BalkarBajwa7ਆਓ! ਮਾਨਸ ਕੀ ਜਾਤ ਸਭੈ ੲੋਕੋ ਪਹਿਚਾਨਵੇ’ ਦੇ ਹੋਕੇ ਨਾਲ ਆਪਸੀ ਭਾਈਚਾਰੇ ...
(20 ਨਵੰਬਰ 2016)

 

ਇੱਕ ਸਿਪਾਹੀ ਦਾ ਗਾਇਆ ਗੀਤ ਹੱਦਾਂ ਦੇ ਆਰ-ਪਾਰ ਮਾਨਵੀ ਤਰਬਾਂ ਛੇੜ ਰਿਹਾ ਹੈ। ਕੇਵਲ ਦੋਹਾਂ ਪੰਜਾਬਾਂ ਵਿਚ ਹੀ ਨਹੀਂ, ਗਲੋਬ ਤੇ ਜਿੱਥੇ ਕਿਤੇ ਵੀ ਪੰਜਾਬੀ ਹੈ, ਉਹ ਇਸ ਗੀਤ ਨੂੰ ਮੁੜ-ਮੁੜ ਸੁਣਦਾ ਹੈ ਅਤੇ ਹਿੰਦੂ-ਸਿੱਖ-ਮੁਸਲਮਾਨ ਭਾਈਆਂ ਵਿੱਚ ਪਈਆਂ ਦਰਾੜਾਂ ਨੂੰ ਮੇਟਦਾ ਤੁਰਿਆ ਜਾ ਰਿਹਾ। ਸੋਸ਼ਲ ਮੀਡੀਏ ਤੇ ਪਿਆ ਇਹ ਗੀਤ ਹਰ ਪੰਜਾਬੀ ਨੂੰ ਟੁੰਬਦਾ, ਝੰਜੋੜਦਾ ਅਤੇ ਸੋਚਣ ਲਈ ਮਜਬੂਰ ਕਰਦਾ ਹੈ। ਇਹਦੇ ਦਿਲ ਹੂਲਵੇਂ ਪੈਗਾਮਾਂ ਦੇ ਛੱਟੇ ਆਲਮ ਦੇ ਕੋਣੇ ਕੋਣੇ ਵਿੱਚ ਪੈ ਰਹੇ ਹਨ। ਇਹ ਗੀਤ ਠੰਢੇ ਮਤੇ ਬੈਠ ਸੋਚਣ ਲਈ ਮਜਬੂਰ ਕਰਦਾ ਹੈ: ਆਖਰ ਇਹ ਕਿਉਂ ਵਾਪਰ ਰਿਹਾ ਹੈਕੌਣ ਇਸ ਨੂੰ ਕਰਾ ਰਿਹਾ? ਇਹ ਰਾਜਨੀਤੀਵਾਨਾਂ, ਨੇਤਾਵਾਂ ਅਤੇ ਦੋਵੇਂ ਪਾਸਿਆਂ ਦੇ ਫੌਜੀ ਦਲਾਂ ਨੂੰ ਸਿਰ ਤੋਂ ਪੈਰਾਂ ਤੱਕ ਹਲੂਣਦਾ ਅਤੇ ਸੋਚਣ `ਤੇ ਮਜਬੂਰ ਕਰਦਾ ਹੈ। ਇਹ ਗੀਤ ਗੂੰਜਿਆ ਵੀ ਓਦੋਂ ਹੈ ਜਦੋਂ ਹੱਦਾਂ ਤੇ ਤਣਾਅ ਵਿਸਫੋਟਕ ਰੂਪ ਧਾਰ ਰਿਹਾ ਹੈ। ਗੀਤ ਦੇ ਬੋਲ ਪੰਜਾਬ ਵਾਲਿਓ, ਪਾਕ ਵਾਲਿਓ, ਅੜਿਓ ਲੜਿਓ ਨਾ, ਉੱਧਰ ਮੇਰੀ ਨਾਨੀ ਰੋਊ, ਏਧਰ ਮੇਰੀ ਮਾਂ ...ਪੈਂਦੀ ਸੱਟੇ ਤਰਲਾ ਮਾਰਇ ਗੀਤ ਮਰੀਆਂ ਰੂਹਾਂ ਨੂੰ ਜਗਾਉਂਦਾ ਹੈ। ਦੋਵੇਂ ਪੰਜਾਬ ਹਮੇਸ਼ਾ ਹੀ ਬਲ਼ਦੀ ਦੇ ਬੂਥੇ ਵਿਚ ਆਉਂਦੇ ਰਹੇ ਨੇ। ਇਸ ਦੀ ਸਥਿਤੀ, ਬਹਾਦਰੀ ਅਤੇ ਖੁਸ਼ਹਾਲੀ ਹੀ ਇਸ ਦੀ ਜਾਨ ਦਾ ਖੌਓ ਬਣਦੀ ਹੈ। ਹਰ ਹਿੰਦ-ਪਾਕ ਜੰਗ ਦੇ ਇਹ ਅਖਾੜੇ ਬਣੇ। ਇੱਕ ਮੁੱਠ, ਇੱਕ ਜੁੱਟ ਹੋ ਖੈਰ ਮੰਗੋ ਓਏ ਪੰਜਾਬੀਓ! ਆਪਣੇ ਮਾਦਰੇ ਵਤਨ ਪੰਜਾਬ ਦੀ ਅਤੇ ਇਹਦੇ ਵਾਸੀਆਂ ਦੀ! ਗੀਤ ਦਾ ਮੁੱਖ ਸੁਨੇਹਾ ਹੈ।

ਪਿੱਛੇ ਜਿਹੇ ਜਦੋਂ ਬਾਰਡਰ ਦੇ ਪਿੰਡਾਂ ਵਿਚ ਗੁਰਦੁਵਾਰੇ ਦੇ ਸਪੀਕਰਾਂ ਤੇ ਇਹ ਐਲਾਨ ਹੋਏ: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਸਮੂਹ ਨੱਗਰ ਨਿਵਾਸੀਆਂ ਨੂੰ ਭਾਈ ਬੇਨਤੀ ਕੀਤੀ ਜਾਂਦੀ ਹੈ ਕਿ ਸਾਨੂੰ ਸ਼ਾਮ ਤੱਕ ਪਿੰਡ ਖਾਲੀ ਕਰਨਾ ਹੈ ...। ਏਦਾਂ ਦਾ ਪੈਗਾਮ ਸਾਨੂੰ 70 ਸਾਲ ਪਹਿਲਾਂ ਪਿੰਡ ਛੱਡਣ ਵੇਲੇ ਘਰੋ ਘਰੀ ਪਹੁੰਚਿਆ ਸੀ। ਸਪੀਕਰ ਨਹੀਂ ਸਨ ਹੁੰਦੇ। ਇਹ ਐਲਾਨ ਤਾਂ ਲੋਕਾਂ ਨੂੰ ਨੇੜੇ ਤੇੜੇ ਕੁਝ ਦਿਨ ਗੁਜ਼ਾਰਨ ਲਈ ਸੀ ਪਰ ਸਾਨੂੰ ਪੱਕੇ ਤੌਰ ਤੇ ਘਰ-ਬਾਰ ਛੱਡਣ ਲਈ ਮਿਲੇ ਸਨ। ਇਹੋ ਜਿਹੇ ਹੁਕਮ ਨਾਲ ਮਨਾਂ ਵਿਚ ਕੀ ਬੀਤਦੀ ਹੈ, ਉਹ ਹੀ ਜਾਣ ਸਕਦੇ ਹਨ, ਜਿਨ੍ਹਾਂ ਨੇ ਇਹ ਲਮਹੇ ਭੋਗੇ ਹੋਣ। ਉਨ੍ਹਾਂ ਘਰਾਂ, ਥਾਂਵਾਂ, ਜੂਹਾਂ ਦੇ ਹੇਰਵੇ ਸਾਨੂੰ ਪੌਣੀ ਸਦੀ ਤੋਂ ਤੜਪਾ ਰਹੇ ਹਨ। ਉਸ ਪਿੰਡ ਵਿਚ ਰਹਿੰਦੇ ਮੇਰੇ ਇੱਕ ਯਾਰ ਦਾ ਪੋਤਾ, ਇਮਤਿਆਜ਼ ਅਹਿਮਦ ਬਾਜਵਾ, ਸਾਡੇ ਘਰਾਂ, ਗਲ਼ੀਆਂ ਦੀ ਫੋਟੋ ਭੇਜਦਾ ਰਹਿੰਦਾ ਹੈ। ਉਨ੍ਹਾਂ ਨੂੰ ਵੇਖ-ਵੇਖ ਮਨ ਰੱਜਦਾ ਈ ਨਹੀਂ, ਮੁੜ-ਮੁੜ ਵੇਖੀ ਜਾਈਦੀਆਂ।

ਇਸ ਗੀਤ ਦੇ ਰਚਨਹਾਰੇ ਅਤੇ ਗਾਇਕ ਦਾ ਮੌਕਾ ਮੇਲ ਵੀ ਕਮਾਲ ਦਾ ਹੈ। ਗੀਤ ਦਾ ਲੇਖਕ ਰਣਜੀਤ ਮੱਟ ਸ਼ੇਰੋਂ ਵਾਲਾ ਹੈ, ਜਿਹੜਾ ਖੁਦ ਭਾਰਤੀ ਫੌਜ ਵਿੱਚ ਹੈ। ਬਾਰਡਰ ਤੇ ਵਰਦੀਆਂ ਗੋਲ਼ੀਆਂ ਵਾਲੇ ਭਿਆਨਕ ਲਮਹੇ ਹੰਢਾ ਰਿਹੈ। ਜਿਹੜੀ ਗੱਲ ਹੰਢਾਏ ਪਲਾਂ ਦੀ ਤੜਪ ਵਿੱਚੋਂ ਨਿਕਲਦੀ ਹੈ, ਉਹ ਹਿਰਦੇ ਵੇਦਕ ਹੁੰਦੀ ਹੈ, ਦਿਲਾਂ ਨੂੰ ਟੁੰਬਦੀ ਹੈ। ਆਪਣੇ ਆਪ ਨੂੰ ਤੁਹਾਡੇ ਅਤੇ ਗੀਤ ਵਿਚਾਲਿਓਂ ਲਾਂਭੇ ਕਰਕੇ ਤੁਹਾਨੂੰ ਸਿੱਧਾ ਉਸ ਗੀਤ ਦੀ ਰੂਹ ਵਿੱਚੋਂ ਨਿਕਲੀਆਂ ਭਾਵਨਾਵਾਂ ਨਾਲ ਜੋੜਨਾ ਉਚਿੱਤ ਸਮਝਦਾ ਹਾਂ:

ਚੜ੍ਹਦੇ ਵਿੱਚ ਹਰਮੰਦਰ ਵੱਸਦੈ, ਲਹਿੰਦੇ ਵਿੱਚ ਨਨਕਾਣਾ, ਦੁਆ ਕਰੋ ਅਰਦਾਸ ਕਰੋ ਓਏ ਕੋਈ ਵਰਤ ਜਾਏ ਨਾ ਭਾਣਾ
ਆਪਣਾ ਕੋਈ ਕੁਮਾਰ ਮਰੂਗਾ, ਓਏ ਨਾਲੇ ਸਿੰਘ ਜਾਂ ਖਾਨ; ਹਿੰਦ ਵਾਲਿਓ ਪਾਕ ਵਾਲਿਓ ਹਾਂ ਬਈ ਲੜਿਓ ਨਾ; ਹਾੜ੍ਹਾ ਲੜਿਓ ਨਾ;
ਓਧਰ ਮੇਰੀ ਨਾਨੀ ਰੋਊ, ਏਧਰ ਮੇਰੀ ਮਾਂ; ਹਿੰਦ ਵਾਲਿਓ ਪਾਕ ਵਾਲਿਓ ਵੀਰੋ ਲੜਿਓ ਨਾ; ਹਾੜਾ ਲੜਿਓ ਨਾ।

ਓਧਰੋਂ ਭਾਵੇਂ ਏਧਰੋਂ ਓਏ ਜਿਸ ਪਾਸਿਓਂ ਵੀ ਚੱਲੇ ਗੋਲੀ, ਆਪਣਿਆਂ ਨੇ ਆਪਣਿਆਂ ਦੇ ਓਏ ਕਰਨੇ ਸੀਨੇ ਛੱਲਣੀ;
ਸੋਚੋ ਸਮਝੋ ਚੱਕ ਬਿਗਾਨੀ ਤੇ ਓਏ ਚੜ੍ਹਿਓ ਨਾ, ਹਿੰਦ ਵਾਲਿਓ ਪਾਕ ਵਾਲਿਓ ਵੀਰੋ ਲੜਿਓ ਨਾ, ਹਾੜਾ ਲੜਿਓ ਨਾ।

ਕੌਣ ਲੜਾਉਂਦੈ ਕਿਉਂ ਲੜਦੇ ਓਂ ਜਾਵੇ ਗੱਲ ਵਿਚਾਰੀ, ਇੱਕ ਦੂਜੇ ਨੂੰ ਮਾਰਨ ਵਾਲੀ ਓਏ ਕਦੇ ਨਈਂ ਮੁੱਕਣੀ ਵਾਰੀ
ਆ ਉੱਡ ਮਿਲੀਏ ਦੋਵੇਂ ਓਏ ਗਲ਼ ਨੂੰ ਨਾ ਫੜਿਓ ਬਈ; ਹਿੰਦ ਵਾਲਿਓ ਪਾਕ ਵਾਲਿਓ ਹਾਂ ਬਈ ਲੜਿਓ ਨਾ, ਹਾੜਾ ਲੜਿਓ ਨਾ।

ਇੱਕ ਮਰੇ ਯਾਰ ਇੱਕ ਰਹਿ ਜਾਂਦਾ ਕੱਲਾ, ਇਹ ਖ਼ੂਨ ਖ਼ਰਾਬਾ ਕਦੇ ਨਈਂ ਚਾਹੁੰਦਾ ਰਾਮ ਵਾਹਿਗੁਰੂ ਅੱਲ੍ਹਾ
ਛੇੜੋ ਦਿਲ ਵਾਲੀਆਂ ਗੱਲਾਂ ਓਏ ਜ਼ਹਿਰਾਂ ਭਰਿਓ ਨਾ; ਓਧਰ ਮੇਰੀ ਨਾਨੀ ਰੋਊ ਏਧਰ ਮੇਰੀ ਮਾਂ
ਹਿੰਦ ਵਾਲਿਓ ਪਾਕ ਵਾਲਿਓ ਓ ਬਈ ਲੜਿਓ ਨਾ, ਹਾੜਾ ਲੜਿਓ ਨਾ।

ਜਿੱਥੇ ਗੀਤ ਦਰਦ ਨਾਲ ਲਬਰੇਜ਼ ਹੈ, ਉੱਥੇ ਇਹਦੇ ਗਾਇਕ, ਪੁਲੀਸ ਦੇ ਸਿਪਾਹੀ ਕੁਲਦੀਪ ਸਿੰਘ, ਨੇ ਪੁਰਜੋਸ਼ ਉੱਚੀ ਸੁਰ ਵਿਚ ਖੁੱਭ ਕੇ ਗਾਇਆ ਹੈ। ਇਸ ਨਾਲ ਗੀਤ ਹੋਰ ਵੀ ਪ੍ਰਭਾਵੀ ਬਣ ਗਿਆ ਹੈ। ਇਉਂ ਜਾਪਦੈ ਜਿਵੇਂ ਉਹ ਬਾਰਡਰ ਦੇ ਕਿਸੇ ਉੱਚੇ ਬੁਰਜ ਤੇ ਖਲੋ ਕੇ ਦੋਹਾਂ ਪੰਜਾਬਾਂ ਨੂੰ ਦਲੀਲਾਂ ਭਰਿਆ ਭਾਵਨਾਤਮਕ ਹੋਕਾ ਦੇ ਰਿਹਾ ਹੈ। ਗੀਤ ਦਾ ਅਰੰਭ ਪਿੰਡ ਛੱਡਣ ਲਈ ਸਪੀਕਰ ਤੋਂ ਹੋ ਰਹੇ ਉੱਪਰਲੇ ਐਲਾਨ ਨਾਲ ਜੋੜਦੈ: ... ਹਾਂ ਜੀ ਦੋਸਤੋ! ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰੇ ਅਤੇ ਮੱਟ ਸ਼ੇਰੋਂ ਵੱਲੋਂ ਸਤਿ ਸ੍ਰੀ ਅਕਾਲ, ਰਾਮ ਰਾਮ, ਅਦਾਬ, ਅਤੇ ਸਲਾਮਾ ਅਲੈਕਮ। ਦੋਸਤੋ! ਸੱਥਰ ਏਧਰ ਵਿਛਣ ਜਾਂ ਓਧਰ ਵਿਛੇ, ਸੱਥਰ ਆਪਣੇ ਘਰ ਹੀ ਵਿਛਿਆ ਜਾਪਦੈ।

ਗੀਤ ਐਟਮੀ ਭਾਣੇ ਦੇ ਵਰਤ ਜਾਣ ਵੱਲ ਇਸ਼ਾਰਾ ਕਰਦਾ ਹੈ। ਹਾਈਡਰੋਜਨ ਬੰਬਾਂ ਦੇ ਭਾਣੇ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ ਤੇ ਦੂਜੀ ਜੰਗ ਵਿੱਚ ਲੋਕ ਭੁਗਤ ਅਤੇ ਵੇਖ ਚੁੱਕੇ ਹੋਏ ਹਨ। ਇਹ ਬੰਬ ਸੁੱਟੇ ਵੀ ਓਦੋਂ ਗਏ ਸਨ ਜਦੋਂ ਜਾਪਾਨੀ ਫੌਜਾਂ ਹਾਰ ਮੰਨ ਹਥਿਆਰ ਸੁੱਟਣ ਲੱਗ ਪਈਆਂ ਸਨ। ਫਿਰ ਕਿਉਂ ਸੁੱਟੇ ਗਏ? ਕੇਵਲ ਇਸ ਲਈ ਕਿ ਅਮਰੀਕੀ ਪੈਂਟਾਗਨ ਆਪਣੇ ਇਨ੍ਹਾਂ ਸ਼ਕਤੀਸ਼ਾਲੀ ਹਥਿਆਰਾਂ ਦੀ ਸ਼ਕਤੀ ਤਾਂ ਪਰਖ਼ ਲਵੇ। ਕਹਿੰਦੇ ਹਨ ਕਿ ਹੋਏ ਨੁਕਸਾਨ ਨੂੰ ਮਹਿਸੂਸ ਕਰ ਬੰਬ ਸੁੱਟਣ ਵਾਲੇ ਜਹਾਜ਼ ਦਾ ਪਾਇਲਾਟ ਪਿਛਲੀ ਉਮਰੇ ਗਹਿਰੇ ਦਿਮਾਗੀ ਸਦਮੇ ਨਾਲ ਪਾਗਲ ਹੋ ਗਿਆ ਸੀ।

ਹੁਣ ਜਦੋਂ ਹਿੰਦ-ਪਾਕ ਦੋਵੇਂ ਹੀ ਐਟਮੀ ਸ਼ਕਤੀਆਂ ਹਨ, ਸੋਚਣ ਵਿਚਾਰਨ ਦੀ ਬੜੀ ਲੋੜ ਹੈ। ਰੱਬ ਨਾ ਕਰੇ ਜੇ ਕਿਤੇ ਕੋਈ ਭਾਣਾ ਵਰਤ ਗਿਆ ਤਾਂ ਬਚਣਾ ਕੁਝ ਨਹੀਂ। ਨਿਊਕਲੀਅਰ ਵਿਸਫੋਟ (ਧਮਾਕਾ) ਥਰਮਲ ਰੇਡੀਏਸ਼ਨ (ਤੇਜ਼ ਪ੍ਰਕਾਸ਼/ਗਰਮੀ) ਦੇ ਰੂਪ ਵਿੱਚ ਲਹਿਰਾਂ ਛੱਡਦਾ ਹੈ। ਇਹ ਊਰਜਾ/ਸ਼ਕਤੀ/ਜ਼ੋਰ ਬੰਬ ਦੀ ਉਪਜਨ ਸ਼ਕਤੀ ਤੇ ਨਿਰਭਰ ਕਰਦਾ ਹੈ। ਨਿਊਕਲੀਅਰ ਹਥਿਆਰਾਂ ਵਿੱਚ ਕਿਲੋਟਨ ਦਾਇਰੇ ਵਾਸਤੇ ਊਰਜਾ ਨੂੰ ਵੱਖ ਵੱਖ ਰੂਪਾਂ ਵਿੱਚ ਵੰਡਿਆ ਜਾਂਦਾ ਹੈ। ਮੋਟੇ ਤੌਰ ਤੇ 50%, 35%, 15% ਥਰਮਲ ਧਮਾਕਾ ਨਿਊਕਲੀਅਰ ਰੇਡੀਏਸ਼ਨ ਵਿੱਚ ਵੰਡਿਆ ਜਾਂਦਾ ਹੈ। ਹਰ ਇੱਕ ਕਿਸਮ ਉਸ ਸਕੇਲ ਤੇ ਨਿਰਭਰ ਕਰਦੀ ਹੈ ਜਿਸ ਦੀ ਕਲਪਨਾ ਕਰਨੀ ਵੀ ਮੁਸ਼ਕਲ ਹੈ। ਦੂਸਰੀ ਵੱਡੀ ਜੰਗ ਵਿੱਚ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਵਿੱਚ ਇੱਕ 15 ਕਿਲੋਟਨ ਬੰਬ ਵਰਤਿਆ ਗਿਆ ਸੀ। ਇੰਡੀਆ, ਪਾਕਿਸਤਾਨ, ਉੱਤਰੀ ਕੋਰੀਆ ਕੋਲ ਇਹ ਸ਼ਕਤੀ ਮੌਜੂਦ ਹੈ। ਜੇ ਕਿਤੇ ਅੱਤਵਾਦੀਆਂ ਹੱਥ ਇਸ ਸਾਈਜ਼ ਦਾ ਹਥਿਆਰ ਆ ਜਾਵੇ ਤਾਂ ਕੀ ਬਣੇਗਾ? ਆਓ ਜ਼ਰਾ ਨਿਹਾਰੀਏ ਅਤੇ ਆਪਣੀ ਹੋਣੀ ਤੇ ਝਾਤ ਮਾਰੀਏ। ਇਸ ਸਾਈਜ਼ ਦੇ ਕਿਸੇ ਨਿਊਕਲੀਅਰ ਦੇ ਫਟਣ ਨਾਲ ਇੱਕ ਰਵਾਇਤੀ ਆਮ ਵਿਸਫੋਟ ਵੱਲੋਂ ਛੱਡੀ ਗਰਮੀ ਦੇ ਕੁਝ ਕੁ ਹਜ਼ਾਰ ਡਿਗਰੀ ਦੇ ਮੁਕਾਬਲੇ ਬਿਲਕੁਲ ਨੇੜੇ ਦੇ ਖੇਤਰ ਵਿੱਚ ਕਈ ਕਰੋੜ ਦਰਜੇ ਸੈਂਟੀਗਰੇਡ ਤਾਪਮਾਨ ਉਤਪੰਨ ਹੋ ਜਾਵੇਗਾ। ਸੂਰਜ ਦੇ ਧੁਰ ਅੰਦਰ ਦੇ ਤਾਪਮਾਨ ਜਿੰਨਾ। ਇਨ੍ਹਾਂ ਤਾਪਮਾਨਾਂ ਵਿੱਚ ਸੌ ਮੀਟਰ ਤੋਂ ਲੈਕੇ ਇੱਕ ਕਿਲੋਮੀਟਰ ਤੋਂ ਵਧੇਰੇ ਤੱਕ ਦੇ ਖੇਤਰ ਵਿੱਚ ਹਰ ਇੱਕ ਚੀਜ਼ ਭਾਫ਼ ਬਣ ਜਾਂਦੀ ਹੈ। ਬੰਬ ਦੀਆਂ ਬਾਕੀ ਗੈਸਾਂ ਆਲੇ ਦੁਆਲੇ ਦੀ ਹਵਾ ਅਤੇ ਦੂਸਰੇ ਪਦਾਰਥ ਇੱਕ ਅੱਗ ਦੇ ਗੋਲ਼ੇ ਦਾ ਰੂਪ ਧਾਰ ਲੈਂਦੇ ਹਨ। ਇਹ ਅੱਗ ਦਾ ਗੋਲ਼ਾ ਤੇਜ਼ੀ ਨਾਲ ਵੱਡਾ ਹੋਈ ਜਾਂਦੈ ਅਤੇ ਇੱਕ ਗੁਬਾਰੇ ਵਾਂਗ ਉੱਪਰ ਵੱਲ ਉੱਠ ਖਲੋਂਦੈ। ਇਹ ਉੱਠਿਆ ਗੋਲ਼ਾ ਜਿਵੇਂ ਜਿਵੇਂ ਠੰਢਾ ਹੁੰਦਾ ਹੈ ਇਹ ਇੱਕ ਆਮ ਖੁੰਬ ਦਾ ਵੱਡਾ ਰੂਪ ਧਾਰ ਲੈਂਦਾ ਹੈ। ਭਾਫ਼ ਬਣਿਆ ਸਾਰਾ ਕੂੜਾ, ਰੇਡੀਓ ਐਕਟਿਵਿਟੀ ਨਾਲ ਪ੍ਰਦੂਸ਼ਤ ਹੋਇਆ ਇੱਕ ਬਹੁਤ ਵਿਸ਼ਾਲ ਖੇਤਰ ਤੇ ਡਿੱਗ ਪੈਂਦਾ ਹੈ। ਵਿਸਫੋਟ ਦੇ ਵਾਪਰਨ ਬਾਅਦ ਇਹ ਇੱਕ ਲੰਬੇ ਸਮੇਂ ਲਈ ਭਿੳਕਰ ਅਸਰ ਛੱਡਦਾ ਰਹਿੰਦਾ ਹੈ।

ਕਿਲੋਮੀਟਰ ਤੱਕ ਦਾ ਖੇਤਰ ਘਾਤਕ ਖੇਤਰਬਣ ਜਾਂਦੈ। ਜਿੱਥੇ ਹਰ ਇੱਕ ਚੀਜ਼ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਜਾਂਦੀ ਹੈ। 2.5 ਕਿਲੋਮੀਟਰ ਤੋਂ ਅੱਗੇ ਹੌਲੀ ਹੌਲੀ ਹਵਾ ਦਾ ਦਬਾਅ ਘਟ ਜਾਂਦਾ ਹੈ। ਇਸ ਖੇਤਰ ਵਿੱਚ ਵੱਡੀ ਪੱਧਰ ਤੇ ਲੋਕ ਜ਼ਖ਼ਮੀ ਹੋ ਜਾਂਦੇ ਹਨ ਜਾਂ ਮਰ ਵੀ ਜਾਂਦੇ ਹਨ। ਇਸ ਜ਼ੋਨ ਤੋਂ ਅੱਗੇ ਹਵਾ ਦੇ ਦਬਾਅ ਦੇ ਘਟਣ ਨਾਲ ਬੂਹੇ ਬਾਰੀਆਂ ਭੱਜ-ਟੁੱਟ ਕੇ ਖਿੰਡ-ਪੁੰਡ ਜਾਂਦੀਆਂ ਹਨ ਅਤੇ ਜੀਵ ਜ਼ਖ਼ਮੀ ਹੋ ਜਾਂਦੇ ਹਨ। ਬਹੁਤ ਸਾਰੀਆਂ ਮਸ਼ੀਨਾਂ ਨੁਕਸਾਨੀਆਂ ਜਾਂਦੀਆਂ ਹਨ। ਇਸ ਹਵਾ ਦੇ ਦਬਾਅ ਨੂੰ ਝੱਲਣ ਦੇ ਲੋਕ ਆਦੀ ਨਹੀਂ ਹੁੰਦੇ। ਸਖ਼ਤ ਚੀਜ਼ਾਂ ਨਾਲ ਟਕਰਾ ਜਾਂ ਉਨ੍ਹਾਂ ਵਿੱਚ ਵੱਜਣ ਜਾਂ ਇਮਾਰਤਾਂ ਉਨ੍ਹਾਂ ਤੇ ਡਿੱਗਣ ਕਰਕੇ ਮੌਤਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਵਧ ਸਕਦੀ ਹੈ। ਬਹੁਤ ਸਾਰੇ ਹਮੇਸ਼ਾਂ ਲਈ ਅਪਾਹਜ ਹੋ ਜਾਂਦੇ ਹਨ। ਇਹ ਵੀ ਸੰਭਾਵਨਾ ਹੋ ਸਕਦੀ ਹੈ ਕਿ ਪਿੱਛੋਂ ਵਾਤਾਵਰਣਕ ਕਿਆਮਤ, ਪਰਲੋ, ਆਫ਼ਤ ਨਾਲ ਵਿਸਫੋਟ ਦੇ ਤੁਰੰਤ ਪਿੱਛੋਂ ਹੋਈਆਂ ਮੌਤਾਂ ਨਾਲੋਂ ਹੋਰ ਵੀ ਵਧੇਰੇ ਮੌਤਾਂ ਹੋਈ ਜਾਣ।

ਅੱਗੇ ਗੀਤ ਮਮਤਾ ਮੋਹ ਭਰੇ ਵਰਲਾਪ ਓਧਰ ਮੇਰੀ ਨਾਨੀ ਰੋਊ, ਏਧਰ ਮੇਰੀ ਮਾਂ’ਦੀਆਂ ਤਰਬਾਂ ਟੁਣਕਾਉਂਦਾ ਹੈ। ਮੇਰੇ ਬਚਪਨ ਦਾ ਯਾਰ ਸਦੀਕ ਬਾਜਵਾ ਦਾ ਪੋਤਾ ਇਮਤਿਆਜ਼ ਬਾਜਵਾ ਮੈਨੂੰ ਬਾਪੂ ਜੀ ਕਹਿੰਦੈ। ਉਹਦੀ ਦਾਦੀ ਅੰਮੀ ਨੂੰ ਮੈਂ ਭੈਣ (ਹਮਸ਼ੀਰਾ) ਕਹਿ ਸੰਬੋਧਤ ਹੁੰਦਾ ਹਾਂ। ਜੇ ਮੇਰਾ ਕੋਈ ਭਾਣਜਾ/ਪੋਤਾ ਫੌਜ ਵਿੱਚ ਬਾਰਡਰ ਤੇ ਲੜਦਿਆਂ ਸ਼ਹੀਦ ਹੋ ਗਿਆ ਤਾਂ ਕੀ ਓਧਰ ਏਧਰ ਇੱਕੋ ਵੇਲੇ ਸੱਥਰ ਨਹੀਂ ਵਿਛਣਗੇ? ਅਵੱਸ਼ ਵਿਛਣਗੇ! ਨਾਨੀ/ਦਾਦੀ ਵੀ ਰੋਏਗੀ ਤੇ ਮਾਵਾਂ/ਭੈਣਾਂ ਵੀ ਰੋਣਗੀਆਂ। ਇਸ ਵੇਲੇ ਪਾਕਿਸਤਾਨੀ ਫੌਜ ਦਾ ਮੇਜਰ ਜਨਰਲ ਮਿਲਟਰੀ ਓਪਰੇਸ਼ਨ (ਡੀਜੀਐੱਮਓ) ਅਸੀਮ ਬਾਜਵਾ ਹੈ। ਜੇ ਬਾਜਵੇ ਕੁਨਬੇ ਵਿੱਚ ਕੋਈ ਮੌਤ ਹੋ ਗਈ, ਵੈਣ ਏਧਰ ਓਧਰ ਦੇ ਬਾਜਵੇ ਪਰਵਾਰਾਂ ਵਿੱਚ ਪੈਣਗੇ। ਪਾਕਿਸਤਾਨ ਬਣਨ ਤੋਂ ਤੁਰੰਤ ਪਿੱਛੋਂ ਸਾਡਾ ਇੱਕ ਬਾਜਵਾ ਜਮਾਤੀ ਭਰਾ ਖ਼ਤ ਲਿਖਦੈ: ... ਬਜ਼ੁਰਗ ਸਾਵਨ ਸਿੰਘ ਸਾਹਬ (ਮੇਰੇ ਪਿਤਾ) ਕੋ ਮੇਰੀ ਤਰਫ਼ ਸੇ ਅਦਾਬ ਅਰਜ਼ - ਅੰਮਾਂ ਜਾਨ ਕੋ ਸਲਾਮ - ਔਰ ਹਮਸ਼ੀਰਾ ਸਾਹਿਬਾ ਕੋ ਅਦਾਬ ਔਰ ਸਲਾਮ ਔਰ ਦੋਸਤ ਬਲਕਾਰ ਸਿੰਘ (ਲੇਖਕ) ਔਰ ਬਲਬੀਰ ਸਿੰਘ ਵ ਬੱਚੋਂ ਕੋ ਅਸਲਾਮਾ ਅਲੈਕਮ ਕਬੂਲ ਹੋ - ਔਰ ਮੇਰੇ ਵਾਲਦ ਸਾਹਿਬ ਖਾਲੂ ਸਾਹਿਬ ਵ ਚੱਚੂ ਸਾਹਿਬਾਨ ਕੀ ਤਰਫ਼ ਸੇ ਆਪਕੇ ਵਾਲਦ ਸਾਹਿਬ ਔਰ ਦੀਗਰ ਬਰਾਦਰਾਨ ਕੀ ਤਰਫ਼ ਸੇ ਆਪਕੇ ਵਾਲਿਦ ਸਹਿਬ ਦੀਗਰ ਆਦਮੀਉਂ ਵ ਬੱਚੋਂ ਕੋ ਅਸਲਾਮਾ ਅਲੈਕਮ ਕਬੂਲ ਹੋ - ਚੱਚਾ ਸਾਹਿਬ ਸੂਫੀ ਮੁਹੰਮਦ ਰਮਜ਼ਾਨ ਬੰਬਈ ਮੇਂ ਗਏ ਹੂਏ ਹੈਂ - ਬਾਕੀ ਹਾਲਾਤ ਦੂਸਰੀ ਚਿੱਠੀ ਮੇਂ ਲਿੱਖੂੰਗਾ - ਤਾਲੀਮ ਜਾਰੀ ਰੱਖਣਾ (ਤਾਲਿਬ ਹੁਸੈਨ ਬਾਜਵਾ) - ਨੀਜ਼ ਮੁਝੇ ਆਪਕੀ ਯਾਦ ਸਤਾਤੀ ਹੈ - ਬਚਪਨ ਕੇ ਗੁਜ਼ਰੇ ਅਫਸਾਨੇ ਯਾਦ ਦਲਾਤੀ ਹੈ।

ਮੇਰੇ ਮਿੱਤਰ ਬਰੈਂਪਟਨੀ ਪ੍ਰੋ. ਸਾਧਾ ਸਿੰਘ ਵੜੈਚ ਦੀ ਕਹਾਣੀ ਵਿਛੜੇ ਭੈਣ-ਭਰਾ ਰਿਸ਼ਤੇ ਦੀਆਂ ਅਭੁੱਲ ਤੰਦਾਂ ਜੋੜਦੀ ਹੈ। ਜ਼ਿਲ੍ਹਾ ਗੁਜਰਾਂਵਾਲਾ ਦਾ ਵਾਸੀ ਵੜੈਚ ਵੰਡ ਵੇਲੇ ਤਿੰਨਾਂ ਕੁ ਸਾਲਾਂ ਦਾ ਸੀ। ਉਹ ਆਪਣੀ ਵੱਡੀ ਭੈਣ ਤੋਂ ਵਿਛੜ ਗਿਆ ਜੋ ਪਾਕਿਸਤਾਨ ਰਹਿ ਗਈ। ਉੱਥੇ ਹੀ ਵਿਆਹੀ ਗਈ। ਮਮਤਾ ਮੋਹ ਹੇਰਵਿਆਂ ਨੇ ਕਿਸੇ ਹੀਲੇ-ਵਸੀਲੇ ਇੱਕ ਦੂਜੇ ਨੂੰ ਲੱਭ ਲਿਆ। ਇਹ ਓਦੋਂ ਤੱਕ ਸੁਨਾਮ ਨੇੜੇ ਕਿਸੇ ਪਿੰਡ ਵਿੱਚ ਆ ਵਸੇ ਹੋਏ ਸਨ। ਭੈਣ ਆਪਣੇ ਪਤੀ ਅਤੇ ਬੱਚਿਆਂ ਸਮੇਤ ਮਿਲਣ ਸੁਨਾਮ ਆਈ। ਇੱਕ ਪਰਿਵਾਰ ਦੇ ਅਭਾਗੇ ਵਿਛੜੇ ਇੱਕ ਦੂਜੇ ਦੇ ਗਲ਼ੇ ਲੱਗ ਰੋਏ ਅਤੇ ਪੁਰਾਣੀਆਂ ਯਾਦਾਂ ਤੇ ਦੁੱਖ-ਸੁਖ ਸਾਂਝੇ ਕੀਤੇ। ਵੀਜ਼ੇ ਦੀ ਮਿਆਦ ਅਨੁਸਾਰ ਭੈਣ-ਭਣੂਜਾ ਮੁੜ ਮਿਲਣ ਦੇ ਵਾਅਦਿਆਂ ਨਾਲ ਆਪਣੇ ਦੇਸ਼ ਮੁੜ ਗਏ। ਕੁਝ ਅਰਸੇ ਪਿੱਛੋਂ ਪ੍ਰੋ. ਸਾਧਾ ਸਿੰਘ ਵੜੈਚ ਵੀ ਆਪਣੀ ਭੈਣ-ਭਾਈਏ ਤੇ ਭਣੇਵੇਂ-ਭਣੇਵੀਂਆਂ ਨੂੰ ਮਿਲਣ ਪਾਕਿਸਤਾਨ ਗਿਆ। ਉਸ ਫੇਰੀ ਦਾ ਪੂਰਾ ਹਾਲ ਉਸ ਨੇ ਆਪਣੀ ਕਿਤਾਬ 'ਜੱਗ ਜਿਉਂਦਾ-ਮਿੱਟੀ ਦਾ ਮੋਹ' ਵਿੱਚ ਤੜਪਾਵੇਂ ਵਿਸਥਾਰ ਨਾਲ ਦਰਜ ਕਰ ਇੱਕ ਇਤਿਹਾਸ ਸਿਰਜ ਦਿੱਤਾ ਹੈ। ਪੇਸ਼ ਹੈ ਪਟਿਆਲਾ ਨੇੜਲੇ ਪਿੰਡ ਤਰੈਂ ਦੀ ਇਨ੍ਹਾਂ ਨੂੰ ਮਿਲਣ ਆਈ ਇੱਕ ਔਰਤ ਦੀਆਂ ਗੱਲਾਂ: ... ਕੱਲ੍ਹ ਵਾਲੀਆਂ ਔਰਤਾਂ `ਚੋਂ ਇੱਕ ਸਿਆਣੀ ਉਮਰ ਦੀ ਔਰਤ ਅਗਲੇ ਦਿਨ ਸਵੇਰੇ ਅਸਾਡੇ ਕੋਲ ਆ ਗਈ ... ਲੱਗ ਪਈ ਗੱਲਾਂ ਕਰਨ। ਉਹ ਨਾਲ ਦੇ ਪਿੰਡ ਨੋਂਈਂਕਿਆਂ ਤੋਂ ਸੀ ਅਤੇ ਏਧਰੋਂ ਪਟਿਆਲੇ ਨੇੜਲੇ ਪਿੰਡ ਤਰੈਂ ਤੋਂ ਪਰਿਵਾਰ ਸਮੇਤ ਉੱਧਰ ਚਲੀ ਗਈ ਸੀ। ਉਹ ਸਾਡੇ ਨਾਲ ਬੜੇ ਮੋਹ ਅਤੇ ਦਰਦ ਨਾਲ ਗੱਲਾਂ ਕਰ ਰਹੀ ਸੀ ... ਮੈਂ 12 ਵਰ੍ਹਿਆਂ ਦੀ ਸਾਂ ਜਦੋਂ ਪਾਕਿਸਤਾਨ ਬਣਿਆ ... ਸਾਲ੍ਹੀ ਸਾਹਿਬ ਉਸਨੂੰ ਕਹਿਣ ਲੱਗੇ - ਦਫਾ ਹੋ ਜਾ ਤੂੰ ਇੱਥੋਂ, ਤੇਰਾ ਇੱਥੇ ਬੰਦਿਆਂ ਵਿੱਚ ਕੀ ਕੰਮ ... ਨਿਡਰ ਹੋ ਜਵਾਬ ਦਿੱਤਾ, ਇਹ ਮੇਰੇ ਭਰਾ ਨੇ, ਮੇਰੇ ਵਤਨੋਂ ਆਏ ਨੇ ਮੈਨੂੰ ਇਹਨਾਂ ਨੂੰ ਮਿਲ ਕੇ ਤਸਕੀਨ ਤੇ ਸਕੂਨ ਆਇਐ ... ਅਖੀਰ ਉਹ ਬਾਬੇ ਸਾਲ੍ਹੀ ਦੀ ਨਾਰਾਜ਼ਗੀ ਨਾ ਝੱਲਦੀ ਹੋਈ ਛੇਤੀ ਹੀ ਚਲੀ ਗਈ ...।

1965 ਦੀ ਜੰਗ ਵੇਲੇ ਭਾਰਤੀ ਫੌਜਾਂ ਛੰਭ ਜੌੜੀਆਂ ਫਰੰਟ ਤੇ ਚਵਿੰਡੇ ਤੋਂ ਅੱਗੇ ਅਲ੍ਹੜ ਤੱਕ ਪਹੁੰਚ ਗਈਆਂ ਸਨ। ਸਾਡਾ ਪਿੰਡ ਗੁੰਨਾਂ ਕਲਾਂ ਉੱਥੋਂ ਮਸੀਂ ਤਿੰਨ ਕੁ ਮੀਲ ਹੈ। ਮੇਰੇ ਤਾਏ ਦਾ ਪੁੱਤ ਭਰਾ ਚਵਿੰਡੇ ਸਿੱਧੂ ਪਰਿਵਾਰ ਵਿੱਚ ਵਿਆਹਿਆ ਹੋਇਆ ਸੀ। ਉਸ ਦਾ ਇੱਕੋ ਇੱਕ ਸਾਲਾ ਕੇਸਰ ਸਿੰਘ ਉੱਧਰ ਹੀ ਰਹਿ ਗਿਆ ਸੀ। ਉੱਥੇ ਉਹ ਨਮਾਜ਼ ਮੁਹੰਮਦ ਬਣ ਗਿਆ। ਉਹਦਾ ਮੁੰਡਾ ਮਨਜ਼ੂਰ ਹੁਸੈਨ ਡਾਕਟਰ ਹੈ ਅਤੇ ਚਵਿੰਡੇ ਹੀ ਪ੍ਰੈਕਟਿਸ ਕਰ ਰਿਹਾ। ਉਹ ਸਾਰੇ ਭਾਅ ਨੂੰ ਬੜੇ ਮੋਹ ਨਾਲ ਮਿਲੇ ਸਨ। ਚਿਰੀਂ ਵਿਛੁੰਨਿਆਂ ਦੇ ਮੇਲ ਯਾਦਗਾਰੀ ਹੁੰਦੇ ਹਨ। ਚੰਦਰੀ ਦੇਸ਼ ਵੰਡ ਨੇ ਭੈਣ-ਭਰਾਵਾਂ ਨੂੰ ਵੀ ਵੰਡ ਦਿੱਤਾ ਹੋਇਆ। ਉਹਦਾ ਸੌਹਰੇ ਚਵਿੰਡੇ ਨੇੜੇ ਪਿੰਡ ਖਾਨਹਰੀ ਹੈ। ਇੱਕ ਦਿਨ ਅਚਾਨਕ ਬਰੈਂਪਟਨ ਵਿਖੇ ਇੱਕ ਕਲੀਨਕ ਵਿਚ ਸਲਵਾਰ ਤੇ ਲੰਮੇ ਕੁੜਤੇ ਵਾਲਾ ਲੰਮਾ ਉੱਚਾ ਮੁਸਲਮਾਨ ਭਾਈ ਮਿਲ ਪਿਆ। ਸਹਿਵਨ ਸਾਹਿਬ ਸਲਾਮ ਹੋਈ। ਮਾਂ ਬੋਲੀ ਨੇ ਚੁੰਬਕੀ ਖਿੱਚ ਮਾਰੀ। ਪੁੱਛਦੈ: ਸਰਦਾਰ ਜੀ ਕਿੱਥੋਂ ਓਂ। ਜਦੋਂ ਦੱਸਿਆ ਕਿ ਮੈਂ ਸਿਆਲਕੋਟ ਦੇ ਪਿੰਡ ਗੁੰਨਾਂ ਕਲਾਂ ਤੋਂ ਆਂ, ਸੁਣਦਿਆਂ ਹੀ ਜੱਫੀ ਆ ਪਾਈ। ਲਾਗੇ ਕੁਰਸੀਆਂ ਤੇ ਬੈਠੇ ਬਹੁ ਸਭਿਆਚਾਰੀ ਲੋਕ ਹੈਰਾਨ ਹੋਏ ਵੇਖ ਰਹੇ ਸਨ। ਉਹ ਕੀ ਜਾਣਨ ਸਾਡੀ ਭਰਾਵਾਂ ਦੀ ਪਿਛੋਕੜੀ ਸਾਂਝ ਜੁੜ ਚੁੱਕੀ ਸੀ। ਉਹ ਚਵਿੰਡੇ ਤੋਂ ਸੀ। ਗੁੰਨੇ ਉਹ ਬਾਜਵਿਆਂ ਦੇ ਵਿਆਹਿਆ ਹੋਇਆ ਸੀ। ਬੇਗਮ ਨੂੰ ਕਹਿੰਦਾ: ਆਹ ਮਿਲ, ਗੁੰਨੇ ਵਾਲੇ ਆਪਣੇ ਬਾਜਵੇ ਭਰਾ ਨੂੰ! ਬੜੀਆਂ ਯਾਦਾਂ ਅਸੀਂ ਸਾਂਝੀਆਂ ਕੀਤੀਆਂ ਅਤੇ ਮੈਂ ਕਿਹਾ - ਭੈਣੇ ਜਦੋਂ ਗੁੰਨੇ ਗਈ ਤਾਂ ਸਾਡੀ ਜਨਮਭੂਮੀ ਅਤੇ ਕਰਮਭੂਮੀ ਦੀ ਮਿੱਟੀ ਦੀ ਮੁੱਠੀ ਤੇ ਪਾਣੀ ਦੀ ਇੱਕ ਸ਼ੀਸ਼ੀ ਲਈ ਆਈਂ। ਉਨ੍ਹਾਂ ਬਿਨਾਂ ਸ਼ਾਇਦ ਸਵਾਸ ਸਰੀਰ ਵਿੱਚੋਂ ਰੁਖ਼ਸਤ ਨਾ ਹੋ ਸਕਣ! ਕਿਤੇ ਸਹਿਕਦਾ ਹੀ ਨਾ ਤੁਰ ਜਾਵਾਂ!

ਵੀਰਨੋ! ਗੱਲ ਇੱਥੇ ਹੀ ਮੁੱਕਦੀ ਏ। ਸਿੱਧੂ, ਬਾਜਵੇ, ਵੜੈਚ, ਸੰਧੂ, ਢਿੱਲੋਂ, ਵਿਰਕ, ਹੰਜਰਾ, ਚੀਮੇ, ਚੱਠੇ, ਬਰਾੜ, ਹੁੰਦਲ, ਭੰਡਾਲ, ਬੱਲ, ਬਾਠ, ਬੁੱਟਰ, ਬਰਾੜ, ਭਿੰਡਰ, ਔਜਲੇ, ਔਲੱਖ, ਅਟਵਾਲ, ਚਾਹਲ, ਛੀਨੇ ... ਸੂਚੀ ਬੜੀ ਲੰਮੀ ਹੈ, ਇਨ੍ਹਾਂ ਸਿੱਖ, ਮੁਸਲਮਾਨ ਗੋਤਾਂ ਦੀ ਨਾਨੀ ਇੱਕੋ ਹੀ ਜਾ ਨਿਕਲਦੀ ਹੈ। ਪੁਰਾਣੀ ਕਹਾਵਤ ਜੱਟਾਂ ਦੀ ਨਾਨੀ ਇੱਕੋਸੱਚੀ ਸਾਬਤ ਹੋ ਜਾਂਦੀ ਹੈ। ਇਨ੍ਹਾਂ ਵਿੱਚੋਂ ਜਦੋਂ ਵੀ ਕੋਈ ਸਰਹੱਦ ਦੇ ਆਰ-ਪਾਰ ਮਰਦੈ ਸੱਥਰ ਵਿਛਣਗੇ, ਵੈਣ ਪੈਣਗੇ, ਜਿਸ ਨੂੰ ਗੀਤ ਬੋਲਦੈ: ਓਧਰ ਮੇਰੀ ਨਾਨੀ ਰੋਊ, ਏਧਰ ਮੇਰੀ ਮਾਂ।’ ਓਧਰੋਂ ਜਾਂ ਏਧਰੋਂ ਆਪਣਿਆਂ ਨੇ ਆਪਣਿਆਂ ਦੇ ਈ ਸੀਨੇ ਛੱਲਣੇ, ਵਿੰਨ੍ਹਣੇ ਨੇ। ਭਰਾ ਹੀ ਭਰਾ ਨੂੰ ਮਾਰੇਗਾ। ਮੌਜੂਦਾ ਸੰਕਟ ਦਾ ਇਹ ਇੱਕ ਬਹੁਤਾ ਹੀ ਵੱਡਾ ਦੁਖਾਂਤ ਹੈ।

ਗੀਤ ਅਗਲੀ ਨਾਜ਼ੁਕ ਤਰਬ ਨੂੰ ਅੱਗੇ ਤੋਰਦੈ: ਸੋਚੋ ਸਮਝੋ ਚੱਕ ਬਿਗਾਨੀ ਤੇ ਓਏ ਚੜ੍ਹਿਓ ਨਾ ... ਕੌਣ ਲੜਾਉਂਦੈ, ਕਿਉਂ ਲੜਦੇ ਓਂ, ਜਾਵੇ ਗੱਲ ਵਿਚਾਰੀ। ਪਰ ਲੋਕੋ! ਸਰਹੱਦ ਤੇ ਤਾਇਨਾਤ ਫੌਜੀ ਆਪਣੇ ਆਪ ਕਦੀ ਨਹੀਂ ਲੜਦੇ। ਉਹ ਤਾਂ ਅਨੁਸ਼ਾਸਤ ਸਿਪਾਹੀ ਹੁੰਦੇ ਹਨ। ਲੜਾਉਂਦੇ ਤਾਂ ਉੱਪਰਲੇ ਕਮਾਂਡਰਾਂ ਦੇ ਹੁਕਮ ਹਨ। ਉਨ੍ਹਾਂ ਵਿਚਾਰਿਆਂ ਨੂੰ ਗੋਲੀ ਚਲਾਉਣ ਦੇ ਹੁਕਮ ਮੰਨਣੇ ਪੈਂਦੇ ਹਨ। ਛੋਟੇ ਕਮਾਂਡਰਾਂ ਨੂੰ ਉੱਪਰਲੇ ਵੱਡੇ ਕਮਾਂਡਰ ਹੁਕਮ ਚਾੜ੍ਹਦੇ ਹਨ। ਉਨ੍ਹਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸਬੰਧਤ ਮੰਤਰਾਲਾ ਹੁਕਮ ਦਿੰਦੈ। ਇਹ ਹੁਕਮ ਦੇਸ਼ ਦੀ ਰੱਖਿਆ ਅਤੇ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਦਿੱਤੇ ਜਾਂਦੇ ਹਨ। ਆਖ਼ਰ ਬਾਹਰੀ ਹਮਲਿਆਂ ਤੋਂ ਦੇਸ਼ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਹੀ ਹਥਿਆਰਬੰਦ ਫੌਜਾਂ ਨੂੰ ਸਦਾ ਤਿਆਰ-ਬਰ-ਤਿਆਰ ਰੱਖਿਆ ਜਾਂਦੈ। ਕੁਮਾਰ, ਸਿੰਘ ਤੇ ਖਾਨ ਵਿਚਾਰਿਆਂ ਨੂੰ ਕੌਣ ਪੁੱਛਦੈ! ਉਹ ਤਾਂ ਅਨੁਸ਼ਾਸਨਬੱਧੇ ਸਿਪਾਹੀ ਹੁੰਦੇ ਹਨ। ਉਨ੍ਹਾਂ ਦੇ ਵੱਡੇ ਵਡੇਰੇ ਬਸਰਾ ਬਗਦਾਦ ਦੀ ਪਹਿਲੇ ਵਿਸ਼ਵ ਯੁੱਧ ਵਿੱਚ ਭੇਜੇ, ਲੜਦੇ ਮਰ-ਮਿਟ ਗਏ। ਘਰੇਲੂ ਆਰਥਕ ਮੰਦਹਾਲੀ ਵਿੱਚ ਰੋਜ਼ੀ-ਰੋਟੀ ਖ਼ਾਤਰ ਫੌਜ ਵਿਚ ਭਰਤੀ ਹੋਏ ਸਨ। ਮੇਰਾ ਤਾਇਆ ਬਸਰੇ ਦੀ ਲਾਮ ਵਿੱਚ ਸ਼ਹੀਦ ਹੋਇਆ ਸੀ। ਅੱਜ ਵੀ ਜਦੋਂ ਸਰਕਾਰਾਂ ਸ਼ਾਂਤੀ ਵਾਰਤਾਲਾਪਾਂ ਅਰੰਭਦੀਆਂ ਹਨ, ਸਰਹੱਦਾਂ ’ਤੇ ਖੜ੍ਹੇ ਕੁਮਾਰ, ਸਿੰਘ ਤੇ ਖਾਨ ਇੱਕ ਦੂਜੇ ਨਾਲ ਸ਼ੁਭਕਾਮਨਾਵਾਂ ਵਾਲੇ ਇਸ਼ਾਰੇ ਤੇ ਸੰਦੇਸ਼ੇ ਸਾਂਝੇ ਕਰਦੇ ਹਨ। ਜਦੋਂ ਗੱਲ ਟੁੱਟ ਜਾਂਦੀ ਹੈ ਤਾਂ ਨਹੋਰਾ ਮਾਰਦੇ ਹਨ: ਜੇ ਕਿਤੇ ਸਾਨੂੰ ਗੱਲਬਾਤ ਲਈ ਕਿਹਾ ਜਾਵੇ, ਤਾਂ ਮਿੰਟਾਂ ਵਿਚ ਗੱਲ ਮੁਕਾ ਦਿੰਦੇ।

ਦੂਜੇ ਪਾਸੇ, ਯਾਦ ਰਹੇ ਵੀਰਨੋਂ! ਅਜੋਕੀਆਂ ਸਰਕਾਰਾਂ ਰਾਜ ਕਰਨ ਦੀਆਂ ਵਧੇਰੇ ਚਾਹਵਾਨ ਹੁੰਦੀਆਂ ਹਨ, ਸੇਵਾ ਘੱਟ। ਸੇਵਾ ਦੇ ਤਾਂ ਜੁਮਲੇ ਅਤੇ ਸ਼ੋਸ਼ੇ ਦਾਗੇ ਜਾਂਦੇ ਹਨ। ਕਸ਼ਮੀਰ ਮਸਲਾ ਤਾਂ ਪੌਣੀ ਸਦੀ ਤੋਂ ਅਨੇਕ ਵਾਰੀ ਵਿਚਾਰਿਆ ਗਿਐ, ਪਰ ਮਸਲਾ ਫਸ ਗਈ ਜਾਨ ਸ਼ਿਕੰਜੇ ਵਿੱਚ ਜਿਉਂ ਕੁਲਾੜ੍ਹੀ ਗੰਨਾ’ਬਣਿਆ ਪਿਆ। ਮਸਲਾ ਬਹੁਤਾ ਹੀ ਉਲਝਿਆ ਪਿਆ। ਇਤਹਾਸਕ ਤੌਰ ’ਤੇ ਇੱਕ ਦੇ ਦੋ ਕਸ਼ਮੀਰ ਬਣੇ ਪਏ ਨੇ। ਇਹ ਮਸਲਾ ਕੌਮਾਂਤਰੀ ਪੱਧਰ ਦੀਆਂ ਮਹਾਂ ਸ਼ਕਤੀਆਂ ਦੇ ਹਿਤਾਂ ਵਿੱਚ ਵੀ ਅੜਿਆ ਪਿਐ। ਤਾਂ ਹੀ ਹੱਲ ਨਹੀਂ ਹੋ ਰਿਹਾ। ਨੇੜੇ ਦੀ ਗੱਲ ਕਰੀਏ। ਅਹਿਮ ਸਵਾਲ ਜੰਗਬੰਦੀ ਰੇਖਾ ਦੀ ਉਲੰਘਣ ਕੌਣ ਕਰਦਾ ਹੈ? ਦੂਜੇ ਦੇਸ਼ ਵਿੱਚ ਆਤਮਘਾਤੀ ਦਹਿਸ਼ਤਗਰਦ ਕੌਣ ਭੇਜਦਾ ਹੈ? ਇਹ ਦਹਿਸ਼ਤਗਰਦ ਕਿਸ ਦੀ ਚੱਕ ਵਿਚ ਮਰਨ ਮਾਰਨ ਲਈ ਆਉਂਦੇ ਹਨ। ਕੇਵਲ ਮੂਲਵਾਦੀ, ਕਟੜਵਾਦ, ਫਾਸ਼ੀਵਾਦੀ, ਫਿਰਕੂਵਾਦੀ ਅੰਸਰ ਹੀ ਜੰਗੀ ਮਹੌਲ ਬਣਾਈ ਰੱਖਣਾ ਚਾਹੁੰਦੇ ਹਨ। ਉਨ੍ਹਾਂ ਦੇ ਢਹੇ ਚੜ੍ਹਿਆ ਮਸਲੇ ਕਰਕੇ ਹੀ ਬਰੂਦ ਦਾਗਿਆ ਜਾ ਰਿਹੈ। ਇਹ ਹੱਲ ਓਦੋਂ ਹੋਣੈ ਜਦੋਂ ਦੋਵੇਂ ਦੇਸ਼ਾਂ ਦੇ ਰਹਿਬਰ ਸੁਹਿਰਦ ਹੋ ਇਸ ਨੂੰ ਨਜਿੱਠਣ ਦਾ ਅਹਿਦ ਕਰ ਲੈਣਗੇ। ਪਰ ਇਸ ਵੇਲੇ ਤਾਂ ਵਰਦੇ ਗੋਲ਼ਿਆਂ ਨੇ ਲੋਕਾਂ ਨੂੰ ਬਲ਼ਦੀ ਦੇ ਬੂਥੇ ਦਿੱਤਾ ਹੋਇਆ।

ਸੱਚਾਈ ਇਹ ਹੈ ਕਿ ਅਹਿਮ ਅੜਿਕੇ ਪਾਕਿਸਤਾਨ ਦੀ ਸਰਕਾਰ ਵੱਲੋਂ ਹੀ ਡਾਹੇ ਜਾਂਦੇ ਹਨ। ਉਹਦੀ ਜਾਨ ਕਈ ਕੁਲਾੜ੍ਹੀਆਂ ਵਿਚ ਫਸੀ ਪਈ ਹੈ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਕਈ ਦਬਾਵਾਂ ਹੇਠ ਹੈ। ਦੁਨੀਆਂ ਦੀਆਂ ਵੱਡੀਆਂ ਤਾਕਤਾਂ ਦੇ ਦਬਾਵਾਂ ਤੋਂ ਇਲਾਵਾ, ਇੱਕ ਪਾਸੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ, ਅਤੇ ਲੋਕ ਹਿਤੂ ਪਰੈੱਸ, ਲੋਕ ਅਤੇ ਵਿਰੋਧੀ ਪਾਰਟੀਆਂ ਜੋ ਸੁੱਖੀ-ਸਾਂਦੀ ਜਿਊਣਾ ਲੋਚਦੇ ਹਨ। ਦੂਜੇ ਪਾਸੇ ਰਾਜ ਪਲਟੇ ਪਿਛੋਕੜ ਵਾਲੀ ਸ਼ਕਤੀਸ਼ਾਲੀ ਪਾਕਿਸਤਾਨੀ ਫੌਜ। ਤੀਜੇ ਪਾਸੇ ਆਈਐੱਸਆਈ ਅਤੇ ਚੌਥੇ ਨਾਨਸਟੇਟ ਐਕਟਰ ਮਸੂਦ ਅਜ਼ਹਰ, ਹਾਫਿਜ਼ ਸਯਦ, ਸਲਾਹੁਦੀਨ ਅਤੇ ਉਨ੍ਹਾਂ ਦੇ ਪਾਲੇ ਹੋਏ ਦਹਿਸ਼ਤਗਰਦ ਟੋਲੇ, ਜਿਹੜੇ ਭਾਰਤ ਵਿੱਚ ਅਤਿਵਾਦੀ ਮੁਜਾਹਦੀਨ ਭੇਜਣ ਦੇ ਮਨਸੂਬੇ ਤਿਆਰ ਕਰੀ ਹੀ ਰੱਖਦੇ ਹਨ ਅਤੇ ਭੜਕਾਊ ਬਿਆਨਾਂ ਨਾਲ ਬਲਦੀ ਤੇ ਤੇਲ ਪਾਈ ਰੱਖਦੇ ਹਨ। ਇਸ ਨਾਲ ਹੀ ਉਨ੍ਹਾਂ ਦੀ ਚੌਧਰ ਅਤੇ ਹੋਂਦ ਕਾਇਮ ਰਹਿੰਦੀ ਹੈ।

ਓੜੀ ਹਮਲੇ ਵਾਲੇ ਫੌਜੀ ਕੈਂਪ ਤੇ ਹਮਲੇ ਪਿੱਛੋਂ ਭਾਰਤੀ ਫੌਜ ਵੱਲੋਂ ਕੰਟਰੋਲ ਰੇਖਾ ਟੱਪ ਕੇ ਕੀਤੀ ਗਈ ਕਾਰਵਾਈ ਤੱਕ ਹਰ ਕਾਰਵਾਈ ਦੇਸ਼ ਦੀ ਸੁਰੱਖਿਆ ਦੀ ਹੈ। ਇਸ ਵਿੱਚ ਪੰਜਾਬ ਵੀ ਸ਼ਾਮਲ ਹੈ। ਪੰਜਾਬ ਪਹਿਲਾਂ ਵੀ ਸਰਹੱਦ ਪਾਰ ਦੇ ਦਹਿਸ਼ਤਗਰਦਾਂ ਦਾ ਨਿਸ਼ਾਨਾ ਬਣ ਚੁੱਕਾ ਹੈ। ਦੀਨਾ ਨਗਰ ਥਾਣੇ ਅਤੇ ਪਠਾਨਕੋਟ ਏਅਰ ਬੇਸ ਵਾਲੀਆਂ ਘਟਨਾਵਾਂ ਇਸ ਦੀਆਂ ਸੁਲਗਦੀਆਂ, ਧੁਖ਼ਦੀਆਂ ਘਟਨਾਵਾਂ ਹਨ। ਇਸ ਪਿੱਛੋਂ ਕਿਸੇ ਕਿਸਮ ਦੀ ਅਣਗਹਿਲੀ ਦੀ ਗੁੰਜਾਇਸ਼ ਨਹੀਂ ਹੈ, ਸਗੋਂ ਵੱਧ ਚੌਕਸੀ ਦੀ ਲੋੜ ਹੈ। ਕਿਉਂਕਿ ਸਰਹੱਦ ਪਾਰ ਤੋਂ ਕੰਟਰੋਲ ਰੇਖਾ ਤੇ ਗੋਲੀ ਚੱਲਦੀ ਹੀ ਰਹਿੰਦੀ ਹੈ। ਫਿਰ ਜਵਾਬੀ ਫਾਇਰਿੰਗ ਹੁੰਦੀ ਹੈ। ਹਰ ਰੋਜ਼ ਦੋਹਾਂ ਪਾਸਿਆਂ ਦੇ ਸਿਪਾਹੀ ਤੇ ਆਮ ਲੋਕ ਮਰ ਰਹੇ ਹਨ। ਆਮ ਜਨਤਾ ਨੂੰ ਦਿਨ-ਰਾਤ ਵਰ੍ਹਦੇ ਗੋਲਿਆਂ, ਧਮਾਕਿਆਂ ਦੀ ਸਾੜ੍ਹਸਤੀ ਭੋਗਣੀ ਪੈ ਰਹੀ ਹੈ। ਜਿਸ ਕਰਕੇ ਤਨਾਅ ਘਟਦਾ ਨਜ਼ਰ ਨਹੀਂ ਆਉਂਦਾ ਅਤੇ ਭਾਰਤ ਨੂੰ ਮਜਬੂਰੀ ਵਿੱਚ ਬਾਰਡਰਾਂ ਦੀ ਮਜ਼ਬੂਤੀ ਅਤੇ ਅੰਦਰੂਨੀ ਚੌਕਸੀ ਹੋਰ ਵਧਾਉਣੀ ਪੈਂਦੀ ਹੈ। ਬਹੁਤੀ ਵਾਰ ਮੋੜਵੀਂ ਕਾਰਵਾਈ ਵੀ ਕਰਨ ਪੈਂਦੀ ਹੈ। ਮਜਬੂਰੀ ਵੱਸ ਇਸ ਵੇਲੇ ਭਾਰਤ ਰੱਖਿਆਤਮਕ ਹਮਲਾਵਰੀ ਰੌਂ’ ਵਿਚ ਆਇਆ ਹੋਇਆ ਹੈ।

ਅਸਲੀਅਤ ਇਹ ਹੈ ਕਿ ਪਾਕਿਸਤਾਨ ਵਿਚਲੇ ਗੈਰਸਟੇਟ ਅੰਸਰਾਂ ਵੱਲੋਂ ਪੂਰੇ ਆਲਮ ਵਿੱਚ ਖ਼ਤਰਨਾਕ ਵਿਸਫੋਟਕ ਸਥਿਤੀ ਪੈਦਾ ਕੀਤੀ ਹੋਈ ਹੈ। ਇਸ ਸੰਦਰਭ ਵਿੱਚ ਪਿਛਲੇ ਹਫਤੇ ਅਮਰੀਕਾ ਦੇ ਇੱਕ ਪ੍ਰਤੀਨਿਧ ਨੇ ਪਾਕਿਸਤਾਨ ਨੂੰ ਪਹਿਲੀ ਵਾਰੀ ਦਬਕਾ ਮਾਰਿਆ ਕਿ ਉਹ ਆਪਣੇ ਦੇਸ਼ ਵਿਚਲੇ ਦਹਿਸ਼ਤਗਰਦਾਂ ਦੇ ਖ਼ਿਲਾਫ ਕਾਰਵਾਈ ਕਰੇ। ਜੇ ਉਸ ਨੇ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਅਮਰੀਕਾ ਦੇ ਕਮਾਂਡੋ ਫਿਰ ਉਸੇ ਤਰ੍ਹਾਂ ਸਿੱਧੀ ਕਾਰਵਾਈ ਕਰਨਗੇ, ਜਿੱਦਾਂ ਉਨ੍ਹਾਂ ਨੇ ਓਸਾਮਾ ਬਿਨ ਲਾਦੇਨ ਦੇ ਮਾਮਲੇ ਵਿੱਚ ਕੀਤੀ ਸੀ ਅਤੇ ਉਸ ਦੀ ਲਾਸ਼ ਵੀ ਚੁੱਕ ਕੇ ਲੈ ਗਏ ਸਨ। ਪਾਕਿਸਤਾਨ ਨੂੰ ਇਸ ਨਾਲ ਇੱਕ ਕੰਬਣੀ ਛਿੜ ਗਈ। ਉੱਤੋਂ ਭਾਵੇਂ ਪਾਕਿਸਤਾਨ ਦੀ ਫੌਜ ਅਤੇ ਉਸ ਦੇਸ਼ ਦੀ ਸਰਕਾਰ ਇਸ ਦਬਕੇ ਨੂੰ ਅਣਗੌਲਿਆ ਕਰਨ ਦਾ ਯਤਨ ਕਰੇ, ਪਰ ਵਿੱਚੋਂ ਉਨ੍ਹਾਂ ਦੀ ਘਬਰਾਹਟ ਕਈ ਗੱਲਾਂ ਤੋਂ ਸਾਫ਼ ਜ਼ਾਹਰ ਹੋ ਰਹੀ ਹੈ। ਸੱਚ ਇਹ ਹੈ ਕਿ ਪਾਕਿਸਤਾਨ ਲਈ ਇੱਕ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਸ ਸੰਕਟ ਨੂੰ ਚੀਨ ਦੇ ਹੁੰਗਾਰੇ ਨਾਲ ਜਾਰੀ ਰੱਖਣਾ ਚਾਹੁੰਦਾ ਹੈ। ਇਸ ਦਬਕੇ ਤੇ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਇਮਰਾਨ ਖ਼ਾਨ ਨੇ ਇੱਕ ਵੱਡਾ ਪ੍ਰਤੀਕਰਮ ਦਿੱਤਾ ਹੈ ਕਿ ਜੇ ਕਿਸੇ ਤੀਸਰੀ ਤਾਕਤ ਵੱਲੋਂ ਦਖ਼ਲ ਦਿੱਤਾ ਗਿਆ ਤਾਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਜ਼ਿੰਮੇਵਾਰ ਹੋਵੇਗਾ। ਇਸ ਅਮਰੀਕੀ ਦਬਕੇ ਦੇ 24 ਘੰਟਿਆਂ ਵਿੱਚ ਉੱਥੋਂ ਦੀ ਸਰਕਾਰ ਨੇ ਬੈਂਕਾਂ ਨੂੰ ਹੁਕਮ ਕਰਕੇ ਦਹਿਸ਼ਤਗਰਦਾਂ ਨਾਲ ਸਬੰਧਤ ਪੰਜ ਹਜ਼ਾਰ ਤੋਂ ਵੱਧ ਉਨ੍ਹਾਂ ਖਾਤਿਆਂ ਨੂੰ ਸੀਲ ਕਰ ਦਿੱਤਾ, ਜਿਨ੍ਹਾਂ ਬਾਰੇ ਹੁਣ ਤੱਕ ਉਹ ਟਾਲਦੀ ਆ ਰਹੀ ਸੀ। ਇਨ੍ਹਾਂ ਵਿੱਚ ਮਸੂਦ ਅਜ਼ਹਰ ਦਾ ਖਾਤਾ ਵੀ ਹੈ, ਜਿਸ ਨੂੰ ਭਾਰਤ ਨੇ ਯੂਐੱਨਓ ਤੋਂ ਦਹਿਸ਼ਤਗਰਦ ਕਰਾਰ ਦਿਵਾਉਣ ਦਾ ਕੂਟਨੀਤਕ ਯਤਨ ਕੀਤਾ ਸੀ। ਪਰ ਪਾਕਿਸਤਾਨ ਨੇ ਚੀਨ ਦੀ ਮਦਦ ਨਾਲ ਰੋਕਿਆ ਸੀ। ਪਾਕਿਸਤਾਨ ਸਰਕਾਰ ਦੇ ਇਸ ਹੁਕਮ ਨਾਲ ਉਸ ਨੂੰ ਮੰਨਣਾ ਪੈ ਗਿਆ ਹੈ ਕਿ ਮਸੂਦ ਅਜ਼ਹਰ ਦਹਿਸ਼ਤਗਰਦ ਹੈ, ਜਿਸ ਨੂੰ ਬਚਾਉਣ ਲਈ ਉਹ ਹੁਣ ਤੱਕ ਕੂਟਨੀਤਕ ਚਾਲਾਂ ਚੱਲਦੀ ਆ ਰਹੀ ਸੀ।

ਦੂਜੇ ਪਾਸੇ ਸਰਕਾਰ ਵੱਲੋਂ ਕੀਤੀ ਇਸ ਸਖ਼ਤੀ ਕਰਕੇ ਦਹਿਸ਼ਤਗਰਦਾਂ ਨੇ ਇੱਕ ਵੱਡਾ ਉਲਟ ਵਾਰ ਕਰ ਦਿੱਤਾ ਹੈ। ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਵਿਖੇ ਇੱਕ ਪੁਲਿਸ ਅਕੈਡਮੀ ਤੇ ਹਮਲਾ ਕਰ ਦਿੱਤਾ। ਇਸ ਵਿੱਚ 60 ਤੋਂ ਵਧ ਕੈਡਟਾਂ ਨੂੰ ਮਾਰ ਦਿੱਤਾ ਅਤੇ 100 ਤੋਂ ਵੱਧ ਜ਼ਖ਼ਮੀ ਕਰ ਦਿੱਤੇ। ਇਸ ਤਰ੍ਹਾਂ ਦੀ ਘਟਨਾ ਬੜੇ ਚਿਰ ਪਿੱਛੋਂ ਵਾਪਰੀ ਹੈ। ਪਾਕਿਸਤਾਨ ਦੇ ਦਹਿਸ਼ਤਗਰਦ ਟੋਲੇ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੇ ਪਾਕਿਸਤਾਨ ਵਿੱਚ ਮਿਲਟਰੀ ਕੇਂਦਰਾਂ, ਸਕੂਲਾਂ, ਮਸਜਿਦਾਂ ਵਿੱਚ ਵੀ ਕਤਲੋਗਾਰਤ ਕਰਨ ਤੋਂ ਬਾਜ਼ ਨਹੀਂ ਆਉਂਦੇ। ਦਹਿਸ਼ਤਗਰਦੀ ਦੀ ਸਿਖਲਾਈ, ਬਰੇਨ ਵਾਸ਼ਿੰਗ ਵਾਸਤੇ ਬਾਕਾਇਦਾ ਸਿਖਲਾਈ ਕੈਂਪ ਚਲਾਏ ਜਾ ਰਹੇ ਹਨ। ਉੱਥੇ ਹੀ ਨੌਜਵਾਨਾਂ ਨੂੰ ਜੰਨਤ ਦੇ ਸੁਪਨੇ ਵਿਖਾ ਮਰਨ ਅਤੇ ਮਾਰਨ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਕਸ਼ਮੀਰ ਅਤੇ ਭਾਰਤ ਵਿੱਚ ਭੇਜਿਆ ਜਾਂਦਾ ਹੈ। ਸਰਹੱਦ ਪਾਰ ਤੋਂ ਘੁੱਸਪੈਠ ਹੀ ਅਸਲ ਪੁਆੜੇ ਦੀ ਜੜ੍ਹ ਹੈ। ਜੇ ਲਾਈਨ ਆਫ਼ ਕੰਟਰੋਲ ਦੀ ਉਲੰਘਣਾ ਦੀ ਸਮੇਤ ਸਬੂਤਾਂ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਪਾਕਿਸਤਾਨ ਮੁਨਕਰ ਹੋ ਜਾਂਦਾ ਹੈ। ਮਿਸਾਲ ਵੱਜੋਂ ਓੜੀ ਹਮਲੇ ਵਿੱਚ ਭਾਰਤ ਦੇ 19 ਸੈਨਿਕਾਂ ਸ਼ਹੀਦ ਕਰਨ ਪਿੱਛੋਂ ਜਿਹੜੀ ਸਫ਼ਲ ਸਰਜੀਕਲ ਸਟਰਾਈਕ ਭਾਰਤ ਨੇ ਕੀਤੀ ਹੈ, ਉਹਨੂੰ ਵੀ ਪਾਕਿਸਤਾਨ ਸਰਕਾਰ, ਫੌਜ ਮੁਖੀ ਮੰਨਣ ਨੂੰ ਤਿਆਰ ਹੀ ਨਹੀਂ। ਭਾਵੇਂ ਪੁਖ਼ਤਾ ਸਬੂਤ ਪੇਸ਼ ਵੀ ਕੀਤੇ ਗਏ ਸਨ। ਜਿਨ੍ਹਾਂ ਦੀ ਅੰਤਰਰਾਸ਼ਟਰੀ ਮੀਡੀਆ ਨੇ ਸੈੱਟਲਾਈਟ ਤੋਂ ਜਾਣਕਾਰੀ ਲੈ ਕੇ ਮੰਨ ਲਿਆ ਹੈ। ਹੁਣੇ ਹੀ ਓਦੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸ਼ਰਾਫਤ ਜੱਗ ਜ਼ਾਹਰ ਹੋ ਗਈ ਜਦੋਂ ਆਪ ਹੀ ਓੜੀ ਹਮਲੇ ਵਿੱਚ ਮਾਰੇ ਗਏ ਮੁਜਾਹਦੀਨ ਦੇ ਨਾਵਾਂ ਦੇ ਪੋਸਟਰ ਸ਼ਹਿਰ ਗੁਜਰਾਂਵਾਲਾ ਵਿੱਚ ਲਗਾ ਲਏ।

ਕੋਇਟਾ ਵਿੱਚ ਪੁਲਸ ਅਕੈਡਮੀ ਤੇ ਹਮਲਾ ਕਰਨ ਵਾਲੇ ਦਹਿਸ਼ਤਗਰਦ ਟੋਲੇ ਵਰਗੇ ਪਾਕਿਸਤਾਨ ਵਿੱਚ ਕਈ ਕਿਸਮ ਦੇ ਟੋਲੇ ਫਿਰਦੇ ਹਨ। ਕੁਝ ਟੋਲਿਆਂ ਨੂੰ ਪਾਕਿਸਤਾਨ ਸਰਕਾਰ ਆਪਣੇ ਮੰਨ ਕੇ ਮਦਦ ਕਰਦੀ ਹੈ ਤੇ ਕੁਝ ਟੋਲੇ ਇਹੋ ਜਿਹੀ ਮਦਦ ਬੰਦ ਹੋ ਜਾਣ ਪਿੱਛੋਂ ਪਾਕਿਸਤਾਨ ਸਰਕਾਰ ਅਤੇ ਪੁਲਸ ਨੂੰ ਨਿਸ਼ਾਨਾ ਬਣਾ ਕੇ ਕਤਲਾਂ ਦੀ ਝੜੀ ਲਾ ਦਿੰਦੇ ਹਨ। ਹੁਣ ਉਹ ਫਿਰ ਭੜਕੇ ਹੋਏ ਹਨ। ਪਾਕਿਸਤਾਨ ਦੇ ਫੌਜੀ ਕਮਾਂਡਰ ਨੇ ਜਦੋਂ ਦਹਿਸ਼ਤਗਰਦੀਆਂ ਵਿਰੁੱਧ ਬਿਆਨ ਦਿੱਤਾ ਤਾਂ ਸੁਣਨ ਵਾਲੇ ਲੋਕ ਫੌਜ ਦੀ ਭਰੋਸੇਯੋਗਤਾ ਤੋਂ ਹੈਰਾਨ ਹੋ ਰਹੇ ਹਨ। ਹੁਣ ਤਾਂ ਉੱਧਰੇ ਦੇ ਸ਼ਹਿਰਾਂ ਵਿੱਚ ਜਨਰਲ ਰਹੀਲ ਸ਼ਰੀਫ਼ ਨੂੰ ਦੇਸ਼ ਦੀ ਵਾਗਡੋਰ ਸੰਭਾਲ ਲੈਣ ਦੇ ਇਸ਼ਤਿਹਾਰ ਵੀ ਲੱਗ ਗਏ ਹਨ। ... ਰੱਬ ਭਲੀ ਕਰੇ!

ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਖੁਦ ਵੀ ਆਪਣੇ ਸਕੂਲਾਂ, ਬਾਜ਼ਾਰਾਂ, ਮਸਜਦਾਂ, ਅਦਿ ਤੇ ਅਕਸਰ ਦਹਿਸ਼ਤਗਰਦਾਂ ਦੇ ਵਹਿਸ਼ੀ ਹਮਲਿਆਂ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ। ਇਹੋ ਜਿਹੀ ਹਿੰਸਾ ਦੇ ਸਨਮੁੱਖ, ਪਾਕਿਸਤਾਨ ਇੱਕ ਤਰੀਕੇ ਨਾਲ ਤਰੱਕੀ ਪੱਖੋਂ ਪਿੱਛੇ ਧੱਕਿਆ ਜਾ ਰਿਹਾ ਹੈ। ਕੀ ਆਪਣੀਆਂ ਦਹਿਸ਼ਤਗਰਦੀ ਗਤੀਵਿਧੀਆਂ ਕਰਕੇ ਹੀ ਗੁਆਂਢੀ ਦੇਸ਼ਾਂ ਦੇ ਸਾਰਕ ਸੰਮਲੇਨ ਸਮੇਂ ਅਤੇ ਪਿੱਛੋਂ ਬ੍ਰਿਕਸ (BRICS: Brazil,Russia,India,China andSouth Africa) ਸੰਗਠਨ ਵਿੱਚ ਉਹ ਅਲੱਗ-ਥਲੱਗ ਨਹੀਂ ਪੈ ਗਿਆ ਸੀ। ਇਸ ਦਾ ਪਾਕਿਸਤਾਨ ਦੇ ਮੀਡੀਏ ਨੇ ਬੜੇ ਸਖ਼ਤ ਸ਼ਬਦਾਂ ਵਿੱਚ ਨੋਟਿਸ ਲਿਆ ਸੀ। ਹੁਣ ਪਾਕਿਸਤਾਨ ਦੀ ਸੁਪਰੀਮ ਕੋਰਟ ਵੀ ਸਰਕਾਰ ਅਤੇ ਪੁਲਿਸ ਸ਼ਾਸਨ ਨੂੰ ਚੁਣੌਤੀ ਦੇ ਰਹੀ ਹੈ। ਇਹ ਸੱਚ ਹੈ ਕਿ ਆਈਐੱਸਆਈ ਦੇ ਦਹਿਸ਼ਤਗਰਦ ਗੁਰੱਪਾਂ ਨੂੰ ਹਾਲੀ ਸਮਰਥਣ ਜਾਰੀ ਹੈ। ਦਹਿਸ਼ਤਗਰਦ ਗਰੁੱਪਾਂ ਨੂੰ ਮਾੜੇ ਚੰਗੇ ਵਰਗਾਂ ਵਿੱਚ ਵੰਡਣਾ ਆਪਣੇ ਆਪ ਨੂੰ ਧੋਖਾ ਦੇਣਾ ਹੈ। ਕਿਸੇ ਅਤਿਵਾਦੀ ਨੂੰ ਚੰਗਾ ਕਹਿਣਾ ਮੂਰਖਾਂ ਦੀ ਦੁਨੀਆਂ ਵਿੱਚ ਰਹਿਣ ਵਾਲੀ ਗੱਲ ਹੈ।

ਗਵਾਂਢੀ ਦੇਸ਼ ਨਾਲ ਸਾਡੇ ਮਤਭੇਦ ਹੋ ਸਕਦੇ ਹਨ। ਉਹਦੀ ਫੌਜ ਨਾਲ ਵੀ ਹਨ, ਪਰ ਉਸ ਦੇਸ਼ ਵਿੱਚ ਵੱਸਦੇ ਲੋਕਾਂ ਨਾਲ ਭਾਰਤ ਦੀ ਕੋਈ ਦੁਸ਼ਮਣੀ ਨਹੀਂ। ਸਮੁੱਚਾ ਭਾਰਤ ਹਰ ਵੇਲੇ ਉਨ੍ਹਾਂ ਦੀ ਸੁੱਖ ਮੰਗਦਾ ਹੈ ਅਤੇ ਮੰਗਦਾ ਰਹੇਗਾ। ਮੌਜੂਦਾ ਹਾਲਾਤਾਂ ਵਿੱਚ ਚੋਣ ਘਮਸਾਨ ਵਿਚ ਫਸੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਸਰਹੱਦਾਂ ਤੇ ਹੋਰ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਪਾਕਿਸਤਾਨ ਦੇ ਸਰਕਾਰ ਪੱਖੀ ਟੋਲੇ ਆਪਣੇ ਦੇਸ਼ ਵਿੱਚ ਵਾਪਰੇ ਰਹੇ ਦੁਖਾਂਤਾਂ ਤੋਂ ਸੰਸਾਰ ਦਾ ਧਿਆਨ ਹਟਾਉਣ ਲਈ ਭਾਰਤ ਵਾਲੇ ਪਾਸੇ ਕੋਈ ਵੱਡੀ ਘਿਣਾਉਣੀ ਕਾਰਵਾਈ ਕਰ ਸਕਦੇ ਹਨ। ਉਨ੍ਹਾਂ ਦੀ ਮਾਰ ਹੇਠ ਆਉਣ ਵਾਲੇ ਖ਼ੇਤਰਾਂ ਵਿੱਚੋਂ ਪੰਜਾਬ ਸਭ ਤੋਂ ਉੱਪਰ ਹੈ। ਇਸ ਲਈ ਰਾਜਸੀ ਪ੍ਰਕਿਰਿਆ ਵੱਲ ਲੋੜੀਂਦਾ ਧਿਆਨ ਦੇਣ ਦੇ ਨਾਲ ਹੀ ਪੰਜਾਬ ਦੀ ਅਮਨ-ਕਨੂੰਨ ਦੀ ਸਥਿਤੀ ਬਾਰੇ ਵੀ ਲਗਾਤਾਰ ਚੌਕਸ ਰਹਿਣਾ ਚਾਹੀਦੀ ਹੈ।

ਤੰਗ ਆਮਦ ਬਜੰਗ ਆਮਦਵਾਂਗ ਪਾਕਿਸਤਾਨ ਦੇ ਲੋਕ ਅਤੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਦੇ ਵਾਸੀ ਇਸ ਜੰਗਜੂ ਨੀਤੀ ਵਿਰੁੱਧ ਵਿਦਰੋਹ ਭਰੇ ਮੁਜ਼ਾਹਰੇ ਵੀ ਕਰ ਰਹੇ ਹਨ। ਭਾਵੇਂ ਗੀਤ ਹਿੰਦ ਵਾਲਿਆਂ ਨੂੰ ਇੱਕ ਪਾਸੇ ਅਤੇ ਦੂਜੇ ਪਾਸੇ ਪਾਕਿਸਤਾਨ ਵਾਲਿਆਂ ਨੂੰ ਤਰਲਾ ਮਾਰਦਾ ਹੈ ਪਰ ਬਾਰਡਰ ਤੇ ਤਾਇਨਾਤ ਫੌਜੀਆਂ ਵਿਚਾਰਿਆਂ ਨੂੰ ਕੌਣ ਪੁੱਛਦਾ ਹੈ। ਜੇ ਦੋਹਾਂ ਪਾਸਿਆਂ ਦੇ ਸਿਪਾਹੀਆਂ ਨੂੰ ਪੁੱਛਿਆ ਜਾਵੇ ਤਾਂ ਉਹ ਤਾਂ ਇੱਕਦਮ ਹਥਿਆਰ ਸੁੱਟ ਜੱਫੀਆਂ ਪਾਉਣ ਨੂੰ ਤਿਆਰ ਹਨ। ਜੇ ਕਿਤੇ ਦੋਹਾਂ ਦੇਸ਼ਾਂ ਦੇ ਨੇਤਾਵਾਂ ਨੂੰ ਇਸ ਬਲਦੀ ਦੇ ਬੂਥੇ ਵਿੱਚ ਸਮਾਂ ਕੱਟਣਾ ਪਵੇ ਤਾਂ ਸ਼ਾਇਦ ਮਸਲਾ ਮਿੰਟਾਂ ਵਿਚ ਹੀ ਹੱਲ ਹੋ ਜਾਏ। ਮਾਮਲਾ ਇੰਨਾ ਸਰਲ ਨਹੀਂ ਜਿੰਨਾ ਲੱਗਦਾ ਹੈ। ਦੇਸ਼ ਦੀ ਪ੍ਰਭੂਸਤਾ ਦਾ ਮਾਮਲਾ ਹੈ, ਜਿਸ ਕਰਕੇ ਕਿਸੇ ਵੀ ਕੀਮਤ ਤੇ ਕਸ਼ਮੀਰ ਬਾਰੇ ਕੋਈ ਸੌਦੇਬਾਜ਼ੀ ਸੰਭਵ ਨਹੀਂ। ਦੁਨੀਆਂ ਦੀਆਂ ਮਹਾਂ ਸ਼ਕਤੀਆਂ ਦੇ ਬੈਲੰਸ ਆਫ਼ ਪਾਵਰਦੁਆਲੇ ਸੂਈ ਘੁੰਮੀ ਜਾ ਰਹੀ ਹੈ। ਜੇ ਦੂਜੇ ਦੇਸ਼ ਵਿੱਚ ਆਪਣੀ ਫੌਜੀ ਦਖ਼ਲ ਦਾ ਮਾਮਲਾ ਛਿੜਦਾ ਹੈ ਤਾਂ ਅਮਰੀਕਾ ਤੇਅ ਚੀਨ ਦੇ ਸਿੰਗ ਫਸ ਜਾਂਦੇ ਹਨ। ਸਿਪਾਹੀਆਂ ਦੀ ਹੂਕ ਹੈ:

ਇੱਕ ਦੂਜੇ ਨੂੰ ਮਾਰਨ ਵਾਲੀ ਓਏ ਕਦੇ ਨਈਂ ਮੁੱਕਣੀ ਵਾਰੀ;
ਸੋਚੋ ਸਮਝੋ ਚੱਕ ਬਿਗਾਨੀ ਤੇ ਓਏ ਚੜ੍ਹਿਓ ਨਾ; ਹਿੰਦ ਵਾਲਿਓ ਪਾਕ ਵਾਲਿਓ ਵੀਰੋ ਲੜਿਓ ਨਾ, ਹਾੜ੍ਹਾ ਲੜਿਓ ਨਾ।
ਕੌਣ ਲੜਾਉਂਦੈ ਕਿਉਂ ਲੜਦੇ ਓਂ ਜਾਵੇ ਗੱਲ ਵਿਚਾਰੀ; ਇੱਕ ਦੂਜੇ ਨੂੰ ਮਾਰਨ ਵਾਲੀ ਓਏ ਕਦੇ ਨਈਂ ਮੁੱਕਣੀ ਵਾਰੀ;
ਆ ਉੱਡ ਮਿਲੀਏ ਦੋਵੇਂ ਓਏ ਗਲ਼ ਨੂੰ ਨਾ ਫੜਿਓ ਬਈ; ਹਿੰਦ ਵਾਲਿਓ ਪਾਕ ਵਾਲਿਓ ਹਾਂ ਬਈ ਲੜਿਓ ਨਾ, ਹਾੜਾ ਲੜਿਓ ਨਾ।

ਇਸ ਲਈ ਦੋਹਾਂ ਪਾਸਿਆਂ ਦਾ ਹਾੜਾ ਹੈ। ਐਟਮੀ ਸ਼ਕਤੀ ਦੀਆਂ ਬਾਤਾਂ ਪਾਉਣ ਵਾਲਿਓ, ਘਰ ਵਿੱਚ ਰੋਟੀ-ਰੋਜ਼ੀ ਦੇ ਮਸਲੇ ਹੱਲ ਨਹੀਂ ਹੋ ਰਹੇ। ਯਾਦ ਆ ਜਾਂਦੈ ਤੇਰਾ ਸਿੰਘ ਚੰਨ ਦੇ ਗੀਤ ਦੇ ਬੋਲ ਤਰਿਆਂ ਦੇ ਦੇਸ਼ ਓਡਣ ਵਾਲਿਓ, ਧਰਤੀ ਤੇ ਫੁੱਲ ਕੋਈ ਖਿੜਦਾ ਨਹੀਂ, ਕੀ ਕਰੋਗੇ ਚੰਨ ਤੇ ਪਾ ਆਲ੍ਹਣੇ, ਆਦਮੀ ਚੋਂ ਆਦਮੀ ਮਿਲਦਾ ਨਹੀਂ'। ਇਸ ਲਈ ਦੋਹਾਂ ਪਾਸਿਆਂ ਯਾਰ ਤਰਲਾ ਮਾਰਦੇ ਨੇ:

ਯਾਰਾ ਇੱਕ ਮਰੇ ਯਾਰ ਇੱਕ ਰਹਿ ਜਾਂਦਾ ਕੱਲਾ; ਇਹ ਖ਼ੂਨ ਖ਼ਰਾਬਾ ਕਦੇ ਨਈਂ ਚਾਹੁੰਦਾ ਰਾਮ ਵਾਹਿਗੁਰੂ ਅੱਲ੍ਹਾ
ਛੇੜੋ ਦਿਲ ਵਾਲੀਆਂ ਗੱਲਾਂ ਓਏ ਜ਼ਹਿਰਾਂ ਭਰਿਓ ਨਾ; ਓਧਰ ਮੇਰੀ ਨਾਨੀ ਰੋਊ ਏਧਰ ਮੇਰੀ ਮਾਂ
ਹਿੰਦ ਵਾਲਿਓ ਪਾਕ ਵਾਲਿਓ ਓ ਬਈ ਲੜਿਓ ਨਾ, ਹਾੜ੍ਹਾ ਲੜਿਓ ਨਾ।

ਦੋਹੀਂ ਪਾਸੀਂ, ਰਾਮ ਵਾਹਿਗੁਰੂ ਅੱਲ੍ਹਾ ਖ਼ੂਨ ਖ਼ਰਾਬਾ ਕਦੇ ਨਹੀਂ ਚਾਹੁੰਦੇ। ਹਿੰਦ-ਪਾਕ ਸਰਹੱਦੀ ਝਗੜਾ ਅਸਲੀਅਤ ਵਿੱਚ ਦੋਹਾਂ ਦੇਸ਼ਾਂ ਦੇ ਲੀਡਰ ਆਪਣੀਆਂ ਗੱਦੀਆਂ ਕਾਇਮ ਰੱਖਣ ਅਤੇ ਲੋਕਾਂ ਦਾ ਜਨਤਕ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਲਈ ਸਾਧਾਰਨ ਲੋਕਾਂ ਦਾ ਘਾਣ ਕਰਵਾ ਰਹੇ ਹਨ। ਉਹਨਾਂ ਨੂੰ ਬਲਦੀ ਦੇ ਬੂਥੇ ਵਿੱਚ ਦੇ ਰਹੇ ਹਨ। ਹਿੰਦੂ, ਸਿੱਖ ਜਾਂ ਮੁਸਲਮਾਨਾਂ ਨੇ ਜੰਗੇ ਆਜ਼ਾਦੀ ਵਿੱਚ ਇਕੱਠਿਆਂ ਯੋਗਦਾਨ ਪਾਇਆ ਸੀ। ਅੱਜ ਅਸੀਂ ਉਸ ਆਜ਼ਾਦੀ ਦਾ ਅਨੰਦ ਮਾਣਦਿਆਂ ਆਪਣੀਆਂ ਗੱਦੀਆਂ ਕਾਇਮ ਰੱਖਣ ਖਾਤਰ ਆਮ ਲੋਕਾਂ ਨੂੰ ਜ਼ਾਤ-ਪਾਤ, ਧਰਮ ਅਤੇ ਖਿੱਤਿਆਂ ਦੇ ਨਾਂ ਤੇ ਵੰਡ ਰਹੇ ਹਨ। ਗਦਰ ਪਾਰਟੀ ਦੇ ਮੈਂਬਰਾਂ ਨੂੰ ਆਪਣੀ ਮਰਜ਼ੀ ਮੁਤਾਬਕ ਖਾਣ ਪੀਣ ਦੀ ਖੁੱਲ੍ਹ ਸੀ ਪਰ ਅੱਜ ਸ਼ਰੇਆਮ ਕੋਈ ਕੀ ਖਾਵੇ ਤੇ ਕੀ ਪਹਿਨੇ, ਦੇ ਸਵਾਲ ਉੱਤੇ ਮਨੁੱਖੀ ਜਾਨਾਂ ਲਈਆਂ ਜਾ ਰਹੀਆਂ ਹਨ। ਲੋਕਾਂ ਨੂੰ ਭੜਕਾ ਕੇ ਇੱਕ ਦੂਜੇ ਨਾਲ ਲੜਾਇਆ ਜਾ ਰਿਹਾ ਹੈ। ਹਿੰਦ-ਪਾਕਿ ਸਰਹੱਦਾਂ ਉੱਤੇ ਛਾਏ ਜੰਗ ਦੇ ਬੱਦਲਾਂ ਦਾ ਵਿਰੋਧ ਅਤੇ ਇਸ ਦੇ ਅਸਲੀ ਕਾਰਨਾਂ ਬਾਰੇ ਜਾਗਰੂਕ ਹੋਣ ਦਾ ਸੁਨੇਹਾ ਸਭ ਤੋਂ ਅਹਿਮ ਹੈ। ਕਿਸੇ ਕਵੀ ਦੀਆਂ ਇਹ ਸਤਰਾਂ ਵੀ ਇਹੋ ਹਾਮੀ ਭਰਦੀਆਂ ਹਨ:

ਉਜੜਨੇ ਤਾਂ ਬਸ ਉਜੜਣੇ, ਕਸ਼ਮੀਰੀ ਅਤੇ ਪੰਜਾਬੀ।
ਸੀਮਾਵਰਤੀ ਰਕਬੇ ਦੇ ਵਿੱਚ, ਖੱਜਲ ਅਤੇ ਖੁਆਰੀ।
ਵਾਰਿਸ ਸ਼ਾਹ ਤੇ ਪੂਰਨ ਸਿੰਘ ਦਾ, ਦੇਸ਼ ਪੰਜਾਬ ਬਚਾਈਏ।
ਪੰਜੇ ਆਬਾਂ ਦੀ ਸਹੁੰ ਲੱਗੇ, ਨਹੀਂ ਲੜਨਾ ਇਸ ਵਾਰੀ।

ਆਓ! ਮਾਨਸ ਕੀ ਜਾਤ ਸਭੈ ੲੋਕੋ ਪਹਿਚਾਨਵੇਦੇ ਹੋਕੇ ਨਾਲ ਆਪਸੀ ਭਾਈਚਾਰੇ ਤੇ ਸਮੁੱਚੀ ਮਾਨਵਤਾ ਵਾਸਤੇ ਅਮਨ, ਆਸ ਅਤੇ ਸਾਹਸ ਦਾ ਸੁਨੇਹਾ ਦਿੰਦਿਆਂ ਇਹ ਲੜੀ ਸਮਾਪਤ ਕਰੀਏ।

*****

(502)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਬਲਕਾਰ ਸਿੰਘ ਬਾਜਵਾ

ਪ੍ਰਿੰ. ਬਲਕਾਰ ਸਿੰਘ ਬਾਜਵਾ

Principal Balkar Singh Bajwa (Gurusar Sudhar)
Brampton, Ontario, Canada.
Phone: (647 - 402 - 2170)

Email: (balkarbajwa1935@gmail.com)

More articles from this author