“ਇਤਿਹਾਸ ਗਵਾਹ ਹੈ ਕਿ ਮੀਡੀਆ ਭਾਵੇਂ ਪ੍ਰਿੰਟ ਜਾਂ ਇਲੈਕਟ੍ਰੌਨਿਕ ਹੋਵੇ, ਜਿਸ ਕਿਸੇ ਨੇ ਵੀ ...”
(5 ਨਵੰਬਰ 2025)
ਆਮ ਮਨੁੱਖ ਲਈ ਪੱਤਰਕਾਰੀ ਜਾਂ ਪੱਤਰਕਾਰ ਦੋਵੇਂ ਸ਼ਬਦ ਭਲੇ ਹੀ ਕੋਈ ਮਹੱਤਵਪੂਰਨ ਜਾਂ ਵਿਸ਼ਾਲਅਰਥੀ ਨਾ ਵੀ ਹੋਣ, ਪ੍ਰੰਤੂ ਸਮਾਜ ਦੇ ਚੇਤਨ, ਰਾਜਸੀ ਅਤੇ ਲੋਕ ਹਿਤਾਂ ਨਾਲ ਸਰੋਕਾਰ ਰੱਖਣ ਵਾਲੇ ਲੋਕਾਂ ਲਈ ਇਨ੍ਹਾਂ ਸ਼ਬਦਾਂ ਦੀ ਵਿਸ਼ੇਸ਼ ਮਹੱਤਤਾ ਤੋਂ ਇਲਾਵਾ ਅਰਥ ਵੀ ਬਹੁਤ ਡੂੰਘੇ ਅਤੇ ਵਿਸ਼ਾਲ ਹਨ। ਪੱਤਰਕਾਰੀ ਜਿੱਥੇ ਅਹਿਮ ਜ਼ਿੰਮੇਵਾਰੀ, ਪਵਿੱਤਰਤਾ, ਸੂਝਬੂਝ ਅਤੇ ਸੁਹਿਰਦਤਾ ਦੀ ਮੰਗ ਕਰਦੀ ਹੈ, ਉੱਥੇ ਨਾਲ ਹੀ ਹਰ ਤਰ੍ਹਾਂ ਦੀ ਜਾਣਕਾਰੀ ਦੀ ਤਵੱਕੋ ਵੀ ਇਸ ਤੋਂ ਕੀਤੀ ਜਾਂਦੀ ਹੈ। ਇਸ ਖੇਤਰ ਵਿੱਚ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਕੰਮ ਕਰਨ ਵਾਲਿਆਂ ਲਈ ਕਈ ਵਾਰ ਇਹ ਕਿੱਤਾ ਜੋਖ਼ਮਾਂ ਦਾ ਸਬੱਬ ਵੀ ਹੋ ਨਿੱਬੜਦਾ ਹੈ। ਇਤਿਹਾਸ ਦੇ ਪੰਨੇ ਅਜਿਹੀਆਂ ਗੈਰ ਮਾਨਵੀ ਅਤੇ ਗੈਰਕਾਨੂੰਨੀ ਘਟਨਾਵਾਂ ਨੂੰ ਆਪਣੀ ਆਗੋਸ਼ ਵਿੱਚ ਸਮੋਈ ਬੈਠੇ ਹਨ। ਲੋਕਤੰਤਰ ਪ੍ਰਣਾਲੀ ਵਿੱਚ ਤਾਂ ਇਸਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ, ਕਿਉਂਕਿ ਤਾਨਾਸ਼ਾਹੀ ਵਿੱਚ ਤਾਂ ਜਨਤਾ ਨਾਲ ਅਨਿਆ, ਜ਼ੋਰ ਜ਼ਬਰਦਸਤੀ ਅਤੇ ਅਸਮਾਨਤਾ ਦਾ ਬੋਲਬਾਲਾ ਲਗਭਗ ਤੈਅ ਹੀ ਹੁੰਦਾ ਹੈ, ਪ੍ਰੰਤੂ ਲੋਕਤੰਤਰ ਵਿੱਚ ਅਜਿਹੀਆਂ ਸੰਭਾਵਨਾਵਾਂ ਦੇ ਮੌਕੇ ਆਮ ਤੌਰ ’ਤੇ ਘੱਟ ਹੀ ਹੁੰਦੇ ਹਨ।
ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਹਿ ਕੇ ਵੀ ਵਡਿਆਇਆ ਜਾਂਦਾ ਹੈ। ਮੀਡੀਏ ਦੇ ਮਾਧਿਅਮ ਤੋਂ ਹੀ ਜਨਤਾ ਦੀਆਂ ਦੁੱਖ ਤਕਲੀਫਾਂ, ਆਸਾਂ, ਉਮੀਦਾਂ, ਲੋਕ ਰਾਏ, ਵੱਖ ਵੱਖ ਰਾਜਨੀਤਿਕ ਦਲਾਂ ਦੀਆਂ ਨੀਤੀਆਂ, ਪ੍ਰੋਗਰਾਮਾਂ ਅਤੇ ਵਿਸ਼ੇਸ਼ ਕਰਕੇ ਸੱਤਾ ਧਿਰ ਵੱਲੋਂ ਕੀਤੇ ਜਾ ਰਹੇ ਲੋਕ ਵਿਰੋਧੀ ਜਾਂ ਲੋਕ ਹਿਤੂ ਕਾਰਜਾਂ ਅਤੇ ਵਿਰੋਧੀ ਦਲਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਸਮਾਜਿਕ ਮੰਚ ’ਤੇ ਪਹੁੰਚਣੀ ਹੁੰਦੀ ਹੈ। ਜੇਕਰ ਸਮੁੱਚੇ ਮੀਡੀਆ ਅਦਾਰਿਆਂ ਅਤੇ ਇਨ੍ਹਾਂ ਵਿੱਚ ਕੰਮ ਕਰ ਰਹੇ ਦਫਤਰੀ ਅਤੇ ਫੀਲਡ ਸਟਾਫ ਦੇ ਕੰਮ ’ਤੇ ਪੰਛੀ ਝਾਤ ਮਾਰੀਏ ਤਾਂ ਸਥਿਤੀ ਚਿੱਟੇ ਦਿਨ ਵਾਂਗ ਸਾਫ ਹੋ ਜਾਵੇਗੀ। ਇਹ ਵੀ ਸੱਚ ਹੈ ਕਿ ਜੇਕਰ ਇਸ ਖੇਤਰ ਵਿੱਚ ਕੰਮ ਕਰਦੇ ਲੋਕ ਸਹੀ ਅਰਥਾਂ ਵਿੱਚ ਇਸ ਖੇਤਰ ਦੀਆਂ ਪਰੰਪਰਾਵਾਂ ਅਤੇ ਕਾਇਦੇ ਕਾਨੂੰਨ ਅਨੁਸਾਰ ਕੰਮ ਕਰਦਿਆਂ ਜਨਤਕ ਅਗਵਾਈ ਨੂੰ ਤਰਜੀਹ ਦੇਣ ਤਾਂ ਸਮਾਜ ਦਾ ਇੱਕ ਵੱਡਾ ਹਿੱਸਾ ਸ਼ਾਂਤੀਪੂਰਵਕ ਜੀਵਨ ਬਸਰ ਕਰ ਸਕਦਾ ਹੈ। ਪ੍ਰੰਤੂ ਇਸਦੇ ਐਨ ਉਲਟ ਜੇਕਰ ਉਨ੍ਹਾਂ ਦੇ ਦਿਲੋ ਦਿਮਾਗ ਵਿੱਚ ਕਿਸੇ ਖ਼ਾਸ ਰਾਜਨੀਤਕ ਦਲ, ਧਰਮ, ਜਾਤੀ, ਖਿੱਤੇ ਅਤੇ ਕਿਸੇ ਵਿਸ਼ੇਸ਼ ਫਿਰਕੇ ਅਤੇ ਕੱਟੜਪੰਥੀ ਵਿਚਾਰਧਾਰਾ ਵਾਲੇ ਦਲ ਲਈ ਵੱਖਰੀ ਪਹੁੰਚ ਜਾਂ ਰੁਚੀ ਹੋਵੇ ਤਾਂ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਸਮਾਜ ਵਿੱਚ ਹਰ ਸਮੇਂ ਅਰਾਜਕਤਾ, ਅਸ਼ਾਂਤੀ ਅਤੇ ਫਿਰਕੂ ਦੰਗਿਆਂ ਦਾ ਬੋਲਬਾਲਾ ਹੀ ਰਹੇਗਾ। ਇਸ ਲਈ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਇਸ ਖੇਤਰ ਵਿਚਲੇ ਲੋਕ ਦੇਸ਼ ਦੀ ਏਕਤਾ ਅਖੰਡਤਾ, ਧਰਮਨਿਰਪੱਖਤਾ ਅਤੇ ਮਾਨਵੀ ਵਿਚਾਰਧਾਰਾ ਨੂੰ ਹੀ ਪ੍ਰਣਾਏ ਹੋਣ।
ਇਤਿਹਾਸ ਗਵਾਹ ਹੈ ਕਿ ਮੀਡੀਆ ਭਾਵੇਂ ਪ੍ਰਿੰਟ ਜਾਂ ਇਲੈਕਟ੍ਰੌਨਿਕ ਹੋਵੇ, ਜਿਸ ਕਿਸੇ ਨੇ ਵੀ ਆਪਣੇ ਖ਼ਾਸ ਮਕਸਦ ਲਈ ਇਸਦੀਆਂ ਸਥਾਪਤ ਅਤੇ ਪ੍ਰਚਲਿਤ ਪਰੰਪਰਾਵਾਂ ਦੀ ਅਣਦੇਖੀ ਕਰਨ ਦਾ ਕੋਝਾ ਯਤਨ ਕੀਤਾ ਤਾਂ ਲੋਕਾਈ ਨੇ ਸਿਰਫ ਉਸ ਨੂੰ ਨਕਾਰਿਆ ਹੀ ਨਹੀਂ ਸਗੋਂ ਉਨ੍ਹਾਂ ਨੂੰ ਆਪਣਾ ਬੋਰੀਆ ਬਿਸਤਰਾ ਸਮੇਟ ਕੇ ਘਰ ਵੀ ਬੈਠਣਾ ਪਿਆ। ਜਨਤਾ ਇੱਕ ਅਜਿਹੀ ਸ਼ਕਤੀ ਹੈ, ਜਿਸਨੇ ਤਾਨਾਸ਼ਾਹੀ ਰਾਜਾਂ ਦੇ ਤਖ਼ਤੇ ਪਲਟਣ ਵਿੱਚ ਵੀ ਕੋਈ ਬਹੁਤੀ ਦੇਰ ਨਹੀਂ ਲਾਈ। ਜੇਕਰ ਅਜੋਕੀ ਪ੍ਰੈੱਸ ਦੇ ਕੁਝ ਅਦਾਰਿਆਂ ਅਤੇ ਇਨ੍ਹਾਂ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਕੁਝ ਊਣਤਾਈਆਂ ਕੱਚੀ ਕੰਧ ਵਿਚਲੀਆਂ ਤਰੇੜਾਂ ਵਾਂਗ ਉੱਭਰ ਕੇ ਸਾਹਮਣੇ ਆ ਜਾਂਦੀਆਂ ਹਨ, ਪ੍ਰੰਤੂ ਇਸਦਾ ਇਹ ਵੀ ਹਰਗਿਜ਼ ਮਤਲਬ ਨਹੀਂ ਕਿ ਸਮੁੱਚੀ ਪ੍ਰੈੱਸ ਅਤੇ ਪੱਤਰਕਾਰ ਭਾਈਚਾਰਾ ਹੀ ਪੁੱਠੇ ਰਾਹਾਂ ਦਾ ਪਾਂਧੀ ਬਣ ਕੇ ਰਹਿ ਗਿਆ ਹੈ ਕਿਉਂਕਿ ਅਜੇ ਵੀ ਬਹੁਤ ਸਾਰੇ ਅਖ਼ਬਾਰ, ਚੈਨਲ ਅਤੇ ਸੁਹਿਰਦ ਪੱਤਰਕਾਰ ਹਰ ਘਟਨਾ ਦੀ ਬਾਰੀਕੀ ਅਤੇ ਸੂਖਮਤਾ ਨਾਲ ਪੜਤਾਲ ਕਰਕੇ ਹੀ ਲੋਕ ਕਚਹਿਰੀ ਦੇ ਸਨਮੁਖ ਕਰਦੇ ਹਨ, ਜਾਂ ਇਹ ਕਹਿ ਲਿਆ ਜਾਵੇ ਕਿ ਫੀਲਡ ਸਟਾਫ ਵਿੱਚੋਂ ਮੀਡੀਏ ਦੇ ਸਾਥੀ ਇਸਦੀਆਂ ਪ੍ਰਚਲਿਤ ਮਰਿਯਾਦਾਵਾਂ ਉੱਤੇ ਇਮਾਨਦਾਰੀ ਨਾਲ ਪਹਿਰਾ ਦੇ ਰਹੇ ਹਨ। ਇਸੇ ਵਜਾਹ ਕਰਕੇ ਹੀ ਕਈ ਵਾਰ ਉਨ੍ਹਾਂ ਨੂੰ ਗੁੰਡਾ ਗ੍ਰੋਹਾਂ, ਰਿਸ਼ਵਤਖੋਰਾਂ, ਰਾਜਨੀਤਿਕ ਨੇਤਾਵਾਂ, ਨੌਕਰਸ਼ਾਹਾਂ ਅਤੇ ਅਖੌਤੀ ਸਾਧਾਂ ਤੋਂ ਇਲਾਵਾ ਸਮਾਜ ਵਿਰੋਧੀ ਤੱਤਾਂ ਹੱਥੋਂ ਜ਼ਲੀਲ ਵੀ ਹੋਣਾ ਪੈਂਦਾ ਹੈ। ਪ੍ਰੰਤੂ ਫਿਰ ਵੀ ਉਹ ਆਪਣੇ ਪਵਿੱਤਰ ਪੇਸ਼ੇ ਅਤੇ ਜ਼ਿੰਮੇਵਾਰੀ ਨੂੰ ਆਂਚ ਨਹੀਂ ਆਉਣ ਦਿੰਦੇ।
ਇਹ ਵੀ ਆਮ ਹੀ ਦੇਖਣ ਨੂੰ ਮਿਲਦਾ ਹੈ ਕਿ ਕੁਝ ਅਖ਼ਬਾਰ ਅਤੇ ਇਲੈਕਟ੍ਰੌਨਿਕ ਮੀਡੀਆ ਅਦਾਰੇ ਪੱਤਰਕਾਰੀ ਦੀਆਂ ਮੁਢਲੀਆਂ ਸ਼ਰਤਾਂ ਵੀ ਪੂਰੀਆਂ ਨਾ ਕਰਨ ਵਾਲੇ ਵਿਅਕਤੀਆਂ ਨੂੰ ਅਧਿਕਾਰਿਤ ਅਤੇ ਸ਼ਨਾਖ਼ਤੀ ਪੱਤਰ ਦੇ ਕੇ ਫੀਲਡ ਵਿੱਚ ਤਾਇਨਾਤ ਕਰ ਦਿੰਦੇ ਹਨ। ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਅਜਿਹੇ ਵਿਅਕਤੀਆਂ ਨੂੰ ਪੱਤਰਕਾਰੀ ਦਾ ੳ ਅ ਵੀ ਨਹੀਂ ਆਉਂਦਾ ਹੁੰਦਾ। ਜੇਕਰ ਉਨ੍ਹਾਂ ਨੂੰ ਸਬੰਧਤ ਅਖ਼ਬਾਰ/ਚੈਨਲ ਦੀ ਵਿਚਾਰਧਾਰਾ ਜਾਂ ਪੱਤਰਕਾਰੀ ਦੀ ਪ੍ਰੀਭਾਸ਼ਾ ਅਤੇ ਪੱਤਰਕਾਰ ਬਣਨ ਦੀਆਂ ਬੁਨਿਆਦੀ ਸ਼ਰਤਾਂ ਬਾਰੇ ਪੁੱਛਿਆ ਜਾਵੇ, ਉਹ ਉੱਤਰ ਤਾਂ ਜ਼ਰੂਰ ਦੇ ਦੇਣਗੇ, ਪ੍ਰੰਤੂ ਉੱਤਰ ਸਹੀ ਨਹੀਂ ਹੋਵੇਗਾ। ਅਜਿਹਾ ਸਭ ਕੁਝ ਅਖ਼ਬਾਰ ਜਾਂ ਚੈਨਲ ਲਈ ਇਸ਼ਤਿਹਾਰ/ਸਪਲੀਮੈਂਟ ਆਦਿ ਨੂੰ ਧਿਆਨ ਹਿਤ ਰੱਖਦਿਆਂ ਹੀ ਹੋ ਰਿਹਾ ਹੈ। ਦੂਸਰੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਸ ਨੂੰ ਮੀਡੀਏ ਪ੍ਰਤੀ ਜਨਤਕ ਭਰੋਸੇ ਦੀ ਨਜ਼ਰਅੰਦਾਜ਼ੀ ਵੀ ਕਿਹਾ ਜਾ ਸਕਦਾ ਹੈ। ਅਜਿਹੇ ਸਾਥੀ ਲੋਕ ਤਰਜ਼ਮਾਨੀ ਕਿਵੇਂ ਕਰਦੇ ਹੋਣਗੇ ਇਸ ਸਬੰਧੀ ਅਖ਼ਬਾਰਾਂ/ਚੈਨਲਜ ਦੀਆਂ ਮੈਨੇਜਮੈਂਟਾਂ ਦੇ ਜ਼ਿੰਮੇਵਾਰ ਪ੍ਰਤੀਨਿਧ ਹੀ ਸਹੀ ਢੰਗ ਨਾਲ ਪਾਠਕਾਂ ਅਤੇ ਦਰਸ਼ਕਾਂ ਦੀ ਸੰਤੁਸ਼ਟੀ ਕਰਵਾ ਸਕਦੇ ਹਨ। ਪ੍ਰੰਤੂ ਇੱਕ ਗੱਲ ਸਪਸ਼ਟ ਹੈ ਕਿ ਇੰਨੀ ਵੱਡੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਵਾਲਾ ਕਾਰਜ ਅਨਾੜੀ ਅਤੇ ਕੱਚਘਰੜ ਹੱਥਾਂ ਵਿੱਚ ਦੇਣਾ ਕਿਵੇਂ ਵੀ ਤਰਕਸੰਗਤ ਨਹੀਂ। ਅਜਿਹੇ ਅਨਾੜੀ ਲੋਕ ਆਪਣੇ ਸਵੈਮਾਣ ਨੂੰ ਸਿੱਕੇ ’ਤੇ ਟੰਗ ਕੇ ਇੰਨੀਆਂ ਨਿਵਾਣਾਂ ਛੂਹ ਜਾਂਦੇ ਹਨ ਕਿ ਸੁਹਿਰਦਤਾ ਨਾਲ ਕੰਮ ਕਰ ਰਹੇ ਕਰਮੀਆਂ ਨੂੰ ਵੀ ਲੋਕ ਸ਼ੱਕੀ ਅਤੇ ਨਫਰਤੀ ਨੁਕਤਾ ਨਿਗਾਹ ਤੋਂ ਦੇਖਣਾ ਸ਼ੁਰੂ ਕਰ ਦਿੰਦੇ ਹਨ। ਸਮਾਜ ਵਿੱਚ ਵਿਚਰਦਿਆਂ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਪਤਾ ਲਗਦਾ ਹੈ ਕਿ ਲੋਕ ਇਨ੍ਹਾਂ ਅਖੌਤੀ ਪੱਤਰਕਾਰਾਂ ਤੋਂ ਇੱਕ ਤਰ੍ਹਾਂ ਨਾਲ ਉਕਤਾ ਚੁੱਕੇ ਹਨ।
ਇਸੇ ਤਰ੍ਹਾਂ ਹੀ ਕੁਝ ਸਾਥੀਆਂ ਵੱਲੋਂ ਰਾਜਸੀ ਆਗੂਆਂ ਨਾਲ ਸ਼ਾਮ ਦੀਆਂ ਮਹਿਫਲਾਂ ਲਾਉਣਾ, ਭ੍ਰਿਸ਼ਟ ਉੱਚ ਅਧਿਕਾਰੀਆਂ ਤੋਂ ਮਹੀਨਾ ਲੈਣਾ ਵੀ ਖੁੰਢ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਫੀਲਡ ਵਿੱਚ ਕੁਝ ਅਜਿਹੇ ਪੱਤਰਕਾਰ ਵੀ ਮੌਜੂਦ ਹਨ ਜਿਹੜੇ ਪ੍ਰੋਗਰਾਮ ਵਿੱਚ ਹਾਜ਼ਰ ਹੁੰਦਿਆਂ ਵੀ ਕਵਰੇਜ ਰਿਪੋਰਟ ਖ਼ੁਦ ਤਿਆਰ ਨਹੀਂ ਕਰ ਸਕਦੇ, ਉਹ ਦੂਸਰੇ ਸਾਥੀਆਂ ਵੱਲੋਂ ਤਿਆਰ ਰਿਪੋਰਟ ਲੈਣ ਲਈ ਕੁੱਤੇ ਝਾਕ ਵਿੱਚ ਉਹਨਾਂ ਦੇ ਪਿੱਛੇ ਚੱਕਰ ਕੱਟਦੇ ਰਹਿੰਦੇ ਹਨ। ਇਸ ਤੋਂ ਇਲਾਵਾ ਕੁਝ ਅਜਿਹੇ ਲੋਕਾਂ ਦੀ ਵੀ ਜਨਤਕ ਹਲਕਿਆਂ ਵਿੱਚ ਚੁੰਝ ਚਰਚਾ ਹੁੰਦੀ ਰਹਿੰਦੀ ਹੈ ਜੋ ਥੋੜ੍ਹੇ ਸਮੇਂ ਦੌਰਾਨ ਹੀ ਕਥਿਤ ਤੌਰ ’ਤੇ ਵੱਡੀਆਂ ਜਾਇਦਾਦਾਂ ਦੇ ਮਾਲਕ ਬਣ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁਝ ਸਾਥੀ ਪ੍ਰੈੱਸ ਕਾਨਫਰੰਸ ਦੌਰਾਨ ਕਿਸੇ ਵੱਡੇ ਰਾਜਨੀਤਕ ਆਗੂ ਜਾਂ ਫਿਰ ਧਾਰਮਿਕ ਹਸਤੀ ਤੋਂ ਸਵਾਲ ਪੁੱਛਣ ਜਾਂ ਵਿਚਾਰ ਵਟਾਂਦਰਾ ਕਰਨ ਤੋਂ ਵੀ ਟਾਲ਼ਾ ਵੱਟਦੇ ਦੇਖੇ ਜਾ ਸਕਦੇ ਹਨ। ਇਹ ਵੀ ਸੱਚ ਹੈ ਕਿ ਕੁਝ ਪੱਤਰਕਾਰ ਕਿਸੇ ਪ੍ਰੋਗਰਾਮ ਜਾਂ ਘਟਨਾ ਸਥਾਨ ’ਤੇ ਪਹੁੰਚਣ ਦੀ ਖੇਚਲ ਹੀ ਨਹੀਂ ਕਰਦੇ, ਸਗੋਂ ਇੱਧਰੋਂ ਉੱਧਰੋਂ ਪਤਾ ਕਰਕੇ ਜਾਂ ਫਿਰ ਪ੍ਰੈੱਸ ਨੋਟਾਂ ਦੇ ਸਹਾਰੇ ਹੀ ਖ਼ਾਨਾਪੂਰਤੀ ਕੀਤੀ ਜਾਂਦੀ ਹੈ।, ਪ੍ਰੰਤੂ ਰਿਪੋਰਟ ਵਿੱਚ ਪੇਸ਼ਕਾਰੀ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਸਬੰਧਤ ਅਧਿਕਾਰੀ ਜਾਂ ਰਾਜਨੀਤਕ ਲੋਕਾਂ ਨਾਲ ਖ਼ੁਦ ਮੁਲਾਕਾਤ ਕਰਕੇ ਆਏ ਹੋਣ। ਇਸ ਲਈ ਸਮੁੱਚੇ ਮੀਡੀਆ ਅਦਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਜੇਕਰ ਅਸੀਂ ਸੱਚਮੁੱਚ ਹੀ ਲੋਕ ਮਨਾਂ ਦੀ ਤਰਜਮਾਨੀ ਅਤੇ ਉਨ੍ਹਾਂ ਦੇ ਦੁੱਖਾਂ ਸੁੱਖਾਂ ਦੀ ਗੱਲ ਕਰਨੀ ਹੈ, ਜਿਵੇਂ ਮੀਡੀਆ ਤੋਂ ਤਵੱਕੋ ਵੀ ਕੀਤੀ ਜਾਂਦੀ ਹੈ, ਤਾਂ ਇਸ ਸੰਵੇਦਨਸ਼ੀਲ ਮੁੱਦੇ ’ਤੇ ਸੁਹਿਰਦਤਾ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ।
ਬਿਨਾਂ ਸ਼ੱਕ ਕਿਸੇ ਅਦਾਰੇ ਨੂੰ ਚਲਾਉਣ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ, ਪ੍ਰੰਤੂ ਨਾਲ ਦੀ ਨਾਲ ਮੀਡੀਏ ਦੀਆਂ ਮਿਆਰੀ ਪਰੰਪਰਾਵਾਂ ਅਤੇ ਸਿਧਾਂਤਾਂ ਨੂੰ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਇਸ ਲਈ ਮੀਡੀਆ ਦੀਆਂ ਉੱਚ ਮਿਆਰੀ ਮਰਿਯਾਦਾਵਾਂ ਦੀ ਬਰਕਰਾਰੀ ਲਈ ਯੋਗ ਸਟਾਫ ਦੀ ਢੁਕਵੀਂਆਂ ਤਨਖਾਹਾਂ ਦੇ ਕੇ ਨਿਯੁਕਤੀ/ਤਾਇਨਾਤੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਪੱਤਰਕਾਰ ਭਾਈਚਾਰੇ ਨੂੰ ਕਿਸੇ ਤਰ੍ਹਾਂ ਦੀ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਜੇਕਰ ਲੰਬਾ ਸਮਾਂ ਇਸ ਵਰਤਾਰੇ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਤਾਂ ਭਵਿੱਖੀ ਪੀੜ੍ਹੀਆਂ ਅਤੇ ਇਤਿਹਾਸ ਸਾਨੂੰ ਕਦੇ ਵੀ ਮੁਆਫ ਨਹੀਂ ਕਰੇਗਾ।
ਸੁਹਿਰਦ ਪਾਠਕਾਂ ਅਤੇ ਪ੍ਰੈੱਸ ਨਾਲ ਬਾ ਰਾਬਤਾ ਲੋਕਾਂ ਨੂੰ ਵੀ ਇਸ ਸਬੰਧ ਵਿੱਚ ਬੇਨਤੀ ਹੈ ਕਿ ਸਮੇਂ ਸਮੇਂ ’ਤੇ ਆਪਣੇ ਵੱਡਮੁਲੇ ਸੁਝਾਅ ਸਬੰਧਤ ਅਦਾਰਿਆਂ ਨੂੰ ਪੁੱਜਦੇ ਕਰਦੇ ਰਿਹਾ ਕਰਨ। ਸਮੇਂ ਦੀਆਂ ਸਰਕਾਰਾਂ ਨੂੰ ਵੀ ਇਸ ਖੇਤਰ ਵਿੱਚ ਨਿੱਜੀ ਦਿਲਚਸਪੀ ਲੈ ਕੇ ਜਿੱਥੇ ਇਨ੍ਹਾਂ ਅਦਾਰਿਆਂ ਨੂੰ ਹਰ ਪੱਖੋਂ ਸਹਿਯੋਗ ਕਰਨ ਤੋਂ ਇਲਾਵਾ ਜੋਖ਼ਮ ਭਰੀਆਂ ਹਾਲਤਾਂ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਵੀ ਬਣਦੀਆਂ ਸਹੂਲਤਾਂ ਅਤੇ ਲੋਕਤੰਤਰ ਦੀਆਂ ਪਵਿੱਤਰ ਭਾਵਨਾਵਾਂ ਅਨੁਸਾਰ ਆਪਣੀ ਗੱਲ ਕਹਿਣ ਅਤੇ ਲਿਖਣ ਦੀ ਖੁੱਲ੍ਹ ਦੇਣ ਦੀ ਖੇਚਲ ਕਰਨੀ ਚਾਹੀਦੀ ਹੈ। ਅਜਿਹਾ ਕਰਦਿਆਂ ਹੀ ਅਸੀਂ ਸਾਰੇ ਸਹੀ ਅਰਥਾਂ ਵਿੱਚ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ, ਦੇਸ਼ ਦੇ ਨਾਗਰਿਕ ਹੋਣ ਦਾ ਮਾਣ ਮਹਿਸੂਸ ਕਰ ਰਹੇ ਹੋਵਾਂਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (