ParminderAdi7ਹਨੇਰੀ ਆਪਣਾ ਕੰਮ ਕਰਦੀ ਹੈ   ਅਸੀਂ ਆਪਣਾ ਕੰਮ ਕਰਦੇ ਹਾਂ   ਨਾ ਹਨੇਰੀ ਹਾਰਦੀ ਹੈ   ਨਾ ਹਾਰਦੇ ਹਾਂ ਅਸੀਂ ...
(29 ਸਤੰਬਰ 2016)

 

ਲਾਲ ਪਰਿੰਦੇ

ਅਕਾਸ਼ ਵਿੱਚ
ਇੱਕ ਤਾਰਾ ਚਮਕਦਾ ਹੈ

ਉਸ ਤੋਂ ਉਧਾਰੀ ਲੈ ਕੇ
ਥੋੜੀ ਜਿਹੀ ਚਮਕ
ਇੱਕ ਤਾਰਾ ਹੋਰ ਚਮਕਦਾ ਹੈ

ਫੇਰ ਇੱਕ ਹੋਰ
ਇੱਕ ਹੋਰ
ਇੱਕ ਹੋਰ
ਹੋਰ ... ਹੋਰ ... ਹੋਰ

ਸਾਰਾ ਅਕਾਸ਼
ਜਗ-ਮਗ, ਜਗ-ਮਗ ਕਰਦੇ
ਤਾਰਿਆਂ ਨਾਲ
ਜਗਮਗਾਉਣ ਲੱਗਦਾ ਹੈ

ਮੇਰੇ ਰੀਡਿੰਗ ਰੂਮ 'ਚ
“ਲਾਲ ਪਰਿੰਦੇ” ਦੇ ਪੰਨੇ ਫੜਫੜਾਉਂਦੇ ਨੇ

ਮੇਰੇ ਅੰਦਰ
ਉਮੀਦ ਦੀ ਕਿਰਨ
ਜਗਮਗਉਣ ਲੱਗਦੀ ਹੈ
ਲੱਖਾਂ ਕਰੋੜਾਂ ਤਾਰਿਆਂ ਦੇ
ਨਾਲ-ਨਾਲ

  **

ਬੇ ਘਰ ਮਜ਼ਦੂਰ ਬੱਚਿਆਂ ਦੀ ਕਵਿਤਾ

ਫੁੱਲ ਮਿਲੇ ਨਾ ਤਾਰੇ
ਸਾਰਾ ਅਕਾਸ਼
ਸਾਰੀ ਧਰਤੀ
ਖਾਲੀ ਖਾਲੀ ਹੈ

ਚਮਕਦੀਆਂ
ਸੁਪਨਸ਼ੀਲ ਅੱਖਾਂ
ਦਰਦ ਨਾਲ ਭਰੀਆਂ ਭਰੀਆਂ ਹਨ

             **

    ਘਰ

ਨਿੱਕੇ ਵੱਡੇ ਘਰ
ਬਣਾਉਂਦੇ ਹਾਂ ਅਸੀਂ
ਗਿੱਲੀ ਮਿੱਟੀ
ਇੱਟਾਂ ਰੋੜੇ
ਰੇਤਾ ਬਜਰੀ ਸੀਮਿੰਟ ਦੇ

ਨਾਲ ਨਾਲ
ਪਸੀਨੇ ਦੀਆਂ ਬੂੰਦਾਂ
ਸਾਹਾਂ ਦਾ ਨਿੱਘ
ਹੱਥਾਂ ਦੀ ਗਰਮਾਹਟ
ਘੁਲ ਮਿਲ ਜਾਂਦੀ ਹੈ

ਹਨੇਰੀ
ਆਪਣਾ ਕੰਮ ਕਰਦੀ ਹੈ
ਅਸੀਂ ਆਪਣਾ ਕੰਮ ਕਰਦੇ ਹਾਂ
ਨਾ ਹਨੇਰੀ ਹਾਰਦੀ ਹੈ
ਨਾ ਹਾਰਦੇ ਹਾਂ ਅਸੀਂ

       **

ਕਲਾ ਤੇ ਕਿਰਤ

ਮੈਂ ਖੇਤਾਂ ’ਚ
ਫਸਲ ਬੀਜ ਰਿਹਾ ਹੋਵਾਂਗਾ
ਤੂੰ ਗਮਲਿਆਂ ਵਿਚ
ਫੁੱਲ ਲਾ ਰਹੀ ਹੋਵੇਂਗੀ

ਮੈਂ ਕਵਿਤਾ ਲਿਖਣ ਵਿਚ
ਰੁੱਝਿਆ ਹੋਵਾਂਗਾ
ਤੂੰ ਨਵੀਂ ਬਣਾਈ ਤਸਵੀਰ ਵਿਚ
ਰੰਗ ਭਰ ਰਹੀ ਹੋਵੇਗੀ

ਤੇਰੇ ਹੱਥਾਂ ਦੀ ਕੋਮਲਤਾ
ਮੇਰੇ ਹੱਥਾਂ ਵਿਚ
ਜਿਉਂ ਰਹੀ ਹੋਵੇਗੀ

ਮੇਰਾ ਚੁੰਮਣ
ਤੇਰੇ ਸਾਹਾਂ ਨਾਲ
ਸਾਹ ਲੈ ਰਿਹਾ ਹੋਵੇਗਾ

ਤਾਰਿਆਂ ਦਾ ਕੀ ਹੈ
ਤਾਰੇ ਤਾਂ
ਦੂਰ ਆਸਮਾਨ ਵਿਚ
ਟਿਮ ਟਿਮਾ ਰਹੇ ਹੋਣਗੇ

        **

    ਨੀਂਹ ਪੱਥਰ

ਕਈ ਵਾਰ ਸਾਰਾ ਕੁਝ
ਸ਼ੁਰੂ ਤੋਂ ਹੀ
ਸ਼ੁਰੂ ਕਰਨਾ ਪੈਂਦਾ ਹੈ

ਜਿਵੇਂ ਰੜੇ ਮੈਦਾਨ ਵਿਚ
ਮਕਾਨ ਉਸਾਰਨਾ ਹੋਵੇ
ਜਿਵੇਂ ਬੰਜਰ ਜਮੀਨ ਵਿਚ
ਫਸਲ ਬੀਜਣ ਲਈ
ਧਰਤੀ ਤੇ ਮਾਰਨਾ ਹੋਵੇ
ਪਹਿਲਾ ਟੱਕ

ਜਿਵੇਂ ਨਵ ਜੰਮੇ ਬਾਲ ਨੂੰ
ਹੱਥਾਂ ਤੇ ਚੁੱਕਿਆ ਹੋਵੇ

ਟੁੱਟ ਭੱਜ ਦੇ ਇਸ ਦੌਰ ਵਿਚ
ਨਵੀਂ ਉਸਾਰੀ ਹੈ ਤਾਂ ਮੁਸ਼ਕਿਲ
ਬਾਵਜੂਦ ਇਸਦੇ
ਮੇਰੀਆਂ ਅੱਖਾਂ
ਕਿਸੇ ਨੂੰ ਲੱਭਦੀਆਂ ਹਨ

        **

      ਮਾਇਆ ਜਾਲ਼

ਚੰਨ ਕਿੰਨਾ ਖੂਬਸੂਰਤ ਹੈ!”

ਚੰਨ ਵੱਲ ਉਂਗਲ ਕਰ
ਉਹ ਜਦ ਵੀ ਆਖਦੀ
ਤਾਂ ਚੰਨ ਦੀ ਚਾਨਣੀ ’ਚ
ਭਿੱਜ ਜਾਂਦੀ
ਅੱਖਾਂ ਚੁੰਧਿਆ ਜਾਂਦੀਆਂ
ਤੇਜ਼ ਚਮਕ ਨਾਲ

ਤਾਰੇ ਹਮੇਸ਼ਾ ਵਾਂਗ
ਜਗਦੇ ਬੁਝਦੇ, ਬੁਝਦੇ ਜਗਦੇ

ਹਨੇਰੇ ’ਚ ਲੁਕੇ
ਭਮੱਕੜ ਹੱਸਦੇ ਰਹਿੰਦੇ
ਉੱਚੀ ਉੱਚੀ, ਹੌਲੀ ਹੌਲੀ

ਨਾਅਰਿਆਂ ਦੀ ਅਵਾਜ਼ ’ਚੋਂ
ਇੱਕ ਨਾਅਰਾ ਬਾਹਰ ਨਿਕਲਿਆ
ਫੜ ਕੇ ਉਸਦੀ ਬਾਂਹ
ਲੈ ਗਿਆ ਇੱਕ ਖਾਸ ਉਚਾਈ ’ਤੇ
ਜਿੱਥੋਂ ਚੰਨ ਦਿਸਦਾ
ਦਿਸਦਾ ਬਿਲਕੁਲ ਸਾਫ ਸਾਫ

ਅੱਖਾਂ ਤੇ ਚੰਨ ਵਿਚਲੇ ਧੁੰਦਲਕੇ ਨੂੰ
ਉਸਨੇ ਸਾਫ ਕੀਤਾ
ਸਾਫ ਕੀਤਾ ਬਹੁਤ ਸਮਝਦਾਰੀ ਨਾਲ
ਤੇ ਲੈ ਆਇਆ
ਚੰਨ ਨੂੰ ਬਿਲਕੁਲ ਸਾਹਮਣੇ
ਉਸਦੇ ਅਸਲੀ ਰੂਪ ’ਚ

ਚੰਨ ਨੂੰ ਦੇਖਕੇ ਅਲਫ਼ ਨੰਗਾ
ਉਹ ਚੀਕੀ
ਚੀਕੀ ਜੋਰ ਜੋਰ ਨਾਲ

ਅੱਖਾਂ ਲਾਲ ਸੁਰਖ
ਲਟ ਲਟ ਬਲਣ ਲੱਗੀਆਂ

ਨਾਅਰਿਆਂ ਦੀਆਂ ਅਵਾਜ਼ਾਂ ਵਿਚ
ਇੱਕ ਉੱਚੀ ਅਵਾਜ਼
ਹੋਰ ਰਲ ਗਈ।

*****

(445)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪਰਮਿੰਦਰ ਆਦੀ

ਪਰਮਿੰਦਰ ਆਦੀ

Phone: (91 - 95019 - 26200)
Email:
(parminderkkl@gmail.com)