ParminderAdi7ਇਹ ਨਾਵਲ ਸੱਤਵੇਂ ਦਹਾਕੇ (1970-1980) ਵਿੱਚ ਕਲਕੱਤੇ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਬਿਆਨ ਕਰਦਾ ਹੈ ...
(ਜੁਲਾਈ 30, 2016)

 

ਮਹਾਸ਼ਵੇਤਾ ਦੇਵੀ

ਜਨਮ: 14 ਜਨਵਰੀ  1926 (ਢਾਕਾ)
ਮੌਤ: 28 ਜੁਲਾਈ  2016 (ਕਲਕੱਤਾ)


ਪਿਛਲੇ ਸਮੇਂ ਦੌਰਾਨ ਮੈਂ ਜਿਹੜੀਆਂ ਕਿਤਾਬਾਂ ਪੜ੍ਹਦਾ ਰਿਹਾ ਹਾਂ ਉਹਨਾਂ ਵਿੱਚੋਂ ਮੈਨੂੰ ਸਭ ਤੋਂ ਮਹੱਤਪੂਰਨ ਮਹਾਸ਼ਵੇਤਾ ਦੇਵੀ ਦਾ ਬੰਗਾਲੀ ਨਾਵਲ ‘1084ਵੇਂ ਦੀ ਮਾਂ’ ਲੱਗਿਆ। ਇਹ ਕਿਤਾਬ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਕਿਤਾਬ ਪੜ੍ਹਦਿਆਂ ਜਿੱਥੇ ਅਸੀਂ ਦੱਬੇ-ਕੁਚਲੇ ਲੋਕਾਂ ਦੇ ਦੁਖਾਂਤ ਬਾਰੇ ਜਾਣਦੇ ਹਾਂ
, ਉੱਥੇ ਇਸਦੇ ਅਧਿਐਨ ਨਾਲ ਸਾਡੀ ਰਾਜਸੀ ਚੇਤਨਾ ਵੀ ਤਿੱਖੀ ਹੁੰਦੀ ਹੈ। ਮਹਾਸ਼ਵੇਤਾ ਦੇਵੀ ਨੇ ਆਪਣੀ ਇਸ ਰਚਨਾ ਵਿੱਚ ਇਨਕਲਾਬੀ ਵਿਚਾਰਾਂ ਵਾਲੇ ਨੌਜਵਾਨ ਅਤੇ ਉਸਦੀ ਮਾਂ ਦੇ ਚਰਿੱਤਰ ਨੂੰ ਉਭਾਰਿਆ ਹੈ।

ਕਿਤਾਬ ਪੜ੍ਹਨ ਤੋਂ ਪਹਿਲਾਂ ਪਾਠਕ ਨੂੰ ਕਿਤਾਬ ਦਾ ਨਾਮ ‘1084ਵੇਂ ਦੀ ਮਾਂ’ ਅਜੀਬ ਜਿਹਾ ਲੱਗਦਾ ਹੈ ਪਰ ਜਿਵੇਂ-ਜਿਵੇਂ ਅਸੀਂ ਕਿਤਾਬ ਪੜ੍ਹਦੇ ਜਾਂਦੇ ਹਾਂ, ਸਾਨੂੰ ਸਭ ਕੁਝ ਸਪਸ਼ਟ ਹੁੰਦਾ ਜਾਂਦਾ ਹੈ। ਸੁਜਾਤਾ, ਜੋ ਵ੍ਰਤੀ ਦੀ ਮਾਂ ਹੈ, ਉਹ 1084ਵੇਂ ਦੀ ਮਾਂ ਕਿਵੇਂ ਬਣੀ ਤੇ ਉਸਨੂੰ ਅਜਿਹਾ ਬਣਾਣ ਵਾਲੇ ਲੋਕ ਆਖ਼ਰ ਕੌਣ ਹਨਸਾਡੇ ਸਮਾਜ ਦੇ ਸਵੀਕ੍ਰਿਤ ਗੁੰਡੇ ਜਾਂ ਸਾਡੀ ਰਾਜਨੀਤਿਕ ਵਿਵਸਥਾ, ਜਿਸ ਤੋਂ ਵ੍ਰਤੀ ਵਰਗੇ ਨੌਜਵਾਨਾਂ ਦਾ ਵਿਸ਼ਵਾਸ ਉੱਠ ਗਿਆ ਸੀ। ਇਸ ਨਿਜ਼ਾਮ ਵਿੱਚ ਉਹਨਾਂ ਨੂੰ ਸੁਧਾਰ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ, ਇਹੀ ਕਾਰਨ ਹੈ ਕਿ ਉਹ ਇਸ ਨਿਜ਼ਾਮ ਨੂੰ ਬਦਲਣਾ ਚਾਹੁੰਦੇ ਹਨ। ਮਨ ਵਿੱਚ ਵਿਦਰੋਹ ਪੈਦਾ ਹੁੰਦਾ ਹੈ ਤੇ ਉਹ ਇਸ ਰਾਜਨੀਤਿਕ ਪ੍ਰਬੰਧ ਦੇ ਖ਼ਿਲਾਫ ਸਰਗਰਮ ਹੋਣ ਲੱਗਦੇ ਹਨ। ਨਤੀਜਾ ਵ੍ਰਤੀ ਅਤੇ ਉਸਦੇ ਸਾਥੀਆਂ ਨੂੰ ਮਾਰ ਦਿੱਤਾ ਜਾਂਦਾ ਹੈ। ਕਾਤਲਾਂ ਦੀ ਪਿੱਠ ਉੱਤੇ ਕਿਉਂਕਿ ਸਰਕਾਰ ਦਾ ਹੱਥ ਹੁੰਦਾ ਹੈ, ਇਸ ਲਈ ਉਹਨਾਂ ਖ਼ਿਲਾਫ ਕੋਈ ਕਾਰਵਾਈ ਨਹੀਂ ਹੁੰਦੀ। ਕੋਈ ਰਿਪੋਰਟ ਦਰਜ਼ ਨਹੀਂ ਹੁੰਦੀ। ਉਹ ਖੁੱਲ੍ਹੇਆਮ ਘੁੰਮਦੇ ਹਨ। ਵ੍ਰਤੀ ਅਤੇ ਉਸਦੇ ਸਾਥੀਆਂ ਨੂੰ ਭਟਕੇ ਹੋਏ ਕਰਾਰ ਦਿੱਤਾ ਜਾਂਦਾ ਹੈ। ਮਰਨ ਤੋਂ ਬਾਅਦ ਵੀ ਵ੍ਰਤੀ ਦੀ ਲਾਸ਼ ਉਸਦੀ ਮਾਂ ਨੂੰ ਨਹੀਂ ਦਿੱਤੀ ਜਾਂਦੀ। ਉਸਦਾ ਸਾਰਾ ਸਮਾਨ, ਡਾਇਰੀ, ਕਿਤਾਬਾਂ, ਕਵਿਤਾਵਾਂ ਅਤੇ ਕ੍ਰਾਂਤੀਕਾਰੀਆਂ ਦੇ ਪੋਸਟਰ ਪੁਲਿਸ ਜ਼ਬਤ ਕਰ ਲੈਂਦੀ ਹੈ। ਇਹ ਦਿਵਯਨਾਥ (ਵ੍ਰਤੀ ਦਾ ਪਿਤਾ) ਦੇ ਕਾਰਨ ਹੁੰਦਾ ਹੈ ਕਿ ਮਰਨ ਵਾਲਿਆਂ ਵਿੱਚ ਵ੍ਰਤੀ ਦਾ ਨਾਮ ਨਹੀਂ ਹੁੰਦਾ ਕਿਉਂਕਿ ਦਿਵਯਨਾਥ ਨਹੀਂ ਚਾਹੁੰਦਾ ਕਿ ਵ੍ਰਤੀ ਕਾਰਨ ਉਸਦਾ ਅਤੇ ਉਸਦੇ ਖਾਨਦਾਨ ਦਾ ਨਾਮ ਖਰਾਬ ਹੋਵੇ। ਵ੍ਰਤੀ ਦੀ ਲਾਸ਼ ਨੂੰ ਲਾਵਾਰਿਸ ਲਾਸ਼ਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ ਤੇ ਉਸਦੀ ਲਾਸ਼ ਦਾ ਨੰਬਰ ਹੁੰਦਾ ਹੈ ਇੱਕ ਹਜ਼ਾਰ ਚੌਰਾਸੀ।

ਇਹ ਨਾਵਲ ਬੰਗਾਲ ਦੀ ਨਕਸਲਬਾੜੀ ਲਹਿਰ ਨੂੰ ਅਧਾਰ ਬਣਾ ਕੇ ਲਿਖਿਆ ਗਿਆ ਹੈ, ਖ਼ਾਸ ਕਰਕੇ ਕਲਕੱਤੇ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਅਧਾਰ ਬਣਾ ਕੇ। ਨਕਸਲਬਾੜੀ ਲਹਿਰ ਭਾਰਤ ਦੇ ਬੰਗਾਲ ਸਟੇਟ ਦੀ ਤਹਿਸੀਲ ਸਿਲੀਗੁੜੀ ਦੇ ਪਿੰਡ ਨਕਸਲਬਾੜੀ ਤੋਂ ਅਰੰਭ ਹੋਈ। ਇਹ ਮੁੱਖ ਰੂਪ ਵਿੱਚ ਮੁਜ਼ਾਰਿਆਂ ਦੀ ਬਗਾਵਤ ਸੀ, ਜਿਸਦਾ ਮਨੋਰਥ ਜ਼ਮੀਨ ਹੱਲ ਵਾਹਕ ਦੀਦੇ ਨਾਅਰੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਨਾ ਸੀ। ਇਹ ਬਗ਼ਾਵਤ ਹਥਿਆਰਬੰਦ ਸੀ ਜਿਸਦੀ ਅਗਵਾਈ ਕਮਿਊਨਿਸਟ ਪਾਰਟੀ ਆਫ ਇੰਡੀਆ (ਸੀ ਪੀ ਆਈ) ਅਤੇ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸ) (ਸੀ ਪੀ ਐਮ) ਤੋਂ ਬਾਗ਼ੀ ਹੋਏ ਆਗੂ ਕਰ ਰਹੇ ਸੀ। ਇਹਨਾਂ ਬਾਗ਼ੀ ਆਗੂਆਂ ਦਾ ਮੰਨਣਾ ਸੀ ਕਿ ਸੀ ਪੀ ਆਈ ਅਤੇ ਸੀ ਪੀ ਐਮ ਦੋਵੇਂ ਆਪਣਾ ਇਨਕਲਾਬੀ ਮਕਸਦ ਤਿਆਗ ਚੁੱਕੀਆਂ ਹਨ। ਸਟਾਲਿਨ ਦੀ ਮੌਤ ਤੋਂ ਬਾਅਦ 1956 ਵਿੱਚ ਰੂਸ ਇੱਕ ਸਮਾਜਵਾਦੀ ਮੁਲਕ ਨਾ ਰਹਿ ਕੇ ਸਾਮਰਾਜੀ ਮੁਲਕ ਬਣ ਗਿਆ ਤੇ 1990 ਤੱਕ ਪਹੁੰਚਦਿਆਂ ਰੂਸ ਸਪਸ਼ਟ ਰੂਪ ਵਿੱਚ ਇੱਕ ਪੂੰਜੀਵਾਦੀ ਦੇਸ਼ ਦੇ ਰੂਪ ਵਿੱਚ ਸਾਹਮਣੇ ਆ ਗਿਆ, ਪਰ ਭਾਰਤ ਅੰਦਰਲੀਆਂ ਸੋਧਵਾਦੀ ਕਮਿਊਨਿਸਟ ਪਾਰਟੀਆਂ ਬਾਅਦ ਵਿੱਚ ਵੀ ਰੂਸ ਨੂੰ ਸਮਾਜਵਾਦੀ ਮੁਲਕ ਵਜੋਂ ਮਾਨਤਾ ਦਿੰਦੀਆਂ ਰਹੀਆਂ। ਨਕਸਲਬਾੜੀ ਲਹਿਰ ਦੇ ਕਾਰਕੁੰਨਾਂ ਦਾ ਇਹਨਾਂ ਪਾਰਟੀਆਂ ਤੋਂ ਵਿਸ਼ਵਾਸ ਉੱਠ ਚੁੱਕਾ ਸੀ। ਇਹ ਨੌਜਵਾਨ ਮਾਉ ਦੇ ਵਿਚਾਰ ਇਨਕਲਾਬ ਬੰਦੂਕ ਦੀ ਨਾਲੀ ਵਿੱਚੋਂ ਨਿਕਲਦਾ ਹੈ’ ਦਾ ਸਮਰਥਨ ਕਰਦੇ ਸੀ ਤੇ ਆਪਣੀ ਵਿਚਾਰਧਾਰਕ ਅਗਵਾਈ ਮਾਰਕਸ, ਲੈਨਿਨ ਅਤੇ ਮਾਉ ਤੋਂ ਕਬੂਲਦੇ ਸਨ।

ਇਹ ਨਾਵਲ ਸੱਤਵੇਂ ਦਹਾਕੇ (1970-1980) ਵਿੱਚ ਕਲਕੱਤੇ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਬਿਆਨ ਕਰਦਾ ਹੈ ਜਿਸ ਨੂੰ ਮੁਕਤੀ ਦਾ ਦਹਾਕਾ ਐਲਾਨਿਆ ਗਿਆ ਹੈ। ਜਦੋਂ ਸ਼ਹਿਰ ਵਿਚ ਹਰ ਨੌਜਵਾਨ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ। ਘਟਨਾਵਾਂ ਨਾਲ ਭਰੇ ਇਸ ਸ਼ਹਿਰ ਵਿੱਚ ਵ੍ਰਤੀ ਅਤੇ ਉਸਦਾ ਪਰਿਵਾਰ ਵੀ ਰਹਿੰਦਾ ਹੈ। ਇੱਕੋ ਘਰ ਵਿੱਚ ਇੱਕੋ ਸਮੇਂ ਵ੍ਰਤੀ ਤੇ ਦਿਵਯਨਾਥ ਵਰਗੇ ਦੋ ਵੱਖੋ-ਵੱਖਰੀ ਸੋਚ ਵਾਲੇ ਵਿਅਕਤੀ ਰਹਿ ਰਹੇ ਹੁੰਦੇ ਹਨ। ਵ੍ਰਤੀ ਦੀ ਆਪਣੇ ਪਿਤਾ ਨਾਲ ਕੋਈ ਭਾਵਕ ਜਾਂ ਵਿਚਾਰਧਾਰਕ ਸਾਂਝ ਨਹੀਂ, ਪਰ ਉਸਦੀ ਆਪਣੀ ਮਾਂ ਨਾਲ ਬਹੁਤ ਨੇੜਤਾ ਹੈ, ਜਿਸਦਾ ਉਹ ਫ਼ਿਕਰ ਕਰਦਾ ਹੈ। ਮਾਂ ਪੁੱਤ ਦੇ ਭਾਵੁਕ ਰਿਸ਼ਤੇ ਨੂੰ ਨਾਵਲ ਵਿੱਚ ਬਹੁਤ ਹੀ ਕਲਾਤਮਕ ਢੰਗ ਨਾਲ ਪੇਸ਼ ਕੀਤਾ ਗਿਆ ਹੈ।

ਨਾਵਲ ਵਿੱਚ ਇੱਕ ਥਾਂ ਸੁਜਾਤਾ ਆਪਣੇ ਪੁੱਤਰ ਨੂੰ ਸ਼ਿਕਾਇਤ ਕਰਦੀ ਹੈ ਕਿ ਉਹ ਬਦਲ ਰਿਹਾ ਹੈ ਤਾਂ ਵ੍ਰਤੀ ਉਸਦੀ ਗੱਲ ਹੱਸ ਕੇ ਟਾਲ ਦਿੰਦਾ ਹੈ। ਸੁਜਾਤਾ ਦੇ ਜ਼ਿਆਦਾ ਜ਼ੋਰ ਪਾਉਣ ਉੱਤੇ ਉਹ ਦੱਸਦਾ ਹੈ ਕਿ ਉਸਨੇ ਅਤੇ ਉਸਦੀ ਪਾਰਟੀ ਨੇ ਇੱਕ ਸੁਪਨਾ ਦੇਖਿਆ ਹੈ। ਸ਼ੋਸ਼ਣ ਰਹਿਤ ਸਮਾਜ ਦਾ ਸੁਪਨਾ। ਵ੍ਰਤੀ ਦੀ ਗੱਲ ਸੁਣ ਕੇ ਸੁਜਾਤਾ ਨੂੰ ਲੱਗਦਾ ਹੈ ਕਿ ਉਹ ਉਸ ਨਾਲ ਮਜ਼ਾਕ ਕਰ ਰਿਹਾ ਹੈ। ਸੁਜਾਤਾ ਕਿਉਂਕਿ ਰਾਜਨੀਤਿਕ ਪੱਖ ਤੋਂ ਅਚੇਤ ਪਾਤਰ ਹੈ, ਇਸ ਲਈ ਉਹ ਨਹੀਂ ਜਾਣਦੀ ਕਿ ਉਸਦਾ ਪੁੱਤਰ ਕਿਹੜੇ ਰਾਹਾਂ ਤੇ ਚੱਲ ਰਿਹਾ ਹੈ ਤੇ ਇਹ ਰਾਹ ਕਿੰਨਾ ਕੁ ਠੀਕ ਹੈ ਤੇ ਕਿੰਨਾ ਕੁ ਖ਼ਤਰਨਾਕ ਹੈ, ਪਰ ਵ੍ਰਤੀ ਦੇ ਮਰ ਜਾਣ ਬਾਅਦ ਉਹ ਜਾਨਣਾ ਚਾਹੁੰਦੀ ਹੈ। ਇਸੇ ਮਕਸਦ ਨਾਲ ਉਹ ਵ੍ਰਤੀ ਦੇ ਦੋਸਤ ਸਮੂ ਦੇ ਪਰਿਵਾਰ ਨੂੰ ਮਿਲਣ ਜਾਂਦੀ ਹੈ ਜੋ ਆਰਥਿਕ ਮੰਦਹਾਲੀ ਕਾਰਨ ਬੇਹੱਦ ਬੁਰੇ ਦਿਨ ਗੁਜ਼ਾਰ ਰਿਹਾ ਹੈ। ਘਰ ਵਿੱਚ ਕੋਈ ਕਮਾਈ ਦਾ ਸਾਧਨ ਨਾ ਹੋਣ ਕਾਰਨ ਜ਼ਿੰਦਗੀ ਉਹਨਾਂ ਲਈ ਪਥਰੀਲੀ ਸੜਕ ਵਾਂਗ ਹੈ। ਸੁਜਾਤਾ ਸਮੂ ਦੀ ਮਾਂ ਨਾਲ ਵ੍ਰਤੀ, ਸਮੂ ਅਤੇ ਉਹਨਾਂ ਦੇ ਦੋਸਤਾਂ ਬਾਰੇ ਗੱਲਾਂ ਕਰਦੀ ਹੈ, ਉਹਨਾਂ ਬਾਰੇ ਗੱਲਾਂ ਕਰਦਿਆਂ ਉਹ ਆਪਣੇ ਆਪ ਨੂੰ ਉਹਨਾਂ ਦੇ ਨੇੜੇ ਮਹਿਸੂਸ ਕਰਦੀ ਹੈ। ਉਸਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਸਦਾ ਪੁੱਤਰ ਤੇ ਉਸਦੇ ਸਾਥੀ ਕਿਹੋ ਜਿਹੇ ਵਿਚਾਰ, ਸੁਪਨੇ, ਆਦਰਸ਼ ਲੈ ਕੇ ਜਿਉਂ ਰਹੇ ਸਨ ਤੇ ਮਰ ਗਏ। ਉਹ ਤਾਂ ਹਮੇਸ਼ਾ ਦਿਵਯਨਾਥ ਵਰਗੇ ਇਨਸਾਨ ਨਾਲ ਰਹੀ, ਜੋ ਔਰਤ ਨੂੰ ਕੇਵਲ ਬੱਚਾ ਜੰਮਣ ਵਾਲੀ ਮਸ਼ੀਨ ਸਮਝਦਾ ਰਿਹਾ। ਵ੍ਰਤੀ ਅਜਿਹੇ ਲੋਕਾਂ ਨੂੰ ਕਦੇ ਵੀ ਪਸੰਦ ਨਹੀਂ ਕਰਦਾ, ਪਰ ਉਹ ਇੱਕ ਇਕਾਈ ਜਾਂ ਇੱਕ ਵਿਅਕਤੀ ਵਜੋਂ ਉਹਨਾਂ ਨੂੰ ਦੁਸ਼ਮਣ ਨਹੀਂ ਮੰਨਦਾ, ਸਗੋਂ ਜੋ ਵਿਚਾਰਧਾਰਾ ਉਹ ਪਾਲ਼ ਰਹੇ ਹਨ, ਉਸ ਪ੍ਰਤੀ ਵ੍ਰਤੀ ਦਾ ਰਵਈਆ ਵਿਦਰੋਹੀ ਹੈ।

ਸੁਜਾਤਾ ਵ੍ਰਤੀ ਦੀ ਦੋਸਤ ਨੰਦਿਨੀ ਨੂੰ ਵੀ ਮਿਲਣ ਜਾਂਦੀ ਹੈ, ਜਿਸਨੂੰ ਪੁਲਿਸ ਦੁਆਰਾ ਬਹੁਤ ਟੌਰਚਰ ਕੀਤਾ ਗਿਆ ਸੀ। ਨੰਦਿਨੀ ਉਸਨੂੰ ਅਨਿੰਧਯ ਬਾਰੇ ਦੱਸਦੀ ਹੈ ਜਿਸਦੇ ਧੋਖੇ ਕਾਰਨ ਉਸਦੇ ਸਾਥੀ ਮਾਰੇ ਗਏ ਤੇ ਉਹ ਗ੍ਰਿਫ਼ਤਾਰ ਹੋ ਗਈ। ਵ੍ਰਤੀ ਦਾ ਦੂਜਿਆਂ ਤੇ ਅਸਾਨੀ ਨਾਲ ਵਿਸ਼ਵਾਸ ਕਰ ਲੈਣਾ ਹੀ ਉਹਨਾਂ ਦੀ ਤਬਾਹੀ ਦਾ ਕਾਰਨ ਬਣਿਆ। ਸੁਜਾਤਾ ਜਦੋਂ ਕਹਿੰਦੀ ਹੈ ਕਿ ਉਸਨੂੰ ਇਸ ਸਭ ਕਾਸੇ ਬਾਰੇ ਕੁੱਝ ਪਤਾ ਨਹੀਂ ਸੀ ਤਾਂ ਨੰਦਿਨੀ ਉਸ ਤੇ ਅਤੇ ਉਸਦੀ ਪੀੜ੍ਹੀ ਤੇ ਗਿਲਾ ਕਰਦੀ ਹੈ ਕਿ ਤੁਸੀਂ ਕਦੇ ਕੋਸ਼ਿਸ਼ ਕੀਤੀ ਇਸ ਸਭ ਨੂੰ ਸਮਝਣ ਦੀ। ਘਟਨਾਵਾਂ ਘਟ ਜਾਂਦੀਆਂ ਹਨ, ਲੋਕ ਮਾਰੇ ਜਾਂਦੇ ਹਨ, ਗ੍ਰਿਫ਼ਤਾਰੀਆਂ ਹੋ ਜਾਂਦੀਆਂ ਹਨ ਤੇ ਫੇਰ ਕੁਝ ਸਮੇਂ ਲਈ ਸਾਂਤੀਜੋ ਜੇਲ੍ਹ ਦੇ ਮੁਰਦਾ ਘਰ ਵਰਗੀ ਸਾਂਤੀ ਹੁੰਦੀ ਹੈ ਜਾਂ ਲਾਸ਼ ਤੇ ਪਾਏ ਰੇਸ਼ਮੀ ਕੱਪੜੇ ਵਰਗੀ। ਇੰਨਾ ਕੁੱਝ ਵਾਪਰ ਜਾਣ ਬਾਅਦ ਇਹ ਸਹਿਜ ਸਾਂਤੀ ਨੰਦਿਨੀ ਤੇ ਉਸ ਵਰਗਿਆਂ ਨੂੰ ਅਸਹਿਜ ਕਰਦੀ ਹੈ।

ਨੰਦਿਨੀ ਨਾਲ ਸਮੂ ਦੀ ਮਾਂ ਨਾਲ ਵ੍ਰਤੀ ਤੇ ਉਸਦੇ ਸਾਥੀਆਂ ਬਾਰੇ ਗੱਲਾਂ ਕਰਦਿਆਂ ਸੁਜਾਤਾ ਦੀ ਸੂਝ ਮਘਣ ਲੱਗਦੀ ਹੈ। ਹੁਣ ਉਸਨੂੰ ਦਿਵਯਨਾਥ ਤੇ ਉਸਦੀਆਂ ਕਦਰਾਂ-ਕੀਮਤਾਂ ਬਨਾਵਟੀ ਨਜ਼ਰ ਆਉਣ ਲੱਗਦੀਆਂ ਹਨ। ਆਪਣੀ ਬੇਟੀ ਤੁਲੀ ਦੀ ਮੰਗਣੀ ਵੇਲੇ ਸੁਜਾਤਾ ਦੇਖਦੀ ਹੈ ਕਿ ਕੋਈ ਸੰਗੀਤ ਵਿਚ ਮਸਤ ਹੈ, ਕੋਈ ਸਵਾਮੀ ਦੇ ਪ੍ਰਵਚਨਾਂ ਦਾ ਗੁਣਗਾਣ ਕਰ ਰਿਹਾ ਹੈ। ਦਿਵਯਨਾਥ, ਵ੍ਰਤੀ ਤੇ ਉਸਦੇ ਸਾਥੀਆਂ ਨੂੰ ਕੁਰਾਹੇ ਪਏ ਕਹਿ ਰਿਹਾ ਹੁੰਦਾ ਹੈ। ਅਜਿਹੇ ਹੀ ਵੇਲੇ ਉਸ ਪੁਲਿਸ ਅਧਿਕਾਰੀ ਨੂੰ ਮਠਿਆਈ ਦਿੱਤੀ ਜਾਂਦੀ ਹੈ, ਜਿਸਨੇ ਵ੍ਰਤੀ ਲਾਸ਼ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

ਸੁਜਾਤਾ ਅਜਿਹੇ ਲੋਕਾਂ ਵਿਚ ਵਿਚਰਦਿਆਂ ਇੱਕ ਦਰਦ ਮਹਿਸੂਸ ਕਰਦੀ ਹੈ, ਜਿਨ੍ਹਾਂ ਲਈ ਵ੍ਰਤੀ ਜਿਹੇ ਲੋਕ ਕੁਰਾਹੇ ਪਏ ਤੇ ਭਟਕੇ ਹੋਏ ਹਨ। ਉਹ ਇਹ ਸਭ ਬਰਦਾਸ਼ਤ ਨਹੀਂ ਕਰ ਪਾਉਂਦੀ। ਉਸਦੇ ਇਕਦਮ ਤੇਜ਼ ਦਰਦ ਉੱਠਦਾ ਹੈ ਤੇ ਉਹ ਚੀਕ ਮਾਰਦੀ ਹੈ।

ਇਹ ਚੀਕ ਹੁੰਦੀ ਹੈ, ਇੱਕ ਉੱਚੇ ਆਦਰਸ਼ ਨੂੰ ਲੈ ਕੇ ਜੀਉਣ ਵਾਲੇ ਤੇ ਆਪਾ ਕੁਰਬਾਨ ਕਰ ਦੇਣ ਵਾਲੇ ਪੁੱਤ ਦੇ ਮਾਂ ਦੀ ਚੀਕ। ਇਹ ਚੀਕ ਹੁੰਦੀ ਹੈ 1084ਵੇਂ ਦੀ ਮਾਂ ਦੀ ਚੀਕ।

*****

(371)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪਰਮਿੰਦਰ ਆਦੀ

ਪਰਮਿੰਦਰ ਆਦੀ

Phone: (91 - 95019 - 26200)
Email:
(parminderkkl@gmail.com)