“ਸੋਚੋ, ਸਾਡੇ ਕਸਬਿਆਂ, ਪਿੰਡਾਂ, ਸ਼ਹਿਰਾਂ ਵਿੱਚ ਕਿੰਨੇ ਸ਼ਮਸ਼ਾਨ ਘਾਟ ਹਨ? ਇੱਕ ਇੱਕ ਸ਼ਮਸ਼ਾਨ ਘਾਟ ਵਿੱਚ ਕਿੰਨੇ ਕਿੰਨੇ ...”
(17 ਮਈ 2024)
ਇਸ ਸਮੇਂ ਪਾਠਕ: 270.
ਹਰ ਸਾਲ ਵਾਂਗ, ਕੁਝ ਦਿਨਾਂ ਬਾਅਦ ਹਿੰਦੁਸਤਾਨ ਵਿੱਚ ਬਾਰਸ਼ਾਂ ਦਾ ਮੌਸਮ ਸ਼ੁਰੂ ਹੋ ਜਾਵੇਗਾ। ਫਿਰ ਇਨ੍ਹਾਂ ਬਾਰਸ਼ਾਂ ਅਤੇ ਹੜ੍ਹਾਂ ਨਾਲ ਹੋ ਰਹੇ ਨੁਕਸਾਨਾਂ ਦੇ ਚਰਚੇ ਸ਼ੁਰੂ ਹੋ ਜਾਣਗੇ। ਹੋਣ ਵੀ ਕਿਉਂ ਨਾ! ਹਰ ਸਾਲ ਹਜ਼ਾਰਾਂ ਘਰ, ਇਮਾਰਤਾਂ, ਪੁਲ, ਗੱਡੀਆਂ, ਪਾਣੀ ਵਿੱਚ ਵਹਿ ਜਾਂਦੀਆਂ ਹਨ ਅਤੇ ਉਨ੍ਹਾਂ ਕਾਰਣ ਹੋਏ ਜਾਨੀ ਅਤੇ ਮਾਲੀ ਨੁਕਸਾਨਾਂ ਦੇ ਅੰਕੜੇ ਸਾਮ੍ਹਣੇ ਆਉਣ ਲੱਗਦੇ ਹਨ। ਹਮੇਸ਼ਾ ਵਾਂਗ, ਇਨ੍ਹਾਂ ਬਾਰਸ਼ਾਂ ਨਾਲ ਵੀ ਕਈ ਜ਼ਖਮੀ ਜਾਂ ਅਪਾਹਜ ਹੋ ਜਾਣਗੇ, ਕਈ ਬੇਘਰੇ ਹੋ ਜਾਣਗੇ, ਯਤੀਮ ਹੋ ਜਾਣਗੇ, ਕਈਆਂ ਦੇ ਸਾਥੀ-ਸਹਾਰੇ ਤੁਰ ਜਾਣਗੇ। ਪੁਲਿਸ, ਫੌਜ, ਸਿਹਤ ਸੰਸਥਾਵਾਂ, ਬਚਾਓ ਮਹਿਕਮੇ, ਸੇਵਾ ਸੰਸਥਾਨ, ਦਿਨ ਰਾਤ ਇੱਕ ਕਰਦਿਆਂ ਆਪਣੀਆਂ ਸੇਵਾਵਾਂ ’ਤੇ ਲੱਗ ਜਾਣਗੇ।
ਕਿਸੇ ਨੂੰ ਪਹਾੜਾਂ ਦੀ ਬਰਬਾਦੀ ਨਜ਼ਰ ਆਵੇਗੀ, ਕੋਈ ਅੰਨ੍ਹੇ ਵਾਹ ਕੱਟੇ ਜਾ ਰਹੇ ਦਰਖ਼ਤਾਂ ਅਤੇ ਪਹਾੜਾਂ ਨੂੰ ਇਸਦਾ ਕਾਰਨ ਦੱਸਣਗੇ ਅਤੇ ਕੋਈ ਨਹਿਰਾਂ, ਦਰਿਆਵਾਂ, ਨਾਲੀਆਂ ਵਿੱਚ ਸੁੱਟੇ ਜਾ ਰਹੇ ਕੂੜੇ ਨੂੰ। ਕਈ ਰੱਬ ਨੂੰ ਦੋਸ਼ ਦਿੰਦਿਆਂ ਇਸ ਨੂੰ ਉਸਦਾ ਭਾਣਾ ਦੱਸਣਗੇ, ਕੋਈ ਕੁਦਰਤ ਜਾਂ ਕਿਸਮਤ ਨੂੰ ਕੋਸੇਗਾ, ਕੋਈ ਪ੍ਰਸ਼ਾਸਨ, ਅਨੁਸ਼ਾਸਨ ਅਤੇ ਸਰਕਾਰਾਂ ਨੂੰ ਭੰਡੇਗਾ।
ਪਰ ਵੇਖਣਾ, ਇਨ੍ਹਾਂ ਕੰਮਾਂ ਵਿੱਚ ਨਾ ਰੱਬ ਕੁਝ ਬੋਲੇਗਾ, ਨਾ ਪ੍ਰਸ਼ਾਸਨ ਅਤੇ ਸਰਕਾਰਾਂ ਸਾਡੇ ਗਿਆਂ ਨੂੰ ਵਾਪਸ ਲੈ ਕੇ ਆਉਣਗੀਆਂ। ਪਰ ਚਰਚਾਵਾਂ ਖੂਬ ਛਿੜਨਗੀਆਂ। ਦੋਸਤੋ, ਇਨ੍ਹਾਂ ਸਾਰੇ ਵਰਤਾਰਿਆਂ ਦਾ ਸਭ ਤੋਂ ਦੁਖਦਾਈ ਸਬਕ ਹਮੇਸ਼ਾ ਇਹ ਹੁੰਦਾ ਹੈ ਕਿ ਇਹ ਸਾਰਾ ਕੁਝ ਬੀਤ ਜਾਣ ’ਤੇ, ਜਲਦੀ ਹੀ ਅਸੀਂ ਸਭ ਕੁਝ ਭੁੱਲ-ਭੁਲਾ ਕੇ ਹਮੇਸ਼ਾ ਅਗਲੇ ਮੌਸਮ ਦੇ ਚਰਚਿਆਂ ਵਿੱਚ ਰੁੱਝ ਜਾਂਦੇ ਹਾਂ।
ਪ੍ਰੰਤੂ ਜ਼ਰਾ ਸੋਚ ਕੇ ਵੇਖੋ, ਇੱਕ ਕੰਮ ਜੇ ਆਪਾਂ ਅੱਜ ਤੋਂ ਹੀ ਆਰੰਭ ਦੇਈਏ ਤਾਂ ਕੁਦਰਤ ਦੀਆਂ ਬਖਸ਼ੀਆਂ ਤਿੰਨ ਚੀਜ਼ਾਂ ਦਾ ਸ਼ਰਤੀਆ ਬਚਾ ਕਰਦੇ ਹੋਏ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅਜਿਹੇ ਖਤਰੇ ਜੇ ਖਤਮ ਨਹੀਂ ਤਾਂ ਘੱਟੋ ਘੱਟ ਘਟਾ ਤਾਂ ਸਕਦੇ ਹਾਂ। ਮੈਨੂੰ ਨਹੀਂ ਲਗਦਾ ਕਿ ਮੇਰੇ ਇਨ੍ਹਾਂ ਵਿਚਾਰਾਂ ਨਾਲ ਬਹੁਤ ਜ਼ਿਆਦਾ ਲੋਕ ਸਹਿਮਤ ਹੋਣਗੇ, ਫਿਰ ਵੀ ਹੋਕਾ ਦੇਣ ਵਿੱਚ ਕੀ ਹਰਜ਼ ਹੈ।
ਕੀ ਆਪਾਂ ਸੋਚ ਸਕਦੇ ਹਾਂ ਕਿ ਇਸ ਦੇਸ਼ ਦੇ ਕੁਝ ਕੁ ਗਿਣੇ-ਚੁਣੇ ਲੋਕਾਂ ਨੂੰ ਛੱਡ ਕੇ, ਬਾਕੀ ਕਰੋੜਾਂ ਇਨਸਾਨ ਇੱਥੇ ਅਜਿਹੇ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕੋਈ ਦਰਖਤ ਤਾਂ ਕੀ, ਕਦੇ ਇੱਕ ਛੋਟਾ ਜਿਹਾ ਬੂਟਾ ਤਕ ਆਪਣੇ ਹੱਥੀਂ ਨਹੀਂ ਬੀਜਿਆ ਜਾਂ ਪਾਲਿਆ ਹੋਵੇਗਾ। ਪਰ ਕਿੰਨੀ ਹੈਰਾਨੀ ਹੁੰਦੀ ਹੈ ਕਿ ਫਿਰ ਵੀ ਇਹ ਕਰੋੜਾਂ ਸ਼ਖਸ ਮਰਨ ਤੋਂ ਬਾਅਦ, ਅੰਤਮ ਸਸਕਾਰ (ਜਾਂ ਸੰਸਕਾਰ) ਲਈ ਵਰਤੀ ਗਈ ਇੱਕ ਦਰਖਤ ਦੀ ਲੱਕੜ ਆਪਣੇ ਨਾਲ ਲੈ ਜਾਂਦੇ ਹਨ। ਸੋਚੋ, ਸਾਡੇ ਕਸਬਿਆਂ, ਪਿੰਡਾਂ, ਸ਼ਹਿਰਾਂ ਵਿੱਚ ਕਿੰਨੇ ਸ਼ਮਸ਼ਾਨ ਘਾਟ ਹਨ? ਇੱਕ ਇੱਕ ਸ਼ਮਸ਼ਾਨ ਘਾਟ ਵਿੱਚ ਕਿੰਨੇ ਕਿੰਨੇ ਸਸਕਾਰ ਹਰ ਰੋਜ਼ ਹੁੰਦੇ ਹਨ? ਪੂਰੇ ਦੇਸ਼ ਅੰਦਰ ਕਿੰਨੇ ਦਰਖਤਾਂ ਦੀ ਲੱਕੜ ਅਸੀਂ ਆਪਣੀਆਂ ਝੂਠੀਆਂ ਜਾਂ ਹੰਢ ਰਹੀਆਂ ਪ੍ਰੰਪਰਾਵਾਂ ਨੂੰ ਨਿਭਾਉਂਦਿਆਂ ਹਰ ਰੋਜ਼ ਬਰਬਾਦ ਕਰ ਦਿੰਦੇ ਹਾਂ? ਇੱਥੇ ਹੀ ਬੱਸ ਨਹੀਂ, ਅਨੁਮਾਨ ਲਗਾਓ ਕਿ ਜਦੋਂ ਉਹ ਮੁਰਦਾ ਸਰੀਰ ਅਤੇ ਲੱਕੜ ਬਲਦੀ ਹੈ ਤਾਂ ਕਿੰਨਾ ਧੂੰਆਂ-ਪ੍ਰਦੂਸ਼ਣ ਫੈਲ ਕੇ ਆਸ ਪਾਸ ਦੀ ਹਵਾ ਨੂੰ ਗੰਧਲਾ ਕਰਦਾ ਹੈ। ਫਿਰ ਉਸ ਜਲ ਚੁੱਕੀ ਰਾਖ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਹੋਰ ਸਮਗਰੀਆਂ ਮਿਲਾ ਕੇ ਉਸ ਨੂੰ ਅਸੀਂ ਨਹਿਰਾਂ-ਦਰਿਆਵਾਂ ਵਿੱਚ ਜਲ ਪ੍ਰਵਾਹ ਦਾ ਨਾਮ ਦਿੰਦੇ ਹੋਏ ਨਹਿਰਾਂ-ਦਰਿਆਵਾਂ ਦਾ ਵੀ ਪਾਣੀ ਗੰਧਲਾ ਕਰਦੇ ਹਾਂ।
ਬਈ ਮੈਂ ਤਾਂ ਆਪਣੇ ਘਰ ਅਤੇ ਦੋਸਤਾਂ-ਮਿੱਤਰਾਂ ਵਿੱਚ ਪਹਿਲਾਂ ਹੀ ਸਭ ਨੂੰ ਆਖ ਛੱਡਿਆ ਹੈ ਕਿ ਮੇਰੇ ਮਰਨ ਤੋਂ ਬਾਅਦ, ਅੱਵਲ ਤਾਂ ਮੇਰਾ ਪੂਰਾ ਸਰੀਰ ਕਿਸੇ ਹਸਪਤਾਲ ਨੂੰ ਅੰਗ-ਦਾਨ ਵਜੋਂ ਦੇ ਦਿੱਤਾ ਜਾਵੇ ਅਤੇ ਜੇ ਉੱਥੇ ਇਸਦੀ ਜ਼ਰੂਰਤ ਨਾ ਹੋਵੇ, ਜਾਂ ਕਿਸੇ ਕਾਰਨ ਵੱਸ ਅਜਿਹਾ ਨਾ ਹੋ ਸਕੇ ਤਾਂ ਇਸ ਨੂੰ ਕਿਸੇ ਗੈਸ ਜਾਂ ਬਿਜਲੀ ਵਾਲੀ ਭੱਠੀ ਵਿੱਚ ਹੀ ਸਾੜਿਆ ਜਾਵੇ ਜੋ ਕਿ ਅੱਜ ਸਾਡੇ ਸਭ ਦੇ ਆਸ ਪਾਸ ਦੇ ਬਹੁਤ ਸਾਰੇ ਸ਼ਮਸ਼ਾਨ ਘਾਟਾਂ ਵਿੱਚ ਪਹਿਲਾਂ ਹੀ ਲੱਗੀਆਂ ਹੋਈਆਂ ਹਨ। ਇਸ ਨਾਲ ਮੈਂ ਮਰਕੇ ਘੱਟੋ ਘੱਟ ਇੱਕ ਦਰਖਤ ਤਾਂ ਇਸ ਧਰਤੀ ’ਤੇ ਛੱਡ ਜਾਵਾਂਗਾ, ਹਵਾ ਵਿੱਚ ਧੂੰਆਂ ਨਹੀਂ ਫੈਲਾ ਕੇ ਜਾਵਾਂਗਾ, ਮੇਰੀ ਬਚੀ ਹੋਈ ਰਾਖ ਨਾਲ ਪਾਣੀ ਗੰਧਲਾ ਹੋਣੋਂ ਬਚੇਗਾ।
ਹਾਂ, ਭੱਠੀ ਵਿੱਚੋਂ ਮੇਰੀਆਂ ਥੋੜ੍ਹੀਆਂ ਜਿਹੀਆਂ ਸੜੀਆਂ ਹੋਈਆਂ ਹੱਡੀਆਂ ਜ਼ਰੂਰ ਬਚ ਜਾਣਗੀਆਂ ਜਿਨ੍ਹਾਂ ਨੂੰ ਕਿਸੇ ਖੁੱਲ੍ਹੀ ਵਿਰਾਨ ਜਗ੍ਹਾ ’ਤੇ ਸੁੱਟ ਕੇ ਜਾਂ ਜ਼ਮੀਨ ਵਿੱਚ ਦਬਾ ਕੇ ਸਮੇਟਿਆ ਜਾ ਸਕਦਾ ਹੈ।
ਸੋਚੋ, ਇੰਨੇ ਨਵੇਂ ਉਗਾਏ ਹੋਏ ਦਰਖਤ ਜਾਂਦੇ ਹਨ, ਉਹ ਤਾਂ ਸਾਰੇ ਪੂਰ ਨਹੀਂ ਚੜ੍ਹਦੇ, ਜਿੰਨੇ ਇਹ ਨਵੀਂ ਪ੍ਰੰਪਰਾ ਸ਼ੁਰੂ ਕਰਕੇ ਬਚਾਏ ਜਾ ਸਕਦੇ ਹਨ, ਉੰਨੇ ਬਚਾਈਏ।
ਯਕੀਨ ਕਰਿਓ, ਇਸ ਪ੍ਰੰਪਰਾ ਦਾ ਦੂਜਾ ਸਭ ਤੋਂ ਸੁਖਦ ਪਹਿਲੂ ਇਹ ਵੀ ਹੋਵੇਗਾ ਕਿ ਇਸ ਨੂੰ ਲਾਗੂ ਕਰਨ ਲਈ ਕਿਸੇ ਕਾਨੂੰਨ, ਮਹਿਕਮੇ, ਧਰਮ ਜਾਂ ਗੁਰੂ ਪਾਸੋਂ ਕੋਈ ਮਨਜ਼ੂਰੀ ਜਾਂ ‘ਐਨ. ਓ. ਸੀ.’ ਲੈਣ ਦੀ ਵੀ ਕੋਈ ਲੋੜ ਨਹੀਂ ਪਵੇਗੀ।
ਅਗਰ ਕੋਈ ਵੀ ਮੇਰੇ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹੈ ਜਾਂ ਕੋਈ ਹੋਰ ਇਸ ਤੋਂ ਵੀ ਵਧੀਆ ਸੁਝਾਓ ਹੈ ਤਾਂ ਕਿਰਪਾ ਕਰਕੇ ਇਸ ਸੇਵਾ ਵਿੱਚ ਹਿੱਸਾ ਪਾਉਣ ਦਾ ਉਪਰਾਲਾ ਜ਼ਰੂਰ ਕਰਿਓ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4975)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)







































































































