“ਸਵਾਲ ... , “ਉਏ! ਤੁਸੀਂ ਵੀ ਉਹਨਾਂ ਵਿੱਚੋਂ ਹੀ ਹੋ, ਜਿਹੜੇ ਇਸ ਘੋਰ ਜ਼ੁਲਮ ਵੇਲੇ ਖਾਮੋਸ਼ ਰਹੇ? ...”
(26 ਅਪਰੈਲ 2025)
“ਅਸੀਂ ਜਾ ਰਹੇ ਹਾਂ, ਹੁਣ ਸਾਡੀਆਂ ਖ਼ਬਰਾਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਗੀਆਂ …” ਇਹ ਸਤਰਾਂ ਉਸ ਨੋਟ ਵਿੱਚੋਂ ਹਨ, ਜਿਹੜਾ ਗਾਜ਼ਾ (ਫਲਸਤੀਨ) ਦੀ ਇਕ ਬਾਲੜੀ ਨੇ ਦੁਨੀਆਂ ਨੂੰ ਮੂਕ-ਲਾਹਨਤ ਪਾਉਂਦਿਆ ਲਿਖਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਐਨੇ ਵੱਡੇ ਤੇ ਲਗਾਤਾਰ ਹੋ ਰਹੇ ਨਰ-ਸੰਹਾਰ ’ਤੇ ਵੀ ਅਸੀਂ-ਤੁਸੀਂ, ਸਾਰੇ ਚੁੱਪ ਸਾਂ, ਹਾਂ।
ਹਾਂ, ਉਸ ਵਿਚਾਰੀ ਨੂੰ ਖੁਦ ਨੂੰ ਵੀ ਨਹੀਂ ਸੀ ਪਤਾ ਕਿ ਕਦ ਉਸ ਦੀ ਵਾਰੀ ਆ ਜਾਵੇ ਤੇ ਉਹ ਚੁੱਪ-ਗੜੁੱਪ ਦੁਨੀਆਂ ਨੂੰ ਸਦੀਵੀ ਅਲਵਿਦਾ ਆਖ ਜਾਵੇ। ਸੰਭਾਵੀ ਪਰ ਅਣਆਈ ਮੌਤ ਤੋਂ ਪਹਿਲਾਂ ਲਿਖਿਆ ਉਸਦਾ ਨੋਟ ਸਾਡੇ ਸਾਰਿਆਂ ਦੇ ਮੂੰਹਾਂ ’ਤੇ ਥੁੱਕ ਰਿਹਾ ਹੈ।
ਲੰਘਿਆ ਰਮਜ਼ਾਨ ਖ਼ਤਮ ਹੋਣ ਤੋਂ ਪਹਿਲਾਂ ਹੀ ਇਜ਼ਰਾਇਲ ਇੱਕ ਵਾਰ ਫਿਰ ਬੇ-ਕਿਰਕ ਤਬਾਹੀ ਲਿਆਇਆ ਹੈ। ਅਠਾਰਾਂ ਹਜ਼ਾਰ ਤੋਂ ਵੀ ਵੱਧ ਨਿਰਦੋਸ਼ ਬੱਚੇ ਮਾਰੇ ਗਏ, ਉਹ ਵੀ ਜਿਹੜੇ ਅਜੇ ਆਪਣੀਆਂ ਮਾਵਾਂ ਦੇ ਕੁਛੜਾਂ ਵਿਚ ਸਨ। ਕਰੀਬ ਪੰਜਾਹ ਹਜ਼ਾਰ ਤੋਂ ਕਿਤੇ ਵੱਧ ਆਮ ਵਾਸ਼ਿੰਦੇ, ਦਾਨਿਸ਼ਵਰ ਅਤੇ ਮੀਡੀਆ ਕਾਮਿਆਂ ਦੀਆਂ ਮੌਤਾਂ ਵੀ ਦਿਲ ਦਹਿਲਾ ਦੇਣ ਵਾਲੀਆਂ ਸਨ, ਹਨ। ਪਰ ਅਸੀਂ ਕੂਏਂ ਤੱਕ ਨਹੀਂ।
“ਉਫ! ਇੱਕ ਸੱਭਿਅਕ ਸਮਾਜ ਦੀ ਸਿਰਜਣਾ ਤਾਂ ਦੂਰ ਦੀ ਗੱਲ, ਅਸੀਂ ਖਰਾ ਮਨੁੱਖ ਵੀ ਨਹੀਂ ਬਣ ਸਕੇ।” ਇਹ ਹੈ ਉਹ ਗੱਲ ਜਿਹੜੀ ਇੱਕ ਨੇਕ ਦਿਲ ਇਨਸਾਨ ਅਤੇ ਜੰਗੀ ਪੱਤਰਕਾਰ ਨੀਲੋਤਪਾਲ ਊਜੈਨ ਨੇ ਕਹੀ ਜਦ ਉਸ ਸਹਿਕ ਰਹੀ ਕੁੜੀ ਦਾ ਉਕਤ ਚੁੱਪ-ਨੋਟ ਉਸਦੇ ਧੂਆਂਖੇ ਬੋਝੇ ਵਿੱਚੋਂ ਕੱਢ ਕੇ ਪੜ੍ਹਿਆ। ਸ਼ਾਇਦ ਉਹ ਕੁੜੀ ਜਾਂਦੇ ਵਕਤ ਇਹ ਨਿਹੋਰਾ ਮਾਰਨਾ ਚਾਹੁੰਦੀ ਹੋਵੇ ਕਿ ਐਨੀ ਵੱਡੀ ਨਿਹੱਕੀ ਤ੍ਰਾਸਦੀ ਉੱਤੇ ਵੀ ਦੁਨੀਆਂ ਚੁੱਪ ਹੈ। ਥੂਹ।
ਉਂਝ ਆਪਣੇ ਮੁਲਕ ਦੀਆਂ ਵੀ ਕਈ ਕਰੂਰ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ। ਮੈਂ ਦੋ ਸਾਂਝੀਆਂ ਕਰਾਂਗਾ। ਪਹਿਲੀ ‘ਅਸ਼ੋਕਾ ਤੇ ਦਿੱਲੀ ਯੂਨੀਵਰਸਿਟੀ’ ਦੀ ਅਤੇ ਦੂਜੀ ‘ਕਾਂਚਾ ਗਚੀਬੋਵਲੀ ਜੰਗਲ’ ਤੇਲੰਗਾਨਾ, ਹੈਦਰਾਬਾਦ ਦੀ।
ਅਸ਼ੋਕਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਭਾਨੂੰ ਮਹਿਤਾ ਨੂੰ ਸਾਡੇ ਕੇਂਦਰੀ ਹਾਕਮਾਂ ਨੇ ਅਸਤੀਫਾ ਦੇਣ ਲਈ ਇਸ ਕਰਕੇ ਮਜ਼ਬੂਰ ਕਰ ਦਿੱਤਾ ਕਿਉਂਕਿ ਉਹਨਾਂ ਵਲੋਂ ਅਖ਼ਬਾਰਾਂ ਵਿੱਚ ਲਿਖੇ ਕੁੱਝ ਅਲੋਚਨਾਤਮਿਕ ਲੇਖ, ਜਿਹੜੇ ਲੋਕਾਂ ਅਤੇ ਮੁਲਕ ਦੇ ਪੱਖ ਵਿਚ ਲਿਖੇ ਗਏ ਸਨ, ਹਾਕਮਾਂ ਨੂੰ ਰਾਸ ਨਹੀਂ ਸੀ ਆਏ। ਇਹੀ ਨਹੀਂ, ਇਸੇ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਸਬਿਆਸਾਚੀ ਦਾਸ ਦੇ ਖੋਜ ਪੱਤਰ “ਦੁਨੀਆਂ ਦੀ ਸਭ ਤੋਂ ਵੱਡੀ ‘ਜਮਹੂਰੀਅਤ’ ਵਿਚ ਜਮਹੂਰੀ ਪਤਨ”, ਜਿਸ ਰਾਹੀਂ ਇਹ ਵੀ ਸਿੱਧ ਹੁੰਦਾ ਸੀ ਕਿ ਹੁਕਮਰਾਨ ਪਾਰਟੀ ਨੇ ਚੋਣਾਂ ਵਿਚ ਕਿੱਥੇ-ਕਿੱਥੇ ਧੋਖਾਦੇਹੀ ਕੀਤੀ ਸੀ, ਹਾਕਮਾਂ ਨੂੰ ਇਹ ਨਾਗਵਾਰ ਜਾਪਿਆ ਤੇ ਉਸ ਲੋਕ-ਪੱਖੀ ਪ੍ਰੋਫੈਸਰ ਨੂੰ ਵੀ ਅਸਤੀਫਾ ਦੇਣ ਲਈ ਮਜ਼ਬੂਰ ਕਰ ਦਿੱਤਾ ਗਿਆ। ਯੂਨੀਵਰਸਿਟੀਆਂ, ਜਿਹਨਾਂ ਨੂੰ ਵਿਚਾਰ ਪ੍ਰਗਟਾਉਣ ਅਤੇ ਸਿਆਸਤ ਬਾਰੇ ਖੁੱਲ੍ਹ ਕੇ ਲਿਖਣ-ਬੋਲਣ ਦੀ ਸੰਵਿਧਾਨਕ ਆਗਿਆ ਹੈ, ਦੇ ਪ੍ਰਬੰਧਕ ਹਾਕਮਾਂ ਮੋਹਰੇ ਲਿਫੇ ਹੀ ਨਹੀਂ, ਡੰਡੌਤ ਬੰਦਨਾ ਵੀ ਕਰਨ ਲੱਗ ਪਏ ਹੋਏ ਹਨ। ਹੁਣ ਬਹੁਤੇ ਵਾਈਸ ਚਾਂਸਲਰ ਹਾਕਮਾਂ ਦੇ ਆਪਣੇ ਹਨ। ਹਾਲ ਹੀ ਵਿਚ ਦਿੱਲੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦਾ ਮੁਖੀ ਸੀਨੀਆਰਤਾ ਦੇ ਹਿਸਾਬ ਪ੍ਰੋਫੈਸਰ ਅਪੂਰਵਾਨੰਦ ਨੇ ਬਣਨਾ ਸੀ, ਪਰ ਨਹੀਂ ਬਣਾਇਆ ਗਿਆ। ਕਾਰਨ? ਕਿਉਂਕਿ ਬੁੱਧੀਜੀਵੀ ਅਪੂਰਵਾਨੰਦ ਆਮ ਲੋਕਾਂ ਅਤੇ ਘੱਟ ਗਿਣਤੀਆਂ ਦੇ ਸੰਵਿਧਾਨਕ ਹੱਕਾਂ ਦੇ ਸੰਘਰਸ਼ਾਂ ਵਿਚ ਵੀ ਮੋਹਰੇ ਹਨ ਅਤੇ ਵਿਦਿਅਕ ਅਦਾਰਿਆਂ ਦੀ ਖੁਦਮੁਖਤਾਰੀ ਦੇ ਵੀ ਝੰਡਾ-ਬਰਦਾਰ ਹਨ। ਪਰ ਕੀ ਉਕਤ ਧੱਕਿਆਂ ਖਿਲਾਫ ਅਸੀਂ ਜਾਂ ਸਾਡੇ ਬੁੱਧੀਜੀਵੀ ਬੋਲੇ? ਅਫਸੋਸ! ਥੋੜ੍ਹੇ ਜਿਹਿਆਂ ਨੂੰ ਛੱਡਕੇ ਕੋਈ ਵੀ ਨਹੀਂ।
ਕੇਂਦਰ ਸਰਕਾਰ, ਜਿਹੜੀ ‘ਸਭ ਦਾ ਸਾਥ, ਸਭ ਦਾ ਵਿਕਾਸ’ (ਦਰ-ਹਕੀਕਤ; ਹਿੰਦੂਵਾਦ) ਦਾ ਡੰਡੋਰਾ ਪਿੱਟਣੋਂ ਨਹੀਂ ਅੱਕਦੀ-ਥੱਕਦੀ, ਦੇ ਏਜੰਡੇ ਵਿਚ ‘ਜੰਗਲ ਅਤੇ ਜੰਗਲੀ ਜਨੌਰ” ਭਾਵ ਕੁਦਰਤਵਾਦ ਤਾਂ ਬਿਲਕੁਲ ਹੀ ਨਹੀਂ। ਇਹ ‘ਜੰਗਲਾਂ’ ਦੇ ਮੂਲ ਨਿਵਾਸੀਆਂ ਅਤੇ ਕੁਦਰਤੀ ਮਾਲਕ ਆਦਿਵਾਸੀਆਂ ਤੋਂ ‘ਜਲ, ਜੰਗਲ ਅਤੇ ਜ਼ਮੀਨ-ਪਹਾੜ’ ਹੀ ਨਹੀਂ ਖੋਹਦੀਂ, ਸਗੋਂ ਧੜਵੈਲ ਧੰਨ ਕੁਬੇਰਾਂ ਦੇ ਹਿਤਾਂ ਲਈ ਵਿਰੋਧ ਕਰਨ ਵਾਲਿਆਂ ਨੂੰ ਭੈੜੇ ਨਕਸਲੀ ਗਰਦਾਨ ਦਿੰਦੀ ਹੈ। ਉਦਾਹਰਣ ਬਸਤਰ ਦੀ ਦਿੱਤੀ ਜਾ ਸਕਦੀ ਹੈ। ਹਾਲ ਹੀ ਦੇ ਉੱਤਰਾਖੰਡ ਅਤੇ ਗੋਆ ਦੇ ‘ਜੰਗਲ ਹਾਊਸਜ਼’ ਅਤੇ ਅੰਬਾਨੀ ਦਾ ਜਾਮਨਗਰ/ਗੁਜਰਾਤ ਦਾ ‘ਜੰਗਲੀ ਚਿੜ੍ਹੀਆ ਘਰ’ ਜੰਗਲਾਂ ਅਤੇ ਕੁਦਰਤੀ ਨਿਆਂ ਦੀਆਂ ਘੋਰ ਉਲੰਘਣਾਵਾਂ ਦੀਆਂ ਠੋਸ ਮਿਸਾਲਾਂ ਹਨ। ਪਰ ਕੀ ਸਿਰਫ ਕੇਂਦਰ ਸਰਕਾਰ ਹੀ ਸਾਡੀ ਸਾਹ-ਰਗ ਅਤੇ ਜਲ-ਰਗ ਜੰਗਲ ਉਜਾੜਦੀ ਹੈ? ਨਹੀਂ, ਰਾਜ ਸਰਕਾਰਾਂ ਵੀ ਘੱਟ ਨਹੀਂ। ਤੇਲੰਗਾਨਾ ਸਟੇਟ ਦੇ ‘ਕਾਂਚਾ ਗਚੀਬੋਵਲੀ’ ਦੇ ਵਿਸ਼ਾਲ ਜੰਗਲ, ਜਿਹੜਾ ਹੈਦਰਾਬਾਦ ਦੀ ਸਾਹ-ਰਗ ਹੈ, ਦਾ ਬੇਕਿਰਕ ਉਜਾੜਾ ਇਸਦੀ ਮੂੰਹੋਂ ਬੋਲਦੀ ਉਦਾਹਰਣ ਹੈ। ਇਸ ਜੰਗਲ ਦੇ ਜਨੌਰ ਰੋਏ-ਕੁਰਲਾਏ, ਖੂਨ ਦੇ ਅਥਰੂ ਰੋਏ ਪਰ ਸਾਡੀਆਂ ਅੱਖਾਂ ਦੇ ਕੋਏ ਸਿੱਲੇ ਨਾ ਹੋਏ।
ਆਓ! ਮੁੜ ਪਰਤੀਏ, ਫਲਸਤੀਨ ਵੱਲ:
ਤੁਹਾਡਾ ਤਾਂ ਨਹੀਂ ਪਤਾ, ਪਰ ਮੈਂ ਬਹੁਤ ਸ਼ਰਮਿੰਦਾਂ ਹਾਂ। ਅਫਸੋਸ! ਜੇ ਅਸੀਂ-ਤੁਸੀਂ ਧਾੜਵੀਆਂ ਖਿਲਾਫ ਮੈਦਾਨੇ-ਜੰਗ ਲੜ ਨਹੀਂ ਸਕਦੇ ਤਾਂ ਘੱਟੋ-ਘੱਟ, ਜਿੱਥੇ ਵੀ ਹਾਂ, ਕਿਸੇ ਵੀ ਸਥਿਤੀ ਵਿੱਚ ਹਾਂ, ਇਸ ਜਬਰ-ਜ਼ੁਲਮ ਵਿਰੱਧ ਬਾਂਹ ਤਾਂ ਉਛਾਲ ਹੀ ਸਕਦੇ ਹਾਂ, ਅਵਾਜ਼ ਤਾਂ ਉਠਾ ਹੀ ਸਕਦੇ ਹਾਂ।
ਆਪਣੇ ਆਕਿਆਂ, ਆਪਣੇ ਧੰਨ ਕੁਬੇਰਾਂ ਦੀ ਸ਼ਹਿ ’ਤੇ ਇਜ਼ਰਾਇਲ ਗਾਜ਼ਾ ਦਾ ਖੁਰਾ-ਖੋਜ ਮਿਟਾਉਣ ਅਤੇ ਫਲਸਤੀਨੀਆਂ ਦੀ ਨਸਲ ਖ਼ਤਮ ਕਰਨ ’ਤੇ ਤੁਲਿਆ ਹੋਇਆ ਹੈ ਅਤੇ ਅਸੀਂ-ਤੁਸੀਂ ਤੇ ਦੁਨੀਆਂ ਭਰ ਦੇ ਲੋਕ ਅਤੇ ਸਰਕਾਰਾਂ ਚੁੱਪ ਧਾਰੀ ਬੈਠੀਆਂ ਹਨ। ਇਤਿਹਾਸ ਸਾਨੂੰ ਮਾਫ਼ ਨਹੀਂ ਕਰੇਗਾ।
ਚੇਤੇ ਰੱਖੋ, ਇਤਿਹਾਸ ਸਿਰਫ ਤਰੀਕਾਂ ਅਤੇ ਘਟਨਾਵਾਂ ਦੀ ਲੜੀ ਨਹੀਂ ਹੁੰਦਾ, ਇਤਿਹਾਸ ਇਨਸਾਨੀ ਜ਼ਮੀਰ ਦਾ ਸ਼ੀਸਾ ਵੀ ਹੁੰਦਾ ਹੈ। ਉਹ ਸਵਾਲ ਪੁੱਛਦਾ ਹੈ, ਟਟੋਲਦਾ ਹੈ ਅਤੇ ਲਲਕਾਰਦਾ ਹੈ। ਆਉਣ ਵਾਲੇ ਸਮੇਂ ਵਿਚ ਜਦੋਂ ਗਾਜ਼ਾ ਦੀ ਰਾਖ ਵਿਚੋਂ ਫਲਸਤੀਨੀ ਬੱਚੇ ਕੁੱਕਨੂਸ ਬਣ ਮੁੜ ਉਡਾਰੀ ਭਰਨਗੇ, ਜਦ ਕਿਸੇ ਮਾਂ ਦੇ ਦੀਦੇ ਆਪਣੇ ਮੋਏ ਬੱਚੇ ਦੀ ਤਸਵੀਰ ਤੱਕ ਕੇ ਹੁਬਕੀਂ ਰੋਣਗੇ, ਤਦ ਇਤਿਹਾਸ ਚੀਖ ਕੇ ਪੁੱਛੇਗਾ, “ਜਦੋਂ ਫਲਸਤੀਨ ਦੀ ਧਰਤੀ ਉੱਤੇ ਮੌਤ ਨੱਚ ਰਹੀ ਸੀ, ਤਦ ਤੁਸੀਂ ਕਿੱਥੇ ਸੀ, ਚੁੱਪ ਕਿਉਂ ਸੀ?
ਜਦੋਂ ਕਦੇ ਵੀ ਇਤਿਹਾਸ ਦੀ ਅਦਾਲਤ ਲੱਗੇਗੀ ਤੇ ਗਵਾਹੀ ਵਿਚ ਫਲਸਤੀਨ ਦੇ ਥੇਹ ਕਰ ਦਿੱਤੇ ਗਏ ਘਰ ਅਤੇ ਸਿਸਕਦੀਆਂ ਲਾਸ਼ਾਂ ਪੇਸ਼ ਹੋਣਗੀਆਂ; ਜਦ ਕਦੇ ਵੀ ਇਤਿਹਾਸ ਦੀ ਅਦਾਲਤ ਵਿਚ ਕਾਂਚਾ ਗਚਬੋਲਵੀ ਦੇ ਜੰਗਲ ਦੇ ਜਨੌਰਾਂ ਦੀ ਮਿੱਝ ਅਤੇ ਛਤਿਸ਼ਗੜ੍ਹ/ਬਸਤਰ ਦੇ ਆਦਿਵਾਸੀਆਂ ਦਾ ਧਰਾਲਾਂ ਵਾਂਗ ਵਗਦਾ ਲਹੂ ਪੇਸ਼ ਹੋਵੇਗਾ, ਤਦ ਇਕ ਵਿਸ਼ਾਲ ਸਵਾਲ ਫਿਜ਼ਾ ਵਿੱਚ ਗੂੰਜੇਗਾ, “ਉਏ! ਤੁਸੀਂ ਵੀ ਉਹਨਾਂ ਵਿੱਚੋਂ ਹੀ ਹੋ, ਜਿਹੜੇ ਇਸ ਘੋਰ ਜ਼ੁਲਮ ਵੇਲੇ ਖਾਮੋਸ਼ ਰਹੇ?”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)







































































































