“ਫੈਕਟਰੀਆਂ, ਉਦਯੋਗਾਂ ਵਿੱਚੋਂ ਲਾਪਰਵਾਹੀ ਨਾਲ ਦੂਸ਼ਿਤ ਪਾਣੀ ਤੇ ਖ਼ਤਰਨਾਕ ਕੈਮੀਕਲ ਧਰਤੀ ਵਿੱਚ ਪਾ ...”
(17 ਨਵੰਬਰ 2023)
ਇਸ ਸਮੇਂ ਪਾਠਕ: 200.
ਪੰਜ ਆਬਾਂ ਦੀ ਧਰਤੀ ਪੰਜਾਬ, “ਪਹਿਲਾ ਪਾਣੀ ਜੀਉ ਹੈ ਫਿਰ ਜਿਤੁ ਹਰਿਆ ਸਭ ਕੋਇ॥”
ਪਾਣੀ ਕੁਦਰਤ ਦਾ ਅਨਮੋਲ ਤੋਹਫ਼ਾ ਹੈ। ਜਲ ਹੀ ਜੀਵਨ ਹੈ। ਇਸ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਬਣਾਇਆ ਜਾ ਸਕਦਾ ਹੈ। ਇਸ ਨੂੰ ਸੰਭਾਲਿਆ ਜਾ ਸਕਦਾ ਹੈ ਤੇ ਸੰਜਮ ਨਾਲ ਵਰਤਿਆ ਜਾ ਸਕਦਾ ਹੈ। ਲੋਕ ਸ਼ਾਇਦ ਸੋਚਦੇ ਹੀ ਨਹੀਂ ਕਿ ਪਾਣੀ ਵੀ ਕੀਮਤੀ ਹੁੰਦਾ ਹੈ। ਜੇਕਰ ਪੜ੍ਹਿਆਂ ਲਿਖਿਆਂ, ਵਿਗਿਆਨੀਆਂ ਜਾਂ ਬੁੱਧੀਜੀਵੀਆਂ ਦੀ ਗੱਲ ਨਹੀਂ ਪੱਲੇ ਪੈਂਦੀ ਤਾਂ ਘੱਟੋ-ਘੱਟ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਤਾਂ ਕੀਤੀ ਜਾਵੇ। ਮੋਇਆਂ ਜਿਵਦਿਆਂ ਤਾਂ ਗਤ ਹੋਵੇ ਜੇ ਸਿਰ ਪਾਈਏ ਪਾਣੀ। ਗੁਰੂ ਸਾਹਿਬ ਨੇ ਫ਼ਰਮਾਇਆ ਹੈ,
“ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।”
ਮਾਤਾ ਪਿਤਾ ਦੀ ਅੱਜ ਦੀ ਹਾਲਤ ਕੀ ਹੈ, ਚੰਗੇ ਪੁੱਤਰਾਂ ਨੂੰ ਇਸਦੀ ਸਾਰ ਲੈਣੀ ਚਾਹੀਦੀ ਸੀ। ਦੁਨੀਆਂ ਲਗਾਤਾਰ ਵਿਕਾਸ ਕਰ ਰਹੀ ਹੈ। ਅਸੀਂ ਵਿਕਾਸ ਕਰ ਰਹੇ ਹਾਂ, ਦੇਸ਼ ਵਿਕਾਸ ਕਰ ਰਿਹਾ ਹੈ ਪਰ ਆਪਣੇ ਵਿਕਾਸ ਦੇ ਚੱਕਰ ਵਿੱਚ ਜੀਵਨ ਨੂੰ ਜ਼ਿੰਦਾ ਰੱਖਣ ਵਾਲੇ ਜ਼ਰੂਰੀ ਸੋਮੇ ਪਾਣੀ ਅਤੇ ਹਵਾ ਨਾਲ ਖਿਲਵਾੜ ਕਰਕੇ ਨਜ਼ਰ-ਅੰਦਾਜ਼ ਕਰਦੇ ਜਾ ਰਹੇ ਹਾਂ। ਕੁਦਰਤ ਦੀ ਖੇਡ ਬਹੁਤ ਕਲਾਤਮਕ ਅਤੇ ਵਚਿੱਤਰ ਹੈ। ਜਿਵੇਂ ਜਿਵੇਂ ਇਨਸਾਨ ਇਸਦਾ ਅੰਤ ਲੱਭਣ ’ਤੇ ਜ਼ੋਰ ਦੇ ਰਿਹਾ ਹੈ, ਤਿਵੇਂ ਤਿਵੇਂ ਹੀ ਉਸ ਨੂੰ ਆਪਣਾ ਆਪ ਕੁਦਰਤ ਅੱਗੇ ਹੋਰ ਛੋਟਾ ਜਾਪਣ ਲੱਗ ਪਿਆ ਹੈ। ਸੌ ਸਾਲ ਪਹਿਲਾਂ ਇਹ ਲੱਗਣ ਲੱਗ ਪਿਆ ਸੀ ਕਿ ਇਨਸਾਨ ਨੇ ਕੁਦਰਤ ਦਾ ਭੇਦ ਹੀ ਨਹੀਂ ਪਾ ਲੈਣਾ ਬਲਕਿ ਕੁਦਰਤ ਨੂੰ ਆਪਣੇ ਵੱਸ ਹੀ ਕਰ ਲੈਣਾ ਹੈ। ਪਰ ਹੁਣ ਉਸ ਵੱਸ ਕਰਨ ਲਈ ਵਰਤੇ ਸਾਰੇ ਹੀਲੇ-ਵਸੀਲਿਆਂ ਦੇ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਕੁਦਰਤ ਬੜੀ ਬੇਅੰਤ ਹੈ। ਜਿਸ ਨੇ ਕੁਦਰਤ ਨਾਲ ਧੱਕਾ ਕੀਤਾ, ਕੁਦਰਤ ਵੀ ਇਨਸਾਫ ਬਰਾਬਰ ਕਰਦੀ ਹੈ। ਸੌ ਸਾਲਾ ਵਿੱਚ ਮਨੁੱਖ ਨੇ ਪਾਣੀ ਅਤੇ ਕੁਦਰਤੀ ਸੋਮਿਆਂ ਨਾਲ ਤਿੰਨ ਵੱਡੇ ਧੱਕੇ ਕੀਤੇ। ਪਹਿਲਾ ਇਹ ਕਿ ਦਰਿਆਵਾਂ ਨੂੰ ਬੰਨ੍ਹ ਮਾਰ ਲਿਆ ਤੇ ਫਿਰ ਆਪਣੀ ਮਰਜ਼ੀ ਨਾਲ ਵਹਾਅ ਉਲਟ ਪਾਸੇ ਮੋੜੇ। ਡੈਮ ਬਣਾਕੇ ਬਿਜਲੀ ਪੈਦਾ ਕਰਦੇ ਹੋਏ ਜੰਗਲਾਂ ਦੇ ਰਕਬੇ ਖਤਮ ਕਰਕੇ ਜੰਗਲਾਂ ਵਿੱਚ ਮੰਗਲ ਲਾ ਦਿੱਤੇ। ਲੱਖਾਂ ਏਕੜ ਰਕਬਾ ਜੰਗਲ਼ ਹੇਠਾਂ ਸੀ, ਜੰਗਲ਼ ਪੁੱਟ ਖੇਤ ਬਣਾ ਬਣਾ ਕੇ ਜੰਗਲ਼ ਖਤਮ ਕਰ ਦਿੱਤੇ। ਧਰਤੀ ਰੁੱਖਾਂ ਬਿਨਾਂ ਰੰਡੀ ਹੋ ਕੇ ਵੱਧ ਤਪਣ ਲੱਗ ਪਈ। ਜੰਗਲ ਦੀ ਹਰਿਆਲੀ ਬਿਨਾ ਮੀਂਹ ਵੀ ਨਹੀਂ ਪੈ ਰਹੇ। ਤੇ ਅੱਜ ਮਨੁੱਖ ਪਰਦੂਸ਼ਿਤ ਹਵਾਂ ਕਾਰਨ ਸਾਫ਼ ਹਵਾ ਵਿੱਚ ਸਾਹ ਲੈਣ ਨੂੰ ਵੀ ਤਰਸ ਰਿਹਾ ਹੈ।
ਧਰਤੀ ਨਾਲ ਦੂਜਾ ਵੱਡਾ ਧੱਕਾ ਬੰਦੇ ਨੇ ਜੋ ਕੀਤਾ, ਇਸ ਵਿੱਚ ਸਾਡੇ ਹਾਕਮਾਂ ਦਾ ਵੱਡਾ ਹੱਥ ਰਿਹਾ, ਜਿਨ੍ਹਾਂ ਨੇ ਵੱਖ-ਵੱਖ ਸਮੇਂ ਰਾਜਨੀਤੀ ਲਈ ਸਾਡੀ ਹੋਂਦ ਨੂੰ ਖਤਮ ਕਰਨ ਲਈ ਬੇਅਕਲੀ ਦਿਖਾਈ। ਹਰੀ ਕ੍ਰਾਂਤੀ ਵੇਲੇ ਕੁਦਰਤੀ ਸੋਮੇ ਹੋਣ ਦੇ ਬਾਵਜੂਦ ਅਸੀਂ ਧਰਤੀ ਦੀ ਹਿੱਕ ਪਾੜ ਕੇ ਧਰਤੀ ਵਿੱਚੋਂ ਤੇਜ਼ੀ ਨਾਲ ਪਾਣੀ ਕੱਢਣ ਲੱਗ ਪਏ। ਖੇਤੀ ਪ੍ਰਧਾਨ ਸੂਬਾ ਅਤੇ ਭਾਰਤ ਦਾ ਅਨਾਜ ਕਟੋਰਾ ਹੋਣ ਕਾਰਨ ਇਸ ਵਿੱਚ ਪੰਜਾਬ ਸੂਬਾ ਸਭ ਤੋਂ ਮੋਹਰੀ ਰਿਹਾ। ਲੀਡਰਾਂ ਦੀ ਸਿਆਣਪ - ਸਿੰਚਾਈ ਲਈ ਨਹਿਰੀ ਪਾਣੀ ਦੂਜੇ ਸੂਬਿਆਂ ਨੂੰ ਦੇ ਕੇ ਆਪ ਲੱਖਾਂ ਟਿਊਬਵੈਲ ਬਿਜਲੀ ਕੁਨੈਕਸ਼ਨ ਧਰਤੀ ਦੀ ਹਿੱਕ ਪਾੜ ਪਾਣੀ ਕੱਢਣ ਲਈ ਦੇ ਦਿੱਤੇ। ਅੱਜ 15 ਲੱਖ ਮੋਟਰਾਂ ਪੰਜਾਬ ਵਿੱਚ ਲੱਗੀਆਂ ਹੋਈਆਂ ਹਨ। ਲੱਖਾਂ ਰੁਪਏ ਬੋਰਾਂ ’ਤੇ ਖਰਚ ਕਰਨੇ ਪਏ। ਬਿਜਲੀ, ਡੀਜ਼ਲ ਫੂਕਣੇ ਪਏ। ਜਿਸ ਕਿਸੇ ਨੂੰ ਨਹਿਰੀ ਪਾਣੀ ਲਗਦਾ ਵੀ ਉਸ ਨੂੰ ਪਾਣੀ ਦਾ ਮਾਲੀਆ ਤਾਰਨਾ ਪੈਂਦਾ ਤੇ ਪੰਜਾਬ ਦਾ ਪਾਣੀ ਦੂਜਿਆਂ ਸੂਬਿਆਂ ਨੂੰ ਮੁਫ਼ਤ ਜਾ ਰਿਹ ਹੈ। ਦਰਿਆਵਾਂ ਦਾ ਪਾਣੀ ਸਾਨੂੰ ਨਾ ਮਿਲਣ ਦਾ ਵੱਡਾ ਨੁਕਸਾਨ ਹੋਇਆ। ਧਰਤੀ ਹੇਠਲਾ ਪਾਣੀ ਦਰਿਆਵਾਂ ਮੁਕਾਬਲੇ ਖੇਤੀ ਯੋਗ ਨਹੀਂ। ਫਲਸਰੂਪ ਅਸੀਂ ਧਰਤੀ ਹੇਠਲੇ ਪਾਣੀ ਨਾਲ ਸਿਚਾਈ ਕਰਨ ਲੱਗ ਪਏ ਤੇ ਸੁਭਾਵਿਕ ਹੀ ਸੀ ਕਿ ਪਾਣੀ ਦੀ ਗੁਣਵੱਣਤਾ ਵਧਾਉਣ ਲਈ ਰੇਹਾਂ, ਸਪਰੇਆਂ, ਯੂਰੀਆ ਅਤੇ ਕੈਮੀਕਲ ਪਾਉਣ ਲੱਗ ਪਏ ਅਤੇ ਆਪ ਹੀ ਕੈਂਸਰ, ਕਾਲਾ ਪੀਲੀਆ ਅਤੇ ਗਠੀਆਂ ਵਰਗੀਆਂ ਭਿਆਨਕ ਬਿਮਾਰੀਆਂ ਸਹੇੜ ਲਈਆਂ।
ਤੀਜਾ ਧੱਕਾ ਵੱਧ ਦੌਲਤ ਲਈ ਫੈਕਟਰੀਆਂ, ਉਦਯੋਗਾਂ ਵਿੱਚੋਂ ਲਾਪਰਵਾਹੀ ਨਾਲ ਦੂਸ਼ਿਤ ਪਾਣੀ ਤੇ ਖ਼ਤਰਨਾਕ ਕੈਮੀਕਲ ਧਰਤੀ ਵਿੱਚ ਪਾ ਨਾਲਿਆਂ ਰਾਹੀਂ ਨਹਿਰਾਂ, ਨਦੀਆਂ ਅਤੇ ਦਰਿਆਵਾਂ ਨੂੰ ਵੀ ਬਿਮਾਰ ਕਰ ਦਿੱਤਾ। ਫਲਸਰੂਪ ਹੁਣ ਪਾਣੀ ਨਾ ਪੀਣ ਯੋਗ ਨਾ ਸਿੰਚਾਈ ਯੋਗ ਰਿਹਾ। ਅਸੀਂ ਗਲਤੀ ਦਰ ਗਲਤੀ ਕਰਦੇ ਹੋਏ ਬੰਦਿਆਂ, ਪਸ਼ੂਆਂ ਨੂੰ ਹੀ ਨਹੀਂ ਸਗੋਂ ਧਰਤੀ ਨੂੰ ਵੀ ਕੈਂਸਰ ਕਰ ਲਿਆ। ਦੇਖਦੇ ਹੀ ਦੇਖਦੇ ਪੰਜ ਆਬਾਂ ਦੀ ਧਰਤੀ ਰੇਗਿਸਤਾਨ ਬਣਨ ਦੇ ਰਾਹ ਤੁਰ ਪਈ। NGT (ਨੈਸ਼ਨਲ ਗਰੀਨ ਟਰਿਬਿਊਨਲ ਅਤੇ (CGW) ਕੇਂਦਰੀ ਭੂਜਲ ਬੋਰਡ ਦੀਆਂ ਸਮੀਖਿਆਵਾਂ ਅਤੇ ਆਂਕੜੇ ਦੱਸਦੇ ਹਨ ਕਿ ਪੰਜਾਬ ਰੇਗਿਸਤਾਨ ਬਣਨ ਦੀ ਕਗਾਰ ’ਤੇ ਖੜ੍ਹਾ ਹੈ। ਅਜੇ ਵੀ ਨਾ ਲੋਕ, ਨਾ ਸਰਕਾਰਾਂ ਸਮਝ ਰਹੀਆਂ ਨੇ। ਪਤਾ ਨਹੀਂ ਕਿਹੜੀ ਅਣਹੋਣੀ ਦੀ ਉਡੀਕ ਵਿੱਚ ਨੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4486)
(ਸਰੋਕਾਰ ਨਾਲ ਸੰਪਰਕ ਲਈ: (