“ਹਾਲਾਤ ਸਭ ਦੇ ਇੱਕੋ ਜਿਹੇ ਹੁੰਦੇ ਹਨ। ਕੁਝ ਨਿਰੰਤਰ ਸੰਘਰਸ਼ ਕਰਦੇ ਰਹਿੰਦੇ ਹਨ ਤੇ ਕੁਝ ਸ਼ਿਕਾਇਤਾਂ ...”
(23 ਅਕਤੂਬਰ 2025)
ਹਰ ਮਨੁੱਖ ਦੀਆਂ ਵੱਖ ਵੱਖ ਆਦਤਾਂ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਕੁ ਆਦਤਾਂ ਨੂੰ ਚੰਗਾ ਗਿਣਿਆ ਜਾਂਦਾ ਹੈ ਤੇ ਕੁਝ ਕੁ ਨੂੰ ਮਾੜਾ। ਵਾਰਿਸ ਸ਼ਾਹ ਨੇ ਲਿਖਿਆ ਹੈ:
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ,
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।
ਜੋ ਆਦਤਾਂ ਸਾਡੀਆਂ ਬਣ ਜਾਂਦੀਆਂ ਹਨ ਜਾਂ ਅਸੀਂ ਬਣਾ ਲੈਂਦੇ ਹਾਂ, ਉਹ ਲਗਭਗ ਸਾਰੀ ਉਮਰ ਹੀ ਸਾਡੇ ਨਾਲ ਨਿਭਦੀਆਂ ਹਨ। ਪਰ ਅੱਜ ਦੇ ਸਮਾਜਿਕ ਵਰਤਾਰੇ ਵਿੱਚੋਂ ਇੱਕ ਗੱਲ ਜੋ ਉੱਭਰ ਕੇ ਸਾਹਮਣੇ ਆ ਰਹੀ ਹੈ, ਉਹ ਇਹ ਹੈ ਹਟ ਸਮੇਂ ਹਮਦਰਦੀ ਭਾਲਦੇ ਰਹਿਣਾ। ਸਾਡੇ ਪੰਜਾਬ ਵਿੱਚ ਅਨੇਕਾਂ ਐੱਨ ਜੀਓ ਚੱਲ ਰਹੀਆਂ ਹਨ, ਜੋ ਵੱਖ-ਵੱਖ ਲੋੜਵੰਦਾਂ ਦੀਆਂ ਵੱਖ ਵੱਖ ਤਰੀਕਿਆਂ ਨਾਲ ਮਦਦ ਕਰਦੀਆਂ ਹਨ; ਕੁਝ ਬਿਰਧ ਆਸ਼ਰਮ ਚਲਾਉਂਦੀਆਂ ਹਨ, ਕੁਝ ਦਵਾਈਆਂ ਆਦਿ ਵੰਡ ਕੇ, ਕੁਝ ਸਮਾਜ ਤੋਂ ਠੁਕਰਾਏ ਹੋਏ ਲੋਕਾਂ ਦੀ ਸਾਂਭ ਸੰਭਾਲ ਕਰਕੇ। ਅੱਜ ਸੋਸ਼ਲ ਮੀਡੀਆ ਦਾ ਯੁਗ ਹੈ। ਹਰ ਛੋਟੀ ਤੋਂ ਛੋਟੀ ਗੱਲ ਨੂੰ ਵੀ ਸੋਸ਼ਲ ਪਲੇਟਫਾਰਮ ’ਤੇ ਦੱਸਿਆ ਜਾਂਦਾ ਹੈ। ਇੱਥੋਂ ਤਕ ਕਿ ਕੁਝ ਲੋਕ ਤਾਂ ਪਰਿਵਾਰਕ ਲੜਾਈਆਂ ਵੀ ਸਭ ਨੂੰ ਦੱਸਣ ਲੱਗ ਪੈਂਦੇ ਹਨ। ਕੁਝ ਖਾਣ ਪੀਣ, ਪਹਿਨਣ ਤੋਂ ਲੈ ਕੇ ਹਰ ਨਿੱਕੀ ਨਿੱਕੀ ਗੱਲ ਹੋਰ ਲੋਕਾਂ ਨਾਲ ਸਾਂਝੀ ਕਰਦੇ ਰਹਿੰਦੇ ਹਨ। ਆਏ ਦਿਨ ਕੁਝ ਲੋਕ ਸਮਾਜ ਸੇਵੀਆਂ ਦੇ ਹੱਕ ਵਿੱਚ ਹੁੰਦੇ ਹਨ ਤੇ ਕੁਝ ਉਹਨਾਂ ਦੀ ਐਸ਼ੋ ਅਰਾਮ ਵਾਲੀ ਜ਼ਿੰਦਗੀ ਬਾਰੇ ਚਾਨਣਾ ਪਾ ਰਹੇ ਹੁੰਦੇ ਹਨ, ਜਿਸ ਵਿੱਚ ਉਹਨਾਂ ਵੱਲੋਂ ਪ੍ਰਾਪਤ ਫੰਡਾਂ ਦੇ ਘਟਾਲੇ ਬਾਰੇ ਦੱਸਿਆ ਜਾ ਰਿਹਾ ਹੁੰਦਾ ਹੈ।
ਖੈਰ! ਇਹ ਇੱਕ ਵੱਖਰਾ ਵਿਸ਼ਾ ਹੈ। ਪਰ ਜੋ ਮੁੱਖ ਗੱਲ ਸਾਡੇ ਸਮਾਜ ਵਿੱਚ ਉੱਭਰ ਕੇ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਲੋਕਾਂ ਵਿੱਚ ਆਪਣੇ ਰੋਣੇ ਧੋਣੇ ਰੋ ਕੇ ਜਾਂ ਦੁੱਖ ਦੱਸ ਕੇ ਹਮਦਰਦੀ ਲੈਣ ਦੀ ਭਾਵਨਾ ਬਹੁਤ ਪ੍ਰਬਲ ਹੈ। ਕੁਝ ਤਾਂ ਸੱਚਮੁੱਚ ਲੋੜਵੰਦ ਹੁੰਦੇ ਹਨ ਪਰ ਕੁਝ ਵਿਹਲੜ ਲੋਕ, ਜਿਨ੍ਹਾਂ ਦਾ ਕੰਮ ਕਰਨ ਲਈ ਮਨ ਹੀ ਨਹੀਂ ਕਰਦਾ, ਆਪਣੀ ਗਰੀਬੀ ਅਤੇ ਲੋੜਾਂ ਪੂਰੀਆਂ ਨਾ ਹੋਣ ਦੇ ਦੋਸ਼ ਦੂਜਿਆਂ ਲੋਕਾਂ ਸਿਰ ਜਾਂ ਰੱਬ ਦੇ ਸਿਰ ਮੜ੍ਹ ਕੇ ਹਮਦਰਦੀ ਦੀ ਝਾਕ ਵਿੱਚ ਬੈਠੇ ਰਹਿੰਦੇ ਹਨ। ਉਹ ਹਮੇਸ਼ਾ ਇਹੀ ਦੱਸਦੇ ਰਹਿੰਦੇ ਹਨ ਕਿ ਉਹ ਆਪਣੀ ਗਰੀਬੀ ਵਿੱਚੋਂ ਬਾਹਰ ਨਹੀਂ ਨਿਕਲ ਸਕੇ ਕਿਉਂਕਿ ਰੱਬ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਜੇ ਉਹ ਇੰਜ ਕਰ ਲੈਂਦੇ ਤਾਂ ਇੰਜ ਹੋ ਜਾਂਦਾ, ਜੇ ਇੰਜ ਹੁੰਦਾ ਤਾਂ ਉਹ ਇਹ ਕਰ ਲੈਂਦੇ, ਉਹ ਕਰ ਲੈਂਦੇ। ਪਰ ਸੱਚ ਇਹ ਹੈ ਕਿ ਕੁਦਰਤ ਹਰ ਇਨਸਾਨ ਨੂੰ ਮੌਕਾ ਦਿੰਦੀ ਹੈ। ਹਾਲਾਤ ਸਭ ਦੇ ਇੱਕੋ ਜਿਹੇ ਹੁੰਦੇ ਹਨ। ਕੁਝ ਨਿਰੰਤਰ ਸੰਘਰਸ਼ ਕਰਦੇ ਰਹਿੰਦੇ ਹਨ ਤੇ ਕੁਝ ਸ਼ਿਕਾਇਤਾਂ ਦੀ ਪੰਡ ਸਿਰ ਉੱਤੇ ਚੁੱਕ ਕੇ ਦੁਨੀਆ ਸਾਹਮਣੇ ਨਿਮਾਣੇ ਬਣਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਇਹ ਲੋਕ ਕੁਦਰਤ ਵੱਲੋਂ ਦਿੱਤੇ ਅਨੇਕਾਂ ਮੌਕੇ ਗਵਾ ਕੇ ਦੂਜਿਆਂ ਨੂੰ ਕੋਸਦੇ ਰਹਿੰਦੇ ਹਨ। ਇਹ ਆਪਣੇ ਆਪ ਨੂੰ ਦੁਖੀ ਹੋਣ ਦਾ ਢੰਡੋਰਾ ਪਿੱਟ ਪਿੱਟ ਕੇ ਹਮਦਰਦੀ ਬਟੋਰਨ ਦੀ ਆਸ ਵਿੱਚ ਲੱਗੇ ਰਹਿੰਦੇ ਹਨ। ਤੇ ਅਸਲ ਲੋੜਵੰਦ ਵਿਚਾਰੇ ਕਿਤੇ ਪਿੱਛੇ ਸਬਰ ਕਰਕੇ ਬੈਠੇ ਰਹਿੰਦੇ ਹਨ।
ਅਨੇਕਾਂ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਪੇਕਿਆਂ, ਸਹੁਰਿਆਂ ਤੋਂ ਕੋਈ ਸਹਿਯੋਗ ਨਹੀਂ ਮਿਲਿਆ ਹੁੰਦਾ ਪਰ ਉਹ ਆਪਣੀ ਮਿਹਨਤ ਨਾਲ ਆਪਣੇ ਬੱਚੇ ਪੜਾ ਲਿਖਾ ਕੇ ਚੰਗਾ ਗੁਜ਼ਰ ਬਸਰ ਕਰ ਰਹੀਆਂ ਹਨ। ਕੁਝ ਸਭ ਸੁਖ ਸਹੂਲਤਾਂ ਮਿਲਣ ਦੇ ਬਾਵਜੂਦ ਵੀ ਕੁਝ ਨਹੀਂ ਕਰਦੀਆਂ। ਇਵੇਂ ਹੀ ਮਰਦ ਹਨ। ਕੁਝ ਤਾਂ ਰੀਸੋ ਰੀਸ ਅੱਗੇ ਵਧਦੇ ਰਹਿੰਦੇ ਹਨ ਤੇ ਕੁਝ ਦਾ ਰੋਣਾ ਸਾਰੀ ਉਮਰ ਹੀ ਇਹੀ ਰਹਿੰਦਾ ਹੈ ਕਿ ਲੋਕ ਸਾਡੇ ਨਾਲ ਹਮਦਰਦੀ ਕਰਦੇ ਰਹਿਣ, ਸਾਨੂੰ ਤਰਸ ਦੀਆਂ ਭਾਵਨਾਵਾਂ ਨਾਲ ਦੇਖਣ ਕਿ ਸਾਡੇ ਨਾਲ ਕੋਈ ਅਨਿਆਂ ਹੋ ਗਿਆ ਹੈ। ਇਹੀ ਗੱਲ ਉਹ ਆਪਣੇ ਬੱਚਿਆਂ ਦੇ ਦਿਮਾਗ ਵਿੱਚ ਵੀ ਪਾਉਂਦੇ ਰਹਿੰਦੇ ਹਨ। ਨਤੀਜੇ ਵਜੋਂ ਬੱਚੇ ਵੀ ਹਮਦਰਦੀ ਦੀ ਆਸ ਵਿੱਚ ਬੈਠੇ ਰਹਿੰਦੇ ਹਨ। ਉਹ ਵੀ ਅਗਾਂਹ ਤੁਰਨ ਲਈ ਆਸਰੇ ਭਾਲਦੇ ਰਹਿੰਦੇ ਹਨ। ਹਮਦਰਦੀ ਲੈਣ ਦੀ ਆਦਤ ਜਿਸਦੀ ਬਣ ਜਾਵੇ ਜਾਂ ਜਿਸ ਨੂੰ ਵਿਚਾਰਾ ਬਣ ਕੇ ਸਮਾਜ ਵਿੱਚ ਵਿਚਰਨਾ ਚੰਗਾ ਲਗਦਾ ਹੋਵੇ, ਉਹ ਕਦੀ ਵੀ ਅਗਾਂਹ ਵਧੂ ਨਹੀਂ ਹੋ ਸਕਦਾ। ਸਗੋਂ ਉਹ ਅੱਜ ਦਾ ਕੰਮ ਕੱਲ੍ਹ ’ਤੇ ਟਾਲਣ ਵਾਲਾ ਵਿਅਕਤੀ ਬਣ ਜਾਵੇਗਾ। ਲੋੜ ਇਹ ਸਮਝਣ ਦੀ ਹੈ ਕਿ ਸਮਾਜ ਵਿੱਚ ਸਾਡੇ ਨਾਲੋਂ ਹੇਠਲੇ ਦਰਜੇ ’ਤੇ ਰਹਿ ਰਹੇ ਲੋਕ ਵੀ ਸੰਘਰਸ਼ ਕਰ ਰਹੇ ਹਨ ਤੇ ਸਾਨੂੰ ਵੀ ਕਰਨਾ ਚਾਹੀਦਾ ਹੈ। ਘਰ ਦੇ ਅੰਦਰ ਵੜ ਕੇ ਬੈਠੇ ਰਹਿਣਾ ਅਤੇ ਕੋਈ ਕੰਮ ਨਾ ਕਰਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਕਿਸੇ ਵੀ ਇਨਸਾਨ ਦੀ ਜ਼ਿੰਦਗੀ ਸਮੱਸਿਆਵਾਂ ਤੋਂ ਬਿਨਾਂ ਨਹੀਂ ਹੈ। ਪਿਛਲੇ ਦਿਨੀਂ ਜਦੋਂ ਪੰਜਾਬ ਹੜ੍ਹਾਂ ਦੀ ਮਾਰ ਹੇਠ ਆਇਆ ਸੀ ਤਾਂ ਕਈ ਅਜਿਹੇ ਲੋਕ ਵੀ ਸਾਹਮਣੇ ਆਏ ਜੋ ਸਾਧਨਾਂ ਪੱਖੋਂ ਗਰੀਬ ਪਰ ਸਬਰ ਸਿਦਕ ਅਤੇ ਰੱਬ ਦੀ ਰਜ਼ਾ ਵਿੱਚ ਰਹਿਣ ਵਾਲੇ ਸਨ। ਕੁਝ ਨੀਤੋਂ ਭੁੱਖੇ ਸਭ ਕੁਝ ਇਕੱਠਾ ਕਰਨ ਵਿੱਚ ਲੱਗੇ ਹੋਏ ਸਨ।
ਕਰੋਨਾ ਕਾਲ ਦੌਰਾਨ ਵੀ ਇਵੇਂ ਹੀ ਹੋਇਆ ਸੀ। ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਲੋਕਾਂ ਨੇ ਆਪਣੇ ਸਬਰ ਅਤੇ ਹਿੰਮਤ ਨਾਲ ਜ਼ਿੰਦਗੀ ਦੇ ਪੰਧ ਨੂੰ ਮੁਕਾਇਆ ਹੈ, ਕਿਸੇ ਤੋਂ ਹਮਦਰਦੀ ਨਹੀਂ ਮੰਗੀ। ਅਜਿਹੇ ਲੋਕ ਦੁਨੀਆਂ ਲਈ ਚਾਨਣ ਮੁਨਾਰਾ ਬਣੇ ਹਨ। ਕਿਸੇ ਦੁਖੀ ਨਾਲ ਹਮਦਰਦੀ ਕਰਨਾ ਮਨੁੱਖੀ ਸੁਭਾਅ ਹੈ ਪਰ ਆਪਣੇ ਆਪ ਨੂੰ ਹਮਦਰਦੀ ਦਾ ਪਾਤਰ ਬਣਾ ਲੈਣਾ ਚੰਗੀ ਗੱਲ ਨਹੀਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (