“ਪਰ ਇਸ ਸਮੇਂ ਦੌਰਾਨ ਉੱਭਰੇ ਕਿਰਦਾਰ, ਜਿਹੜੇ ਦਿਨ ਦੇ ਚਾਨਣ ਵਿੱਚ ਵੀ ਡਰਾਉਣੇ ਲੱਗਦੇ ਹਨ ...”
(8 ਅਕਤੂਬਰ 2025)
ਕਿੰਨੇ ਹੀ ਸਾਲ ਬੀਤ ਗਏ ਹਨ, ਮਾਂ ਨੂੰ ਇਸ ਦੁਨੀਆ ਤੋਂ ਰੁਖਸਤ ਹੋਇਆਂ। ਪਰ ਉਸ ਦੀ ਘਾਟ ਤਾਂ ਕਦੇ ਪੂਰੀ ਨਹੀਂ ਹੋਈ। ਮੈਂ ਕਿਧਰੇ ਪੜ੍ਹਿਆ ਸੀ, ਮਾਂ ਕਦੇ ਇਕੱਲੀ ਨਹੀਂ ਮਰਦੀ। ਜਦੋਂ ਘਰ ਵਿੱਚੋਂ ਮਾਂ ਮਰ ਜਾਂਦੀ ਹੈ ਤਾਂ ਘਰ ਵਿੱਚ ਵਸਦੇ ਧੀਆਂ ਪੁੱਤਰਾਂ ਦੇ ਅੰਦਰੋਂ ਵੀ ਕੁਝ ਹਿੱਸਾ ਸੁੱਕ ਜਾਂਦਾ ਹੈ, ਜੋ ਕਦੀ ਵੀ ਬੇਹਾ ਨਹੀਂ ਹੁੰਦਾ, ਨਾ ਪੁਰਾਣਾ ਹੁੰਦਾ ਹੈ। ਬਸ ਮਨ ਦੇ ਕਿਸੇ ਖੂੰਜੇ ਵਿੱਚ ਪਿਆ ਰਹਿੰਦਾ ਹੈ। ਕਿਸੇ ਤਿੱਥ ਤਿਉਹਾਰ ’ਤੇ ਸੱਜਰਾ ਹੋ ਕੇ ਹੰਝੂਆਂ ਰਾਹੀਂ ਬਾਹਰ ਨਿਕਲ ਆਉਂਦਾ ਹੈ। ਇਕ ਖਲਾਅ ਨਿਰੰਤਰ ਬਣਿਆ ਰਹਿੰਦਾ ਹੈ।
ਆਪਣੇ ਬੱਚਿਆਂ ਨਾਲ ਹਰ ਤੂਫਾਨ, ਝੱਖੜ ਵਿੱਚ ਨਾਲ ਖੜ੍ਹਨ ਵਾਲੀਆਂ ਮਾਵਾਂ ਜਦੋਂ ਮੁੱਕ ਜਾਂਦੀਆਂ ਹਨ ਤਾਂ ਸਾਡੇ ਅੰਦਰ ਵੀ ਬਹੁਤ ਕੁਝ ਮੁੱਕ ਜਾਂਦਾ ਹੈ। ਕਹਿੰਦੇ ਹਨ ਸਮੇਂ ਨਾਲ ਸਭ ਜ਼ਖਮ ਭਰ ਜਾਂਦੇ ਹਨ। ਪਰ ਮੈਨੂੰ ਲੱਗਦਾ ਹੈ ਜ਼ਖਮ ਕਿਧਰੇ ਨਹੀਂ ਭਰਦੇ, ਸਿਰਫ ਸਬਰ ਆ ਜਾਂਦਾ ਹੈ, ਕਿਧਰੇ ਆਪਣੇ ਆਪ ਵਿੱਚ ਵੀ ਇੱਕ ਠਹਿਰਾਅ। ਮਨ ਹੌਲੀ ਹੌਲੀ ਸਮਝਣ ਲੱਗ ਜਾਂਦਾ ਹੈ ਕਿ ਹੁਣ ਹਰ ਗੱਲ ਭੱਜ ਕੇ ਕਿਸ ਨੂੰ ਦੱਸਣੀ ਹੈ? ਨਫੇ ਨੁਕਸਾਨ ਦੀ ਤੱਕੜੀ ਮਨ ਆਪੇ ਹੀ ਤੋਲ ਲੈਂਦਾ ਹੈ। ਦੁਨੀਆਦਾਰੀ ਦੇ ਨਾਲ ਚੱਲਦਾ ਰਹਿੰਦਾ ਹੈ। ਸਮਾਂ ਬੀਤਣ ਨਾਲ ਬੀਤੇ ਦਾ ਦੁੱਖ ਇੱਕ ਪਰਦੇ ਪਿੱਛੇ ਲੁਕ ਜਾਂਦਾ ਹੈ।
ਜਦੋਂ ਕਿਧਰੇ ਮਨ ਦੀ ਬਹੁਤੀ ਹਨੇਰੀ ਨਾਲ ਪਰਦਾ ਹਿਲਦਾ ਹੈ ਤਾਂ ਪਿੱਛੇ ਬਹੁਤ ਕੁਝ ਪਿਆ ਨਜ਼ਰ ਆਉਣ ਲੱਗ ਜਾਂਦਾ ਹੈ। ਹਰ ਸਾਲ ਸੱਤ ਅਕਤੂਬਰ ਦਾ ਦਿਨ ਆਉਂਦਾ ਹੈ, ਜਿਸ ਦਿਨ ਮਾਂ ਇਸ ਭਰੇ ਮੇਲੇ ਨੂੰ ਛੱਡ ਲੰਮੇ ਰਾਹਾਂ ’ਤੇ ਤੁਰ ਗਈ, ਜਿੱਥੋਂ ਅੱਜ ਤੱਕ ਕੋਈ ਵੀ ਨਹੀਂ ਪਰਤਿਆ। ਇਹ ਵੱਡਾ ਸਾਰਾ ਦਿਨ ਜੋ ਚੜ੍ਹਦਾ ਵੀ ਜਲਦੀ ਹੈ ਤੇ ਮੁੱਕਦਾ ਵੀ ਨਹੀਂ। ਸਾਰਾ ਕੁਝ ਰੀਲ ਵਾਂਗੂੰ ਸਾਰਾ ਦਿਨ ਘੁੰਮਦਾ ਰਹਿੰਦਾ ਹੈ। ਮਨ ਅੰਦਰ ਪੈਂਦੀ ਖੋਹ ਕਦੇ ਅੰਦਰ ਵਾੜਦੀ ਹੈ, ਕਦੇ ਬਾਹਰ ਭਜਾਉਂਦੀ ਹੈ। ਕਦੇ ਸੋਚਦੀ ਹਾਂ, ਜਿੰਦਗੀ ਦੀਆਂ ਕਿੰਨੀਆਂ ਹੀ ਤਲਖਾਂ ਹਕੀਕਤਾਂ, ਹਨੇਰੀਆਂ ਮਾਂ ਦੇ ਹੁੰਦਿਆਂ ਗੁਜਰੀਆਂ। ਇੱਕ ਮਾਂ ਹੀ ਵੱਡਾ ਹੌਸਲਾ ਸੀ, ਜਿਸ ਨੇ ਟੁੱਟਣ ਨਾ ਦਿੱਤਾ, ਜਾਂ ਫਿਰ ਟੁੱਟ ਚੁੱਕਿਆਂ ਨੂੰ ਬਿਖਰਨ ਨਾ ਦਿੱਤਾ। ਨਹੀਂ ਤਾਂ ਬਿਗਾਨਿਆਂ ਦੇ ਤਲਵਾਰਾਂ ਵਰਗੇ ਬੋਲ, ਤਮਾਸ਼ੇ ਵਾਲੀ ਬਿਰਤੀ ਨੇ ਕਿੰਨਾ ਕੁਝ ਸਵਾਹ ਕਰ ਦਿੱਤਾ ਸੀ।
ਹੁਣ ਕਿੰਨਾ ਕੁਝ ਬਦਲ ਗਿਆ। ਸ਼ਾਇਦ ਸਬਰ ਵੱਡਾ ਹੋ ਗਿਆ ਜਾਂ ਮਨ ਆਪਣੀ ਬੇੜੀ ਦਾ ਮਲਾਹ ਆਪੇ ਬਣ ਗਿਆ ਹੈ, ਅੰਦਰਲੀ ਟੁੱਟ ਭੱਜ ਨੂੰ ਸਾਂਭਣ ਜੋਗਾ। ਇਕ ਠਹਿਰਾਅ, ਜੋ ਕਿਧਰੇ ਭੱਜਣ ਨਹੀਂ ਦਿੰਦਾ। ਮਨ ਆਪੇ ਸਵਾਲ ਕਰ ਲੈਂਦਾ ਹੈ, ਆਪੇ ਜਵਾਬ ਦੇ ਦਿੰਦਾ ਹੈ। ਅਸਲ ਵਿੱਚ ਅਸੀਂ ਸਾਰੇ ਇੱਕ ਸਮੇਂ ’ਤੇ ਆ ਕੇ ਮਨ ਨੂੰ ਸਮਝਾ ਲੈਂਦੇ ਹਾਂ। ਜਾਂ ਫਿਰ ਸਾਡੀ ਮਜਬੂਰੀ ਬਣ ਜਾਂਦੀ ਹੈ, ਜਾਂ ਸਾਨੂੰ ਸਮਝ ਆ ਜਾਂਦੀ ਹੈ ਕਿ ਹੁਣ ਸਮਝ, ਸਬਰ ਤੋਂ ਬਿਨਾਂ ਕੋਈ ਚਾਰਾ ਨਹੀਂ। ਬੀਤ ਗਏ ਸਮੇਂ ਦੀ ਕੈਦ ਵਿੱਚੋਂ ਬੇਸ਼ਕ ਅਸੀਂ ਥੋੜ੍ਹਾ ਬਹੁਤ ਆਜ਼ਾਦ ਹੋ ਜਾਂਦੇ ਹਾਂ ਪਰ ਇਸ ਸਮੇਂ ਦੌਰਾਨ ਉੱਭਰੇ ਕਿਰਦਾਰ, ਜਿਹੜੇ ਦਿਨ ਦੇ ਚਾਨਣ ਵਿੱਚ ਵੀ ਡਰਾਉਣੇ ਲੱਗਦੇ ਹਨ, ਆਪਣਾ ਆਪਾ, ਆਪਣੀ ਪਰਵਰਿਸ਼ ਅਤੇ ਆਪਣਾ ਅਸਲੀ ਰੰਗ, ਕਿਰਦਾਰ ਸਾਨੂੰ ਜਰੂਰ ਦਿਖਾ ਜਾਂਦੇ ਹਨ। ਇਹਨਾਂ ਡਰਾਉਣੇ ਕਿਰਦਾਰਾਂ ਦੇ ਵਿਚਕਾਰ ਸਿਰਫ ਮਾਂ ਹੀ ਇੱਕ ਕੰਧ ਬਣੀ ਦਿਸਦੀ ਹੈ। ਜੋ ਕੁਝ ਨਹੀਂ ਹੁੰਦਾ, “ਸਭ ਆਪੇ ਠੀਕ ਹੋ ਜੂ” ਦਾ ਹੌਸਲਾ ਦਿੰਦੀ ਹੈ। ਪਰਮਾਤਮਾ ਦੁਨੀਆਂ ਵਿੱਚ ਵਸਦੀਆਂ ਸਾਰੀਆਂ ਮਾਵਾਂ ਨੂੰ ਲੰਮੀਆਂ ਉਮਰਾਂ ਬਖਸ਼ੀ। ਅਤੇ ਦੁਨੀਆ ਤੋਂ ਜਾ ਚੁੱਕੀਆਂ ਮਾਵਾਂ ਦੇ ਬੱਚਿਆਂ ਨੂੰ ਸਬਰ, ਠਹਿਰਾਅ ਅਤੇ ਸੁਮੱਤ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (