“ਉਮਰ ਤਾਂ ਪਚਾਸੀਆਂ ਤੋਂ ਉੱਤੇ ਹੋਊ ਮੇਰੀ … … ਬੱਸ ਪੰਜ-ਸੱਤ ਸਾਲ ਪਹਿਲਾਂ ਈ ਕੰਮ ਛੱਡਿਆ ਮੈਂ ...”
(23 ਨਵੰਬਰ 2024)
ਬੱਸ ’ਤੇ ਨਿੱਤ ਦਾ ਸਫ਼ਰ। ਸਵੇਰ ਵੇਲੇ ਆਪਣੀ ਕਰਮ ਭੂਮੀ ਵੱਲ ਰਵਾਨਗੀ ਤੇ ਆਥਣ ਵੇਲੇ ਆਪਣੇ ਘਰ ਨੂੰ ਪਰਤਣਾ, ਇਹ ਮੇਰਾ ਨਿੱਤ ਦਾ ਰੁਝਾਨ ਸੀ। ਹਰ ਇੱਕ ਪਾਸੇ ਦਾ ਲਗਭਗ ਦੋ ਢਾਈ ਘੰਟੇ ਦਾ ਸਫਰ ਆਖਰ ਨਿਬੇੜਿਆਂ ਹੀ ਨਿੱਬੜਦਾ ਸੀ। ਸਫਰ ਕਰਦਿਆਂ ਅਨੇਕਾਂ ਲੋਕਾਂ ਨਾਲ ਵਾਹ ਪੈਂਦਾ। ਲੋਕਾਂ ਦੀਆਂ ਨਿੱਕੀਆਂ ਨਿੱਕੀਆਂ ਨੋਕਆਂ ਝੋਕਾਂ, ਗਿਲੇ ਸ਼ਿਕਵੇ, ਹਾਸੇ ਠੱਠੇ, ਚਿੰਤਾਵਾਂ, ਘਰ ਪਰਿਵਾਰ ਦੀਆਂ ਗੱਲਾਂ ਤੋਂ ਦੇਸ਼ ਦੀ ਸਿਆਸਤ ਤੇ ਕਦੇ ਕਦਾਈਂ ਅੰਤਰਰਾਸ਼ਟਰੀ ਮੁੱਦਿਆਂ ਉੱਪਰ ਚਲਦੀ ਗੱਲਬਾਤ ਨੂੰ ਨੀਝ ਨਾਲ ਸੁਣਨਾ ਮੈਨੂੰ ਚੰਗਾ ਲਗਦਾ। ਬੱਸ ਡਰਾਈਵਰ ਦੀ ਬੱਸ ਚਲਾਉਂਦੇ ਸਮੇਂ ਵਰਤੀ ਜਾਂਦੀ ਚੁਸਤੀ ਫ਼ੁਰਤੀ ਅਤੇ ਕੰਡਕਟਰ ਦੀ ਟਿਕਟਾਂ ਕੱਟਣ ਦੀ ਤੇਜ਼ ਤਰਾਰੀ ਦਿਲ ਨੂੰ ਟੁੰਭਦੀ। ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦਾ ਰੁਝਾਨ ਸਰਕਾਰੀ ਬੱਸਾਂ ਵਿਚਲੀ ਭੀੜ ਵਿੱਚ ਵਾਧਾ ਕਰਦਾ। ਇਹ ਸਭ ਕੁਝ ਮੇਰੇ ਨਿੱਤ ਦੇ ਸਫ਼ਰ ਦਾ ਹਿੱਸਾ ਬਣ ਚੁੱਕਾ ਸੀ।
ਇੱਕ ਦਿਨ ਇੱਕ ਬਜ਼ੁਰਗ ਮੇਰੇ ਨਾਲ ਸੀਟ ’ਤੇ ਆ ਬੈਠਾ। ਉਸ ਨੇ ਅਗਲੇ ਅੱਡੇ ’ਤੇ ਉੱਤਰਨਾ ਸੀ। ਬਹਿੰਦਿਆਂ ਸਾਰ ਉਹ ਬੋਲਿਆ, “ਕਾਕਾ, ਮੈਨੂੰ ਦੱਸ ਦੇਣਾ ਜਦੋਂ ਬੱਸ ਸਲਾਬਤਪੁਰੇ ਪਹੁੰਚ ਗਈ।” ਗੱਲ ਜਾਰੀ ਰੱਖਦਿਆਂ ਉਹ ਫਿਰ ਬੋਲਿਆ, “ਹੁਣ ਨਿਗ੍ਹਾ ਕੁਛ ਘਟ ਗਈ ਆ, ਘੱਟ ਪਤਾ ਲਗਦਾ ਰਾਹ ਰਸਤੇ ਦਾ।”
“ਕੋਈ ਨਾ ਬਾਪੂ ਜੀ, ਮੈਂ ਦੱਸ ਦੇਵਾਂਗਾ ਜਦੋਂ ਬੱਸ ਅੱਡੇ ’ਤੇ ਅੱਪੜ ਗਈ। ਤੁਸੀਂ ਅਰਾਮ ਨਾਲ ਬੈਠੋ।”
“ਦੇਖ ਲਾ ਪੁੱਤ, ਸਭ ਟੈਮ ਟੈਮ ਦੀਆਂ ਗੱਲਾਂ ਆਂ। ਹੁਣ ਤਾਂ ਸਲਾਬਤਪੁਰੇ ਤੋਂ ਰਾਮਪੁਰੇ ਨੂੰ ਕਿੱਡੀ ਚੌੜੀ ਸੜਕ ਜਾਂਦੀ ਐ। ...” ਬਜ਼ੁਰਗ ਨੇ ਦੁਬਾਰਾ ਗੱਲ ਸ਼ੁਰੂ ਕੀਤੀ, “ਕਿਸੇ ਸਮੇਂ ਇੱਥੇ ਉਜਾੜ ਬੀਆਬਾਣ ਸੀ। ਕੱਚਾ ਰਾਹ ਸੀ, ਨਿਰਾ ਮਿ1ਟ ਉੱਡਦਾ ਹੁੰਦਾ ਸੀ। ਅਸੀਂ ਤੁਰ ਕੇ ਪੈਂਡਾ ਨਿਬੇੜ ਲੈਣਾ।”
ਮੈਨੂੰ ਬਾਬੇ ਦੀਆਂ ਗੱਲਾਂ ਦਿਲਚਸਪ ਲੱਗੀਆਂ। ਮਨ ਅੰਦਰ ਹੋਰ ਜਾਣਨ ਦੀ ਉਤਸੁਕਤਾ ਜਾਗ ਪਈ। ਮੈਂ ਪੁੱਛਿਆ, “ਬਾਬਾ ਜੀ, ਕਿਹੜੇ ਪਿੰਡ ਤੋਂ ਓ ਤੁਸੀਂ?”
“ਭਾਈ ਰੂਪੇ ਦੀਆਂ ਢਾਣੀਆਂ ਵਿੱਚ ਰਹਿਨਾ ਮੈਂ।”
“ਤੁਸੀਂ ਕੀ ਕੰਮ ਕਰਦੇ ਰਹੇ ਓ ਹੁਣ ਤਕ?” ਮੇਰਾ ਅਗਲਾ ਸਵਾਲ ਸੀ।
“ਮੈਂ ਸਾਰੀ ਉਮਰ ਇੱਟਾਂ (ਮਕਾਨ ਉਸਾਰੀ) ਦਾ ਕੰਮ ਕੀਤਾ ਹੈ।” ਬਾਬੇ ਨੇ ਬੱਸ ਦੀ ਖਿੜਕੀ ਵਿੱਚੋਂ ਬਾਹਰ ਝਾਕਦੀਆਂ ਦੱਸਣਾ ਸ਼ੁਰੂ ਕੀਤਾ, “ਇਨ੍ਹਾਂ ਸਾਰੇ ਪਿੰਡਾਂ ਵਿੱਚ ਕੰਮ ਕੀਤਾ ਹੈ, ਰਾਮਪੁਰੇ ਤੋਂ ਲੈ ਕੇ ਭਗਤੇ, ਸਲਾਬਤਪੁਰੇ, ਬਰਨਾਲੇ ਤਕ … …। ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ ਲਵੇਰੀਆਂ ਵਾਸਤੇ ਨਿਆਈਆਂ ਵਿੱਚੋਂ ਚਰ੍ਹੀ ਵੱਢ ਲਿਆਉਣੀ … … ਉਹ ਵੀ ਸ਼ੈਂਕਲ ’ਤੇ … … ਆ ਕੇ ਕੁਤਰਾ ਕਰਨਾ ਤੇ ਫਿਰ ਸ਼ੈਂਕਲ ਦਾ ਰੁਖ ਕੰਮ ਵੱਲ ਨੂੰ ਮੋੜ ਲੈਣਾ। ਸਾਰਾ ਦਿਨ ਜੀਅ-ਜਾਨ ਨਾਲ ਕੰਮ ਕਰਨਾ … … ਟਿੱਕੀ ਛੁਪਦੀਆਂ ਸਾਰ ਪਿੰਡ ਵੱਲ ਨੂੰ ਚਾਲੇ ਪਾ ਦੇਣੇ … … ਇਹ ਨਿੱਤ ਦਾ ਵਿਹਾਰ ਸੀ ਮੇਰਾ।”
ਮੈਂ ਬਾਬੇ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸਾਂ। ਆਪਣੀ ਗੱਲ ਜਾਰੀ ਰੱਖਦਿਆਂ ਬਾਬਾ ਫਿਰ ਬੋਲਿਆ, “ਦੇਖ ਲੈ, ਆਥਣੇ ਘਰੇ ਪਹੁੰਚ ਕੇ ਨਹਾਉਣਾ ਧੋਣਾ, ਤੇ ਰੋਟੀ ਟੁੱਕਰ ਨਾਲ ਅੱਧ-ਪਾ ਦੇਸੀ ਘਿਓ ਨਿੱਤ ਡਕਾਰ ਲੈਂਦਾ ਸਾਂ। ਹੁਣ ਤਾਂ ਖੁਰਾਕਾਂ ਵਿੱਚ ਦਮ ਈ ਨੀ ਰਿਹਾ।”
ਮੇਰੀ ਉਤਸੁਕਤਾ ਹੋਰ ਵਧ ਗਈ, “ਕਿੰਨੀ ਉਮਰ ਹੋਊ ਬਾਪੂ ਜੀ ਤੁਹਾਡੀ?”
“ਉਮਰ ਤਾਂ ਪਚਾਸੀਆਂ ਤੋਂ ਉੱਤੇ ਹੋਊ ਮੇਰੀ … … ਬੱਸ ਪੰਜ-ਸੱਤ ਸਾਲ ਪਹਿਲਾਂ ਈ ਕੰਮ ਛੱਡਿਆ ਮੈਂ … … ਉਹ ਵੀ ਮੁੰਡੇ ਕਹਿੰਦੇ ਬਈ ਹੁਣ ਛੱਡ ਦੇ ਕੰਮ, ਸਾਰੀ ਉਮਰ ਬਹੁਤ ਕੰਮ ਹੈ। ...”
ਇੰਨੇ ਨੂੰ ਸਲਾਬਤਪੁਰੇ ਦਾ ਅੱਡਾ ਆ ਗਿਆ। ਇਸ ਤੋਂ ਪਹਿਲਾਂ ਕਿ ਮੈਂ ਬਾਬੇ ਨੂੰ ਅੱਡੇ ਬਾਰੇ ਦੱਸਦਾ, ਕੰਡਕਟਰ ਨੇ ਹੋਕਰਾ ਦੇ ਦਿੱਤਾ, “ਚਲੋ ਬਈ ਸਲਾਬਤਪੁਰੇ ਵਾਲੇ। ਬਾਪੂ ਮੇਰੇ ਮੋਢੇ ’ਤੇ ਹੱਥ ਰੱਖ ਸਹਾਰੇ ਨਾਲ ਉੱਠਦਿਆਂ ਬੱਸ ਵਿੱਚੋਂ ਹੇਠਾਂ ਉੱਤਰ ਗਿਆ। ਬੱਸ ਹਾਲੇ ਤੁਰੀ ਨਹੀਂ ਸੀ। ਮੇਰੇ ਵਿਹੰਦਿਆਂ ਵਿਹੰਦਿਆਂ ਬਾਪੂ ਫੁਰਤੀ ਨਾਲ ਉਸ ਮੋੜ ’ਤੇ ਅੱਪੜ ਗਿਆ, ਜਿੱਥੋਂ ਰਾਮਪੁਰੇ ਨੂੰ ਬੱਸ ਜਾਣੀ ਸੀ। ਬਾਪੂ ਦੀ ਪਿੱਠ ਵਿੱਚ ਮਾਮੂਲੀ ਕੁੱਬ ਜ਼ਰੂਰ ਸੀ ਪਰ ਜਿਸ ਫੁਰਤੀ ਨਾਲ ਉਹ ਤੁਰਿਆ ਸੀ, ਉਸ ਤੋਂ ਮੈਨੂੰ ਮਹਿਸੂਸ ਹੋਇਆ ਕਿ ਬਾਪੂ ਅਜੇ ਵੀ ਜਵਾਨ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5469)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)







































































































