NavroopSMutti7ਇੰਗਲੈਂਡ ਵਿਚ ਅਦਾਲਤੀ ਕਾਰਵਾਈ ਸਮੇਂ ਉਹਨਾਂ ਦੇ ਸ਼ਬਦ ਸਨ ਕਿ ਇੰਗਲੈਂਡ ਨਿਵਾਸੀ ਮਿਹਨਤਕਸ਼ ਲੋਕ ਮੇਰੇ ਮਿੱਤਰ ਹਨ ਪਰ ...
(22 ਅਗਸਤ 2016)

 

ਸ਼ਹੀਦ ਊਧਮ ਸਿੰਘ (ਸੁਨਾਮ) ਰਾਮ ਮੁਹੰਮਦ ਸਿੰਘ ਅਜ਼ਾਦ ਦੀ ਸ਼ਹਾਦਤ ਨੂੰ ਦੇਸ਼ ਦੀ ਕੌਮੀ ਅਜ਼ਾਦੀ ਦੇ ਸੰਗਰਾਮ ਵਿਚ ਬਹੁਤ ਵੱਡੇ ਮਾਣ ਵਾਲਾ ਸਥਾਨ ਹਾਸਲ ਹੈ। ਅਸਲ ਵਿੱਚ ਸ਼ਹੀਦ ਦੀ ਘਾਲਣਾ ਦਾ ਲੋਕ ਮਨਾਂ ਵਿੱਚ ਤਾਂ ਬਹੁਤ ਵੱਡਾ ਮਹੱਤਵ ਹੈ ਪਰ ਰਾਜ ਸਤਾ ਦਾ ਸੁਖ ਮਾਣ ਰਹੀਆਂ ਤਾਕਤਾਂ ਨੇ ਸ਼ਹੀਦ ਦੀ ਸ਼ਹਾਦਤ ਨੂੰ ਸਹੀ ਮਾਣ ਸਤਿਕਾਰ ਦਾ ਸਥਾਨ ਪ੍ਰਦਾਨ ਨਹੀਂ ਕੀਤਾ। ਭਾਰਤ ਸਰਕਾਰ ਸ਼ਹੀਦ ਊਧਮ ਸਿੰਘ ਨੂੰ ਰਾਸ਼ਟਰੀ ਸ਼ਹੀਦ ਦਾ ਦਰਜਾ ਦੇਵੇ ਅਤੇ ਸ਼ਹੀਦ ਦਾ ਆਦਮ ਕੱਦ ਬੁੱਤ ਸੰਸਦ ਭਵਨ ਵਿਚ ਲਾਇਆ ਜਾਵੇ, ਕਿਸੇ ਨੈਸ਼ਨਲ ਯੂਨੀਵਰਸਿਟੀ ਵਿਚ ਉਹਨਾਂ ਦੀ ਚੇਅਰ ਸਥਾਪਤ ਕੀਤੀ ਜਾਵੇ।

ਸ਼ਹੀਦ ਊਧਮ ਸਿੰਘ ਦਾ ਜਨਮ ਇਕ ਮਿਹਨਤੀ ਕਿਰਤੀ ਕੰਬੋਜ ਪਰਿਵਾਰ ਵਿਚ ਹੋਇਆ ਪਰ ਉਹ ਜਾਤ ਮਜਹਬ ਦੀ ਵਲਗਣ ਤੋਂ ਪਰੇ ਰਾਮ ਮੁਹੰਮਦ ਸਿੰਘ ਅਜਾਦ’ ਇਕ ਹਿੰਦੋਸਤਾਨੀ ਸੀ। ਉਹਨਾਂ ਦਾ ਬਚਪਨ ਖੁਸ਼ਗਵਾਰ ਨਹੀਂ ਗੁਜ਼ਰਿਆ। ਪਹਿਲਾਂ ਮਾਤਾ ਪਿਤਾ ਦੀ ਮੌਤ ਦਾ ਸਦਮਾ ਅਤੇ ਫਿਰ ਯਤੀਮਖਾਨਾ ਅਮ੍ਰਿਤਸਰ ਵਿਚ ਪੜ੍ਹਾਈ ਦੌਰਾਨ ਹੀ ਭਰਾ ਦੀ ਮੌਤ ਦਾ ਸਦਮਾ ਸਹਿਣਾ ਪਿਆ। ਯਤੀਮਖਾਨੇ ਵਿਚ ਰਹਿ ਕੇ ਪੜਾਈ ਕੀਤੀ ਅਤੇ ਦੇਸ਼ ਵਿਚ ਅਜ਼ਾਦੀ ਸੰਗਰਾਮ ਦੀ ਲਹਿਰ ਵਿਚ ਆਪਣੇ ਨੌਜਵਾਨ ਸਾਥੀਆਂ ਨਾਲ ਮਿਲਕੇ ਭਾਗ ਲੈਣਾ ਸ਼ੁਰੂ ਕੀਤਾ।

ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਨਾਲ ਜੁੜੀ ਹੋਈ ਹੈ। ਦੇਸ਼ ਵਾਸੀਆਂ ਨੇ ਜਲ੍ਹਿਆਂਵਾਲੇ ਬਾਗ ਵਿਚ 13 ਅਪ੍ਰੈਲ 1919 ਨੂੰ ਅੰਗਰੇਜ਼ ਸਾਮਰਾਜੀਆਂ ਵਲੋਂ ਹਿੰਦੋਸਤਾਨ ਦੀ ਅਜ਼ਾਦੀ ਦੀ ਜੱਦੋਜਹਿਦ ਨੂੰ ਦਬਾਉਣ ਲਈ ਅਣਮਨੁੱਖੀ ਕਾਨੂੰਨਾਂ ਦੇ ਵਿਰੋਧ ਵਿਚ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨਾ ਸੀ। ਦੇਸ਼ ਵਾਸੀਆਂ ਵਿਚ ਧੋਖੇ ਨਾਲ ਉਹਨਾਂ ਦੇ ਹਰਮਨ ਪਿਆਰੇ ਨੇਤਾਵਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰਨ ਕਾਰਨ ਵੀ ਵੱਡਾ ਰੋਸ ਸੀ। ਅਮ੍ਰਿਤਸਰ ਵਿਚ ਨਿਹੱਥੇ ਅਤੇ ਸ਼ਾਂਤਮਈ ਦੇਸ਼ ਪ੍ਰੇਮੀਆਂ ਨੂੰ ਜਲ੍ਹਿਆਂਵਾਲਾ ਬਾਗ ਵਿਚ ਖੂਨੀ ਕਾਂਡ ਨੂੰ ਅੰਜਾਮ ਦੇਣ ਵਾਲੇ ਹਾਕਮ ਹਿੰਦੋਸਤਾਨੀਆਂ ਨਾਲ ਘੋਰ ਨਫਰਤ ਅਤੇ ਘ੍ਰਿਣਾ ਨਾਲ ਭਰੇ ਹੋਏ ਸਨ। ਖੂਨੀ ਕਾਂਡ ਲਈ ਜ਼ਿੰਮੇਵਾਰ ਸਰ ਮਾਈਕਲ ਓਡਵਾਇਰ ਅਤੇ ਪੁਲਿਸ ਮੁਖੀ ਜਨਰਲ ਡਾਇਰ ਦਾ ਮਨਸ਼ਾ ਸੀ ਕਿ ਇਸ ਕਦਰ ਲਾਸ਼ਾਂ ਵਿਛਾ ਦਿਉ ਕਿ ਦੇਸ਼ ਦੇ ਲੋਕਾਂ ਵਿਚ ਏਨੀ ਦਹਿਸ਼ਤ ਅਤੇ ਡਰ ਬੈਠ ਜਾਵੇ ਕਿ ਲੋਕ ਅਜ਼ਾਦੀ ਦੀ ਲੜਾਈ ਨੂੰ ਭੁੱਲ ਜਾਣ ਅਤੇ ਹੌਸਲੇ ਪਸਤ ਹੋ ਜਾਣ।

ਇਹ ਖੂਨੀ ਕਾਂਡ ਤੋਂ 21 ਸਾਲ ਬਾਅਦ ਸ਼ਹੀਦ ਊਧਮ ਸਿੰਘ ਨੇ ਇੰਗਲੈਂਡ ਵਿਚ 13 ਮਾਰਚ 1940 ਨੂੰ ਜਲ੍ਹਿਆਂਵਾਲੇ ਬਾਗ ਦੇ ਖੂਨੀ ਕਾਂਡ ਲਈ ਜ਼ਿੰਮੇਵਾਰਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। 21 ਸਾਲ ਦੇ ਸਿਦਕ ਅਤੇ ਘਾਲਣਾ ਬਾਅਦ ਅੰਗਰੇਜ਼ ਹਾਕਮਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਇਸ ਅਹਿਮ ਅਤੇ ਵੱਡੀ ਘਟਨਾ ਨੂੰ ਇਕ ਭਾਰਤੀ ਸ਼ੇਰ ਵਲੋਂ ਬਦਲਾ ਲੈ ਲਿਆ ਕਹਿ ਕੇ ਪੁਕਾਰਿਆ ਜਾਂਦਾ ਹੈ। ਇਹ ਇਕ ਮਹਿਜ਼ ਬਦਲਾ ਨਹੀਂ ਸੀ। ਇਹ ਇਸ ਸਮੇਂ ਦੌਰਾਨ ਵਿਕਸਤ ਹੋਈ ਊਧਮ ਸਿੰਘ ਦੀ ਵਿਚਾਰਧਾਰਾ ਦਾ ਪ੍ਰਤੀਕ ਸੀ। ਬਹਾਦਰ ਯੋਧਾ ਇਹ ਸੰਦੇਸ਼ ਦੇਣਾ ਚਾਹੁੰਦਾ ਸੀ ਕਿ ਅੰਗਰੇਜ਼ ਹਾਕਮ ਹਿੰਦੋਸਤਾਨ ਦੀ ਅਜ਼ਾਦੀ ਦੀ ਲਹਿਰ ਨੂੰ ਦਹਿਸ਼ਤਜ਼ਦਾ ਕਰਕੇ ਦਬਾਉਣਾ ਅਤੇ ਅਜ਼ਾਦੀ ਪ੍ਰਵਾਨਿਆਂ ਦੇ ਹੌਸਲੇ ਪਸਤ ਕਰਨਾ ਚਾਹੁੰਦੇ ਸਨ ਪਰ ਦੇਸ਼ ਦੀ ਅਜ਼ਾਦੀ ਲਈ ਸਿਰ ’ਤੇ ਕੱਫਣ ਬੰਨ੍ਹ ਕੇ ਤੁਰੇ ਪ੍ਰਵਾਨੇ ਬਰਤਾਨਵੀ ਸਾਮਰਾਜ ਦੇ ਜੁਲਮ ਤਸ਼ੱਦਦ ਤੋਂ ਨਹੀਂ ਡਰਦੇ।

ਕੈਕਸਟਨ ਹਾਲ ਦੇ ਕਾਰਨਾਮੇ ਬਾਅਦ ਬ੍ਰਿਟਿਸ਼ ਸਾਮਰਾਜੀ ਸੱਚਮੁੱਚ ਹੀ ਦਹਿਲ ਗਏ ਤੇ ਹਿੰਦੋਸਤਾਨ ਨੂੰ ਛੱਡਣ ਬਾਰੇ ਸੋਚਣ ’ਤੇ ਮਜ਼ਬੂਰ ਹੋ ਗਏ। ਇਸ ਨਾਲ ਦੇਸ਼ ਵਿਚ ਅਜ਼ਾਦੀ ਸੰਗਰਾਮ ਨੂੰ ਹੋਰ ਬਲ ਮਿਲਿਆ ਅਤੇ ਜਨਤਾ ਦਾ ਹੌਸਲਾ ਵਧਿਆ। ਇਹੋ ਸੰਦੇਸ਼ ਸ਼ਹੀਦ ਊਧਮ ਸਿੰਘ ਅੰਗਰੇਜ਼ ਹਕੂਮਤ ਨੂੰ ਦੇਣਾ ਚਾਹੁੰਦਾ ਸੀ। ਇਹ ਕੋਈ ਨਿੱਜੀ ਦੁਸ਼ਮਣੀ ਕਾਰਨ ਨਹੀਂ ਸੀ, ਇਹ ਦੇਸ਼ ਦੀ ਕੌਮੀ ਅਣਖ ਅਤੇ ਸਵੈਮਾਣ ਦਾ ਸਵਾਲ ਸੀ।

ਨਿਰਸੰਦੇਹ ਸ਼ਹੀਦ ਊਧਮ ਸਿੰਘ ਇਕ ਸਿਰੜੀ ਸੂਰਬੀਰ ਸੀ ਪਰ ਉਹ ਇਕ ਦੇਸ਼ ਭਗਤ ਅਜ਼ਾਦੀ ਸੰਗਰਾਮੀ ਸੀ। ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਤੋਂ ਕੈਕਸਟਨ ਹਾਲ ਤੱਕ ਦੇ ਵਿਚਲੇ ਸਮੇਂ ਵਿਚ ਉਸਨੇ ਦੇਸ਼ ਦੀ ਅਜ਼ਾਦੀ ਲਈ ਲੜੇ ਜਾ ਰਹੇ ਸੰਗ੍ਰਾਮ ਵਿਚ ਦੇਸ਼ ਵਿਦੇਸ਼ ਬੜੀ ਸਰਗਰਮੀ ਨਾਲ ਹਿੱਸਾ ਲਿਆ। ਇੰਗਲੈਂਡ ਵਿਚ ਅਦਾਲਤੀ ਕਾਰਵਾਈ ਸਮੇਂ ਉਹਨਾਂ ਦੇ ਸ਼ਬਦ ਸਨ ਕਿ ਇੰਗਲੈਂਡ ਨਿਵਾਸੀ ਮਿਹਨਤਕਸ਼ ਲੋਕ ਮੇਰੇ ਮਿੱਤਰ ਹਨ ਪਰ ਜਿਹੜੇ ਅੰਗਰੇਜ਼ ਹਾਕਮ ਜਾਲਮ ਹਨ ... ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਿਰਫ ਬਦਲੇ ਦੀ ਭਾਵਨਾ ਨਾਲ ਜੋੜ ਕੇ ਸ਼ਹੀਦ ਦਾ ਗੁਣ ਗਾਣ ਨਹੀਂ ਕਰਨਾ ਚਾਹੀਦਾ ਬਲ ਕਿ ਇਕ ਦੇਸ਼ ਭਗਤ ਯੋਧੇ, ਜਿਸਦੀ ਸਮਝ ਕੌਮੀ ਏਕਤਾ ਅਤੇ ਸਦਭਾਵਨਾ ਸੀ, ਉਸ ਦੇ ਵਿਚਾਰਾਂ ਅਤੇ ਨਿਸ਼ਾਨੇ/ਉਦੇਸ਼ ਨੂੰ ਵਿਚਾਰਨ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ।

ਸ਼ਹੀਦੇ ਆਜ਼ਮ ਭਗਤ ਸਿੰਘ ਸ਼ਹੀਦ ਊਧਮ ਸਿੰਘ ਦੇ ਪ੍ਰੇਰਨਾ ਸਰੋਤ ਸਨ। ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਤੋਂ ਕੈਕਸਟਨ ਹਾਲ ਤੱਕ ਦੇ ਵਿਚਲੇ ਸਮੇਂ ਉਨਾਂ ਨੇ ਕੌਮੀ ਅਤੇ ਕੌਮਾਂਤਰੀ ਇਨਕਲਾਬੀਆਂ ਨਾਲ ਮਿਲ ਕੇ ਦੇਸ਼ ਵਿਦੇਸ਼ ਵਿਚ ਅਜ਼ਾਦੀ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਦੀਆਂ ਯੋਜਨਾਵਾਂ ਬਣਾਈਆਂ। ਉਹਨਾਂ ਦੇ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ ਵਿਚ ਪੇਸ਼ ਕੀਤੇ ਵਿਚਾਰ ਭਾਰਤ ਦੀ ਅਜ਼ਾਦੀ ਅਤੇ ਆਦਰਸ਼ ਪ੍ਰਤੀ ਉਹਨਾਂ ਦੀ ਸਮਝ ਨੂੰ ਸਪਸ਼ਟ ਕਰਦੇ ਹਨ। ਉਹਨਾਂ ਦੇ ਦੇਸ਼ ਦੀ ਅਜ਼ਾਦੀ ਨੂੰ ਲੈ ਕੇ ਕੀ ਸੁਪਨੇ ਅਤੇ ਨਿਸ਼ਾਨੇ ਸਨ, ਉਹਨਾਂ ਦੇ ਹੀ ਸ਼ਬਦਾਂ ਵਿੱਚ “ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ। ਗੁਲਾਮੀ ਦੇ ਵਿਰੁੱਧ ਇਨਕਲਾਬ, ਮਨੁੱਖ ਦਾ ਧਰਮ ਹੈ। ਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਹੈ। ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨਿਵਾ ਦਿੰਦੀ ਹੈ, ਉਹ ਮੌਤ ਨੂੰ ਪ੍ਰਵਾਨ ਕਰਦੀ ਹੈ, ਕਿਉਂਕਿ ਆਜ਼ਾਦੀ ਜੀਵਨ ਅਤੇ ਗੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ ਅਤੇ ਅਸੀਂ ਇਸ ਨੂੰ ਪ੍ਰਾਪਤ ਕਰਕੇ ਹੀ ਰਹਾਂਗੇ। ਅਸੀਂ ਇਨਕਲਾਬ ਦੇ ਦਰ ’ਤੇ ਆਪਣੀਆਂ ਜਵਾਨੀਆਂ ਦੀਆਂ ਬਹਾਰਾਂ ਵਾਰਨ ਲਈ ਤਤਪਰ ਹੋ ਗਏ ਹਾਂ। ਇਸ ਮਹਾਨ ਆਦਰਸ਼ ਦੀ ਭੇਂਟ ਆਪਣੀ ਜਵਾਨੀ ਤੋਂ ਘੱਟ ਹੋਰ ਹੋ ਵੀ ਕੀ ਸਕਦਾ ਹੈ। ਇਨਕਲਾਬ ਦੇ ਅਰਥ ਹਨ: ਬਦੇਸ਼ੀ ਖੂਨੀ ਜਬਾੜ੍ਹਿਆਂ ਤੋਂ ਛੁਟਕਾਰਾ। ਲੁੱਟ-ਖਸੁੱਟ ਅਤੇ ਉਸ ਨਿਜ਼ਾਮ ਦਾ ਅੰਤ ਜੋ ਅਮੀਰ ਨੂੰ ਹੋਰ ਅਮੀਰ ਬਣਾਉਣ ਅਤੇ ਗਰੀਬ ਨੂੰ ਕੰਗਾਲੀ ਦੇ ਪੁੜਾਂ ਵਿਚ ਪਿਸੇ ਜਾਣ ਲਈ ਮਜਬੂਰ ਕਰਦਾ ਹੈ। ਸਾਮਰਾਜੀ ਨਿਜ਼ਾਮ ਕਾਰਣ ਲੱਖਾਂ ਕਿਰਤੀ ਕੁੱਲੀ, ਗੁੱਲੀ, ਜੁੱਲੀ, ਵਿੱਦਿਆ ਅਤੇ ਇਲਾਜ ਤੱਕ ਦੀਆਂ ਬੁਨਿਆਦੀ ਲੋੜਾਂ ਦੇ ਮੁਹਤਾਜ ਹਨ। ਕਿਹੜਾ ਐਸਾ ਪੱਥਰ ਦਿਲ ਮਨੁੱਖ ਹੈ, ਕਿਰਤੀਆਂ-ਕਿਸਾਨਾਂ ਦੀ ਬੇਵਸੀ ਅਤੇ ਲਾਚਾਰੀ ਨੂੰ ਵੇਖ ਕੇ ਜਿਸਦਾ ਖੂਨ ਉੱਬਲ ਨਹੀਂ ਪੈਂਦਾ। ਕਹਿਰ ਹੈ ਯਾਰੋ, ਜਿਹੜਾ ਆਪਣੀ ਜ਼ਿੰਦਗੀ ਅਤੇ ਖੂਨ ਨਾਲ ਸਰਮਾਏਦਾਰੀ ਦੇ ਮਹੱਲ ਉਸਾਰਦਾ ਹੈ, ਉਹ ਆਪ ਰਾਤ ਨੂੰ ਢਿੱਡੋਂ ਖਾਲੀ ਅਤੇ ਕੇਵਲ ਆਕਾਸ਼ ਦੇ ਥੱਲੇ ਸੌਵੇਂ, ਅਜਿਹੇ ਨਿਜ਼ਾਮ ਨੂੰ ਸਾੜ ਕੇ ਸੁਆਹ ਕਿਉਂ ਨਹੀਂ ਕਰ ਦਿੱਤਾ ਜਾਂਦਾ। ਹੁਣ ਤਾਂ ਇਨਕਲਾਬ, ਇਨਕਲਾਬ ਦੇ ਵਹਿਣ ਤੇ ਖੜ੍ਹਾ ਹੈ। ਅਸੀਂ ਕਰੋੜਾਂ ਲੋਕੀਂ ਜਿਹੜੇ ਬਦੇਸ਼ੀ ਅੱਗ ਵਿਚ ਧੁਖ ਰਹੇ ਹਾਂ, ਜੇਕਰ ਅਸੀਂ ਆਪਣੀ ਕਿਸਮਤ ਦੇ ਆਪ ਕਰਿੰਦੇ ਬਣ ਜਾਈਏ ਤਾਂ ਇਸ ਦਾ ਸਿੱਟਾ ਇਨਕਲਾਬ ਹੋਵੇਗਾ ਅਤੇ ਇਹੋ ਇਨਕਲਾਬ ਸਾਡੀ ਆਜ਼ਾਦੀ ਦੀ ਜਾਮਨੀ ਹੈ।”

ਸ਼ਹੀਦੀ ਦਿਵਸ ਉੱਤੇ ਇਹ ਸਵਾਲ ਤਾਂ ਸਾਡੇ ਸਭ ਦੇ ਸਾਹਮਣੇ ਹੋਣਾ ਚਾਹੀਦਾ ਹੈ ਕਿ ਕੀ ਸ਼ਹੀਦਾਂ ਦੇ ਸੁਪਨੇ ਪੂਰੇ ਹੋ ਗਏ ਹਨ? ਜੇ ਨਹੀਂ ਤਾਂ ਇਹਦੇ ਲਈ ਜ਼ਿੰਮੇਵਾਰ ਕੌਣ ਹੈ। ਸ਼ਹੀਦਾਂ ਦੀਆਂ ਸ਼ਹਾਦਤਾਂ ਦਾ ਸਹੀ ਸਨਮਾਨ ਤਾਂ ਹੀ ਹੈ ਜੇ ਅਸੀਂ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਕੁਝ ਕਰੀਏ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(401)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਨਵਰੂਪ ਸਿੰਘ ਮੁੱਤੀ

ਨਵਰੂਪ ਸਿੰਘ ਮੁੱਤੀ

Abbotsford, British Columbia, Canada.
Phone: (778 - 536 - 9353)
Email: (muttinavroop@gmail.com)