“ਮੇਰੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂਬਰ ਜਥੇਦਾਰ ਅਮਰ ਸਿੰਘ ਘਣੂਪੁਰ ਖੜ੍ਹੇ ਸਨ, ਜਿਉਂ ਹੀ ...”
(26 ਅਕਤੂਬਰ 2025)
ਪਿਛਲੀ ਸਦੀ ਦੇ ਵਿਲੱਖਣ ਸਿੱਖ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦਾ ਸ਼ਹੀਦੀ ਦਿਹਾੜਾ 27 ਅਕਤੂਬਰ ਨੂੰ ਹੁੰਦਾ ਹੈ, ਜਿਸ ਨੂੰ ਆਮ ਤੌਰ ’ਤੇ ਉਨ੍ਹਾਂ ਦੇ ਜਿਗਰੀ ਦੋਸਤ ਜਥੇਦਾਰ ਸੋਹਣ ਸਿੰਘ ਜਲਾਲ ਉਸਮਾ ਵੱਲੋਂ ਸਥਾਪਿਤ ਕੀਤੇ ਗਏ “ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟ੍ਰਸਟ, ਰਈਆ” ਜਾਂ ਇੱਕ ਦੋ ਹੋਰ ਸਥਾਨਿਕ ਗੁਰਦੁਆਰਾ ਸਾਹਿਬ ਤੋਂ ਇਲਾਵਾ ਪੰਜਾਬ ਦੀ ਕਿਸੇ ਹੋਰ ਸਿਆਸੀ ਪਾਰਟੀ ਵੱਲੋਂ ਨਹੀਂ ਮਨਾਇਆ ਜਾਂਦਾ, ਭਾਵੇਂ ਕਿ ਉਨ੍ਹਾਂ ਨੇ “ਸਿੱਖ ਅਰਦਾਸ” ਦੀ ਮਹਾਨਤਾ ਨੂੰ ਸਿਰੜ ਨਾਲ ਉਜਾਗਰ ਕਰਨ ਲਈ ਅਤੇ ਪੰਜਾਬ ਦੀਆਂ ਅਤਿ ਅਹਿਮ ਅਤੇ ਹੱਕੀ ਮੰਗਾਂ ਦੀ ਪੂਰਤੀ ਲਈ 74 ਦਿਨ ਭੁੱਖੇ ਰਹਿ ਕੇ ਆਪਣੇ ਪ੍ਰਾਣ ਨਿਸ਼ਾਵਰ ਕਰ ਦਿੱਤੇ।
ਮਰਨ ਵਰਤ ਕਿਉਂ ਰੱਖਿਆ?
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿੰਘ ਨੇ ਸੰਨ 1961 ਵਿੱਚ ਪੰਜਾਬੀ ਭਾਸ਼ੀ ਸੂਬਾ ਬਣਾਉਣ ਦੀ ਮੰਗ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤਕ ਉਹ ਮਰਨ ਵਰਤ ਜਾਰੀ ਰੱਖਣਗੇ। ਇਸ ਐਲਾਨ ਨੇ ਕੇਂਦਰ ਸਰਕਾਰ ਨੂੰ ਭਾਜੜਾਂ ਪਾ ਦਿੱਤੀਆਂ। ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਘੋਖਣ ਦਾ ਭਰੋਸਾ ਦਿੱਤਾ। ਇਸ ਭਰੋਸੇ ਨੂੰ ਲੈ ਕੇ ਮਾਸਟਰ ਤਾਰਾ ਸਿੰਘ ਨੇ ਸੰਤ ਫਤਿਹ ਸਿੰਘ ਦੇ ਹੱਥੋਂ ਜੂਸ ਦਾ ਗਿਲਾਸ ਪੀ ਕੇ 48 ਦਿਨਾਂ ਮਗਰੋਂ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ। ਪਰ ਅਕਾਲੀ ਦਲ ਨਾਲ ਜੁੜੇ ਜ਼ਿਆਦਾਤਰ ਲੋਕ ਇਸ ਫੈਸਲੇ ਤੋਂ ਨਰਾਜ਼ ਹੋ ਗਏ। ਮਾਸਟਰ ਤਾਰਾ ਸਿੰਘ ਤੋਂ ਪਿੱਛੋਂ 1965 ਵਿੱਚ ਕਿ ਸੰਤ ਫਤਿਹ ਸਿੰਘ ਨੇ ਵੀ ਮਰਨ ਵਰਤ ਸ਼ੁਰੂ ਕਰ ਦਿੱਤਾ ਪਰ ਭਾਰਤ ਅਤੇ ਪਾਕਿਸਤਾਨ ਜੰਗ ਸ਼ੁਰੁ ਹੋ ਜਾਣ ’ਤੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਦੀ ਅਪੀਲ ਉਪਰੰਤ ਉਨ੍ਹਾਂ ਵੀ ਮਰਨ ਵਰਤ ਛੱਡ ਦਿੱਤਾ।
ਸ੍ਰੀ ਮਤੀ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਬਣਦਿਆਂ ਹੀ ਅਕਤੂਬਰ 1966 ਵਿੱਚ ਪੰਜਾਬੀ ਸੂਬਾ ਬਣਾਉਣ ਦਾ ਐਲਾਨ ਕਰ ਦਿੱਤਾ। ਪੰਜਾਬੀ ਸੂਬਾ ਐਕਟ ਬਣਾਉਣ ਸਮੇਂ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਕਈ ਪੰਜਾਬੀ ਬੋਲਦੇ ਇਲਾਕੇ ਨਵੇਂ ਹੋਂਦ ਵਿੱਚ ਆਏ ਹਿਮਾਚਲ ਅਤੇ ਹਰਿਆਣੇ ਵਿੱਚ ਸ਼ਾਮਲ ਕਰ ਦਿੱਤੇ। ਚੰਡੀਗੜ੍ਹ ਅਤੇ ਭਾਖੜਾ ਡੈਮ ਦਾ ਪ੍ਰਬੰਧ ਕੇਂਦਰੀ ਸਰਕਾਰ ਨੇ ਆਪਣੇ ਕੋਲ ਰੱਖ ਲਿਆ ਅਤੇ ਦਰਿਆਈ ਪਾਣੀਆਂ ਦੀ ਵੀ ਕਾਣੀ ਵੰਡ ਕਰ ਦਿੱਤੀ।
ਲੰਗੜਾ ਪੰਜਾਬੀ ਸੂਬਾ ਹੋਂਦ ਵਿੱਚ ਆਉਣ ਪਿੱਛੋਂ ਜਦੋਂ ਹਰ ਪਾਸਿਓਂ ਫਿਟਕਾਰਾਂ ਪੈਣ ਲੱਗੀਆਂ ਤਾਂ ਸੰਤ ਫਤਹਿ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਲਗਦੇ ਕਮਰੇ ਉੱਪਰ ਅਗਨ-ਕੁੰਡ ਬਣਾ ਲਏ ਅਤੇ 17 ਦਸੰਬਰ 1966 ਨੂੰ ਮਰਨ ਵਰਤ ਸ਼ੁਰੂ ਕਰ ਦਿੱਤਾ ਤੇ ਸਰਕਾਰ ਨੂੰ ਇਹ ਅਲਟੀਮੇਟਮ ਦੇ ਦਿੱਤਾ ਕਿ ਜੇ ਦਸ ਦਿਨਾਂ ਦੇ ਅੰਦਰ-ਅੰਦਰ ਪੰਜਾਬੀ ਸੂਬੇ ਨੂੰ ਮੁਕੰਮਲ ਕਰਨ ਦੀ ਮੰਗ ਨਾ ਮੰਨੀ ਗਈ ਤਾਂ ਉਹ ਅਗਨ ਕੁੰਡ ਵਿੱਚ ਬੈਠ ਕੇ ਸੜ ਮਰਨਗੇ। ਉਨ੍ਹਾਂ ਦੇ ਇਸ ਐਲਾਨ ਪਿੱਛੋਂ ਸੰਤ ਚੰਨਣ ਸਿੰਘ, ਜਥੇਦਾਰ ਭਾਗ ਸਿੰਘ ਜੈਦ, ਜਥੇਦਾਰ ਪ੍ਰੀਤਮ ਸਿੰਘ ਸ਼ਰੀਂਹ, ਸ. ਜਗੀਰ ਸਿੰਘ ਫੱਗੂਵਾਲ ਅਤੇ ਜਥੇਦਾਰ ਜਗੀਰ ਸਿੰਘ ਪੂਲੇ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਸੰਤ ਫਤਹਿ ਸਿੰਘ ਤੋਂ ਅਗਲੇ ਦਿਨ ਸੜ ਮਰਨਗੇ।
ਪੰਜਾਬ ਵਿਧਾਨ ਸਭਾ ਤੋਂ ਆਜ਼ਾਦ ਜਿੱਤਿਆ ਸ. ਹਜ਼ਾਰਾ ਸਿੰਘ ਗਿੱਲ ਆਪਣੇ ਸਾਥੀਆਂ ਨੂੰ ਲੈ ਕੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਨ ਨੇੜੇ ਮਰਨ ਵਰਤ ’ਤੇ ਬੈਠ ਗਿਆ ਅਤੇ ਐਲਾਨ ਕਰ ਦਿੱਤਾ ਕਿ ਪੰਜਾਬੀ ਸੂਬੇ ਨੂੰ ਮੁਕੰਮਲ ਕਰਵਾਏ ਬਿਨਾਂ ਸੰਤ ਫਤਿਹ ਸਿੰਘ ਅਤੇ ਉਸਦੇ ਸਾਥੀਆਂ ਨੂੰ ਮਰਨ ਵਰਤ ਛੱਡ ਕੇ ਭੱਜਣ ਨਹੀਂ ਦੇਣਾ।
ਆਖ਼ਰਕਾਰ ਸੜ ਮਰਨ ਦਾ ਦਿਨ ਆ ਗਿਆ। ਨੀਯਤ ਸਮਾਂ ਲੰਘ ਗਿਆ। ਦੁਪਹਿਰ ਦੇ ਢਾਈ ਵੱਜ ਚੁੱਕੇ ਸਨ ਕਿ ਇੱਕ ਹਵਾਈ ਜਹਾਜ਼ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉੱਪਰੋਂ ਦੀ ਲੰਘਿਆ। ਅਕਾਲੀਆਂ ਦੇ ਮੁਰਝਾਏ ਚਿਹਰੇ ਖਿੜ ਗਏ। ਹਰ ਪਾਸਿਓਂ ‘ਸ. ਹੁਕਮ ਸਿੰਘ ਆ ਗਿਆ, ਸ. ਹੁਕਮ ਸਿੰਘ ਆ ਗਿਆ’ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਕੋਈ ਅੱਧੇ ਘੰਟੇ ਪਿੱਛੋਂ ਸ. ਹੁਕਮ ਸਿੰਘ ਆਏ, ਜੋ ਉਸ ਵੇਲੇ ਲੋਕ ਸਭਾ ਦੇ ਸਪੀਕਰ ਸਨ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੂਜੀ ਮੰਜ਼ਲ ’ਤੇ ਚੜ੍ਹ ਗਏ ਅਤੇ ਸੰਤ ਫਤਹਿ ਸਿੰਘ ਨਾਲ ਮਿਲਣ ਉਪਰੰਤ ਅਕਾਲ ਤਖ਼ਤ ਸਾਹਿਬ ’ਤੇ ਖਲੋ ਕੇ ਕਿਹਾ ਕਿ ਭਾਰਤ ਸਰਕਾਰ ਨੇ ਅਕਾਲੀ ਦਲ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ, ਜਿਨ੍ਹਾਂ ਦਾ ਵਿਸਤਾਰ ਮਗਰੋਂ ਦੱਸਿਆ ਜਾਵੇਗਾ। ਇਸ ਐਲਾਨ ਦੀ ਢਿੱਲ ਸੀ ਕਿ ਸੰਤ ਫਤਹਿ ਸਿੰਘ ਨੇ ਜੂਸ ਦਾ ਗਿਲਾਸ ਗੱਟ-ਗੱਟ ਕਰਕੇ ਪੀ ਲਿਆ। ਜਿੱਤ ਦੇ ਜੈਕਾਰੇ ਗੂੰਜਣ ਲੱਗੇ। ਸ. ਹਜ਼ਾਰਾ ਸਿੰਘ ਗਿੱਲ ਤੇ ਉਸਦੇ ਸਾਥੀਆਂ ਨੇ ਬਹੁਤ ਰੌਲਾ ਪਾਇਆ ਕਿ ਕੌਮ ਨਾਲ ਠੱਗੀ ਹੋਣ ਲੱਗੀ ਹੈ ਪਰ ਅਕਾਲੀਆਂ ਦੀ ਬੁਰਛਾਗਰਦੀ ਅੱਗੇ ਉਹ ਬਹੁਤੀ ਦੇਰ ਟਿਕ ਨਾ ਸਕੇ।
ਇਸ ਮੌਕੇ ਇਹ ਲੇਖਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਦਫਤਰ ਦੇ ਬਾਹਰ ਸਾਰਾ ਦ੍ਰਿਸ਼ ਦੇਖ ਰਿਹਾ ਸੀ। ਮੇਰੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂਬਰ ਜਥੇਦਾਰ ਅਮਰ ਸਿੰਘ ਘਣੂਪੁਰ ਖੜ੍ਹੇ ਸਨ, ਜਿਉਂ ਹੀ ਐਲਾਨ ਹੋਇਆ ਕਿ ਸੰਤ ਫਤਹਿ ਸਿੰਘ ਨੇ ਮਰਨ ਵਰਤ ਛੱਡ ਦਿੱਤਾ ਹੈ, ਸਾਡੇ ਨਜ਼ਦੀਕ ਸੰਤ ਫਤਹਿ ਸਿੰਘ ਦੀ ਵੱਡੀ ਸਾਰੀ ਰੰਗਦਾਰ ਤਸਵੀਰ ਲੱਗੀ ਹੋਈ ਸੀ, ਘਣੂਪੁਰ ਸਾਹਿਬ ਨੇ ਛਿੱਤਰ ਲਾਹ ਕੇ ਜ਼ੋਰ ਦੀ ਮਾਰਿਆ ਤੇ ਨਾਲ ਹੀ ਕਿਹਾ, “ਲਾਹਨਤ ਹੈ ਐਸੇ ਸਾਧ ਨੂੰ।” ਫੋਟੋ ਫੱਟ ਗਈ।
ਫੇਰੂਮਾਨ ਜੀ ਵੱਲੋਂ ਪਹਿਲੀ ਅਗਸਤ 1969 ਨੂੰ ਰਈਆ ਵਿਖੇ ਇੱਕ ਕਾਨਫਰੰਸ ਰੱਖ ਕੇ ਐਲਾਨ ਕੀਤਾ ਗਿਆ ਕਿ ਉਹ 15 ਅਗਸਤ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਅਰਦਾਸ ਕਰਨਗੇ, ਜਿਹੜੀ ਸੰਤ ਫਤਹਿ ਸਿੰਘ ਤੇ ਉਸਦੇ ਸਾਥੀਆਂ ਨੇ ਕਈ ਵਾਰ ਕਾਇਰਾਂ ਵਾਂਗ ਤੋੜੀ ਹੈ ਤੇ ਇਸ ਉਪਰੰਤ ਉਹ ਮਰਨ ਵਰਤ ਸ਼ੁਰੂ ਕਰਨਗੇ। ਜਾਂ ਤਾਂ ਅਰਦਾਸ ਪੂਰੀ ਹੋਵੇਗੀ ਜਾਂ ਆਪ ਆਪਣੀ ਜਾਨ ਉੱਤੇ ਖੇਡ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਉਹ ਮਰਨ ਵਰਤ ਸ਼ੁਰੂ ਕਰਨ ਤਾਂ ਕੋਈ ਵੀ ਨਾ ਤਾਂ ਅਮਨ ਭੰਗ ਕਰੇ ਅਤੇ ਨਾ ਹੀ ਕਿਸੇ ਸਰਕਾਰੀ ਜਾਇਦਾਦ ਦਾ ਨੁਕਸਾਨ ਕਰੇ।
ਪਰ 9 ਅਗਸਤ 1969 ਨੂੰ ਇੱਕ ਸਧਾਰਨ ਜਿਹੇ ਬੰਦੇ ਗੁਰਦਿੱਤ ਸਿੰਘ ਵੱਲੋਂ ਬਿਆਸ ਥਾਣੇ ਵਿੱਚ ਲਿਖਵਾਈ ਰਪਟ ਦੇ ਆਧਾਰ ’ਤੇ ਪੁਲੀਸ ਨੇ ਉਨ੍ਹਾਂ ਵਿਰੁੱਧ ਦਫ਼ਾ 9 ਅਧੀਨ ਕੇਸ ਦਰਜ ਕਰ ਲਿਆ ਅਤੇ 12 ਅਤੇ 13 ਅਗਸਤ ਦੀ ਰਾਤ ਨੂੰ ਪੰਜਾਬ ਸਿਕਿਓਰਿਟੀ ਐਕਟ ਦੀ ਦਫ਼ਾ 9 ਅਧੀਨ ਘਰੋਂ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਕਰ ਦਿੱਤਾ।
ਦਰਸ਼ਨ ਸਿੰਘ ਫੇਰੂਮਾਨ ਨੇ 15 ਅਗਸਤ ਨੂੰ ਜੇਲ੍ਹ ਵਿੱਚ ਹੀ ਅਰਦਾਸ ਕਰਕੇ ਮਰਨ ਵਰਤ ਸ਼ੁਰੂ ਕਰ ਦਿੱਤਾ। ਦਿਨੋ ਦਿਨ ਵਿਗੜ ਰਹੀ ਹਾਲਤ ਕਾਰਨ ਉਨ੍ਹਾਂ ਨੂੰ ਗੁਰੂ ਤੇਗ਼ ਬਹਾਦਰ ਹਸਪਤਾਲ ਦੇ ਫੈਮਿਲੀ ਵਾਰਡ ਦੇ ਕਮਰਾ 13 ਵਿੱਚ ਲਿਆਂਦਾ ਗਿਆ। ਭਾਵੇਂ ਸਰਕਾਰ ਨੇ ਉਨ੍ਹਾਂ ਦੀ ਰਿਹਾਈ ਦਾ ਹੁਕਮ ਦੇ ਦਿੱਤਾ ਸੀ ਪਰ ਉਹ ਪੁਲੀਸ ਦੀ ਨਿਗਰਾਨੀ ਹੇਠ ਹੀ ਰਹੇ। ਕਿਸੇ ਵੀ ਆਮ ਆਦਮੀ ਨੂੰ ਉਨ੍ਹਾਂ ਨੂੰ ਮਿਲਣ ਦੀ ਆਗਿਆ ਨਹੀਂ ਸੀ ਦਿੱਤੀ ਜਾਂਦੀ ਸੀ। 27 ਅਕਤੂਬਰ 1969 ਦੀ ਸ਼ਾਮ ਦੇ ਸਾਢੇ ਤਿੰਨ ਵਜੇ 74 ਦਿਨਾਂ ਦੇ ਮਰਨ ਵਰਤ ਉਪਰੰਤ ਉਨ੍ਹਾਂ ਨੇ ਅੰਤਿਮ ਸਵਾਸ ਲਿਆ ਅਤੇ ਉਨ੍ਹਾਂ ਦੀ ਆਤਮਾ ਗੁਰੂ ਚਰਨਾਂ ਵਿੱਚ ਜਾ ਬਿਰਾਜੀ। ਇਸ ਤਰ੍ਹਾਂ ਉਨ੍ਹਾਂ ਨੇ ਸਿੱਖਾਂ ਵਾਲੀ ਮਹਾਨ ਸ਼ਹੀਦਾਂ ਦੀ ਪਦਵੀ ਪ੍ਰਾਪਤ ਕੀਤੀ।
ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਪਹਿਲੀ ਅਗਸਤ 1969 ਨੂੰ ਇੱਕ ਵਸੀਹਤ ਕੀਤੀ ਸੀ, ਜਿਸਦੀ ਲਿਖਤ ਅਜੇ ਮੌਜੂਦ ਹੈ। ਉਹਨਾਂ ਦੀ ਆਵਾਜ਼ ਵਿੱਚ ਰੀਕਾਰਡ ਵੀ ਕੀਤੀ ਹੋਈ ਹੈ, ਜਿਸਦੇ ਪ੍ਰਤੀਕਰਮ ਵਜੋਂ ਸ਼੍ਰੋਮਣੀ ਵਿਦਵਾਨ ਸ. ਕਪੂਰ ਸਿੰਘ ਨੇ ਜੋ ਲਿਖਿਆ, “ਸ. ਦਰਸ਼ਨ ਸਿੰਘ ਫੇਰੂਮਾਨ ਨੇ ਇਸ ਲਈ ਸ਼ਹਾਦਤ ਦਿੱਤੀ ਸੀ ਕਿ ਉਹ ਕਾਲਖ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਜਿਊਂਦੇ ਸੜ ਮਰਨ ਦੇ ਅਰਦਾਸੇ ਭੰਗ ਕਰਕੇ ਕਾਇਰ, ਦੰਭੀ, ਗੁਰੂ ਤੋਂ ਬੇਮੁੱਖ ਅਤੇ ਪੰਥ ਦੇ ਅਖੌਤੀ ਭਗ਼ੌੜੇ ਲੀਡਰਾਂ ਹਨ, ਪੰਥ ਦੇ ਉੱਜਲ ਮੁੱਖ ਉੱਤੇ ਮਲੀ ਹੈ, ਉਹ ਧੋਤੀ ਜਾਵੇ। ਉਹਨਾਂ ਨੇ ਆਪਣਾ ਬਲੀਦਾਨ ਕੀਤਾ ਤਾਂ ਜੋ ਜਿਹੜੇ ਝੂਠੇ ਦਾਅਵੇ ਅਖੌਤੀ ਸਿੱਖ ਲੀਡਰਾਂ ਨੇ ਚੰਡੀਗੜ੍ਹ ਅਤੇ ਭਾਖੜਾ ਨੂੰ ਪੰਜਾਬ ਵਿੱਚ ਸ਼ਾਮਲ ਕਰਾਉਣ ਲਈ ਕੀਤੇ ਸਨ, ਉਹਨਾਂ ਬਚਨਾਂ ਉੱਤੇ ਮੁੜ ਪਹਿਰਾ ਦੇ ਕੇ ਉਹ ਪੂਰੇ ਕੀਤੇ ਜਾਣ। ਸ. ਦਰਸ਼ਨ ਸਿੰਘ ਫੇਰੂਮਾਨ ਨੇ ਮਹਾਨ ਕੁਰਬਾਨੀ ਇਸ ਲਈ ਕੀਤੀ ਸੀ ਤਾਂ ਜੋ ਉਹਨਾਂ ਕਾਇਰ, ਦੰਭੀ ਅਤੇ ਪੰਥ ਦੇ ਗੱਦਾਰ, ਜਿਨ੍ਹਾਂ ਨੇ ਜਿਊਂਦੇ ਸੜ ਮਰਨ ਦਾ ਅਰਦਾਸਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛੱਤ ਉੱਤੇ ਅਗਨੀ ਕੁੰਡ ਬਣਾਏ ਹਨ ਅਤੇ ਮੌਤ ਤੋਂ ਡਰਦੇ ਗਿੱਦੜਾਂ ਵਾਂਗ ਭੱਜ ਗਏ ਹਨ ਅਤੇ ਇਉਂ ਪੰਥ ਦੇ ਅਦ੍ਰਿਸ਼ਟ, ਦਿੱਬ ਗੁਰੂ ਨਾਲ ਪੀਡੇ ਰਿਸ਼ਤੇ ਨੂੰ ਕਮਜ਼ੋਰ ਕੀਤਾ ਹੈ, ਉਹ ਰਿਸ਼ਤਾ ਮੁੜ ਸੁਰਜੀਤ ਕੀਤਾ ਜਾਵੇ। ਇਹ ਸ਼ਹਾਦਤ ਸਿੱਖ ਹੋਮਲੈਂਡ ਦੀ ਸਥਾਪਤੀ ਅਤੇ ਆਜ਼ਾਦ ਪੰਥ ਆਜ਼ਾਦ ਹਿੰਦੁਸਤਾਨ ਵਿੱਚ ਪ੍ਰਾਪਤ ਕਰਨ ਲਈ ਕੀਤੀ ਗਈ ਹੈ।”
ਸ. ਫੇਰੂਮਾਨ ਦੀ ਸ਼ਹਾਦਤ ਤੋਂ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੁਣੇ ਗਏ। ਜਥੇਦਾਰ ਤੁੜ ਨੇ ਅਕਾਲੀ ਦਲ ਦਾ ਨਵਾਂ ਪਾਲਸੀ ਪ੍ਰੋਗਰਾਮ ਤਿਆਰ ਕਰਨ ਲਈ ਸ. ਕਪੂਰ ਸਿੰਘ ਆਈ ਸੀ ਐੱਸ ਦੀ ਸਰਪ੍ਰਸਤੀ ਹੇਠ ਇੱਕ ਸੱਤ ਮੈਂਬਰੀ ਸਬ ਕਮੇਟੀ ਬਣਾ ਦਿੱਤੀ, ਜਿਸਨੇ ਇੱਕ ਖਰੜਾ ਤਿਆਰ ਕੀਤਾ ਜੋ ਅਨੰਦਪੁਰ ਸਾਹਿਬ ਦੇ ਮਤੇ ਦੇ ਨਾਂ ਨਾਲ ਪ੍ਰਸਿੱਧ ਹੋਇਆ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ 16-17 ਅਕਤੂਬਰ 1973 ਨੂੰ ਸ੍ਰੀ ਅਨੰਦਪੁਰ ਸਾਹਿਬ ਇਕੱਤਰਤਾ ਵਿੱਚ ਪ੍ਰਵਾਨ ਕੀਤਾ ਗਿਆ। 28 ਅਗਸਤ 1977 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਏ ਜਨਰਲ ਅਜਲਾਸ ਵਿੱਚ ਇਸ ਨੂੰ ਪ੍ਰਵਾਨ ਕੀਤਾ ਗਿਆ ਅਤੇ ਜਿਸ ਨੂੰ 28, 29 ਅਕਤੂਬਰ1978 ਦੀ ਲੁਧਿਆਣਾ ਕਾਨਫਰੰਸ ਨੇ ਮੋਹਰ ਲਾਈ ਅਤੇ 20 ਅਗਸਤ 1980 ਦੇ ਅਕਾਲੀ ਦਲ ਦੇ ਜਨਰਲ ਅਜਲਾਸ ਨੇ ਪ੍ਰਵਾਨ ਕੀਤਾ। ਸ. ਭਾਨ ਸਿੰਘ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਖ਼ੁਦ ਛਪਵਾਇਆ ਹੈ ਤੇ ਲਾਗ ਕਰਨ ਲਈ ਭਾਰਤ ਸਰਕਾਰ ਨੂੰ ਭੇਜਿਆ ਗਿਆ। ਕੇਂਦਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ। ਇਸ ਨੂੰ ਲਾਗੂ ਕਰਵਾਉਣ ਲਈ ਸ੍ਰੀ ਅਕਾਲ ਸਾਹਿਬ ਤੋਂ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਗਿਆ। ਇਸ ਮੋਰਚੇ ਦਾ ਹਸ਼ਰ ਜੋ ਹੋਇਆ ਉਹ ਸਭ ਦੇ ਸਾਹਮਣੇ ਹੈ। ਜੇ ਇਸ ’ਤੇ ਅਮਲ ਕੀਤਾ ਜਾਂਦਾ ਤਾਂ ਨਾ ਤਾਂ ਪੰਜਾਬ ਦੀ ਜੋ ਹਾਲਤ ਹੋਈ ਹੈ, ਉਹ ਹੋਣੀ ਸੀ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਦੀ।
ਮੌਜੂਦਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਦਵਾਨਾਂ ਦੀ ਇੱਕ ਕਮੇਟੀ ਬਣਾ ਕੇ ਇਸ ਵਿਚਲੇ ਮੁੱਦਿਆਂ ਦਾ, ਜਿਨ੍ਹਾਂ ਦਾ ਕੇਂਦਰ ਸਰਕਾਰ ਨਾਲ ਸਬੰਧ ਹੈ, ਉਨ੍ਹਾਂ ਦੀ ਨਿਸ਼ਾਨਦੇਹੀ ਕਰਵਾਏ ਤੇ ਜਿਹੜੇ ਰਾਜ ਸਰਕਾਰ ਨਾਲ ਸਬੰਧਿਤ ਹਨ, ਉਨ੍ਹਾਂ ਦੀ ਵੱਖਰੀ ਨਿਸ਼ਾਨਦੇਹੀ ਕਰਵਾਏ। ਇਸ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਮੀਟੰਗ ਸੱਦ ਕੇ ਕੇਂਦਰ ਨਾਲ ਸਬੰਧਿਤ ਮੰਗਾਂ ਲਈ ਗੱਲਬਾਤ ਕੀਤੀ ਜਾਵੇ। ਜਿਹੜੇ ਮਸਲੇ ਪੰਜਾਬ ਸਰਕਾਰ ਨਾਲ ਸਬੰਧਿਤ ਹਨ, ਉਨ੍ਹਾਂ ’ਤੇ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਨੂੰ ਰਾਜ ਸਰਕਾਰ ਲਾਗੂ ਕਰੇ।
* * *
0019375739812 (ਅਮਰੀਕਾ), ਵਟਸਐਪ 91 94175 33060.
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (