TarsemSJandiala7ਸਬੱਬੀਂ ਦੂਸਰੇ ਦਿਨ ਹਲਕਾ ਜਿਹਾ ਮੀਂਹ ਪੈ ਗਿਆ। ਮੇਰੇ ਮਨ ਨੂੰ ਵਿਹੜਾ ਹਰਿਆ-ਭਰਿਆ ਦੇਖਣ ...Flowers2
(18 ਅਕਤੂਬਰ 2025)

 

Flowers2


ਅੱਜ ਪਾਠਕ: 5014, ਕੱਲ੍ਹ: 11099, ਇਸ ਹਫਤੇ: 39839,
ਇਸ  ਮਹੀਨੇ: 94446, 7 ਜਨਵਰੀ 2025 ਤੋਂ: 1035151,


ਸਰਕਾਰੀ ਅਧਿਆਪਕ ਵਜੋਂ ਮੇਰੀ ਪਹਿਲੀ ਨਿਯੁਕਤੀ ਸਿੰਗਲ ਟੀਚਰ ਸਕੂਲ ਵਿੱਚ ਹੋਈ ਸੀ। ਪੱਚੀ-ਤੀਹ ਘਰਾਂ ਵਾਲੇ ਪਿੰਡ ਦੇ ਬਾਹਰਵਾਰ ਪੰਚਾਇਤੀ ਜ਼ਮੀਨ ਵਿੱਚ ਨਵੀਂ ਬਣੀ ਦੋ ਕਮਰਿਆਂ ਦੀ ਇਮਾਰਤ ਦੇ ਆਲੇ-ਦੁਆਲੇ ਕੋਈ ਬਿਰਖ-ਬੂਟਾ ਨਹੀਂ ਸੀ। ਸਾਹਮਣੇ ਗੁਰਦੁਆਰੇ ਦੀ ਇਮਾਰਤ ਬਣ ਰਹੀ ਸੀ। ਪਹਿਲੀ ਤੋਂ ਪੰਜਵੀਂ ਤਕ ਪੰਜ ਜਮਾਤਾਂ ਦੇ ਛੱਬੀ ਬੱਚੇ ਅਤੇ ਪੜ੍ਹਾਉਣ ਵਾਲਾ ਮੈਂ ਇਕੱਲਾ ਅਧਿਆਪਕ ਸਾਂ। ਮੈਂ ਬੱਚਿਆਂ ਨੂੰ ਆਪਣੀ ਜਾਣ-ਪਛਾਣ ਕਰਵਾ ਰਿਹਾ ਸੀ ਤਾਂ ਦੋ ਵੱਡੇ ਬੱਚੇ ਚੁੱਪ-ਚੁਪੀਤੇ ਉੱਠ ਕੇ ਪਿੰਡ ਵਲ ਨੂੰ ਚਲੇ ਗਏ। ਥੋੜ੍ਹੇ ਚਿਰ ਬਾਅਦ ਵਾਪਸ ਮੁੜੇ ਤਾਂ ਇੱਕ ਦੇ ਹੱਥ ਵਿੱਚ ਗੜਵੀ ਅਤੇ ਦੂਜੇ ਦੇ ਹੱਥ ਵਿੱਚ ਲਿਫਾਫਾ ਫੜਿਆ ਹੋਇਆ ਸੀ। ਉਨ੍ਹਾਂ ਨੇ ਗੜਵੀ ਅਤੇ ਲਿਫਾਫਾ ਲਿਆ ਕੇ ਮੇਰੇ ਸਾਹਮਣੇ ਪਏ ਮੇਜ਼ ਉੱਪਰ ਰੱਖ ਦਿੱਤੇ। ਜਦੋਂ ਉਨ੍ਹਾਂ ਦੂਸਰੇ ਕਮਰੇ ਵਿੱਚੋਂ ਪਿੱਤਲ ਦਾ ਗਿਲਾਸ ਲਿਆ ਕੇ ਗੜਵੀ ਵਿੱਚੋਂ ਚਾਹ ਉਲੱਦੀ ਤਾਂ ਮੈਨੂੰ ਸਮਝ ਆਈ ਕਿ ਉਹ ਘਰ ਤੋਂ ਮੇਰੇ ਲਈ ਚਾਹ-ਨਾਸ਼ਤਾ ਲੈਣ ਗਏ ਸੀ। ਅਖਬਾਰ ਦੇ ਬਣੇ ਲਿਫਾਫੇ ਵਿੱਚ ਘਰ ਦੇ ਦੇਸੀ ਘਿਉ ਦੀਆਂ ਬਣੀਆਂ ਦੋ ਪਿੰਨੀਆਂ ਸਨ। ਬੱਚੇ ਚਾਹ ਲੈਣ ਗਏ ਮੇਰੇ ਆਉਣ ਬਾਰੇ ਦੱਸ ਆਏ ਸਨ। ਥੋੜ੍ਹੇ ਚਿਰ ਬਾਅਦ ਪਿੰਡ ਦਾ ਸਰਪੰਚ ਅਤੇ ਇੱਕ ਹੋਰ ਨੌਜਵਾਨ ਮੈਨੂੰ ਮਿਲਣ ਆ ਗਏ। ਨੌਜਵਾਨ ਮੇਰਾ ਜਮਾਤੀ ਸੀ, ਇਸ ਕਰਕੇ ਜਾਣ-ਪਛਾਣ ਕਰਵਾਉਣ ਦੀ ਜ਼ਰੂਰਤ ਨਹੀਂ ਪਈ। ਗੱਲੀਂਬਾਤੀਂ ਮੈਂ ਸਕੂਲ ਦੇ ਵਿਹੜੇ ਨੂੰ ਸੰਵਾਰਨ ਲਈ ਸਰਪੰਚ ਤੋਂ ਸਹਿਯੋਗ ਮੰਗਿਆ ਤਾਂ ਉਨ੍ਹਾਂ ਵਾਅਦਾ ਕੀਤਾ ਕਿ ਵਿਹੜੇ ਦੀ ਚਾਰਦਿਵਾਰੀ ਥੋੜ੍ਹੇ ਦਿਨਾਂ ਵਿੱਚ ਕਰਵਾ ਦੇਣਗੇ।

ਮੈਂ ਨਵਾਂ-ਨਵਾਂ ਟ੍ਰੇਨਿੰਗ ਲੈ ਕੇ ਆਇਆ ਹੋਣ ਕਰਕੇ ਮੈਨੂੰ ਕੰਮ ਕਰਨ ਦਾ ਚਾਅ ਸੀ। ਮੈਂ ਇੱਕ-ਇੱਕ ਬੱਚੇ ਦੇ ਗਿਆਨ ਦਾ ਪੱਧਰ ਜਾਚਿਆ ਅਤੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਪੰਜ ਜਮਾਤਾਂ ਨੂੰ ਇਕੱਠਾ ਤਾਂ ਪੜ੍ਹਾਇਆ ਨਹੀਂ ਸੀ ਜਾ ਸਕਦਾ। ਪੰਜਵੀਂ ਦੇ ਬੱਚਿਆਂ ਨੂੰ ਸਬਕ ਦੇ ਕੇ ਮੈਂ ਚੌਥੀ ਨੂੰ ਸੰਭਾਲਦਾ ਅਤੇ ਪੰਜਵੀਂ ਦੇ ਤਿੰਨ ਹੁਸ਼ਿਆਰ ਬੱਚੇ ਪਹਿਲੀ, ਦੂਜੀ, ਤੀਜੀ ਜਮਾਤ ਨੂੰ ਪੜ੍ਹਾਉਂਦੇ। ਹਫਤਾ ਕੁ ਬੀਤਿਆ ਤਾਂ ਸਕੂਲ ਦੀ ਚਾਰਦੀਵਾਰੀ ਬਣਨੀ ਸ਼ੁਰੂ ਹੋ ਗਈ। ਮੈਨੂੰ ਕਮਰਿਆਂ ਦਾ ਆਲਾ-ਦੁਆਲਾ ਉਜਾੜ ਜਿਹਾ ਮਹਿਸੂਸ ਹੋਵੇ। ਪਿੰਡ ਵਿੱਚ ਇੱਕ ਕਿਸਾਨ ਕੋਲ ਹੀ ਟਰੈਕਟਰ ਸੀ। ਮੈਂ ਟਰੈਕਟਰ ਮਾਲਕ ਨੂੰ ਬੇਨਤੀ ਕਰਕੇ ਉੱਭੜ-ਖਾਬੜ ਵਿਹੜੇ ਨੂੰ ਹੱਲ ਨਾਲ ਵਹਾ ਕੇ ਸੁਹਾਗਾ ਫਿਰਵਾ ਲਿਆ। ਸਬੱਬੀਂ ਦੂਸਰੇ ਦਿਨ ਹਲਕਾ ਜਿਹਾ ਮੀਂਹ ਪੈ ਗਿਆ। ਮੇਰੇ ਮਨ ਨੂੰ ਵਿਹੜਾ ਹਰਿਆ-ਭਰਿਆ ਦੇਖਣ ਦੀ ਅੱਚੋਆਈ ਲੱਗੀ ਹੋਈ ਸੀ। ਮੈਂ ਵਿਉਂਤ ਬਣਾਈ ਕਿ ਬੱਚਿਆਂ ਨੂੰ ਨਾਲ ਲਾ ਕੇ ਕਿਆਰੀਆਂ ਬਣਾ ਕੇ ਸਜਾਵਟੀ ਬੂਟੇ ਲਾਏ ਜਾਣ। ਬੱਚੇ ਘਰਾਂ ਤੋਂ ਕਹੀਆਂ-ਰੰਬੇ ਲੈ ਆਏ। ਬੱਚਿਆਂ ਦੀਆਂ ਫੱਟੀਆਂ ਨਾਲ ਮਿੱਟੀ ਖਿੱਚ-ਖਿੱਚ ਕੇ ਚਾਰ ਦਿਨਾਂ ਵਿੱਚ ਸਾਰਾ ਵਿਹੜਾ ਇੱਕਸਾਰ ਕਰ ਲਿਆ।

ਸਾਹਮਣੇ ਗੁਰਦਵਾਰਾ ਸਾਹਿਬ ਦੀ ਇਮਾਰਤ ਬਣ ਰਹੀ ਸੀ। ਪ੍ਰਬੰਧਕਾਂ ਨੂੰ ਕਹਿ ਕੇ ਲੋੜ ਜੋਗੀਆਂ ਇੱਟਾਂ ਲੈ ਕੇ ਅਸੀਂ ਕਿਆਰੀਆਂ ਬਣਾ ਲਈਆਂ। ਫੁੱਲਦਾਰ ਬੂਟਿਆਂ ਦੀ ਪਨੀਰੀ ਲਾ ਦਿੱਤੀ। ਪੜ੍ਹਾਈ ਦੇ ਸਮੇਂ ਵਿੱਚੋਂ ਅੱਧਾ ਘੰਟਾ ਫੁਲਵਾੜੀ ਦੀ ਸੰਭਾਲ ਲਈ ਰੱਖ ਲਿਆ। ਬੱਚੇ ਵਾਰੀ ਵਾਰੀ ਨਲਕਾ ਗੇੜ ਕੇ ਬੂਟਿਆਂ ਨੂੰ ਪਾਣੀ ਲਾ ਕੇ ਖੁਸ਼ੀ ਮਹਿਸੂਸ ਕਰਦੇ, ਗੋਡੀ ਕਰਦੇ, ਛੁੱਟੀ ਤੋਂ ਬਾਅਦ ਵੀ ਵਾਰੀ ਵਾਰੀ ਪਹਿਰੇਦਾਰੀ ਕਰਦੇ।

ਇੱਕ ਦਿਨ ਮੈਂ ਸਕੂਲ ਪਹੁੰਚਿਆ ਤਾਂ ਸਾਰੇ ਬੱਚੇ ਇੱਕ ਕਿਆਰੀ ਦੁਆਲੇ ਝੁਰਮਟ ਬਣਾ ਕੇ ਖੜ੍ਹੇ ਸਨ। ਮੈਨੂੰ ਦੇਖ ਕੇ ਉਹ ਖਿੰਡਰ ਗਏ ਪਰ ਬੋਲਿਆ ਕੋਈ ਨਾ। ਮੈਂ ਕਿਆਰੀ ਵਲ ਨਜ਼ਰ ਗਈ ਤਾਂ ਦੇਖਿਆ ਕਿ ਅੱਠ-ਦਸ ਫੁੱਲ ਲੱਗੇ ਬੂਟੇ ਵੱਢੇ ਪਏ ਸਨ। ਛੋਟੇ-ਛੋਟੇ ਬੱਚਿਆਂ ਦੀ ਮਿਹਨਤ ਨਾਲ ਪਾਲ਼ੇ ਬੂਟਿਆਂ ਦਾ ਇਹ ਹਾਲ ਦੇਖ ਕੇ ਮੇਰਾ ਮਨ ਰੋ ਪਿਆ। ਬੱਚੇ ਕਤਾਰਾਂ ਵਿੱਚ ਬੈਠ ਗਏ। ਮੈਂ ਵੀ ਕੁਰਸੀ ਤੇ ਬੈਠ ਗਿਆ। ਕਾਫੀ ਸਮਾਂ ਮੈਂ ਬੋਲ ਨਾ ਸਕਿਆ। ਮੇਰੀਆਂ ਸਵਾਲੀਆ ਨਜ਼ਰਾਂ ਬੱਚਿਆਂ ਤੋਂ ਕਾਰਨ ਪੁੱਛਦੀਆਂ ਰਹੀਆਂ। ਸਭ ਬੱਚੇ ਚੁੱਪ ਸਨ ਪਰ ਉਨ੍ਹਾਂ ਦੇ ਮਨਾਂ ਦੀ ਉਦਾਸੀ ਚਿਹਰਿਆ ਤੋਂ ਸਾਫ ਝਲਕਦੀ ਸੀ। ਮੈਂ ਪੁੱਛਿਆ, “ਬੱਚਿਉ, ਤੁਹਾਡੇ ਵਿੱਚੋਂ ਕਿਸੇ ਨੂੰ ਬੂਟੇ ਵੱਢਣ ਵਾਲੇ ਬਾਰੇ ਪਤਾ ਹੈ?”

ਕੋਈ ਨਹੀਂ ਬੋਲਿਆ। ਕੁਝ ਮਿੰਟਾਂ ਦੀ ਚੁੱਪ ਤੋਂ ਬਾਅਦ ਪਹਿਲੀ ਜਮਾਤ ਦਾ ਛੋਟਾ ਜਿਹਾ ਬੱਚਾ ਅੱਖਾਂ ਅੱਗੇ ਬਾਂਹ ਕਰਕੇ ਭੁੱਬੀਂ ਰੋਂਦਾ ਖੜ੍ਹਾ ਹੋ ਗਿਆ ਤੇ ਤੋਤਲੀ ਅਵਾਜ਼ ਵਿੱਚ ਬੋਲਿਆ, “ਮਾਹਤਰ ਜੀ, ਮੈਂ ਵੱਦੇ ਆ।”

ਮੇਰੇ ਕਿਉਂ ਦੇ ਸਵਾਲ ’ਤੇ ਉਹ ਕਹਿਣ ਲੱਗਾ, “ਜੀ ਮੈਂ ਸ਼ੇਰੇ-ਸ਼ੇਰੇ ਲੰਬੇ ਨਾਲ ਗੋਦੀ ਕੀਤੀ ਸੀ।”

ਬੂਟੇ ਵੱਢਣ ਦਾ ਦੁੱਖ ਭੁੱਲ ਕੇ ਮੈਂ ਉਸ ਮਾਸੂਮ ਬੱਚੇ ਨੂੰ ਉੱਠ ਕੇ ਕਲਾਵੇ ਵਿੱਚ ਲੈ ਲਿਆ। ਉਸਦੇ ਮੂੰਹੋਂ ਸੱਚ ਬੋਲਣ ਦੀ ਜੁਰਅਤ ਨੇ ਮੇਰਾ ਮਨ ਜਿੱਤ ਲਿਆ ਸੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਤਰਸੇਮ ਸਿੰਘ ਜੰਡਿਆਲਾ

ਤਰਸੇਮ ਸਿੰਘ ਜੰਡਿਆਲਾ

Jandiala, Jalandhar, Punjab, India.
Whatsapp: (91 -  98728 30235)
Email: (amritco@hotmail.com)