SahibSinghDr7“ਅਗਲੀ ਸਵੇਰ ਨਕੋਦਰ ਜਾਂਦਿਆਂ ਗੱਡੀ ਅੰਦਰ ਚੁੱਪ ਪਸਰੀ ਰਹੀ, ਪਰ ਮੰਚ ਉੱਤੇ ਪਹੁੰਚਦਿਆਂ ਹੀ ਮੜਕ ਤੇ ਬੜ੍ਹਕ ...
(ਅਪਰੈਲ 17, 2016)

 

GursharanSingh1(ਨੋਟ: ਪਾਠਕ ਇਹ ਲੇਖ ਪੜ੍ਹਨ ਤੋਂ ਪਹਿਲਾਂ ਜੇ ਰਿਪੁਦਮਨ ਸਿੰਘ ਰੂਪ ਦੀ ਕੱਲ੍ਹ ਛਪੀ ਕਹਾਣੀ ‘ਪਹੁ-ਫੁਟਾਲੇ ਤਕ’ ਪੜ੍ਹ ਲੈਣ ਤਾਂ ਵਧੇਰੇ ਲਾਹੇਵੰਦ ਹੋਵੇਗਾ --- ਸੰਪਾਦਕ)

ਰਿਪੁਦਮਨ ਸਿੰਘ ਰੂਪ ਵੱਲੋਂ ਲਿਖੀ ਕਹਾਣੀ ‘ਪਹੁ ਫੁਟਾਲੇ ਤਕ’ ਨੇ ਮੇਰੀ ਸਿਮਰਤੀ ਵਿਚ ਪਈਆਂ ਪੁਰਾਣੀਆਂ ਯਾਦਾਂ ਦਾ ਹੜ੍ਹ ਲੈ ਆਂਦਾ। ਦਰਅਸਲ ਕਹਾਣੀ ਵਿਚਲਾ ‘ਹੀਰਾ’ ਮੈਂ ਹੀ ਹਾਂ। ਜਿਸ ਘਟਨਾ ਦਾ ਕਹਾਣੀ ਵਿੱਚ ਜ਼ਿਕਰ ਹੈ, ਉਹ ਅੱਜ ਤੋਂ ਤਕਰੀਬਨ 25 ਸਾਲ ਪੁਰਾਣੀ ਹੈ, ਪਰ ਇਸ ਘਟਨਾ ਦਾ ਕੱਚ-ਸੱਚ ਜਾਣਨ ਲਈ ਥੋੜ੍ਹਾ ਜਿਹਾ ਹੋਰ ਪਿੱਛੇ ਜਾਣ ਦੀ ਲੋੜ ਹੈ। ਪੰਜਾਬ ਮਜ਼ਹਬੀ ਅਤਿਵਾਦ ਅਤੇ ਸਰਕਾਰੀ ਜਬਰ ਦੀ ਦੁਵੱਲੀ ਚੱਕੀ ਅੰਦਰ ਬੁਰੀ ਤਰ੍ਹਾਂ ਨਪੀੜਿਆ ਜਾ ਰਿਹਾ ਸੀ, ‘ਸੱਭਿਆਚਾਰ ਦੇ ਰਾਖੇ’ ਗਾਇਕ ਆਪਣੀਆਂ ਤੂੰਬੀਆਂ ਅਲਗੋਜ਼ੇ ਸੰਦੂਕਾਂ ਵਿੱਚ ਬੰਦ ਕਰਕੇ ‘ਦੜ ਵੱਟ ਜ਼ਮਾਨਾ ਕੱਟ’ ਦਾ ਰਿਆਜ਼ ਕਰ ਰਹੇ ਸਨ। ਸਾਧਾਰਨ ਬੰਦੇ ਦੀ ਆਵਾਜ਼ ਉਹਦੇ ਘੰਡ ਵਿਚ ਫਸੀ ਬਾਹਰ ਆਉਣ ਲਈ ਤਰਲੋਮੱਛੀ ਹੋ ਰਹੀ ਸੀ; ਅਸਥਿਰਤਾ ਅਤੇ ਡਰ ਚਹੁੰ ਪਾਸੇ ਪਸਰੇ ਹੋਏ ਸਨ; ਜ਼ਿੰਦਗੀ ਜਿਉਣ ਦੇ ਢੰਗ-ਤਰੀਕਿਆਂ ਉੱਤੇ ‘ਕੋਡ’ ਲਾਗੂ ਹੋ ਰਹੇ ਹਨ। ਉਦੋਂ ਭਾਅ ਜੀ ਗੁਰਸ਼ਨ ਸਿੰਘ (ਕਹਾਣੀ ਵਿਚਲਾ ਜਵੰਦਾ ਸਿੰਘ) ਸਾਧਾਰਨ ਬੰਦੇ ਦੇ ਘੰਡ ਵਿਚ ਫਸੀ ਆਵਾਜ਼ ਨੂੰ ਸੁਰ-ਬੱਧ ਕਰ ਰਹੇ ਸਨ। ਅਸੀਂ ਭਾਅ ਜੀ ਨਾਲ ਦੂਰ-ਦੁਰਾਡੇ ਪਿੰਡਾਂ ਵਿੱਚ ਜਾਂਦੇ, ਨਿੱਕੀਆਂ-ਵੱਡੀਆਂ ਸਟੇਜਾਂ ਉੱਤੇ ਨਾਟਕ ਕਰਦੇ, ਕਾਮਰੇਡ ਦੇਸੀ ਬੰਦੂਕਾਂ ਫੜੀ ਮੰਚ ਦੀ ਰਾਖੀ ਕਰ ਰਹੇ ਹੁੰਦੇ। ਸਾਨੂੰ ਪਤਾ ਸੀ ਕਿ ਜੈਮਲ ਪੱਡਾ, ਸੁਮੀਤ, ਦੀਪਕ ਧਵਨ, ਪਾਸ਼ ਨੂੰ ਮਾਰਨ ਵਾਲੀਆਂ ਅਸਾਲਟਾਂ ਸਾਹਮਣੇ ਇਹ ‘ਵਿਚਾਰੀਆਂ ਦੇਸੀ ਬੰਦੂਕਾਂ’ ਸਾਨੂੰ ਬਚਾ ਨਹੀਂ ਸਕਦੀਆਂ … ਪਰ ਮੰਚ ਦੇ ਸਾਹਮਣੇ ਬੈਠਾ ਜੋਸ਼ੀਲਾ ਅਤੇ ਸਿਰਾਂ ਵਾਲਾ ਇਕੱਠ ਸਾਡੇ ਤਕ ਆਉਣ ਵਾਲੀ ਗੋਲੀ ਸਾਹਮਣੇ ਕੰਧ ਬਣ ਸਕਦਾ ਹੈ। ਉਹ ਲਹੂ ਪੀਣੀਆਂ ਅਸਾਲਟਾਂ ਭਾਅ ਜੀ ਗੁਰਸ਼ਰਨ ਸਿੰਘ ਨੂੰ ਇਸ ਕਰਕੇ ਨਹੀਂ ਸੀ ‘ਬਖ਼ਸ਼’ ਰਹੀਆਂ ਕਿ ਭਾਅ ਜੀ ਨੇ ਸਿੱਖ ਗੁਰੂਆਂ ਅਤੇ ਸਿੱਖ ਯੋਧਿਆਂ ਬਾਰੇ ਨਾਟਕ ਲਿਖੇ ਅਤੇ ਪੇਸ਼ ਕੀਤੇ ਸਨ, ਸਗੋਂ ਉਨ੍ਹਾਂ ਦੀ ਪਿੱਠ ’ਤੇ ਖੜ੍ਹਾ ਲੋਕ-ਰੋਹ ਉਨ੍ਹਾਂ ਅਸਾਲਟਾਂ ਲਈ ਦੁਚਿੱਤੀ ਬਣਿਆ ਹੋਇਆ ਸੀ। ਇਹ ਇੱਕ ਵਿਗਿਆਨਕ ਅਤੇ ਮਨੋਵਿਗਿਆਨਕ ਸੱਚ ਹੈ ਕਿ ਜਦੋਂ ਸੁੰਨੀਆਂ ਰਾਤਾਂ ਵਿੱਚ ਕੋਈ ਬੰਦਾ ਨੰਗੇ ਧੜ ਆ ਕੇ ਲਲਕਾਰੇ ਮਾਰਨ ਲੱਗ ਪੈਂਦਾ ਹੈ ਤਾਂ ਕਾਲੀਆਂ ਰਾਤਾਂ ਦੇ ਪਹਿਰੇਦਾਰ ਉਸ ‘ਕਮਲੇ’ ਤੋਂ ਭੈਅ ਖਾਂਦੇ ਹਨ। ਭਾਅ ਜੀ ਗੁਰਸ਼ਨ ਸਿੰਘ ਅਜਿਹਾ ਹੀ ਇੱਕ ‘ਕਮਲਾ’ ਇਨਸਾਨ ਸੀ।

ਉਨ੍ਹਾਂ ਦਿਨਾਂ ਵਿੱਚ ਭਾਅ ਜੀ ਨਾਲ ਵਿਚਰਨਾ ਮੇਰੀ ਜ਼ਿੰਦਗੀ ਦਾ ਸੁਨਹਿਰੀ ਦੌਰ ਸੀ। ਉਨ੍ਹਾਂ ਨਾਲ ਗੱਡੀ ਵਿਚ ਬੈਠਿਆਂ ਡਰ ਨਹੀਂ ਸੀ ਲੱਗਦਾ। ਜ਼ਿੰਦਗੀ ਬੜ੍ਹਕ ਮਾਰ ਕੇ ਬੈਠਦੀ ਸੀ ਭਾਅ ਜੀ ਦੀ ਗੱਡੀ ਵਿਚ। ਆਸ ਦਾ ਭਰਿਆ ਸਮੁੰਦਰ ਸੀ ਉਹ ਬੰਦਾ। ਨਾਟਕ ਲਿਖਦਾ, ਖੇਡਦਾ, ਗੁੱਸੇ ਹੁੰਦਾ, ਰੋਂਦਾ ਤੇ ਬੜੇ ਖ਼ੂਬਸੂਰਤ ਮਜ਼ਾਕ ਕਰਦਾ। ਇੱਕ ਯਾਦ ਅੱਜ ਵੀ ਚੇਤਿਆਂ ਵਿਚ ਉੱਕਰੀ ਹੈ:

… ਭਾਅ ਜੀ ਨੇ ਮੈਨੂੰ ਹੀਰੋ ਹੌਂਡਾ ਰਾਹੀਂ ਰਿਹਰਸਲ ’ਤੇ ਆਉਣੋਂ ਵਰਜ ਦਿੱਤਾ ਸੀ ਤੇ ਮੈਨੂੰ ਬੱਸ ’ਤੇ ਆਉਣ ਦਾ ਹੁਕਮ ਚਾੜ੍ਹ ਦਿੱਤਾ ਸੀ। ਕਾਰਨ? ਬੜਾ ਹੀ ਪਿਆਰਾ! “ਤੂੰ ਬੜਾ ਸੋਹਣਾ ਐਂ, ਰਿਹਰਸਲ ’ਤੇ ਆਉਂਦੀ ਹਰ ਕੁੜੀ ਤੇਰੇ ਮੋਟਰਸਾਈਕਲ ’ਤੇ ਬੈਠਣਾ ਚਾਹੁੰਦੀ ਐ!” ਜਿਨ੍ਹਾਂ ਗੁਰਸ਼ਰਨ ਸਿੰਘ ਨੂੰ ਸਿਰਫ਼ ਉੱਪਰੋਂ ਹੀ ਤੱਕਿਆ ਹੈ, ਉਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਭਾਅ ਜੀ ਦੀ ਸ਼ਖ਼ਸੀਅਤ ਕਿੰਨੀ ਬਹੁ-ਪਾਸਾਰੀ ਅਤੇ ਜ਼ਿੰਦਾਦਿਲ ਸੀ। ਇੱਕ ਵਾਰ ਭਾਅ ਜੀ ਨੇ ਮੈਨੂੰ ਦਾੜ੍ਹੀ ਵਧਾਉਣ ਦਾ ਹੁਕਮ ਚਾੜ੍ਹ ਦਿੱਤਾ। ਇਹ ਦਲੀਲ ਦੇ ਕੇ ਕਿ ਮੈਂ ਦਿਨ ਵਿਚ ਤਿੰਨ-ਤਿੰਨ ਸ਼ੋਅ ਕਰਨੇ ਹੁੰਦੇ ਹਨ ਤੇ ਦਾੜ੍ਹੀ ਲਗਾਉਂਦਿਆਂ ਪੰਦਰਾਂ ਮਿੰਟ ਜ਼ਾਇਆ ਕਰ ਦਿੰਦਾ ਹਾਂ। ਹੁਕਮ ਪ੍ਰਵਾਨ ਹੋਇਆ ਤੇ ਮੈਂ ਦਾੜ੍ਹੀ ਵਧਾ ਲਈ। ਪੰਦਰਾਂ-ਵੀਹ ਦਿਨ ਬਾਅਦ ਅਸੀਂ ਫਿਰੋਜ਼ਪੁਰ ਲਾਗੇ ਇੱਕ ਪਿੰਡ ਵਿੱਚ ਸ਼ੋਅ ਕਰਕੇ ਆ ਰਹੇ ਸੀ। ਪੰਜਾਬ ਦੇ ਹਾਲਾਤ ਇੰਨੇ ਤਣਾਅ ਵਾਲੇ ਸਨ ਕਿ ਸਾਡੀ ਗੱਡੀ ਨੂੰ ਚੰਡੀਗੜ੍ਹ ਤਕ ਲਗਪਗ ਦਸ ਬਾਰਾਂ ਵਾਰ ਪੁਲੀਸ ਦੀ ਚੈਕਿੰਗ ਦਾ ਸਾਹਮਣਾ ਕਰਨਾ ਪਿਆ ਤੇ ਅਖੀਰ ਵਿੱਚ ਇਸ ਸਾਰੇ ਵਰਤਾਰੇ ਦਾ ਤੋੜਾ ਭਾਅ ਜੀ ਨੇ ਮੇਰੀ ਦਾੜ੍ਹੀ ’ਤੇ ਝਾੜਿਆ, “ਤੂੰ ਅਤਿਵਾਦੀ ਲੱਗਦਾ ਏਂ, ਕੱਲ੍ਹ ਸ਼ੇਵ ਕਰਕੇ ਆਈਂ।” ਰਾਤ ਦੇ ਹਨੇਰੇ ਵਿਚ ਇਹ ਸਾਹਿਬ ਸਿੰਘ ਹੀਰਾ, ਭਾਅ ਜੀ ਗੁਰਸ਼ਰਨ ਸਿੰਘ ਜਵੰਦਾ ਦੀ ਨਿੱਕੀ ਪੱਗ ਹੇਠਾਂ ਸੁਰੱਖਿਅਤ ਭਰਪੂਰ ਦਿਮਾਗ਼ ਦੀ ਥਾਹ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਨ੍ਹਾਂ ਇਹ ਸੰਵਾਦ ਸਾਨੂੰ ਤਣਾਅ-ਮੁਕਤ ਕਰਨ ਲਈ ਬੋਲਿਆ ਸੀ ਜਾਂ ਇਹ ਇੱਕ ਡੂੰਘੀ ਰਮਜ਼ ਸੀ ਪੰਜਾਬ ਦੇ ਹਾਲਾਤ ਬਾਰੇ!

ਭਾਅ ਜੀ ਗੁਰਸ਼ਰਨ ਸਿੰਘ ਦੀ ਸ਼ਖ਼ਸੀਅਤ ਸਰਬ-ਪ੍ਰਵਾਨਿਤ ਸੀ ਕਿਉਂਕਿ ਉਹ ਸਟੇਟ-ਜਬਰ ਦੇ ਧੱਕੇ ਧਕਾਏ ਮੁੰਡਿਆਂ ਨੂੰ ਆਪਣੇ ਨਾਟਕਾਂ ਵਿੱਚ ਇਹ ਕਹਿ ਕੇ ਪੇਸ਼ ਕਰਦੇ ਸਨ ਕਿ ‘ਮੈਂ ਅਤਿਵਾਦੀ ਨਹੀਂ ਹਾਂ’। ਉਹ ਇਕ ਪਾਸੜ ਨਹੀਂ ਸਨ। ਇਸ ਤੋਂ ਪਹਿਲਾਂ ਕਿ ਮੈਂ ਕਹਾਣੀ ਵਿਚਲੀ ਅਸਲੀ ਘਟਨਾ ’ਤੇ ਆਵਾਂ, ਮੈਂ ਇਹ ਵੀ ਦੱਸ ਦਿਆਂ ਕਿ ਭਾਅ ਜੀ ਗੁਰਸ਼ਰਨ ਸਿੰਘ ਕੋਈ ਪੈਗੰਬਰ ਨਹੀਂ ਸਨ। ਇੱਕ ਜਜ਼ਬਾਤੀ, ਪਰ ਸਿਆਣੇ ਇਨਸਾਨ ਸਨ। ਤੇ ਜਜ਼ਬਾਤੀ ਸਿਆਣਾ ਇਨਸਾਨ ਜ਼ਿੰਦਗੀ ਦੇ ਕੁਝ ਪਲਾਂ ਵਿਚ ਬਹੁਤ ਦ੍ਰਿੜ੍ਹ ਹੁੰਦਾ ਹੈ ਤੇ ਕੁਝ ਪਲਾਂ ਦੌਰਾਨ ਉਹ ਡਾਵਾਂਡੋਲ ਜਾਂ ਕਮਜ਼ੋਰ ਵੀ ਹੋ ਜਾਂਦਾ ਹੈ। ਕਿਸੇ ਵਿਅਕਤੀ (ਜਿਸ ਦੀ ਅਸਲੀ ਜ਼ਿੰਦਗੀ ਬਹੁਪਸਾਰੀ ਹੋਵੇ) ਨਾਲ ਜੁੜੀ ਇਕਹਿਰੀ ਘਟਨਾ ਦਾ ਵਰਣਨ ਕਰਦਿਆਂ ਸਾਨੂੰ ਉਸ ਦੇ ਸਮੁੱਚ ਦਾ ਵਿਸ਼ਲੇਸ਼ਣ ਜ਼ਰੂਰ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਇਹ ਇਕਹਿਰਾ ਪ੍ਰਭਾਵ ਕਿਸੇ ਪਾਠਕ ਨੂੰ ਗ਼ਲਤ ਨਿਰਦੇਸ਼ ਵੀ ਦੇ ਸਕਦਾ ਹੈ। ਜਿਵੇਂ ਰੂਪ ਅੰਕਲ ਦੀ ਸਾਹਿਤਕਾਰੀ ਤੋਂ ਮੈਂ ਕਦੀ ਪ੍ਰਭਾਵਿਤ ਨਹੀਂ ਹੋ ਸਕਿਆ, ਪਰ ਇੱਕ ਮਨੁੱਖ ਦੇ ਤੌਰ ’ਤੇ ਉਹ ਮੈਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਇੱਕ ਆਦਰਸ਼ ਪਿਤਾ, ਇੱਕ ਅਨੁਸ਼ਾਸਿਤ ਪਰਿਵਾਰਕ ਮੁਖੀ, ਇੱਕ ਸੰਜਮੀ ਮਨੁੱਖ ਅਤੇ ਬੋਚ-ਬੋਚ ਕੇ ਪੈਰ ਧਰਨ ਵਾਲੇ ਰੂਪ ਅੰਕਲ।

ਹੁਣ ਅਸਲੀ ਘਟਨਾ ਜੋ ਉਸ ਵੇਲੇ ਵਾਪਰੀ ਸੀ ਜਦੋਂ ਮੈਂ (ਹੀਰਾ) ਵੀਹ-ਬਾਈ ਕੁ ਸਾਲ ਦਾ ਸੀ। ਮੈਂ ਭਾਅ ਜੀ ਦੇ ਨਾਟਕਾਂ ਦਾ ਨਾਇਕ ਸੀ, ਭਾਅ ਜੀ ਨੇ ਨਵਾਂ ਨਾਟਕ ਲਿਖਿਆ ਸੀ ‘ਗੁਲਾਬੀ ਪੱਗ’। ਉਹਦੇ ਵਿੱਚ ਭਾਅ ਜੀ ਨੇ ਮੈਨੂੰ ਨਾਇਕ ਦੇ ਪਿਉ ਦਾ ਕਿਰਦਾਰ ਦਿੱਤਾ। ਅਸੀਂ ਪਹਿਲਾ ਸ਼ੋਅ ਪ੍ਰੋ. ਮੋਹਨ ਸਿੰਘ ਮੇਲੇ ਮੌਕੇ ਰਾਤ ਨੂੰ ਪੰਜਾਬੀ ਭਵਨ ਲੁਧਿਆਣਾ ਦੀ ਸਟੇਜ ’ਤੇ ਖੇਡਿਆ। ਨਾਟਕ ਦੀ ਸੰਖੇਪ ਕਹਾਣੀ ਜਾਣਨੀ ਜ਼ਰੂਰੀ ਹੈ। ਨਾਟਕ ਦਾ ਨਾਇਕ ਅਗਾਂਹਵਧੂ ਲੜਕਾ ਹੈ। ਪਿਉ ਹੱਡ-ਭੰਨਵੀਂ ਕਮਾਈ ਕਰਦਾ ਹੈ, ਪਰ ਸ਼ਾਮ ਨੂੰ ਦਾਰੂ ਪੀ ਕੇ ਸਾਰੇ ਗਮ ਭੁਲਾਉਣ ਅਤੇ ਬੜ੍ਹਕ ਮਾਰਨ ਦਾ ਸ਼ੌਕੀਨ ਹੈ। ਭਾਅ ਜੀ ਨੇ ਇਹ ਨਾਟਕ ਯੁੱਗ-ਕਵੀ ਅਵਤਾਰ ਪਾਸ਼ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਸੀ, ਪਾਸ਼ ਜੇਲ੍ਹ ਅੰਦਰ ਪੁਲੀਸ ਦਾ ਜਬਰ ਸਹਿ ਕੇ ਆਇਆ ਸੀ ਤੇ ਇੱਕ ਸਮਾਗਮ ਮੌਕੇ ਸ਼ਰਾਬ ਪੀ ਕੇ ਗੁਲਾਬੀ ਪੱਗ ਬੰਨ੍ਹੀ ਫਿਰਦਾ ਤੇ ਗਾਉਂਦਾ ਭਾਅ ਜੀ ਨੂੰ ਨਾਟਕ ਲਈ ਥੀਮ ਦੇ ਗਿਆ ਸੀ ਕਿ ਜ਼ਿੰਦਗੀ ਮੁਸ਼ਕਿਲ ਹਾਲਾਤ ਵਿਚ ਇਉਂ ਵੀ ਆਪਣੀ ਬੜ੍ਹਕ ਕਾਇਮ ਰੱਖਦੀ ਹੈ। ਹੁਣ ਨਾਟਕ ਵਿੱਚ ਪੁਲੀਸ ਨਾਇਕ ਨੂੰ ਲੱਭਦੀ ਹੋਈ ਪਿਉ ਨੂੰ ਫੜ ਕੇ ਥਾਣੇ ਲੈ ਜਾਂਦੀ ਹੈ। ਪਿਉੁ ਜਦੋਂ ਥਾਣੇ ਤੋਂ ਮੁੜ ਘਰ ਆਉਂਦਾ ਹੈ ਤਾਂ ਆਪਣੀ ਧੀ ਦੇ ਵਿਆਹ ਦੀਆਂ ਵਿਚਾਰਾਂ ਕਰ ਰਿਹਾ ਹੈ ਤੇ ਨਾਇਕ ਛੁਪਦਾ-ਛੁਪਾਉਂਦਾ ਘਰ ਆਉਂਦਾ ਹੈ।

‘ਪੰਗਾ ਪਾਊ’ ਵਾਰਤਾਲਾਪ ਇੱਥੋਂ ਹੀ ਸ਼ੁਰੂ ਹੁੰਦਾ ਹੈ:

ਨਾਇਕ: ਬਾਪੂ ਕਿੱਦਾਂ ਰਿਹੈ ਥਾਣੇ ਦਾ ਤਜਰਬਾ?

ਬਾਪੂ: ਬਹੁਤ ਵਧੀਆ। ਇਵੇਂ ਸੇਵਾ ਕੀਤੀ ਮੇਰੀ ਜਿੱਦਾਂ ਜਵਾਈਆਂ ਦੀ ਕਰੀਦੀ ਐ।

ਨਾਇਕ: ਉਹ ਤੈਨੂੰ ਫੜਨ ਫੇਰ ਆਉਣਗੇ।

ਬਾਪੂ: ਆ ਜਾਣ, ਲੈ ਜਾਣ … ਪਰ ਮੈਂ ਵੀ ਉੁੱਥੇ ਰਹਾਂਗਾ ਸਾਲਿਆਂ ਦਾ ਜਵਾਈ ਬਣਕੇ!

ਸੰਵਾਦ ਬਹੁਤ ਤਿੱਖਾ ਅਤੇ ਰਸੀਲਾ ਸੀ ਤੇ ਮੈਂ ਵੀ ਉਦੋਂ ਆਪਣੇ ਅਦਾਕਾਰੀ ਜਲੌਅ ਵਿਚ ਸੀ। ਮੈਂ ਜਿਵੇਂ ਹੀ ਸਾਹ ਭਰ ਕੇ ਇਹ ਸੰਵਾਦ ਬੋਲਿਆ, ਦਰਸ਼ਕਾਂ ਨਾਲ ਭਰਿਆ ਪੰਜਾਬੀ ਭਵਨ ਜਿਵੇਂ ਨੱਚਣ ਲੱਗ ਪਿਆ, ਤਾੜੀਆਂ ਦਾ ਮੀਂਹ ਇੰਨਾ ਜ਼ੋਰਦਾਰ ਕਿ ਅਗਲਾ ਸੰਵਾਦ ਬੋਲਣ ਲਈ ਰੁਕਣਾ ਪੈ ਗਿਆ। ਸਾਧਾਰਨ ਲੋਕਾਂ ਉੱਤੇ ਹੁੰਦੇ ਪੁਲੀਸ ਜਬਰ ਦੇ ਵਿਰੋਧ ਵਿਚ ਦਿਲਾਂ ਅੰਦਰ ਦੱਬਿਆ ਪਿਆ ਰੋਹ ਜਿਵੇਂ ਜਾਗ ਪਿਆ ਸੀ। ਕਿਸੇ ਕਲਾਕਾਰ ਲਈ ਇਹ ਅਤਿਅੰਤ ਤਸੱਲੀ ਵਾਲਾ ਪਲ ਹੁੰਦਾ ਹੈ। ਮੈਂ ‘ਲੋਕ ਸੰਗੀਤ ਨਾਟਕ ਅਕੈਡਮੀ’ ਦਾ ਐਵਾਰਡ ਜਿੱਤੀ ਖੜ੍ਹਾ ਸੀ ਮੰਚ ਉੱਤੇ। ਨਾਟਕ ਮੁੱਕਿਆ। ਜਾਣ-ਪਛਾਣ ਹੋਈ। ਮੈਂ ਨਕਲੀ ਦਾੜ੍ਹੀ ਉਤਾਰ ਕੇ ਦੁਬਾਰਾ ‘ਸਾਹਬ’ ਬਣ ਕੇ ਬਾਹਰ ਆਇਆ ਤਾਂ ਦੂਜੀ ਟੀਮ ਦਾ ਨਾਟਕ ਚੱਲ ਰਿਹਾ ਸੀ। ਮੈਂ ਅਜੀਬ ਖ਼ੁਸ਼ੀ ਵਿਚ ਖੀਵਾ ਹੋਇਆ ਪਹਿਲੀ ਕਤਾਰ ਵਿਚ ਬੈਠ ਗਿਆ। ਕਲਾਕਾਰ ਆਏ ਤੇ ਲੰਗਰ ਹਾਲ ਵੱਲ ਜਾਣ ਲਈ ਕਹਿਣ ਲੱਗੇ। ਮੈਂ ਦੋ ਪੈਰ ਹੀ ਪੁੱਟੇ ਸਨ ਕਿ ਕੁਝ ਨੌਜਵਾਨ ਮੇਰੇ ਵੱਲ ਵਧੇ ਤੇ ਜੱਫੀ ਪਾ ਲਈ। ਕਹਿਣ ਕਿ ਬਾਈ ਸਿਆਂ ਤੈਨੂੰ ਮੋਢਿਆਂ ’ਤੇ ਚੁੱਕ ਕੇ ਲੈ ਕੇ ਜਾਣਾ ਲੰਗਰ ਹਾਲ ਤਕ। ਮੈਂ ਉਨ੍ਹਾਂ ਦੀ ਸ਼ਾਬਾਸ਼ ਹਾਸਲ ਕਰਨ ਵਿੱਚ ਰੁੱਝ ਗਿਆ ਤੇ ਸਾਥੀ ਕਲਾਕਾਰ ਲੰਗਰ ਹਾਲ ਵੱਲ ਚਲੇ ਗਏ।

ਕਿਸੇ ਨੂੰ ਆਉਣ ਵਾਲੇ ਪਲਾਂ ਦਾ ਕਿਆਸ ਨਹੀਂ ਸੀ। ਇੰਨੇ ਵਿਚ ਇੱਕ ਸਿਪਾਹੀ ਮੇਰੇ ਵੱਲ ਵਧਿਆ ਤੇ ਕਹਿਣ ਲੱਗਾ ਕਿ ਤੈਨੂੰ ਡੀਐੱਸਪੀ ਸਾਹਿਬ ਬੁਲਾਉਂਦੇ ਐ। ਮੈਨੂੰ ਸਮਝ ਨਾ ਆਈ ਕਿ ਮਾਜਰਾ ਕੀ ਐ। ਮੈਂ ਉਸ ਨਾਲ ਸਟੇਜ ਦੇ ਲਾਗੇ ਬਣੇ ਨਿਕਾਸ-ਦੁਆਰ ਕੋਲ ਪਹੁੰਚਿਆ ਤਾਂ ਸੱਤ-ਅੱਠ ਪੁਲੀਸ ਕਰਮਚਾਰੀ ਉੱਥੇ ਖੜ੍ਹੇ ਮੇਰੇ ਵੱਲ ਇਉਂ ਝਾਕਣ ਜਿਵੇਂ ਕੋਈ ਇਸ਼ਤਿਹਾਰੀ ਮੁਜਰਮ ਹੱਥ ਆ ਗਿਆ ਹੋਵੇ। ਡੀਐੱਸਪੀ ਨੇ ਹੁਕਮ ਚਾੜ੍ਹਿਆ, “ਚਲੋ ਬਿਠਾਓ ਇਹਨੂੰ ਗੱਡੀ ’ਚ।”

ਮੇਰੇ ਅੰਦਰਲਾ ਖੀਵਾ ਕਲਾਕਾਰ ਕਿਤੇ ਉੱਡ ਗਿਆ ਤੇ ਸਾਧਾਰਨ ਇਨਸਾਨ ਵਾਲਾ ਭੈਅ ਛਾ ਗਿਆ। ਮੈਂ ਕੰਬਦੀ ਆਵਾਜ਼ ਵਿਚ ਪੁੱਛਿਆ, “ਗੱਡੀ ਵਿਚ ਕਿਉਂ?” ਡੀਐਸਪੀ ਦਾ ਜਵਾਬ ਸੀ, “ਤੈਨੂੰ ਨਾਲ ਲੈ ਕੇ ਜਾਣਾ, ਸਾਰੀ ਰਾਤ ਪੁਲੀਸ ਨਾਲ ਗਸ਼ਤ ਕਰੀਂ, ਫੇਰ ਪਤਾ ਲੱਗੂ ਕਿ ਪੁਲੀਸ ਦਾ ਜਵਾਈ ਕਿਵੇਂ ਬਣੀਦਾ!”

ਹੁਣ ਮੈਨੂੰ ਸਮਝ ਆਈ ਕਿ ਅਸਲ ਪੰਗਾ ਕੀ ਹੈ। ਮੈਂ ਆਪਣੇ ਵਿੱਤ ਅਨੁਸਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਨਾਟਕ ਦੀ ਕਹਾਣੀ ਅਨੁਸਾਰ ਇਹ ਪਾਤਰ ਦੇ ਸੁਭਾਵਕ ਬੋਲ ਸਨ, ਪਰ ਉਹ ਹਿਰਖੇ ਖੜ੍ਹੇ ਸੀ। ਹਿਰਖ ਇਸ ਗੱਲ ਦਾ ਕਿ ਅਸੀਂ ਪਰਿਵਾਰਾਂ ਤੋਂ ਦੂਰ ਰਾਤਾਂ ਨੂੰ ਭੱਜੇ ਫਿਰਦੇ ਹਾਂ, ਅਤਿਵਾਦੀਆਂ ਹੱਥੋਂ ਮਰਦੇ ਵੀ ਹਾਂ ਤੇ ਤੁਸੀਂ ਜੁਆਈ ਬਣਨ ਨੂੰ ਫਿਰਦੇ ਹੋ। ਮੈਂ ਅੰਦਰੋਂ ਹਿੱਲਿਆ ਖੜ੍ਹਾ ਸੀ ਕਿ ਅੱਜ ਦੀ ਰਾਤ ਪਤਾ ਨਹੀਂ ਤੇਰਾ ਕੀ ਬਣਨਾ ਹੈ, ਪਰ ਸਾਹਿਤ ਪੜ੍ਹਿਆ ਸਮਝਿਆ ਹੋਣ ਕਾਰਨ ਮੈਂ ਬਣਦਾ ਸਰਦਾ ਤਰਕ ਕਹੀ ਜਾ ਰਿਹਾ ਸੀ ਤੇ ਸਬਰ ਦਾ ਪੱਲਾ ਨਹੀਂ ਸੀ ਛੱਡ ਰਿਹਾ। ਉਹ ਮੇਰੀ ਬਾਂਹ ਫੜ ਕੇ ਅੱਧ-ਪਚੱਧੀ ਖਿੱਚ-ਧੂਹ ਤਕ ਪਹੁੰਚ ਗਏ ਸੀ ਕਿ ਇੰਨੀ ਦੇਰ ਤਕ ਕਿਵੇਂ ਨਾ ਕਿਵੇਂ ਇਸ ਘਟਨਾ ਦੀ ਸੂਹ ਸਾਥੀ ਕਲਾਕਾਰਾਂ ਤਕ ਪਹੁੰਚ ਗਈ। ਹੌਲੀ-ਹੌਲੀ ਦਸ-ਪੰਦਰਾਂ ਕਲਾਕਾਰ ਮੇਰੇ ਆਲੇ-ਦੁਆਲੇ ਆ ਖੜ੍ਹੇ ਹੋਏ ਤੇ ਉਨ੍ਹਾਂ ਬੜੇ ਹੀ ਹੌਸਲੇ ਨਾਲ ਤੇ ਨਿਡਰ ਹੋ ਕੇ ਪੁਲੀਸ ਨੂੰ ਕਹਿ ਦਿੱਤਾ, “ਅਸੀਂ ਸਾਹਬ ਨੂੰ ’ਕੱਲਿਆਂ ਨਹੀਂ ਜਾਣ ਦੇਣਾ। ਜੇ ਲਿਜਾਣਾ ਐਂ ਤਾਂ ਸਾਨੂੰ ਸਾਰਿਆਂ ਨੂੰ ਲੈ ਜਾਓ।’’ ਉਸ ਸ਼ਾਮ ਦਾ ਦੂਜਾ ਐਵਾਰਡ ਮੇਰੀ ਝੋਲੀ ਆ ਡਿੱਗਿਆ ਸੀ।

ਪੁਲੀਸ ਜ਼ਿੱਦ ’ਤੇ ਅੜੀ ਹੋਈ ਸੀ। ਅਖੀਰ ਅਸੀਂ ਤਰਕ ਦਿੱਤਾ ਕਿ ਤੁਸੀਂ ਇਤਰਾਜ਼ ਕਰਨਾ ਹੈ ਤਾਂ ਨਾਟਕ ਦੇ ਲੇਖਕ-ਨਿਰਦੇਸ਼ਕ ਨਾਲ ਕਰੋ, ਐਕਟਰ ਤਾਂ ਨਿਰਦੇਸ਼ ਅਨੁਸਾਰ ਹੀ ਚੱਲਦਾ ਹੈ।

ਇਸ ਸਮੇਂ ਤਕ ਐੱਸਐੱਸਪੀ ਵੀ ਪਹੁੰਚ ਚੁੱਕਾ ਸੀ ਕਿਉਂਕਿ ਅਗਲੀ ਸਵੇਰ ਉੱਥੇ ਮੁੱਖ ਮੰਤਰੀ ਦੀ ਆਮਦ ਹੋਣੀ ਸੀ। ਐੱਸਐੱਸਪੀ ਨੂੰ ਦਲੀਲ ਠੀਕ ਲੱਗੀ ਤੇ ਅਸੀਂ ਸਾਰੇ ਪੰਜਾਬੀ ਭਵਨ ਦੀ ਸਟੇਜ ਉੱਪਰ ਬਣੇ ਕਮਰੇ ਅੰਦਰ ਜਾ ਪਹੁੰਚੇ ਜਿੱਥੇ ਭਾਅ ਜੀ ਆਰਾਮ ਕਰ ਰਹੇ ਸਨ। ਅਫ਼ਸਰ ਨੇ ਭਾਅ ਜੀ ਨੂੰ ਪੰਗਾ-ਪਾਊ ਸੰਵਾਦ ਬਾਰੇ ਸਿੱਧਾ ਸਵਾਲ ਕੀਤਾ, “ਕਿਉਂ ਭਾਈ ਮੰਨਾ ਸਿੰਘ, ਪੁਲੀਸ ਦੇ ਜਵਾਈ ਬਣਨ ਵਾਲਾ ਡਾਇਲਾਗ ਤੁਸੀਂ ਜੋ ਲਿਖਿਆ ਤੇ ਇਹਨੇ ਬੋਲਿਆ, ਇਹ ਕੀ ਐ? ਸ਼ਰਮ ਨ੍ਹੀਂ ਆਉਂਦੀ ਤੁਹਾਨੂੰ ਇੱਦਾਂ ਬੋਲਦਿਆਂ!’’

ਅਫ਼ਸਰ ਗੁੱਸੇ ਵਿੱਚ ਸੀ। ਭਾਅ ਜੀ ਸਿੱਧੇ ਕੜਕਦੇ ਸਵਾਲ ਦਾ ਜਵਾਬ ਦੇਣ ਵੇਲੇ ਆਪਣਾ ਇੱਕ ਵਿਸ਼ੇਸ਼ ਅੰਦਾਜ਼ ਵਰਤ ਗਏ ਜਿਸ ਤਹਿਤ ਉਹ ਲਮਕਵਾਂ ਜਿਹਾ ਜਵਾਬ ਦਿੰਦੇ ਹੁੰਦੇ ਸੀ। ਭਾਅ ਜੀ ਕਹਿੰਦੇ, “ਉੁਹ … ਹਾਂਅ … ਉਹ ਆਮ … ਨਹੀਂ ਕਲਾਕਾਰ ਥੋੜ੍ਹਾ ਜ਼ਿਆਦਾ ਜੋਸ਼ ਵਿੱਚ ਗਿਆ ਤੇ ਵਧਾ-ਚੜ੍ਹਾ ਕੇ ਬੋਲ ਗਿਆ।”

ਮੇਰਾ ਉੱਪਰਲਾ ਸਾਹ ਉੱਪਰ ਹੇਠਲਾ ਹੇਠਾਂ! ਬਾਬਾ ਕੀ ਕਰ ਰਿਹਾ! ਮਰਵਾਉਂਗੇ ਭਾਅ ਜੀ!

ਐੱਸਐੱਸਪੀ ਮੇਰੇ ਵੱਲ ਝਾਕਿਆ। ਉਹਦੇ ਚਿਹਰੇ ਦੇ ਹਾਵ-ਭਾਵ ਮੈਨੂੰ ਡਰਾਉਣ ਵਾਲੇ ਨਾ ਲੱਗੇ, ਸ਼ਾਇਦ ਉਹ ਸਮਝ ਗਿਆ ਸੀ ਕਿ ਹੁਣ ਇਹਨੂੰ ਨਾਲ ਨਹੀਂ ਲਿਜਾਣਾ। ਪਰ ਉਸਦਾ ਗੁੱਸਾ ਠੰਢਾ ਨਾ ਹੋਇਆ ਤੇ ਉਹ ਫਿਰ ਭਾਅ ਜੀ ਵੱਲ ਸਿੱਧਾ ਹੋ ਗਿਆ, “ਭਾਈ ਮੰਨਾ ਸਿੰਘ! ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾਂ ਪਰ ਪੁਲੀਸ ਬਾਰੇ ਇੱਦਾਂ ਬੋਲ ਕੇ ਤੁਸੀਂ ਚੰਗਾ ਨਹੀਂ ਕੀਤਾ।”

ਇੰਨੀ ਦੇਰ ਵਿਚ ਸ਼ਾਇਦ ਭਾਅ ਜੀ ਸੰਭਲ ਚੁੱਕੇ ਸਨ। ਤਹਿਜ਼ੀਬ ਅੰਦਰ ਰਹਿੰਦਿਆਂ ਆਰਾਮ ਨਾਲ ਬੋਲੇ, “ਐੱਸਐੱਸਪੀ ਸਾਹਬ, ਤੁਹਾਨੂੰ ਗੁੱਸਾ ਲੱਗਿਆ ਏ ਨਾ ਕਿ ਕਿਸੇ ਕਲਾਕਾਰ ਨੇ ਤੁਹਾਡੀ ਬੇਇੱਜ਼ਤੀ ਕੀਤੀ ਐ, ਜ਼ਰਾ ਸੋਚ ਕੇ ਦੇਖੋ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਏਗਾ ਜਦੋਂ ਪੁਲੀਸ ਘਰਾਂ ਵਿਚ ਵੜ ਕੇ ਧੀਆਂ-ਭੈਣਾਂ ਦੀਆਂ ਗਾਲ੍ਹਾਂ ਕੱਢਦੀ ਏ!” ਪਲ ਦੀ ਪਲ ਮੈਨੂੰ ਭਾਅ ਜੀ ’ਤੇ ਗੁੱਸਾ ਆਇਆ ਸੀ, ਪਰ ਹੁਣ ਫਿਰ ਮਾਣ ਹੋ ਰਿਹਾ ਸੀ, ਪਰ ਕਹਾਣੀ ਮੁੱਕੀ ਨਹੀਂ ਸੀ। ਅਫ਼ਸਰ ਨੇ ਹੁਕਮ ਚਾੜ੍ਹ ਦਿੱਤਾ ਕਿ ਤੁਸੀਂ ਸਾਰੇ ਇੱਥੋਂ ਜਾਵੋ, ਹੁਣ ਤੁਸੀਂ ਰਾਤ ਇੱਥੇ ਸੌਂ ਨਹੀਂ ਸਕਦੇ। ਭਾਅ ਜੀ ਦਾ ਅਗਲਾ ਜਵਾਬ ਸੁਣ ਕੇ ਮੈਂ ਫਿਰ ਵੱਟ ਖਾ ਗਿਆ ਜਦੋਂ ਉਨ੍ਹਾਂ ਕਿਹਾ, “ਠੀਕ ਐ ਕਲਾਕਾਰ ਚਲੇ ਜਾਂਦੇ ਨੇ, ਮੈਂ ਇੱਥੇ ਹੀ ਰੁਕਾਂਗਾ।”

ਨਾ ਭਾਅ ਜੀ ਨੇ ਅਫ਼ਸਰ ਦੀ ਕੋਈ ਮਿੰਨਤ ਕੀਤੀ, ਨਾ ਸਾਡੇ ਬਾਰੇ ਫ਼ੈਸਲਾ ਸੁਣਾਉਣ ਲੱਗਿਆਂ ਸਾਡੀ ਰਾਇ ਮੰਗ ਕੇ ਸਾਨੂੰ ਵਿਸ਼ਵਾਸ ਵਿੱਚ ਲਿਆ। ਬਸ ਹੁਕਮ ਸੁਣਾ ਦਿੱਤਾ। ਅਫ਼ਸਰ ਨੂੰ ਵੀ ਤੇ ਸਾਨੂੰ ਵੀ। ਐੱਸਐੱਸਪੀ ਨੇ ਅੱਗੋਂ ਕੋਈ ਬਹਿਸ ਨਹੀਂ ਕੀਤੀ ਤੇ ਆਪਣੀ ਫੋਰਸ ਲੈ ਕੇ ਬਾਹਰ ਚਲਾ ਗਿਆ। ਭਾਅ ਜੀ ਨੇ ਸਾਨੂੰ ਇੰਨਾ ਹੀ ਕਿਹਾ, “ਸਾਹਬ ਸਵੇਰੇ ਛੇ ਵੇਜੇ ਤਿਆਰ ਰਿਹੋ, ਆਪਾਂ ਨਕੋਦਰ ਜਾਣਾ ਐ।” ਤੇ ਫਿਰ ਭਾਅ ਜੀ ਲੰਮੇ ਪੈ ਗਏ।

ਉਸ ਰਾਤ ਅਸੀਂ ਸਾਰੇ ਕਲਾਕਾਰ ਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਸੁੱਤੇ ਸੀ। ਭਾਅ ਜੀ ਭਵਨ ਵਿੱਚ ਹੀ ਸੁੱਤੇ ਸਨ। ਤੇ ਇਹ ਉਹ ਰਾਤ ਸੀ ਜਦੋਂ ਭੂਪਾਲ ਵਿਚ ਭੂਚਾਲ ਆਇਆ ਸੀ ਤੇ ਇਸ ਨਾਲ ਉੱਥੇ ਕਾਫ਼ੀ ਨੁਕਸਾਨ ਹੋਇਆ ਸੀ। ਰੇਲ ਪਟੜੀ ਦੇ ਕੋਲ ਸੁੱਤਿਆਂ ਝਟਕਾ ਤਾਂ ਮੈਨੂੰ ਵੀ ਮਹਿਸੂਸ ਹੋਇਆ ਸੀ, ਪਰ ਇੱਕ ਤਾਂ ਲੰਘਦੀਆਂ ਰੇਲਾਂ ਸਿਰਹਾਣੇ ਵੈਸੇ ਹੀ ਧਰਤੀ ਹਿੱਲਦੀ ਰਹਿੰਦੀ ਐ ਤੇ ਦੂਜਾ ਕਾਰਨ ਇਹ ਕਿ ਪੰਜਾਬੀ ਭਵਨ ਅੰਦਰ ਲੱਗੇ ਝਟਕਿਆਂ ਸਾਹਮਣੇ ਇਹ ਝਟਕਾ ਛੋਟਾ ਸੀ।

... ਤੇ ਹਾਂ, ਅਗਲੀ ਸਵੇਰ ਨਕੋਦਰ ਜਾਂਦਿਆਂ ਗੱਡੀ ਅੰਦਰ ਚੁੱਪ ਪਸਰੀ ਰਹੀ, ਪਰ ਮੰਚ ਉੱਤੇ ਪਹੁੰਚਦਿਆਂ ਹੀ ਮੜਕ ਤੇ ਬੜ੍ਹਕ ਉਵੇਂ ਹੀ ਕਾਇਮ ਸੀ। ਪੰਗਾ-ਪਾਊ ਸੰਵਾਦ ਨਾ ਲੇਖਕ ਜਵੰਦਾ ਸਿੰਘ ਨੇ ਬਦਲਿਆ, ਨਾ ਹੀ ਹੀਰੇ ਨੇ ਬੋਲਣ ਲੱਗਿਆਂ ਘੱਟ ਜ਼ੋਰ ਲਾਇਆ। ਸ਼ਾਇਦ ਉਹ ਮਹਾਂਨਾਇਕ ਜਾਣਦਾ ਸੀ ਕਿ ਕਿੱਥੇ ਸਿੱਧਾ ਟਕਰਾਓ ਲੋੜੀਂਦਾ ਹੈ, ਕਿੱਥੇ ਸਥਿਤੀ ਨੂੰ ਦਾਅ ਵਰਤ ਕੇ ਸੰਭਾਲਣਾ ਹੈ।

... ਰਹੀ ਗੱਲ ਮੇਰੀ! ਜੇ ਉਸ ਰਾਤ ਮੇਰਾ ਮੁਕਾਬਲਾ ਬਣਾ ਦਿੱਤਾ ਜਾਂਦਾ ਤਾਂ ਮੈਂ ਅਮਰ ਹੋ ਜਾਣਾ ਸੀ। ਹਾਂ, ਕੁਝ ਲੋਕਾਂ ਨੇ ਦੱਬਵੀਂ ਆਵਾਜ਼ ਵਿਚ ਕਹਿਣਾ ਸੀ, “ਮਹਾਂਯੁੱਧ ਲੜ ਰਹੇ ਕਮਾਂਡਰ ਨੇ ਇੱਕ ਅਦਨੇ ਸਿਪਾਹੀ ਦੀ ਆਹੂਤੀ ਦੇ ਦਿੱਤੀ।” ਪਰ ਅਜਿਹਾ ਨਾ ਹੋਇਆ। ਜੋ ਹੋਇਆ ਉਹ ਇਹ ਕਿ ਰੰਗਮੰਚ ਨਾਲ ਮੇਰਾ ਰਿਸ਼ਤਾ ਹੋਰ ਗੂੜ੍ਹਾ ਹੋ ਗਿਆ। ਆਮ ਇਨਸਾਨ ਨਾਲ ਹੋ ਰਹੀ ਬੇਇਨਸਾਫ਼ੀ ਅਤੇ ਧੱਕੇ ਖ਼ਿਲਾਫ਼ ਬੋਲਣ ਵੇਲੇ ਮੇਰੀ ਕਲਮ ਹੋਰ ਤਿੱਖੀ ਹੋ ਗਈ।

*****

(257)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਸਾਹਿਬ ਸਿੰਘ

ਡਾ. ਸਾਹਿਬ ਸਿੰਘ

Mobile: (91 98880 - 11096)
Email: (sssahebealam@gmail.com)