“ਦ੍ਰਖਤ ਨਾਲ ਬੰਨ੍ਹਣ ਤੋਂ ਬਾਅਦ ਉਸ ਅਖੌਤੀ ”ਸਿਆਣੇ” ਨੂੰ ਕਹਿਣ ਲੱਗੇ, “ਸਾਡੇ ਜਵਾਕ ਦੀ ਜਾਨ ਲੈ ਕੇ ...”
(4 ਨਵੰਬਰ 2025)
ਅੱਜ ਦਾ ਯੁਗ ਵਿਗਿਆਨ ਦਾ ਯੁਗ ਹੈ। ਵਿਗਿਆਨ ਨੇ ਮਨੁੱਖ ਨੂੰ ਹਰ ਖੇਤਰ ਵਿੱਚ ਗਿਣਨਯੋਗ ਅਤੇ ਮਾਣਨਯੋਗ ਸਹੂਲਤਾਂ ਨਾਲ ਲੈਸ ਕਰ ਦਿੱਤਾ ਹੈ। ਸੰਚਾਰ, ਆਵਾਜਾਈ, ਮਨੋਰੰਜਨ, ਰੋਜ਼ਾਨਾ ਜ਼ਿੰਦਗੀ ਦੇ ਹਰ ਖੇਤਰ ਦੀਆਂ ਸਹੂਲਤਾਂ ਵਿੱਚ ਵਿਗਿਆਨਕ ਖੋਜਾਂ ਦੀ ਬੱਲੇ ਬੱਲੇ ਹੋ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਬਹੁਤ ਵਾਰੀ ਵਿਗਿਆਨਕ ਖੋਜਾਂ, ਕਾਢਾਂ ਦੀ ਦੁਰਵਰਤੋਂ ਹੁੰਦੀ ਹੈ। ਟੈਲੀਵਿਜ਼ਨ ਨੂੰ ਲੈ ਲਵੋ, ਇਸਨੂੰ ਦੇਖਣ ਸੁਣਨ ਲਈ ਦੋ ਗਿਆਨ ਇੰਦਰੀਆਂ ਅੱਖਾਂ ਅਤੇ ਕੰਨ ਕੰਮ ਕਰਦੇ ਹਨ, ਇਸ ਲਈ ਇਹ ਸਾਡੇ ਦਿਲ ਦਿਮਾਗ ਨੂੰ ਬਹੁਤ ਛੇਤੀ ਪ੍ਰਭਾਵਿਤ ਕਰਦੇ ਹਨ। ਪਰ ਅਕਸਰ ਕਾਰਪੋਰੇਟ, ਸਰਮਾਏਦਾਰ, ਸੱਤਾ ਉੱਤੇ ਕਾਬਜ਼ ਘਰਾਣੇ ਵਿਗਿਆਨ ਦੀਆਂ ਖੋਜਾਂ, ਤਕਨੀਕਾਂ ਦੀ ਹਮੇਸ਼ਾ ਆਪਣੇ ਮਕਸਦ ਲਈ ਵਰਤੋਂ ਕਰਦੇ ਹਨ, ਅੰਧਵਿਸ਼ਵਾਸ ਫੈਲਾਉਂਦੇ ਹਨ।
ਇਲੈਕਟ੍ਰੌਨਿਕ ਮੀਡੀਆ ਲੈ ਲਵੋ, ਚੈਨਲਾਂ ਉੱਤੇ ਆਉਂਦੇ ਬਹੁਤੇ ਪ੍ਰੋਗਰਾਮ ਅਸਲੀਅਤ ਤੋਂ ਕੋਹਾਂ ਦੂਰ, ਅਸ਼ਲੀਲਤਾ ਅਤੇ ਮਨਘੜਤ, ਗੈਰ ਵਿਗਿਆਨਕ, ਅਰਥਹੀਣ ਕਹਾਣੀਆਂ ਨਾਲ ਸਬੰਧਤ ਹੁੰਦੇ ਹਨ। ਇਸ ਲਈ ਸਾਡਾ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਨਹੀਂ ਬਣ ਰਿਹਾ। ਲੋਕ ਸੁਣੀ ਸੁਣਾਈ ਗੱਲ ਉੱਤੇ ਬਹੁਤ ਛੇਤੀ ਵਿਸ਼ਵਾਸ ਕਰ ਲੈਂਦੇ ਹਨ। ਕੀ, ਕਿਉਂ ਅਤੇ ਕਿਵੇਂ ਆਦਿ ਵਿਗਿਆਨਕ ਗੁਣ ਪੱਲੇ ਨਹੀਂ ਬੰਨ੍ਹ ਰਹੇ।
ਕਈ ਸਾਲ ਪਹਿਲਾਂ ਲਹਿਰਾਗਾਗਾ ਇਲਾਕੇ ਦੇ ਇੱਕ ਪਿੰਡ ਵਿੱਚ ਇੱਕ ਜੋੜੇ ਦੇ 7-8 ਕੁੜੀਆਂ ਮਗਰੋਂ ਮੁੰਡੇ ਦਾ ਜਨਮ ਹੋਇਆ। ਦੋ ਕੁ ਮਹੀਨਿਆਂ ਮਗਰੋਂ ਮੁੰਡਾ ਬਿਮਾਰ ਹੋ ਗਿਆ। ਪਿੰਡ ਦੇ ਡਾਕਟਰ ਤੋਂ ਦਵਾਈਆਂ ਲਈਆਂ ਪਰ ਮੁੰਡਾ ਠੀਕ ਨਾ ਹੋਇਆ। ਮੁੰਡੇ ਦੀ ਹਾਲਤ ਗੰਭੀਰ ਹੋ ਗਈ। ਪਰਿਵਾਰ ਅੰਧਵਿਸ਼ਵਾਸੀ ਸੀ। ਪਿੰਡ ਦੀਆਂ ਔਰਤਾਂ ਆ ਕੇ ਕਹਿਣ ਲੱਗੀਆਂ, “ਮੁੰਡੇ ਨੂੰ ਓਪਰੀ ਕਸਰ ਨਾ ਹੋਵੇ, ਆਪਣੇ ਪਿੰਡ ਦੇ ਡੇਰੇ ਵਾਲਾ ਜਿਹੜਾ ਪੁੱਛਾਂ ਕੱਢਦਾ ਹੈ, ਉਸ ਕੋਲ ਜਾ ਕੇ ਪੁੱਛ ਕਢਵਾ ਕੇ ਲਿਆਵੋ।”
ਅਤੀ ਗੰਭੀਰ ਹੋਣ ’ਤੇ ਉਹ ਮੁੰਡੇ ਨੂੰ ਲੈ ਕੇ ਉਸ ਪੁੱਛ ਕਢਵਾਉਣ ਵਾਲੇ ਕੋਲ ਚਲੇ ਗਏ। ਮੁੰਡਾ ਨੇ ਉੱਥੇ ਆਖ਼ਰੀ ਸਾਹ ਲਿਆ। ਅਖੌਤੀ ਸਿਆਣੇ ਨੇ ਕਿਹਾ, “ਤੁਹਾਡੇ ਮੁੰਡੇ ਦੀ ਆਪਣੇ ਪਿੰਡ ਦੇ ਫਲਾਣੇ ਸਿਆਣੇ ਨੇ ਜਾਨ ਲੈ ਕੇ ਉਸਦਾ ਗੁਆਂਢੀ ਪਿੰਡ ਵਿੱਚ ਜਨਮ ਦਵਾ ਦਿੱਤਾ ਹੈ।”
ਪਰਿਵਾਰ ਇੰਨਾ ਲਾਈਲੱਗ, ਅੰਧਵਿਸ਼ਵਾਸੀ ਅਤੇ ਵਹਿਮੀ ਸੀ ਕਿ ਉਸਨੇ ਅਖੌਤੀ ਸਿਆਣੇ ਦੀ ਕਹੀ ਇਸ ਸ਼ਰਾਰਤ ਭਰਪੂਰ, ਝੂਠੀ ਅਤੇ ਮਨਘੜਤ ਗੱਲ ਨੂੰ ਇੱਕ ਦਮ ਸੱਚ ਮੰਨ ਲਿਆ। ਗੁੱਸੇ ਨਾਲ ਭਰੇ ਪੀਤੇ ਪਰਿਵਾਰਕ ਮੈਂਬਰ ਉਸ ਅਖੌਤੀ ਸਿਆਣੇ ਕੋਲ ਪਹੁੰਚ ਗਏ। ਬਿਨਾਂ ਉਸ ਨਾਲ ਗੱਲਬਾਤ ਕੀਤਿਆਂ ਉਸ ਨੂੰ ਦ੍ਰਖਤ ਨਾਲ ਬੰਨ੍ਹ ਦਿੱਤਾ। ਦ੍ਰਖਤ ਨਾਲ ਬੰਨ੍ਹਣ ਤੋਂ ਬਾਅਦ ਉਸ ਅਖੌਤੀ ”ਸਿਆਣੇ” ਨੂੰ ਕਹਿਣ ਲੱਗੇ, “ਸਾਡੇ ਜਵਾਕ ਦੀ ਜਾਨ ਲੈ ਕੇ ਤੂੰ ਫਲਾਣੇ ਪਿੰਡ ਉਸਦਾ ਜਨਮ ਕਿਉਂ ਦਿਵਾਇਆ?”
ਉਹ “ਸਿਆਣਾ” ਕਹਿੰਦਾ, “ਮੈਂ ਕੁਛ ਨਹੀਂ ਕੀਤਾ, ਮੈਨੂੰ ਕੁਛ ਨਹੀਂ ਪਤਾ, ਮੈਂ ਸੱਚ ਬੋਲਦਾ ਆਂ।”
ਪਰਿਵਾਰਕ ਮੈਂਬਰਾਂ ਉੱਤੇ ਇਸਦਾ ਕੋਈ ਅਸਰ ਨਹੀਂ ਹੋਇਆ, ਸਗੋਂ ਉਨ੍ਹਾਂ ਨੇ ਉਸ ਉੱਤੇ ਜੁੱਤੀ ਟੰਗ ਦਿੱਤੀ। ਆਖਰ ਉਸ “ਸਿਆਣੇ” ਨੇ ਮੁਆਫੀ ਮੰਗ ਕੇ ਜਾਨ ਬਚਾਈ। ਅਗਲੇ ਦਿਨ ਉਸਨੇ ਆਪਣੀ ਜਾਤੀ ਦੇ ਬੰਦਿਆਂ ਨੂੰ ਨਾਲ ਲੈ ਕੇ ਇਕੱਠ ਕੀਤਾ। ਪਿੰਡ ਵਿੱਚ ਕਾਫੀ ਝਗੜਾ ਵਧ ਗਿਆ। ਦੋ ਫਿਰਕਿਆਂ ਵਿੱਚ ਲੜਾਈ ਹੋਣ ਤਿਆਰੀ ਹੋਣ ਲੱਗ ਪਈ। ਮਸਲਾ ਤਰਕਸ਼ੀਲ ਸੁਸਾਇਟੀ ਕੋਲ ਪਹੁੰਚ ਗਿਆ। ਅਸੀਂ ਮਸਲੇ ਨੂੰ ਡੁੰਘਾਈ ਨਾਲ ਵਿਚਾਰਿਆ। ਕਾਰਨ ਇਹ ਸੀ ਕਿ ਪਿੰਡ ਵਿੱਚ ਦੋ ਹਮ ਪੇਸ਼ਾਵਰਾਂ ਦੀ ਆਪਸੀ ਰੰਜਿਸ਼ ਸੀ। ਦੋਵੇਂ ਅਖੌਤੀ “ਸਿਆਣੇ” “ਸਿਆਣਪ” ਦਾ ਕੰਮ ਕਰਦੇ ਸੀ। ਇੱਕ ਡੇਰੇ ਵਿੱਚ ਕਰਦਾ ਸੀ, ਦੂਜਾ ਆਪਣੇ ਘਰ ਵਿੱਚ। ਦੋਵਾਂ ਦੀ ਆਪਣੇ ਕਿੱਤੇ, ਕਮਾਈ ਦੇ ਰੇੜਕੇ ਕਰਕੇ ਖਹਿਬਾਜ਼ੀ ਸੀ, ਇੱਕ ਦੂਜੇ ਲਗਦੀ ਸੀ। ਪਹਿਲਾ ਅਖੌਤੀ ਸਿਆਣਾ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ।
ਸਾਡੀ ਪੰਜ ਮੈਂਬਰੀ ਟੀਮ ਉਸ ਪਿੰਡ ਪਹੁੰਚ ਗਈ। ਅਸੀਂ ਪਿੰਡ ਦੇ ਲੋਕਾਂ ਦਾ ਇਕੱਠ ਕੀਤਾ। ਸਭ ਤੋਂ ਪਹਿਲਾਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ, ਦੁੱਖ ਸਾਂਝਾ ਕੀਤਾ। ਉਸ ਤੋਂ ਬਾਅਦ ਅਸੀਂ ਸਮਝਾਇਆ ਕਿ ਇਹ ਦੋਵੇਂ ਹਮ ਪੇਸ਼ਾਵਰ ਹਨ, ਇਨ੍ਹਾਂ ਦੀ ਆਪਸ ਵਿੱਚ ਵਿਰੋਧਤਾ ਕੁਦਰਤੀ ਹੈ। ਬਿਨਾਂ ਕੁਝ ਖੁਵਾਏ, ਬਿਨਾਂ ਹੱਥ ਲਾਏ ਕਿਸੇ ਨੂੰ ਮਾਰਿਆ ਨਹੀਂ ਜਾ ਸਕਦਾ। ਕਿਸੇ ਕੋਲ ਵੀ ਅਜਿਹੀ ਕੋਈ ਸ਼ਕਤੀ ਨਹੀਂ ਜਿਸ ਸ਼ਕਤੀ ਨਾਲ ਕਿਸੇ ਬੱਚੇ ਨੂੰ ਮਾਰ ਕੇ, ਉਸਦਾ ਕਿਸੇ ਹੋਰ ਦੇ ਘਰ ਜਨਮ ਦਿਵਾਇਆ ਜਾ ਸਕੇ। ਅਸੀਂ ਪਿੰਡ ਦੇ ਮੋਹਤਬਰਾਂ ਨੂੰ ਕਿਹਾ ਕਿ ਉਸ ਸਿਆਣੇ ਨੂੰ, ਜਿਹੜਾ ਕਹਿੰਦਾ ਕਿ ਫਲਾਣੇ ਸਿਆਣੇ ਨੇ ਮੁੰਡੇ ਨੂੰ ਮਾਰ ਕੇ ਅਗਲੇ ਪਿੰਡ ਜਨਮ ਦਵਾ ਦਿੱਤਾ ਹੈ, ਸਾਡੇ ਕੋਲ ਬੁਲਾਓ ਅਤੇ ਕਹੋ ਕਿ ਉਹ ਜਿਸ ਚਮਤਕਾਰੀ ਸ਼ਕਤੀ ਨਾਲ ਉਸ ਨੂੰ ਇਹ ਸਾਰਾ ਕੁਝ ਪਤਾ ਲੱਗਿਆ ਹੈ, ਉਸ ਸ਼ਕਤੀ ਨਾਲ ਉਹ ਸਾਡੀਆਂ 23 ਸ਼ਰਤਾਂ ਵਿੱਚੋਂ ਇੱਕ ਵੀ ਪੂਰੇ ਕਰਕੇ ਦਿਖਾਵੇ, ਫਿਰ ਆਪਾਂ ਸਾਰੇ ਉਸਦੀ ਸ਼ਕਤੀ ਮੰਨ ਲਵਾਂਗੇ। ਇੱਕ ਛੋਟੀ ਜਿਹੀ ਸ਼ਰਤ, ਸਾਡੀ ਮੁੱਠੀ ਵਿੱਚ ਬੰਦ ਕਰੰਸੀ ਨੋਟ ਦਾ ਨੰਬਰ ਪੜ੍ਹ ਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਕੇ ਦਿਖਾਵੇ, ਅਸੀਂ ਉਸ ਨੂੰ ਪੰਜ ਲੱਖ ਰੁਪਏ ਦਾ ਇਨਾਮ ਦੇਵਾਂਗੇ ਤੇ ਉਸਦੀ ਚਮਤਕਾਰੀ ਸ਼ਕਤੀ ਮੰਨਾਂਗੇ। ਉਸ ਤੋਂ ਪੁੱਛ ਲਵੋ, ਆਪਾਂ ਉਸ ਕੋਲ ਚਲੇ ਜਾਂਦੇ ਹਾਂ।
ਉਸ ਕੋਲ ਜਾਣ ਦਾ ਫੈਸਲਾ ਹੋ ਗਿਆ। ਅਸੀਂ ਉਸ “ਸਿਆਣੇ” ਨੂੰ ਮਿਲਣ ਚਲੇ ਗਏ। ਉਸ “ਸਿਆਣੇ” ਨੂੰ ਕਿਸੇ ਤਰ੍ਹਾਂ ਸੂਹ ਮਿਲ ਗਈ ਕਿ ਪਿੰਡ ਵਾਲੇ ਤਰਕਸ਼ੀਲਾਂ ਨੂੰ ਲੈ ਕੇ ਆ ਰਹੇ ਹਨ। ਉਹ ਸਾਡੇ ਮੱਥੇ ਨਹੀਂ ਲੱਗਿਆ, ਇੱਧਰ ਉੱਧਰ ਹੋ ਗਿਆ। ਅਸੀਂ ਫਿਰ ਪਿੰਡ ਦੇ ਲੋਕਾਂ ਅਤੇ ਪੀੜਿਤਾਂ ਨੂੰ ਕਿਹਾ ਕਿ ਕਿਸੇ ਵੀ ਕੋਲ ਕੋਈ ਸ਼ਕਤੀ ਨਹੀਂ, ਜਿਸ ਨਾਲ ਅਜਿਹਾ ਕੀਤਾ ਜਾ ਸਕੇ।
ਪੀੜਿਤ ਪਰਿਵਾਰ ਸੰਤੁਸ਼ਟ ਹੋ ਗਿਆ। ਉਨ੍ਹਾਂ ਕਿਹਾ, “ਅਸੀਂ ਉਸਦੀਆਂ ਗੱਲਾਂ ਵਿੱਚ ਆ ਗਏ। ਤੁਸੀਂ ਆ ਗਏ, ਵਧੀਆ ਕੀਤਾ। ਸਾਡੀ ਲੜਾਈ ਹੋਣੋ ਬਚ ਗਈ।”
ਅਸੀਂ ਲੋਕਾਂ ਨੂੰ ਸੁਣੀਆਂ ਸੁਣਾਈਆਂ ਗੱਲਾਂ ’ਤੇ ਵਿਸ਼ਵਾਸ ਨਾ ਕਰਨ, ਅੰਧਵਿਸ਼ਵਾਸਾਂ ਦੀ ਦਲਦਲ ਵਿੱਚੋਂ ਨਿਕਲਣ ਲਈ ਪ੍ਰੇਰਿਆ।
ਕਈ ਵਿਅਕਤੀਆਂ ਨੇ ਪੁੱਛਿਆ, “ਇਨ੍ਹਾਂ ਪੁੱਛਾਂ ਦੇਣ ਵਾਲਿਆਂ, “ਸਿਆਣਪ” ਕਰਨ ਵਾਲਿਆਂ ਕੋਲ ਕੁਝ ਨਹੀਂ?”
ਅਸੀਂ ਕਿਹਾ, “ਇਨ੍ਹਾਂ ਅਖੌਤੀ ਸਿਆਣਿਆਂ ਕੋਲ ਲੋਕਾਂ ਨੂੰ ਅੰਧਵਿਸ਼ਵਾਸਾਂ ਦੇ ਭਰਮ ਜਾਲ ਵਿੱਚ ਪਾ ਕੇ ਉਨ੍ਹਾਂ ਦੀ ਲੁੱਟ ਕਰਨ ਤੋਂ ਬਿਨਾਂ ਕੁਝ ਨਹੀਂ।”
ਪੀੜਿਤ ਪਰਿਵਾਰ ਸਮੇਤ ਲੋਕਾਂ ਨੂੰ ਅਖੌਤੀ ਸਿਆਣਿਆਂ, ਤਾਂਤਰਿਕਾਂ, ਵਾਸਤੂ ਸ਼ਾਸਤਰੀਆਂ ਦੇ ਭਰਮ ਜਾਲ ਵਿੱਚੋਂ ਨਿਕਲ ਕੇ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖਣ, ਆਪਣੀ ਕਮਾਈ ਆਪਣੇ ਪਰਿਵਾਰ ਉੱਤੇ ਖਰਚਣ, ਬਿਮਾਰੀਆਂ ਵੇਲੇ ਮਾਹਿਰ ਡਾਕਟਰਾਂ ਕੋਲ ਜਾਣ, ਲਾਈਲੱਗਤਾ ਅਤੇ ਅੰਧਵਿਸ਼ਵਾਸਾਂ ਵਿੱਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਆਉਣ ਦਾ ਸੱਦਾ ਦੇ ਕੇ ਅਸੀਂ ਵਾਪਸ ਆ ਗਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (