“ਕਾਕਾ, ਤੂੰ ਤਾਂ ਡਰਦਾ ਬਹੁਤ ਸੀ, ਉਹ ਲੜਕੀ ਤੈਨੂੰ ਕੀ ਕਹਿ ਕੇ ਅੰਦਰ ਲੈ ਗਈ ਸੀ ...?”
(23 ਅਕਤੂਬਰ 2025)
ਹੰਸ ਰਾਜ ਨੇ ਪਿਛਲੇ ਸਾਲ ਲੈਂਜ਼ ਪਵਾਉਣ ਦੀ ‘ਤਕਲੀਫ’ ਤੋਂ ਬਚਣ ਲਈ ਪੂਰਾ ਦਿਨ ਵਾਰ-ਵਾਰ ਅੱਖ ਵਿੱਚ ਦਵਾਈ ਪਾ ਕੇ ਕਢਵਾ ਲਈ ਸੀ ਅਤੇ ਨਜ਼ਰ ਵਧਾ ਲਈ ਸੀ। ਇਸ ਵਾਰ ਅੱਖਾਂ ਦੇ ਜਾਂਚ ਕੈਂਪ ਵਿੱਚ ਦੂਸਰੀ ਅੱਖ ਦੀ ਨਜ਼ਰ ਇਸੇ ਤਰੀਕੇ ਨਾਲ ਵਧਾਉਣ ਦੀ ਆਸ ਨਾਲ ਉਹ ਰਜਿਸਟਰੇਸ਼ਨ ਵਾਲੀ ਕਤਾਰ ਵਿੱਚ ਉਹ ਸਭ ਤੋਂ ਮੋਹਰੇ ਖੜ੍ਹਾ ਸੀ। ਪਿਛਲੇ ਸਾਲ ਜਾਂਚ ਕਰਕੇ ਡਾਕਟਰ ਸਾਹਿਬ ਨੇ ਹੰਸ ਰਾਜ ਨੂੰ ਅੱਖ ਵਿੱਚ ਲੈਂਜ਼ ਪਾਉਣ ਲਈ ਕਿਹਾ ਸੀ। ਦੂਸਰੇ ਦਿਨ ਸਵੇਰੇ ਕੈਂਪ ਪ੍ਰਬੰਧਕਾਂ ਨੇ ਲੈਂਜ਼ ਪਵਾਉਣ ਵਾਲਿਆਂ ਨੂੰ ਸ਼ਹਿਰ ਦੇ ਅੱਖਾਂ ਦੇ ਹਸਪਤਾਲ ਲਿਜਾਣ ਲਈ ਬੱਸ ਦਾ ਪ੍ਰਬੰਧ ਕਰ ਦਿੱਤਾ। ਹਸਪਤਾਲ ਪਹੁੰਚਣ ਤੋਂ ਬਾਅਦ ਸਟਾਫ ਨੇ ਸਾਰੇ ਮਰੀਜ਼ਾਂ ਦੀ ਦੁਬਾਰਾ ਮਸ਼ੀਨਾਂ ਨਾਲ ਜਾਂਚ ਕਰਕੇ ਅੱਖਾਂ ਵਿੱਚ ਅੱਧੇ-ਅੱਧੇ ਘੰਟੇ ਬਾਅਦ ਦਵਾਈ ਪਾਉਣੀ ਸ਼ੁਰੂ ਕਰ ਦਿੱਤੀ ਤਾਂ ਕਿ ਅੱਖਾਂ ਲੈਂਜ਼ ਪਾਉਣ ਲਈ ਤਿਆਰ ਹੋ ਜਾਣ। ਉਸ ਦਿਨ ਲਗਭਗ ਪੰਜਾਹ ਲੈਂਜ਼ ਪਾਏ ਜਾਣੇ ਸਨ। ਉਪਰੇਸ਼ਨ ਥੀਏਟਰ ਦਾ ਸਟਾਫ ਤਿਆਰੀ ਵਿੱਚ ਰੁੱਝਿਆ ਹੋਇਆ ਸੀ। ਹੰਸ ਰਾਜ ਨੂੰ ਇਹ ਜਾਣਨ ਦੀ ਅੱਚੋਆਈ ਲੱਗੀ ਹੋਈ ਸੀ ਕਿ ਲੈਂਜ਼ ਕਿਵੇਂ ਪਾਉਣਗੇ, ਦਰਦ ਕਿੰਨੀ ਕੁ ਹੋਵੇਗੀ? ਉਹ ਵਾਰ-ਵਾਰ ਆਪਣੀ ਜਗ੍ਹਾ ਤੋਂ ਉੱਠ ਕੇ ਕਦੇ ਕਿਸੇ ਕੋਲ, ਕਦੇ ਕਿਸੇ ਦੂਸਰੇ ਕੋਲ ਜਾ ਕੇ ਕੰਨ ਵਿੱਚ ਗੱਲ ਕਰਦਾ ਪਰ ਉਸਦੇ ਸਵਾਲ ਦਾ ਜਵਾਬ ਕਿਸੇ ਕੋਲ ਵੀ ਨਹੀਂ ਸੀ। ਹਰ ਕੋਈ ਸਿਰ ਹਿਲਾ ਦਿੰਦਾ ਕਿ ਉਸ ਨੂੰ ਨਹੀਂ ਪਤਾ ਕਿੰਨੀ ਕੁ ਤਕਲੀਫ ਹੁੰਦੀ ਹੈ।
ਪੂਰੀ ਤਿਆਰੀ ਹੋ ਜਾਣ ਤੋਂ ਬਾਅਦ ਸਹਿਕਾਰੀਆਂ ਨੇ ਮਰੀਜ਼ਾਂ ਨੂੰ ਅਪਰੇਸ਼ਨ ਥੀਏਟਰ ਵਿੱਚ ਲਿਜਾਣਾ ਸ਼ੁਰੂ ਕਰ ਦਿੱਤਾ। ਹੰਸ ਰਾਜ ਦਾ ਪੰਦਰ੍ਹਵਾਂ ਨੰਬਰ ਸੀ। ਲੈਂਜ਼ ਪਵਾ ਕੇ ਅੱਖ ਉੱਪਰ ਰੂੰ ਦੇ ਫੰਬੇ ਰੱਖ ਕੇ ਟੇਪ ਲਵਾਈ ਮਰੀਜ਼ ਬਾਹਰ ਆਉਣੇ ਸ਼ੁਰੂ ਹੋ ਗਏ। ਹੰਸ ਰਾਜ ਦੇ ਦਿਲ ਦੀ ਧੜਕਣ ਕਾਬੂ ਵਿੱਚ ਨਹੀਂ ਆ ਰਹੀ ਸੀ। ਉਹ ਅਪਰੇਸ਼ਨ ਥੀਏਟਰ ਦੇ ਮੋਹਰਿਉਂ ਲੰਘ ਕੇ ਮਰੀਜ਼ਾਂ ਦੀਆਂ ਚੀਕਾਂ ਸੁਣਨ ਦੀ ਕੋਸ਼ਿਸ਼ ਕਰਦਾ ਪਰ ਉਸ ਨੂੰ ਕੁਝ ਵੀ ਸੁਣਾਈ ਨਾ ਦਿੰਦਾ। ਉਸਦੇ ਦਿਮਾਗ਼ ਨੇ ਤਸੱਵਰ ਕਰ ਲਿਆ ਕਿ ਅਪਰੇਸ਼ਨ ਕਰਨ ਵੇਲੇ ਮਰੀਜ਼ ਦੇ ਮੂੰਹ ਵਿੱਚ ਕੱਪੜਾ ਦੇ ਦਿੰਦੇ ਹੋਣਗੇ ਜਿਸ ਕਰਕੇ ਬਾਹਰ ਅਵਾਜ਼ ਨਹੀਂ ਆਉਂਦੀ। ਜਿਨ੍ਹਾਂ ਮਰੀਜ਼ਾਂ ਦੇ ਲੈਂਜ਼ ਪੈ ਗਏ ਸਨ, ਉਹ ਹੰਸ ਰਾਜ ਦਾ ਚਿਹਰਾ ਪੜ੍ਹ ਰਹੇ ਸਨ। ਇੱਕ ਬਜ਼ੁਰਗ ਨੇ ਆਵਾਜ਼ ਮਾਰੀ, “ਜਵਾਨਾ, ਆ ਬਹਿ ਜਾ, ਪ੍ਰੇਸ਼ਾਨ ਨਾ ਹੋ, ਤੇਰੀ ਵਾਰੀ ਵੀ ਆ ਜਾਣੀ ਆਂ।”
ਹੰਸ ਰਾਜ ਬਜ਼ੁਰਗ ਕੋਲ ਜਾ ਕੇ ਬੈਠ ਗਿਆ ਅਤੇ ਕੰਨ ਵਿੱਚ ਪੁੱਛਿਆ, “ਬਾਪੂ, ਕਿੰਨੀ ਕੁ ਦਰਦ ਹੁੰਦੀ ਆ?” ਬਾਪੂ ਮੁਸਕਰਾ ਕੇ ਕਹਿੰਦਾ, “ਤੈਨੂੰ ਪਤਾ ਲੱਗ ਹੀ ਜਾਣਾ।”
ਥੋੜ੍ਹੇ ਚਿਰ ਬਾਅਦ ਇੱਕ ਅਧਖੜ ਜਿਹਾ ਆਦਮੀ ਬਾਹਰ ਆਇਆ ਤਾਂ ਹੰਸ ਰਾਜ ਉਹਦੇ ਕੋਲ ਜਾ ਬੈਠਾ ਅਤੇ ਉਹਦੇ ਕੰਨ ਵਿੱਚ ਕੁਝ ਫੁਸਫਸਾਇਆ। ਉਹ ਆਦਮੀ ਰੋਣਾ ਜਿਹਾ ਮੂੰਹ ਬਣਾ ਕੇ ਕਹਿਣ ਲੱਗਾ, “ਚੀਕਾਂ ਨਿਕਲ ਜਾਂਦੀਆਂ ਜਦੋਂ ਅੱਖ ਵਿੱਚ ਇੱਕ ਸੂਆ ਜਿਹਾ ਪਾ ਕੇ ਡੇਲਾ ਬਾਹਰ ਕੱਢ ਲੈਂਦੇ ਆ। ਲੈਂਜ਼ ਪਾ ਕੇ ਡੇਲਾ ਦੁਬਾਰਾ ਫਿੱਟ ਕਰਦੇ ਆ।”
ਉਦੋਂ ਨੂੰ ਹੰਸ ਰਾਜ ਦਾ ਨਾਂ ਲੈ ਕੇ ਅਵਾਜ਼ ਪੈ ਗਈ। ਹੰਸ ਰਾਜ ਦਾ ਸਿਰ ਚਕਰਾ ਗਿਆ। ਆਪਣੇ ਆਪ ਨੂੰ ਸੰਭਾਲਦਾ ਹੋਇਆ ਹੰਸ ਰਾਜ ਅਵਾਜ਼ ਮਾਰਨ ਵਾਲੇ ਨੂੰ ਬਾਥਰੂਮ ਤੋਂ ਹੋ ਕੇ ਆਉਣ ਦਾ ਕਹਿ ਕੇ ਖਿਸਕ ਗਿਆ। ਅਵਾਜ਼ਾਂ ਪੈਂਦੀਆਂ ਰਹੀਆਂ ਪਰ ਹੰਸ ਰਾਜ ਨਾ ਮੁੜਿਆ। ਪ੍ਰਬੰਧਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਕਿ ਬੰਦਾ ਗਿਆ ਕਿੱਥੇ? ਹੰਸ ਰਾਜ ਦੀ ਭਾਲ ਸ਼ੁਰੂ ਹੋ ਗਈ। ਕਿਸੇ ਨੇ ਦੱਸਿਆ ਕਿ ਇੱਕ ਅਧਖੜ ਜਿਹਾ ਆਦਮੀ ਚੌਂਕ ਵਲ ਨੂੰ ਕਾਹਲੀ-ਕਾਹਲੀ ਤੁਰਿਆ ਜਾਂਦਾ ਸੀ। ਪ੍ਰਬੰਧਕ ਚੌਂਕ ਵਲ ਨੂੰ ਭੱਜੇ। ਹੰਸ ਰਾਜ ਰਿਕਸ਼ੇ ਵਾਲੇ ਨੂੰ ਬੱਸ ਅੱਡੇ ਜਾਣ ਲਈ ਕਹਿ ਰਿਹਾ ਸੀ। ਉਸ ਨੂੰ ਰੋਕ ਕੇ ਅਪਰੇਸ਼ਨ ਨਾ ਕਰਨ ਦਾ ਵਾਅਦਾ ਕਰਕੇ ਵਾਪਸ ਲਿਆਂਦਾ ਗਿਆ।
ਹਸਪਤਾਲ ਦੇ ਕਾਊਂਟਰ ’ਤੇ ਕੰਮ ਕਰਦੀ ਇੱਕ ਔਰਤ ਨੇ ਇਹ ਸਾਰਾ ਨਾਟਕ ਦੇਖਿਆ। ਉਹ ਉੱਠ ਕੇ ਆਈ ਅਤੇ ਹੰਸ ਰਾਜ ਨੂੰ ਇੱਕ ਪਾਸੇ ਬਿਠਾ ਕੇ ਗੱਲਾਂ ਕਰਨ ਲੱਗ ਪਈ। ਕੁਝ ਸਮੇਂ ਬਾਅਦ ਹੰਸ ਰਾਜ ਉਸਦੇ ਨਾਲ ਤੁਰ ਪਿਆ। ਉਹ ਦੋਵੇਂ ਦਰਵਾਜ਼ਾ ਖੋਲ੍ਹ ਕੇ ਅਪਰੇਸ਼ਨ ਥੀਏਟਰ ਵਿੱਚ ਜਾ ਵੜੇ। ਦਸ ਕੁ ਮਿੰਟਾਂ ਬਾਅਦ ਦੋਵੇਂ ਬਾਹਰ ਆਏ ਤਾਂ ਹੰਸ ਰਾਜ ਦੀ ਅੱਖ ਉੱਪਰ ਰੂੰ ਦਾ ਫੰਬਾ ਰੱਖ ਕੇ ਟੇਪ ਲੱਗੀ ਹੋਈ ਸੀ। ਉਸਦਾ ਚਿਹਰਾ ਡਰ-ਮੁਕਤ ਸੀ। ਉਹ ਵੀ ਪਹਿਲਾਂ ਬੈਠੇ ਪੱਟੀਆਂ ਵਾਲਿਆਂ ਵਿੱਚ ਜਾ ਬੈਠਾ। ਜਿਸ ਆਦਮੀ ਨੇ ਉਸ ਨੂੰ ਡੇਲਾ ਬਾਹਰ ਕੱਢ ਕੇ ਲੈਂਜ਼ ਪਾਉਣ ਦਾ ਦੱਸਿਆ ਸੀ, ਉਹ ਹੰਸ ਰਾਜ ਨੂੰ ਪੁੱਛਣ ਲੱਗਾ, “ਵੀਰਾ ਕਿੰਨਾ ਕੁ ਦਰਦ ਹੋਇਆ?”
ਹੰਸ ਰਾਜ ਬੋਲਿਆ, “ਜਾ ਕਮਲਿਆ, ਮੈਂ ਇੰਨਾ ਮੂਰਖ ਨਹੀਂ ਕਿ ਥੁਆਡੇ ਵਾਂਗ ਅੱਖ ਪੜਵਾ ਲਵਾਂ।” ਅੱਖ ਉੱਪਰ ਪੱਟੀ ਤਾਂ ਬਾਕੀਆਂ ਵਾਂਗ ਹੀ ਹੰਸ ਰਾਜ ਦੀ ਅੱਖ ਉੱਪਰ ਵੀ ਬੱਝੀ ਸੀ ਪਰ ਉਹ ਕਹਿਣਾ ਕੀ ਚਾਹੁੰਦਾ ਸੀ, ਕਿਸੇ ਦੀ ਸਮਝ ਨਾ ਪਿਆ। ਬਜ਼ੁਰਗ ਕਹਿਣ ਲੱਗਾ, “ਕਾਕਾ, ਤੂੰ ਤਾਂ ਡਰਦਾ ਬਹੁਤ ਸੀ, ਉਹ ਲੜਕੀ ਤੈਨੂੰ ਕੀ ਕਹਿ ਕੇ ਅੰਦਰ ਲੈ ਗਈ ਸੀ?”
ਹੰਸ ਰਾਜ ਬੋਲਿਆ, “ਬਾਪੂ, ਉਹ ਕਹਿੰਦੀ ਸੀ, ਤੂੰ ਕੱਲ੍ਹ ਦਾ ਅੱਖ ਵਿੱਚ ਦਵਾਈ ਪਾਈ ਜਾਨੈ, ਤੇਰੀ ਤਾਂ ਅੱਖ ਗਲ਼ ਜਾਣੀ ਆਂ।ਤੂੰ ਮੇਰੇ ਨਾਲ ਚੱਲ, ਮੈਂ ਡਾਕਟਰ ਸਾਹਬ ਨੂੰ ਕਹਿ ਕੇ ਦਵਾਈ ਕਢਵਾ ਦਿੰਦੀ ਆਂ।... ਮੈਂ ਤਾਂ ਆਪਣੀ ਅੱਖ ਵਿੱਚੋਂ ਦਵਾਈ ਕਢਵਾਈ ਆ, ਅੱਖ ਨਹੀਂ ਪੜਵਾਈ ...”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (