“ਉਸ ਬੱਚੀ ਨੇ ਮੈਨੂੰ ਉਹ ਕਵਰ ਸੁੱਟਦੇ ਨੂੰ ਵੇਖ ਲਿਆ ਤੇ ਜਾ ਕੇ ਉਹ ਕਵਰ ਚੁੱਕ ਲਿਆ। ਮੈਂ ਵੇਖਦਾ ਰਿਹਾ ਕਿ ...”
(6 ਨਵੰਬਰ 2024)
ਜਦੋਂ ਤੁਸੀਂ ਅਮਰੀਕਾ ਆਉਂਦੇ ਹੋ, ਹਵਾਈ ਅੱਡੇ ਤੋਂ ਬਾਹਰ ਆਉਂਦਿਆਂ ਸਾਰ ਤੁਸੀਂ ਇੱਕ ਅਜੀਬ ਤਰ੍ਹਾਂ ਦੀ ਦੁਨੀਆਂ ਵੇਖਦੇ ਹੋ। ਸੜਕਾਂ ਉੱਪਰ ਸਿਵਾਏ ਐਂਬੂਲੈਂਸ ਦੇ ਕੋਈ ਵੀ ਗੱਡੀ ਹਾਰਨ ਮਾਰਦੀ ਨਹੀਂ ਵੇਖੋਗੇ। ਜਿਵੇਂ ਸਾਡੇ ਸਿਆਸਤਦਾਨ ਗੰਨਮੈਨ ਤੇ ਲਾਲ ਬੱਤੀਆਂ ਵਾਲੀਆਂ ਗੱਡੀਆਂ ਲਈ ਫਿਰਦੇ ਹਨ, ਉਹ ਵੀ ਨਹੀਂ ਵੇਖੋਗੇ। ਸਾਰੇ ਸਿਆਸਤਦਾਨ, ਵਿਧਾਇਕ, ਪਾਰਲੀਮੈਂਟ ਮੈਂਬਰ, ਮੰਤਰੀ, ਇੱਥੋਂ ਤਕ ਕਿ ਗਵਰਨਰ ਆਮ ਲੋਕਾਂ ਵਾਂਗ ਚਲਦੇ ਫਿਰਦੇ ਹਨ। ਉਨ੍ਹਾਂ ਦੀ ਗੱਡੀ ਉੱਪਰ ਕੋਈ ਵਿਸ਼ੇਸ਼ ਚਿੰਨ੍ਹ ਨਹੀਂ ਲੱਗਾ ਹੁੰਦਾ। ਰਾਸ਼ਟਰਪਤੀ ਦੀ ਹੀ ਕੇਵਲ ਸਕਿਉਰਟੀ ਹੈ, ਬਾਕੀਆਂ ਦੀ ਨਹੀਂ। ਇਸੇ ਤਰ੍ਹਾਂ ਕੈਨੇਡਾ ਵਿੱਚ ਕੇਵਲ ਪ੍ਰਧਾਨ ਮੰਤਰੀ ਦੀ ਹੀ ਸੀਕਿਊਰਟੀ ਹੈ। ਬਾਕੀ ਸਾਰੇ ਸਿਆਸਤਦਾਨ ਆਪਣੀ ਗੱਡੀ ਆਪ ਚਲਾਉਂਦੇ ਹਨ, ਕੋਈ ਉਨ੍ਹਾਂ ਨਾਲ ਗੰਨਮੈਨ ਨਹੀਂ ਹੁੰਦਾ। ਹਰੇਕ ਵਿਧਾਇਕ ਅਤੇ ਪਾਰਲੀਮੈਂਟ ਦਾ ਦਫ਼ਤਰ ਹੈ, ਜਿੱਥੇ ਉਹ ਬਕਾਇਦਾ ਬੈਠਦੇ ਹਨ। ਉਨ੍ਹਾਂ ਦੇ ਦਫ਼ਤਰ ਜਿਵੇਂ ਸਰਕਾਰੀ ਦਫ਼ਤਰ ਕੰਮ ਕਰਦੇ ਹਨ, ਉਸੇ ਤਰ੍ਹਾਂ ਇਨ੍ਹਾਂ ਦੀ ਕਾਰਜਪ੍ਰਣਾਲੀ ਹੈ। ਲੋਕ ਆਪਣੇ ਮਸਲੇ ਲੈ ਕੇ ਵਿਧਾਇਕਾਂ ਤੇ ਪਾਰਲੀਮੈਂਟ ਮੈਂਬਰਾਂ ਨੂੰ ਮਿਲਦੇ ਹਨ ਤੇ ਉਹ ਸੰਬੰਧਿਤ ਅਧਿਕਾਰੀਆਂ ਨੂੰ ਉਹਨਾਂ ਦੇ ਹੱਲ ਲਈ ਭੇਜਦੇ ਹਨ। ਸਾਡੇ ਫਿਲਮੀ ਕਲਾਕਾਰ ਬੰਬਈ ਤੋਂ ਪੰਜਾਬ ਆ ਕੇ ਚੋਣ ਲੜਦੇ ਹਨ ਤੇ ਜਿੱਤਣ ਤੋਂ ਬਾਅਦ ਉਹ ਪੰਜ ਸਾਲ ਲੱਭਦੇ ਨਹੀਂ।
ਇਨ੍ਹਾਂ ਮੁਲਕਾਂ ਵਿੱਚ ਤੁਹਾਨੂੰ ਕੋਈ ਅਵਾਰਾ ਕੁੱਤਾ ਨਹੀਂ ਵੇਖੋਗੇ, ਨਾ ਹੀ ਕਿਤੇ ਲਾਊਡ ਸਪੀਕਰ ਹੈ। ਪੁਲਿਸ ਵਾਲੇ ਇੰਨੇ ਚੰਗੀ ਹਨ ਕਿ 911 ਨੰਬਰ ’ਤੇ ਫੋਨ ਕਰੋ, ਉਹ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਹਨ।
ਹੁਣ ਅਸੀਂ ਹੱਡਬੀਤੀ ਵੱਲ ਆਉਂਦੇ ਹਾਂ। ਇੱਕ ਦਿਨ ਮੈਂ ਸੈਰ ਕਰ ਰਿਹਾ ਸੀ ਤਾਂ ਮੈਂ ਟਾਫ਼ੀ ਮੂੰਹ ਵਿੱਚ ਪਾ ਕੇ ਉਸ ਦਾ ਉਪਰ ਦਾ ਜਿਹੜਾ ਕਵਰ ਹੁੰਦਾ ਹੈ, ਉਹ ਮੈਂ ਫੁਟਪਾਥ ਦੇ ਨਾਲ ਲੱਗੇ ਘਾਹ ਉੱਪਰ ਸੁੱਟ ਦਿੱਤਾ। ਇੱਕ ਬਹੁਤ ਛੋਟੀ ਬੱਚੀ ਤਿੰਨ ਪਹੀਆਂ ਵਾਲਾ ਸਾਈਕਲ ਚਲਾ ਰਹੀ ਸੀ। ਉਸ ਬੱਚੀ ਨੇ ਮੈਨੂੰ ਉਹ ਕਵਰ ਸੁੱਟਦੇ ਨੂੰ ਵੇਖ ਲਿਆ ਤੇ ਜਾ ਕੇ ਉਹ ਕਵਰ ਚੁੱਕ ਲਿਆ। ਮੈਂ ਵੇਖਦਾ ਰਿਹਾ ਕਿ ਉਹ ਬੱਚੀ ਉਸ ਕਵਰ ਦਾ ਕੀ ਕਰਦੀ ਹੈ। ਉਹ ਆਪਣੇ ਘਰ ਗਈ ਤੇ ਬਾਹਰ ਰੱਖੇ ਕੂੜੇਦਾਨ ਵਿੱਚ ਉਸ ਨੂੰ ਸੁੱਟ ਦਿੱਤਾ।
ਇਸ ਘਟਨਾ ਨੇ ਮੈਨੂੰ ਬੀਐੱਡ. ਦੇ ਇੱਕ ਪ੍ਰੋਫ਼ੈੱਸਰ ਸ੍ਰੀ ਵੀ ਕੇ ਕੋਹਲੀ ਦੀ ਸੁਣਾਈ ਘਟਨਾ ਯਾਦ ਕਰਾਈ ਕਿ ਉਹ ਰੇਲ ਗੱਡੀ ਵਿੱਚ ਸਫ਼ਰ ਕਰ ਰਹੇ ਸਨ। ਉਨ੍ਹਾਂ ਦੇ ਨੇੜੇ ਇੱਕ ਅੰਗਰੇਜ਼ ਬੈਠਾ ਸੀ, ਜਿਸ ਨਾਲ ਇੱਕ ਬੱਚਾ ਵੀ ਸੀ। ਕੋਹਲੀ ਸਾਹਿਬ ਨੇ ਆਪਣੇ ਕੋਲੋਂ ਸੇਬਾਂ ਵਿੱਚੋਂ ਇੱਕ ਸੇਬ ਉਸ ਅੰਗਰੇਜ਼ ਬੱਚੇ ਨੂੰ ਦੇ ਦਿੱਤਾ। ਬੱਚੇ ਨੇ ਸੇਬ ਖਾਣਾ ਸ਼ੁਰੂ ਕੀਤਾ ਤਾਂ ਅੰਗਰੇਜ਼ ਨੇ ਬੱਚੇ ਨੂੰ ਚਪੇੜ ਮਾਰ ਦਿੱਤੀ। ਉਨ੍ਹਾਂ ਨੇ ਕਾਰਨ ਪੁੱਛਿਆ ਤਾਂ ਅੰਗਰੇਜ਼ ਨੇ ਕਿਹਾ ਕਿ ਇਸ ਨੇ ਤੁਹਾਡਾ ਧੰਨਵਾਦ ਨਹੀਂ ਕੀਤਾ।
ਅਮਰੀਕਾ ਵਿੱਚ ਕੋਈ ਵਸਤੂ ਖਰੀਦੋ ਤਾਂ ਪੈਸੇ ਲੈਣ ਵਾਲਾ ਧੰਨਵਾਦ ਕਹਿੰਦਾ ਹੈ ਤੇ ‘ਹੈਵ ਏ ਗੁਡ ਡੇ’ ਕਹਿੰਦਾ ਹੈ। ਗਾਹਕ ਵੈਲਕਮ ਕਹਿੰਦਾ ਹੈ ਤੇ ‘ਸੇਮ ਟੂ ਯੂ’ ਕਹਿੰਦਾ ਹੈ। ਇਹ ਇੱਥੋਂ ਦਾ ਸੱਭਿਆਚਾਰ ਹੈ।
ਅਮਰੀਕਾ ਵਿੱਚ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਪਾਰਕਾਂ ਵਿੱਚ ਜਨਤਕ ਥਾਂਵਾਂ ’ਤੇ ਕੂੜੇਦਾਨ ਰੱਖੇ ਹੁੰਦੇ ਹਨ। ਕੁੱਤਿਆਂ, ਬਿੱਲੀਆਂ ਨਾਲ ਸੈਰ ਕਰਨ ਵਾਲਿਆਂ ਨੇ ਹੱਥ ਵਿੱਚ ਲਫਾਫੇ ਫੜੇ ਹੋਏ ਹੁੰਦੇ ਹਨ। ਜਦ ਵੀ ਜਾਨਵਰ ਟੱਟੀ ਕਰਦਾ ਹੈ ਤਾਂ ਉਹ ਚੁੱਕ ਕੇ ਲਫਾਫੇ ਵਿੱਚ ਪਾਉਂਦੇ ਹਨ ਤੇ ਨਿਰਧਾਰਿਤ ਥਾਵਾਂ ’ਤੇ ਰੱਖੇ ਹੋਏ ਕੂੜੇ ਦਿ ਢੋਲਾਂ ਵਿੱਚ ਸੁੱਟਦੇ ਹਨ।
ਅੰਮ੍ਰਿਤਸਰ ਗੁਰੂ ਦੀ ਨਗਰੀ ਹੈ। ਰੋਜ਼ਾਨਾ ਵੱਡੀ ਗਿਣਤੀ ਵਿੱਚ ਦੇਸ਼ ਅਤੇ ਵਿਦੇਸ਼ਾਂ ਤੋਂ ਹਜ਼ਾਰਾਂ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਆਉਂਦੇ ਹਨ। ਥਾਂ-ਥਾਂ ਦਰਬਾਰ ਸਾਹਿਬ ਦੇ ਰਸਤੇ ਵਿੱਚ ਲੱਗੀਆਂ ਕੂੜੇ ਦੀਆਂ ਢੇਰੀਆਂ ਦੀਆਂ ਤਸਵੀਰਾਂ ਅਖਬਾਰਾਂ ਅਤੇ ਸ਼ੋਸ਼ਲ ਮੀਡੀਆ ’ਤੇ ਵੇਖ ਕੇ ਸ਼ਰਮ ਆਉਂਦੀ ਹੈ। ਪੰਜਾਬ ਸਰਕਾਰ ਨੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਨੂੰ ਗੰਦਗੀ ਮੁਕਤ ਕਰਨ ਲਈ ਸਿੰਗਾਪੁਰ ਦੀ ਤਰਜ ’ਤੇ ਪੰਜਾਬ ਮਿਉਂਸਿਪਲ (ਸੈਨੀਟੇਸ਼ਨ ਐਂਡ ਪਬਲਿਕ ਹੈਲਥ) ਬਾਈਲਾਜ਼ 2003 ਬਣਾਏ ਸਨ। ਇਸ ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ ਨਿਰਧਾਰਿਤ ਸਥਾਨ ਤੋਂ ਇਲਾਵਾ ਕੂੜਾ ਕਰਕਟ ਸੁੱਟਦਾ ਹੈ ਤਾਂ ਉਸ ਨੂੰ ਇਕ ਹਜ਼ਾਰ ਰੁਪਏ ਜੁਰਮਾਨਾ ਕਰਨ ਦੀ ਵਿਵਸਥਾ ਹੈ। ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ।
ਚੰਡੀਗੜ੍ਹ ਵਿਚ ਨਿਰਧਾਰਿਤ ਸਥਾਨ ਤੋਂ ਇਲਾਵਾ ਕੂੜਾ ਸੁਟਣ ਵਾਲੇ ਨੂੰ ਜੁਰਮਾਨਾ ਕੀਤਾ ਜਾਂਦਾ ਹੈ, ਇਸੇ ਕਰਕੇ ਉੱਥੇ ਤੁਸੀਂ ਗੰਦਗੀ ਦੇ ਅਜਿਹੇ ਢੇਰ ਨਹੀਂ ਵੇਖੋਗੇ। ਆਓ ਅਸੀਂ ਵੀ ਇਸ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰੀਏ ਤਾਂ ਜੋ ਗੁਰੂਆਂ ਪੀਰਾਂ ਦੀ ਧਰਤੀ ਇੱਕ ਖੂਬਸੂਰਤ ਧਰਤੀ ਬਣ ਸਕੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)







































































































