HarbhinderSSandhu7ਮੈਂ ਵੀ ਟਰੱਕ ਲੈਣ ਵਾਲੀ ਜ਼ਿਦ ਨਾ ਛੱਡੀ ਅਤੇ ਇੱਕ ਦਿਨ ਬਾਪੂ ਨੂੰ ਘਰੇ ਲੱਗੀ ਬਾਬੇ ਨਾਨਕ ਦੀ ਫੋਟੋ ਮੂਹਰੇ ...
(14 ਸਤੰਬਰ 2023)


ਡਰਾਇਵਰੀ ਸਾਡਾ ਪਿਤਾ ਪੁਰਖੀ ਕਿੱਤਾ ਬਣ ਗਈ ਸੀ
ਪਹਿਲਾਂ ਮੇਰੇ ਦਾਦਾ ਜੀ ਬਲਦਾਂ ਵਾਲੇ ਗੱਡੇ ਨਾਲ ਕਿਰਾਏ ’ਤੇ ਢੋਆ-ਢੁਆਈ ਕਰਕੇ ਘਰ ਦਾ ਖਰਚਾ ਚਲਾਇਆ ਕਰਦੇ ਸਨ, ਫਿਰ ਬਾਪੂ ਜੀ ਇਸ ਕਿੱਤੇ ਵਿੱਚ ਪੈ ਗਏ। ਕਦੇ ਕਦੇ ਬਾਪੂ (ਪਿਤਾ ਜੀ) ਦਾਦਾ ਜੀ ਦੀਆਂ ਗੱਲਾਂ ਸੁਣਾਉਣ ਬਹਿ ਜਾਂਦੇ ਕਿ ਕਿਵੇਂ ਦਾਦਾ ਜੀ ਕੋਲ ਜੋ ਬਦਲਾਂ ਦੀ ਜੋੜੀ ਸੀ, ਸਾਰੇ ਇਲਾਕੇ ਵਿੱਚ ਉਸ ਦੀ ਗੱਲ ਹੁੰਦੀ ਸੀਦਾਦਾ ਜੀ ਨੇ ਕਦੇ ਵੀ ਬਲਦਾਂ ਨੂੰ ਕੁੱਟਿਆ ਨਹੀਂ ਸੀਬੱਸ, ਕੁਝ ਸੋਟੀ ਦੇ ਇਸ਼ਾਰੇ ਹੀ ਸਨ ਜਿਨ੍ਹਾਂ ਨਾਲ ਉਹ ਘੰਟਿਆਂ ਵਿੱਚ ਮੁੱਕਣ ਵਾਲਾ ਕੰਮ ਉਹ ਮਿੰਟਾਂ ਵਿੱਚ ਮੁਕਾ ਦਿੰਦੇਪਿੱਤਲ ਨਾਲ ਮੜ੍ਹੇ ਹੋਏ ਗੱਡੇ ਨੇ ਧੁੱਪੇ ਤੁਰੇ ਜਾਂਦੇ ਲਿਸ਼ਕਾ ਮਾਰਦੇ ਜਾਣਾਢਲਦੀ ਉਮਰ ਨਾਲ ਕਿਵੇਂ ਦਾਦਾ ਜੀ ਨੇ ਇਹ ਕੰਮ ਬਾਪੂ ਨੂੰ ਸੌਂਪ ਦਿੱਤਾ, ਮੈਂ ਇਹ ਸਾਰੀਆਂ ਗੱਲਾਂ ਬੜੀ ਰੀਝ ਨਾਲ ਸੁਣਦਾ

ਬਦਲਦੇ ਸਮੇਂ ਦੇ ਨਾਲ ਜਦੋਂ ਟਰੈਕਟਰਾਂ ਦਾ ਯੁਗ ਆਇਆ ਤਾਂ ਮੇਰੇ ਬਾਪੂ ਨੇ ਵੀ ਕੁਝ ਰਿਸ਼ਤੇਦਾਰਾਂ ਤੋਂ ਥੋੜ੍ਹੀ ਥੋੜ੍ਹੀ ਮਦਦ ਲੈ ਕੇ ਨਵਾਂ ਆਇਛਰ ਟਰੈਕਟਰ ਅਤੇ ਨਾਲ ਟਰਾਲੀ ਵੀ ਖਰੀਦ ਲਈਉਸ ਸਮੇਂ ਮੈਂ ਤੀਜੀ ਜਮਾਤ ਵਿੱਚ ਪੜ੍ਹਦਾ ਸੀ ਮੇਰਾ ਸਕੂਲ ਜਾਣ ਨੂੰ ਜੀਅ ਘੱਟ ਕਰਿਆ ਕਰਨਾ ਤੇ ਮੇਰਾ ਟਰੈਕਟਰ ਉੱਪਰ ਚੜ੍ਹ ਕੇ ਉਸ ਨੂੰ ਕੱਪੜੇ ਨਾਲ ਸਾਫ਼ ਕਰਨ ਨੂੰ ਜੀਅ ਜ਼ਿਆਦਾ ਕਰਿਆ ਕਰਨਾਬਾਪੂ ਨੇ ਵੀ ਦਾਦਾ ਜੀ ਵਾਂਗ ਬਹੁਤ ਮਿਹਨਤ ਕੀਤੀਘਰ ਦੇ ਹਾਲਾਤ ਪਹਿਲਾਂ ਨਾਲੋਂ ਵਧੀਆ ਹੋਣ ਲੱਗ ਪਏਭਾਵੇਂ ਦਿਨ ਹੋਣਾ ਚਾਹੇ ਰਾਤ, ਬਾਪੂ ਨੇ ਕਦੇ ਵੀ ਕਿਸੇ ਨੂੰ ਕੰਮ ਤੋਂ ਜਵਾਬ ਨਹੀਂ ਸੀ ਦਿੱਤਾ ਬੇਸ਼ਕ ਕਿਸੇ ਨੇ ਆਪਣੇ ਖੇਤਾਂ ਵਿੱਚ ਰਾਤ ਨੂੰ ਬਾਰਾਂ ਵਜੇ ਵੀ ਦਾਣੇ ਸਾਂਭ ਕੇ ਵਿਹਲੇ ਹੋਣਾ, ਜੇ ਉਹਨਾਂ ਨੇ ਦਾਣੇ ਘਰੇ ਲਿਆਉਣ ਲਈ ਬਾਪੂ ਨੂੰ ਆਵਾਜ਼ ਮਾਰਨੀ ਤਾਂ ਬਾਪੂ ਕਦੇ ਵੀ ਕੋਈ ਬਹਾਨਾ ਨਾ ਮਾਰਦੇ, ਸਗੋਂ ਝੱਟ ਹੀ ਟਰੈਕਟਰ ਨੂੰ ਹੈਂਡਲ ਮਾਰ ਉਹਨਾਂ ਨਾਲ ਤੁਰ ਪੈਂਦੇ

ਜਦੋਂ ਮੈਂ ਪੰਜ ਜਮਾਤਾਂ ਪਾਸ ਕਰ ਲਈਆਂ, ਮੇਰਾ ਸਕੂਲ ਜਾਣ ਨੂੰ ਜੀਅ ਬਿਲਕੁਲ ਨਾ ਕਰਨਾ ਕਿਉਂਕਿ ਮੇਰੇ ਪੈਰ ਵੀ ਟਰੈਕਟਰ ਦੇ ਕਲੱਚ ਅਤੇ ਬਰੇਕਾਂ ਉੱਤੇ ਪਹੁੰਚਣ ਲੱਗ ਪਏ ਸੀਬਾਪੂ ਨੇ ਮੇਰੀ ਪੜ੍ਹਾਈ ਵਿੱਚ ਰੁਚੀ ਨੂੰ ਨਾ ਦੇਖਦੇ ਹੋਏ ਮੈਂਨੂੰ ਪੜ੍ਹਨੋਂ ਹਟਾ ਲਿਆਮੈਂ ਘਰ ਦੇ ਹੋਰ ਕੰਮਾਂ ਦੇ ਨਾਲ ਨਾਲ ਟਰੈਕਟਰ ਚਲਾਉਣਾ ਵੀ ਸਿੱਖ ਲਿਆ ਥੋੜ੍ਹੇ ਚਿਰਾਂ ਵਿੱਚ ਹੀ ਲੋਕਾਂ ਦੇ ਕਿਰਾਏ ਵਾਲੇ ਗੇੜੇ ਮੈਂ ਲਾਉਣ ਲੱਗ ਪਿਆ

ਜਦੋਂ ਕਿਤੇ ਨੇੜਲੇ ਪਿੰਡ ਕੋਈ ਮੇਲਾ ਹੁੰਦਾ ਤਾਂ ਮੈਂ ਟਰੈਕਟਰ ਟਰਾਲੀ ਲੈ ਕੇ ਜ਼ਰੂਰ ਜਾਂਦਾ ਅਤੇ ਉਸ ਨੂੰ ਡੋਰੀਆਂ, ਪਰਾਂਦਿਆਂ ਨਾਲ ਇੰਝ ਸ਼ਿੰਗਾਰਦਾ ਜਿਵੇਂ ਕੋਈ ਨਵੀਂ ਵਿਆਹੀ ਮੇਲੇ ਫਬ ਕੇ ਜਾਂਦੀ ਏਪਿੰਡ ਦੇ ਸ਼ੌਕੀਨ ਮੁੰਡੇ ਮਹੀਨਾ ਮਹੀਨਾ ਪਹਿਲਾਂ ਹੀ ਕਿਸੇ ਮੇਲੇ ਦੀ ਦੱਸ ਪਾ ਦਿੰਦੇਫਿਰ ਬਾਪੂ ਨੇ ਟਰੈਕਟਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਹੀ ਪਾ ਦਿੱਤੀ ਅਤੇ ਆਪ ਦੋ ਮੱਝਾਂ ਰੱਖ ਕੇ ਮੁੱਲ ਵਾਲੇ ਦੁੱਧ ਤੋਂ ਖਹਿੜਾ ਛੁਡਾ ਲਿਆਇਹ ਸ਼ਾਇਦ ਉਨ੍ਹਾ ਨੇ ਇਸ ਕਰਕੇ ਵੀ ਕੀਤਾ ਹੋਵੇ ਕਿ ਜੇ ਜਵਾਨ ਹੁੰਦੇ ਪੁੱਤ ਨੂੰ ਪੂਰੀ ਖ਼ੁਰਾਕ ਨਾ ਮਿਲੀ ਤਾਂ ਉਸ ਗੱਭਰੂ ਨਹੀਂ ਹੋਣਾਆਦਤਾਂ ਮੇਰੀਆਂ ਵੀ ਸਾਰੀਆਂ ਬਾਪੂ ’ਤੇ ਹੀ ਗਈਆਂਕੰਮ ਤੋਂ ਕਦੇ ਕਿਸੇ ਨੂੰ ਨਾਂਹ ਨਾ ਕਰਨੀ, ਚਾਹੇ ਹਨੇਰਾ ਹੁੰਦਾ ਚਾਹੇ ਸਵੇਰਾਰਾਤ ਬਰਾਤੇ ਜੇ ਕਿਸੇ ਦਾ ਗੱਡਾ ਖੇਤੋਂ ਦਾਣੇ ਲੈ ਕੇ ਆਉਂਦੇ ਸਮੇਂ ਪਹੀ ਤੋਂ ਲਹਿਣ ਕਰਕੇ ਖੁੱਭ ਜਾਣਾ ਤਾਂ ਸੁਨੇਹਾ ਮਿਲਦੇ ਸਾਰ ਹੀ ਮੈਂ ਝੱਟ ਟਰੈਕਟਰ ਨੂੰ ਹੈਂਡਲ ਮਾਰ ਤੁਰ ਪੈਣਾ ਅਤੇ ਗੱਡੇ ਵਾਲੇ ਦਾਣੇ ਟਰਾਲੀ ਵਿੱਚ ਪਲਟਾ ਕੇ ਅਗਲਿਆਂ ਦੇ ਘਰ ਪਹੁੰਚਾ ਦੇਣੇ

ਫਿਰ ਜਦੋਂ ਸਮੇਂ ਦੇ ਬਦਲਣ ਨਾਲ ਸੜਕ ’ਤੇ ਵਿਰਲੇ ਵਿਰਲੇ ਟਰੱਕ ਲੰਘਣ ਲੱਗੇ ਪਏ ਤਾਂ ਮੇਰਾ ਵੀ ਟਰੱਕ ਚਲਾਉਣ ਨੂੰ ਬੜਾ ਜੀਅ ਕਰਿਆ ਕਰਨਾਮੈਂ ਕਈ ਵਾਰ ਗੱਲਾਂ ਗੱਲਾਂ ਵਿੱਚ ਬਾਪੂ ਨੂੰ ਸੁਣਾ ਵੀ ਦਿੰਦਾ- ਆਪਾਂ ਵੀ ਟਰੱਕ ਨਾ ਲੈ ਲਈਏ? ਪਰ ਬਾਪੂ ਹਰ ਵਾਰ ਮੇਰੀ ਗੱਲ ਟਾਲ ਜਾਂਦੇਬਾਪੂ ਦੇ ਦਿਮਾਗ ਵਿੱਚ ਕਿਸੇ ਨੇ ਇਹ ਗੱਲ ਪੱਕੀ ਕਰਕੇ ਬਿਠਾਈ ਹੋਈ ਸੀ ਕਿ ਜੇ ਮੁੰਡਾ ਟਰੱਕ ਚਲਾਉਣ ਲੱਗ ਪਿਆ ਤਾਂ ਫਿਰ ਪੱਕਾ ਅਮਲੀ ਬਣੂੰਇੱਕ ਦਿਨ ਤਾਂ ਮੇਰੇ ਕੋਲ ਹੀ ਕਿਸੇ ਨੇ ਕਹਿ ਦਿੱਤਾ, “ਡੋਡਿਆਂ ਦਾ ਫੱਕਾ ਮਾਰਨ ਤੋਂ ਬਿਨਾਂ ਕਿੱਥੇ ਅੱਖ ਸੜਕ ਵਿੱਚ ਗੱਡੀ ਜਾਂਦੀ ਆ।”

ਮੈਂ ਵੀ ਟਰੱਕ ਲੈਣ ਵਾਲੀ ਜ਼ਿਦ ਨਾ ਛੱਡੀ ਅਤੇ ਇੱਕ ਦਿਨ ਬਾਪੂ ਨੂੰ ਘਰੇ ਲੱਗੀ ਬਾਬੇ ਨਾਨਕ ਦੀ ਫੋਟੋ ਮੂਹਰੇ ਲੈ ਗਿਆ ਤੇ ਕਿਹਾ, “ਲੈ ਬਾਪੂ, ਸਹੁੰ ਲੱਗੇ ਬਾਬੇ ਦੀ, ਜੇ ਕਿਤੇ ਜ਼ਿੰਦਗੀ ਵਿੱਚ ਨਸ਼ਾ ਕਰਾਂ ਤਾਂ

ਮੇਰੀ ਇਹ ਗੱਲ ਸੁਣਦੇ ਹੀ ਬਾਪੂ ਨੇ ਮੈਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ ਤੇ ਖੁਸ਼ੀ ਨਾਲ ਹੰਝੂਆਂ ਭਰੀਆਂ ਅੱਖਾਂ ਨਾਲ ਕਿਹਾ, “ਓ ਟਰੱਕ ਕਿਤੇ ਪੁੜੀਆਂ ਵਿੱਚ ਵਿਕਦੇ ਨੇ, ਦੱਸ ਕਦੋਂ ਲੈਣਾ ਟਰੱਕ?”

ਬਾਪੂ ਦੇ ਇਹ ਬੋਲ ਸੁਣਦੇ ਸਾਰ ਮੇਰੀਆਂ ਅੱਖਾਂ ਵੀ ਖੁਸ਼ੀ ਦੇ ਹੰਝੂ ਡਲ੍ਹਕਣ ਲੱਗ ਪਏਮੇਰਾ ਟਰੱਕ ਵਾਲਾ ਸੁਪਨਾ ਪੂਰਾ ਹੋ ਗਿਆ

ਬਾਪੂ ਆਪਣੀ ਉਮਰ ਭੋਗ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਿਆਮੈਂ ਦਿਨ ਰਾਤ ਗੱਡਵੀਂ ਮਿਹਨਤ ਕੀਤੀਹੌਲੀ ਹੌਲੀ ਮੈਂ ਇੱਕ ਟਰੱਕ ਤੋਂ ਪੰਜਾਂ ਟਰੱਕਾਂ ਵਾਲਾ ਹੋ ਗਿਆਟਰੱਕਾਂ ਤੋਂ ਬਾਅਦ ਬਾਜ਼ਾਰ ਵਿੱਚ ਆਏ ਨਵੇਂ ਮਾਡਲਾਂ ਵਾਲੇ ਟਰਾਲਿਆਂ ਦਾ ਵੀ ਮਾਲਕ ਬਣ ਗਿਆ‘ਟਰੱਕਾਂ ਵਾਲੇ ਅਮਲੀ ਹੁੰਦੇ ਨੇ’, ਇਸ ਰੀਤ ਨੂੰ ਵੀ ਮੈਂ ਤੋੜਿਆ ਹਿੱਕ ਠੋਕ ਕੇ ਕਹਿੰਦਾ ਹਾਂ ਬੇਸ਼ਕ ਕੋਈ ਵੀਹ ਘੰਟੇ ਸੀਟ ਤੋਂ ਨਾ ਉਤਾਰੇ, ਮੈਨੂੰ ਇਕੱਲੀ ਚਾਹ ਤੋਂ ਬਿਨਾਂ ਹੋਰ ਕੋਈ ਵੈਲ ਨਹੀਂ ਹੈ

ਅੱਜ ਵੀ ਪਿਉ ਦਾਦੇ ਦੀ ਨਿਸ਼ਾਨੀ ਗੱਡਾ ਅਤੇ ਆਇਛਰ ਟਰੈਕਟਰ ਟਰਾਲੀ ਘਰੇ ਸ਼ਿੰਗਾਰ ਕੇ ਰੱਖੇ ਹੋਏ ਨੇਜਿਨ੍ਹਾਂ ਦਿਨਾਂ ਵਿੱਚ ਘਰੇ ਹੋਵਾਂ ਕਦੇ ਉਹਨਾਂ ਨੂੰ ਕੱਪੜਾ ਮਾਰਨਾ ਨਹੀਂ ਭੁੱਲਦਾਦਾਦਾ ਜੀ ਦੇ ਪਿੱਤਲ ਨਾਲ ਮੜ੍ਹੇ ਹੋਏ ਗੱਡੇ ਨੂੰ ਬਹੁਤ ਲੋਕ ਅੱਜ ਵੀ ਦੇਖਣ ਆਉਂਦੇ ਨੇਗੱਡੇ ਤੋਂ ਟਰਾਲਿਆਂ ਤਕ ਕੀਤੇ ਸਫ਼ਰ ਦੀਆਂ ਅੱਜ ਵੀ ਲੋਕ ਪਿੰਡਾਂ ਵਿੱਚ ਗੱਲਾਂ ਕਰਦੇ ਨੇ ਸਾਡੀਆਂ ਅਤੇ ਮੈਂ ਅੱਜ ਵੀ ਆਪਣੀ ਪਹਿਚਾਣ ਆਪਣੇ ਬਾਪੂ ਦਾ ਨਾਮ ਦੱਸ ਕੇ ਕਰਵਾਉਂਦਾ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4221)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹਰਭਿੰਦਰ ਸਿੰਘ ਸੰਧੂ

ਹਰਭਿੰਦਰ ਸਿੰਘ ਸੰਧੂ

Phone: (91 - 97810 - 81888)
Email: (harbhinderssandhu@gmail.com)