“ਮਨੁੱਖ ਨੂੰ ਇਸ ਧਰਤੀ ਉੱਪਰ ਸਿਰਫ਼ ਜਿਊਣ ਲਈ ਭੇਜਿਆ ਗਿਆ ਹੈ, ਨਾ ਤਾਂ ਕਿਸੇ ਤੋਂ ਅੱਗੇ ਨਿਕਲਣ ਲਈ ਭੇਜਿਆ ਗਿਆ ...”
(14 ਫਰਵਰੀ 2024)
ਇਸ ਸਮੇਂ ਪਾਠਕ: 920.
ਮਨੁੱਖੀ ਰਿਸ਼ਤਿਆਂ ਦੀ ਹੋਂਦ ਦੀ ਬੁਣਤੀ ਸੂਖਮ ਬੰਧਨਾਂ ਅਤੇ ਅਹਿਸਾਸਾਂ ਦੇ ਦੁਆਲੇ ਬੁਣੀ ਹੁੰਦੀ ਹੈ। ਰਿਸ਼ਤਿਆਂ ਦੀ ਨੇੜਤਾ, ਆਪਸੀ ਪਿਆਰ, ਸਾਂਝਾਂ ਮਨੁੱਖੀ ਜ਼ਿੰਦਗੀ ਨੂੰ ਖੁਸ਼ਮਈ, ਆਨੰਦਮਈ ਅਤੇ ਹੁਸੀਨ ਬਣਾਉਣ ਲਈ ਬਹੁਤ ਜ਼ਰੂਰੀ ਹਨ। ਇਹੀ ਆਪਸੀ ਸਾਂਝਾਂ, ਮਿਲਵਰਤਣ ਇੱਕ ਸੱਭਿਅਕ ਸਮਾਜ ਦੀ ਸਿਰਜਣਾ ਕਰਦੀਆਂ ਹਨ। ਹਰੇਕ ਰਿਸ਼ਤੇ ਦੀ ਮਨੁੱਖੀ ਜੀਵਨ ਵਿੱਚ ਆਪਣੀ ਖਾਸ ਜਗ਼੍ਹਾ ਹੈ, ਭੂਮਿਕਾ ਹੈ, ਜ਼ਿੰਮੇਵਾਰੀ ਹੈ। ਕੁਝ ਰਿਸ਼ਤੇ ਸਾਡੇ ਜਨਮ ਤੋਂ ਸਾਡੇ ਨਾਲ ਜੁੜ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਖੂਨ ਦੇ ਰਿਸ਼ਤੇ ਕਹਿੰਦੇ ਹਾਂ। ਕੁਝ ਰਿਸ਼ਤੇ ਸਾਡੇ ਮਾਪਿਆਂ ਕਰਕੇ ਸਾਡੇ ਰਿਸ਼ਤੇ ਜੁੜਦੇ ਹਨ, ਜਿਵੇਂ ਕਿ ਸਾਕ ਸੰਬੰਧੀ ਚਾਚੇ-ਤਾਏ, ਮਾਮੇ-ਮਾਸੀਆਂ ਆਦਿ। ਕੁਝ ਨਾਤਿਆਂ ਨੂੰ ਅਸੀਂ ਸੰਜੋਗਾਂ ਨਾਲ ਜੋੜਦੇ ਹਾਂ, ਜਿਨ੍ਹਾਂ ਵਿੱਚ ਵਿਆਹ ਨਾਲ ਸੰਬੰਧਿਤ ਸਾਰੇ ਰਿਸ਼ਤੇ ਆਉਂਦੇ ਹਨ। ਕੁਝ ਰਿਸ਼ਤੇ ਸਾਡੇ ਸਮਾਜ ਵਿੱਚ ਵਿਚਰਦਿਆਂ ਇੱਕ ਦੂਸਰੇ ਦੇ ਸੰਪਰਕ ਵਿੱਚ ਆਉਣ ਨਾਲ ਜੁੜਦੇ ਹਨ ਜਿਵੇਂ ਕਿ ਸਾਡੇ ਦੋਸਤ, ਮਿੱਤਰ ਆਦਿ। ਇਹ ਸਾਰੇ ਰਿਸ਼ਤੇ ਮਹੱਤਵਪੂਰਨ ਹਨ। ਕਿਸੇ ਇੱਕ ਰਿਸ਼ਤੇ ਦੀ ਕਮੀ ਦੂਸਰਾ ਰਿਸ਼ਤਾ ਪੂਰੀ ਨਹੀਂ ਕਰ ਸਕਦਾ ਹੈ।
ਰਿਸ਼ਤਿਆਂ ਨੂੰ ਬਾਖੂਬੀ ਨਿਭਾਉਣਾ ਵੀ ਇੱਕ ਕਲਾ ਹੈ। ਰਿਸ਼ਤੇ ਮੋਹ ਦੀਆਂ ਬਹੁਤ ਹੀ ਨਾਜ਼ੁਕ ਤੰਦਾਂ ਦੇ ਬੰਧਨਾਂ ਵਿੱਚ ਬੰਨ੍ਹੇ ਹੁੰਦੇ ਹਨ। ਇਹ ਮੋਹ ਦੀਆਂ ਤੰਦਾਂ ਮਨੁੱਖੀ ਜੀਵਨ ਵਿੱਚ ਪਿਆਰ, ਵਿਸ਼ਵਾਸ, ਵਫ਼ਾਦਾਰੀ, ਆਪਸੀ ਸਮਝ, ਸਬਰ, ਭਰੋਸੇ ਵਰਗੇ ਬਹੁਤ ਹੀ ਅਹਿਮ ਅਹਿਸਾਸਾਂ ਨਾਲ ਪਰੋਈਆਂ ਗਈਆਂ ਹੁੰਦੀਆਂ ਹਨ। ਜੇਕਰ ਕਿਸੇ ਰਿਸ਼ਤੇ ਵਿੱਚ ਇੱਕ ਪਾਸੇ ਤੋਂ ਧੋਖਾ ਜਾਂ ਵਿਸ਼ਵਾਸਘਾਤ ਹੁੰਦਾ ਹੈ ਤਾਂ ਕਈ ਵਾਰ ਇਹਨਾਂ ਮੋਹ ਦੀਆਂ ਤੰਦਾਂ ਨੂੰ ਅਜਿਹੀ ਖਿੱਚ ਪੈਂਦੀ ਹੈ ਕਿ ਇਹ ਤੰਦਾਂ ਟੁੱਟ ਵੀ ਜਾਂਦੀਆਂ ਹਨ। ਮਨਾਂ ਵਿੱਚ ਫਿੱਕ ਪੈ ਜਾਂਦਾ ਹੈ ਅਤੇ ਆਪਸੀ ਬੋਲਚਾਲ ਬੰਦ ਹੋ ਜਾਂਦੀ ਹੈ। ਕੋਈ ਵੀ ਰਿਸ਼ਤਾ ਹੋਵੇ, ਜਿਵੇਂ ਕਿ ਮਾਪਿਆਂ ਦਾ ਬੱਚਿਆਂ ਨਾਲ, ਪਤੀ-ਪਤਨੀ ਦਾ ਰਿਸ਼ਤਾ, ਭੈਣ-ਭਰਾਵਾਂ ਦਾ ਰਿਸ਼ਤਾ, ਚਾਚੇ-ਤਾਏ, ਮਾਮੇ-ਮਾਸੜ, ਜਾਂ ਸਾਡੇ ਦੋਸਤਾਂ ਦੇ ਰਿਸ਼ਤੇ, ਇਹਨਾਂ ਵਿੱਚ ਹਮੇਸ਼ਾ ਓਹੀ ਰਿਸ਼ਤੇ ਪੂਰ ਚੜ੍ਹਦੇ ਹਨ, ਜਿਨ੍ਹਾਂ ਵਿੱਚ ਆਪਸੀ ਵਿਸ਼ਵਾਸ, ਵਫ਼ਾਦਾਰੀ ਦੀ ਨੀਂਹ ਬਹੁਤ ਮਜ਼ਬੂਤ ਹੁੰਦੀ ਹੈ।
ਪਰ ਜਿਸ ਸਮਾਜ ਵਿੱਚ ਅੱਜ ਅਸੀਂ ਜੀਅ ਰਹੇ ਹਾਂ, ਇਸ ਵਿੱਚ ਭੌਤਿਕ ਚੀਜ਼ਾਂ ਲਈ ਭੱਜ ਦੌੜ ਇੰਨੀ ਵਧ ਗਈ ਹੈ, ਮਨੁੱਖੀ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ। ਪਿਓ ਨੂੰ ਪੁੱਤ ਉੱਤੇ ਵਿਸ਼ਵਾਸ ਨਹੀਂ, ਭਰਾ ਨੂੰ ਭਰਾ ਉੱਤੇ ਭਰੋਸਾ ਨਹੀਂ, ਨੂੰਹਾਂ ਸੱਸ ਸਹੁਰਿਆਂ ਨੂੰ ਮਾਪੇ ਨਾ ਸਮਝਕੇ ਰਿਸ਼ਤਿਆਂ ਦੀ ਮਾਣ ਮਰਿਯਾਦਾ ਭੁੱਲ ਰਹੀਆਂ ਹਨ। ਮੋਬਾਇਲ ਅਤੇ ਸੋਸ਼ਲ ਮੀਡੀਆ ਦੀ ਵੱਧ ਵਰਤੋਂ ਕਾਰਣ ਪਤੀ ਪਤਨੀ ਦਾ ਰਿਸ਼ਤਾ ਸ਼ੱਕ ਦੇ ਜਵਾਰਭਾਟੇ ਵਿੱਚ ਝੁਲਸਦਾ ਰਹਿੰਦਾ ਹੈ। ਵਧ ਰਹੀ ਟੈਕਨਾਲੋਜੀ ਕਾਰਣ ਰਿਸ਼ਤਿਆਂ ਨੂੰ ਧੋਖਾ ਦੇਣਾ ਆਸਾਨ ਹੋ ਗਿਆ ਹੈ। ਆਪਸੀ ਬੋਲਚਾਲ ਘੱਟ ਰਹੀ ਹੈ ਅਤੇ ਲੋਕ ਇਕੱਲਤਾ ਦੇ ਸ਼ਿਕਾਰ ਹੋ ਰਹੇ ਹਨ, ਜਿਸ ਕਾਰਣ ਪਿਆਰ ਦੀ ਜਗ੍ਹਾ ਰਿਸ਼ਤਿਆਂ ਵਿੱਚ ਤਣਾਅ, ਸ਼ੱਕ, ਬੇਭਰੋਸਗੀ ਜ਼ਿਆਦਾ ਵਧ ਗਈ ਹੈ। ਇਹੀ ਕਾਰਣ ਹੈ ਕਿ ਅੱਜ ਬਹੁਤ ਸਾਰੇ ਲੋਕ ਚਿੰਤਾ, ਇਕੱਲਤਾ, ਅਤੇ ਮਾਨਸਿਕ ਪੀੜਾ ਦੇ ਸ਼ਿਕਾਰ ਹਨ।
ਮਨੁੱਖ ਦਾ ਫਰਜ਼ ਬਣਦਾ ਹੈ ਕਿ ਉਹ ਆਪਣਿਆਂ ਪ੍ਰਤੀ ਬਣਦੀ ਜ਼ਿੰਮੇਵਾਰੀ ਨੂੰ ਸਮਝੇ। ਕਿਸੇ ਵੀ ਪਰਿਵਾਰਿਕ ਮਸਲੇ ਨੂੰ ਏਨਾ ਨਾ ਵਧਣ ਦੇਵੇ ਕਿ ਉਸ ਰਿਸ਼ਤੇ ਦੀਆਂ ਨੀਹਾਂ ਹਿੱਲ ਜਾਣ। ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਮਨੁੱਖ ਆਪਸੀ ਰਿਸ਼ਤਿਆਂ ਨੂੰ ਧੋਖਾ ਵੀ ਦਿੰਦਾ ਰਹਿੰਦਾ ਹੈ ਅਤੇ ਉਹਨਾਂ ਨੂੰ ਗਵਾਉਣਾ ਵੀ ਨਹੀਂ ਚਾਹੁੰਦਾ। ਕੁਝ ਮਾਮਲਿਆਂ ਵਿੱਚ ਮਨੁੱਖ ਜਾਣੇ ਅਣਜਾਣੇ ਗਲਤੀਆਂ ਕਰ ਲੈਂਦਾ ਹੈ, ਫਿਰ ਆਪਣਿਆਂ ਤੋਂ ਦੂਰ ਹੋਣ ਦੇ ਡਰ ਕਾਰਣ ਹੀ ਉਹ ਆਪਣੀ ਗਲਤੀ ਉੱਤੇ ਪਰਦੇ ਪਾਉਂਦਾ ਰਹਿੰਦਾ ਹੈ ਅਤੇ ਗਲਤੀ ਨੂੰ ਦੁਹਰਾਉਂਦਾ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਮਨੁੱਖ ਨੂੰ ਚਾਹੀਦਾ ਹੈ ਕਿ ਜਦੋਂ ਉਸ ਨੂੰ ਅਹਿਸਾਸ ਹੋ ਗਿਆ ਹੈ ਕਿ ਉਹ ਆਪਣਿਆਂ ਨਾਲ ਧੋਖਾ ਕਰ ਰਿਹਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਗਲਤੀ ਕਰ ਰਿਹਾ ਹੈ ਤਾਂ ਤਰੁੰਤ ਬਿਨਾਂ ਕਿਸੇ ਡਰ ਤੋਂ ਆਪਣੇ ਪਰਿਵਾਰ ਨਾਲ ਉਸ ਨੂੰ ਸਾਂਝਾ ਕਰੇ, ਆਪਣਾ ਪੱਖ ਰੱਖੇ, ਆਪਣੀ ਗਲਤੀ ਦਾ ਅਹਿਸਾਸ ਕਰੇ ਅਤੇ ਅੱਗੇ ਤੋਂ ਗਲਤੀ ਨੂੰ ਦੁਹਰਾਉਣ ਤੋਂ ਤੌਬਾ ਕਰੇ। ਇਸ ਤਰ੍ਹਾਂ ਕਰਨ ਨਾਲ ਭਾਵੇਂ ਕੁਝ ਸਮੇਂ ਲਈ ਰਿਸ਼ਤਿਆ ਵਿੱਚ ਤਣਾਅ ਜਾਂ ਪ੍ਰੇਸ਼ਾਨੀ ਤਾਂ ਆਵੇਗੀ, ਪਰ ਦੂਸਰੇ ਪਾਸੇ ਤੁਹਾਡੀ ਵਫ਼ਾਦਾਰੀ ਦੀ ਨੀਂਹ ਅਤੇ ਵਿਸ਼ਵਾਸ ਟੁੱਟਣ ਤੋਂ ਬਚ ਜਾਵੇਗਾ। ਅਜਿਹੇ ਮਾਮਲਿਆਂ ਵਿੱਚ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਦੋਸ਼ੀ ਨੂੰ ਇੱਕ ਮੌਕਾ ਦੇਣ, ਅਤੇ ਉਸ ਵੱਲੋਂ ਗਲਤੀ ਮੰਨਣ ਦੀ ਕੀਤੀ ਗਈ ਜੁਰਅਤ ਦੀ ਤਾਰੀਫ਼ ਕਰਨ। ਅਜਿਹਾ ਕਰਨ ਨਾਲ ਪਰਿਵਾਰ ਵਿੱਚ ਏਕਤਾ ਬਣੀ ਰਹੇਗੀ ਅਤੇ ਗਲਤੀ ਕਰਨ ਵਾਲੇ ਇਨਸਾਨ ਨੂੰ ਹਮੇਸ਼ਾ ਆਪਣੀ ਗਲਤੀ ਦਾ ਅਹਿਸਾਸ ਵੀ ਹੁੰਦਾ ਰਹੇਗਾ। ਜ਼ਿੰਦਗੀ ਨੂੰ ਜਿਉਂਦਿਆਂ, ਕਬੀਲਦਾਰੀਆਂ ਸਾਂਭਦਿਆਂ ਮਨੁੱਖ ਕੋਲੋਂ ਸੌ ਨਫੇ-ਨੁਕਸਾਨ ਹੋ ਸਕਦੇ ਹਨ। ਕਿਸੇ ਵੀ ਤਰ੍ਹਾਂ ਦੀ ਸਥਿਤੀ ਹੋਵੇ, ਤੁਹਾਡੀ ਵਫ਼ਾਦਾਰੀ ਤੁਹਾਡੀ ਪਛਾਣ ਬਣਨੀ ਚਾਹੀਦੀ ਹੈ। ਆਪਣੇ ਰਿਸ਼ਤਿਆਂ ਦੇ ਬੂਟੇ ਨੂੰ ਪਿਆਰ, ਸਤਿਕਾਰ, ਮੁਹੱਬਤ ਦੀ ਅਜਿਹੀ ਸਿੰਚਾਈ ਕਰੋ ਕਿ ਤੁਹਾਡੇ ਰਿਸ਼ਤਿਆਂ ਦੀਆਂ ਜੜ੍ਹਾਂ ਨੂੰ ਜੀਵਨ ਦੀ ਕੋਈ ਵੀ ਚੁਣੌਤੀ, ਮੁਸ਼ਕਿਲ ਹਿਲਾ ਨਾ ਸਕੇ। ਆਪਣਿਆਂ ਦਾ ਭਰੋਸਾ ਜਿੱਤੋ, ਵਿਸ਼ਵਾਸ ਜਿੱਤੋ ਅਤੇ ਫਿਰ ਕੋਸ਼ਿਸ਼ ਕਰੋ ਕਿ ਇਹ ਭਰੋਸਾ ਕਦੇ ਨਾ ਟੁੱਟੇ।
ਮਨੁੱਖ ਨੂੰ ਇਸ ਧਰਤੀ ਉੱਪਰ ਸਿਰਫ਼ ਜਿਊਣ ਲਈ ਭੇਜਿਆ ਗਿਆ ਹੈ, ਨਾ ਤਾਂ ਕਿਸੇ ਤੋਂ ਅੱਗੇ ਨਿਕਲਣ ਲਈ ਭੇਜਿਆ ਗਿਆ ਅਤੇ ਨਾ ਹੀ ਕਿਸੇ ਤੋਂ ਪਿੱਛੇ ਰਹਿਣ ਲਈ। ਮਨੁੱਖ ਨੂੰ ਸਿਰਫ਼ ਇੱਕ ਚੰਗਾ ਜੀਵਨ ਜਿਊਣ ਲਈ ਇਸ ਧਰਤ ਦੀ ਗੋਦ ਨਸੀਬ ਹੋਈ ਹੈ। ਇੱਕ ਚੰਗੇ ਸਕੂਨਮਈ ਜੀਵਨ ਦਾ ਅਹਿਸਾਸ ਉਦੋਂ ਹੀ ਹੋ ਸਕਦਾ ਹੈ, ਜਦੋਂ ਸਾਡੇ ਆਪਣੇ ਸਾਡੇ ਨਾਲ ਹੁੰਦੇ ਹਨ। ਜਦੋਂ ਸਾਡੇ ਪਰਿਵਾਰ, ਰਿਸ਼ਤੇਦਾਰ ਸਾਨੂੰ ਡਿੱਗਿਆਂ ਨੂੰ ਚੁੱਕਣ ਲਈ ਭੱਜੇ ਆਉਂਦੇ ਹਨ ਅਤੇ ਜਦੋਂ ਸਾਡੇ ਰਿਸ਼ਤੇ ਔਖੇ ਸੌਖੇ ਸਮਿਆਂ ਵਿੱਚ ਸਾਡੇ ਲਈ ਖੁਸ਼ੀ ਦੀ ਇੱਕ ਲੀਕ ਸਾਬਤ ਹੁੰਦੇ ਹਨ। ਆਪਣੇ ਰਿਸ਼ਤਿਆਂ ਲਈ ਸਮਾਂ ਕੱਢੀਏ ਅਤੇ ਇੱਕ ਦੂਸਰੇ ਦੀ ਢਾਲ ਬਣੀਏ, ਰਿਸ਼ਤਿਆਂ ਨੂੰ ਬਣਦਾ ਸਤਿਕਾਰ ਅਤੇ ਪਿਆਰ ਦੇਈਏ, ਵਫ਼ਾਦਾਰੀ ਦੀਆਂ ਨੀਹਾਂ ਨੂੰ ਏਨਾ ਪੱਕਾ ਕਰੀਏ ਕਿ ਤੁਹਾਡੀ ਵਫ਼ਾਦਾਰੀ ਤੁਹਾਡੇ ਕਿਰਦਾਰ ਅਤੇ ਸ਼ਖਸੀਅਤ ਦੀ ਪਛਾਣ ਬਣ ਜਾਵੇ। ਆਓ ਅਜਿਹਾ ਸਮਾਜ ਸਿਰਜੀਏ, ਜਿੱਥੇ ਹਰ ਰਿਸ਼ਤੇ, ਮਾਂ-ਬਾਪ, ਭੈਣ-ਭਰਾ, ਪਤੀ-ਪਤਨੀ, ਮਾਮੇ ਮਾਸੀਆਂ ਵਿੱਚ ਅੰਤਾਂ ਦਾ ਸਤਿਕਾਰ ਹੋਵੇ ਤੇ ਪਿਆਰ ਹੋਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4724)
(ਸਰੋਕਾਰ ਨਾਲ ਸੰਪਰਕ ਲਈ: (