MalkiatSDhami 7ਇਹ ਗੱਲ ਆਪਣੇ ਸਾਰੇ ਸਾਥੀਆਂ ਨੂੰ ਦੱਸੀ,ਨਾਲ ਹੀ ਮੈਂ ਕਿਹਾ, “ਆਪਾਂ ਅੱਜ ਸਾਰੀ ਛੁੱਟੀ ਵੇਲੇ ਪਾਧੇ ਮਾਸਟਰ ਕੋਲ ਜਾਣਾ ...
(28 ਦਸੰਬਰ 2023)
ਇਸ ਸਮੇਂ ਪਾਠਕ: 245.


ਅਸੀਂ ਉਦੋਂ ਰਾਮਗੜ੍ਹੀਏ ਸਕੂਲ
, ਨੌਂਵੀਂ ਜਮਾਤ ਵਿੱਚ ਪੜ੍ਹਦੇ ਸੀ ਮੈਨੂੰ ਸ਼ੁਰੂ ਤੋਂ ਹੀ ਡਰਾਇੰਗ ਦਾ ਬੇਹੱਦ ਸ਼ੌਕ ਸੀਪ੍ਰੰਤੂ ਜਿੰਨਾ ਡਰਾਇੰਗ ਕਰਨਾ ਮੇਰਾ ਜਨੂੰਨ ਸੀ ਉਸ ਤੋਂ ਵੀ ਜ਼ਿਆਦਾ ਘਰ ਵਿੱਚ ਇਸ ਪ੍ਰਤੀ ਮੇਰੀ ਲਗਨ ਨੂੰ ਨਾਪਸੰਦ ਕੀਤਾ ਜਾਂਦਾ ਸੀ ਬੇਸ਼ਕ ਇਹ ਇੱਕ ਸਕੂਲੀ ਵਿਸ਼ਾ ਸੀ ਜਿਸਦਾ ਪਿਛਲੀਆਂ ਜਮਾਤਾਂ ਤੋਂ ਹੀ ਮਾਸਟਰ ਜੀ ਵੱਲੋਂ ਬਕਾਇਦਾ ਪੀਰੀਅਡ ਲਗਦਾ ਸੀ, ਪ੍ਰੰਤੂ ਮੇਰੇ ਘਰਦੇ ਡਰਾਇੰਗ ਨੂੰ ਇੱਕ ਬੇਕਾਰ ਅਤੇ ਗੈਰਜ਼ਰੂਰੀ ਵਿਸ਼ਾ ਮੰਨਦੇ ਹੋਏ, ਮੇਰੇ ਇਸ ਪ੍ਰਤੀ ਲਗਾਵ ਨੂੰ ਉਹ ਸਮੇਂ ਦੀ ਬਰਬਾਦੀ ਮੰਨਦੇ ਸਨ ਉਨ੍ਹਾਂ ਮੁਤਾਬਕ ਡਰਾਇੰਗ ਦਾ ਪੜ੍ਹਾਈ ਨਾਲ ਕੋਈ ਵਾਹ-ਵਾਸਤਾ ਨਹੀਂ ਸੀਇਸੇ ਲਈ ਮੈਂ ਆਪਣਾ ਇਹ ਸ਼ੌਕ ਘਰਦਿਆਂ ਤੋਂ ਚੋਰੀ ਜਾਂ ਤਾਂ ਆਪਣੇ ਘਰ ਵਿੱਚ ਇੱਧਰ-ਉੱਧਰ ਬੈਠ ਕੇ ਜਾਂ ਫਿਰ ਪੜ੍ਹਾਈ ਕਰਨ ਦੇ ਬਹਾਨੇ ਦੋਸਤਾਂ ਦੇ ਘਰ ਜਾ ਕੇ ਪੂਰਾ ਕਰਦਾ ਸੀ

ਅੱਠਵੀਂ ਜਮਾਤ ਤਕ ਤਾਂ ਸਾਡੀ ਰੰਗਦਾਰ ਪੈਨਸਲਾਂ, ਵਾਟਰ ਕਲਰ, ਚਾਕ ਵਾਲੇ ਰੰਗਾਂ ਨਾਲ ਹੀ ਪੂਰਤੀ ਹੋ ਜਾਂਦੀ ਸੀ ਅਤੇ ਇਨ੍ਹਾਂ ਤੋਂ ਅੱਗੇ ਮੇਰੀ ਕੋਈ ਹੋਰ ਖਾਸ ਪਹੁੰਚ ਵੀ ਨਹੀਂ ਸੀਪਰ ਨੌਂਵੀਂ ਜਮਾਤ ਵਿੱਚ ਜਾਂਦਿਆਂ ਪੋਸਟਰ-ਰੰਗਾਂ ਦੀਆਂ ਸ਼ੀਸ਼ੀਆਂ ਅਤੇ ਤੇਲ ਵਾਲੇ ਰੰਗਾਂ ਦੀਆਂ ਟਿਊਬਾਂ ਨਾਲ ਵੀ ਵਾਸਤਾ ਪੈ ਜਾਣ ’ਤੇ ਮੇਰਾ ਇਹ ਜਨੂੰਨ ਹੋਰ ਵੀ ਸਿਰ ਚੜ੍ਹ ਗਿਆਪਰ ਮਜਬੂਰੀ ਇਹ ਹੁੰਦੀ ਸੀ ਕਿ ਰੰਗਦਾਰ ਪੈਨਸਲਾਂ ਅਤੇ ਪਾਣੀ ਵਾਲੇ ਰੰਗਾਂ ਦੀ ਡੱਬੀ ਤਕ ਤਾਂ ਠੀਕ ਸਰ ਜਾਂਦਾ ਸੀ, ਪ੍ਰੰਤੂ ਪੋਸਟਰ ਅਤੇ ਤੇਲ ਵਾਲੇ ਰੰਗਾਂ ਦੀਆਂ ਅਲੱਗ-ਅਲੱਗ ਸ਼ੀਸ਼ੀਆਂ ਅਤੇ ਟਿਊਬਾਂ, ਜ਼ਰੂਰਤ ਅਨੁਸਾਰ ਉਨ੍ਹਾਂ ਲਈ ਬੁਰਸ਼ ਆਦਿ ਖਰੀਦਣ ਦੀ ਮੇਰੀ ਹੈਸੀਅਤ ਨਹੀਂ ਸੀ ਹੁੰਦੀਜੋ ਜੇਬ ਖਰਚ ਮਿਲਦਾ ਸੀ ਉਸ ਨਾਲ ਇਹ ਸਭ ਮੁਮਕਿਨ ਨਹੀਂ ਸੀ ਹੋ ਸਕਦਾ ਅਤੇ ਪੋਸਟਰ ਰੰਗਾਂ ਵਾਸਤੇ ਘਰੋਂ ਵਾਧੂ ਪੈਸੇ ਮਿਲਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾਫਿਰ ਇਸਦਾ ਇੱਕ ਸਾਧਨ ਸਾਥੀ ਵਿਦਿਆਰਥੀਆਂ ਦੀਆਂ ਜਿਓਮੈਟ੍ਰੀ ਅਤੇ ਪ੍ਰੈਕਟੀਕਲ ਦੀਆਂ ਕਾਪੀਆਂ ਬਣਾ ਕੇ ਪੈਦਾ ਕੀਤਾਮੇਰੇ ਬਹੁਤ ਸਾਰੇ ਹਮ-ਜਮਾਤੀ ਅਤੇ ਸਕੂਲ ਦੇ ਹੋਰ ਦੋਸਤ ਅਜਿਹੇ ਵੀ ਸਨ ਜਿਨ੍ਹਾਂ ਕੋਲ ਖਰਚ ਦੀ ਤਾਂ ਕੋਈ ਕਮੀ ਨਹੀਂ ਸੀ ਹੁੰਦੀ, ਪਰ ਡਰਾਇੰਗ ਵਿੱਚ ਉਨ੍ਹਾਂ ਦਾ ਹੱਥ ਹਮੇਸ਼ਾ ਹੀ ਤੰਗ ਰਹਿੰਦਾ ਸੀਬਹੁਤੀ ਵੇਰ ਉਨ੍ਹਾਂ ਦੀਆਂ ਡਰਾਇੰਗ ਅਤੇ ਜੁਮੈਟਰੀ ਦੀਆਂ ਕਾਪੀਆਂ ਪੂਰੀਆਂ ਕਰਨ ਬਦਲੇ ਰੰਗ, ਬੁਰਸ਼ ਜਾਂ ਡਰਾਇੰਗ ਸ਼ੀਟਾਂ ਦਾ ਬਟਵਾਰਾ ਹੋ ਜਾਂਦਾ ਸੀਇਸ ਤਰ੍ਹਾਂ ਮੇਰਾ ਸ਼ੌਕ ਅਤੇ ਉਨ੍ਹਾਂ ਦੀਆਂ ਜਾਇਜ਼-ਨਜਾਇਜ਼ ਜ਼ਰੂਰਤਾਂ ਦੋਵੇਂ ਹੀ ਪੂਰੀਆਂ ਹੋ ਜਾਂਦੀਆਂ ਸਨਮੇਰੇ ਇਸ ਵਾਧੂ ਸ਼ੌਕ ਦਾ ਨਾ ਮੇਰੇ ਅਧਿਆਪਕਾਂ ਨੇ ਕਦੇ ਕੋਈ ਇਤਰਾਜ਼ ਕਰਨਾ ਅਤੇ ਨਾ ਕਿਸੇ ਸਾਥੀ ਵਿਦਿਆਰਥੀ ਨੇਕਈ ਵੇਰ ਅਧਿਆਪਕਾਂ ਵੱਲੋਂ ਸਾਨੂੰ ਸਕੂਲ ਦੀਆਂ ਦੀਵਾਰਾਂ, ਦਰਵਾਜ਼ਿਆਂ ਆਦਿ ਤੇ ਕੁਝ ਨਾ ਕੁਝ ਸੰਦੇਸ਼ ਲਿਖਣ ਦਾ ਕੰਮ ਦੇ ਦਿੱਤਾ ਜਾਂਦਾ ਸੀ ਜੋ ਅਸੀਂ ਇੱਕ-ਦੋ ਵਿਦਿਆਰਥੀ ਖੁਸ਼ੀ-ਖੁਸ਼ੀ ਮਿਲ ਕੇ ਕਰ ਦਿੰਦੇ ਸੀ ਅਤੇ ਉਸ ਤੋਂ ਬਚੇ ਹੋਏ ਰੰਗ, ਬੁਰਸ਼ ਆਦਿ ਨਾਲ ਸਾਡੀਆਂ ਆਪਣੀਆਂ ਲੋੜਾਂ ਦੀ ਪੂਰਤੀ ਵੀ ਹੋ ਜਾਂਦੀ ਸੀ

ਉਨ੍ਹੀਂ ਦਿਨੀਂ ਸਾਡੇ ਸ਼ਹਿਰ ਰੇਖੀ ਸਿਨੇਮੇ ਵਿੱਚ ‘ਬਬੀਤਾ ਅਤੇ ਜਤਿੰਦਰ’ ਦੀ ਨਵੀਂ-ਨਵੀਂ ‘ਫਰਜ਼’ ਫਿਲਮ ਲੱਗੀ ਸੀਅਸੀਂ ਵੀ ਕੁਝ ਦੋਸਤ ਇੱਕ ਦਿਨ ਘਰੋਂ ਚੋਰੀ ਅਤੇ ਸਕੂਲੋਂ ਭੱਜ ਕੇ ਇਹ ਫਿਲਮ ਵੇਖ ਆਏਬਚਪਨ ਦੀ ਉਮਰ ਦਾ ਤਕਾਜ਼ਾ ਜਾਂ ਫਿਰ ਉਸ ਸਾਦੇ ਜ਼ਮਾਨੇ ਦੀ ਖਾਸੀਅਤ ਕਹਿ ਲਵੋ, ਸਾਨੂੰ ਤਾਂ ਜ਼ਿਆਦਾਤਰ ਫਿਲਮਾਂ ਉਦੋਂ ਦਿਲਚਸਪ ਅਤੇ ਹਿੱਟ ਹੀ ਲੱਗਦੀਆਂ ਸਨਹੋਰ ਫਿਲਮਾਂ ਦੀ ਤਰ੍ਹਾਂ ਹੀ ਇਸ ਜਸੂਸੀ ਫਿਲਮ ‘ਫਰਜ਼’ ਦੀ ਵੀ ਸਾਡੇ ਦੋਸਤਾਂ ਦਰਮਿਆਨ ਕਈ ਦਿਨ ਚਰਚਾ ਚਲਦੀ ਰਹੀ

ਇੱਕ ਦਿਨ ਇੱਕ ਫਿਲਮੀ ਰਸਾਲੇ ਵਿੱਚ ਮੈਨੂੰ ਇਸੇ ਨਾਲ ਸੰਬੰਧਤ ਫਿਲਮ ਦੀ ਹੀਰੋਇਨ, ਬਬੀਤਾ ਦੀ ਇੱਕ ਤਸਵੀਰ ਮਿਲ ਗਈਕੁਝ ਜ਼ਿਹਨ ’ਤੇ ਵੇਖੀ ਹੋਈ ਫਿਲਮ ਦਾ ਪ੍ਰਭਾਵ ਅਤੇ ਕੁਝ ਡਰਾਇੰਗ ਦੇ ਸ਼ੌਕ ਨਾਲ ਮੈਂ ਉਹ ਤਸਵੀਰ ਕਾਗਜ਼ ਉੱਤੇ ਉਲੀਕ ਲਈ ਅਤੇ ਥੋੜ੍ਹੇ ਦਿਨਾਂ ਦੀ ਮਿਹਨਤ ਨਾਲ ਉਸ ਨੂੰ ਪੋਸਟਰ ਰੰਗਾਂ ਨਾਲ ਸਜ਼ਾ ਕੇ, ਚੰਗੀ-ਮਾੜੀ, ਜਿਸ ਤਰ੍ਹਾਂ ਦੀ ਵੀ ਬਣੀ, ਡਾਕ ਰਾਹੀਂ ਬਬੀਤਾ ਦੇ ਪਤੇ ’ਤੇ ਬੰਬਈ ਭੇਜ ਦਿੱਤੀਇਹ ਤਸਵੀਰ ਬਣਾਉਣ ਦਾ ਤਾਂ ਮੇਰੇ ਕੁਝ ਇੱਕ ਜਮਾਤੀਆਂ ਨੂੰ ਪਤਾ ਸੀ, ਪਰ ਇਸ ਨੂੰ ਬੰਬਈ ਭੇਜਣ ਬਾਰੇ ਮੈਂ ਕਿਸੇ ਨਾਲ ਇਸਦਾ ਜ਼ਿਕਰ ਕਰਨਾ ਜ਼ਰੂਰੀ ਨਾ ਸਮਝਦਿਆ। ਥੋੜ੍ਹੇ ਦਿਨਾਂ ਵਿੱਚ ਹੀ ਸਭ ਭੁੱਲ-ਭੁਲਾ ਗਿਆ

ਤਕਰੀਬਨ ਇੱਕ ਡੇਢ ਮਹੀਨੇ ਬਾਅਦ, ਇੱਕ ਦਿਨ ਸਾਡੇ ਸਕੂਲ ਦੇ ਇੱਕ ਅਧਿਆਪਕ, ਗੁਰਦੇਵ ਸਿੰਘ ਜੀ ਨੇ ਮੈਨੂੰ ਸਕੂਲ ਦੇ ਦਫਤਰ ਵਿੱਚ ਆਪਣੇ ਕੋਲ ਬੁਲਾਇਆ ਅਤੇ ਗੁੱਸੇ ਨਾਲ ਅੱਖਾਂ ਲਾਲ ਕਰਦਿਆਂ ਪੁੱਛਿਆ, “ਕੀ ਤੂੰ ਬਬੀਤਾ ਨੂੰ ਚਿੱਠੀ ਲਿਖੀ ਸੀ?”

ਮੈਂ, ਜਿਵੇਂ ਕੋਈ ਬੜਾ ਭਿਆਨਕ ਗੁਨਾਹ ਕਰਦਾ ਹੋਇਆ ਰੰਗੇ ਹੱਥੀਂ ਫੜਿਆ ਗਿਆ ਹੋਵਾਂ, ਇੱਕ ਦਮ ਘਬਰਾਹਟ ਅਤੇ ਹੈਰਾਨੀ ਪ੍ਰਗਟਾਉਂਦਿਆਂ ਉੱਤਰ ਦਿੱਤਾ, “ਨਹੀਂ ਮਾਸਟਰ ਜੀ, ਮੈਂ ਤਾਂ ਕੋਈ ਚਿੱਠੀ ਨਹੀਂ ਲਿਖੀ!”

ਮਾਸਟਰ ਗੁਰਦੇਵ ਸਿੰਘ ਜੀ, ਜਿਨ੍ਹਾਂ ਨੂੰ ਸਕੂਲ ਵਿੱਚ ਸਾਰੇ ਵਿਦਿਆਰਥੀ ‘ਪਾਧਾ ਮਾਸਟਰ ਜੀ’ ਦੇ ਨਾਮ ਨਾਲ ਜਾਣਦੇ ਸਨ, ਦਾ ਸਾਡੇ ਸੈਕਸ਼ਨ ਨਾਲ ਤਾਂ ਕੋਈ ਵਾਹ-ਵਾਸਤਾ ਨਹੀਂ ਸੀ, ਪਰ ਸਕੂਲ ਵਿੱਚ ਉਨ੍ਹਾਂ ਦੇ ਬੜੇ ਸਖਤ ਅਤੇ ਅੱਖੜ ਸੁਭਾ ਕਰਕੇ ਅਸੀਂ ਸਾਰੇ ਉਨ੍ਹਾਂ ਦੇ ਨਾਮ ਤੋਂ ਅਤੇ ਉਨ੍ਹਾਂ ਦਾ ਸਾਮ੍ਹਣਾ ਕਰਨ ਤੋਂ ਹਮੇਸ਼ਾ ਜਰਕਦੇ ਸੀਉਨ੍ਹਾਂ ਨੇ ਫਿਰ ਥੋੜ੍ਹੀ ਨਰਮੀ ਅਤੇ ਉਲਾਂਭੇ ਵਰਗੀ ਤਰਜ਼ ’ਤੇ ਕਿਹਾ, “ਬਬੀਤਾ ਦੀ ਤੇਰੇ ਨਾਮ ਚਿੱਠੀ ਆਈ ਹੈ ਅਤੇ ਉਸਨੇ ਤੇਰੀ ਬਣਾ ਕੇ ਭੇਜੀ ਹੋਈ ਤਸਵੀਰ ਲਈ ਧੰਨਵਾਦ ਕਿਹਾ ਹੈ।”

ਮੇਰੇ ਲਈ ਤਾਂ ਜਿਵੇਂ ਰੱਬ ਆ ਬਹੁੜਿਆ ਹੋਵੇ ਮੈਂ ਕਿਹਾ, “ਹਾਂ ਜੀ, ਮੈਂ ਤਾਂ ਬੱਸ ਉਸਦੀ ਇੱਕ ਤਸਵੀਰ ਬਣਾ ਕੇ ਉਹਦੇ ਐਡਰੈੱਸ ’ਤੇ ਭੇਜੀ ਸੀ।”

ਮੈਨੂੰ ਨਹੀਂ ਪਤਾ ਮੇਰੇ ਇਸ ਉੱਤਰ ਨਾਲ ਮਾਸਟਰ ਗੁਰਦੇਵ ਸਿੰਘ ਜੀ ਜੀ ਨੂੰ ਸੰਤੁਸ਼ਟੀ ਮਿਲੀ ਜਾਂ ਗੁੱਸਾ ਆਇਆ, ਪਰ ਮੈਂ ਡਰਦੇ-ਡਰਦੇ ਨੇ ਹੌਸਲਾ ਜਿਹਾ ਬਣਾ ਕੇ, ਜਕਦਿਆਂ-ਜਕਦਿਆਂ ਉਨ੍ਹਾਂ ਨੂੰ ਬਬੀਤਾ ਦੀ ਉਹ ਆਈ ਹੋਈ ਚਿੱਠੀ ਵਿਖਾਉਣ ਅਤੇ ਦੇ ਦੇਣ ਲਈ ਕਿਹਾਪਰ ਉਨ੍ਹਾਂ ਨੇ ਆਪਣੇ ਉਸੇ ਅੱਖੜ ਲਹਿਜ਼ੇ ਨਾਲ ਮੈਨੂੰ ਵਾਪਸ ਆਪਣੀ ਜਮਾਤ ਵਿੱਚ ਚਲੇ ਜਾਣ ਅਤੇ ਅੱਗੇ ਤੋਂ ਜ਼ਿਆਦਾ ਧਿਆਨ ਆਪਣੀ ਪੜ੍ਹਾਈ ਵੱਲ ਦੇਣ ਲਈ ਕਿਹਾ ਮੈਂ ਮਾਯੂਸੀ ਅਤੇ ਇੱਕ ਖੁਸ਼ੀ ਜਿਹੀ ਦੇ ਆਲਮ ਵਿੱਚ ਮੂੰਹ ਲਟਕਾਈ ਆਪਣੀ ਜਮਾਤ ਵਿੱਚ ਆ ਗਿਆ ਅਤੇ ਇਹ ਗੱਲ ਆਪਣੇ ਸਾਰੇ ਸਾਥੀਆਂ ਨੂੰ ਦੱਸੀ, ਨਾਲ ਹੀ ਮੈਂ ਕਿਹਾ, “ਆਪਾਂ ਅੱਜ ਸਾਰੀ ਛੁੱਟੀ ਵੇਲੇ ਪਾਧੇ ਮਾਸਟਰ ਕੋਲ ਜਾਣਾ ਹੈ ਅਤੇ ਉਨ੍ਹਾਂ ਤੋਂ ਉਹ ਚਿੱਠੀ ਮੰਗ ਕੇ ਲਿਆਉਣੀ ਹੈ

ਮਾਸਟਰ ਜੀ ਦੇ ਅੜਬ ਸੁਭਾ ਤੋਂ ਜਾਣੂ ਕਿਸੇ ਵੀ ਮੇਰੇ ਸਾਥੀ ਨੇ ਮੇਰੇ ਨਾਲ ਜਾਣ ਦੀ ਹਾਮੀ ਭਰਨ ਦਾ ਹੌਸਲਾ ਨਾ ਵਿਖਾਇਆ ਇੱਕ ਦੋ ਦਿਨਾਂ ਬਾਅਦ, ਮਨ ਤਕੜਾ ਕਰ ਕੇ ਮੈਂ ਇੱਕੱਲਾ ਹੀ ਫਿਰ ਮਾਸਟਰ ਜੀ ਕੋਲ ਗਿਆ ਅਤੇ ਉਨ੍ਹਾਂ ਤੋਂ ਆਪਣੀ ਉਸ ਚਿੱਠੀ ਦੀ ਮੰਗ ਕੀਤੀਪਰ ਉਨ੍ਹਾਂ ਨੇ ਕੁਰਸੀ ਤੋਂ ਉੱਠ ਕੇ ਖੜ੍ਹੇ ਹੁੰਦਿਆਂ, ਫਿਰ ਉਸੇ ਸਖਤੀ ਨਾਲ ਤਾੜਨਾ ਕਰਦਿਆਂ ਮੈਨੂੰ ਵਾਪਸ ਆਪਣੀ ਜਮਾਤ ਵਿੱਚ ਚਲੇ ਜਾਣ, ਅੱਗੇ ਤੋਂ ਐਸੀਆਂ ਹਰਕਤਾਂ ਤੋਂ ਦੂਰ ਰਹਿਣ ਅਤੇ ਇਹ ਸਭ ਭੁੱਲ-ਭੁਲਾ ਜਾਣ ਦਾ ਹੁਕਮ ਸੁਣਾ ਦਿੱਤਾਉਸ ਦਿਨ ਤੋਂ ਬਾਅਦ ਮੈਂ ਮਾਸਟਰ ਜੀ ਤੋਂ ਫਿਰ ਕਦੀ ਉਹ ਚਿੱਠੀ ਮੰਗਣ ਦੀ ਜੁਰਅਤ ਕਰ ਸਕਿਆ, ਨਾ ਹੀ ਮੈਨੂੰ ਇਹ ਸਮਝ ਪਈ ਕਿ ਆਖ਼ਿਰ ਮੇਰੇ ਤੋਂ ਐਡੀ ਕਿਹੜੀ ਗਲਤੀ ਹੋ ਗਈ!

ਪ੍ਰੰਤੂ ਇਹ ਖਬਰ ਬਾਕੀ ਸਕੂਲ ਵਿੱਚ ਫੈਲ ਜਾਣ ਕਰਕੇ ਮੇਰੇ ਕੁਝ ਅਧਿਆਪਕ ਅਤੇ ਜਮਾਤੀ ਕਾਫੀ ਅਰਸੇ ਤਕ ਮੈਨੂੰ ‘ਬਬੀਤਾ’ ਦਾ ਨਾਮ ਲੈ ਕੇ ਛੇੜਦੇ ਰਹੇ

*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4577)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮਲਕੀਅਤ ਸਿੰਘ ਧਾਮੀ

ਮਲਕੀਅਤ ਸਿੰਘ ਧਾਮੀ

Whatsapp: (91 - 98140 - 28614)
Email: (voltexglobal@gmail.com)