HarjitDeol7ਗਿਆਰਾਂ ਕੁ ਵਜੇ ‘ਆਲੂ, ਪਿਆਜ, ਭਿੰਡੀ, ਮੇਥੀ, ਪਾਲਕ, ਗੋਭੀ ਲੈ ਲਉ ਜੀ’ ਦਾ ਹੋਕਾ ਸੁਣਾਈ ਦਿੰਦਾ। ਇਹ ਵੀ ...
(18 ਅਪ੍ਰੈਲ 2023)
ਇਸ ਸਮੇਂ ਪਾਠਕ: 130.


ਪਿਛਲੇ ਸਾਲ ਪੰਜਾਬ ਫੇਰੀ ਦੌਰਾਨ ਮਹੀਨਾ ਕੁ ਬੜੀ ਠੰਢ ਰਹੀ। ਸੱਤ ਵਜੇ ਤੱਕ ਮਸਾਂ ਮਾੜਾ ਜਿਹਾ ਚਾਨਣ ਹੁੰਦਾ ਪਰ ਧੁੰਦ ਲਗਭਗ ਸਾਰਾ ਦਿਨ ਛਾਈ ਰਹਿੰਦੀ। ਕਦੇ ਇੱਕ ਦੋ ਵਜੇ ਸੂਰਜ ਦੇਵਤਾ ਦੇ ਦਰਸ਼ਣ ਹੁੰਦੇ, ਕਦੇ ਉਹ ਵੀ ਨਹੀਂ। ਪਰ ਉਹ ਠੀਕ ਨੌ ਵਜੇ ਆ ਬੈੱਲ ਵਜਾਉਂਦੀ। ਪਹਿਲਾਂ ਸਾਰੇ ਕਮਰਿਆਂ ਵਿਚ ਝਾੜੂ ਲਾਉਂਦੀ, ਫੇਰ ਪੋਚਾ। ਇਸ ਉਪਰੰਤ ਉਹ ਜਾ ਭਾਂਡਿਆਂ ਦੁਆਲੇ ਹੁੰਦੀ। ਸਭ ਤੋਂ ਮਗਰੋਂ ਕੱਪੜੇ ਧੋਣ ਦੀ ਵਾਰੀ ਆਉਂਦੀ। ਤਦ ਤੱਕ ਅਸੀਂ ਵੀ ਆਪਣੀ ਚਾਹ ਬਣਾ ਲੈਂਦੇ। ਸਾਡੇ ਨਾਲ ਇੱਕ ਕੱਪ ਚਾਹ ਦਾ ਪੀ ਕੇ ਉਹ ਸਾਮ੍ਹਣੇ ਵਾਲੇ ਘਰ ਜਾ ਹਾਜਰ ਹੁੰਦੀ। ਕਈ ਵੇਰ ਨੌਵੀਂ ਵਿੱਚ ਪੜ੍ਹਦੀ ਉਸ ਦੀ ਕੁੜੀ ਛੁੱਟੀ ਵਾਲੇ ਦਿਨ ਉਸ ਦਾ ਹੱਥ ਵਟਾਉਣ ਨਾਲ ਆ ਜਾਂਦੀ। ਇਹ ਲੋਕ ਕਾਫੀ ਸਮਾਂ ਪਹਿਲਾਂ ਰੋਜ਼ੀ ਰੋਟੀ ਦੀ ਤਲਾਸ਼ ਵਿਚ ਪੰਜਾਬ ਆਏ ਸਨ ਅਤੇ ਹੁਣ ਪੰਜਾਬ ਦੇ ਹੀ ਹੋ ਕੇ ਰਹਿ ਗਏ ਸਨ। ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਘਰ ਬਣਾਉਣ ਲਈ ਦਿੱਤੀ ਜਾ ਰਹੀ ਮਾਲੀ ਸਹਾਇਤਾ ਨਾਲ ਇਹ ਆਪਣਾ ਮਕਾਨ ਵੀ ਬਣਾ ਰਹੇ ਸਨ।

ਗਿਆਰਾਂ ਕੁ ਵਜੇ ‘ਆਲੂ, ਪਿਆਜ, ਭਿੰਡੀ, ਮੇਥੀ, ਪਾਲਕ, ਗੋਭੀ ਲੈ ਲਉ ਜੀ’ ਦਾ ਹੋਕਾ ਸੁਣਾਈ ਦਿੰਦਾ। ਇਹ ਵੀ ਕੇਸਰੀ ਦਸਤਾਰ ਬੰਨ੍ਹਦਾ ਰਾਮਖਿਲਾਵਨ ਨਾਂਅ ਦਾ ਇੱਕ ਪ੍ਰਵਾਸੀ ਹੀ ਸੀ ਜੋ ਹਿੰਦੀ ਮਿਸ਼ਰਤ ਪੰਜਾਬੀ ਬੋਲਣ ਤੋਂ ਪਛਾਣਿਆ ਜਾਂਦਾ। ਇਸ ਦੀ ਨਵੀਂ ਤਕਨੀਕ ਨਾਲ ਬਣੀ ਰੇਹੜੀ ਅੱਧੇ ਮੋਟਰਸਾਈਕਲ ਨਾਲ ਬਣਿਆ ਜੁਗਾੜ ਸੀ, ਜਿਸ `ਤੇ ਹੋਕਾ ਦੇਣ ਲਈ ਵੀ ਸਪੀਕਰ ਲੱਗਾ ਸੀ। ਇਹ ਵੀ ਹਜ਼ਾਰ ਬਾਰਾਂ ਸੌ ਰੋਜ਼ ਦਾ ਸੌਖਿਆਂ ਹੀ ਬਣਾ ਲੈਂਦਾ ਸੀ।

ਸਾਡੇ ਘਰ ਦਾ ਰੰਗ-ਰੋਗਨ ਬਾਹਰੋਂ ਬਾਰਸ਼ਾਂ ਕਾਰਨ ਖਰਾਬ ਹੋ ਗਿਆ ਸੀ, ਭਾਵੇਂ ਅੰਦਰੋਂ ਠੀਕ ਹੀ ਸੀ। ਉਹ ਦੋਵੇਂ ਜਣੇ ਵੀ ਜਿਨ੍ਹਾਂ ਨਾਲ ਸਾਡਾ ਬਾਹਰੋਂ ਬਾਹਰੋਂ ਘਰ ਪੇਂਟ ਕਰਨਾ ਸੌਦਾ ਤੈਅ ਹੋਇਆ ਪੁਰਾਣੇ ਯੂ ਪੀ ਤੋਂ ਆਏ ਹੋਏ ਸਨ। ਸੋਹਣੀ ਪੰਜਾਬੀ ਬੋਲਦੇ ਸਨ ਅਤੇ ਰੱਜ ਕੇ ਮਿਹਨਤੀ ਵੀ। ਤਿੰਨ ਦਿਨਾਂ ਵਿੱਚ ਕੰਮ ਮੁਕਾ 15 ਹਜ਼ਾਰ ਰੁਪਏ ਉਹ ਲੈ ਗਏ। ਭਾਵ, ਢਾਈ ਹਜ਼ਾਰ ਰੁਪਇਆ ਦਿਹਾੜੀ ਦਾ ਉਨ੍ਹਾਂ ਕਮਾ ਲਿਆ। ਉਂਝ ਮਿਸਤਰੀ ਦੀ ਦਿਹਾੜੀ ਸੱਤ ਸੌ ਰੁਪਏ ਹੀ ਸੀ ਤੇ ਉਸ ਹਿਸਾਬ ਨਾਲ ਕੰਮ ਕਰਾਉਣ ਲਈ ਦਸ ਕੁ ਦਿਨ ਲੱਗਣੇ ਸਨ।

ਅਸੀਂ ਇੱਕ ਬਲਬ ਦਾ ਕਨੈਕਸ਼ਨ ਲੁਆਉਣਾ ਸੀ। ਬਿਜਲੀ ਮਕੈਨਕ ਬਹੁਤੇ ਕੋਠੀਆਂ ਦੇ ਠੇਕੇ ਲੈ ਕੇ ਵੱਡੇ ਕੰਮਾਂ ਵਿੱਚ ਮਸਰੂਫ ਸਨ ਇਸ ਛੋਟੇ ਜਿਹੇ ਕੰਮ ਲਈ ਬੰਦਾ ਨਹੀਂ ਸੀ ਲੱਭ ਰਿਹਾ। ਆਖਰ ਕਈ ਗੇੜੇ ਲੁਆ ਕੇ ਬਿਜਲੀ ਮਿਸਤਰੀ ਨੇ ਇੱਕ ਬੰਦਾ ਭੇਜ ਦਿੱਤਾ, ਜਿਸ ਨੇ ਪੰਦਰ੍ਹਾਂ ਵੀਹਾਂ ਮਿੰਟਾਂ ਵਿਚ ਬਲਬ ਲਾ ਕੇ 150 ਰੁਪਏ ਬਣਾ ਲਏ। ਇਹ ਵੀ ਅੱਧਪਚੱਧੀ ਪੰਜਾਬੀ ਬੋਲਦਾ ਬਿਹਾਰੀ ਸੀ। ਉਸ ਦੱਸਿਆ ਕਿ ਉਹ ਅੱਠ ਦਸ ਸਾਲ ਪਹਿਲਾਂ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਉਹ ਪੰਜਾਬ ਆਇਆ ਸੀ। ਪਹਿਲਾਂ ਕੁਝ ਦਿਨ ਰਿਕਸ਼ਾ ਚਲਾਇਆ ਅਤੇ ਆਪਣੇ ਪਿੰਡ ਦੇ ਜਾਣੂ ਰਾਮਲੁਭਾਇਆ ਕੋਲ ਰਿਹਾ ਜੋ ਸਬਜ਼ੀ ਮੰਡੀ ਦਾ ਕਾਮਯਾਬ ਕਮਿਸ਼ਨ ਏਜੈਂਟ ਬਣ ਚੁੱਕਿਆ ਸੀ ਅਤੇ ਹੁਣ ਪੰਜਾਹ ਸੱਠ ਹਜ਼ਾਰ ਮਹੀਨੇ ਦਾ ਬਣਾ ਰਿਹਾ ਸੀ। ਫਿਰ ਉਸਨੇ ਇੱਕ ਬਿਜਲੀ ਮਕੈਨਕ ਸਰਦਾਰ ਜੀ ਕੋਲ ਕੰਮ ਸਿੱਖਣ ਲਈ ਰਖਵਾ ਦਿੱਤਾ। ਹੁਣ ਉਹ ਖੁਸ਼ ਹੈ ਅਤੇ ਭਵਿਖ ਵਿੱਚ ਚੰਗੇ ਪੈਸੇ ਕਮਾਉਣ ਦੇ ਰਾਹ ਤੁਰ ਪਿਆ ਹੈ। ਪੁੱਛਣ ’ਤੇ ਹੱਸਦਿਆਂ ਕਹਿੰਦਾ “ਸਰਦਾਰ ਜੀ ਜਲਦੀ ਹੀ ਮੈਂ ਭੀ ਬੜੀ ਕੋਠੀਉਂ ਕੇ ਠੇਕੇ ਲੇਨੇ ਲਗੂੰਗਾ ਔਰ ਕਿਰਾਏ ਕੀ ਕੋਠੜੀ ਛੋੜ ਅਪਨਾ ਮਕਾਨ ਬਨਾਊਂਗਾ।”

ਮੈਂ ਵੀ ਹੱਸਦਿਆ ਕਿਹਾ, “ਭਈਆ, ਤੁਮ ਬਿਜਲੀ ਠੇਕੇਦਾਰ ਬਨ ਜਾਓਗੇ ਤੋ ਜਿਸ ਸਰਦਾਰ ਜੀ ਨੇ ਤੁਮਹੇਂ ਕਾਮ ਸਿਖਾਇਆ ਹੈ,ਵੋਹ ਕਿਆ ਕਰੇਂਗੇ?”

ਉਸ ਦਾ ਜਵਾਬ ਤਿਆਰ ਸੀ, “ਵੋਹ ਆਪਕੀ ਤਰਾਹ ਕਨੈਡਾ ਚਲੇ ਜਾਏਂਗੇ ਜੀ।”

ਉਹ ਸੱਚ ਬੋਲ ਰਿਹਾ ਸੀ। ਸਾਡੇ ਮੂਰਖ ਪੰਜਾਬੀ ਪੰਜਾਬ ਦੀ ਵਾਰਸੀ ਲਈ ਕਟਾਵੱਢੀ ਹੋਈ ਜਾ ਰਹੇ ਹਨ ਅਤੇ ਪੰਜਾਬ ਦੇ ਅਸਲ ਵਾਰਸ ਆਪਣੀ ਕਿਰਤ ਰਾਹੀਂ ਚੁੱਪ ਚੁਪੀਤੇ ਇਸ ਕਾਰਜ ਵਿਚ ਜੁਟੇ ਹੋਏ ਹਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3919)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹਰਜੀਤ ਦਿਓਲ

ਹਰਜੀਤ ਦਿਓਲ

Brampton, Ontario, Canada.
Phone: (1 - 647 - 763 - 9242)
Email: (sarjit125@gmail.com)