“ਪਰ ਇੱਥੇ ਮੁਕੰਮਲ ਜਹਾਨ ਸੌਖਿਆਂ ਕਿੱਥੇ ਮਿਲਦਾ ਹੈ ... ਹਰਪ੍ਰੀਤ ਉਹ ਜਹਾਨ ਰੰਗਮੰਚ ਵਿੱਚੋਂ ਲੱਭ ...”
(7 ਦਸੰਬਰ 2025)

ਉਹ ਆਮ ਨਹੀਂ ਹੈ… ਖ਼ਾਸ ਵੀ ਨਹੀਂ ਹੈ। ਉਹ ਸਿਰਫ ਹਰਪ੍ਰੀਤ ਹੈ ਤੇ ਹਰਪ੍ਰੀਤ ਹੋਣਾ ਸੌਖਾ ਨਹੀਂ ਹੈ। ਹਰਪ੍ਰੀਤ ਦੇ ਨਾਮ ਦਾ ਅਰਥ ਤਾਂ ਇਹ ਬਣਦਾ ਹੈ ਕਿ ਉਹ ਹਰ ਇੱਕ ਦੀ ਪ੍ਰੀਤ ਬਣੇ... ਤੇ ਹਰ ਇੱਕ ਉਹਦੀ ਪ੍ਰੀਤ ਬਣੇ। ਪਰ ਇੱਥੇ ਮੁਕੰਮਲ ਜਹਾਨ ਸੌਖਿਆਂ ਕਿੱਥੇ ਮਿਲਦਾ ਹੈ ... ਹਰਪ੍ਰੀਤ ਉਹ ਜਹਾਨ ਰੰਗਮੰਚ ਵਿੱਚੋਂ ਲੱਭ ਰਹੀ ਹੈ... ਉਹ ਲੱਭ ਲਵੇਗੀ... ਉਸਨੇ ਲਗਭਗ ਲੱਭ ਲਿਆ ਹੈ... ਉਹ ਇੱਕ ਦਿਨ ਰੰਗਮੰਚ ਦੇ ਕੋਠੇ ਚੜ੍ਹ ਦਹਾੜ ਮਾਰੇਗੀ। ਪ੍ਰੌਗਰੈਸਿਵ ਕਲਾ ਮੰਚ ਉਸ ਦਿਨ ਲਈ ਪੌੜੀ ਬਣਨ ਲਈ ਤਿਆਰ ਹੈ… ਹਰਪ੍ਰੀਤ ਤਿਆਰ ਹੋ ਰਹੀ ਹੈ!
ਉਸ ਨੂੰ ਕੀ ਨਹੀਂ ਆਉਂਦਾ! ਉਹ ਨੱਚਣਾ ਜਾਣਦੀ ਹੈ… ਹੱਸਣਾ ਜਾਣਦੀ ਹੈ ਅਤੇ ਜਚਣਾ ਜਾਣਦੀ ਹੈ। ਪਲਕ ਝਪਕਦੇ ਹੀ ਅੱਖਾਂ ਭਰਨੀਆਂ ਜਾਣਦੀ ਹੈ। ਉਹ ਪੜ੍ਹਨਾ ਜਾਣਦੀ ਐ, ਪੜ੍ਹਾਉਣਾ ਜਾਣਦੀ ਐ (ਅਧਿਆਪਕ ਹੈ)। ਬੱਸ ਸਹਿਜ ਹੋਣਾ ਸਿੱਖ ਰਹੀ ਹੈ…। ਮੈਂ ਤਿੰਨ ਸਾਲ ਤੋਂ ਇਸ ਵਿਸ਼ੇ ਵਿੱਚ ਉਹਦਾ ਅਧਿਆਪਕ ਹਾਂ। ਮੇਰਾ ਵਿਦਿਆਰਥੀ ਲਾਇਕ ਹੈ ਪਰ ਉਸਤਾਦ ਨੂੰ ਰੁੱਝਿਆ ਰੱਖਣਾ ਚਾਹੁੰਦਾ ਹੈ… ਹੋਰ ਸੁਧਾਰ ਲਈ! ਉਹ ਹਰ ਰੋਜ਼ ਪੁੱਛੇਗੀ ... ਹੁਣ ਠੀਕ ਹੋ ਗਿਆ?” ਫਿਰ ਮੇਰੇ ਜਵਾਬ ਦੀ ਉਡੀਕ ਕੀਤੇ ਬਿਨਾਂ ਆਪੇ ਬੋਲੇਗੀ, “ਮਤਲਬ ਓ ਕੇ ਜਿਹਾ ਐ!”
ਮੈਂ ਸਿਰਫ ਮੁਸਕਰਾਉਂਦਾ ਹਾਂ। ਜਾਂ ਕਦੇ ਇੰਨਾ ਕਹਿ ਕੇ ਉਸ ਨੂੰ ਬਾਰੀਕ ਘੇਰਾ ਪਾਉਂਦਾ ਹਾਂ, “ਤੈਨੂੰ ਸੈਂਤੀ ਸਾਲ ਹੋ ਗਏ ਅਦਾਕਾਰੀ ਕਰਦਿਆਂ, ਬਿਹਤਰ ਤੋਂ ਬਿਹਤਰੀਨ ਕਰਨ ਦੀ ਕੋਸ਼ਿਸ਼ ਜਾਰੀ ਐ... ਤੂੰ ਬਹੁਤ ਵਧੀਆ ਕਰ ਰਹੀ ਐਂ... ਪਰ ਹੋਰ ਵਧੀਆ ਵੀ ਕਰ ਲਵੇਂਗੀ!” ਇਹ ਕੋਈ “ਦਿਲ ਕੋ ਬਹਿਲਾਨੇ ਕੇ ਲੀਏ?” ਕਿਸਮ ਦਾ ਠੁੰਮ੍ਹਣਾ ਨਹੀਂ ਹੈ... ਹਰਪ੍ਰੀਤ ਸੱਚਮੁੱਚ ਅਦਾਕਾਰੀ ਦੀਆਂ ਸੰਭਾਵਨਾਵਾਂ ਦਾ ਹੁੱਡੂਜ਼ ਪਹਾੜ ਹੈ... ਉਹ ਜਦੋਂ ਦਹਿਕਦੀ ਹੈ ਤਾਂ ਵੀ, ਜਦੋਂ ਮਹਿਕਦੀ ਹੈ ਤਾਂ ਵੀ... ਜਦ ਦਹਾੜਦੀ ਹੈ ਤਾਂ ਵੀ... ਜਦ ਸੰਵਾਰਦੀ ਹੈ ਤਾਂ ਵੀ... ਦਰਸ਼ਕਾਂ ਦਾ ਮੂੰਹ ਫੜ ਆਪਣੇ ਵੱਲ ਘੁਮਾ ਲੈਣ ਦੀ ਸਮਰੱਥਾ ਰੱਖਦੀ ਹੈ। ਮੈਂ ਉਸ ਨੂੰ ਸਹਿਜ ਅਦਾਕਾਰੀ ਦੀ ਗਿਰੀ ਚਬਾਉਣ ਵੱਲ ਤੋਰਦਾ ਹਾਂ... ਉਹ ਕਦੇ ਵਿੱਚ ਵਿਚਾਲੇ ਫਸ ਜਾਂਦੀ ਹੈ...। ਇਸ ਫਸਣ ਫਸੌਣ ਦੀ ਤੱਕੜੀ ਤੋਂ ਬਾਹਰ ਬਹਿ ਕੇ ਤੋਲ ਤੁਕਾਂਤ ਸਹੀ ਕਰਨਾ ਹੀ ਤਾਂ ਦਰਸ਼ਕ ਦੀ ਬੇਯਕੀਨੀ ਨੂੰ ਯਕੀਨ ਵਿੱਚ ਬਦਲਣ ਦੀ ਘੁੰਡੀ ਹੈ... ਮੈਂ ਆਪਣੇ ਹਰ ਅਦਾਕਾਰ ਨੂੰ ਇਹ ਗਿਰੀ ਖਾਣ ਲਈ ਕਹਿੰਦਾ ਹਾਂ। ਹਰਪ੍ਰੀਤ ਇਹ ਗਿਰੀ ਚਿੱਥ ਰਹੀ ਹੈ... ਛਿੱਲੜ ਸਮੇਤ!
ਹਰਪ੍ਰੀਤ ਕੌਰ ਪੰਨੂ… ਪੂਰਾ ਨਾਮ… ਰੰਗਮੰਚ ਦੇ ਨਾਮ ’ਤੇ ਉਹਨੂੰ ਚਾਅ ਚੜ੍ਹ ਜਾਂਦਾ ਹੈ… ਵਿਆਹ ਵਰਗਾ ਚਾਅ। ਕੈਨੇਡਾ ਦੀ ਜ਼ਿੰਦਗੀ ਸੌਖੀ ਨਹੀਂ, ਉਸਨੇ ਰਿਹਰਸਲ ਲਈ ਵਕਤ ਕਿਵੇਂ ਕੱਢਣਾ ਹੈ ਬੱਚਿਆਂ ਦੇ ਰੁਝੇਵਿਆਂ ਵਿੱਚੋਂ, ਪਰਿਵਾਰਕ ਮਸਰੂਫ਼ੀਅਤ ਵਿੱਚੋਂ... ਇਹ ਸਿਰਫ ਹਰਪ੍ਰੀਤ ਜਾਣਦੀ ਹੈ। ਅਸੀਂ ਸਿਰਫ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। … ਪਰ ਜਦੋਂ ਆ ਜਾਂਦੀ ਹੈ, ਧੁਰ ਅੰਦਰ ਤਕ ਕਿਰਦਾਰ ਨੂੰ ਸਮਝਣ ਅਤੇ ਨਿਭਾਉਣ ਵਿੱਚ ਜੁਟ ਜਾਂਦੀ ਹੈ। “ਐੱਲ ਐੱਮ ਆਈ ਏ” ਵਿੱਚ ਉਹ ਜਦੋਂ ਘਰੋੜ ਕੇ “ਐੱਲ ਐੱਮ ਆਈਆਂ” ਦੀ ਵਿਸ਼ੇਸ਼ ਧੁਨ ਉਸਾਰਦੀ ਸੀ ਤਾਂ ਦਰਸ਼ਕ ਦੇ ਮੱਥੇ ਦਸਤਕ ਹੁੰਦੀ ਸੀ ਕਿ ਅਸੀਂ ਅਸਲ ਵਿੱਚ ਕਹਿ ਕੀ ਰਹੇ ਹਾਂ!
ਇਸ ਵਾਰ ਵੀ ਅਸੀਂ ਕੁਝ ਬਹੁਤ ਵੱਖਰਾ ਕਹਿਣ ਜਾ ਰਹੇ ਹਾਂ... ਤੇ ਇਸ ਕਹਿਣ ਕਹਾਉਣ ਵਿੱਚ ਜਿਹੜਾ ਰਾਗ ਹਰਪ੍ਰੀਤ ਨੇ ਛੇੜਨਾ ਹੈ, ਤੁਸੀਂ ਹੈਰਾਨ ਹੋ ਜਾਵੋਗੇ। ਉਹ ਇੱਕ ਇੱਕ ਸੰਵਾਦ ਨੂੰ ਪੈਮਾਨੇ ਵਿੱਚ ਟਿਕਾ ਰਹੀ ਹੈ। ਤੁਹਾਨੂੰ ਸੰਵਾਦ ਸੰਵਾਦ ਨਹੀਂ ਲੱਗਣਗੇ, ਕਿਸੇ ਪੁਰਾਤਨ ਸੱਭਿਅਤਾ ਦੀ ਰਹਿੰਦ ਖੂੰਹਦ ਵਿੱਚੋਂ ਚੁਗੀਆਂ ਹੱਡੀਆਂ ਦੇ ਭੁਰਨ ਅਤੇ ਖਹਿਣ ਦਾ ਸੰਗੀਤ ਜਾਪਣਗੇ। ਹਰਪ੍ਰੀਤ ਰੰਗਮੰਚ ਤੋਂ ਕੁਰਬਾਨ ਹੋਣਾ ਲੋਚਦੀ ਹੈ… ਅਸੀਂ ਸਭ ਤੇਰੇ ਨਾਲ ਹਾਂ ਹਰਪ੍ਰੀਤ, ਤੇਰੇ ਸੱਜੇ ਖੱਬੇ ਤੇਰੀ ਧਿਰ ਬਣ ਕੇ … ਤੈਨੂੰ ਹਰ ਖੁਸ਼ੀ ਮਿਲੇ, ਤੂੰ ਰੰਗਮੰਚ ਦੀ ਜਾਨ ਏਂ... ਇਹ ਜਾਨ ਸਲਾਮਤ ਰਹੇ… ਤੇਰਾ ਇਹ ਵੀਰ ਤੇਰੇ ਨਾਲ ਹੈ...ਅੱਜ ਵੀ, ਅਗਲੇ ਸਾਲ ਵੀ... ਉਸ ਤੋਂ ਅਗਲੇ ਸਾਲ ਵੀ... ਸੌ ਸਾਲ ਦਾ ਅੰਕੜਾ ਪਾਰ ਕਰਨ ਤੱਕ… ਤੈਨੂੰ ਇਮਤਿਹਾਨ ਵਿੱਚ ਪਾਉਂਦਾ ਰਹਾਂਗਾ, ਤੂੰ ਮੈਰਿਟ ਵਿੱਚ ਆਉਂਦੀ ਰਹੇਂਗੀ!...
ਤੇਰਾ ਨਿਰਦੇਸ਼ਕ ਵੀਰ ... ਸਾਹਿਬ ਸਿੰਘ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (