GurtejSinghDr7ਅਜੋਕੇ ਵਿਗਿਆਨਕ ਅਤੇ ਅਗਾਂਹਵਧੂ ਯੁੱਗ ਵਿੱਚ ਅਜਿਹੀਆਂ ਸ਼ਰਮਨਾਕ ਘਟਨਾਵਾਂ ਦਾ ਵਾਪਰਨਾ ਆਪਣੇ ਆਪ ਵਿੱਚ ...
(30 ਜੁਲਾਈ 2023)

 

ਅੱਜ ਪੰਜਾਬ ਦੇ ਬਹੁਤੇ ਘਰਾਂ ਦਾ ਮਾਹੌਲ ਵਿਗੜਿਆ ਹੋਇਆ ਹੈ। ਇਸ ਦਾ ਮੁੱਖ ਕਾਰਨ ਸ਼ਰਾਬ ਪੀਣਾ ਜਾਂ ਹੋਰ ਨਸ਼ੇ ਕਰਨਾ ਹੈ। ਨਸ਼ੇ ਅੱਜ ਪੰਜਾਬ ਨੂੰ ਅਜਿਹੇ ਘੁਣ ਵਾਂਗ ਲੱਗ ਗਏ ਹਨ ਕਿ ਪਰਿਵਾਰਾਂ ਦੇ ਪਰਿਵਾਰ ਟੁੱਟ ਰਹੇ ਹਨ। ਕਿਸੇ ਘਰ ਦਾ ਇੱਕੋ-ਇੱਕ ਕਮਾਉਣ ਵਾਲਾ ਨਸ਼ੇ ਦਾ ਆਦੀ ਹੋ ਜਾਂਦਾ ਹੈ ਤੇ ਅੰਤ ਇਸੇ ਵਿੱਚ ਗ਼ਲਤਾਨ ਹੋਇਆ ਦਮ ਤੋੜ ਜਾਂਦਾ ਹੈ ਤੇ ਪਰਿਵਾਰ ਦਾ ਗੁਜ਼ਾਰਾ ਹੋਣਾ ਮੁਸ਼ਕਿਲ ਹੋ ਜਾਂਦਾ ਹੈ ਜਾਂ ਕਿਸੇ ਦੀ ਔਲਾਦ ਨਸ਼ੇ ਦੀ ਆਦੀ ਹੋ ਕੇ ਭਰ ਜਵਾਨੀ ਵਿੱਚ ਸਿਵਿਆਂ ਦੇ ਰਾਹ ਪੈ ਜਾਂਦੀ ਹੈ। ਇਸ ਸਮੱਸਿਆ ਦਾ ਅਸਲ ਕਾਰਨ ਤੇ ਉਸ ਦੇ ਹੱਲ ਲਈ ਯਤਨ ਕਰਨ ਨਾਲੋਂ ਲੋਕ ਫ਼ਾਲਤੂ ਚੀਜ਼ਾਂ ਦਾ ਸਹਾਰਾ ਲੈ ਰਹੇ ਹਨ। ਘਰ ਵਿੱਚ ਅਜਿਹਾ ਕੁਝ ਹੋਣ ’ਤੇ ਇਹ ਸਮਝਿਆ ਜਾਂਦਾ ਹੈ ਕਿ ਘਰ ਉੱਪਰ ਕਿਸੇ ਓਪਰੀ ਛਾਇਆ ਦਾ ਅਸਰ ਹੈ ਜਾਂ ਕਿਸੇ ਨੇ ਕਾਲਾ ਜਾਦੂ ਕਰਵਾ ਦਿੱਤਾ ਹੈਇਨ੍ਹਾਂ ਕਾਲਪਨਿਕ ਬਲਾਵਾਂ ਤੋਂ ਪਿੱਛਾ ਛੁਡਵਾਉਣ ਲਈ ਲੋਕ ਤਾਂਤਰਿਕਾਂ, ਅਖੌਤੀ ਬਾਬਿਆਂ ਆਦਿ ਦਾ ਸਹਾਰਾ ਲੈਣ ਲੱਗ ਪੈਂਦੇ ਹਨ। ਇਹ ਅਖੌਤੀ ਬਾਬੇ ਜਾਂ ਆਪਣੇ ਆਪ ਨੂੰ ਤਾਂਤਰਿਕ ਦੱਸਣ ਵਾਲੇ ਲੋਕ ਗ਼ਲਤ ਤੇ ਫ਼ਾਲਤੂ ਦੀਆਂ ਗੱਲਾਂ ਵਿੱਚ ਆਮ ਲੋਕਾਂ ਨੂੰ ਫਸਾ ਲੈਂਦੇ ਹਨ ਜਿਵੇਂ ਘਰ ਦੇ ਕਿਸੇ ਚਾਰ ਪੰਜ ਸਾਲ ਦੇ ਬੱਚੇ ਦੇ ਅੰਗੂਠੇ ਵਿੱਚ ਫੋਟੋ ਦਿਖਾ ਕੇ ਪਰਿਵਾਰ ਨੂੰ ਭਰਮਾ ਲਿਆ ਜਾਂਦਾ ਹੈ (ਇਸ ਵਿੱਚ ਅੰਗੂਠੇ ਦੇ ਨਹੁੰ ਉੱਪਰ ਤੇਲ ਲਗਾ ਦਿੱਤਾ ਜਾਂਦਾ ਹੈ ਤੇ ਉਸ ਤੇਲ ਵਿੱਚ ਆਲੇ-ਦੁਆਲੇ ਹੋਣ ਵਾਲਾ ਸਭ ਕੁਝ ਦਿਖਾਈ ਦਿੰਦਾ ਹੈ, ਜਿਸ ਨੂੰ ਛੋਟਾ ਬੱਚਾ ਸੱਚ ਮੰਨ ਲੈਂਦਾ ਹੈ)। ਇਸ ਸਭ ਤੋਂ ਤਾਂਤਰਿਕ ਗੱਲਾਂ-ਗੱਲਾਂ ਵਿੱਚ ਤਾਂਤਰਿਕ ਇਹ ਜਾਣ ਲੈਂਦਾ ਹੈ ਕਿ ਘਰ ਵਾਲਿਆਂ ਦੇ ਮਨ ਵਿੱਚ ਕਿਸ ਵਿਅਕਤੀ ਪ੍ਰਤੀ ਸ਼ੱਕ ਹੈ। ਇਹ ਜਾਨਣ ਤੋਂ ਬਾਅਦ ਉਹ ਮਨਘੜਤ ਕਹਾਣੀ ਬਣਾ ਸਾਰਾ ਦੋਸ਼ ਉਸ ਵਿਅਕਤੀ ਸਿਰ ਮੜ ਦਿੰਦਾ ਹੈ। ਇਸਦੇ ਇਲਾਜ ਲਈ ਕਾਗ਼ਜ਼ ਉੱਤੇ ਪੁੱਠੇ ਸਿੱਧੇ ਅੱਖਰ ਵਾਹ ਕੇ ਤਵੀਤ ਬਣਾ ਕੇ ਦਿੱਤੇ ਜਾਂਦੇ ਹਨ ਜੋ ਘਰ ਦੇ ਦਰਵਾਜ਼ੇ ਨਾਲ ਬੰਨ੍ਹਣ ਤੇ ਪਾਣੀ ਵਿੰਚ ਘੋਲ ਕੇ ਪੀਣ ਆਦਿ ਲਈ ਕਿਹਾ ਜਾਂਦਾ ਹੈ। ਅਜਿਹੀਆਂ ਘਟਨਾਵਾਂ ਸਮਾਜ ਵਿੱਚ ਆਮ ਹਨ ਤੇ ਜ਼ਿਆਦਾਤਰ ਲੋਕਾਂ ਨਾਲ ਸਬੰਧਤ ਹਨ। ਕੁਝ ਚਲਾਕ ਲੋਕ ਅੱਜ ਪਾਖੰਡਵਾਦ ਅਤੇ ਲੋਕਾਂ ਦੀ ਅਗਿਆਨਤਾ ਦਾ ਲਾਹਾ ਲੈ ਕੇ ਆਪਣਾ ਤੋਰੀ ਫੁਲਕਾ ਚਲਾ ਰਹੇ ਹਨ।

ਹਰ ਪਿੰਡ ਅਤੇ ਸ਼ਹਿਰ ਵਿੱਚ ਤਾਂਤਰਿਕਾਂ ਦੇ ਅੱਡੇ ਹਨ ਜਿੱਥੇ ਇਹ ਆਪਣਾ ਗੋਰਖਧੰਦਾ ਚਲਾਉਂਦੇ ਹਨ। ਇਨ੍ਹਾਂ ਦੇ ਜਾਲ਼ ਦੇ ਤੰਦ ਇੰਨੇ ਬਾਰੀਕ ਹੁੰਦੇ ਹਨ ਕਿ ਅਨਪੜ੍ਹ ਤਾਂ ਕੀ ਪੜ੍ਹੇ ਲਿਖੇ ਲੋਕ ਵੀ ਇਸ ਵਿੱਚ ਫਸ ਜਾਂਦੇ ਹਨ। ਇਹ ਤਾਂਤ੍ਰਿਕ ਲੋਕਾਂ ਦਾ ਆਰਥਿਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਤੱਕ ਵੀ ਕਰਦੇ ਹਨ। ਲੋਕ ਪਤਾ ਨਹੀਂ ਕਿਹੜੀ ਜੰਨਤ ਦੀ ਲਾਲਸਾ ਵਿੱਚ ਅਜੋਕੇ ਸਮੇਂ ਵੀ ਢੋਂਗੀਆਂ ਤੋਂ ਆਪਣੀ ਸਰੀਰਕ, ਮਾਨਸਿਕ ਅਤੇ ਆਰਥਿਕ ਲੁੱਟ ਕਰਵਾ ਰਹੇ ਹਨ। ਭੂਤਾਂ ਕੱਢਣ ਦੇ ਨਾਮ ਉੱਤੇ ਇਹ ਰੋਗੀ ਦੀ ਬੇਰਹਿਮੀ ਨਾਲ ਮਾਰ ਕੁਟਾਈ ਕਰਦੇ ਹਨ ਤੇ ਖ਼ਤਰਨਾਕ ਤਸੀਹੇ ਤੱਕ ਦਿੰਦੇ ਹਨ, ਜਿਸ ਨਾਲ ਕਈ ਵਾਰ ਵਿਅਕਤੀ ਦੀ ਮੌਤ ਤੱਕ ਹੋ ਜਾਂਦੀ ਹੈ। ਇਸ ਦੀਆਂ ਤਾਜ਼ਾ ਉਦਾਹਰਨਾਂ ਦਿੱਲੀ ਅਤੇ ਕੇਰਲਾ ਵਿੱਚ ਇੱਕੋ ਪਰਿਵਾਰ ਦੇ ਸਾਰੇ ਜੀਆਂ ਦਾ ਭੇਦਭਰੀ ਹਾਲਤ ਵਿੱਚ ਛੱਤ ਨਾਲ ਲਟਕਦੇ ਮਿਲਣਾ ਹੈ।

ਕੁਝ ਸਾਲ ਪਹਿਲਾਂ ਮੋਗਾ ਜ਼ਿਲੇ ਦੇ ਪਿੰਡ ਭਿੰਡਰ ਕਲਾਂ ਦੀ ਮਹਿਲਾ ਤਾਂਤਰਿਕ ਨੇ ਅੱਠ-ਦਸ ਸਾਲ ਦੀ ਬੱਚੀ ਨੂੰ ਭੂਤ ਕੱਢਣ ਦੇ ਨਾਂ ’ਤੇ ਚਿਮਟੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਹੈਰਾਨੀ ਦੀ ਗੱਲ ਇਹ ਕਿ ਉਹ ਉਸ ਸਮੇ ਪਿੰਡ ਦੀ ਸਰਪੰਚ ਸੀ ਅਤੇ ਸ਼ਰੇਆਮ ਭੀੜ ਵਿੱਚ ਇਸ ਘਿਨੌਣੇ ਕਾਰੇ ਨੂੰ ਅੰਜਾਮ ਦਿੱਤਾ ਗਿਆ ਸੀ। ਰੋਗੀ ਕੁੜੀ ਲੋਕਾਂ ਤੋਂ ਪਾਣੀ ਮੰਗਦੀ ਰਹੀ ਪਰ ਤਮਾਸ਼ਬੀਨ ਭੀੜ ਨੇ ਪਾਣੀ ਦਾ ਘੁੱਟ ਉਸ ਨੂੰ ਨਹੀਂ ਦਿੱਤਾ ਸੀ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਫੱਤਾ ਵਿੱਚ ਅੱਠ ਮਾਰਚ 2017 ਨੂੰ ਵਾਪਰੀ ਮੰਦਭਾਗੀ ਘਟਨਾ ਹੈ ਜਿਸ ਵਿੱਚ ਅੰਧਵਿਸ਼ਵਾਸੀ ਕਲਯੁਗੀ ਦਾਦੀ ਅਤੇ ਪਿਤਾ ਨੇ ਕਿਸੇ ਕਾਮਨਾ ਦੀ ਪੂਰਤੀ ਲਈ ਆਪਣੇ ਦੋ ਬੱਚਿਆਂ ਦੀ ਬਲੀ ਦੇ ਦਿੱਤੀ ਸੀ। ਬੱਚਿਆਂ ਨੂੰ ਬਚਾਉਣ ਆਈ ਉਨ੍ਹਾਂ ਦੀ ਮਾਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬੀਤੀ 14 ਜੁਲਾਈ 2023 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੂਧਲ ਵਿੱਚ ਦਸ ਸਾਲ ਦੀ ਬੱਚੀ ਦੀ ਬਲੀ ਉਸ ਦੇ ਆਪਣੇ ਰਿਸ਼ਤੇਦਾਰਾਂ ਨੇ ਕਿਸੇ ਤਾਂਤਰਿਕ ਦੇ ਕਹਿਣ ’ਤੇ ਦਿੱਤੀ ਸੀ। ਦਰਅਸਲ ਉਸ ਪਰਿਵਾਰ ਦਾ ਕਾਰੋਬਾਰ ਠੱਪ ਹੋ ਗਿਆ ਸੀ ਤੇ ਉਸ ਨੂੰ ਚਲਾਉਣ ਲਈ ਉਕਤ ਤਾਂਤਰਿਕ ਨੇ ਪਰਿਵਾਰ ਨੂੰ ਬੱਚੀ ਦੀ ਬਲੀ ਦੇਣ ਲਈ ਉਕਸਾਇਆ ਸੀ।

ਅਜੋਕੇ ਵਿਗਿਆਨਕ ਅਤੇ ਅਗਾਂਹਵਧੂ ਯੁੱਗ ਵਿੱਚ ਅਜਿਹੀਆਂ ਸ਼ਰਮਨਾਕ ਘਟਨਾਵਾਂ ਦਾ ਵਾਪਰਨਾ ਆਪਣੇ ਆਪ ਵਿੱਚ ਮੰਦਭਾਗਾ ਹੈ। ਲੋਕਾਂ ਦੀ ਸੌੜੀ ਮਾਨਸਿਕਤਾ ਦਾ ਇਹ ਪਾਖੰਡੀ ਖ਼ੂਬ ਫ਼ਾਇਦਾ ਉਠਾਉਂਦੇ ਹਨ। ਮੁੰਡੇ ਦੀ ਲਾਲਸਾ ਰੱਖਣ ਵਾਲੇ ਲੋਕਾਂ ਨੂੰ ਗੋਲੀ (ਦਵਾਈ) ਦਿੰਦੇ ਹਨ ਤੇ ਦਾਅਵਾ ਕਰਦੇ ਹਨ ਕਿ ਇਸ ਨਾਲ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਹੋਵੇਗੀ। ਅਸਲ ਵਿੱਚ ਜੋ ਇਹ ਦਵਾਈ ਦਿੰਦੇ ਹਨ ਉਸ ਵਿੱਚ ਟੈਸਟੋਸਟੀਰੋਨ (ਆਦਮੀ ਦਾ ਸੈਕਸ ਹਾਰਮੋਨ) ਦੀ ਮਾਤਰਾ ਕਾਫ਼ੀ ਹੁੰਦੀ ਹੈ, ਜਿਸ ਕਾਰਨ ਕਈ ਵਾਰ ਬੱਚੇ ਅਸਾਧਾਰਨ ਪੈਦਾ ਹੁੰਦੇ ਹਨ। ਔਰਤ ਨੂੰ ਇਕੱਲਿਆਂ ਦਵਾਈ ਦੇਣ ਦੇ ਬਹਾਨੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ। ਅਗਰ ਉਹ ਔਰਤ ਬਾਹਰ ਜਾ ਕੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਉਸ ਪਾਖੰਡੀ ਦੀ ਕਰਤੂਤ ਦੱਸਦੀ ਵੀ ਹੈ ਤਾਂ ਵੀ ਉਹ ਪਰਿਵਾਰ ਅੰਨੀ ਸ਼ਰਧਾ ਦੇ ਵੱਸ ਵਿੱਚ ਹੋਣ ਕਾਰਨ ਉਸ ਦਾ ਯਕੀਨ ਨਹੀਂ ਕਰਦਾ ਹੈ ਜੋ ਉਸ ਪਾਖੰਡੀ ਦੀ ਢਾਲ ਹੋ ਨਿੱਬੜਦੀ ਹੈ। ਅਗਰ ਉਹ ਔਰਤ ਇਸ ਸ਼ੋਸ਼ਣ ਖਿਲਾਫ਼ ਮੂੰਹ ਖੋਲਦੀ ਹੈ ਤਾਂ ਇਹ ਚਲਾਕ ਲੋਕ ਉਸ ਦੇ ਪਰਿਵਾਰ ਦੇ ਦਿਮਾਗ ਵਿੱਚ ਇਹ ਕੂੜ ਭਰਨ ਵਿੱਚ ਸਫ਼ਲ ਹੋ ਜਾਂਦੇ ਹਨ ਕਿ ਤੁਹਾਡੇ ਲੇਖਾਂ ਵਿੱਚ ਪੁੱਤਰ ਤਾਂ ਹੈ ਪਰ ਇਹ ਔਰਤ ਪੁੱਤਰ ਨੂੰ ਜਨਮ ਨਹੀਂ ਦੇ ਸਕਦੀਕੁਝ ਲੋਕਾਂ ਦੇ ਘਰ ਲੜਕਾ ਪੈਦਾ ਹੋਣਾ ਜੋ ਕੁਦਰਤੀ ਪ੍ਰਕ੍ਰਿਆ ਹੈ, ਇਨ੍ਹਾਂ ਨੂੰ ਲੋਕਾਂ ਵਿੱਚ ਰੱਬ ਬਣਾਉਂਦਾ ਹੈ। ਮੈਡੀਕਲ ਸਾਇੰਸ ਅਨੁਸਾਰ ਬੱਚੇ ਦੇ ਲਿੰਗ ਨਿਰਧਾਰਨ ਵਿੱਚ ਔਰਤ ਦੀ ਥਾਂ ਮਰਦ ਦਾ ਰੋਲ ਅਹਿਮ ਹੈ। ਇਸ ਪ੍ਰਕ੍ਰਿਆ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਪੁਰਸ਼ ਵਿੱਚ ਐਕਸ ਵਾਈ ਕਰੋਮੋਸਮ ਹੁੰਦੇ ਹਨ ਜਦਕਿ ਔਰਤ ਵਿੱਚ ਸਿਰਫ਼ ਐਕਸ ਐਕਸ ਕਰੋਮੋਸਮ ਹੁੰਦੇ ਹਨ। ਇਸ ਨੂੰ ਇਸ ਤਰ੍ਹਾਂ ਸਮਝਿਆ ਜਾਵੇ ਕਿ ਮਨੁੱਖ ਵਿੱਚ ਕਰੋਮੋਸਮ ਦੇ ਤੇਈ ਜੋੜੇ ਹੁੰਦੇ ਹਨ ਜਿਨ੍ਹਾਂ ਵਿੱਚੋਂ 22 ਜੋੜੇ ਇੱਕ ਸਮਾਨ ਹੁੰਦੇ ਹਨ ਜਦੋਂ ਕਿ ਇੱਕ ਜੋੜਾ ਐਕਸ ਵਾਈ (ਪੁਰਸ਼) ਜਾਂ ਐਕਸ ਐਕਸ (ਔਰਤ) ਹੁੰਦਾ ਹੈ। ਇਸ ਤਰਾਂ ਸਪਸ਼ਟ ਹੈ ਕਿ ਔਰਤ ਨੇ ਸਿਰਫ਼ ਐਕਸ ਕਰੋਮੋਸਮ ਦੇਣਾ ਹੈ ਜਦ ਕਿ ਮਰਦ ਐਕਸ ਜਾਂ ਫਿਰ ਵਾਈ ਕਰੋਮੋਸਮ ਦੇਵੇਗਾ। ਜਦੋਂ ਪੁਰਸ਼ ਅਤੇ ਇਸਤਰੀ ਦੇ ਕਰੋਮੋਸਮ ਮਿਲਦੇ ਹਨ ਤਾਂ ਪੰਜਾਹ ਫ਼ੀਸਦੀ ਸੰਭਾਵਨਾ ਹੁੰਦੀ ਹੈ ਹੈ ਕਿ ਬੱਚਾ ਲੜਕਾ ਹੋਵੇਗਾ ਜਾਂ ਫਿਰ ਪੰਜਾਹ ਫ਼ੀਸਦੀ ਸੰਭਾਵਨਾ ਹੁੰਦੀ ਹੈ ਕਿ ਬੱਚਾ ਲੜਕੀ ਹੋਵੇਗੀ। ਜੇ ਪੁਰਸ਼ ਦਾ ਐਕਸ ਕਰੋਮੋਸਮ ਇਸਤਰੀ ਦੇ ਐਕਸ ਕਰੋਮੋਸਮ ਨਾਲ ਮਿਲਦਾ/ ਲੱਗਦਾ / ਜੁੜਦਾ ਹੈ ਤਾਂ ਬੱਚਾ ਲੜਕੀ ਹੋਵੇਗੀ। ਇਸੇ ਤਰ੍ਹਾਂ ਜੇ ਪੁਰਸ਼ ਦਾ ਵਾਈ ਕਰੋਮੋਸਮ ਇਸਤਰੀ ਦੇ ਐਕਸ ਕਰੋਮੋਸਮ ਨਾਲ ਮਿਲਦਾ/ਲੱਗਦਾ / ਜੁੜਦਾ ਹੈ ਤਾਂ ਬੱਚਾ ਲੜਕਾ ਹੋਵੇਗਾ। ਇੱਥੇ ਸਪਸ਼ਟ ਹੈ ਕਿ ਬੱਚੇ ਦੇ ਲਿੰਗ ਨਿਰਧਾਰਨ ਵਿੱਚ ਮਰਦ ਦਾ ਹੀ ਰੋਲ ਅਹਿਮ ਹੈ, ਇਸ ਵਿੱਚ ਇਸਤਰੀ ਦਾ ਕੋਈ ਰੋਲ ਨਹੀਂ ਹੈ। ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਭਾਵੇਂ ਬੱਚੇ ਦੇ ਲਿੰਗ ਨਿਰਧਾਰਨ ਵਿੱਚ ਮਰਦ ਦਾ ਰੋਲ ਬਹੁਤ ਅਹਿਮ ਹੈ ਪਰ ਪੁਰਸ਼ ਨੂੰ ਵੀ ਨਹੀਂ ਪਤਾ ਹੁੰਦਾ ਕਿ ਕਿਹੜਾ ਕਰੋਮੋਸਮ ਇਸਤਰੀ ਦੇ ਐਕਸ ਕਰੋਮੋਸਮ ਨਾਲ ਜਾ ਕੇ ਲੱਗੇਗਾ।

ਧਰਮ ਅਤੇ ਅੰਨੀ ਆਸਥਾ ਦਾ ਸਬੰਧ ਦਿਲ ਅਤੇ ਧੜਕਣ ਦੀ ਤਰਾਂ ਪੇਚੀਦਾ ਹੈ ਜਿਸ ਦੀ ਆੜ `ਚ ਪਾਖੰਡੀ ਆਪਣਾ ਸਾਮਰਾਜ ਚਲਾ ਰਹੇ ਹਨ। ਬਹੁਤ ਸਾਰੀਆਂ ਸੰਸਥਾਵਾਂ ਇਨ੍ਹਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਦੀਆਂ ਹਨ ਪਰ ਉਨ੍ਹਾਂ ਉੱਪਰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਮੜ ਦਿੱਤੇ ਜਾਂਦੇ ਹਨ। ਜੋ ਲੋਕ ਸੱਚ ਨੂੰ ਲੋਕਾਂ ਸਾਹਮਣੇ ਲਿਆਉਣ ਤੇ ਪਾਖੰਡਾਂ ਤੋਂ ਲੋਕਾਂ ਨੂੰ ਮੁਕਤ ਕਰਵਾਉਣ ਲਈ ਤਤਪਰ ਹਨ, ਉਨ੍ਹਾਂ ਨੂੰ ਸਹਿਯੋਗ ਕਰਨਾ ਸਾਡੀ ਵੀ ਜ਼ਿੰਮੇਵਾਰੀ ਹੈ। ਅਖ਼ਬਾਰ, ਨਿਊਜ਼ ਚੈਨਲ ਇਨ੍ਹਾਂ ਪਾਖੰਡੀਆਂ ਦੇ ਹੱਥੋਂ ਬਰਬਾਦ ਹੋਏ ਲੋਕਾਂ ਦੀ ਦਾਸਤਾਨ ਤਾਂ ਜ਼ਰੂਰ ਪੇਸ਼ ਕਰਦੇ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਇਨਾਂ੍ਹ ਨੇ ਹੀ ਉਨ੍ਹਾਂ ਪਾਖੰਡੀਆਂ ਦੇ ਪਾਖੰਡ ਦੇ ਪ੍ਰਚਾਰ-ਪ੍ਰਸਾਰ `ਚ ਅਹਿਮ ਰੋਲ ਨਿਭਾਇਆ ਹੁੰਦਾ ਹੈ ਤੇ ਨਿਭਾਉਦੇ ਹਨ। ਮੰਨਿਆ ਵਪਾਰਕ ਪੱਖ ਤੋਂ ਇਸ਼ਤਿਹਾਰ ਲਾਜ਼ਮੀ ਹਨ ਪਰ ਮੀਡੀਆ ਨੂੰ ਇੰਨਾ ਵੀ ਮਤਲਬੀ ਨਹੀਂ ਹੋਣਾ ਚਾਹੀਦਾ ਕਿ ਸਮਾਜ ਨੂੰ ਜਿਸ ਦਾ ਖ਼ਮਿਆਜ਼ਾ ਭੁਗਤਣਾ ਪਵੇ। ਅਜਿਹੇ ਇਸ਼ਤਿਹਾਰਾਂ `ਤੇ ਪਾਬੰਦੀ ਜ਼ਰੂਰੀ ਹੈ ਜੋ ਸਮਾਜ ਨੂੰ ਗੁਮਰਾਹ ਕਰਦੇ ਹੋਣ। ਲੋਕਾਂ ਨੂੰ ਜਾਗਰੂਕ ਕਰਨਾ ਅਜੋਕੇ ਸਮੇਂ ਦੀ ਬਹੁਤ ਵੱਡੀ ਲੋੜ ਹੈ, ਜਦੋਂ ਲੋਕ ਜਾਗਰੂਕ ਹੋ ਜਾਣਗੇ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਪਾਖੰਡੀਆਂ ਦਾ ਸਾਮਰਾਜ ਖੇਰੂੰ-ਖੇਰੂੰ ਨਾ ਹੋਵੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4121)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਗੁਰਤੇਜ ਸਿੰਘ

ਡਾ. ਗੁਰਤੇਜ ਸਿੰਘ

Chak Bakhtu, Bathinda, Punjab, India.
Phone: (91 - 94641 - 72783)

Email: (gurtejsingh72783@gmail.com)

More articles from this author