਨ ਕਰਦਾ ਹੈ। ਪਰ ਜੇਕਰ ਉਸ ਵਿਅਕਤੀ ਜਾਂ ਸਮਾਜ ਸੇਵੀ ਸੰਸਥਾ ਨੂੰ ਉਸ ਗੁਆਚੇ ਹੋਏ ਵਿਅਕਤੀ, ਬੱਚੇ, ਬਜ਼ੁਰਗ ਦਾ ਪਤਾ ਟਿਕਾਣਾ ਹੀ ਨਾ ਲੱਭਿਆ ਤਾਂ ਉਹ ਉਸ ਨੂੰ ਕਿਸੇ ਅਨਾਥ ਆਸ਼ਰਮ ਵਿਚ ਭੇਜ ਦਿੰਦੇ ਹਨ।

ਜੇਕਰ ਦੇਖਿਆ ਜਾਵੇ ਤਾਂ ਅੱਜ-ਕੱਲ੍ਹ ਦੇ ਬੱਚੇ ਬਹੁਤ ਤੇਜ਼ ਬੁੱਧੀ ਦੇ ਧਨੀ ਹਨ। ਇਨ੍ਹਾਂ ਨੂੰ ਜੇਕਰ ਕੋਈ ਗੱਲ ਪਿਆਰ ਨਾਲ ਸਮਝਾਈ ਜਾਵੇ ਤਾਂ ਉਸ ਸਮਝਾਈ ਹੋਈ ਗੱਲ ਨੂੰ ਉਹ ਛੇਤੀ ਕੀਤਿਆਂ ਨਹੀਂ ਭੁੱਲਦੇ। ਹਰੇਕ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਆਪਣੇ ਸ਼ਹਿਰ-ਪਿੰਡ ਤੇ ਘਰ ਦਾ ਪੂਰਾ ਪਤਾ ਸਮਝਾਉਂਦੇ ਰਹਿਣ। ਬਦਲਦੇ ਜ਼ਮਾਨੇ ਦੀ ਰਫ਼ਤਾਰ ਦੇ ਹਿਸਾਬ ਨਾਲ ਹੁਣ ਬੱਚਾ ਲਗਭਗ 3-4 ਸਾਲ ਦਾ ਹੁੰਦਿਆਂ ਹੀ ਸਕੂਲ ਜਾਂ ਕਰੱਚ ਆਦਿ ਵਿਚ ਜਾਣਾ ਸ਼ੁਰੂ ਹੋ ਜਾਂਦਾ ਹੈ। ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਅੱਜ-ਕੱਲ੍ਹ ਦੇ ਛੋਟੇ ਬੱਚੇ ਤੋਂ ਜੇਕਰ ਪੁੱਛੀਏ ਕੀਹਦਾ ਬੇਟਾ ਐਂ? ਤਾਂ ਜ਼ਿਆਦਾਤਰ ਬੱਚੇ ਇਹੀ ਕਹਿੰਦੇ ਨੇ ‘ਪਾਪਾ ਦਾ ਬੇਟਾ ਹਾਂ।’ ਜਾਂ ‘ਮੰਮੀ ਦਾ ਬੇਟਾ ਹਾਂ।’ ਬਹੁਤ ਘੱਟ ਬੱਚੇ ਹੋਣਗੇ ਜੋ ਆਪਣੇ ਮੰਮੀ ਪਾਪਾ ਦਾ ਨਾਂਅ ਦੱਸ ਸਕਦੇ ਹੋਣ। ਥੋੜ੍ਹੀ ਜਿਹੀ ਮਿਹਨਤ ਤੇ ਬੱਚੇ ਨੂੰ ਸਮਾਂ ਦੇਣ ਨਾਲ ਇਹ ਵੀ ਹੋ ਸਕਦਾ ਹੈ ਕਿ ਸਕੂਲ ਦਾਖ਼ਲਾ ਹੋਣ ਤੋਂ ਪਹਿਲਾਂ ਹੀ ਬੱਚੇ ਨੂੰ ਆਪਣਾ ਨਾਂਅ, ਮਾਂ-ਬਾਪ ਦਾ ਨਾਂਅ ਦੱਸਣ ਦੀ ਆਦਤ ਪਾਈ ਜਾਵੇ।  ਜਦੋਂ ਬੱਚਾ ਥੋੜ੍ਹਾ-ਥੋੜ੍ਹਾ ਬੋਲਣ ਲੱਗਦਾ ਹੈ ਤਾਂ ਉਹ ਮੰਮੀ-ਪਾਪਾ ਹੀ ਕਹਿੰਣਾ ਸਿੱਖਦਾ ਹੈ। ਪਰ ਹਰ ਮਾਂ-ਬਾਪ ਵੱਲੋਂ ਕੀਤਾ ਗਿਆ ਛੋਟਾ ਜਿਹਾ ਉਪਰਾਲਾ ਬੱਚੇ ਨੂੰ ਇੰਨਾ ਕੁ ਆਤਮ ਨਿਰਭਰ ਬਣਾ ਸਕਦਾ ਹੈ ਕਿ ਜੇਕਰ ਉਹ ਕਿਸੇ ਕਾਰਨ ਆਪਣੇ ਘਰ ਜਾਂ ਪਰਿਵਾਰ ਤੋਂ ਦੂਰ ਹੋਵੇ ਤਾਂ ਕਿਸੇ ਸਮਾਜ ਸੇਵੀ ਵੱਲੋਂ ਪੁੱਛਣ ’ਤੇ ਆਪਣਾ ਪਤਾ ਤੇ ਮਾਤਾ-ਪਿਤਾ ਦਾ ਨਾਂਅ ਦੱਸ ਸਕੇ। ਇਸ ਤਰ੍ਹਾਂ ਕਰਨ ਨਾਲ ਕੋਈ ਵਿੱਛੜਿਆ ਆਪਣਿਆਂ ਨੂੰ ਮਿਲ ਸਕਦਾ ਹੈ ਅਤੇ ਕੜਾਕੇ ਦੀ ਠੰਢ ਤੇ ਤਪਦੀ ਗਰਮੀ ਦੀ ਦੁਪਹਿਰ ਦਾ ਸ਼ਿਕਾਰ ਹੋਣ ਤੋਂ ਬਚ ਸਕਦਾ ਹੈ।

*****

(631)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

 ਰਵਿੰਦਰ ਸ਼ਰਮਾ

ਰਵਿੰਦਰ ਸ਼ਰਮਾ

Hirke, Mansa, Punjab, India.
Phone: (91 - 94683 - 34603)
Email: (rinku.rinku36@gmail.com)