“ਜਿਸ ਪਾਸੇ ਮਰਜ਼ੀ ਨਜ਼ਰ ਮਾਰ ਲਵੋ, ਕਾਰੋਬਾਰਾਂ ਜਾਂ ਪੈਦਾਵਾਰਾਂ ਦੇ ਸਭ ਸਾਧਨਾਂ ਦੇ ਮਾਲਕ ਸਰਮਾਏਦਾਰ ਹਨ ਪਰ ...”
(10 ਫਰਵਰੀ 2024)
ਇਸ ਸਮੇਂ ਪਾਠਕ: 1005.
ਇਸ ਸੰਸਾਰ ਵਿੱਚ ਹਰ ਇੱਕ ਨੂੰ ਅਜ਼ਾਦ ਪਰਿੰਦੇ ਵਾਂਗ ਜੀਵਨ ਜਿਊਣ ਦਾ ਕੁਦਰਤੀ ਹੱਕ ਹੈ। ਪਰ ਜਿੱਥੇ ਅਗਿਆਨਤਾ ਹੈ, ਉਸ ਪਿੱਛੇ ਆਰਥਿਕ ਮੰਦਹਾਲੀ ਹੈ ਅਤੇ ਜਿੱਥੇ ਆਰਥਿਕ ਮੰਦਹਾਲੀ ਹੈ ਉੱਥੇ ਅਜ਼ਾਦੀ ਨਹੀਂ ਹੋ ਸਕਦੀ। ਦੁਨੀਆਂ ਦੀ ਅਗਿਆਨਤਾ ਦਾ ਸਬੱਬ ਗਰੀਬੀ ਹੈ। ਅਗਿਆਨਤਾ ਇੱਕ ਅਜਿਹਾ ਹਨੇਰਾ ਹੈ, ਜਿਸ ਵਿੱਚ ਕਿਸੇ ਵੀ ਪ੍ਰਕਾਰ ਦਾ ਵਿਕਾਸ ਸੰਭਵ ਨਹੀਂ ਹੈ। ਸੁਹਜਮਈ ਦ੍ਰਿਸ਼ਟੀ, ਜੋ ਕਿ ਸ਼ੁਭ ਕਲਾਵਾਂ ਦੀ ਜਨਮਦਾਤੀ ਹੈ, ਉਹ ਕਦੇ ਅਗਿਆਨਤਾ ਵਿੱਚ ਪਨਪ ਨਹੀਂ ਸਕਦੀ। ਅਗਿਆਨਤਾ ਵਿੱਚ ਹਿਰਦੇ ਕਦੇ ਖੁਸ਼ ਨਹੀਂ ਹੁੰਦੇ ਤੇ ਚਿਹਰੇ ਕਦੇ ਖਿੜਦੇ ਨਹੀਂ ਹੁੰਦੇ। ਅੱਖਾਂ ਵਿੱਚ ਤਾਂਘ ਅਤੇ ਤਾਘਾਂ ਵਿੱਚ ਸੁਪਨੇ ਅਗਿਆਨਤਾ ਵਿੱਚੋਂ ਕਦੇ ਵੀ ਨਹੀਂ ਜਨਮ ਸਕਦੇ। ਬਿਮਾਰੀ, ਵਿਚਾਰਗੀ, ਗੁਲਾਮੀ ਅਤੇ ਅਗਿਆਨਤਾ ਸਭ ਗਰੀਬੀ ਅਤੇ ਗੁਰਬਤ ਦੀਆਂ ਨਿਸ਼ਾਨੀਆਂ ਅਤੇ ਦੇਣ ਹਨ। ਇਸ ਲਈ ਜਦੋਂ ਤਕ ਗਰੀਬੀ ਰਹੇਗੀ, ਉਦੋਂ ਤਕ ਸੰਸਾਰ ਵਿੱਚ ਦੁੱਖਾਂ ਦੇ ਬੱਦਲ ਮੰਡਰਾਉਂਦੇ ਰਹਿਣਗੇ।
ਆਰਥਿਕ ਮੰਦਹਾਲੀ ਅਤੇ ਆਰਥਿਕ ਗੁਲਾਮੀ ਦੇ ਚਲਦਿਆਂ ਨਿੱਜੀ ਅਜ਼ਾਦੀ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਜ਼ਿੰਦਗੀ ਦੀਆਂ ਬਹੁਤਾਤ ਬਰਕਤਾਂ ਆਰਥਿਕ ਖੁਸ਼ਹਾਲੀ ਉੱਤੇ ਨਿਰਭਰ ਕਰਦੀਆਂ ਹਨ। ਇਸ ਦੁਨੀਆਂ ਵਿੱਚ ਚਾਹੇ ਜਿਹੜਾ ਮਰਜ਼ੀ ਰਾਜਨੀਤਕ ਪ੍ਰਬੰਧ ਸਥਾਪਿਤ ਕਰਦੇ ਰਹੋ ਪਰ ਜਿੰਨੀ ਦੇਰ ਲੋਕਾਂ ਦੀ ਆਰਥਿਕ ਹਾਲਤ ਨਹੀਂ ਸੁਧਰੇਗੀ, ਉਨ੍ਹੀਂ ਦੇਰ ਮਨੁੱਖੀ ਜੀਵਨ ਅਤੇ ਦੇਸ਼ ਖੁਸ਼ਹਾਲੀ ਦੀ ਰਾਹ ਨਹੀਂ ਪੈ ਸਕੇਗਾ। ਹਰ ਹੱਥ ਨੂੰ ਕੰਮ ਕਰਨਾ ਸਿਖਾਏ ਬਿਨਾਂ ਜ਼ਿੰਦਗੀ ਦੀ ਉਸਾਰੀ ਨਹੀਂ ਹੋ ਸਕਦੀ। ਆਰਥਿਕ ਹਾਲਤ ਵਿੱਚ ਸੁਧਾਰ ਅਤੇ ਭਰੋਸੇ ਬਗੈਰ ਜ਼ਿੰਦਗੀ ਕਦੇ ਉੱਚੇ ਅਤੇ ਸੁੱਚੇ ਸੁਪਨੇ ਨਹੀਂ ਲੈ ਸਕਦੀ। ਆਰਥਿਕ ਮੰਦਹਾਲੀ ਵਾਲੇ ਵਿਅਕਤੀ ਨੂੰ ਜਿੱਥੇ ਜਵਾਨੀ ਵਿੱਚ ਕੋਈ ਸੁਖ ਨਸੀਬ ਨਹੀਂ ਹੁੰਦਾ, ਉੱਥੇ ਉਸ ਨੂੰ ਬੁਢਾਪੇ ਵਿੱਚ ਬੇਵਸੀ ਦੀ ਹਾਲਤ ਨਿੰਮੋਝੂਣਾ ਬਣਾਈ ਰੱਖਦੀ ਹੈ। ਆਰਥਿਕ ਮੰਦਹਾਲੀ ਕਾਰਨ ਜਵਾਨੀ ਵੀ ਫਾਕੇ ਕੱਟਦੀ ਹੈ ਤੇ ਬੁਢਾਪਾ ਵੀ ਰੁਲਦਾ ਹੈ। ਜ਼ਿੰਦਗੀ ਦਾ ਸਭ ਤੋਂ ਕਰੂਪ ਦ੍ਰਿਸ਼ ਕਿਸੇ ਬਜ਼ੁਰਗ ਨੂੰ ਭੀਖ ਮੰਗਦੇ ਵੇਖਣਾ ਹੁੰਦਾ ਹੈ, ਕਿਸੇ ਬੇਵੱਸ ਮੁਟਿਆਰ ਨੂੰ ਕੁਝ ਪੈਸਿਆਂ ਖਾਤਰ ਮਜਬੂਰੀ ਵੱਸ ਤਨ ਵੇਚਣਾ ਹੁੰਦਾ ਹੈ ਅਤੇ ਕਿਸੇ ਮਜਬੂਰ ਜਵਾਨ ਦਾ ਗਲਤ ਅਨਸਰਾਂ ਦੇ ਹੱਥਾਂ ਵਿੱਚ ਆ ਕੇ ਜ਼ਿੰਦਗੀ ਦੇ ਅਤਿ ਘਟੀਆ ਕੰਮ ਕਰਨਾ ਹੁੰਦਾ ਹੈ। ਜ਼ਿੰਦਗੀ ਦੇ ਦੀਵੇ ਨੂੰ ਜਗਾਈ ਰੱਖਣ ਲਈ ਤੇਲ ਪਾਉਣਾ ਹੀ ਪੈਂਦਾ ਹੈ।
ਜਿਸ ਪਾਸੇ ਮਰਜ਼ੀ ਨਜ਼ਰ ਮਾਰ ਲਵੋ, ਕਾਰੋਬਾਰਾਂ ਜਾਂ ਪੈਦਾਵਾਰਾਂ ਦੇ ਸਭ ਸਾਧਨਾਂ ਦੇ ਮਾਲਕ ਸਰਮਾਏਦਾਰ ਹਨ ਪਰ ਉਹਨਾਂ ਨੂੰ ਚਲਾਉਣ ਵਾਲੇ ਸਭ ਗਰੀਬ ਮਜ਼ਦੂਰ ਹਨ। ਇਹ ਮਜ਼ਦੂਰ, ਕਾਮੇ ਜੋ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ, ਇਸੇ ਮਜਬੂਰੀ ਵੱਸ ਆਪਣੇ ਪੇਟ ਦੀ ਅੱਗ ਨੂੰ ਝੁਲਕਾ ਦੇਣ ਲਈ ਸਾਰੀ ਉਮਰ ਆਪਣਾ ਖੂਨ ਪਸੀਨਾ ਸਰਮਾਏਦਾਰਾਂ ਦੀ ਸੇਵਾ ਵਿੱਚ ਲਗਾ ਦਿੰਦੇ ਹਾਂ। ਮੈਂ ਬਹੁਤ ਸਾਰੇ ਲੋਕਾਂ ਨੂੰ ਆਮ ਹੀ ਇਹ ਕਹਿੰਦਿਆਂ ਸੁਣਿਆ ਹੈ ਕਿ “ਰੱਬ ਕ੍ਰਿਪਾ ਕਰੇ ਮੇਰੇ ’ਤੇ ਮੈਂ ਏਨਾ ਅਮੀਰ ਹੋ ਜਾਵਾਂ ਕਿ ਬਾਅਦ ਵਿੱਚ ਗਰੀਬ ਗੁਰਬਿਆਂ ਦੀ ਮਦਦ ਕਰ ਸਕਾਂ।” ਇਹ ਗੱਲ ਮਾੜੀ ਨਹੀਂ ਪਰ ਮੈਂ ਸੋਚਦੀ ਹੁੰਦੀ ਹਾਂ ਕਿ ਅਸੀਂ ਰੱਬ ਕੋਲੋਂ ਆਪਣੀ ਅਮੀਰੀ ਤਾਂ ਮੰਗ ਲਈ, ਪਰ ਨਾਲ ਦੀ ਨਾਲ ਇਹ ਵੀ ਮੰਗ ਲਿਆ ਕਿ ਜੋ ਗਰੀਬ ਹੈ, ਉਸ ਨੂੰ ਗਰੀਬ ਹੀ ਰਹਿਣ ਦਿੱਤਾ ਜਾਵੇ। ਇਸਦੀ ਬਜਾਇ ਸਾਡੀ ਇਹ ਅਰਦਾਸ ਕਿਉਂ ਨਹੀਂ ਹੁੰਦੀ ਕਿ ਇਸ ਦੁਨੀਆਂ ਵਿੱਚ ਕੋਈ ਅਜਿਹਾ ਨਾ ਹੋਵੇ ਜੋ ਆਰਥਿਕ ਪੱਖੋਂ ਕਮਜ਼ੋਰ ਹੋਵੇ ਤੇ ਇੱਕ ਵਧੀਆ ਜ਼ਿੰਦਗੀ ਜਿਊਣ ਲਈ ਉਸ ਨੂੰ ਕਿਸੇ ਦੇ ਹੱਥਾਂ ਵੱਲ ਦੇਖਣ ਦੀ ਜ਼ਰੂਰਤ ਹੀ ਨਾ ਹੋਵੇ।
ਕੋਈ ਵੀ ਦੇਸ਼, ਜਿਸ ਵਿੱਚ ਬਹੁਤਾਤ 24 ਸਾਲਾਂ ਨੌਜਵਾਨ ਵਰਗ ਜੇਕਰ ਬੇਰੁਜ਼ਗਾਰ ਹੈ ਤਾਂ ਉਸ ਦੇਸ਼ ਦੀ ਵਧੀਆ ਅਰਥਵਿਵਸਥਾ ਦੀ ਆਸ ਰੱਖਣੀ ਬੇਅਰਥ ਹੈ। ਇੱਕ ਬਹੁਤ ਹੀ ਆਮ ਜਿਹੀ ਉਦਾਹਰਣ ਹੈ ਕਿ ਬਾਹਰਲੇ ਮੁਲਕ ਜਿਵੇਂ ਕਿ ਅਮਰੀਕਾ, ਕਨੇਡਾ ਆਦਿ ਇੰਨੇ ਖੁਸ਼ਹਾਲ ਕਿਉਂ ਹਨ? ਕਿਉਂਕਿ ਉੱਥੋਂ ਦਾ ਹਰ 18 ਸਾਲ ਦਾ ਜਵਾਨ ਆਰਥਿਕ ਪੱਖੋਂ ਅਜ਼ਾਦ ਹੁੰਦਾ ਹੈ। ਜਿੱਥੇ ਸਾਡੇ ਭਾਰਤ ਵਰਗੇ ਦੇਸ਼ ਵਿੱਚ 18 ਸਾਲ ਦੇ ਬਹੁਗਿਣਤੀ ਬੱਚੇ ਜਵਾਨੀ ਦੇ ਨਸ਼ੇ ਵਿੱਚ ਡੁੱਬੇ ਹੁੰਦੇ ਹਨ, ਘਰ ਪਰਿਵਾਰ ਦੇ ਮੈਂਬਰ ਮੋਹ ਵੱਸ ਉਹਨਾਂ ਨੂੰ ਆਪਣੀ ਬੁੱਕਲ ਵਿੱਚ ਬਿਠਾਈ ਰੱਖਦੇ ਹਨ, ਉੱਥੇ ਬਾਹਰਲੇ ਮੁਲਕਾਂ ਦੇ ਬੱਚੇ ਆਪਣੇ ਭਵਿੱਖ ਦੇ ਟੀਚੇ ਮਿੱਥ ਰਹੇ ਹੁੰਦੇ ਹਨ। ਸਾਡੇ ਦੇਸ਼ ਵਿੱਚ ਮਾਪਿਆਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੁੰਦਾ ਹੈ ਬੱਚਿਆਂ ਦੀਆਂ ਰੀਝਾਂ ਅਤੇ ਮੰਗਾਂ ਪੂਰਿਆਂ ਕਰਨ ਵਿੱਚ, ਓਧਰ ਵਿਕਸਿਤ ਦੇਸ਼ਾਂ ਵਿੱਚ ਮਾਪੇ ਬੱਚੇ ਨੂੰ ਪੈਰਾਂ ਸਿਰ ਕਰਨ ਲਈ ਪੜ੍ਹਾਈ ਦੇ ਨਾਲ ਨਾਲ ਨੌਕਰੀ ਕਰਨ ਲਈ ਕਹਿੰਦੇ ਹਨ।
ਜਿੱਥੇ ਸਾਡੇ ਦੇਸ਼ ਦੀਆਂ ਸਰਕਾਰਾਂ ਜਨਤਾ ਨੂੰ ਲੁੱਟਣ ਦੇ ਨਵੇਂ ਨਵੇਂ ਰਾਹ ਲੱਭ ਰਹੀਆਂ ਹੁੰਦੀਆਂ ਹਨ, ਉੱਥੇ ਬਾਹਰਲੇ ਮੁਲਕਾਂ ਵਿੱਚ ਸਰਕਾਰਾਂ ਨੌਜਵਾਨਾਂ ਨੂੰ ਕਾਰੋਬਾਰ ਮੁਹਈਆ ਕਰਵਾਉਣ ਦੇ ਸਾਧਨ ਲੱਭ ਰਹੀਆਂ ਹੁੰਦੀਆਂ ਹਨ। ਵਰਲਡ ਬੈਂਕ ਦੁਆਰਾ ਪੇਸ਼ ਕੀਤੇ ਤਾਜ਼ੇ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿੱਚ 719 ਮਿਲੀਅਨ ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਦੇ ਬੋਝ ਨੂੰ ਢੋਅ ਰਹੇ ਹਨ ਜਦਕਿ ਇਸ ਗਿਣਤੀ ਵਿੱਚ ਭਾਰਤ ਦੀ 34 ਮਿਲੀਅਨ ਜਨਤਾ ਸ਼ਾਮਿਲ ਹੈ ਜੋ ਗਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਕੱਟਣ ਲਈ ਮਜਬੂਰ ਹੈ। ਇਹ ਅੰਕੜੇ ਭਿਆਨਕ ਹਨ, ਇਹ ਉਹਨਾਂ ਲੋਕਾਂ ਦੀ ਗਿਣਤੀ ਹੈ ਜਿਨ੍ਹਾਂ ਲਈ ਬੁਨਿਆਦੀ ਸਹੂਲਤਾਂ ਤਾਂ ਬਹੁਤ ਦੂਰ, ਖਾਣ ਲਈ ਦੋ ਵਕਤ ਦਾ ਰੱਜਵਾਂ ਭੋਜਨ ਵੀ ਨਸੀਬ ਨਹੀਂ ਹੁੰਦਾ। ਇਹਨਾਂ ਲੋਕਾਂ ਤੋਂ ਇਲਾਵਾ ਹੋਰ ਵੀ ਲੱਖਾਂ ਕਰੋੜਾਂ ਲੋਕ ਹਨ ਜੋ ਖੂਨ-ਪਸੀਨਾ ਇੱਕ ਕਰਕੇ ਬਹੁਤ ਮੁਸ਼ਕਿਲ ਨਾਲ ਭੋਜਨ ਦਾ ਆਹਰ ਕਰਦੇ ਹਨ।
ਹਰ ਇੱਕ ਦੀ ਦਿਲੀ ਤਮੰਨਾ ਹੈ ਕਿ ਉਹ ਇੱਕ ਖੁਸ਼ਹਾਲ ਜੀਵਨ ਜੀਵੇ, ਪਰ ਅਜਿਹੇ ਜੀਵਨ ਲਈ ਸਾਧਨਾਂ ਦੀ ਵਿਵਸਥਾ ਹੋਣੀ ਬਹੁਤ ਜ਼ਰੂਰੀ ਹੈ। ਇਹ ਵਿਵਸਥਾ ਦੀ ਜ਼ਿੰਮੇਵਾਰੀ ਸਮੇਂ ਦੀਆਂ ਸਰਕਾਰਾਂ ਆਪਣੇ ਸਿਰ ਲੈਂਦੀਆਂ ਹਨ। ਕਿਸੇ ਵੀ ਸਰਕਾਰ, ਵਿਵਸਥਾ ਨੂੰ ਉਦੋਂ ਤਕ ਕਾਮਯਾਬ ਨਹੀਂ ਕਿਹਾ ਜਾ ਸਕਦਾ ਜਿੰਨੀ ਦੇਰ ਉਹਨਾਂ ਦੇ ਕਾਰਜਕਾਲ ਦੌਰਾਨ ਲੋਕਾਂ ਦੇ ਆਰਥਿਕ ਪੱਧਰ ਦਾ ਵਿਕਾਸ ਨਹੀਂ ਹੁੰਦਾ। ਲੱਖਾਂ ਪੁਲ ਬਣ ਜਾਣ, ਸੜਕਾਂ ਬਣ ਜਾਣ, ਵੱਡੀਆਂ ਵੱਡੀਆਂ ਇਮਾਰਤਾਂ ਖੜ੍ਹੀਆਂ ਹੋ ਜਾਣ, ਵਿਦੇਸ਼ਾਂ ਨਾਲ ਸੰਧੀਆਂ ਜਾਂ ਸੁਖਾਵੇਂ ਸੰਬੰਧ ਸਥਾਪਿਤ ਹੋ ਜਾਣ, ਸਭ ਬੇਅਰਥ ਹਨ ਜਿੰਨੀ ਦੇਰ ਦੇਸ਼ ਦੇ ਲੋਕਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਨਹੀਂ ਹੁੰਦਾ।
ਸੋ ਮੁੱਕਦੀ ਗੱਲ ਕਿ ਸਰਕਾਰਾਂ ਨੂੰ ਅਤੇ ਲੋਕਾਂ ਨੂੰ ਇਹ ਸਮਝਣਾ ਪਵੇਗਾ ਕਿ ਇੱਕ ਖੁਸ਼ਹਾਲ ਜੀਵਨ ਲਈ ਦੇਸ਼ ਦੀ ਜਨਤਾ ਦਾ ਆਰਥਿਕ ਪੱਖੋਂ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਹ ਯਕੀਨੀ ਬਣਾਉਣਾ ਪਵੇਗਾ ਕਿ ਦੇਸ਼ ਦੇ ਹਰ ਵਰਗ ਦੇ ਵਿਅਕਤੀ ਕੋਲ ਦੋ ਵੇਲੇ ਦੀ ਸੁਖਾਵੀਂ ਰੋਟੀ ਅਤੇ ਨਿੱਜੀ ਜ਼ਰੂਰਤਾਂ ਪੂਰੀਆਂ ਕਰਨ ਦੀ ਆਰਥਿਕ ਸਮਰੱਥਾ ਹੋਵੇ। ਇਸਦਾ ਹੱਲ ਇਹੀ ਹੈ ਕਿ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ, ਨੌਜਵਾਨਾਂ ਨੂੰ ਸਿੱਖਿਅਤ ਕੀਤਾ ਜਾਵੇ, ਜਵਾਨੀ ਦੇ ਜੋਸ਼ ਨੂੰ ਸਾਰਥਕ ਪਾਸੇ ਲਾ ਕੇ ਉਹਨਾਂ ਦੀ ਨਿੱਜੀ ਅਤੇ ਦੇਸ਼ ਦੀ ਤਰੱਕੀ ਦੇ ਰਾਹ ਖੋਲ੍ਹੇ ਜਾਣ। ਇੱਕ ਚੰਗਾ, ਵਿਕਸਿਤ ਦੇਸ਼ ਉਹੀ ਹੈ, ਜਿਸ ਵਿੱਚ ਹਰ ਕੋਈ ਖੁਸ਼ਹਾਲ ਜ਼ਿੰਦਗੀ ਜਿਊ ਰਿਹਾ ਹੋਵੇ। ਬੇਫਿਕਰੀ ਅਤੇ ਅਜ਼ਾਦ ਪਰਿੰਦੇ ਵਾਲੀ ਜ਼ਿੰਦਗੀ ਜਿਊਣ ਦੀ ਪਹਿਲੀ ਪੌੜੀ ਆਰਥਿਕ ਪੱਖੋਂ ਖੁਸ਼ਹਾਲ ਹੋਣਾ ਹੈ, ਆਓ ਇਸ ਪੌੜੀ ’ਤੇ ਚੜ੍ਹਨ ਦੇ ਸਾਰਥਕ ਰਾਹ ਲੱਭੀਏ। ਨੌਜਵਾਨ ਖੁਦ ਵੀ ਆਪਣੀ ਕਲਾ ਦੀ ਪਛਾਣ ਕਰਨ, ਆਪਣੇ ਹੁਨਰ ਦੇ ਬਲਬੂਤੇ ’ਤੇ ਛੋਟੇ ਮੋਟੇ ਕੰਮ ਸ਼ੁਰੂ ਕਰਨ। ਕੇਵਲ ਸਰਕਾਰਾਂ ਦੇ ਮੂੰਹ ਕੰਨੀ ਦੇਖਣਾ ਵਿਅਰਥ ਹੈ, ਨੌਜਵਾਨ ਖੁਦ ਵੀ ਯਤਨ ਕਰਨ ਕਿ ਕੋਈ ਨਿੱਕੇ ਕਾਰੋਬਾਰ ਸ਼ੁਰੂ ਕਰਕੇ ਆਪਣੇ ਰੁਜ਼ਗਾਰ ਦੇ ਰਾਹ ਖੋਲਣ ਕਿਉਂਕਿ ਇਹ ਜੀਵਨ ਸਾਡਾ ਹੈ ਤਾਂ ਇਸ ਨੂੰ ਖੁਸ਼ਹਾਲ ਬਣਾਉਣ ਦੀ ਜ਼ਿੰਮੇਵਾਰੀ ਪਹਿਲ ਦੇ ਆਧਾਰ ਸਾਡੀ ਖੁਦ ਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4713)
(ਸਰੋਕਾਰ ਨਾਲ ਸੰਪਰਕ ਲਈ: (