Iqbal S Sakrodi Dr 7“...ਅਜਿਹੇ ਸੋਹਣੇ ਸਮਾਜ ਦੀ ਸਿਰਜਣਾ ਕਰਨ ਵੱਲ ਵਧੀਏਜਿੱਥੇ ਸਾਂਝੀਵਾਲਤਾ ...GuruNanakPloughing1
(4 ਨਵੰਬਰ 2025)

 

GuruNanakPloughing1

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਨਾਲ ਨਾ ਸਿਰਫ਼ ਲੋਕਾਈ ਨੂੰ ਇੱਕ ਪ੍ਰਤੀਨਿਧ ਪੀਰ ਹੀ ਮਿਲਿਆ, ਸਗੋਂ ਪੰਜਾਬੀ ਸਾਹਿਤ ਲਈ ਇੱਕ ਨਵਾਂ ਸੂਰਜ ਚੜ੍ਹਿਆ। ਗੁਰੂ ਸਾਹਿਬ ਦੇ ਅਵਤਾਰ ਧਾਰਨ ਦੇ ਦ੍ਰਿਸ਼ ਨੂੰ ਗੁਰਬਾਣੀ ਦੇ ਮਹਾਨ ਲਿਖਾਰੀ, ਬੁੱਧੀਜੀਵੀ, ਕਵੀ ਭਾਈ ਗੁਰਦਾਸ ਨੇ ਆਪਣੇ ਸ਼ਬਦਾਂ ਵਿੱਚ ਇੰਝ ਬਿਆਨ ਕੀਤਾ ਹੈ:

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ।।
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ।।”

ਅਰਥਾਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਨਾਲ ਸਮਾਜ ਵਿੱਚ ਫੈਲੀ ਅਗਿਆਨਤਾ, ਅਨਿਆਂ, ਝੂਠ, ਦੰਭ ਅਤੇ ਪਾਖੰਡ ਦੀ ਫੈਲੀ ਹੋਈ ਧੁੰਦ ਮਿਟ ਗਈ, ਦੂਰ ਹੋ ਗਈ। ਇਹ ਬਿਲਕੁਲ ਉਸੇ ਤਰ੍ਹਾਂ ਹੋਇਆ, ਜਿਸ ਪ੍ਰਕਾਰ ਸੂਰਜ ਦੇ ਨਿਕਲਣ ਨਾਲ ਤਾਰੇ ਛਿਪ ਜਾਂਦੇ ਹਨ ਅਤੇ ਹਨੇਰਾ ਦੂਰ ਹੋ ਜਾਂਦਾ ਹੈ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਉਹ ਸਾਰੀ ਮਨੁੱਖਤਾ ਨੂੰ ਇੱਕ ਟੱਬਰ ਦੇ ਸਮਾਨ, ਇੱਕ ਪਰਿਵਾਰ ਦੀ ਨਿਆਈਂ ਜਾਣਦੇ ਹੋਏ ਆਪਣੀ ਰਚਨਾ ਵਿਚ ਫ਼ਰਮਾਉਂਦੇ ਹਨ:

ਸੱਭੇ ਸਾਂਝੀਵਾਲ ਸਦਾਇਨ ਕੋਈ ਨਾ ਦਿੱਸੇ ਬਾਹਰਾ ਜੀਉ।।”

ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਆਪਣੇ ਸਮੇਂ ਦੀ ਅਧਿਆਤਮਕ, ਸਮਾਜਿਕ, ਰਾਜਨੀਤਕ, ਆਰਥਿਕ ਅਵਸਥਾ ਨੂੰ ਬਾਖ਼ੂਬੀ ਚਿੱਤਰਿਆ ਹੈ। ਉਨ੍ਹਾਂ ਨੇ ਸਮਾਜ ਲਈ ਜੋ ਨਵੇਂ ਸਿਧਾਂਤ ਪੇਸ਼ ਕੀਤੇ, ਉਨ੍ਹਾਂ ਦਾ ਜਨ-ਸਧਾਰਨ ਉੱਤੇ ਬੜਾ ਡੂੰਘਾ ਪ੍ਰਭਾਵ ਪਿਆ। ਇੱਥੋਂ ਤੱਕ ਕਿ ਪੰਜਾਬ ਦੇ ਲੋਕ ਸਾਹਿਤ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੂੰ ਮਹਾਨ ਭਗਤ ਦਰਸਾਇਆ ਗਿਆ ਹੈ:

ਨਾਨਕ ਜੇਡ ਭਗਤ ਨਾ ਕੋਈ, ਜਿਨ ਪੂਰਨ ਪੁਰਖ ਪਛਾਤਾ।
ਦੁਨੀਆਂ ਧੰਦ ਪਿੱਟਦੀ
, ਰੱਬ ਸਭਨਾਂ ਦਾ ਦਾਤਾ।”

ਜਪੁਜੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਦੁੱਤੀ ਰਚਨਾ ਹੈ, ਜਿਹੜੀ ਇੱਕ ਪਾਸੇ ਉਸ ਅਕਾਲ ਪੁਰਖ ਵਾਹਿਗੁਰੂ ਉੱਤੇ ਨਿਸ਼ਚਾ ਦ੍ਰਿੜ੍ਹ ਕਰਵਾਉਂਦੀ ਹੈ ਅਤੇ ਦੂਜੇ ਪਾਸੇ ਹਰੇਕ ਇਨਸਾਨ ਨੂੰ ਇੱਕ ਆਦਰਸ਼ਕ ਜੀਵਨ ਜਿਊਣ ਦਾ ਮਾਰਗ ਵੀ ਦੱਸਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਗਾਜ਼ ਸ਼੍ਰੀ ਰਾਗ ਨਾਲ ਹੁੰਦਾ ਹੈ ਅਤੇ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਜਪੁਜੀ ਸਾਹਿਬ ਨੂੰ ਦਰਜ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਰਚਨਾ ਆਸਾ ਦੀ ਵਾਰ ਵਿੱਚ ਬਾਹਰੀ ਅਖ਼ੌਤੀ ਵਿਖਾਵੇ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਹਰ ਜੀਵ ਜੰਤੂ, ਇਸਤਰੀ, ਪੁਰਸ਼, ਦੇਵੀ, ਦੇਵਤੇ ਅਤੇ ਪੀਰਾਂ ਫ਼ਕੀਰਾਂ ਨੂੰ ਉਸ ਅਕਾਲ ਪੁਰਖ ਦੁਆਰਾ ਸਾਜਿਆ ਗਿਆ ਮੰਨਿਆਂ ਹੈ।

ਕਿਹਾ ਜਾਂਦਾ ਹੈ ਕਿ ਸ਼੍ਰੀ ਰਬਿੰਦਰ ਨਾਥ ਟੈਗੋਰ ਜੀ ਨੂੰ ਕਿਸੇ ਵਿਦਵਾਨ ਨੇ ਸਵਾਲ ਕੀਤਾ ਕਿ ਤੁਸੀਂ ਨੈਸ਼ਨਲ ਐਂਥਮ (ਰਾਸ਼ਟਰੀ ਗੀਤ) ਤਾਂ ਤਿੰਨ ਲਿਖ ਦਿੱਤੇ ਹਨ। ਪਰੰਤੂ ਅੰਤਰਰਾਸ਼ਟਰੀ ਗੀਤ ਇੱਕ ਵੀ ਨਹੀਂ ਲਿਖਿਆ? ਰਬਿੰਦਰ ਨਾਥ ਟੈਗੋਰ ਨੇ ਉੱਤਰ ਦਿੱਤਾ ਕਿ ਉਹ ਤਾਂ ਪਹਿਲਾਂ ਹੀ ਪੰਦਰ੍ਹਵੀਂ ਸਦੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ “ਆਰਤੀ” ਦੇ ਰੂਪ ਵਿੱਚ ਲਿਖ ਚੁੱਕੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਭੇਖੀ ਅਤੇ ਦੰਭੀ ਲੋਕਾਂ ਵੱਲੋਂ ਦਿਖਾਵੇ ਦੀ ਕੀਤੀ ਜਾ ਰਹੀ ਆਰਤੀ ਦੀ ਥਾਂ ਜਨ-ਸਧਾਰਨ ਨੂੰ ਦੱਸਿਆ ਹੈ ਕਿ ਸਾਰੀ ਸ੍ਰਿਸ਼ਟੀ ਹੀ ਉਸ ਅਕਾਲ ਪੁਰਖ ਪਰਮਾਤਮਾ ਦੀ ਆਰਤੀ ਹਰ ਸਮੇਂ ਕਰਦੀ ਰਹਿੰਦੀ ਹੈ, ਇਸ ਲਈ ਸਾਨੂੰ ਹੋਰ ਕੋਈ ਦਿਖਾਵੇ ਦੀ ਆਰਤੀ ਕਰਨ ਦੀ ਕੋਈ ਲੋੜ ਨਹੀਂ ਹੈ। ਗੁਰੂ ਸਾਹਿਬ ਲਿਖਦੇ ਹਨ-

ਗਗਨ ਮੈ ਥਾਲੁ ਰਵਿ ਚੰਦੁ ਦੀਪਕ
ਬਨੇ ਤਾਰਿਕਾ ਮੰਡਲ ਜਨਕ ਮੋਤੀ।।
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੁਲੰਤ ਜੋਤੀ।
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ।।
ਅਨਹਤਾ ਸਬਦ ਵਾਜੰਤ ਭੇਰੀ।

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚੌਵੀਆਂ ਸਾਲਾਂ ਵਿੱਚ ਅਠਾਈ ਹਜ਼ਾਰ ਕਿਲੋਮੀਟਰ ਦੇ ਕਰੀਬ ਧਰਤੀ ਪੈਰੀਂ ਗਾਹ ਦਿੱਤੀ। ਨਾ ਕਿਸੇ ਪਾਸਪੋਰਟ ਦੀ ਲੋੜ, ਨਾ ਵੀਜ਼ਿਆਂ ਦੀ ਦਲੀਲ। ਉਨ੍ਹਾਂ ਸੰਵਾਦ ਅਤੇ ਮਾਨਵੀ ਸਾਂਝ ਦੀ ਤਾਕਤ ਨਾਲ ਪੂਰੀ ਦੁਨੀਆਂ ਨੂੰ ਜਿੱਤਿਆ। ਉਨ੍ਹਾਂ ਦੀਆਂ ਲਿਖੀਆਂ ਸਤਰਾਂ ਅਖੌਤਾਂ ਬਣ ਗਈਆਂ ਹਨ:

ਮਨ ਜੀਤੈ ਜਗੁ ਜੀਤੁ।।”
ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆ ਤੱਤੁ।।”
ਨਿਵੈ, ਸੋ ਗਉਰਾ ਹੋਇ।।”

ਗੁਰੂ ਨਾਨਕ ਦੇਵ ਨੇ ਬਾਦਸ਼ਾਹਾਂ ਨੂੰ ਲਲਕਾਰਿਆ, ਫੱਕਰਾਂ ਨੂੰ ਸਤਿਕਾਰਿਆ ਅਤੇ ਨਿਮਾਣਿਆਂ ਨੂੰ ਗਲ਼ ਨਾਲ ਲਾਇਆ। ਉਹ ਆਪਣੀ ਬਾਣੀ ਵਿੱਚ ਇੱਕ ਥਾਂ ਦਰਜ ਕਰਦੇ ਹਨ:

ਜਿਥੇ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।”

ਅਰਥਾਤ ਜਿੱਥੇ ਗਰੀਬਾਂ, ਮਸਕੀਨਾਂ, ਦੱਬੇ ਕੁੱਚਲੇ ਲੋਕਾਂ ਦਾ ਵਾਸਾ ਹੈ, ਤੇਰੀ ਰਹਿਮਤ ਦੀ ਨਜ਼ਰ ਉੱਥੇ ਹੀ ਵਸਦੀ ਹੈ।

ਗੁਰੂ ਨਾਨਕ ਸਾਹਿਬ ਨੇ ਅੱਜ ਤੋਂ 556 ਵਰ੍ਹੇ ਪਹਿਲਾਂ ਅਵਤਾਰ ਧਾਰ ਕੇ ਸਮੁੱਚੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਬ੍ਰਹਿਮੰਡੀ ਸੁਨੇਹਾ ਦਿੱਤਾ। ਉਨ੍ਹਾਂ ਗਿਆਨ ਅਤੇ ਮੁਹੱਬਤ ਨੂੰ ਮਨੁੱਖਤਾ ਦੀ ਬੁਨਿਆਦ ਦੱਸਿਆ। ਉਨ੍ਹਾਂ ਸਭ ਤੋਂ ਵਿਲੱਖਣ ਅਤੇ ਵੱਡੀ ਗੱਲ ਇਹ ਕੀਤੀ ਕਿ ਗੋਲ਼ੀ ਅਤੇ ਫ਼ਤਵੇ ਦੀ ਥਾਂ ਸੰਵਾਦ ਨੂੰ ਆਪਣੀ ਤਾਕਤ ਬਣਾਇਆ। ਧਰਮ ਵਿੱਚ ਪਏ ਅਧਰਮ ਨੂੰ ਨੰਗਾ ਕੀਤਾ। ਖ਼ੂਬਸੂਰਤ ਗੱਲ ਇਹ ਹੈ ਕਿ ਉਨ੍ਹਾਂ ਦੇ ਸਰਬੱਤ ਦੇ ਭਲੇ ਦੇ ਫ਼ਲਸਫ਼ੇ ਵਿੱਚ ਇਕੱਲਾ ਮਨੁੱਖ ਹੀ ਸ਼ਾਮਲ ਨਹੀਂ ਸੀ, ਬਲਕਿ ਕੁੱਲ ਕਾਇਨਾਤ ਸ਼ਾਮਲ ਸੀ। ਗੁਰੂ ਸਾਹਿਬ ਨੇ “ਬਲਿਹਾਰੀ ਕੁਦਰਿਤ ਵਸਿਆ” ਦੇ ਫ਼ਲਸਫ਼ੇ ਨੂੰ ਅਪਣਾ ਕੇ ਅਤੇ ਪੌਣ ਪਾਣੀ ਨੂੰ ਗੁਰੂ-ਪਿਤਾ ਦਾ ਦਰਜਾ ਦੇ ਕੇ ਕਾਇਨਾਤੀ ਸਾਂਝ ਦਾ ਮਾਡਲ ਪੇਸ਼ ਕੀਤਾ।

ਪਰੰਤੂ ਮਨੁੱਖ ਦੀ ਸਵਾਰਥੀ ਰੁਚੀ ਨੇ ਸੰਤਾਲੀਆਂ ਅਤੇ ਚੁਰਾਸੀਆਂ ਸਿਰਜ ਲਈਆਂ। ਇੱਕ ਵਾਰੀ ਫੇਰ ਸੰਵਾਦ ਦੀ ਥਾਂ ਉੱਤੇ ਗਾਲ੍ਹ ਅਤੇ ਫ਼ਤਵੇ ਨੂੰ ਜੀਵਨ ਜਾਚ ਬਣਾ ਲਿਆ ਗਿਆ ਹੈ। ਸਾਰੀ ਉਮਰ ਧਾਰਮਿਕ ਸੰਕੀਰਣਤਾ, ਪਾਖੰਡ ਅਤੇ ਭੇਖਵਾਦ ਨੂੰ ਰੱਦ ਕਰਨ ਵਾਲ਼ੇ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਕੱਟੜਤਾ ਦੇ ਦਾਇਰਿਆਂ ਵਿੱਚ ਸਮੇਟ ਕੇ “ਫਤਵਾਸ਼ਾਹੀ” ਬਣਾ ਦਿੱਤਾ।

ਗੁਰੂ ਸਾਹਿਬ ਦਾ ਰੱਬ ਜਰਵਾਣਿਆਂ ਦਾ ਰੱਬ ਨਹੀਂ, ਵਿਹੂਣਿਆਂ ਦਾ ਰੱਬ ਹੈ, ਊਣਿਆਂ ਦਾ ਰੱਬ ਹੈ, ਗਰੀਬਾਂ ਦਾ ਰੱਬ ਹੈ, ਮਸਕੀਨਾਂ ਦਾ ਰੱਬ ਹੈਉਨ੍ਹਾਂ ਨੇ ਵਹਿਮਾਂ-ਭਰਮਾਂ, ਪਾਖੰਡਾਂ ਅਤੇ ਸੱਤਾ ਦੇ ਬਿਰਤਾਂਤ ਨੂੰ ਰੱਦ ਕਰ ਕੇ ਇੱਕ ਨਵਾਂ ਲੋਕਪੱਖੀ ਬਿਰਤਾਂਤ ਸਿਰਜਿਆ। ਗਿਆਨ ਹਮੇਸ਼ਾ ਮਾਨਵੀ ਅਤੇ ਸਰਬ ਵਿਆਪੀ ਹੁੰਦਾ ਹੈ।

ਗੁਰੂ ਨਾਨਕ ਸਾਹਿਬ ਨੇ ਇਕੋ ਸਮੇਂ ਤਿੰਨ ਧਿਰਾਂ ਨੂੰ ਸੰਬੋਧਨ ਕੀਤਾ। ਪਹਿਲਾ ਰਾਜਿਆਂ ਨੂੰ ਦੁਰਕਾਰਿਆ। ਦੂਜਾ ਕਾਜ਼ੀ ਅਤੇ ਪੰਡਤਾਂ ਨੂੰ ਵਰਜਿਆ ਅਤੇ ਤੀਜਾ ਲੋਕਾਈ ਨੂੰ ਸੁਚੇਤ ਕੀਤਾ ਕਿ ਉਹ ਵਕਤ ਰਹਿੰਦੇ ਸੁਚੇਤ ਹੋਣ। ਗੁਰੂ ਨਾਨਕ ਦੇਵ ਜੀ ਨੇ ਸਮਾਜਿਕ ਮੁਕਤੀ ਦਾ ਮਾਡਲ ਦਿੱਤਾ। ਉਨ੍ਹਾਂ ਦਾ ਫ਼ਲਸਫ਼ਾ ਜੀਵਨ ਤੋਂ ਭੱਜਣ ਦਾ ਨਹੀਂ, ਸਗੋਂ ਜਿਉਂਦਿਆਂ ਮੁਕਤੀ ਪ੍ਰਾਪਤ ਕਰਨ ਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਸਭ ਤੋਂ ਵੱਡਾ ਸਿਧਾਂਤ- “ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ” ਸੰਸਾਰ ਨੂੰ ਦਿੱਤਾ। ਕਿਰਤ ਦੇ ਸਿਧਾਂਤ ਨੂੰ ਉਨ੍ਹਾਂ ਬਾਲਪਨ ਅਵੱਸਥਾ ਵਿੱਚ ਮੱਝਾਂ ਗਊਆਂ ਚਾਰ ਕੇ, ਜੁਆਨੀ ਵਿੱਚ ਹੱਟੀ ਪਾ ਕੇ ਅਤੇ ਆਪਣੀ ਉਮਰ ਦੇ ਆਖ਼ਰੀ ਸਾਲਾਂ ਵਿੱਚ ਕਰਤਾਰਪੁਰ ਵਿਖੇ ਖੇਤੀ ਕਰਕੇ ਦ੍ਰਿੜ੍ਹ ਕੀਤਾ।

ਗੁਰੂ ਨਾਨਕ ਦੇਵ ਜੀ ਦੇ ਪਿਤਾ ਸ਼੍ਰੀ ਮਹਿਤਾ ਕਾਲੂ ਜੀ ਨੇ ਉਨ੍ਹਾਂ ਨੂੰ ਦੁਨੀਆਦਾਰੀ ਦੇ ਕੰਮਾਂ-ਕਾਰਾਂ ਵਿੱਚ ਰਿਝਾਉਣ ਲਈ ਵੀਹ ਅਸ਼ਰਫ਼ੀਆਂ ਦੇ ਕੇ ਸੱਚਾ ਸੌਦਾ ਕਰਨ ਲਈ ਭੇਜਿਆ ਤਾਂ ਜੋ ਉਹ ਸੁਚੱਜੇ ਢੰਗ ਨਾਲ ਵਪਾਰ ਕਰ ਸਕੇ। ਪਰੰਤੂ ਉਸ ਪ੍ਰਭੂ ਸੰਗ ਲਿਵ ਲੱਗੀ ਹੋਣ ਕਾਰਨ ਪਿਤਾ ਵੱਲੋਂ ਮਿਲੀ ਰਾਸ਼ੀ ਨੂੰ ਰਾਹ ਵਿੱਚ ਮਿਲੇ ਕਈ ਦਿਨਾਂ ਦੇ ਭੁੱਖਣ ਭਾਣੇ ਸਾਧੂਆਂ ਉੱਤੇ ਖ਼ਰਚ ਕਰ ਦਿੱਤੀ। ਘਰ ਆ ਕੇ ਆਪਣੇ ਪਿਤਾ ਜੀ ਨੂੰ ਦੱਸਿਆ ਕਿ ਉਹ ਸੱਚਾ ਸੌਦਾ ਕਰ ਆਏ ਹਨ। ਤਦ ਪਹਿਲੀ ਵਾਰੀ ਪਿਤਾ ਮਹਿਤਾ ਕਾਲੂ ਜੀ ਨੂੰ ਅਹਿਸਾਸ ਹੋਇਆ ਕਿ ਨਾਨਕ ਕੋਈ ਸਧਾਰਣ ਬਾਲਕ ਨਹੀਂ ਹੈ, ਸਗੋਂ ਇਹ ਤਾਂ ਕੋਈ ਰੱਬੀ ਰੂਹ ਹੈ, ਜੋ ਇਸ ਸੰਸਾਰ ਦੇ ਲੋਕਾਂ ਦਾ ਸੁਧਾਰ ਕਰਨ ਲਈ ਇਸ ਧਰਤੀ ਉੱਤੇ ਉੱਤਰੀ ਹੈ। ਗੁਰੂ ਨਾਨਕ ਦੇਵ ਜੀ ਵੱਲੋਂ ਵੀਹ ਅਸ਼ਰਫ਼ੀਆਂ ਨਾਲ ਸ਼ੁਰੂ ਕੀਤਾ ਗਿਆ “ਸੱਚਾ ਸੌਦਾ” ਅੱਜ ਸਾਰੇ ਸੰਸਾਰ ਦੇ ਹਰੇਕ ਗੁਰੂ ਘਰ ਵਿੱਚ ਚੱਲਦੇ ਲੰਗਰ ਦਾ ਵਿਸ਼ਾਲ ਰੂਪ ਧਾਰਨ ਕਰ ਗਿਆ ਹੈ।

ਸਿੱਖ ਧਰਮ ਵਿੱਚ ਲੰਗਰ ਪ੍ਰਥਾ ਦਾ ਚੱਲਣਾ ਇੱਕ ਬਹੁਤ ਵੱਡੇ ਇਨਕਲਾਬ ਦਾ ਮੁੱਢ ਬੰਨ੍ਹਣ ਵਾਲੀ ਗੱਲ ਹੈ। ਜਿੱਥੇ ਹਰੇਕ ਧਰਮ, ਕੌਮ, ਜਾਤੀ, ਦੇਸ਼ ਦੇ ਲੋਕ ਬਿਨਾਂ ਕਿਸੇ ਭਿੰਨ ਭੇਦ ਦੇ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਹਨ। ਗੁਰਦੁਆਰਿਆਂ ਵਿੱਚ ਚੱਲਦੀ ਲੰਗਰ ਪ੍ਰਥਾ ਸਾਨੂੰ ਸਾਰਿਆਂ ਨੂੰ ਇੱਕ ਸੂਤਰ ਵਿੱਚ ਬੰਨ੍ਹਦੀ ਹੈ।

ਗੁਰੂ ਨਾਨਕ ਦੇਵ ਜੀ ਦੇ ਸਮੇਂ ਮੁਸਲਮਾਨੀ ਸ਼ਾਸਨ ਭਾਰਤ ਦੀ ਧਰਤੀ ਉੱਤੇ ਪੱਕੇ ਤੌਰ ਉੱਤੇ ਆਪਣੇ ਪੈਰ ਜਮਾ ਚੁੱਕਾ ਸੀ। ਮੁਸਲਮਾਨੀ ਪ੍ਰਭਾਵ ਅਧੀਨ ਹੀ ਇਸਤਰੀ ਨੂੰ ਪੈਰ ਦੀ ਜੁੱਤੀ, ਗੁੱਤ ਪਿੱਛੇ ਮੱਤ ਵਾਲ਼ੀ, ਬਾਘੜਨ ਤੱਕ ਕਿਹਾ ਜਾਂਦਾ ਸੀ। ਉਸ ਸਮੇਂ ਦੇ ਕਿੱਸਾਕਾਰਾਂ ਨੇ ਇਸਤਰੀ ਦੀ ਦੋਸਤੀ ਨੂੰ ਭੱਠੀ ਵਿੱਚ ਪਾਉਣ ਸਮਾਨ ਦੱਸਿਆ ਸੀ। ਗੁਰੂ ਨਾਨਕ ਦੇਵ ਜੀ ਤੋਂ ਕੁਝ ਸਾਲ ਪਹਿਲਾਂ ਹੋਇਆ ਕਿੱਸਾਕਾਰ ਪੀਲੂ ਆਪਣੀ ਰਚਨਾ ਮਿਰਜ਼ਾ ਸਾਹਿਬਾਂ ਵਿੱਚ ਲਿਖਦਾ ਹੈ:

ਭੱਠ ਰੰਨਾਂ ਦੀ ਦੋਸਤੀ, ਖੁਰੀ ਜਿਨ੍ਹਾਂ ਦੀ ਮੱਤ।
ਹੱਸ ਹੱਸ ਲਾਉਂਦੀਆਂ ਯਾਰੀਆਂ
, ਰੋ-ਰੋ ਦਿੰਦੀਆਂ ਦੱਸ।”

ਜੋਗੀਆਂ ਨਾਥਾਂ ਵਿੱਚੋਂ ਗੋਰਖ ਨਾਥ ਨੇ ਇੱਕ ਥਾਂ ਲਿਖਿਆ ਹੈ:

ਇਹ ਬਾਘੜਨ ਤ੍ਰੈਹਿ ਲੋਕੀਂ ਖਾਈ।”

ਪਰੰਤੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਦੱਸਿਆ ਕਿ ਸੰਤਾਂ, ਸਾਧੂਆਂ, ਰਾਜਿਆਂ ਮਹਾਰਾਜਿਆਂ, ਗੁਰੂਆਂ ਪੀਰਾਂ ਫ਼ਕੀਰਾਂ ਪੈਗ਼ੰਬਰਾਂ ਨੂੰ ਜਨਮ ਦੇਣ ਵਾਲ਼ੀ ਇਸਤਰੀ ਤਾਂ ਹਮੇਸ਼ਾ ਵਡਿਆਈ ਅਤੇ ਸਤਿਕਾਰ ਦੀ ਪਾਤਰ ਹੈ। ਇਸ ਸੰਦਰਭ ਵਿੱਚ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਦਰਜ ਕਰਦੇ ਹਨ:

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵਿਆਹੁ।
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।।
ਭੰਡਹੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।”

ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਜੇਕਰ ਸਭ ਤੋਂ ਰੌਦਰ ਅਤੇ ਗੁੱਸੇ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਮਿਲਦੀ ਹੈ ਤਾਂ ਉਹ ਸਮੇਂ ਦੇ ਜ਼ਾਲਮ ਹਾਕਮਾਂ, ਮੁਕੱਦਮਾਂ ਜਾਂ ਧਰਮ ਦੇ ਠੇਕੇਦਾਰਾਂ ਕਾਜ਼ੀਆਂ ਪੰਡਤਾਂ ਦੇ ਸੰਦਰਭ ਵਿੱਚ ਹੀ ਕੀਤੀ ਹੈ:

ਰਾਜੇ ਸ਼ੀਂਹ ਮੁਕੱਦਮ ਕੁੱਤੇ। ਜਾਇ ਜਗਾਇਨਿ ਬੈਠੇ ਸੁਤੇ।।

ਚਾਕਰ ਨਹਦਾ ਪਾਇਨਿ ਘਾਉ।। ਰਤੁ ਪਿਤੁ ਕੁਤਿਹੋ ਚਟਿ ਜਾਹੁ।।

ਜਿਥੈ ਜੀਆਂ ਹੋਸੀ ਸਾਰ।। ਨਕੀ ਵਢੀ ਲਾਸਿਤ ਬਾਰ।।”

ਗੁਰੂ ਸਾਹਿਬ ਨੇ ਤਾਂ ਆਪਣੀ ਬਾਣੀ ਵਿੱਚ ਸਮੇਂ ਦੇ ਮੁਗ਼ਲ ਸ਼ਾਸਕ ਬਾਬਰ ਅਤੇ ਉਸ ਦੇ ਦੁਰਾਚਾਰੀ ਸੈਨਿਕਾਂ ਵੱਲੋਂ ਜਨ-ਸਧਾਰਨ ਉੱਤੇ ਕੀਤੇ ਜ਼ੁਲਮਾਂ ਨੂੰ ਵੀ ਫਿਟਕਾਰਾਂ ਪਾਈਆਂ ਹਨ:

ਪਾਪ ਕੀ ਜੰਞ ਲੈ ਕਾਬਲੋਂ ਧਾਇਆ ਜੋਰੀਂ ਮੰਗੈ ਦਾਨੁ ਵੇ ਲਾਲੋ।
ਸਰਮ ਧਰਮ ਦੋਇ ਛਪਿ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ।।”

ਰਾਜਿਆਂ ਵੱਲੋਂ ਆਮ ਲੋਕਾਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਵੇਖ ਕੇ ਅਤੇ ਲੋਕਾਂ ਨੂੰ ਅੱਗ ਵਿੱਚ ਸੜਦਿਆਂ ਵੇਖ ਕੇ ਗੁਰੂ ਨਾਨਕ ਦੇਵ ਜੀ ਦੀ ਰੂਹ ਕੁਰਲਾ ਉੱਠੀ। ਅਜਿਹੇ ਸਮੇਂ ਉਹ ਬੜੇ ਹਿਰਦੇਵੇਦਕ ਸ਼ਬਦਾਂ ਵਿੱਚ ਉਸ ਪਰਮ ਪਿਤਾ ਪਰਮਾਤਮਾ ਨੂੰ ਵੀ ਉਲਾਂਭਾ ਦੇਣ ਤੋਂ ਗ਼ੁਰੇਜ਼ ਨਹੀਂ ਕਰਦੇ:

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ।।
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।।
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ।।”

ਅੱਜ ਸਾਡੇ ਮੁਲਕ ਵਿੱਚ ਮਜ਼੍ਹਬ ਦੇ ਨਾਂ ਉੱਤੇ, ਜਾਤੀ ਦੇ ਨਾਂ ਉੱਤੇ, ਭਾਸ਼ਾ ਦੇ ਨਾਂ ਉੱਤੇ ਜ਼ਹਿਰ ਘੋਲਿਆ ਜਾ ਰਿਹਾ ਹੈ। ਜੰਗਲ ਦੀ ਇਸ ਅੱਗ ਤੋਂ ਬਚ ਪਾਉਣਾ ਬਹੁਤ ਮੁਸ਼ਿਕਲ ਹੋ ਗਿਆ ਹੈ। ਪਰੰਤੂ ਜੇਕਰ ਅਸੀਂ ਸਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸਿਧਾਂਤ “ਨ ਕੋਈ ਹਿੰਦੂ ਨ ਕੋਈ ਮੁਸਲਮਾਨ” ਦੇ ਪੈਗ਼ਾਮ ਦੀਆਂ ਮਸ਼ਾਲਾਂ ਬਾਲ ਕੇ ਨਿੱਕਲ਼ ਪਵਾਂਗੇ ਤਾਂ ਮੈਨੂੰ ਯਕੀਨ ਹੈ ਕਿ ਸਾਡੇ ਭਵਿੱਖ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ। ਗੁਰੂ ਸਾਹਿਬ ਆਪਣੇ ਇਸ ਵਾਕ ਵਿੱਚ ਸਾਨੂੰ ਸੁਨੇਹਾ ਲਾਉਂਦੇ ਹੋਏ ਆਖਦੇ ਹਨ ਕਿ ਜੇਕਰ ਕੋਈ ਹਿੰਦੂ ਹੈ ਤਾਂ ਉਹ ਪਹਿਲਾਂ ਸੱਚਾ ਅਤੇ ਨੇਕ ਹਿੰਦੂ ਬਣੇ। ਜੇਕਰ ਕੋਈ ਮੁਸਲਮਾਨ ਹੈ ਤਾਂ ਉਹ ਪਹਿਲਾਂ ਸੱਚਾ ਅਤੇ ਨੇਕ ਮੁਸਲਮਾਨ ਬਣੇ। ਜੇਕਰ ਕੋਈ ਸਿੱਖ ਹੈ ਤਾਂ ਉਹ ਪਹਿਲਾਂ ਸੱਚਾ ਸਿੱਖ ਬਣੇ। ਹਿੰਦੂ, ਮੁਸਲਮਾਨ ਅਤੇ ਸਿੱਖ ਬਣਨ ਤੋਂ ਪਹਿਲਾਂ ਸਾਨੂੰ ਸੱਚੇ ਸੁੱਚੇ ਨੇਕ ਇਨਸਾਨ ਬਣਨ ਦੀ ਜ਼ਰੂਰਤ ਹੈ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਬਾਬਾ ਮਰਦਾਨਾ ਜੀ ਨਾਲ ਸੰਬੰਧਿਤ ਇੱਕ ਕਥਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਮਰਦਾਨਾ ਜੀ ਦਾ ਅੰਤਿਮ ਸਮਾਂ ਨੇੜੇ ਆ ਗਿਆ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉਨ੍ਹਾਂ ਨੂੰ ਕਿਹਾ, “ਭਾਈ ਮਰਦਾਨਿਆ, ਤੂੰ ਬਹੁਤ ਲੰਮਾ ਸਮਾਂ ਮੇਰੀ ਸੇਵਾ ਕੀਤੀ ਹੈ। ਮੈਂ ਤੇਰੀ ਸੇਵਾ ਤੋਂ ਬਹੁਤ ਖ਼ੁਸ਼ ਹਾਂ। ਮੈਂ ਤੈਨੂੰ ਕੁਝ ਦੇਣਾ ਚਾਹੁੰਦਾ ਹਾਂ। ਤੂੰ ਮੇਰੇ ਕੋਲੋਂ ਕੁਝ ਮੰਗ ਲੈ।”

ਕਹਿੰਦੇ ਹਨ ਕਿ ਬਾਬਾ ਮਰਦਾਨਾ ਨੇ ਹੱਥ ਜੋੜ ਕੇ ਬੇਨਤੀ ਕੀਤੀ, “ਹੇ ਸੱਚੇ ਪਾਤਸ਼ਾਹ! ਮੈਨੂੰ ਕੁਝ ਨਹੀਂ ਚਾਹੀਦਾ। ਤੁਸੀਂ ਮੈਨੂੰ ਇੰਨਾ ਲੰਮਾ ਸਮਾਂ ਆਪਣੇ ਸੰਗ ਰੱਖਿਆ। ਮੇਰੇ ਲਈ ਇਹੀ ਬਹੁਤ ਵੱਡਾ ਪੁਰਸਕਾਰ ਹੈ। ਇਸ ਲਈ ਮੈਨੂੰ ਹੋਰ ਕੁਝ ਨਹੀਂ ਚਾਹੀਦਾ।”

ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਦੂਜੀ ਵਾਰੀ ਕੁਝ ਮੰਗਣ ਲਈ ਕਿਹਾ। ਪਰੰਤੂ ਬਾਬਾ ਮਰਦਾਨਾ ਨੇ ਦੂਜੀ ਵਾਰੀ ਵੀ ਕੁਝ ਵੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਤੀਜੀ ਵਾਰੀ ਭਾਈ ਮਰਦਾਨੇ ਨੂੰ ਕੁਝ ਮੰਗਣ ਲਈ ਜ਼ੋਰ ਪਾਇਆ ਤਾਂ ਬਾਬਾ ਮਰਦਾਨਾ ਜੀ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਬੇਨਤੀ ਕੀਤੀ, “ਹੇ ਬਾਬਾ ਨਾਨਕ! ਜੇਕਰ ਤੁਸੀਂ ਮੈਨੂੰ ਕੁਝ ਦੇਣਾ ਹੀ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਕੋਲੋਂ ਇੱਕੋ ਵਰ ਮੰਗਦਾ ਹਾਂ ਕਿ ਮੇਰੀ ਤੁਹਾਡੇ ਨਾਲ ਨਿੱਭ ਜਾਏ!”

ਹੁਣ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਮਰਦਾਨਾ ਦੇ ਆਪਸੀ ਸੰਬੰਧਾਂ ਉੱਤੇ ਨਜ਼ਰ ਮਾਰਦੇ ਹਾਂ ਤਾਂ ਸਾਰੇ ਇਤਿਹਾਸ ਵਿੱਚ ਕਿਤੇ ਵੀ ਦਰਜ ਨਹੀਂ ਹੈ ਕਿ ਇਨ੍ਹਾਂ ਦੋਵਾਂ ਮਹਾਂਪੁਰਸ਼ਾਂ ਵਿੱਚ ਕਦੀ ਕਿਸੇ ਗੱਲ ਨੂੰ ਲੈ ਕੇ ਕੋਈ ਮਨ-ਮੁਟਾਵ ਹੋਇਆ ਹੋਵੇ, ਕੋਈ ਤਕਰਾਰ ਹੋਈ ਹੋਵੇ, ਕੋਈ ਗਿਲ੍ਹਾ-ਸ਼ਿਕਵਾ ਹੋਇਆ ਹੋਵੇ। ਸੋ ਬਾਬਾ ਮਰਦਾਨਾ ਦੀ ਤਾਂ ਗੁਰੂ ਨਾਨਕ ਦੇਵ ਜੀ ਨਾਲ ਪਹਿਲਾਂ ਹੀ ਨਿੱਭ ਗਈ ਹੈ। ਅਸਲ ਵਿੱਚ ਬਾਬਾ ਮਰਦਾਨਾ ਜੀ ਨੇ ਗੁਰੂ ਜੀ ਤੋਂ ਇਹ ਵਰ ਮੰਗਿਆ ਸੀ ਕਿ ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨਣ ਵਾਲਿਆਂ ਅਤੇ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲਿਆਂ ਦੀ ਹਮੇਸ਼ਾ-ਹਮੇਸ਼ਾ ਲਈ ਨਿੱਭ ਜਾਏ। ਉਨ੍ਹਾਂ ਵਿੱਚ ਪਿਆਰ, ਮੁਹੱਬਤ ਅਤੇ ਮਾਨਵੀ ਸਾਂਝ ਦ੍ਰਿੜ੍ਹ ਹੋਵੇ। ਉਹ ਹਮੇਸ਼ਾ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਰਹਿਣ।

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਹਰੇਕ ਮਨੁੱਖ ਨੂੰ ਨਿਮਰਤਾ, ਹਲੀਮੀ, ਮਿਠਾਸ, ਸ਼ਾਂਤੀ ਅਤੇ ਸਹਿਜਤਾ ਜਿਹੇ ਗੁਣਾਂ ਦੇ ਧਾਰਨੀ ਹੋਣ ਦਾ ਸੁਨੇਹਾ ਦਿੱਤਾ ਹੈ। ਉਹ ਆਪਣੀ ਰਚਨਾ ਵਿੱਚ ਦਰਜ ਕਰਦੇ ਹਨ:

ਸਿੰਮਲ ਰੁੱਖ ਸਰਾਇਰਾ ਅਤਿ ਦੀਰਘ ਅਤਿ ਮੁੱਚ।
ਓਏ ਜੇ ਆਵੈ ਆਸ ਕਰ ਜਾਇ ਨਿਰਾਸਾ ਕਿਤ।
ਫ਼ਲ ਫ਼ਿੱਕੇ ਫ਼ੁੱਲ ਬਕਬਕੇ ਕੰਮਿ ਨਾ ਆਵੇ ਪਤਿ।
ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ।।”

ਮੇਰੀ ਦਿਲੀ ਦੁਆ ਹੈ ਕਿ ਅਸੀਂ ਸਾਰੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਚਾਰਧਾਰਾ ਨੂੰ ਅਪਣਾਉਂਦੇ ਹੋਏ ਇੱਕ ਅਜਿਹੇ ਸੋਹਣੇ ਸਮਾਜ ਦੀ ਸਿਰਜਣਾ ਕਰਨ ਵੱਲ ਵਧੀਏ, ਜਿੱਥੇ ਸਾਂਝੀਵਾਲਤਾ ਦੀ ਗੱਲ ਹੋਵੇ। ਕੋਈ ਊਚ-ਨੀਚ ਅਤੇ ਭਿੰਨ-ਭੇਦ ਨਾ ਹੋਵੇ। ਸਾਰੇ ਮਨੁੱਖ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਰਹਿਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Dr. Iqbal S Sakrodi

Dr. Iqbal S Sakrodi

Sangrur, Punjab, India.
WhatsApp: (91 - 84276 - 85020)

Email: (dr.iqbalsingh1962@gmail.com)