“ਇੱਕ ਦਿਨ ਰਾਤ ਗਿਆਰਾਂ ਕੁ ਵਜੇ ਡਰਾਈਵ ਵੇਅ ’ਤੇ ਆ ਕੇ ਦਾਰੂ ਪੀ ਕੇ ਭੰਗੜਾ ਪਾਉਣ ਲੱਗ ਪਏ ...”
(7 ਅਕਤੂਬਰ 2025)
ਬਰੈਂਪਟਨ ਸ਼ਹਿਰ
ਕਨੇਡਾ ਦਾ ਸ਼ਹਿਰ ਬਰੈਂਪਟਨ ਪੰਜਾਬੀਆਂ ਦਾ ਗੜ੍ਹ ਹੈ। ਇਸ ਸ਼ਹਿਰ ਵਿੱਚ ਗੋਰਿਆਂ ਨਾਲੋਂ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੈ। ਕਿਸੇ ਮਾਲ, ਟਿਮ ਹੌਰਟਨ ਜਾਂ ਕਿਸੇ ਹੋਰ ਥਾਂ ’ਤੇ ਚਲੇ ਜਾਉ, ਕੰਮ ਕਰਨ ਵਾਲੇ ਅਤੇ ਖਰੀਦਾਰ ਜ਼ਿਆਦਾ ਪੰਜਾਬੀ ਮਿਲਣਗੇ। ਇੱਥੇ ਆ ਕੇ ਇਸ ਤਰ੍ਹਾਂ ਲਗਦਾ ਹੈ ਜਿਵੇਂ ਅਸੀਂ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਵਿਚਰ ਰਹੇ ਹੋਈਏ ਅਤੇ ਗੋਰੇ ਪੰਜਾਬ ਵਿੱਚ ਆ ਗਏ ਹੋਣ।
* * *
ਪੰਜਾਬੀ ਜ਼ਿੰਦਾਬਾਦ
ਇੱਕ ਦਿਨ, ਮੇਰੀ ਬੇਟੀ ਕਹਿਣ ਲੱਗੀ ਕਿ ਆਹ ਲਉ ਦੋ ਕਾਰਡ, ਤਿੰਨ ਨੰਬਰ ਬੱਸ ਸਿੱਧੀ ਹੀ ਜਾਣੀ ਹੈ। ਸਿੱਧੇ ਹੀ ਤਕਰੀਬਨ ਚਾਰ ਕੁ ਕਿਲੋਮੀਟਰ ?ਤੇ ਗੁਰਦਵਾਰਾ ਸਾਹਿਬ ਹੈ। ਸੱਜੇ ਪਾਸੇ ਦੇਖਦੇ ਜਾਇਉ, ਬੱਸ ਦੀ ਬੈੱਲ ਮਾਰਿਉ, ਬੱਸ ਅਗਲੇ ਸਟਾਪ ’ਤੇ ਰੁਕ ਜਾਵੇਗੀ। ਮੈਂ ਕੁਝ ਹਿਚਕਚਾਹਟ ਦਿਖਾਈ ਤਾਂ ਉਹ ਕਹਿਣ ਲੱਗੀ, “ਅਮ੍ਰਿਤਸਰ ਤੋਂ ਕਨੇਡਾ ਆ ਸਕਦੇ ਹੋ, ਚਾਰ ਕਿਲੋਮੀਟਰ ਗੁਰਦਵਾਰੇ ਨਹੀਂ ਜਾ ਸਕਦੇ? ਆਹ ਲਉ ਮੋਬਾਇਲ, ਜੇ ਗਵਾਚ ਵੀ ਗਏ ਤਾਂ ਜਿੱਥੇ ਵੀ ਹੋਏ, ਫੋਨ ਕਰ ਦੇਣਾ, ਮੈਂ ਜਾ ਕੇ ਲੈ ਆਵਾਂਗੀ।”
ਅਸੀਂ ਤੁਰ ਪਏ। ਬੱਸ ਚੜ੍ਹ ਗਏੇ। ਮੈਂ ਕਾਰਡ ਮਸ਼ੀਨ ਵਿੱਚੀਂ ਲੰਘਾਇਆ। ਹੁਣ ਮੇਰੀ ਪਤਨੀ ਦੀ ਵਾਰੀ ਸੀ। ਕਾਰਡ ਮਸ਼ੀਨ ਤੋਂ ਪੜ੍ਹਿਆ ਨਾ ਗਿਆ। ਬੱਸ ਡਰਾਈਵਰ ਨੇ ਦੇਖਿਆ ਤੇ ਕਹਿਣ ਲੱਗਾ, “ਭੈਣ ਜੀ, ਕਾਰਡ ਮਸ਼ੀਨ ਦੇ ਥੋੜ੍ਹਾ ਜਿਹਾ ਥੱਲੇ ਕਰੋ।” ਕਾਰਡ ਪੜ੍ਹਿਆ ਗਿਆ। ਪੰਜਾਬੀ ਜ਼ਿੰਦਾਬਾਦ! ਮੇਰੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ।
* * *
ਅੱਧੀ ਰਾਤ ਨੂੰ ਭੰਗੜਾ
ਜਿੱਥੇ ਮੇਰੀ ਬੇਟੀ, ਜਵਾਈ ਅਤੇ ਦੋਹਤੇ ਰਹਿੰਦੇ ਸੀ, ਗਵਾਂਢ ਬੇਸਮੈਂਟ ਵਿੱਚ ਚਾਰ ਪੰਜਾਬੀ ਮੁੰਡੇ ਆ ਗਏ। ਇੱਕ ਦਿਨ ਰਾਤ ਗਿਆਰਾਂ ਕੁ ਵਜੇ ਡਰਾਈਵ ਵੇਅ ’ਤੇ ਆ ਕੇ ਦਾਰੂ ਪੀ ਕੇ ਭੰਗੜਾ ਪਾਉਣ ਲੱਗ ਪਏ ਅਤੇ ਡੈੱਕ ਦੀ ਅਵਾਜ਼ ਉੱਚੀ ਕਰ ਦਿੱਤੀ। ਦੂਜੇ ਪਾਸੇ ਗਵਾਂਢ ਵਿੱਚ ਗੋਰਾ ਪਰਿਵਾਰ ਰਹਿੰਦਾ ਸੀ। ਗੋਰੀ ਔਰਤ ਨੇ ਆ ਕੇ ਆਖਿਆ ਕਿ ਇਸ ਵੇਲੇ ਰੌਲਾ ਨਾ ਪਾਓ। ਅੱਗੋਂ ਇੱਕ ਮੁੰਡੇ ਨੇ ਨਸ਼ੇ ਵਿੱਚ ਆਖਿਆ, “ਆ ਜਾ ਤੂੰ ਵੀ ਨੱਚ ਲੈ...” ਉਸ ਔਰਤ ਨੇ ਆਪਣੇ ਘਰ ਵਿੱਚ ਜਾ ਕੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਪੁਲਿਸ ਆ ਗਈ। ਉਸ ਤੋਂ ਬਾਅਦ ਕਦੇ ਵੀ ਉਸ ਘਰ ਵਿੱਚ ਰਹਿੰਦੇ ਮੁੰਡੇ ਕੰਨ ਵਿੱਚ ਪਾਏ ਨਾ ਰੜਕੇ।
* * *
ਗੋਰਾ ਗਵਾਂਢੀ
ਗਵਾਂਢੀ ਗੋਰਾ ਪਰਿਵਾਰ ਬਹੁਤ ਸੁਹਿਰਦ ਹੈ। ਮੇਰੀ ਬੇਟੀ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ। ਵੱਡੇ 6 ਕੁ ਸਾਲ ਦੇ ਦੋਹਤੇ ਦੀ ਘਰ ਰਹਿਣ ਦੀ ਸਮੱਸਿਆ ਆ ਗਈ। ਗਵਾਂਢਣ ਗੋਰੀ ਨੂੰ ਸਮੱਸਿਆ ਦੱਸੀ। ਉਹ ਕਹਿਣ ਲੱਗੀ, “ਚਿੰਤਾ ਨਾ ਕਰੋ, ਮੈਂ ਇਸ ਕੋਲ ਰਾਤ ਰਹਾਂਗੀ।”
ਯਕੀਨ ਕਰਨਾ, ਉਹ ਸਾਰੀ ਰਾਤ ਸੋਫੇ ’ਤੇ ਬੈਠੀ ਜਾਗਦੀ ਰਹੀ ਅਤੇ ਮੇਰਾ ਦੋਹਤਾ ਆਰਾਮ ਨਾਲ ਸੁੱਤਾ ਰਿਹਾ। ਸਵੇਰੇ ਅਸੀਂ ਪਹੁੰਚ ਗਏ ਅਤੇ ਉਸ ਗੋਰੀ ਨੂੰ ਉਸਦੀ ਡਿਊਟੀ ਤੋਂ ਫਾਰਗ ਕੀਤਾ।
ਖੁਸ਼ੀ ਨਾਲ ਹੀ ਅਸੀਂ ਅਖੰਡ ਪਾਠ ਕਰਵਾਇਆ। ਭੋਗ ਵਾਲੇ ਦਿਨ ਆਂਢ ਗੁਆਂਢ ਨੂੰ ਸੱਦਾ ਦਿੱਤਾ। ਦੋ ਗੋਰੇ ਪਰਿਵਾਰ ਕੀਰਤਨ ਤੋਂ ਲੈ ਕੇ ਲੰਗਰ ਛਕਣ ਤਕ ਮੌਜੂਦ ਰਹੇ। ਇੱਕ 90 ਕੁ ਸਾਲ ਦੇ ਜੋੜੇ ਨੂੰ ਮੈਂ ਆਖਿਆ, “ਤੁਹਾਡਾ ਧੰਨਵਾਦ, ਤੁਸੀਂ ਲੰਬਾ ਸਮਾਂ ਬੈਠੇ ਰਹੇ। ਕੀ ਤੁਹਾਨੂੰ ਚੰਗਾ ਲੱਗਿਆ?”
ਉਹਨਾਂ ਦਾ ਜਵਾਬ ਸੀ, “ਸਾਨੂੰ ਤੁਹਾਡੀ ਭਾਸ਼ਾ ਤਾਂ ਸਮਝ ਨਹੀਂ ਆਈ ਪਰ ਸੰਗੀਤ ਨੇ ਉੱਠਣ ਨਹੀਂ ਦਿੱਤਾ।”
ਉਨ੍ਹਾਂ ਪੰਜਾਬੀ ਖਾਣਾ ਖੁਸ਼ ਹੋ ਕੇ ਖਾਧਾ।
* * *
ਆਪਣੇ ਪੰਜਾਬੀ
ਸ਼ਾਮ ਨੂੰ ਟੈਂਟ ਲਾਹੁਣ ਲਈ ਦੋ ਪੰਜਾਬੀ ਮੁੰਡੇ ਆ ਗਏ। ਉਹ ਬੜਾ ਹੌਲੀ ਹੌਲੀ ਵਗਦੇ ਸਨ (ਭਾਵ ਕੰਮ ਕਰਦੇ ਸਨ)। ਮੈਂ ਚਾਹ ਦੀ ਸੁਲ੍ਹਾ ਮਾਰੀ, ਉਨ੍ਹਾਂ ਨੇ ਸਵੀਕਾਰ ਕਰ ਲਈ। ਮੈਂ ਆਖਿਆ, “ਕਾਕਾ, ਛੇਤੀ ਕੰਮ ਖਤਮ ਕਰੋ ਅਤੇ ਘਰ ਜਾ ਕੇ ਆਰਾਮ ਕਰੋ।”
“ਬੱਸ ਇਹੋ ਤਾਂ ਸਮੱਸਿਆ ਹੈ ਅੰਕਲ ਜੀ। ਅਸੀਂ ਵਿਦਿਆਰਥੀ ਹਾਂ, ਕਾਲਜ ਤੋਂ ਇੱਥੇ ਆਏ ਹਾਂ। ਜੇ ਸੱਤ ਵਜੇ ਤੋਂ ਪਹਿਲਾਂ ਚਲੇ ਗਏ ਤਾਂ ਮਾਲਕ ਨੇ ਕਿਸੇ ਹੋਰ ਥਾਂ ਭੇਜ ਦੇਣਾ ਹੈ, ਜਿੱਥੇ ਰਾਤ ਦੇ ਬਾਰਾਂ ਵੱਜਣੇ ਲਾਜ਼ਮੀ ਹਨ। ਜੇ ਸੱਤ ਵਜੇ ਤਕ ਅਸੀਂ ਨਹੀਂ ਜਾਂਦੇ ਤਾਂ ਦੂਸਰੀ ਟੀਮ ਚਲੇ ਜਾਵੇਗੀ।”
ਟੈਂਟ ’ਤੇ ਧਾਲੀਵਾਲ ਟੈਂਟ ਹਾਊਸ ਲਿਖਿਆ ਹੋਇਆ ਸੀ। ਉਹਨਾਂ ਦੇ ਜਵਾਬ ਨੇ ਮੈਨੂੰ ਹੋਰ ਸਵਾਲ ਪੁੱਛਣ ਦੀ ਹਿੰਮਤ ਨਾ ਕਰਨ ਦਿੱਤੀ।
* * *
ਪੰਜਾਬੀ ਦੀ ਕਰਾਮਾਤ
ਗਵਾਂਢੀ ਗੋਰਾ ਪਰਿਵਾਰ (ਮੀਆਂ ਬੀਬੀ) ਆਪਣੀ ਗੱਡੀ ਵਿੱਚ ਖਾਣ ਪੀਣ ਆਦਿ ਦਾ ਸਮਾਨ ਰੱਖ ਰਿਹਾ ਸੀ। “ਕਿਤੇ ਜਾ ਰਹੇ ਹੋ?” ਮੈਂ ਪੁੱਛਿਆ।
“ਹਾਂ ਜੀ, ਤਿੰਨ ਦਿਨ ਘੁੰਮਣ ਦਾ ਪਰੋਗਰਾਮ ਹੈ। ਤੁਸੀਂ ਸਾਡੀ ਗੈਰਹਾਜ਼ਰੀ ਵਿੱਚ ਫੁੱਲਾਂ ਨੂੰ ਪਾਣੀ ਲਾ ਦੇਣਾ। ਵਾਪਸ ਆਉਣ ’ਤੇ ਤਰੋਤਾਜ਼ਾ ਫੁੱਲ ਸਾਡਾ ਸਵਾਗਤ ਕਰਨ ਅਤੇ ਨਾਲੇ ਘਰ ਦਾ ਧਿਆਨ ਵੀ ਰੱਖਣਾ।”
“ਤੁਸੀਂ ਚਿੰਤਾ ਨਾ ਕਰਿਓ, ਤੁਹਾਡੀ ਵਾਪਸੀ ’ਤੇ ਫੁੱਲ, ਤਕੜੇ ਅਤੇ ਤਰੋਤਾਜ਼ਾ ਹੋਣਗੇ।”
ਪੰਜਾਬ ਤੋਂ ਚੱਲਣ ਤੋਂ ਪਹਿਲਾਂ ਅਸੀਂ ਸੋਚਿਆ ਕਿ ਗੋਰੋ ਗਵਾਂਢੀ ਚੰਗੇ ਹਨ, ਉਹਨਾਂ ਲਈ ਕੁਝ ਲੈ ਚੱਲੀਏ। ਅਸੀਂ ਦੋ ਟੀ ਸ਼ਰਟਾਂ ਲੈ ਲਈਆਂ। ਇੱਕ ’ਤੇ ਪੰਜਾਬੀ ਦੀ ਪੈਂਤੀ ਲਿਖੀ ਹੋਈ ਸੀ ਅਤੇ ਦੂਜੀ ਉੱਤੇ ‘ਮੇਰੀ ਮਾਂ ਮੇਰਾ ਰੱਬ ਹੈ’ ਲਿਖਿਆ ਹੋਇਆ ਸੀ। ਦੋਵੇਂ ਟੀ ਸ਼ਰਟਾਂ ਉਹਨਾਂ ਨੂੰ ਦੇ ਦਿੱਤੀਆਂ। ਔਰਤ ਕੁਛ ਮਿੰਟਾਂ ਬਾਅਦ ਹੀ ਟੀ ਸ਼ਰਟ ਪਾ ਕੇ ਆ ਕੇ ਕਹਿਣ ਲੱਗੀ, “ਵੇਖੋ ਕਿੰਨੀ ਵਧੀਆ ਲਗਦੀ ਹੈ?”
ਉਹ ਔਰਤ ਟੀ ਸ਼ਰਟ ਪਾ ਕੇ ਬਹੁਤ ਖੁ਼ਸ਼ ਸੀ।
ਟੂਰ ਤੋਂ ਵਾਪਸ ਆਉਣ ’ਤੇ ਉਹ ਬਹੁਤ ਖੁ਼ਸ਼ ਸਨ। ਮੈਂ ਪੁੱਛਿਆ, “ਟੂਰ ਕਿੱਦਾਂ ਦਾ ਰਿਹਾ?”
“ਬਹੁਤ ਵਧੀਆ, ਅਖੀਰਲਾ ਦਿਨ ਤਾਂ ਯਾਦਗਾਰ ਹੋ ਨਿੱਬੜਿਆ?”
“ਉਹ ਕਿਵੇਂ?”
“ਜਿਸ ਹੋਟਲ ਵਿੱਚ ਅਸੀਂ ਠਹਿਰੇ ਸੀ, ਉਸਦਾ ਤਿੰਨ ਦਿਨ ਦਾ ਕਿਰਾਇਆ, 250 ਡਾਲਰ ਪ੍ਰਤੀ ਦਿਨ ਦੇ ਹਿਸਾਬ, 750 ਡਾਲਰ ਬਣਦੇ ਸਨ। ਅਸੀਂ ਪੇਮੈਂਟ ਦੇਣ ਲਈ ਕਾਊਂਟਰ ’ਤੇ ਗਏ। ਅਸੀਂ ਦੋਵਾਂ ਨੇ ਪੰਜਾਬੀ ਵਾਲੀਆਂ ਟੀ ਸ਼ਰਟਾਂ ਪਾਈਆਂ ਹੋਈਆਂ ਸਨ। “ਤੁਹਾਡੇ 750 ਡਾਲਰ ਬਣਦੇ ਹਨ, ਪਰ ਤੁਸੀਂ ਛੇ ਸੌ ਦਿਉ।” ਮੈਨੇਜਰ ਨੇ ਆਖਿਆ।
“ਸਾਡਾ ਲਿਹਾਜ਼ ਕਿਉਂ?”
“ਸਾਡਾ ਮਾਲਿਕ ਪੰਜਾਬੀ ਹੈ। ਉਸਨੇ ਤੁਹਾਡੀਆਂ ਟੀ ਸ਼ਰਟਾਂ ਦੇਖ ਕੇ ਮੈਨੂੰ ਹਿਦਾਇਤ ਕੀਤੀ ਸੀ, ਇਨ੍ਹਾਂ ਕੋਲੋਂ 150 ਡਾਲਰ ਘੱਟ ਲੈਣੇ ਹਨ।” ਮੈਨੇਜਰ ਨੇ ਆਖਿਆ।
“ਤੁਹਾਡੀਆਂ ਟੀ ਸ਼ਰਟਾਂ ਦੇ ਕਰਕੇ ਸਾਡੇ 150 ਡਾਲਰ ਬਚ ਗਏ। ਤੁਹਾਡਾ ਧੰਨਵਾਦ।” ਗਵਾਂਢੀ ਨੇ ਆਖਿਆ
ਪੰਜਾਬੀਏ, ਤੇਰੇ ਮਾਣ ਸਤਿਕਾਰ ਇੱਦਾਂ ਹੀ ਕਾਇਮ ਰਹੇ। ਮੇਰੀ ਦਿਲੀ ਇੱਛਾ ਹੈ।
* * *
ਠਾਠਾ
ਕਨੇਡਾ, ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ ਆਦਿ ਦੇਸ਼ ਪੰਜਾਬੀਆਂ ਦੀ ਮਨ ਪਸੰਦ ਦੇਸ਼ ਹਨ, ਜਿੱਥੇ ਜਾ ਕੇ ਉਹ ਪੱਕੇ ਤੌਰ ’ਤੇ ਰਹਿਣਾ ਚਾਹੁ਼ੰਦੇ ਹਨ। ਜਦੋਂ ਬੱਚੇ ਇਨ੍ਹਾਂ ਦੇਸ਼ਾਂ ਵਿੱਚ ਜਾਂਦੇ ਹਨ ਤਾਂ ਬੜੀ ਛੇਤੀ ਉਹ ਉੱਥੋਂ ਦੇ ਕਲਚਰ, ਰਹਿਣੀ ਬਹਿਣੀ, ਸਿਸਟਮ ਆਦਿ ਤੋਂ ਵਾਕਿਫ ਹੋ ਜਾਂਦੇ ਹਨ ਪਰ ਜਦੋਂ ਉਨ੍ਹਾਂ ਦੇ ਮਾਂ ਪਿਉਂ ਉੱਥੇ ਜਾਂਦੇ ਹਨ ਤਾਂ ਉਹਨਾਂ ਨੂੰ ਉੱਥੋਂ ਦੇ ਸੱਭਿਆਚਾਰ ਨੂੰ ਜਾਣਨ ਲਈ ਸਮਾਂ ਹੀ ਨਹੀਂ ਲਗਦਾ ਸਗੋਂ ਕਈ ਵਾਰ ਅਜੀਬ ਜਿਹੀਆਂ ਜਾਂ ਹਾਸੋਹੀਣੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਅਜਿਹੀ ਹੀ ਘਟਨਾ ਮੇਰੇ ਨਾਲ ਵਾਪਰੀ।
ਜਦੋਂ ਮੈਂ ਪਹਿਲੀ ਵਾਰ ਨਿਊਜ਼ੀਲੈਂਡ ਗਿਆ ਤਾਂ ਉੱਥੋਂ ਦੇ ਵਸਨੀਕ ਗੋਰਿਆਂ ਦੀ ਭਾਸ਼ਾ ਸਮਝਣ ਲਈ ਕੁਝ ਸਮਾਂ ਲੱਗਿਆ ਕਿਉਂਕਿ ਉਹਨਾਂ ਦਾ ਉਚਾਰਣ ਕੁਝ ਵੱਖਰਾ ਹੈ। ਪਰ ਉਹ ਮਿਲਣਸਾਰ ਹਨ। ਖੁਸ਼ ਹੋ ਕੇ ਮਿਲਦੇ ਹਨ, ਹਾਏ ਹੈਲੋ ਕਰਦੇ ਹਨ। ਸਾਡੇ ਨਿਊਜ਼ੀਲੈਂਡ ਪਹੁੰਚਣ ਤੋਂ ਹਫਤੇ ਕੁ ਬਾਅਦ ਮੈਂ ਦਾਦਾ ਬਣ ਗਿਆ। ਉੱਥੋਂ ਦੇ ਹਸਪਤਾਲ ਸਫਾਈ ਦੀ ਕਸਵੱਟੀ ’ਤੇ ਪੂਰਾ ਉੱਤਰਦੇ ਹਨ। ਹਰ ਫਲੋਰ ’ਤੇ ਇੱਕ ਵੇਟਿੰਗ ਰੂਮ ਅਤੇ ਰਸੋਈ ਹੁੰਦੀ ਹੈ। ਰਸੋਈ ਵਿੱਚ ਤੁਸੀਂ ਆਪਣਾ ਖਾਣਾ ਰੱਖ ਸਕਦੋ ਹੋ ਅਤੇ ਗਰਮ ਕਰਕੇ ਉੱਥੇ ਬਹਿ ਕੇ ਖਾ ਸਕਦੇ ਹੋ। ਵੇਟਿੰਗ ਰੂਮ ਅਤੇ ਰਸੋਈ ਵਿੱਚ ਚਾਹ ਅਤੇ ਕੌਫੀ ਤਿਆਰ ਕਰਨ ਲਈ ਸਮਾਨ ਪਿਆ ਹੁੰਦਾ ਹੈ, ਜਿਸਦੀ ਵਰਤੋਂ ਮਰੀਜ਼ ਦੇ ਰਿਸ਼ਤੇਦਾਰ ਕਰਦੇ ਹਨ। ਇਹ ਸਭ ਮੁਫਤ ਹੁੰਦਾ ਹੈ। ਡਿਵਲਪ ਦੇਸ਼ਾਂ ਵਿੱਚ ਸਿਸਟਮ ਬਹੁਤ ਵਧੀਆ ਹੈ ਪਰ ਸਿਹਤ ਸਿਸਟਮ ਮਾੜਾ ਹੈ। ਫਿਰ ਵੀ ਉਹ ਆਪਣੇ ਪੀ ਆਰ ਦਾ ਪੂਰਾ ਧਿਆਨ ਰੱਖਦੇ ਹਨ। ਜੇਕਰ ਸਰਕਾਰ ਟੈਕਸ ਠੋਕ ਕੇ ਲੈਂਦੀ ਹੈ ਤਾਂ ਸਹੂਲਤਾ ਵੀ ਦਿੰਦੀ ਹੈ। ਬੱਚੇ ਦੇ ਜਨਮ ਤੋਂ ਉਸਦੇ ਪਿਤਾ ਨੂੰ ਹਰ ਹਫਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਨਰਸ ਬੱਚੇ ਦੇ ਜਨਮ ਵਾਲੇ ਘਰ ਜਾ ਕੇ ਬੱਚੇ ਨੂੰ ਚੈੱਕ ਕਰਦੀ ਹੈ। ਉਸਦੀ ਸਿਹਤ, ਦੁੱਧ ਆਦਿ ਬਾਰੇ ਹਦਾਇਤਾਂ ਜਾਰੀ ਕਰਦੀ ਹੈ। ਉਹ ਇਹ ਵੀ ਧਿਆਨ ਰੱਖਦੀ ਹੈ ਕਿ ਬੱਚਾ ਆਪਣੇ ਬੈੱਡ ’ਤੇ ਸੌਂਦਾ ਹੈ। ਬੱਚੇ ਦੀ ਮਾਂ ਖੁਸ਼ ਹੈ। ਪੰਜਾਬੀ ਮਾਵਾਂ ਭਾਵੇਂ ਖੁਸ਼ ਹੋਣ ਜਾਂ ਨਾ ਪਰ ਕਹਿੰਦੀਆਂ ਹਨ ਕਿ ਉਹ ਬਹੁਤ ਖੁਸ਼ ਹਨ। ਸਾਡੇ ਘਰ ਵਿੱਚ ਆਉਂਦੀ ਨਰਸ ਬਹੁਤ ਚੰਗੀ ਸੀ। ਅਸੀਂ ਉਸ ਨੂੰ ਰੋਟੀ ਅਤੇ ਚਾਹ ਆਦਿ ਦੀ ਸੁਲ੍ਹਾ ਮਾਰ ਲੈਣੀ। ਇੱਕ ਦਿਨ ਉਹ ਆਲੂ ਵਾਲੇ ਪਰੌਂਠੇ ਖਾ ਕੇ ਬਹੁਤ ਖੁਸ਼ ਹੋਈ। ਚਾਹ ਅਕਸਰ ਪੀ ਲੈਂਦੀ ਸੀ।
ਮੈਂ ਭਾਵੇਂ ਬਿਲਕੁਲ ਵਿਹਲਾ ਸੀ ਪਰ ਫਿਰ ਵੀ ਮੈਂ ਇਸ਼ਨਾਨ ਕਰਕੇ ਦਾੜ੍ਹੀ ਬੰਨ੍ਹ ਕੇ ਠਾਠਾ ਬੰਨ੍ਹ ਲੈਣਾ। ਇੱਕ ਦਿਨ ਨਰਸ ਸਵੇਰੇ ਸਵਖਤੇ ਹੀ ਆ ਗਈ। ਮੈਂ ਠਾਠਾ ਬੰਨ੍ਹ ਕੇ ਸੋਫੇ ’ਤੇ ਬੈਠਾ ਸੀ। ਉਸਨੇ ਮੈਨੂੰ ਠਾਠਾ ਬੰਨ੍ਹੇ ਹੋਏ ਨੂੰ ਦੇਖਿਆ ਅਤੇ ਸਿੱਧੀ ਮੇਰੀ ਨੂੰਹ ਅਤੇ ਪੋਤਰੇ ਦੇ ਕਮਰੇ ਵਿੱਚ ਚਲੀ ਗਈ ਅਤੇ ਮੇਰੇ ਬੇਟੇ ਨੂੰ ਆਖਣ ਲੱਗੀ, “ਗੁਰਤੇਜ, ਤੇਰੇ ਪਾਪਾ ਨੂੰ ਕੀ ਹੋਇਆ ਹੈ?”
“ਕੁਝ ਨਹੀਂ। ਉਹ ਬਿਲਕੁਲ ਠੀਕਠਾਕ ਹਨ।” ਉਸਨੇ ਜਵਾਬ ਦਿੱਤਾ।
“ਨਹੀਂ, ਉਹਨਾਂ ਨੇ ਜਬਾੜ੍ਹੇ ’ਤੇ ਪੱਟੀ ਬੱਧੀ ਹੋਈ ਹੈ। ਕੀ ਹੋਇਆ ਹੈ? ਕਿਸ ਤਰ੍ਹਾਂ ਹੋਇਆ?” ਉਹ ਭੱਜਾ ਆਇਆ ਅਤੇ ਠਾਠਾ ਬੱਧਾ ਦੇਖ ਕੇ ਹੱਸਣ ਲੱਗਾ। ਉਸ ਨੂੰ ਦੱਸਿਆ ਕਿ ਅਸੀਂ ਸਿੱਖ ਹਾਂ ਅਤੇ ਦਾੜ੍ਹੀ ਨਹੀਂ ਕੱਟਦੇ। ਦਾੜ੍ਹੀ ਸੈੱਟ ਰਹੇ, ਇਸ ਲਈ ਠਾਠਾ ਬੰਨ੍ਹਦੇ ਹਾਂ।
ਸਾਰੀ ਕਹਾਣੀ ਸੁਣ ਕੇ ਹੱਸਣ ਲੱਗ ਪਈ। ਅਸੀਂ ਵੀ ਹੱਸ ਹੱਸ ਕੇ ਲੋਟ ਪੋਟ ਹੋ ਗਏ। ਉਸ ਤੋਂ ਬਾਅਦ ਜਿੰਨੇ ਦਿਨ ਉਹ ਨਰਸ ਆਉਂਦੀ ਰਹੀ, ਮੈਂ ਉਸ ਨੂੰ ਦੇਖ ਕੇ ਠਾਠਾ ਖੋਲ੍ਹ ਦੇਣਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (