GurmeetKaryalvi7“ਇਨਸਾਨ ਵਧੀਆ ਹੋਣਾ ਚਾਹੀਦਾ, ਜਾਤ ਧਰਮ ਰੰਗ ਕੋਈ ਮਾਇਨੇ ਨ੍ਹੀ ਰੱਖਦੇ। ਮਨਬੀਰ ਦੀ ਨਿਗਾਹ ਵਿੱਚ ਇਹ ...”
(1 ਮਾਰਚ 2023)
ਇਸ ਸਮੇਂ ਪਾਠਕ: 387.

 

ਮਾਸਟਰ ਕੁਲਵੰਤ ਸਿੰਘ ਉਸ ਦਿਨ ਫੇਰ ਵਕਤ ਸਿਰ ਸਕੂਲ ਨਹੀਂ ਆਇਆ ਲੇਟ ਆਉਣ ਦੀ ਤਾਂ ਉਸਨੇ ਆਦਤ ਹੀ ਬਣਾ ਲਈ ਸੀ ਲੇਟ ਵੀ ਦਸ ਪੰਦਰ੍ਹਾਂ ਮਿੰਟ ਜਾਂ ਅੱਧਾ ਘੰਟਾ ਨਹੀਂ, ਪੂਰੇ ਦੋ ਘੰਟੇ ਇਸ ਨੂੰ ਲੇਟ ਨਹੀਂ ਫਰਲੋ ਕਿਹਾ ਜਾਂਦਾ ਫਰਲੋ ਕਹਿ ਲਵੋ ਜਾਂ ਢੀਠਪੁਣਾ, ਇੱਕੋ ਗੱਲ ਸੀ ਕਈ ਵਾਰ ਤਾਂ ਅੱਧੀ ਛੁੱਟੀ ਦੀ ਘੰਟੀ ਵੱਜਣ ਵਾਲੀ ਹੁੰਦੀ ਜਦੋਂ ਉਹ ਕਿਸੇ ਪਾਸਿਓਂ ਆ ਸਿਰ ਕੱਢਦਾ ਇਹ ਵੀ ਹੈਰਾਨੀ ਵਾਲੀ ਗੱਲ ਹੁੰਦੀ ਕਿ ਲੇਟ ਆਉਣ ਦੇ ਬਾਵਜੂਦ ਉਹ ਕਿਸੇ ਤਰ੍ਹਾਂ ਦੀ ਸੰਗ ਸ਼ਰਮ ਜਾਂ ਅਫਸੋਸ ਦਾ ਕੋਈ ਨਾਂ ਨਿਸ਼ਾਨ ਵੀ ਚਿਹਰੇ ’ਤੇ ਨਾ ਆਉਣ ਦਿੰਦਾ ਉਲਟਾ ਲੇਟ ਆਉਣ ਨੂੰ ਤਾਂ ਆਪਣੇ ਜਾਤੀ ਗੌਰਵ ਨਾਲ ਜੋੜ ਦਿੰਦਾ

“ਗਰੇਵਾਲ ਸਾਹਿਬ! ਨੌਕਰੀ ਆਪਾਂ ਕਰਦੇ ਹਾਂ ਸ਼ੌਕ ਨਾਲ ਕਿਸੇ ਕਿਸਮ ਦੀ ਮ਼ਜਬੂਰੀ ਕੋਈ ਨ੍ਹੀ ਆਪਾਂ ਤਾਂ ਸੋਚਿਆ ਹੋਇਆ, ਜਿੰਨਾ ਚਿਰ ਨੌਕਰੀ ਕਰਨੀ ਐ, ਟੌਹਰ ਨਾਲ ਕਰਨੀ ਐ।” ਹਾਜ਼ਰੀ ਰਜਿਸਟਰ ’ਤੇ ਹਾਜ਼ਰੀ ਵਾਲੇ ਖਾਨੇ ਵਿੱਚ ਕੇ ਐੱਸ ਭਰਦਿਆਂ ਉਹ ਹਿੜ ਹਿੜ ਕਰਨ ਲੱਗਦਾ

ਮੈਂ ਮਨ ਹੀ ਉਸ ਨੂੰ ਮੋਟੀਆਂ ਸਾਰੀਆਂ ਗਾਹਲਾਂ ਕੱਢਦਾ ਜੀਅ ਤਾਂ ਕਰਦਾ ਕਿ ਉਸ ਨੂੰ ਆਖਾਂ, “ਸਰਦਾਰ ਬਹਾਦਰ ਸਰਦਾਰ ਕੁਲਵੰਤ ਸਿੰਘ ਜੀ, ਮਜਬੂਰੀ ਦਾ ਨਾਂ ਹੀ ਨੌਕਰੀ ਹੈ ਗੁਲਾਮੀ ਦਾ ਦੂਜਾ ਨਾਂ ਨੌਕਰ ਕੀ ਤੇ ਨਖਰਾ ਕੀ? ਜੇ ਜਨਾਬ ਹੁਣਾਂ ਨੂੰ ਕੋਈ ਮਜਬੂਰੀ ਨ੍ਹੀ ਤਾਂ ਕੀ ਕਰਨਾ ਗੁਲਾਮੀ ਕਰਕੇ? ਦਿਓ ਅਸਤੀਫ਼ਾ ਤੇ ਹੋ ਜਾਓ ਆਜ਼ਾਦ ਤੋੜ ਦਿਓ ਗੁਲਾਮੀ ਵਾਲੇ ਪਿੰਜਰੇ ਨੌਕਰੀ ਕਰਨਾ ਕੋਈ ਸ਼ੌਕ ਨਹੀਂ ਹੁੰਦਾ, ਸ਼ੌਕ ਹੁੰਦਾ ਹੈ ਕਿਤਾਬਾਂ ਪੜ੍ਹਨੀਆਂ, ਫਿਲਮਾਂ ਦੇਖਣੀਆਂ, ਕੁਸ਼ਤੀਆਂ ਕਰਨੀਆਂ, ਖੇਡਾਂ ਖੇਡਣੀਆਂ, ਤਾਸ਼ ਕੁੱਟਣੀ, ਸੈਰ ਸਪਾਟੇ ਕਰਨੇ, ਕਬੂਤਰ ਪਾਲਣੇ, ਕੁੱਕੜ ਲੜਾਉਣੇ ਜਾਂ ਰਾਜਿਆਂ ਮਹਾਰਾਜਿਆਂ ਵਾਂਗ ਬੰਦੇ ਲੜਾਉਣੇ ਮਾਸਟਰੀ ਕਰਨੀ ਤੇ ਉਹ ਵੀ ਪ੍ਰਾਇਮਰੀ ਸਕੂਲ ਦੀ, ਇਹ ਭਲਾ ਕਿੱਧਰਲਾ ਸ਼ਾਹੀ ਸ਼ੌਕ ਹੋਇਆ?” ਪਰ ਮੈਂ ਚੁੱਪ ਹੀ ਰਹਿੰਦਾ ਐਹੋ ਜਿਹੇ ਬੰਦਿਆਂ ਦੇ ਮੂੰਹ ਲੱਗਣਾ ਹੀ ਨਹੀਂ ਚਾਹੁੰਦਾ ਸੀ ਅਜਿਹੇ ਜਾਤ ਅਭਿਮਾਨੀ ਬੰਦੇ ਮੈਨੂੰ ਕਦੇ ਵੀ ਪਸੰਦ ਨਹੀਂ ਆਏ ਖਾਹਮਖਾਹ ਦੀਆਂ ਡੀਂਗਾਂ ਮਾਰਨ ਵਾਲੇ ... ਫੁਕਰੇ ਤੇ ਫਰਾਡੀ

ਉਸਦੀ ਫਰੌਡ ਸੁਣਕੇ ਤਾਂ ਕੱਛਾਂ ਵਿੱਚ ਦੀ ਹਾਸਾ ਨਿਕਲਣ ਲੱਗ ਜਾਂਦਾ ਉਹ ਕੋਈ ਵੀ ਗੱਲ ਕਰੋੜਾਂ ਤੋਂ ਘੱਟ ਦੀ ਨਹੀਂ ਕਰਦਾ

“ਗਰੇਵਾਲ ਸਾਹਿਬ! ਇੱਕ ਪਲਾਟ ਬਣਦਾ ਸ਼ਹਿਰ ਦੇ ਐਨ ਗੱਭੇ ਢਾਈ ਕਰੋੜ ਦੀ ਪਰੌਪਰਟੀ ਹੋਊ ਆਪਾਂ ਨੂੰ ਪਤਾ ਕਿੰਨੇ ਵਿੱਚ ਬਣਦੀ ਐ?” ਆਪਣੀ ਗੱਲ ਵਿੱਚ ਹੁੰਗਾਰਾ ਭਰਾਉਣ ਦਾ ਉਸਦਾ ਇਹ ਵੀ ਇੱਕ ਢੰਗ ਸੀ

“ਮੈਨੂੰ ਕੀ ਪਤਾ ਕਿੰਨੇ ਦੀ ਬਣਦੀ ਹੈ?”

“ਅੰਦਾਜ਼ਾ ਤਾਂ ਲਾਓ।”

“ਮੈਂ ਕਿਹੜਾ ਜੋਤਿਸ਼ੀ ਆਂ ਤੂੰ ਆਪ ਈ ਦੱਸਦੇ।” ਮੈਂ ਮਗਰੋਂ ਲਾਹਿਆ

“ਤੁਸੀਂ ਸੋਚ ਵੀ ਨਹੀਂ ਸਕਦੇ ਸਿਰਫ਼ ਪੈਂਤੀ ਲੱਖ ਦੀ ਬਣਦੀ ਐ ਮਾੜਾ ਜਿਹਾ ਰੌਲਾ ਐ ਰੌਲਾ ਵੀ ਕਾਹਦਾ, ਐਵੇਂ ਮਾਮੂਲੀ ਜ੍ਹੀ ਮਰੋੜੀ ਐ।” ਉਸ ਵੱਡੀ ਭੂਮਿਕਾ ਬੰਨ੍ਹੀ

“ਐੱਮ ਐੱਲ ਏ ਦੇ ਪੀ ਏ ਨੂੰ ਪਾਰਟਨਰ ਰੱਖਣਾ ਪਲਾਟ ’ਤੇ ਖਰਚਾ ਸਾਰਾ ਮੈਂ ਕਰਨਾ, ਮਰੋੜੀ ਸਾਰੀ ਉਹਨੇ ਕੱਢਣੀ ਐ ਐਂ ਸਮਝਲੋ ਵੀ ਨੋਟ ਈ ਨੋਟ ਬਣਨੇ ਆਂ ਸੁੱਕਾ ਦੋ ਕਰੋੜ ਬਚਣਾ ਸੌਦੇ ਵਿੱਚੋਂ ਮੈਂ ਪੀ ਏ ਨਾਲ ਗੱਲ ਕੀਤੀ ਸੀ ਥੋਡੇ ਬਾਰੇ ਵੇਖ ਲਿਓ ਜੇ ਇਰਾਦਾ ਬਣਦਾ ਹੋਵੇ ... ਤੀਜੇ ਹਿੱਸੇ ਵਿੱਚ ਸ਼ਾਮਲ ਹੋਣਾ ਹੋਵੇ ਤਾਂ ਪੈਸੇ ਨ੍ਹੀ ਮਰਦੇ, ਇਸ ਗੱਲ ਦੀ ਮੇਰੀ ਗਰੰਟੀ ਐ।” ਕੁਲਵੰਤ ਸਿੰਘ ਨੇ ਬਗਲੇ ਦੇ ਸਿਰ ’ਤੇ ਮੋਮ ਢਾਲ ਕੇ ਰੱਖਣ ਦਾ ਯਤਨ ਕੀਤਾ ਮੈਂ ਆਪਣੀ ਕੋਈ ਮਜਬੂਰੀ ਦੱਸਕੇ ਇਸ ‘ਲਾਭਕਾਰੀ’ ਸੌਦੇ ਵਿੱਚ ਸ਼ਾਮਲ ਹੋਣੋ ਇਨਕਾਰ ਕਰ ਦਿੱਤਾ

ਕਰੋੜਾਂ ਦੀਆਂ ਗੱਲਾਂ ਕਰਨ ਵਾਲਾ ਇਹ ਮਾਸਟਰ ਰੇਹੜੀ ਤੋਂ ਕੇਲੇ ਲੈਣ ਲੱਗਿਆਂ ਅੱਧਾ ਘੰਟਾ ਭਾਅ ਕਰਨ ’ਤੇ ਹੀ ਲਾ ਦਿੰਦਾ

“ਗਰੇਵਾਲ ਸਾਹਿਬ! ਆਪਾਂ ਤਾਂ ਸਬਜ਼ੀ ਆਥਣੇ ਲਿਜਾਈਦੀ ਖਰੀਦ ਕੇ ਸਸਤੀ ਬਣ ਜਾਂਦੀ ਸਵੇਰੇ ਸਵੇਰੇ ਤਾਂ ਪਿਉ ਦਾ ਪਿਉ ਮੰਗ ਬਹਿੰਦੇ ਆ।” ਉਸ ਨੂੰ ਇਕੱਲੀ ਸ਼ਬਜੀ ਦਾ ਹੀ ਨਹੀਂ, ਲੋੜ ਦੀ ਹਰ ਇੱਕ ਚੀਜ਼ ਦਾ ਪਤਾ ਸੀ ਕਿ ਕਿੱਥੋਂ ਸਸਤੀ ਮਿਲਦੀ ਸੀ

ਮੈਨੂੰ ਕੁਲਵੰਤ ਸਿੰਘ ਦੀਆਂ ਅਜਿਹੀਆਂ ਨੀਚ ਹਰਕਤਾਂ ’ਤੇ ਗੁੱਸਾ ਤਾਂ ਆ ਜਾਂਦਾ ਪਰ ਸਕੂਲ ਦਾ ਮਾਹੌਲ ਖਰਾਬ ਹੋ ਜਾਣ ਦੇ ਡਰੋਂ ਚੁੱਪ ਹੀ ਰਹਿੰਦਾ ਲੇਟ ਆ ਕੇ ਵੀ ਉਹ ਡੱਕਾ ਨਾ ਤੋੜਦਾ ਮੇਰੇ ਸਾਹਮਣੇ ਕੁਰਸੀ ’ਤੇ ਬੈਠ ਟੇਬਲ ’ਤੇ ਪਏ ਪੇਪਰ ਵੇਟ ਨਾਲ ਖੇਡਦਾ ਨਵੀਆਂ ਫੈਲਸੂਫੀਆਂ ਸੁਣਾਈ ਜਾਂਦਾ ਆਪਣੇ ਲੇਟ ਹੋ ਜਾਣ ਬਾਰੇ ਉਸ ਕੋਲ ਹਰ ਵਾਰ ਨਵੀਂ ਤੋਂ ਨਵੀਂ ਕਹਾਣੀ ਹੁੰਦੀ

“ਹੈੱਡ ਸਾਹਬ! ਮੈਂ ਬੱਸ ਘਰੋਂ ਤੁਰਨ ਹੀ ਲੱਗਾ ਸਾਂ ਜਦੋਂ ਐੱਮ ਐੱਲ ਏ ਸਾਹਬ ਦਾ ਫੋਨ ਆ ਗਿਆ ਕਹਿੰਦੇ ਕੋਠੀ ਹੋ ਕੇ ਜਾਈਂ, ਬਦਲੀਆਂ ਸਬੰਧੀ ਕੋਈ ਜ਼ਰੂਰੀ ਗੱਲ ਕਰਨੀ ਐ ਥੋਨੂੰ ਪਤਾ ਆਪਣੇ ਹਲਕੇ ਦੇ ਸਾਰੇ ਮਹਿਕਮਿਆਂ ਦੀਆਂ ਬਦਲੀਆਂ ਸਬੰਧੀ ਐੱਮ ਐੱਲ ਏ ਸਾਹਬ ਆਪਣੇ ਨਾਲ ਈ ਰਾਇ ਮਸ਼ਵਰਾ ਕਰਦੇ ਨੇ ਬਦਲੀਆਂ ਆਲਾ ਮਹਿਕਮਾ ਆਪਾਂ ਨੂੰ ਦਿੱਤਾ ਹੋਇਆ ਪਹਿਲਾਂ ਤਾਂ ਮੈਂ ਸੋਚਿਆ ਸਕੂਲ ਆ ਕੇ ਹਾਜ਼ਰੀ ਰਜਿਸਟਰ ਵਿੱਚ ਘੁੱਗੀ ਮਾਰਕੇ ਚਲਾ ਜਾਊਂ ਨਾਲੇ ਹੈੱਡ ਸਾਹਬ ਨੂੰ ਦੱਸ ਜਾਊਂ ਫੇਰ ਸੋਚਿਆ ਐੱਮ ਐੱਲ ਏ ਸਾਹਬ ਨੇ ਜਿਹੜਾ ਸਵਖਤੇ ਸਵਖਤੇ ਫੋਨ ਖੜਕਾਇਆ, ਕੋਈ ਐਮਰਜੈਂਸੀ ਹੋਊ ਨਾਲੇ ਉਹ ਕਿਹੜਾ ਆਪਣੇ ਵਾਂਗ ਵਿਹਲੇ ਆ ਇੱਧਰ ਉੱਧਰ ਦੇ ਸੌ ਕੰਮ ਮੈਂ ਤਾਂ ਵੇਹਨਾ ਰਹਿਨੈ ਕੋਈ ਜੂਨ ਨ੍ਹੀ ਐਹਨਾਂ ਐੱਮ ਐਲਿਆਂ ਤੇ ਐੱਮ ਪੀਆਂ ਦੀ ਕੋਈ ਐਧਰੋਂ ਝੱਗਾ ਖਿੱਚ ਲੈਂਦਾ ਕੋਈ ਓਧਰੋਂ ਪੌਂਚਾ ਖਿੱਚ ਲੈਂਦਾ ਕਈ ਵਾਰ ਤਾਂ ਰੋਟੀ ਖਾਣੀ ਵੀ ਔਖੀ ਹੋ ਜਾਂਦੀ ਐ ਜੇ ਸਾਲੀ ਰਾਤ ਨਾ ਪੈਂਦੀ ਹੋਵੇ, ਇਹਨਾਂ ਨੂੰ ਤਾਂ ਲੋਕ ਬਿਸਤਰਿਆਂ ਵਿੱਚ ਵੀ ਨਾ ਵੜਨ ਦੇਣ ਊਂ ਰਾਤ ਨੂੰ ਵੀ ਕਿਹੜਾ ਹਟਦੇ ਐ ਸਤਾਉਣੋ।” ਪੇਪਰ ਵੇਟ ਨੂੰ ਲਾਟੂ ਵਾਂਗ ਘੁਮਾ ਕੇ ਛੱਡਦਿਆਂ ਉਹਨੇ ਡਿੱਗਣੋ ਬਚਾਉਂਦਾ ਹੋਇਆਂ ਤੰਦ ਫੇਰ ਜੋੜ ਲਈ

“ਗਰੇਵਾਲ ਸਾਹਬ! ਦੁਨੀਆਂ ਦਾ ਤਾਂ ਸਹੁਰੀ ਨਾ ਈ ਪੁੱਛੋ ਤਾਂ ਚੰਗਾ ਜੇ ਕਿਸੇ ਨੂੰ ਕਬਜ਼ੀ ਵੀ ਹੋਜੇ, ਐੱਮ ਐੱਲ ਏ ਵੱਲੀਂ ਭੱਜਦਾ ਜਿਵੇਂ ਐੱਮ ਐੱਲ ਏ ਨੇ ਨੀਮਾ ਕਰਨਾ ਹੋਵੇ ਜੇ ਕਿਸੇ ਨੂੰ ਲੂਜ਼ ਮੋਸ਼ਨ ਲੱਗ ਜਾਣ ਤਾਂ ਓਧਰ ਨੂੰ ਭੱਜ ਉਠੂ ਭੜੂਆ ਦਵਾਈ ਲੈ ਜਾ ਕੇ ਕਿਸੇ ਡਾਕਟਰ ਤੋਂ ਐੱਮ ਐੱਲ ਏ ਨੇ ਕੀ ਮੂਹਰੇ ਡੱਟ ਲਾ ਦੇਣਾ ਆਹ ਤਾਂ ਹਾਲ ਐ ਆਪਣੀ ਜਨਤਾ ਦਾ।” ਆਪਣੀ ਕੀਤੀ ਗੱਲ ’ਤੇ ਆਪ ਹੀ ਹਿੜ ਹਿੜ ਕਰਕੇ ਹੱਸਦਾ ਪਾਣੀ ਦੀ ਘੁੱਟ ਭਰਕੇ ਰਿਕਾਰਡ ’ਤੇ ਦੁਬਾਰਾ ਸੂਈ ਧਰ ਲੈਂਦਾ

“ਅੱਜ ਕੱਲ੍ਹ ਤਾਂ ਜੀ ਜੈਕ ਦਾ ਜ਼ਮਾਨਾ ਜੇ ਮਗਰ ਕਿੱਲਾ ਕਾਇਮ ਐ, ਫੇਰ ਈ ਨੌਕਰੀ ਕਰ ਹੁੰਦੀ ਐ ਹਰ ਕੋਈ ਕੰਨ੍ਹ ਭੰਨਦਾ ਨਹੀਂ ਤਾਂ ਕੋਈ ਹੱਜ ਨ੍ਹੀ ਅੱਜਕੱਲ ਨੌਕਰੀ ਕਰਨ ਦਾ ਜਣੀ ਖਣੀ ਭੂੰਡੀ ਉੱਤੇ ਚੜ੍ਹਦੀ ਤੁਰੀ ਆਉਂਦੀ ਐ ਆਪਾਂ ਤਾਂ ਇਸੇ ਕਰਕੇ ਕਿੱਲਾ ਕੈਮ ਰੱਖੀਦਾ ਰਾਜ ਭਾਵੇਂ ਕਿਸੇ ਪਾਰਟੀ ਦਾ ਆਜੇ, ਮੌਕੇ ਦਾ ਐੱਮ ਐੱਲ ਏ ਮੁੱਠੀ ਵਿੱਚ ਰੱਖੀਦਾ ਅੱਜਕੱਲ੍ਹ ਦੇ ਸਮੇਂ ਵਿੱਚ ਤਾਂ ਪੁਲੀਟੀਕਲ ਹੋਣਾ ਈ ਪੈਂਦਾ।” ਉਹ ਖੱਬੇ ਹੱਥ ਦੀ ਬੰਦ ਮੁੱਠੀ ਮੇਰੇ ਅੱਗੇ ਕਰ ਦਿੰਦਾ ਉਸਦੀ ਇਹ ਰਾਮ ਕਥਾ ਉਦੋਂ ਤਕ ਨਹੀਂ ਮੁੱਕਦੀ ਜਦੋਂ ਮੈਂ ਕੋਈ ਬਹਾਨਾ ਮਾਰ ਕੇ ਆਸੇ ਪਾਸੇ ਖਿਸਕ ਨਾ ਜਾਂਦਾ

ਆਪਣੀ ਇਹ ਪੁਲੀਟੀਕਲ ਗੇਮ ਉਹ ਹਰ ਵੇਲੇ ਸਕੂਲ ਵਿੱਚ ਵੀ ਖੇਡਦਾ ਰਹਿੰਦਾ ਸਕੂਲ ਦੇ ਛੇ ਦੇ ਛੇ ਅਧਿਆਪਕਾਂ ਨੂੰ ਵੰਡ ਕੇ ਰੱਖਣ ਦੀ ਕੋਸ਼ਿਸ਼ ਵਿੱਚ ਰਹਿੰਦਾ ਜਦੋਂ ਕਦੇ ਮਾਸਟਰ ਸਵਰਨ ਇੱਧਰ ਉੱਧਰ ਹੋਵੇ, ਇਹ ਆਸਾ ਪਾਸਾ ਵੇਖਕੇ ਜਾਤੀ ਪੱਤਾ ਖੇਡਣ ਲੱਗਦਾ,

“ਆਪਣਾ ਸਕੂਲ ਤਾਂ ਪੰਜਾਬ ਵਿੱਚ ਪਹਿਲਾ ਸਕੂਲ ਹੋਊ ਜਿੱਥੇ ਪਚਾਸੀ ਪਰਸੈਂਟ ਟੀਚਰ ਆਪਣੇ ਆ ਹੈੱਡ ਵੀ ਆਪਣਾ ਕਈ ਸਕੂਲਾਂ ਦਾ ਤਾਂ ਬੁਰਾ ਈ ਹਾਲ ਐ ਹਸਨਗੜੀ ਵਾਲੇ ਸਕੂਲ ਵੱਲ ਵੇਖਲੋ, ਪੰਜਾਂ ਵਿੱਚੋਂ ਚਾਰ ਟੀਚਰ ਵੱਡੀਆਂ ਟੁੱਕੀਆਂ ਜਾਤਾਂ ਦੇ ਵਿਚਾਰਾ ਇਕਬਾਲ ਵੜੈਚ ਫਸਿਆ ਇਕੱਲਾ ਈ ਜਿਵੇਂ ਕਾਵਾਂ ਵਿੱਚ ਉੱਲੂ ਘੇਰਿਆ ਹੁੰਦਾ ਸਾਲੀ ਰੋਟੀ ਖਾਣੀ ਵੀ ਔਖੀ ਹੋ ਜਾਂਦੀ ਹੋਊ ਗੱਲ ਸੋਚਣ ਵਾਲੀ ਐ, ਬੰਦਾ ਖੁੱਲ੍ਹ ਕੇ ਹੱਸ ਵੀ ਨ੍ਹੀ ਸਕਦਾ ਇਕਬਾਲ ਸਿੰਘ ਤਾਂ ਤਕੜਾ ਜਿਹੜਾ ਕੱਟੀ ਜਾਂਦਾ ਮੇਰੇ ਵਰਗਾ ਹੁੰਦਾ ਤਾਂ ਹੁਣ ਨੂੰ ਅਫਰੇਵੇਂ ਨਾਲ ਈ ਮਰ ਜਾਂਦਾ ਮੈਂ ਤਾਂ ਕਈ ਵਾਰ ਆਖਿਆ, ਐਥੇ ਆਜਾ ਸਾਡੇ ਕੋਲ, ਬਦਲੀ ਕਰਾਉਣੀ ਮੇਰਾ ਕੰਮ ਸਾਰੇ ਇੱਕੋ ਕੈਟੇਗਰੀ ਦੇ ਹੋਜਾਂਗੇ ਆਪਣੇ ਆਲੇ ਸਵਰਨ ਸਿਹੁੰ ਮੋਹੀ ਨੂੰ ਉੱਥੇ ਭੇਜ ਦਿਆਂਗੇ ਉਹ ਸਕੂਲ ਵੀ ਸ਼ੁੱਧ ਹੋਜੂ ਸਾਰੇ ਦਾ ਸਾਰਾ ਅੰਬੇਡਕਰ ਦੇ ਚੇਲਿਆਂ ਦਾ ਕਿਉਂ ਗਿੱਲ ਸਾਹਬ?”

ਉਹ ਮਾਸਟਰ ਸੁਰਜੀਤ ਸਿੰਘ ਗਿੱਲ ਦਾ ਹੁੰਗਾਰਾ ਭਰਾਉਣ ਦੀ ਕੋਸ਼ਿਸ਼ ਕਰਦਾ ਅਜਿਹੇ ਹੁੰਗਾਰੇ ਉਹ ਗਾਹੇ ਬਗਾਹੇ ਸਾਰੇ ਹੀ ਟੀਚਰਾਂ ਤੋਂ ਭਰਾਉਂਦਾ ਇਸ ਲਈ ਉਹ ਉਚੇਚਾ ਮਾਹੌਲ ਬਣਾਉਂਦਾ। ਜਿਸ ਟੀਚਰ ਦਾ ਹੁੰਗਾਰਾ ਭਰਾਉਣਾ ਹੁੰਦਾ, ਉਸਦੀ ਚਮਚੀ ਮਾਰਦਾ ਅਜਿਹੇ ਵੇਲੇ ਉਹ ਮਾਸਟਰ ਸੁਰਜੀਤ ਗਿੱਲ ਨੂੰ “ਘੈਂਟ ਜੱਟ”, ਜੋਗਿੰਦਰ ਸਿੰਘ ਨੂੰ ਧਰਤੀ ਧਕੇਲ, ਮਾਸਟਰ ਜਨਮੀਤ ਨੂੰ ਮਾਨਾਂ ਦਾ ਮਾਨ ਜਿਹੇ ਵਿਸ਼ੇਸ਼ਣ ਲਾਉਂਦਾ ਮੈਡਮ ਨਿਰਮਲ ਅਰੋੜਾ ਨੂੰ “ਅੱਧੀ ਜੱਟੀ” ਆਖਦਾ ਉਹ ਖੱਤਰੀਆਂ ਦੀ ਕੁੜੀ ਸੀ ਤੇ ਉਸਨੇ ਜੱਟਾਂ ਦੇ ਮੁੰਡੇ ਨਾਲ ਲਵ ਮੈਰਿਜ ਕਰਵਾਈ ਸੀ ਉਸਦੇ ਘਰ ਵਾਲਾ ਮਨਬੀਰ ਉਸ ਨਾਲ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਸਟੂਡੈਂਟ ਲੀਡਰ ਵਜੋਂ ਉਸਦੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਚੰਗੀ ਪੈਂਠ ਸੀ ਇਨ੍ਹੀਂ ਦਿਨੀਂ ਉਹ ਕਿਸੇ ਏਡਿਡ ਕਾਲਜ ਵਿੱਚ ਅਸਿਸਟੈਂਟ ਪ੍ਰੋਫੈਸਰ ਸੀ ਪੜ੍ਹਾਈ ਦੇ ਦਿਨਾਂ ਤੋਂ ਹੀ ਅਗਾਂਹਵਧੂ ਖਿਆਲਾਂ ਦਾ ਸੀ ਉਸਨੇ ਵੱਡੇ ਵੱਡੇ ਲਾਲਚਾਂ ਨੂੰ ਠੋਕਰ ਮਾਰਕੇ ਹੀ ਆਪਣੇ ਵਿਚਾਰਾਂ ਦੀ ਸਾਥਣ ਨਿਰਮਲ ਅਰੋੜਾ ਨਾਲ ਵਿਆਹ ਕਰਵਾਇਆ ਸੀ

“ਨਿਰਮਲਾ ਮੈਡਮ! ਤੁਸੀਂ ਹੁਣ ਆਪਣੇ ਆਪ ਨੂੰ ਜੱਟੀ ਈ ਸਮਝਿਆ ਕਰੋ ਹੁਣ ਪਿੱਛੇ ਕਸਰ ਵੀ ਕੀ ਐ? ਬਣ ਤਾਂ ਗਏ ਈ ਓਂ ਨਾਲੇ ਛੱਡੋ ਹੁਣ ਆਹ ਅਰੋੜਾ-ਅਰੂੜਾ ਆਪਣੇ ਨਾਂ ਪਿੱਛੇ ਵੀ ਢਿੱਲੋਂ ਲਾਇਆ ਕਰੋ ‘ਨਿਰਮਲ ਢਿੱਲੋਂ’ ਆਖਦਿਆਂ ਤਾਂ ਊਈਂ ਮੂੰਹ ਭਰ ਜਾਇਆ ਕਰੂ ਨਾਲੇ ਢਿੱਲੋਂਆਂ ਦੀ ਤਾਂ ਚੜ੍ਹਾਈ ਐ ਅੱਜਕੱਲ ਪੰਜਾਬ ਵਿੱਚ।”

“ਵੀਰ ਜੀ! ਨਾ ਮੈਂ ਕਦੇ ਪਹਿਲਾਂ ਆਪਣੇ ਆਪ ਨੂੰ ਅਜਿਹੀਆਂ ਦਕੀਆਨੂਸੀ ਗੱਲਾਂ ਵਿੱਚ ਪਾਇਆ ਸੀ ਨਾ ਹੁਣ ਪਾਉਣਾ ਮਨਬੀਰ ਦਾ ਇਹੋ ਜਿਹੀਆਂ ਗੱਲਾਂ ਵਿੱਚ ਵਿਸ਼ਵਾਸ ਵੀ ਹੈਨੀ ਉਹ ਤਾਂ ਕਹਿੰਦੇ ਹੁੰਦੇ ਕਿ ਇਨਸਾਨ ਵਧੀਆ ਹੋਣਾ ਚਾਹੀਦਾ, ਜਾਤ ਧਰਮ ਰੰਗ ਕੋਈ ਮਾਇਨੇ ਨ੍ਹੀ ਰੱਖਦੇ ਮਨਬੀਰ ਦੀ ਨਿਗਾਹ ਵਿੱਚ ਇਹ ਬੜੀਆਂ ਛੋਟੀਆਂ ਤੇ ਹੋਸ਼ੀਆਂ ਗੱਲਾਂ ਨੇ।” ਮੈਡਮ ਨਿਰਮਲ ਇੱਕ ਵਾਰ ਨਹੀਂ ਕਈ ਵਾਰ ਕੁਲਵੰਤ ਸਿੰਘ ਦੀ ਗੱਲਾਂ ਗੱਲਾਂ ਵਿੱਚ ਧੁਲਾਈ ਕਰ ਚੁੱਕੀ ਸੀ ਉਸ ਵੇਲੇ ਤਾਂ ਇਹ ‘ਹੀਂ ਹੀਂ” ਕਰਕੇ ਗੱਲ ਟਾਲ ਦਿੰਦਾ ਪਰ ਪਿੱਛੋਂ ਇਹ ਅੰਦਰਲੀ ਜ਼ਹਿਰ ਬਾਹਰ ਕੱਢਣ ਲਈ ਜੀਭ ਦੀ ਉੱਲੀ ਲਾਹੁੰਦਾ ਰਹਿੰਦਾ

“ਲੈ ਹੁਣ ਇਹ ਵੀ ਆਪਣੇ ਆਪ ਨੂੰ ਜੱਟੀ ਅਖਵਾਉਂਦੀ ਹੈਗੀ ਚੌਥੀ ਨੂੰ ਚੋਥੀ, ਕੌਲੀ ਨੂੰ ਕੋਲੀ ਕਹਿਣਾ ਅਜੇ ਤਕ ਨ੍ਹੀ ਛੱਡਿਆ ਇਹਨੂੰ ਆਖੋ ਫੋਜੀ ਦੀ ਥਾਂ ਫੌਜੀ ਆਖ ਕੇ ਵਿਖਾ ਦੇਵੇ, ਏਹਨੂੰ ਉਸੇ ਟੈਮ “ਮੈਡਮ ਢਿੱਲੋਂ” ਆਖਣਾ ਸ਼ੁਰੂ ਕਰ ਦਿਆਂਗੇ ਕਿਉਂ ਮਾਨ ਸਾਹਬ?”

ਕੁਲਵੰਤ ਸਿੰਘ ਦੀ ਕੱਢੀ ਭੜਾਸ ਮੈਡਮ ਨਿਰਮਲ ਕੋਲ ਵੀ ਪਹੁੰਚ ਗਈ ਪਰ ਉਹਨੇ ਇਸਦਾ ਕੋਈ ਨੋਟਿਸ ਨਹੀਂ ਲਿਆ ਮੈਡਮ ਨਿਰਮਲ ਅਤੇ ਸਵਰਨ ਮਾਸਟਰ ਤਾਂ ਉਸਦੇ ਨਿਸ਼ਾਨੇ ’ਤੇ ਬਣੇ ਹੀ ਰਹਿੰਦੇ ਜਾਤੀਵਾਦ ਦਾ ਪੱਤਾ ਖੇਡਦਿਆਂ ਇਹ ਅਕਸਰ ਸੁਰਜੀਤ ਗਿੱਲ ਅਤੇ ਜੋਗਿੰਦਰ ਸਿੰਘ ਨੂੰ ਵੀ ਆਪਣੇ ਨਾਲ ਰਲਾ ਲੈਂਦਾ ‘ਸਰਕਾਰੀ ਨੌਕਰੀਆਂ ਤਾਂ ਸਾਰੀਆਂ ਰਾਖਵੇਂ ਕੋਟੇ ਵਾਲਿਆਂ ਨੇ ਕਬਜ਼ੇ ਵਿੱਚ ਕਰਲੀਆਂ’ ਦਾ ਰਾਗ ਅਲਾਪਦਾ ਇਹ ਅਜਿਹੇ ਅੰਕੜੇ ਪੇਸ਼ ਕਰਦਾ ਜਿਨ੍ਹਾਂ ਦਾ ਕੋਈ ਆਧਾਰ ਨਾ ਹੁੰਦਾ ਹੈਰਾਨੀ ਤਾਂ ਉਦੋਂ ਹੁੰਦੀ ਜਦੋਂ ਉਸਦੇ ਪ੍ਰਚਾਰ ਦੇ ਅਸਰ ਥੱਲੇ ਆ ਕੇ ਜੋਗਿੰਦਰ ਸਿੰਘ ਵਰਗੇ ਵੀ ਗਲ਼ਤ ਬਿਆਨੀ ਕਰਨ ਲੱਗ ਜਾਂਦੇ

ਕੁਲਵੰਤ ਦੀਆਂ ਆਦਤਾਂ ਕਰਕੇ ਉਸਦੀ ਗੈਰਹਾਜ਼ਰੀ ਨਾਲੋਂ ਹਾਜ਼ਰੀ ਵੱਧ ਤੰਗ ਕਰਦੀ ਸੱਚੀ ਗੱਲ ਤਾਂ ਇਹ ਸੀ ਕਿ ਮੈਂ ਆਪ ਵੀ ਚਾਹੁੰਦਾ ਸੀ ਕਿ ਉਹ ਸਕੂਲ ਆਉਣ ਦੀ ਥਾਂ ਇੱਧਰ ਓਧਰ ਹੀ ਟਿੱਬਿਆ ਰਹੇ ਮੈਂ ਤਾਂ ਬਹੁਤੀ ਵਾਰ ਉਸਦੀ ਕਲਾਸ ਵੀ ਆਪ ਲੈ ਲੈਂਦਾ ਸਕੂਲ ਆ ਕੇ ਉਸਦੀ ਪੜ੍ਹਾਉਣ ਨਾਲੋਂ ਵੱਧ ਰੁਚੀ ਸਵਰਨ ਮਾਸਟਰ ਨੂੰ ਨੀਵਾਂ ਦਿਖਾਉਣ ਵਿੱਚ ਲੱਗੀ ਰਹਿੰਦੀ

“ਸਵਰਨ ਜੀ! ਕੋਠੀ ਬਣਾਉਣੀ ਸ਼ੁਰੂ ਕਰਤੀ ਕਿ ਨਹੀਂ ਸ਼ਹਿਰ ’ਚ? ਥੋਨੂੰ ਤਾਂ ਸ਼ਹਿਰ ਵਿੱਚ ਰਹਿਣ ਦਾ ਈ ਫੈਦਾ, ਸਾਡੀ ਤਾਂ ਚਲੋ ਮਜਬੂਰੀ ਹੈ ਪਿੰਡ ਰਹਿਣਾ ਖੇਤੀਬਾੜੀ ਦਾ ਕੰਮ ਦੇਖਣਾ ਹੁੰਦਾ ਹੁਣ ਸੋਲਾਂ ਕਿੱਲੇ ਤਾਂ ਝੋਨਾ ਲਾਈ ਬੈਠੇ ਹਾਂ ਹਰੀਕਿਆਂ ਵਾਲੇ ਰਾਹ ਵਾਲੀ ਸਾਰੀ ਜ਼ਮੀਨ ਕਾਠੀ ਐ ਬਾਪੂ ਤਾਂ ਨ੍ਹੀ ਸੀ ਮੰਨਦਾ ਪਰ ਮੈਂ ਵੇਹਰ ਕੇ ਦੋ ਕਿੱਲੇ ਬਾਸਮਤੀ ਦੇ ਲੁਆਏ ਦੋ ਕਿੱਲਿਆਂ ਵਿੱਚ ਅਮਰੂਦਾਂ ਦਾ ਬਾਗ ਲੁਆਤਾ ਹੋਰ ਦੋ ਸਾਲਾਂ ਨੂੰ ਠੇਕੇ ’ਤੇ ਚੜ੍ਹਜੂ ਊਂ ਸਵਰਨ ਜੀ, ਖੇਤੀ ਦਾ ਹੁੰਦਾ ਝਮੇਲਾ ਈ ਹੈ ਥੋਨੂੰ ਮੌਜ ਐ ਨਾ ਵਾਹੁਣ ਦਾ ਫਿਕਰ, ਨਾ ਬੀਜਣ ਦਾ ਨਾ ਵੱਢਣ ਦਾ, ਨਾ ਮੰਡੀ ਲਿਜਾਣ ਦਾ ਪਰ ਇੱਕ ਗੱਲ ਹੈਗੀ, ਜ਼ਮੀਨ ਨਾਲ ਬੰਦੇ ਦੀ ਅਣਖ ਜਿਹੀ ਬਣੀ ਰਹਿੰਦੀ ਐ।” ਕੁਲਵੰਤ ਸਿੰਘ ਵਿੰਗੇ ਟੇਢੇ ਢੰਗ ਨਾਲ ਸਵਰਨ ਨੂੰ ਬੇਜ਼ਮੀਨੇ ਹੋਣ ਦੀ ਚੀਸ ਰੜਕਾਉਂਦਾ ਰਹਿੰਦਾ ਕਈ ਵਾਰ ਉਸ ਨੂੰ ਜ਼ਲੀਲ ਕਰਨ ਦੀ ਹੱਦ ਤਕ ਜਾ ਪਹੁੰਚਦਾ ਸਾਰੇ ਅਧਿਆਪਕਾਂ ਵਿੱਚ ਬੈਠਿਆਂ ਉਹ ਅਜਿਹੀ ਗੱਲ ਛੇੜ ਲੈਂਦਾ ਜਿਸ ਨਾਲ ਸਵਰਨ ਨੂੰ ਨੀਵਾਂ ਦਿਖਾਇਆ ਜਾ ਸਕੇ

“ਗਰੇਵਾਲ ਸਾਹਬ! ਆਹ ਸਾਲੀ ਰੀਜ਼ਰਵਏਸ਼ਨ ਨੇ ਤਾਂ ਦੇਸ਼ ਦਾ ਭੱਠਾ ਈ ਬਹਾ ’ਤਾ ਨਲਾਇਕ ਚੁਣੇ ਜਾਂਦੇ ਐ ਤੇ ਟੌਪਰ ਰਹਿ ਜਾਂਦੇ ਐ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਜਦੋਂ ਚਾਲੀ ਪਰਸੈਂਟ ਵਾਲਾ ਡਾਕਟਰ ਕਿਸੇ ਮਰੀਜ਼ ਦਾ ਅਪਰੇਸ਼ਨ ਕਰੂ, ਉਸ ਮਰੀਜ਼ ਦਾ ਕੀ ਬਣੂ? ਪੰਜਾਹ ਪਰਸੈਂਟ ਵਾਲਾ ਟੀਚਰ ਕੀ ਪੜ੍ਹਾਲੂ ਬੱਚਿਆਂ ਨੂੰ? ਕੋਈ ਮੰਨੇ ਚਾਹੇ ਨਾ, ਰੀਜ਼ਰਵੇਸ਼ਨ ਨੇ ਦੇਸ਼ ਦਾ ਨੁਕਸਾਨ ਬਹੁਤ ਕਰਤਾ।”

ਮਾਸਟਰ ਸਵਰਨ ਨਾ ਤਾਂ ਕੁਲਵੰਤ ਸਿੰਘ ਦੀ ਕਿਸੇ ਗੱਲ ਦਾ ਜਵਾਬ ਦਿੰਦਾ ਤੇ ਨਾ ਹੀ ਰੀਜ਼ਰਵੇਸ਼ਨ ਦੇ ਹੱਕ ਵਿੱਚ ਕੋਈ ਦਲੀਲ ਦਿੰਦਾ ਉਹ ਜਦੋਂ ਵੀ ਕੋਈ ਗੱਲ ਛੇੜਦਾ, ਮਾਸਟਰ ਸਵਰਨ ਕਿਸੇ ਨਾ ਕਿਸੇ ਜ਼ਰੂਰੀ ਕੰਮ ਦਾ ਬਹਾਨਾ ਬਣਾ ਇੱਧਰ-ਓਧਰ ਹੋ ਜਾਣ ਨੂੰ ਤਰਜੀਹ ਦਿੰਦਾ ਉਸਦੇ ਪਾਸੇ ਜਾਂਦਿਆਂ ਤਾਂ ਕੁਲਵੰਤ ਸਿੰਘ ਦੀ ਜੀਭ ਹੋਰ ਵੱਧ ਜੁਗਾਲੀ ਕਰਨ ਲਗ ਜਾਂਦੀ

“ਰੀਜ਼ਰਵੇਸ਼ਨ ਨੇ ਤਾਂ ਸਾਲੀਆਂ ਕੁਜਾਤਾਂ ਸਿਰ ਚੜ੍ਹਾ ’ਤੀਆਂ ਜਿਨ੍ਹਾਂ ਨੇ ਸਾਡੀਆਂ ਖੁਰਲੀਆਂ ਵਿੱਚ ਹੱਥ ਮਾਰਨੇ ਸੀ, ਉਹ ਵੱਡੀਆਂ ਵੱਡੀਆਂ ਕੁਰਸੀਆਂ ਮੱਲੀ ਬੈਠੇ ਐ ਹੁਣ ਆਪਣੇ ਆਲੇ ਸਵਰਨ ਸਿਹੁੰ ਮੋਹੀ ਸਾਹਬ ਦੀ ਈ ਗੱਲ ਲੈ ਲਵੋ, ਜੇ ਰੀਜ਼ਰਵੇਸ਼ਨ ਨਾ ਹੁੰਦੀ ਏਹਨੇ ਮਰੇ ਡੰਗਰ ਢੋਂਦੇ ਹੋਣਾ ਸੀ ਰੇਹੜੀ ’ਤੇ ਹੁਣ ਦੋਵੇਂ ਜੀਅ ਮਾਸਟਰੀ ਵਿੱਚੋਂ ਲੱਖ ਰੁਪਇਆ ਕੁੱਟ ਲੈਂਦੇ ਐ ਮਹੀਨੇ ਦਾ ਐਵੇਂ ਨ੍ਹੀ ਚੌੜਾ ਹੋ ਹੋ ਤੁਰਦੇ।”

ਮੈਨੂੰ ਕੁਲਵੰਤ ਸਿੰਘ ਦੀ ਵਾਹਯਾਤ ਬੋਲਬਾਣੀ ’ਤੇ ਡਾਢੀ ਖਿਝ ਚੜ੍ਹਦੀ ਮੈਂ ਸਵਰਨ ਮਾਸਟਰ ਨੂੰ ਕਈ ਵਾਰ ਕਿਹਾ ਕਿ ਉਹ ਕੁਲਵੰਤ ਸਿੰਘ ਦੀਆਂ ਬੇਥਵੀਆਂ ਦਾ ਜਵਾਬ ਦੇਵੇ ਮੈਨੂੰ ਪਤਾ ਸੀ ਉਹ ਆਪਣੀਆਂ ਠੋਸ ਦਲੀਲਾਂ ਨਾਲ ਉਸਦੀ ਬੋਲਤੀ ਬੰਦ ਕਰਨ ਦੇ ਸਮਰੱਥ ਸੀ, ਪਰ ਮਾਸਟਰ ਸਵਰਨ ਤਾਂ ਉਸਦੀ ਕਿਸੇ ਗੱਲ ਦਾ ਜਵਾਬ ਦੇਣਾ ਹੀ ਨਹੀਂ ਸੀ ਚਾਹੁੰਦਾ ਉਹ ਆਖਣ ਲੱਗਾ, “ਸਰ! ਮੇਰੀਆਂ ਤਰਜੀਹਾਂ ਹੋਰ ਨੇ ਮੈਂ ਗਰੀਬ ਬੱਚਿਆਂ ਲਈ ਤੇ ਸਮੁੱਚੇ ਸਮਾਜ ਲਈ ਬਹੁਤ ਕੁਝ ਕਰਨਾ ਹੈ ਮੈਂ ਉਸਦੀਆਂ ਗੱਲਾਂ ਦਾ ਜਵਾਬ ਆਪਣੇ ਕੰਮ ਰਾਹੀਂ ਹੀ ਦੇਣਾ ਹੈ ਆਪਣੇ ਕੰਮ ਰਾਹੀਂ ਹੀ ਦੱਸਣਾ ਹੈ ਕਿ ਤੇਰੇ ਜਿਹੇ ਅਖੌਤੀ ਮੈਰਿਟ ਵਾਲੇ ਨਾਲੋਂ ਇਹ ਰਿਜ਼ਰਵ ਕੋਟੇ ਵਾਲਾ ‘ਨਲਾਇਕ’ ਵੱਧ ਮਿਹਨਤੀ ਹੈ, ਵੱਧ ਪੜ੍ਹਾਉਂਦਾ ਹੈ ਤੇ ਆਪਣੇ ਕਿੱਤੇ ਪ੍ਰਤੀ ਵੱਧ ਇਮਾਨਦਾਰ ਹੈ ਇਕੱਲਾ ਕੁਲਵੰਤ ਹੀ ਨਹੀਂ ਇਹੋ ਜਿਹੇ ਬਥੇਰੇ ਅਖੌਤੀ ਲੇਖਕ, ਬੁੱਧੀਜੀਵੀ ਤੇ ਸੋ ਕਾਲਡ ਚਿੰਤਕ ਹੈਗੇ ਐ ਜਿਹੜੇ ਕਰੋੜਾਂ ਦਲਿਤਾਂ ਦੀ ਸਮਾਜਕ, ਆਰਥਿਕ ਸਥਿਤੀ ਸਮਝਦੇ ਹੋਏ ਵੀ ਰਾਖਵੇਂਕਰਨ ਦਾ ਵਿਰੋਧ ਕਰਦੇ ਨੇ ਬੱਟ ਸਰ! ਮੈਂ ਗੰਦ ਵਿੱਚ ਰੋੜਾ ਮਾਰਨ ਵਿੱਚ ਯਕੀਨ ਨਹੀਂ ਰੱਖਦਾ ਇਸ ਨਾਲ ਹਾਸਲ ਕੁਝ ਨਹੀਂ ਹੋਣਾ, ਛਿੱਟੇ ਜ਼ਰੂਰ ਪਵਾ ਲਵਾਂਗੇ ਆਪਣੇ ਆਪ ’ਤੇ।”

“ਮੈਂ ਤੇਰੀ ਗੱਲ ਨਾਲ ਇਤਫ਼ਾਕ ਨਹੀਂ ਰੱਖਦਾ ਗੁੰਗੇ ਹੋਣਾ ਕੋਈ ਚੰਗੀ ਗੱਲ ਐ? ਅਜਿਹੇ ਲੋਕਾਂ ਦੇ ਕੂੜ ਪ੍ਰਚਾਰ ਦਾ ਉੱਤਰ ਦੇਣਾ ਜ਼ਰੂਰੀ ਹੈ ਇਸ ਗੰਦ ਨੂੰ ਇਹ ਦੱਸਣਾ ਬਣਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਹਜ਼ਾਰਾਂ ਸਾਲ ਪਸ਼ੂਆਂ ਨਾਲੋਂ ਵੀ ਭੈੜੀ ਜੂਨ ਭੋਗਣ ਲਈ ਮਜਬੂਰ ਕੀਤਾ ਗਿਆ, ਰੀਜ਼ਰਵਏਸ਼ਨ ਉਹਨਾਂ ਨੂੰ ਮਨੁੱਖੀ ਜੂਨ ਵਿੱਚ ਲਿਆਉਣ ਦਾ ਮਾਮੂਲੀ ਜਿਹਾ ਸਾਧਨ ਹੈ ਜਿਵੇਂ ਤੁਸੀਂ ਲੋਕ ਸਬਸਿਡੀਆਂ ਲੈਂਦੇ ਹੋ, ਇਹ ਵੀ ਸਬਸਿਡੀ ਦਾ ਹੀ ਇੱਕ ਰੂਪ ਹੈ ਇਹਨੂੰ ਸਮਝਾ ਤਾਂ ਸਹੀ ਕਿ ਦੇਸ਼ ਰੀਜ਼ਰਵੇਸ਼ਨ ਨੇ ਨਹੀਂ, ਤੇਰੇ ਵਰਗੀਆਂ ਨਸਲਾਂ ਨੇ ਬਰਬਾਦ ਕੀਤਾ ਹੈ ਇਸ ਗੰਦੀ ਨਸਲ ਨੂੰ ਦੱਸ ਕਿ ਦੇਸ਼ ਦੇ ਹੁਣ ਤਕ ਦੇ ਸਾਰੇ ਮੁਖੀ, ਖ਼ਜ਼ਾਨਾ ਸਾਂਭਣ ਵਾਲੇ, ਸਕੀਮਾਂ ਘੜਨ ਵਾਲੇ ਤੇ ਲਾਗੂ ਕਰਨ ਵਾਲੇ ਮੰਤਰੀ, ਰਿਜ਼ਰਵ ਬੈਂਕ ਦੇ ਗਵਰਨਰ ਤੇ ਦੇਸ਼ ਚਲਾਉਣ ਵਾਲੇ ਹੋਰ ਵੱਡੇ ਅਹੁਦਿਆਂ ’ਤੇ ਤੇਰੇ ਵਰਗੇ ਉੱਚ ਜਾਤੀਏ ਸਿਆਣੇ ਬੰਦੇ ਹੀ ਬੈਠਦੇ ਆਏ ਨੇ, ਫਿਰ ਦੇਸ਼ ਰੀਜ਼ਰਵਏਸ਼ਨ ਵਾਲਿਆਂ ਨੇ ਕਿਵੇਂ ਬਰਬਾਦ ਕਰ ਦਿੱਤਾ?” ਕਈ ਵਾਰ ਤਾਂ ਮੈਂ ਸਵਰਨ ਦੀ ਚੁੱਪ ਤੋਂ ਬੁਰੀ ਤਰ੍ਹਾਂ ਹਰਖ ਜਾਂਦਾ ਅਜਿਹੇ ਸਮੇਂ ਮੇਰੇ ਤੋਂ ਉਸ ਨੂੰ ਸਖਤੀ ਨਾਲ ਡਾਂਟਿਆ ਵੀ ਜਾਂਦਾ

“ਸਰ! ਇਹ ਖੇਚਲ ਤੁਸੀਂ ਹੀ ਕਰੋ ਮੈਂ ਤਾਂ ਰਾਖਵੇਂ ਕੋਟੇ ਵਿੱਚ ਆਇਆਂ, ਮੇਰੀ ਗੱਲ ਦਾ ਉਨਾ ਅਸਰ ਨਹੀਂ ਹੋਣਾ, ਤੁਹਾਡੀ ਗੱਲ ਹੋਰ ਐ ਮੇਰਾ ਖਿਆਲ ਸਾਡੇ ਦਰਦ ਨੂੰ ਤੁਹਾਡੇ ਨਾਲੋਂ ਵੱਧ ਚੰਗੀ ਤਰ੍ਹਾਂ ਹੋਰ ਕੋਈ ਬਿਆਨ ਨਹੀਂ ਕਰ ਸਕਦਾ।” ਮੇਰੀ ਗੱਲ ਦੇ ਜਵਾਬ ਵਿੱਚ ਉਹ ਕੇਵਲ ਮੁਸਕਰਾ ਦਿੱਤਾ

“ਆਪਣੇ ਦੁੱਖਾਂ ਦਰਦਾਂ ਦੀ ਗੱਲ ਆਪ ਹੀ ਕਰਨੀ ਪੈਂਦੀ ਹੈ ਪਿਆਰੇ! ਕਰਨੀ ਵੀ ਚਾਹੀਦੀ ਹੈ ਨਾਲੇ ਆਪਣੇ ਕੁਲਵੰਤ ਸਿੰਘ ਵਰਗੀਆਂ ਨਸਲਾਂ ਡਰਦਿਆਂ ਨੂੰ ਹੀ ਡਰਾਉਂਦੀਆਂ ਨੇ ਜੇ ਮੂਹਰਿਓਂ ਛਿੱਤਰ ਲੈ ਕੇ ਪੈਜੋ, ਫਿਰ ਟਿਕ ਜਾਂਦੀਆਂ ਥਾਂ ’ਤੇ ਤੂੰ ਦੇਖਿਆ ਨ੍ਹੀ, ਇੱਕ ਦਿਨ ਮਿੱਡ ਡੇ ਮੀਲ ਵਾਲੀ ਬੀਬੀ ਨੂੰ ਕਿਵੇਂ ਵਾਹਯਾਤ ਬੋਲਿਆ ਸੀ ਅੱਗਿਓਂ ਉਹਨੇ ਵੀ ਚਿਮਟਾ ਚੱਕ ਲਿਆ ਕਹਿੰਦੀ, ਖੜੋ ਜਾ ਮੇਰੇ ਪਿਉ ਦਿਆ ਸਾਲਿਆ, ਬਣਾਵਾਂ ਤੈਨੂੰ ਬੰਦੇ ਦਾ ਪੁੱਤ ਫੇਰ ਤਾਂ ਕੇ ਐੱਸ ਸਾਹਬ ਭਿੱਜੀ ਬਿੱਲੀ ਬਣ ’ਗੇ ਮੇਰਾ ਖਿਆਲ ਤੈਨੂੰ ਵੀ ਚੁੱਪ ਰਹਿਣ ਦੀ ਬਜਾਏ ਆਪਣਾ ਪੱਖ ਰੱਖਣਾ ਚਾਹੀਦਾ ਬਿਠਾ ਦਿਆ ਕਰ ਮੂਤ ਦੀ ਝੱਗ ਵਾਂਗ।”

“ਸਰ, ਮੈਂ ਇਸਦੀ ਕਿਸੇ ਵੀ ਗੱਲ ਦਾ ਜਵਾਬ ਦੇ ਕੇ ਇਸ ਨੂੰ ਖਾਹਮਖਾਹ ਦੀ ਮਹੱਤਤਾ ਨ੍ਹੀ ਦੇਣੀ ਚਾਹੁੰਦਾ ਤੁਹਾਨੂੰ ਤਾਂ ਪਤਾ ਹੈ ਇਹ ਮੈਨੂੰ ਚਿੜਾਉਣ ਲਈ ਹੀ ਕੋਈ ਨਾ ਕੋਈ ਗੱਲ ਛੇੜਦਾ ਜੇ ਮੈਂ ਟਾਲਾ ਵੱਟਦਾ ਹਾਂ ਤਾਂ ਮੇਰਾ ਕਹਿਣ ਦਾ ਇਹੋ ਮਤਲਬ ਹੁੰਦਾ ਕਿ ਜਾਹ ਭੌਂਕੀ ਜਾਹ, ਜਿਵੇਂ ਹੋਰ ਜਾਤੀਵਾਦੀ ਭੌਂਕਦੇ ਨੇ ਸਾਡੇ ’ਤੇ ਕੋਈ ਅਸਰ ਨ੍ਹੀ ਇਹੋ ਜਿਹੀਆਂ ਬੇਥਵੀਆਂ ਦਾ।” ਸਵਰਨ ਨੇ ਇੰਨਾ ਆਖਕੇ ਗੱਲ ਠੱਪ ਕਰ ਦਿੱਤੀ ਪਰ ਮੈਂ ਉਸਦੀ ਇਸ ਗੱਲ ਨਾਲ ਸੰਤੁਸ਼ਟ ਨਹੀਂ ਹੋਇਆ। ਮਨੋ ਮੈਂ ਚਾਹੁੰਦਾ ਸੀ ਕਿ ਕੁਲਵੰਤ ਵਰਗੇ ਸਾਰੇ ਲੋਕਾਂ ਦੀ ਹੀ ਖੁੰਭ ਠੱਪੀ ਜਾਣੀ ਚਾਹੀਦੀ ਹੈ ਮੈਨੂੰ ਕਈ ਵਰ੍ਹੇ ਪਹਿਲਾਂ ਦੀ ਘਟਨਾ ਯਾਦ ਗਈ।

ਉਦੋਂ ਮੈਂ ਮਾਨਸੇ ਦੇ ਪਿੰਡ ਚੱਕ ਦੇ ਪ੍ਰਾਇਮਰੀ ਸਕੂਲ ਵਿੱਚ ਨਵਾਂ ਨਵਾਂ ਜੁਆਇੰਨ ਕੀਤਾ ਸੀ ਮੇਰੇ ਸਮੇਤ ਸਕੂਲ ਵਿੱਚ ਪੰਜ ਅਧਿਆਪਕ ਸਨ ਉੱਥੇ ਵੀ ਕੁਲਵੰਤ ਸਿੰਘ ਵਰਗਾ ਹੀ ਫੁਕਰਾ ਅਧਿਆਪਕ ਹੁੰਦਾ ਸੀ ਜਸਕਰਨ ਸਕੂਲੇ ਵੜਦਿਆਂ ਹੀ ਡੀਂਗਾਂ ਮਾਰਨ ਲੱਗ ਜਾਂਦਾ ਦੂਜਿਆਂ ਨੂੰ ਨੀਵੇਂ ਦਿਖਾਉਣ ਦਾ ਕੋਈ ਵੀ ਮੌਕਾ ਹੱਥੋਂ ਨਾ ਜਾਣ ਦਿੰਦਾ ਆਪਣੇ ਗੁਆਂਢੀ ਪਿੰਡ ਦੇ ਹਰਵੇਲ ਨੂੰ ਤਾਂ ਇਵੇਂ ਹੀ ਤੰਗ ਕਰਦਾ ਜਿਵੇਂ ਇਹ ਮਾਸਟਰ ਸਵਰਨ ਨੂੰ ਕਰਦਾ ਹਰਵੇਲ ਮਾੜੀ ਕਿਸਾਨੀ ਨਾਲ ਸਬੰਧ ਰੱਖਦਾ ਸੀ, ਮਸੀਂ ਦੋ ਢਾਈ ਕਿੱਲਿਆਂ ਵਾਲੀ ਸਾਈਕਲ ’ਤੇ ਸਕੂਲ ਆਉਂਦਾ ਕੱਪੜੇ ਵੀ ਅਤਿ ਸਾਦੇ ਕਈ ਵਾਰ ਤਾਂ ਕੁੜਤੇ ਪਜਾਮੇ ਵਿੱਚ ਹੀ ਆ ਜਾਂਦਾ ਸਵਰਨ ਵਾਂਗ ਹੀ ਮਿਹਨਤੀ ਤੇ ਆਪਣੇ ਆਪ ਵਿੱਚ ਹੀ ਮਸਤ ਰਹਿਣ ਵਾਲਾ

ਜਸਕਰਨ ਕਿਸੇ ਨਾ ਕਿਸੇ ਬਹਾਨੇ ਹਰਵੇਲ ਨੂੰ ਟਾਂਚ ਲਾਉਂਦਾ ਰਹਿੰਦਾ ਪਰ ਹਰਵੇਲ ਉਸਦੀ ਕਿਸੇ ਟਾਂਚ ਦਾ ਜਵਾਬ ਨਾ ਦਿੰਦਾ ਉਸਦੀ ਚੁੱਪ ਵੇਖ ਕੇ ਜਸਕਰਨ ਉੱਤੇ ਹੀ ਉੱਤੇ ਚੜ੍ਹਦਾ ਗਿਆ। ਇੱਕ ਦਿਨ ਸਾਰਾ ਸਟਾਫ ਇਕੱਠੇ ਹੋਏ ਬੈਠੇ ਸਾਂ ਜਸਕਰਨ ਨੇ ਆਪਣੀਆਂ ਫੁਕਰੀਆਂ ਮਾਰਨੀਆਂ ਚਾਲੂ ਕਰ ਦਿੱਤੀਆਂ, “ਅਸੀਂ ਅਹਿ ਟਰੈਕਟਰ ਲੈ ਲਿਆ - ਅਸੀਂ ਹੁਣ ਅਹਿ ਸੰਦ ਬਣਾ ਲਿਆ ਅਸੀਂ ਹੁਣ ਅਹਿ ਕਰ ਲਿਆ - ਅਸੀਂ ਹੁਣ ਔਹ ਕਰ ਲਿਆ ਅਸੀਂ ਨਾਲ ਲਗਦੀ ਦੋ ਕਿੱਲੇ ਬੈਅ ਲੈ ਲਈ - ਅਸੀਂ ਫਲਾਨਿਆਂ ਤੋਂ ਤਿੰਨ ਕਿੱਲੇ ਗਹਿਣੇ ਲਿਖਾ ’ਲੇ ਅਸੀਂ ਹੁਣ ਪੰਜ ਦੀ ਥਾਂ ਸੱਤ ਦੀ ਮੋਟਰ ਪਾ ਲੈਣੀ ਐ - ਅਸੀਂ ਹੁਣ ਸਾਰੇ ਖੇਤ ਵਿੱਚ ਅੰਡਰ ਗਰਾਊਂਡ ਪਾਈਪਾਂ ਦੱਬ ਲੈਣੀਆਂ” ਨਾਲ ਦੀ ਨਾਲ ਹਰਵੇਲ ਨੂੰ ਜ਼ਲੀਲ ਕਰਨ ਵਾਸਤੇ ਕੋਈ ਟੋਣਾ ਲਾ ਦਿੰਦਾ, “ਜੱਟ ਕੋਲ ਜ਼ਮੀਨ ਹੋਵੇ ਤਾਂ ਖੁੱਲ੍ਹੀ ਹੋਵੇ, ਨਹੀਂ ਭਾਵੇਂ ਨਾ ਹੀ ਹੋਵੇ ਮਾੜੇ ਜੱਟ ਦਾ ਕੋਈ ਹਾਲ ਨ੍ਹੀ ਨਾ ਕੋਈ ਆਪਣਾ ਸੰਦ ਲੈ ਸਕਦਾ, ਨਾ ਟੈਮ ਨਾਲ ਵਾਹੀ ਬੀਜੀ ਕਰ ਸਕਦਾ।”

ਹਰਵੇਲ ਚੁੱਪ ਚਾਪ ਸੁਣੀ ਜਾਂਦਾ ਰਹਿੰਦਾ ਫਿਰ ਜਸਕਰਨ ਨੇ ਜਿਵੇਂ ਹਰਵੇਲ ਨੂੰ ਸਿੱਧਾ ਹੀ ਨਿਸ਼ਾਨੇ ’ਤੇ ਲੈ ਲਿਆ, “ਜੱਟ ਦੇ ਪੁੱਤ ਨੂੰ ਰਿਸ਼ਤਾ ਹੁੰਦਾ ਹੈ ਜ਼ਮੀਨ ਕਰਕੇ ਧੀ ਵਾਲੇ ਨੌਕਰੀ ਨਾਕਰੀ ਨ੍ਹੀ ਵੇਂਹਦੇ ਜ਼ਮੀਨ ਬਿਨਾ ਜੱਟ ਕਾਹਦਾ? ਮੇਰੇ ਸਾਬ੍ਹ ਨਾਲ ਘੱਟ ਜ਼ਮੀਨ ਵਾਲਾ ਜੱਟ ਤਾਂ ਇੱਕ ਤਰ੍ਹਾਂ ਦਾ ਮਿਰਾਸੀ ਹੁੰਦਾ ਕਦੇ ਕੋਈ ਸੰਦ ਸੰਦੌੜਾ ਮੰਗਣ ਕਿਸੇ ਘਰ, ਕਦੇ ਕਿਸੇ ਘਰ।” ਜਸਕਰਨ ਨੇ ਇਹ ਸਾਰੀਆਂ ਗੱਲਾਂ ਹਰਵੇਲ ਨੂੰ ਹੀ ਲਾ ਕੇ ਕੀਤੀਆਂ ਸਨ ਸਾਰਿਆਂ ਵਿੱਚੋਂ ਹਰਵੇਲ ਹੀ ਅਜੇ ਕੁਆਰਾ ਸੀ ਉਸੇ ਦੀ ਕਿਸਾਨੀ ਤਾਂ ਮਿਰਾਸੀਆਂ ਵਰਗੀ ਸੀ

“ਬਾਈ ਥੋਨੂੰ ਮੈਂ ਇੱਕ ਗੱਲ ਸੁਣਾਉਨੈ।” ਹਰਵੇਲ ਨੇ ਆਪਣੀ ਚੁੱਪੀ ਤੋੜੀ ਸਾਰੇ ਉਸਦੇ ਮੂੰਹ ਵੱਲ ਵੇਖਣ ਲੱਗੇ ਹਰਵੇਲ ਵੱਲੋਂ ਗੱਲ ਸੁਣਾਉਣ ਵਾਲੀ ਗੱਲ ਤਾਂ ਸਾਰਿਆਂ ਲਈ ਇੱਕ ਅਲੋਕਾਰੀ ਗੱਲ ਸੀ

“ਅੱਜ ਨ੍ਹੀ ਫਿਰ ਸੂਰਜ ਛਿਪਦਾ, ਆਪਣਾ ਹਰਵੇਲ ਸਿਹੁੰ ਵੀ ਕੋਈ ਗੱਲ ਸੁਣਾਉਣ ਲੱਗਾ।”

“ਨਜ਼ਰ ਨਾ ਲਾ ਦਿਓ ਹੋਰ ਕਿਤੇ ਜਮਾਂ ਈ ਬੋਲਣੋਂ ਜਾਵੇ।”

“ਸੁਣਾ ਭਾਈ, ਸੁਣਾ! ਸ਼਼ੁਕਰ ਐ ਤੂੰ ਵੀ ਕਿਤੇ ਦੰਦਲ ਭੰਨਣ ਲੱਗਾਂ।” ਮਾਸਟਰਾਂ ਦੀਆਂ ਭਾਂਤ ਭਾਂਤ ਦੀਆਂ ਆਵਾਜ਼ਾਂ ਆਈਆਂ ਸਨ

“ਕੇਰਾਂ ਨਾ ਇੱਕ ਮੇਰੇ ਵਰਗਾ ਦੋ ਢਾਈ ਕਿੱਲਿਆਂ ਵਾਲਾ ਨੰਗ ਜੱਟ ਗੱਡਾ ਜੋੜੀ ਜਾਵੇ।” ਹਰਵੇਲ ਨੇ ਜਸਕਰਨ ਵੱਲ ਟੇਢੀ ਜਿਹੀ ਅੱਖ ਨਾਲ ਝਾਕਦਿਆਂ ਗੱਲ ਛੇੜੀ

“ਹੱਛਾ!”

“ਅੱਗਿਓਂ ਹਿੰਦੁਸਤਾਨ ਟਰੈਕਟਰ ਚਲਾਈ ਆਉਂਦਾ ਮਿਲ ਗਿਆ ਆਪਣੇ ਮਾਸਟਰ ਜਸਕਰਨ ਸਿਹੁੰ ਵਰਗਾ ਸਰਦਾਰ ਉਦੋਂ ਆਹੀ ਤਾਂ ਟਰੈਕਟਰ ਹੁੰਦੇ ਸੀ, ... ਮੈਸੀ ਫਰਗੂਸਨ, ਜੀਟਰ, ਡੀ ਟੀ ਚੌਦਾਂ ਜਾਂ ਹਿੰਦੁਸਤਾਨ ਬਾਹਲਾ ਸਹਿੰਦਾ ਘਰ ਲਾਲ ਰੰਗ ਵਾਲਾ ਇੰਟਰਨੈਸ਼ਨਲ ਲੈ ਆਉਂਦਾ ਸੀ ਜਦੋਂ ਆਇਆ ਸਰਦਾਰ ਬਲਦਾਂ ਦੇ ਬਰੋਬਰ, ਉਹਨੇ ਕਲੱਚ ਨੱਪ ਕੇ ਰੇਸ ਵਧਾ ’ਤੀ “ਫੁਰਰ --- ਫੁਰਰ” ਦੀ ਆਵਾਜ਼ ਸੁਣਕੇ ਬਲਦ ਡਰਗੇ ਜੱਟ ਨੇ ਤਾਂ ਭਾਈ ਮਸਾਂ ਸੰਭਾਲੇ ਚਾਲੀ ਕਿੱਲਿਆਂ ਵਾਲਾ ਸਰਦਾਰ ਨਾਲੇ ਤਾਂ ਮੁੱਛਾਂ ’ਤੇ ਹੱਥ ਫੇਰਦਾ ਹੱਸੀ ਜਾਵੇ ਨਾਲੇ ਜੱਟ ਨੂੰ ਮਸ਼ਕਰੀਆਂ ਕਰੀ ਜਾਵੇ, ‘ਬਹਾਲਿਆ! ਪਤੰਦਰਾ ਅਜੇ ਤਕ ਬਲਦਾਂ ਦੀਆਂ ਪੂਛਾਂ ਈ ਮਰੋੜੀ ਜਾਨੈ? ਕੋਈ ਸਾਧਨ ਸੂਧਨ ਨ੍ਹੀ ਬਣਾਇਆ?’ ਜੱਟ ਟੇਢੀ ਜਿਹੀ ਧੌਣ ਕਰਕੇ ਟਰੈਕਟਰ ’ਤੇ ਚੜ੍ਹੇ ਬੈਠੇ ਸਰਦਾਰ ਵੱਲ ਝਾਕਿਆ ਤੇ ਹੱਥ ਵਿਚਲੀ ਪਰੈਣੀ ਮਿੱਟੀ ਵਿੱਚ ਗੱਡ ਦਿੱਤੀ।”

“ਹੱਛਾ! ਫੇਰ! ਪਿਆ ਕੋਈ ਪੰਗਾ?” ਮਾਸਟਰਾਂ ਦੀ ਰੁਚੀ ਕਹਾਣੀ ਵੱਲ ਬਣ ਗਈ ਸੀ

“ਫੇਰ ਕੀ? ਬਹਾਲ ਜੱਟ ਆਂਹਦਾ, ‘ਜ਼ਮੀਨ ਤਾਂ ਸਰਦਾਰਾ ਅਸੀਂ ਵੀ ਥੋਡੇ ਜਿੰਨੀਓ ਬਣਾ ਲੈਣੀ ਸੀ ਪਰ ਸਾਡੀ ਭੂਆ ਨ੍ਹੀ ਮੰਨੀ’ ਐਨੀ ਆਖਣ ਦੀ ਦੇਰ ਸੀ, ਸਰਦਾਰ ਤਾਂ ਕੱਚਾ ਜਿਹਾ ਧੂੰਆਂ ਮਾਰਦਾ ਲਾ ਗਿਆ ਚਿੱਤੜਾਂ ਨੂੰ ਅੱਡੀਆਂ ਉਨ੍ਹੇ ਨ੍ਹੀ ਪਿਛਾਂਹ ਭੌਂਅ ਕੇ ਵੇਖਿਆ।”

“ਹੈਂ! ਇਹ ਕੀ ਗੱਲ ਬਣੀ ਵਈ? ਅਖੇ ਭੂਆ ਨ੍ਹੀ ਮੰਨੀ ਹਰਵੇਲ ਸਿਆਂ, ਲੱਗਦਾ ਬਹਾਲ ਸਿਹੁੰ ਕੋਈ ਬਾਹਲੀ ਡੂੰਘੀ ਗੱਲ ਕਰ ਗਿਆ, ਜਿਸਦੇ ਨਾਲ ਸਰਦਾਰ ਦੇ ਪਿਛਵਾੜਿਓਂ ਧੂੰਆਂ ਨਿਕਲਣ ਲੱਗਾ ਗਿਆ।” ਗੱਲ ਤਾਂ ਮਾਸਟਰ ਹਰਨੇਕ ਨੂੰ ਸਮਝ ਲੱਗ ਗਈ ਸੀ ਪਰ ਉਸਨੇ ਜਾਣ ਬੁੱਝ ਕੇ ਪੁੱਛ ਲਿਆ ਸੀ ਜਸਕਰਨ ਦੇ ਚਿਹਰੇ ਦੇ ਰੰਗ ਬਦਲ ਗਏ ਸਨ

“ਸਰਦਾਰ ਦੀ ਇੱਕ ਭੂਆ ਬਹੁਤ ਸੋਹਣੀ ਹੋਣ ਕਰਕੇ ਹੀ ਰਾਜੇ ਦੇ ਘਰੇ ਵਿਆਹੀ ਗਈ ਸੀ ਵਿਆਹੀ ਵੀ ਕਾਹਦੀ, ਜਿਵੇਂ ਰਾਜਿਆਂ ਦੇ ਚੋਜ ਹੁੰਦੇ ਸੀਗੇ ਇਸਦੇ ਇਵਜ਼ਾਨੇ ਵਿੱਚ ਸਰਦਾਰ ਦੇ ਬਾਪ ਨੂੰ ਕਈ ਘੁਮਾ ਪੈਲੀ ਮਿਲੀ ਸੀ ਰਾਜੇ ਵੱਲੋਂ ਹੁਣ ਜਦੋਂ ਬਹਾਲ ਸਿਹੁੰ ਨੇ ਛੱਡੀ ਗਿੱਟਿਆਂ ਵਿੱਚ ਟਿਕਾ ਕੇ, ਕਿੱਥੇ ਖੜ੍ਹਨਾ ਸੀ ਸਰਦਾਰ ਨੇ ਬੁੜਬੁੜ ਕਰਦਾ ਤੁਰ ਗਿਆ ਮੂੰਹ ਲਪੇਟ ਕੇ।” ਜਸਕਰਨ ਵੱਲ ਵੇਂਹਦਿਆਂ ਹਰਵੇਲ ਨੇ ਗੱਲ ਮੁਕਾਈ ਤਾਂ ਸਾਰੇ ਹੱਥ ’ਤੇ ਹੱਥ ਮਾਰ ਕੇ ਹੱਸ ਪਏ

“ਲੈ ਲਾ ਧਨੇਸੜੀ ਤੂੰ ਤਾਂ ਬਹਾਲ ਸਿਹੁੰ ਨੰਗ ਜੱਟ ਤੋਂ।” ਹਰਨੇਕ ਸਿੰਘ ਦੀ ਗੱਲ ਨਾਲ ਇੱਕ ਵਾਰ ਫੇਰ ਠਹਾਕਾ ਗੂੰਜ ਉੱਠਿਆ

“ਆਪਣੇ ਨੰਗਾਂ ਕੋਲ ਤਾਂ ਨੰਗਾਂ ਵਾਲੀਆਂ ਹੀ ਗੱਲਾਂ ਹੋਣੀਆਂ ਸਰਦਾਰਾਂ ਦੀਆਂ ਗੱਲਾਂਬਾਤਾਂ ਤਾਂ ਆਪਣੇ ਜਸਕਰਨ ਸਿਹੁੰ ਨੂੰ ਪਤਾ।” ਲੁਹਾਰ ਦੀ ਇੱਕੋ ਸੱਟ ਨਾਲ ਹੀ ਹਰਵੇਲ ਨੇ ਜਸਕਰਨ ਨੂੰ ਮੂਧਾ ਪਾ ਲਿਆ

ਇਸ ਘਟਨਾ ਤੋਂ ਬਾਅਦ ਜਸਕਰਨ ਹਰਵੇਲ ਤੋਂ ਕੰਨ ਭੰਨਣ ਲੱਗ ਪਿਆ ਉਸਦੀਆਂ ਫੁਕਰੀਆਂ ਪੂਰੀ ਤਰ੍ਹਾਂ ਬੰਦ ਤਾਂ ਭਾਵੇਂ ਨਹੀਂ ਹੋਈਆਂ ਪਰ ਘੱਟ ਜ਼ਰੂਰ ਗਈਆਂ ਸਨ ਹਰਵੇਲ ਨੇ ਜਿਵੇਂ ਉਸਦੀ ਸਰਦਾਰੀ ਦੇ ਕਿੰਗਰੇ ਹੀ ਢਾਹ ਦਿੱਤੇ ਹੋਣ

ਮੈਂ ਸੋਚਦਾ, ਜੇ ਕਿਸੇ ਦਿਨ ਸਵਰਨ ਵੀ ਹਰਵੇਲ ਵਾਲੀ ਕਰ ਵਿਖਾਵੇ, ਨੱਥ ਤਾਂ ਫਿਰ ਕੁਲਵੰਤ ਨੂੰ ਵੀ ਪੈ ਜਾਵੇ ਇੱਕ ਗੱਲ ਤਾਂ ਪੱਕੀ ਸੀ ਕਿ ਜਿੰਨਾ ਚਿਰ ਤਕ ਉਸਦੇ ਸਿੰਗ ਨਹੀਂ ਭੋਰੇ ਜਾਣੇ, ਉਸਨੇ ਬੰਦਾ ਨਹੀਂ ਸੀ ਬਣਨਾ

ਖਾਨਦਾਨੀ ਧੂੜ ਤਾਂ ਉਸਦੇ ਅੰਦਰ ਇੰਨੀ ਜੰਮੀ ਪਈ ਸੀ ਕਿ ਉਹ ਹੋਰ ਕਿਸੇ ਵੱਲੋਂ ਲਿਆਂਦੀ ਚੀਜ਼ ਵੇਖ ਕੇ ਖੁਸ਼ ਹੀ ਨਹੀਂ ਸੀ ਹੁੰਦਾ ਜਿਸ ਦਿਨ ਸਵਰਨ ਨੇ ਨਵੀਂ ਅਲਟੋ ਕਾਰ ਸਕੂਲ ਲਿਆਂਦੀ, ਕੁਲਵੰਤ ਸਿੰਘ ਦੇ ਚਿਹਰੇ ਦਾ ਰੰਗ ਵੇਖਣ ਵਾਲਾ ਸੀ ਉਹ ਸੱਪ ਵਾਂਗ ਅੰਦਰੇ ਅੰਦਰ ਵਿਸ ਜਿਹੀ ਘੋਲਦਾ ਰਿਹਾ। ਸਵਰਨ ਦੇ ਪਾਸੇ ਜਾਂਦਿਆਂ ਹੀ ਉਸਨੇ ਆਪਣੇ ਅੰਦਰ ਜਮ੍ਹਾਂ ਹੋਇਆ ਜ਼ਹਿਰ ਉਗਲੱਛ ਦਿੱਤਾ, “ਹੈੱਡ ਸਾਹਬ! ਨਵੇਂ ਨਵੇਂ ਅਮੀਰ ਹੋਇਆਂ ਨੂੰ ਈ ਚਾਅ ਹੁੰਦਾ ਗੱਡੀਆਂ-ਗੁੱਡੀਆਂ ਦਾ ਆਹ ਮੋਟਰਸਾਈਕਲ, ਸਕੂਟਰ, ਕਾਰਾਂ ਤੇ ਜੀਪਾਂ ਆਪਣੇ ਲਈ ਕੋਈ ਮਾਇਨੇ ਨ੍ਹੀ ਰੱਖਦੀਆਂ ਆਪਾਂ ਤਾਂ ਸਮਝਲੋ ਪੈਦਾ ਈ ਗੱਡੀ ਦੀ ਸੀਟ ’ਤੇ ਹੋਏ ਆਂ ਆਪਾਂ ਹੋਏ ਖਾਨਦਾਨੀ ਬੰਦੇ ਆਪਣੀਆਂ ਤਾਂ ਸਰਦਾਰੀਆਂ ਵੀ ਖਾਨਦਾਨੀ ਆ।”

ਕੁਲਵੰਤ ਸਿੰਘ ਦੀ ਗੱਲ ਸੁਣਕੇ ਮੈਡਮ ਨਿਰਮਲ ਉਸ ਤੋਂ ਅੱਖ ਬਚਾ ਮੇਰੇ ਵੱਲ ਦੇਖਕੇ ਮੁਸਕਰਾਈ ਮੈਂ ਵੀ ਮੁਸਕਰਾਉਣੋ ਰਹਿ ਨਾ ਸਕਿਆ ਦਰਅਸਲ ਅਜੇ ਥੋੜ੍ਹੇ ਦਿਨ ਪਹਿਲਾਂ ਹੀ ਤਾਂ ਮੈਡਮ ਨਿਰਮਲ ਇਸਦੀ ‘ਖਾਨਦਾਨੀ’ ਦੀਆਂ ਸਿਫਤਾਂ ਸੁਣਾਕੇ ਹਟੀ ਸੀ, “ਗਰੇਵਾਲ ਵੀਰ ਜੀ! ਦਿਨ ਰਾਤ ਖਾਨਦਾਨੀ-ਖਾਨਦਾਨੀ ਦਾ ਜਾਪ ਕਰਨ ਵਾਲੇ ਇਸ ਵੱਡੇ ਸਰਦਾਰ ਦੀ ‘ਖਾਨਦਾਨੀ’ ਦਾ ਪਤਾ ਥੋਨੂੰ?” ਮੈਡਮ ਨਿਰਮਲ ਨੇ ਆਸਾ ਪਾਸਾ ਵੇਖ ਕੇ ਕਿਹਾ ਕੁਲਵੰਤ ਸਿੰਘ ਰੋਜ਼ ਵਾਂਗ ਅਜੇ ਸਕੂਲ ਨਹੀਂ ਸੀ ਆਇਆ

“ਬਾਪ ਇਹਨਾਂ ਦਾ ਕਈ ਸਾਲ ਪਹਿਲਾਂ ਘਰੋਂ ਰੁੱਸ ਕੇ ਕਿਧਰੇ ਚਲਾ ਗਿਆ ਸੀ ਅੱਜ ਤਕ ਥਹੁ ਪਤਾ ਨ੍ਹੀ ਲੱਗਾ ਕੁੱਤਿਆਂ-ਬਿੱਲਿਆਂ ਵਾਲਾ ਵਿਹਾਰ ਕਰਦੇ ਸੀ ਉਹਦੇ ਨਾਲ ਸੁਣਨ ਵਿੱਚ ਤਾਂ ਇਹ ਵੀ ਆਉਂਦਾ ਕਿ ਇਹਨਾਂ ਨੇ ਮਾਰ ਕੇ ਘਰੇ ਹੀ ਦੱਬ ਦਿੱਤਾ ਉਹ ਸਾਰੀ ਜ਼ਮੀਨ ਕੁੜੀਆਂ ਦੇ ਨਾਉਂ ਲਵਾਉਣ ਨੂੰ ਫਿਰਦਾ ਸੀ ਇੱਕ ਹੋਰ ਭੱਦਰਕਾਰੀ ਦੱਸ ਦਿੰਨੀ ਹਾਂ ਖਾਨਦਾਨੀ ਵਾਲਿਆਂ ਦੀ ਸਭ ਤੋਂ ਛੋਟੀ ਭੈਣ ਇਹਨਾਂ ਨੇ ਕਨੇਡਾ ਕੱਢਣ ਵਾਸਤੇ ਸੱਤ ਬੈਂਡ ਵਾਲੇ ਮੁੰਡੇ ਨਾਲ ਵਿਆਹੀ ਚਮਾਰਾਂ ਦਾ ਮੁੰਡਾ ਐ ਪਟਿਆਲੇ ਕੰਨੀਓਂ ਸਾਰਾ ਖਰਚਾ ਵੀ ਇਹਨਾਂ ਨੇ ਈ ਕੀਤਾ ਜਦੋਂ ਆਂਡ ਗੁਆਂਢ ਰੌਲਾ ਪੈ ਗਿਆ, ਇਹ ਕਹਿੰਦੇ ਕੁੜੀ ਦਾ ਕਾਗਜ਼ੀ ਵਿਆਹ ਕੀਤਾ ਕਾਹਦਾ ਕਾਗਜ਼ੀ? ਕੁੜੀ ਉੱਥੇ ਜਾ ਕੇ ਮੁੱਕਰ ’ਗੀ ਕਹਿੰਦੀ ਮੈਂ ਨ੍ਹੀ ਤਲਾਕ ਲੈਣਾ ਮੈਂ ਤਾਂ ਇਸੇ ਨਾਲ ਈ ਰਹੂੰ ਪੱਕੇ ਤੌਰ ’ਤੇ ਇਹ ਇੱਥੇ ਬੈਠੇ ਕਚੀਚੀਆਂ ਲਈ ਜਾਂਦੇ ਐ ਤੇ ਉਹਨੇ ਉੱਥੇ ਪੀ ਆਰ ਹੋ ਕੇ ਉਸੇ ਮੁੰਡੇ ਦਾ ਜੁਆਕ ਵੀ ਜੰਮ ਦਿੱਤਾ ਹੋਰ ਸੁਣ ਲੋ, ਬੱਚੇ ਦੀ ਬਰਥਡੇ ਪਾਰਟੀ ’ਤੇ ਇਹਦਾ ਭਰਾ ਤੇ ਇਹਦੀ ਮਾਂ ਤਾਂ ਜਾ ਵੀ ਆਏ ਆ ਕਨੇਡਾ ਐਹੋ ਜਿਹੀਆਂ ਤਾਂ ਇਹਨਾਂ ਦੀਆਂ ਖਾਨਦਾਨੀਆਂ ਇੱਥੇ ਦੂਜਿਆਂ ਦੀਆਂ ਜਾਤਾਂ ਪਰਖਦਾ ਰਹਿੰਦਾ।”

ਨਿਰਮਲ ਬੜਬੋਲੀ ਸੀ, ਇਸੇ ਕਰਕੇ ਕੁਲਵੰਤ ਸਿੰਘ ਉਸ ਤੋਂ ਝਕਦਾ ਰਹਿੰਦਾ ਜਿਸ ਤਰ੍ਹਾਂ ਸਵਰਨ ਬਾਰੇ ਮੂੰਹ ’ਤੇ ਹੀ ਊਟ ਪਟਾਂਗ ਬੋਲਦਾ ਰਹਿੰਦਾ, ਨਿਰਮਲ ਬਾਰੇ ਕੁਝ ਨਹੀਂ ਕਹਿੰਦਾ ਮੈਂ ਸਵਰਨ ਨੂੰ ਵੀ ਮੂੰਹ ਫੱਟ ਹੋਣ ਲਈ ਆਖਦਾ ਰਹਿੰਦਾ ਪਰ ਉਹ ਤਾਂ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਹੋਇਆ ਸੀ ਉਸ ਲਈ ਇਹ ਸਾਰੀਆਂ ਗੱਲਾਂ ਬੜੀਆਂ ਛੋਟੀਆਂ ਤੇ ਮਹੱਤਵਹੀਣ ਸਨ

ਸਵਰਨ ਮਾਸਟਰ ਨਾਲ ਮੇਰਾ ਕਿਸੇ ਵੀ ਕਿਸਮ ਦਾ ਲਗਾਅ ਜਾਂ ਹਮਦਰਦੀ ਕੁਲਵੰਤ ਨੂੰ ਹਜ਼ਮ ਨਾ ਹੁੰਦੀ ਦੂਜੇ ਚੌਥੇ ਮੇਰੇ ਅੱਗੇ ਸਵਰਨ ਸਿੰਘ ਦਾ ਹਊਆ ਖੜ੍ਹਾ ਕਰਕੇ ਮੈਨੂੰ ਭੜਕਾਉਣ ਦੇ ਯਤਨਾਂ ਵਿੱਚ ਰਹਿੰਦਾ

“ਗਰੇਵਾਲ ਸਰ! ਮੈਨੂੰ ਡੀ ਈ ਓ ਆਫਿਸ ਵਿੱਚੋਂ ਪਤਾ ਲੱਗਾ, ਅਗਲੇ ਹਫਤੇ ਡੀ ਪੀ ਸੀ ਹੋਣ ਲੱਗੀ ਐ ਈ ਟੀ ਟੀ ਟੀਚਰਾਂ ਵਿੱਚੋਂ ਐੱਚ ਟੀ ਬਣਾਉਣੇ ਆ ਇਹਨਾਂ ਪਰਮੋਸ਼ਨਾਂ ਵਿੱਚ ‘ਥੋਡਾ’ ਸਵਰਨ ਸਿੰਘ ਮੋਹੀ ਵੀ ਹੈੱਡ ਟੀਚਰ ਬਣ ਰਿਹਾ ਇਹ ਵੀ ਪੋਸੀਬਲ ਐ, ਹੈੱਡ ਟੀਚਰ ਬਣਕੇ ਇਸੇ ਸਕੂਲ ਵਿੱਚ ਆ ਜੇ ਤੇ ਥੋਨੂੰ ਆਪਣਾ ਜੁੱਲੀ ਬਿਸਤਰਾ ਚੱਕ ਕੇ ਕਿਸੇ ਹੋਰ ਸਕੂਲ ਵਿੱਚ ਜਾਣਾ ਪਵੇ।” ਕੁਲਵੰਤ ਨੇ ‘ਥੋਡਾ’ ਸ਼ਬਦ ’ਤੇ ਵਧੇਰੇ ਜ਼ੋਰ ਦਿੱਤਾ

“ਫੇਰ ਕੀ ਹੋ ਜੂ? ਜੁਆਕ ਈ ਪੜ੍ਹਾਉਣੇ ਆਂ, ਇੱਥੇ ਨਹੀਂ ਤਾਂ ਹੋਰ ਸਕੂਲ ਵਿੱਚ ਸਹੀ।” ਮੇਰੇ ਵੱਲੋਂ ਦਿਖਾਈ ਬੇਰੁਖੀ ਉਸ ਨੂੰ ਅੱਖਰੀ ਉਹਨੇ ਹੋਰ ਵੱਡਾ ਖਤਰਾ ਮੇਰੇ ਅੱਗੇ ਪੇਸ਼ ਕੀਤਾ, “ਫੇਰ ਕੀ ਹੋਜੂ? ਉਹ ਹੋਊ ਜੋ ਨਹੀਂ ਹੋਣਾ ਚਾਹੀਦਾ ਤੁਸੀਂ ਅਜੇ ਐੱਚ ਟੀ ਹੋਣਾ, ਇਹਨੇ ਥੋਡੇ ਤੋਂ ਪਹਿਲਾਂ ਸੈਂਟਰ ਹੈੱਡ ਟੀਚਰ ਬਣ ਜਾਣਾ।”

“ਬਣਜੇ! ਸੀ ਐੱਚ ਟੀ ਬਣਜੇ ... ਆਪਾਂ ਕੀ ਲੈਣਾ ਦੇਣਾ?”

“ਮਖਿਆ ਕਮਾਲ ਹੋਗੀ ਥੋਡੇ ਵਾਲੀ ਵੀ ਹੈੱਡ ਸਾਹਬ ਅਖੇ ਬਣਜੇ ਸੀ ਐੱਚ ਟੀ ਜਨਾਬ, ਜਦੋਂ ਨੂੰ ਤੁਸੀਂ ਸੀ ਐੱਚ ਟੀ ਬਣਨਾ, ਮੋਹੀ ਸਾਬ੍ਹ ਨੇ ਬੀ ਪੀ ਈ ਓ ਬਣ ਜਾਣਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਹੁਣ ਜਿਹੜਾ ਤੁਹਾਨੂੰ ‘ਸਰ’ ‘ਸਰ’ ਕਰਦਾ ਰਹਿੰਦਾ, ਫੇਰ ਤੁਸੀਂ ਇਹਨੂੰ ‘ਸਰ’ ‘ਸਰ’ ਕਰਿਆ ਕਰਨਾ ਸ਼ਰਮ ਨਾ ਆਊ ਮਗਰੋਂ ਭਰਤੀ ਹੋਏ ਨੂੰ ਸਰ ਸਰ ਕਰਦਿਆਂ ਉੱਤੋਂ ਡਿਪਟੀ ਡੀ ਓ ਵੀ ਇਹਨਾਂ ਦਾ ਸੁਪਰਡੈਂਟ ਘੁਮਿਆਰ ਜ਼ਿਲ੍ਹਾ ਸਿੱਖਿਆ ਅਫਸਰ ਤਾਂ ਕਿਸੇ ਹੋਰ ਈ ਕੈਟੇਗਰੀ ਦਾ ਨੌਕਰੀ ਕਰਨ ਨੂੰ ਤਾਂ ਰੂਹ ਈ ਨ੍ਹੀ ਮੰਨਣੀ ਆਪਣੇ ਤੋਂ ਤਾਂ ਨ੍ਹੀ ਹੋਣੀ ਮੈਂ ਤਾਂ ਬਦਲੀ ਕਰਾ ਕੇ ਕਿਸੇ ਹੋਰ ਬਲਾਕ ਵਿੱਚ ਵਗ ਜੂੰ ਭਾਵੇਂ ਵੀਹ-ਤੀਹ ਕਿਲੋਮੀਟਰ ਵਾਟ ਕਰਨੀ ਪੈ ਜੇ ਇਸ ‘ਚੰਮ’ ਥੱਲੇ ਤਾਂ ਨ੍ਹੀ ਕਰਦਾ ਨੌਕਰੀ।”

ਮੈਂ ਖਿੜ ਖਿੜ ਕਰਕੇ ਹੱਸਿਆ ਪਰ ਇਸ ਨੂੰ ਜ਼ਾਹਰ ਨਹੀਂ ਹੋਣ ਦਿਤਾ ਉਸਦੀ ਹਾਂ ਵਿੱਚ ਹਾਂ ਮਿਲਾਉਣ ਦਾ ਨਾਟਕ ਕਰਦਿਆਂ ਉਸਦੀ ਫੂਕ ਵੀ ਕੱਢੀ, “ਇਹ ਤਾਂ ਤੇਰੀ ਗੱਲ ਠੀਕ ਹੈ ਬੀ ਪੀ ਈ ਓ ਬਣਕੇ ਤਾਂ ਇਹ ਬਾਹਲਾ ਈ ਤੰਗ ਕਰੂ ਹੁਣ ਤਾਂ ਏਹਨੇ ਗੱਡੀ ਵੀ ਲੈ ਲਈ ਐ ਨਿੱਤ ਹੀ ਚੈਕਿੰਗ ’ਤੇ ਤੁਰਿਆ ਰਿਹਾ ਕਰੂ ਏਹਨੇ ਤਾਂ ਪੰਜ ਮਿੰਟ ਦੀ ਲੇਟ ਨ੍ਹੀ ਬਰਦਾਸ਼ਤ ਕਰਿਆ ਕਰਨੀ ਫਰਲੋ ਤਾਂ ਵੱਜਿਆ ਹੀ ਨ੍ਹੀ ਕਰਨੀ ਘੰਟਾ ਵੀ।”

“ਹਾਅ ਗੱਲ ਦਾ ਈ ਤਾਂ ਮੈਂ ਰੋਣਾ ਰੋਨੈ ਇਹ ਤਾਂ ਪਹਿਲੇ ਦੋ ਤਿੰਨ ਮਹੀਨਿਆਂ ਵਿੱਚ ਈ ਛੁੱਟੀਆਂ ਮੁਕਾ ਦਿਆ ਕਰੂ ਫੇਰ ਸਾਰਾ ਸਾਲ ਵਿਦਾਊਟ ਪੇ ਛੁੱਟੀ ਲੈਣੀ ਪਿਆ ਕਰਨੀ ਐਂ ਗਰੇਵਾਲ ਸਾਬ੍ਹ! ਮੈਨੂੰ ਇਸ ਗੱਲ ਦੀ ਸਮਝ ਨ੍ਹੀ ਲਗਦੀ ...।” ਆਪਣੀ ਗੱਲ ਦਾ ਅਸਰ ਹੋਇਆ ਵੇ ਕੁਲਵੰਤ ਸਿੰਘ ਹੋਰ ਅੱਗੇ ਵਧਿਆ, “ਦਰੋਣਾਚਾਰੀਆ ਬਾਰੇ ਤਾਂ ਜਾਣਦੇ ਈ ਓ ਨਾ? ਐਡਾ ਵੱਡਾ ਤੀਰ ਅੰਦਾਜ਼ ਦਰੋਣਾਚਾਰੀਆ ਕਮਲਾ ਨ੍ਹੀ ਸੀਗਾ ਜੀਹਨੇ ਭੀਲ ਏਕਲਵਿਆ ਦਾ ਅਗੂੰਠਾ ਲੈ ਲਿਆ ਸੀ ਜੇ ਉਹ ਗੁਰੂ ਦੱਖਣਾ ਦੇ ਰੂਪ ਵਿੱਚ ਅਗੂੰਠਾ ਮੰਗਣ ਵਾਲੀ ਕਲਾਕਾਰੀ ਨਾ ਕਰਦਾ, ਭੀਲ ਨੇ ਤਾਂ ਸਣੇ ਦਰੋਣਾਚਾਰੀਆ ਦੇ-ਕੀ ਕੌਰਵ ਤੇ ਕੀ ਪਾਂਡਵ, ਸਾਰੇ ਮਾਰ ਦੇਣੇ ਸੀ ਚਾਰੇ ਪਾਸੇ ਭੀਲਾਂ ਦਾ ਈ ਰਾਜ ਹੋਣਾ ਸੀ ਆਪਣੇ ਵਰਗੇ ਹੋਣੇ ਸੀ ਇਹਨਾਂ ਦੇ ਲਾਗੀ ਵਗਾਰੀ ਸਰ ਜੀ! ਉਲਟੀ ਗੰਗਾ ਵਗੀ ਹੋਣੀ ਸੀ ਸੀਵਰਾਂ ਵਿੱਚ ਹੱਥ ਮਾਰਨੇ ਪਿਆ ਕਰਨੇ ਸੀ ਨਾ ਮੈਂ ਮਾਸਟਰ ਬਣਦਾ, ਨਾ ਤੁਸੀਂ ਐੱਚ ਟੀ ਬਣਦੇ।”

ਮੈਂ ਹੈਰਾਨ ਹੋ ਕੇ ਕੁਲਵੰਤ ਸਿੰਘ ਵੱਲ ਵੇਖਦਾ ਰਹਿ ਗਿਆ ਅਜੀਬ ਤਰ੍ਹਾਂ ਦੇ ਜ਼ਹਿਰ ਨਾਲ ਭਰੇ ਪਏ ਨੇ ਇਹਦੇ ਵਰਗੇ ਲੋਕ

“ਸਾਬ੍ਹ ਜੀ! ਮੈਨੂੰ ਸਮਝ ਨ੍ਹੀ ਲਗਦੀ ਤੁਸੀਂ ਟੁੱਟ ਟੁੱਟ ਕਿਉਂ ਮਰਦੇ ਰਹਿਨੈ ਓਂ? ਇਹਨਾਂ ਲੋਕਾਂ ਨੂੰ ਪੜ੍ਹਾ ਕੇ ਆਪਣੇ ਜੁਆਕਾਂ ਦਾ ਭਵਿੱਖ ਖਰਾਬ ਕਰਨ ਵਾਲੀ ਗੱਲ ਹੈ ਇਸ ਚੀਂਗਰ ਪੋਟ ਨੂੰ ਤਾਂ ਓਨਾ ਕੁ ਈ ਪੜ੍ਹਾਓ ਜਿਸਦੇ ਬਿਨਾਂ ਸਰਦਾ ਨਾ ਹੋਵੇ ਇਸੇ ਕਰਕੇ ਆਪਾਂ ਤਾਂ ਨ੍ਹੀ ਪੜ੍ਹਾਈਦਾ ਜੇ ਇਹ ਸਾਲੀ ਸਾਰੀ ਲਗੌੜ ਪੜ੍ਹਗੀ, ਕੋਈ ਕੰਮ ਕਰਨ ਵਾਲਾ ਵੀ ਨ੍ਹੀ ਮਿਲਿਆ ਕਰਨਾ।”

ਕੁਲਵੰਤ ਸਿੰਘ ਦੀਆਂ ਗੱਲਾਂ ਸੁਣਕੇ ਮੈਨੂੰ ਆਪਣੇ ਨਾਲ ਕਈ ਵਰ੍ਹੇ ਪਹਿਲਾਂ ਵਾਪਰੀ ਘਟਨਾ ਯਾਦ ਆ ਗਈ ਇਹਦੇ ਵਰਗੇ ਹੀ ਕਿਸੇ ਸਕੂਲ ਮੁਖੀ ਨਾਲ ਖਟਪਟੀ ਹੋਣ ਕਰਕੇ ਮੇਰੀ ਬਦਲੀ ਦੂਰ ਦੇ ਪਛੜੇ ਜਿਹੇ ਪਿੰਡ ‘ਨੰਗਲ ਖੇੜਾ’ ਹੋ ਗਈ ਸੀ ਪਹਿਲੇ ਦਿਨ ਮੈਂ ਸਕੂਲ ਜਾ ਕੇ ਦੇਖਿਆ, ਮੇਰੇ ਤਾਂ ਤੌਰ ਹੀ ਭੌਂਅ ਗਏ ਸਨ ਡਿਗੂੰ ਡਿਗੂੰ ਕਰਦੇ ਕਮਰੇ ਕੋਈ ਚਾਰ ਦੀਵਾਰੀ ਨਹੀਂ ਚਾਰ ਚੁਫੇਰੇ ਗੰਦਗੀ ਦੇ ਢੇਰ ਸਕੂਲ ਦੇ ਸਾਹਮਣੇ ਵੱਡੀਆਂ ਵੱਡੀਆਂ ਰੂੜੀਆਂ ਸਾਰੇ ਸਕੂਲ ਵਿੱਚ ਗੋਡੇ ਗੋਡੇ ਘਾਹ ਉੱਗਿਆ ਹੋਇਆ ਸਕੂਲ ਵਿੱਚ ਤਾਂ ਵੜਦਿਆਂ ਵੀ ਡਰ ਆਉਂਦਾ ਸੀ ਸਟਾਫ ਦੇ ਨਾਂ ’ਤੇ ਕੇਵਲ ਇੱਕੋ ਅਧਿਆਪਕਾ, ਜਿਹੜੀ ਸ਼ਹਿਰੋਂ ਆਉਂਦੀ ਸੀ ਕੇਵਲ ਤੇਈ-ਚੌਵੀ ਬੱਚੇ ਲਿੱਬੜੇ ਤਿੱਬੜੇ ਤੇ ਗਰੀਬੜੇ ਜਿਹੇ ਮਾਸਟਰਨੀ ਦੂਏ ਤੀਏ ਦਿਨ ਸਕੂਲ ਆਉਂਦੀ

“ਸ਼ੁਕਰ ਐ ਵੀਰ ਜੀ ਤੁਸੀਂ ਆ ਗੇ ਰਲਮਿਲ ਕੇ ਕੰਮ ਚਲਾ ਲਿਆ ਕਰਾਂਗੇ ਇੱਕ ਦਿਨ ਛੱਡਕੇ ਮੈਂ ਆ ਜਾਇਆ ਕਰੂੰ, ਇੱਕ ਦਿਨ ਛੱਡ ਕੇ ਤੁਸੀਂ ਆ ਜਾਇਆ ਕਰੋ ਚੈਕਿੰਗ ਚੂਕਿੰਗ ਤੋਂ ਨਹੀਂ ਡਰਨ ਦੀ ਲੋੜ ਜਿੰਨਾ ਕੁ ਮਹੀਨਾ ਭਰੀਦਾ ਉਨਾ ਕੁ ਕਿਰਾਇਆ ਬਚ ਜਾਂਦਾ।” ਭੈਣ ਜੀ ਦਵਿੰਦਰ ਮਾਣ ਨਾਲ ਇੰਜ ਦੱਸ ਰਹੀ ਸੀ ਜਿਵੇਂ ਕੋਈ ਬਹੁਤ ਬਹਾਦਰੀ ਵਾਲਾ ਕੰਮ ਕਰਦੀ ਹੋਵੇ

“ਦਵਿੰਦਰ ਭੈਣ ਜੀ! ਮੈਂ ਤਾਂ ਆਇਆ ਕਰੂੰ ਛੇਏ ਦਿਨ ਬਲਕਿ ਸੱਤੇ ਦਿਨ ਤੁਸੀਂ ਕਿੰਨੇ ਦਿਨ ਆਉਣਾ, ਇਹ ਥੋਡੇ ’ਤੇ ਮੁਨੱਸਰ ਐ ਉਂਜ ਮੇਰਾ ਆਪਣਾ ਖਿਆਲ ਐ ਕਿ ਆਪਾਂ ਨੂੰ ਤਨਖਾਹ ਬੱਚੇ ਪੜ੍ਹਾਉਣ ਦੀ ਮਿਲਦੀ ਐ, ਸੋ ਆਪਾਂ ਨੂੰ ਸਾਰਾ ਹਫਤਾ ਈ ਆਉਣਾ ਚਾਹੀਦਾ ਵੈਸੇ ਇਹ ਗੱਲ ਮੈਂ ਜ਼ਰੂਰ ਮਹਿਸੂਸ ਕਰਦਾਂ, ਤੁਹਾਡਾ ਜੀਅ ਵੀ ਨਹੀਂ ਲੱਗਦਾ ਹੋਣਾ ਸਕੂਲ ਵਿੱਚ ਜਿਹੜੀ ਹਾਲਤ ਬਣੀ ਪਈ ਐ ... ਕਿਹੜਾ ਅਧਿਆਪਕ ਪੜ੍ਹਾ ਲੂ? ਖੈਰ! ਬੀ ਪੌਜ਼ੇਟਿਵ, ਆਪਾਂ ਸਕੂਲ ਨੂੰ ਪੜ੍ਹਨ ਤੇ ਪੜ੍ਹਾਉਣ ਦੇ ਅਨੁਕੂਲ ਬਣਾਵਾਂਗੇ।” ਮੈਂ ਬੜੇ ਆਤਮ ਵਿਸ਼ਵਾਸ ਨਾਲ ਆਖਿਆ।

‘ਨੰਗਲ ਖੇੜਾ’ ਸਕੂਲ ਨੂੰ ਪੜ੍ਹਨ ਤੇ ਪੜ੍ਹਾਉਣ ਦੇ ਅਨੁਕੂਲ ਬਣਾਉਣ ਲਈ ਮੈਂ ਲੱਕ ਬੰਨ੍ਹ ਲਿਆ ਸੀ ਆਪ ਕਹੀ ਫੜ ਕੇ ਧੋਬੜੀਆਂ ਪੱਧਰ ਕੀਤੀਆਂ ਸਨ ਆਪ ਟਰੈਕਟਰ ਚਲਾ ਕੇ ਡੂੰਘੇ ਟੋਏ ਮਿੱਟੀ ਨਾਲ ਭਰੇ ਸਨ ਦਾਤਰੀ ਨਾਲ ਘਾਹ ਵੱਢਿਆ ਸੀ ਰੰਬੀ ਚਲਾ ਕੇ ਸੋਹਣੇ ਸੋਹਣੇ ਫੁੱਲ ਬੂਟੇ ਲਾਏ ਸਨ ਮਾਪਿਆਂ ਕੋਲ ਘਰ ਘਰ ਜਾ ਕੇ ਬੱਚਿਆਂ ਨੂੰ ਸਕੂਲ ਭੇਜਣ ਲਈ ਪ੍ਰੇਰਿਤ ਕੀਤਾ ਸੀ ਪੰਦਰਾਂ ਵੀਹਾਂ ਦਿਨਾਂ ਵਿੱਚ ਹੀ ਸਕੂਲ ਦੀ ਨੁਹਾਰ ਬਦਲ ਗਈ ਸੀ ਬੱਚੇ ਤੇਈ ਤੋਂ ਤਿਰਤਾਲੀ ਹੋ ਗਏ ਸਨ ‘ਇੱਕ ਦਿਨ ਛੱਡ ਕੇ ਮੈਂ ਆ ਜਾਇਆ ਕਰੂੰ, ਇੱਕ ਦਿਨ ਛੱਡ ਕੇ ਤੁਸੀਂ ਆ ਜਾਇਆ ਕਰੋ’ ਕਹਿਣ ਵਾਲੀ ਦਵਿੰਦਰ ਭੈਣਜੀ ਸਕੂਲ ਸਜਾਉਣ ਵਿੱਚ ਲੱਗੀ ਰਹਿੰਦੀ ਕਈ ਵਾਰ ਤਾਂ ਆਪਣੇ ਘਰ ਵਾਲੇ ਨੂੰ ਵੀ ਕੰਮ ਕਰਾਉਣ ਲਈ ਨਾਲ ਲੈ ਆਉਂਦੀ ਸਕੂਲ ਵਿੱਚ ਵਰਤੋਂ ਆਉਣ ਵਾਲਾ ਬਹੁਤ ਸਾਰਾ ਸਮਾਨ ਤਾਂ ਉਹ ਘਰੋਂ ਹੀ ਚੁੱਕ ਲਿਆਈ ਬੱਚਿਆਂ ਦੇ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਉਸਨੇ ਆਪਣੀ ਤਨਖਾਹ ਵਿੱਚੋਂ ਕਰ ਦਿੱਤਾ

“ਵੀਰ ਜੀ! ਤੁਸੀਂ ਤਾਂ ਕਰਾਮਾਤ ਹੀ ਕਰ ਵਿਖਾਈ ਸੱਚੀਂ ਪੁੱਛੋ, ਹੁਣ ਤਾਂ ਘਰੇ ਐਤਵਾਰ ਦਾ ਦਿਨ ਵੀ ਲੰਘਾਉਣਾ ਔਖਾ ਹੋ ਜਾਂਦਾ ਯਕੀਨ ਨ੍ਹੀ ਆਉਂਦਾ, ਇਹ ਉਹੀ ਸਕੂਲ ਹੈ ਜਿੱਥੇ ਵੜਨ ਨੂੰ ਜੀਅ ਨਹੀਂ ਸੀ ਕਰਦਾ ਹੁੰਦਾ ਪਰ ਦੇਖ ਲੋ, ਪਹਿਲਾਂ ਕੋਈ ਅਫਸਰ ਚੈਕਿੰਗ ਕਰਨ ਨਹੀਂ ਸੀ ਆਇਆ ਕਦੇ ਹੁਣ ਡੇਢ ਮਹੀਨੇ ਵਿੱਚ ਹੀ ਚਾਰ ਵਾਰ ਚੈਕਿੰਗ ਹੋ ਚੁੱਕੀ ਹੈ ਮਹੀਨਾ ਬੰਦ ਹੋਣ ਕਰਕੇ ਉਤਲੇ ਅਫਸਰ ਔਖੇ ਹੋਗੇ ਲੱਗਦੇ ਐ।”

“ਪਿਆਰੀਏ ਭੈਣੇ! ਅੱਗੇ ਅੱਗੇ ਦੇਖ ਕੀ ਹੁੰਦਾ ਇਕੱਲੇ ਅਫਸਰ ਹੀ ਕਿਉਂ, ਹੋਰ ਬੜੇ ਲੋਕ ਦੁਖੀ ਹੋਣਗੇ।”

“ਕਿਉਂ? ਲੋਕਾਂ ਨੂੰ ਭਲਾ ਕਿਉਂ ਤਕਲੀਫ਼ ਹੋਊ?”

“ਬਥੇਰੇ ਭੱਦਰ ਪੁਰਸ਼ ਹੈਗੇ ਨੇ ਇਸ ਧਰਤੀ ’ਤੇ ਜਿਨ੍ਹਾਂ ਨੂੰ ਕਿਸੇ ਵੀ ਚੰਗੇ ਕੰਮ ਤੋਂ ਤਕਲੀਫ਼ ਹੋ ਜਾਂਦੀ ਹੈ।” ਮੈਂ ਬੜੀ ਗੰਭੀਰ ਗੱਲ ਹੱਸਦਿਆਂ ਹੱਸਦਿਆਂ ਆਖ ਦਿੱਤੀ ਪਿੰਡ ਦੇ ਖੜਪੈਂਚਾਂ ਵੱਲੋਂ ਸਕੂਲ ਦੇ ਕੰਮ ਵਿੱਚ ਡਾਹੇ ਜਾ ਰਹੇ ਅੜਿੱਕਿਆਂ ਵਾਲੀ ਗੱਲ ਮੈਂ ਦਵਿੰਦਰ ਭੈਣਜੀ ਤੋਂ ਲੁਕਾ ਗਿਆ ਮੈਂ ਸੋਚਿਆ, ਇਸ ਨਾਲ ਉਹ ਡਰ ਨਾ ਜਵੇ।

ਉਸ ਦਿਨ ਦਵਿੰਦਰ ਸਕੂਲ ਦੇ ਕਿਸੇ ਕੰਮ ਬੀ ਪੀ ਈ ਓ ਦਫਤਰ ਗਈ ਹੋਈ ਸੀ ਪਿੰਡ ਦੇ ਕਈ ਮੋਹਤਬਰ ਇਕੱਠੇ ਹੋ ਕੇ ਮੇਰੇ ਕੋਲ ਆ ਗਏ

“ਮਛਟਰ ਜੀ! ਤੁਸੀਂ ਤਾਂ ਸਾਰੇ ਕੰਮੀਆਂ ਕਮੀਣਾਂ ਦੇ ਜੁਆਕ ਸਕੂਲ ਖਿੱਚ ਲਿਆਂਦੇ।” ਦੁੱਧ ਚਿੱਟੇ ਕੱਪੜਿਆਂ ਵਿੱਚ ਸਜਿਆ ਫੱਬਿਆ ਸਰਦਾਰ ਸੁਖਦੇਵ ਸਿੰਘ ਨੰਬਰਦਾਰ ਸਾਰਿਆਂ ਵੱਲੋਂ ਬੋਲਿਆ

“ਸਰਦਾਰ ਜੀ! ਮੈਂ ਤੇ ਦਵਿੰਦਰ ਭੈਣਜੀ ਕਰੀ ਜਾਨੇ ਆਂ ਮਿਹਨਤ ਸਮਰੱਥਾ ਅਨੁਸਾਰ ਅਜੇ ਤਾਂ ਇਸ ਤੋਂ ਦੁੱਗਣੇ ਬੱਚੇ ਕਰਨ ਦਾ ਟੀਚਾ ਐ ਉਮੀਦ ਐ ਮਹੀਨੇ-ਡੇਢ ਮਹੀਨੇ ਵਿੱਚ ਟਾਰਗੈੱਟ ਪੂਰਾ ਹੋ ਜੂ।” ਮੈਂ ਆਪਣੇ ਵੱਲੋਂ ਬੜਾ ਹੁੱਬ ਕੇ ਦੱਸਿਆ ਮੈਂ ਸਮਝਿਆ, ਇਹ ਲੋਕ ਸਾਡੇ ਵੱਲੋਂ ਕੀਤੇ ਜਾ ਰਹੇ ਯਤਨਾਂ ਤੋਂ ਖੁਸ਼ ਹੋ ਕੇ ਹੌਸਲਾ ਵਧਾਉਣ ਆਏ

“ਮਾਸਟਰ ਸੈਬ੍ਹ! ਧਾਡਾ ਡਮਾਗ ਤੇ ਨਹੀਂ ਜੇ ਖਰਾਬ ਹੋ ਗਿਆ ਤੁਸੀਂ ਤਾਂ ਹਾਡੇ ਪਿੰਡ ਦਾ ਰਿਕਾਟ ਈ ਬਦਲਤਾ।” ਪੰਚ ਹਰਦਿਆਲ ਸਿੰਘ, ਜਿਸ ਨੂੰ ਸਾਰੇ ਸ਼ੇਖੂਪੁਰੀਆ ਆਖਦੇ ਸਨ, ਥੋੜ੍ਹਾ ਤਲਖ਼ੀ ਨਾਲ ਬੋਲਿਆ

“ਮਛਟਰ ਜੀ! ਜੇ ਇਹ ਕੁਜਾਤਾਂ ਪੜ੍ਹ ਗਈਆਂ, ਸਾਡੇ ਕੰਮ ਕੌਣ ਕਰੂ?” ਨੰਬਰਦਾਰ ਸਿੱਧਾ ਮੁੱਦੇ ’ਤੇ ਆ ਗਿਆ

“ਇਹਨਾਂ ਦੀਆਂ ਆਕੜਾਂ ਤਾਂ ਹੁਣ ਈ ਨ੍ਹੀ ਮਾਣ, ਜੇ ਚਾਰ ਅੱਖਰ ਪੜ੍ਹਗੇ ਫੇਰ ਤਾਂ ਆਪਣੇ ਆਪ ਨੂੰ ਚਾਣਕਿਆ ਈ ਸਮਝਣ ਲੱਗ ਪੈਣਗੇ ਬੜੀਆਂ ਟੇਢੀਆਂ ਕੌਮਾਂ ਨੇ ਇਹ ਪਾਣੀ ਨੂੰ ਵਾਟਰ ਈ ਦੱਸਿਆ ਕਰਨਗੇ।” ਇਹ ਸੱਜਣ ਕੋਈ ਰਿਟਾਇਰਡ ਅਧਿਕਾਰੀ ਸਨ

“ਹੋਰ ਕੀ? ਸਹੀ ਆਂਹਦਾ ਸੁਰਬੰਸ ਸਿੰਘ ਇਹਨਾਂ ਵਿੱਚੋਂ ਜਿਸਦੇ ਚਾਰ ਅੱਖਰ ਖਾਨੇ ਪੈ ਜਾਣ, ਆਪਣੇ ਆਪ ਨੂੰ ਫਰੀਦਕੋਟੀਆ ਰਾਜਾ ਸਮਝਣ ਲੱਗ ਜਾਂਦਾ ਸਾਸਰੀ ਕਾਲ ਵੀ ਨ੍ਹੀ ਬੁਲਾਉਂਦਾ ਰਾਹ ਖਹਿੜੇ।” ਕੋਈ ਹੋਰ ਠਾਠਬਾਠੀਆ ਬੋਲਿਆ।

“ਮਛਟਰ ਸੈਬ੍ਹ! ਦਿਹਾੜੀਆ ਤਾਂ ਅੱਗੇ ਨ੍ਹੀ ਮਿਲਦਾ ਤੁਸੀਂ ਪਿੰਡ ਵਿੱਚ ਪੜ੍ਹਾਈ ਵਾਲਾ ਨਵਾਂ ਈ ਟਟਵੈਰ ਛੇੜ ’ਤਾ ਫੇਰ ਤਾਂ ਬਾਹਰਲੇ ਪਿੰਡਾਂ ਵਿੱਚੋਂ ਲਿਆਉਨੇ ਪਿਆ ਕਰਨਗੇ।” ਨੰਬਰਦਾਰ ਦੀ ਚਿੰਤਾ ਮੁੜ ਮੁੜ ਉੱਥੇ ਜਾ ਖੜ੍ਹਦੀ

“ਮਛਟਰਾ! ਊਂ ਇੱਕ ਗੱਲ ਐ ਆਹ ਜਿਹੜਾ ਕੁਛ ਤੂੰ ਕਰੀ ਜਾਣ ਡਿਆਂ ਸਕੂਲ ਵਿੱਚ, ਤੇਰਾ ਫਰਜ਼ ਨ੍ਹੀ ਜੇ ਬਣਦਾ ਪੰਚਾਇਤੀ ਬੰਦਿਆਂ ਨੂੰ ਪੁੱਛਣ ਦਾ? ਆਏਂ ਤਾਂ ਕੋਈ ਵੀ ਆ ਕੇ ਭੰਨ ਤੋੜ ਕਰਦੂ ਸਾਂਝੀ ਥਾਂ ਦੀ ਅਗਾਂਹ ਜਾਨੈ ਆਂ ਤਾਂ ਸ਼ਕੈਤ ਬਣ ਜਾਂਦੀ ਐ।” ਮੈਨੂੰ ਚੁੱਪ ਵੇਖ ਕੇ ਹਰਦਿਆਲ ਸਿੰਘ ਸ਼ੇਖੂਪੁਰੀਏ ਅੰਦਰਲੀ ਪੰਚੀ ਬੋਲੀ

“ਸਰਦਾਰ ਸਾਹਿਬ! ਪਹਿਲੀ ਗੱਲ ਤਾਂ ਮੈਂ ਕੋਈ ਭੰਨਤੋੜ ਕੀਤੀ ਨ੍ਹੀ ਆਹ ਜਿਵੇਂ ਦਾ ਥੋਡਾ ਸਕੂਲ ਪਹਿਲੋਂ ਸੀ ਉਵੇਂ ਦਾ ਖੜ੍ਹਾ ਹਾਂ, ਕੁਝ ਉੱਚੀ ਨੀਵੀਂ ਥਾਂ ਜ਼ਰੂਰ ਪੱਧਰ ਕੀਤੀ ਐ ਟੋਏ ਭਰੇ ਆ ਘਾਹ ਪੱਟਿਆ ਗੰਦ ਦਾ ਢੇਰ ਚੁੱਕਿਆ ਫੁੱਲ ਬੂਟੇ ਲਾਏ ਨੇ ਜੇ ਇਹਨੂੰ ਤੁਸੀਂ ਭੰਨਤੋੜ ਸਮਝਦੇ ਓਂ ਤਾਂ ਇਹ ਜ਼ਰੂਰ ਕੀਤੀ ਹੈ ਰਹੀ ਗੱਲ ਪੁੱਛਣ ਪੁਛਾਉਣ ਦੀ, ਜੇ ਕੁਝ ਨਵੀਂ ਉਸਾਰੀ ਕਰਨੀ ਹੋਈ, ਜ਼ਰੂਰ ਪੁੱਛਾਂਗੇ ਆਰਥਿਕ ਮਦਦ ਵੀ ਮੰਗਾਂਗੇ ਥੋਡੇ ਕੋਲੋਂ ਕਰਨੀ ਨਾ ਕਰਨੀ ਥੋਡੀ ਮਰਜ਼ੀ ਅਗਲੀ ਗੱਲ ਰਹਿਗੀ ਜਾਤਾਂ-ਕੁਜਾਤਾਂ ਨੂੰ ਪੜ੍ਹਾਉਣ ਦੀ, ਉਹ ਐਦਾਂ ਕਿ ਮੈਂ ਹੈਗਾਂ ਇੱਕ ਅਧਿਆਪਕ ਅਧਿਆਪਕ ਦਾ ਮਤਲਬ ਹੁੰਦਾ ਗੁਰੂ ਗਿਆਨ ਦੇਣ ਵਾਲਾ ਮੇਰਾ ਕੰਮ ਹੈ ਗਿਆਨ ਦੇਣਾ ਸਿੱਖਿਆ ਦੇਣੀ ਸਿੱਖਿਆ ਲੈਣ ਵਾਲਾ ਕੌਣ ਐ, ਉਹਦੀ ਜਾਤ ਕੀ ਐ, ਧਰਮ ਕੀ ਐ, ਇਹਦੇ ਨਾਲ ਮੇਰਾ ਕੋਈ ਲਾਗਾ ਦੇਗਾ ਨ੍ਹੀ ਨਾ ਮੈਂ ਕਦੇ ਪੁੱਛਿਆ ਤੇ ਨਾ ਹੀ ਕਦੇ ਪੁੱਛਣਾ।” ਮੇਰੀਆਂ ਦੋ ਟੁੱਕ ਗੱਲਾਂ ਸੁਣਕੇ ਸਾਰੇ ਕੰਨ ਜਿਹੇ ਖੁਰਕਣ ਲੱਗੇ

“ਇੱਕ ਗੱਲ ਹੋਰ! ਆਹ ਜਿਹੜੀ ਤੁਸੀਂ ਸ਼ਿਕਾਇਤ ਦੀ ਗੱਲ ਕੀਤੀ ਹੈ, ਏਹਦਾ ਮੇਰੇ ’ਤੇ ਕੋਈ ਅਸਰ ਨ੍ਹੀ ਜੰਮ ਜੰਮ ਕਰੋ ਥੋਡਾ ਅਧਿਕਾਰ ਐ ਤੁਸੀਂ ਕਰ ਸਕਦੇ ਓਂ ਮੈਂ ਤਾਂ ਇੱਥੇ ਵੀ ਸ਼ਿਕਾਇਤ ’ਤੇ ਹੀ ਆਇਆਂ ਏਦੂੰ ਅਗਾਂਹ ਹੋਰ ਕਿੱਥੇ ਭੇਜ ਦੇਣਗੇ? ਪਿਛਾਂਹ ਨੂੰ ਈ ਮੋੜਨਗੇ ਸੋ ਭਾਈ ਇਹ ਤਾਂ ਥੋਡੀ ਬੜੀ ਮੇਹਰਬਾਨੀ ਹੋਊ ਜੇ ਕਹਿ ਕਹਾ ਕੇ ਮੇਰੀ ਬਦਲੀ ਕਰਾ ਦਿਓਂਗੇ ਥੋਡਾ ਮਸਲਾ ਹੱਲ ਹੋ ਜੂ, ਮੈਂ ਘਰਦੇ ਨੇੜੇ ਹੋ ਜੂੰ।”

“ਨਹੀਂ ਨਹੀਂ ਮਾਸਟਰ ਜੀ, ਸਾਡਾ ਇਹ ਮਤਲਬ ਨਹੀਂ ਸੀ ਸਾਡਾ ਮਤਲਬ ਸੀ ਵਈ ਸਾਨੂੰ ਪੁੱਛਣਾ ਚਾਹੀਦਾ ਸੀ ਅਸੀਂ ਥੋਡੇ ਤੋਂ ਬਾਹਰ ਤਾਂ ਨ੍ਹੀ ਹੈਗੇ।” ਮੇਰੇ ਚੁੱਕੇ ਫੰਨ ਨੇ ਚੌਧਰੀਆਂ ਦੀ ਬੋਲਤੀ ਬੰਦ ਕਰਾ ਦਿੱਤੀ ਸੀ

“ਜੇ ਗੱਲ ਪੁੱਛਣ-ਪੁਛਾਉਣ ਵਾਲੀ ਈ ਐ, ਮੈਂ ਤਾਂ ਆਥਣੇ ਸਵੇਰੇ ਪੁੱਛ ਲਿਆ ਕਰੂੰ।”

“ਸੰਗਣ ਦੀ ਨਹੀਂ ਲੋੜ, ਹਾਢੀ ਲੋੜ ਹੋਈ ਨਿਝੱਕ ਦੱਸ ਦੇਇਓ।” ਪੰਚੀ ਗੋਡਿਆਂ ਭਾਰ ਹੋ ਗਈ

“ਚੰਗਾ ਹੋਇਆ ਮਾਸਟਰ ਸਾਬ੍ਹ! ਗ਼ਲ਼ਤ ਫਹਿਮੀਆਂ ਦੂਰ ਹੋਗੀਆਂ ਦੋਵਾਂ ਧਿਰਾਂ ਦੀਆਂ।” ਆਖਦੇ ਮੋਹਤਬਰ ਖਿਸਕਣ ਲੱਗ ਪਏ

ਨੰਗਲ ਖੇੜੇ ਵਾਲੀ ਵਰ੍ਹਿਆਂ ਪੁਰਾਣੀ ਗੱਲ ਯਾਦ ਕਰਕੇ ਹੁਣ ਵੀ ਮੈਂ ਕਈ ਵਾਰ ਹੱਸ ਲੈਂਦਾ

ਸਾਰੀ ਛੁੱਟੀ ਹੋਣ ਵਿੱਚ ਢਾਈ ਘੰਟੇ ਰਹਿ ਗਏ ਸਨ ਕੁਲਵੰਤ ਸਿੰਘ ਦੀ ਕਲਾਸ ਨੇ ਅਸਮਾਨ ਸਿਰ ’ਤੇ ਚੁੱਕਿਆ ਹੋਇਆ ਸੀ। ਮੈਂ ਰੌਲਾ ਪਾਉਂਦੀ ਕਲਾਸ ਨੂੰ ਮੈਡਮ ਨਿਰਮਲ ਕੋਲ ਜਾ ਕੇ ਬਹਿਣ ਲਈ ਕਹਿ ਦਿੱਤਾ ਵਟਸਐਪ ’ਤੇ ਆਏ ਮੈਸੇਜ ਨੇ ਸਾਫ਼ ਕਰ ਦਿੱਤਾ ਸੀ ਕਿ ਕੁਲਵੰਤ ਨੇ ਛੇਤੀ ਨਹੀਂ ਆਉਣਾ। ਉਸਨੇ ਜ਼ਰੂਰੀ ਕੰਮ ਲਈ ਡੀ ਈ ਓ ਦਫਤਰ ਜਾਣ ਬਾਰੇ ਲਿਖਿਆ ਸੀ। ਮੈਂ ਉਸਦੇ ਇਸ ਜ਼ਰੂਰੀ ਕੰਮ ਬਾਰੇ ਲੱਖਣ ਲਾਉਣ ਲੱਗਾ। ਦਿਮਾਗ ਦਾ ਘੋੜਾ ਦੁੜਾਉਣ ਦੇ ਬਾਵਜੂਦ ਮੈਂ ਕਿਸੇ ਨਤੀਜੇ ’ਤੇ ਨਾ ਪਹੁੰਚ ਸਕਿਆ। ਜ਼ਰੂਰੀ ਕੰਮ ਤਾਂ ਉਸ ਨੂੰ ਪਿਆ ਹੀ ਰਹਿੰਦਾ ਸੀ। ਅਜਿਹੇ ਜ਼ਰੂਰੀ ਕੰਮਾਂ ਲਈ ਹੀ ਤਾਂ ਉਹ ਐੱਮ ਏ ਬੀ ਐੱਡ ਹੋਣ ਦੇ ਬਾਵਜੂਦ ਮਾਸਟਰ ਕੇਡਰ ਵਿੱਚ ਨਹੀਂ ਜਾਂਦਾ

“ਕੁਲਵੰਤ ਸਿਆਂ! ਥੋਡੇ ਨਾਲਦੇ ਭਰਤੀ ਹੋਏ ਬਹੁਤੇ ਬੀ ਏ ਬੀ ਐੱਡ ਟੀਚਰ ਪਰਮੋਟ ਹੋ ਕੇ ਮਾਸਟਰ ਕੇਡਰ ਵਿੱਚ ਚਲੇ ਗਏ ਹੁਣ ਵੀ ਕਿੰਨੀ ਵਾਰ ਕੇਸ ਮੰਗੇ ਡੀਪਾਰਟਮੈਂਟ ਨੇ ਤੁਸੀਂ ਮਾਸਟਰ ਕੇਡਰ ਵਾਸਤੇ ਕਿਉਂ ਨ੍ਹੀ ਅਪਲਾਈ ਕਰਦੇ?” ਇਹ ਸਵਾਲ ਮੈਂ ਕਈ ਵਾਰ ਕੀਤਾ ਸੀ।

“ਐਥੋਂ ਵਰਗੀ ਮੌਜ ਨ੍ਹੀ ਮਿਲਣੀ ਕੋਈ ਪੁੱਛਣ ਆਲਾ ਨ੍ਹੀ, ਕੋਈ ਪੁਛਾਉਣ ਆਲਾ ਨ੍ਹੀ ਅਸਲ ਮੁਰਲੀ ਮਾਸਟਰ ਤਾਂ ਪ੍ਰਾਇਮਰੀ ਸਕੂਲ ਵਾਲਾ ਟੀਚਰ ਹੀ ਹੁੰਦਾ ਮਾਸਟਰ ਕੇਡਰ ਵਿੱਚ ਤਾਂ ਜਾਨ ਨੂੰ ਸੌ ਸਿਆਪੇ ਕਿਤੇ ਸਿਲੇਬਸ ਪੂਰਾ ਕਰਾਉਣ ਦਾ ਫਿਕਰ, ਕਿਤੇ ਰਿਜ਼ਲਟ ਵਿਖਾਉਣ ਦਾ ਝੰਜਟ ਰਿਜ਼ਲਟ ਮਾੜਾ ਆ ਗਿਆ, ਜਵਾਬ ਤਲਬੀ ਆ ਜਾਂਦੀ ਉੱਤੋਂ ਹਾਈ ਵਿੱਚ ਕੋਈ ਕਿਸੇ ਦਾ ਪੀਰੀਅਡ ਨ੍ਹੀ ਲਾਉਂਦਾ ਬੰਦਾ ਦਸ ਮਿੰਟ ਇੱਧਰ ਓਧਰ ਹੋ ਜੇ, ਭੂਚਾਲ ਆ ਜਾਂਦਾ ਫੇਰ ਕਦੇ ਕੋਈ ਸੈਮੀਨਾਰ, ਕਦੇ ਰਿਫ਼ਰੈਸ਼ਰ ਕੋਰਸ ਇੱਥੇ ਤਾਂ ਮੌਜਾਂ ਈ ਮੌਜਾਂ ... ਬੁੱਲੇ ਲੁੱਟੀਦੇ ਐ।” ਹਰ ਵਾਰ ਕੁਲਵੰਤ ਸਿੰਘ ਬੜੀ ਢੀਠਤਾਈ ਨਾਲ ਜਵਾਬ ਦਿੰਦਾ

ਸਿਰੇ ਦਾ ਢੀਠ ਬੰਦਾ ਹੋਰ ਵੀ ਬਹੁਤ ਹੋਣਗੇ ਇਹੋ ਜਿਹੇ ਫਰਲੋ ਮਾਰਨ ਦੇ ਨਵੇਂ ਨਵੇਂ ਬਹਾਨੇ ਕਦੇ ਬੀ ਈ ਓ ਦਫਤਰ ਡਾਕ ਦੇਣ ਜਾਣਾ ਤੇ ਕਦੇ ਡੀ ਈ ਓ ਦਫਤਰ ਕਦੇ ਮਿੱਡ-ਡੇ-ਮੀਲ ਵਾਲਿਆਂ ਲਈ ਰਾਸ਼ਨ ਤੇ ਕਦੇ ਗੈਸ ਸਿਲੰਡਰ

“ਸਰ ਜੀ! ਐੱਸ ਸੀ, ਬੀ ਸੀ ਅਤੇ ਘੱਟ ਗਿਣਤੀਆਂ ਦੇ ਵਜ਼ੀਫੇ ਵਾਲੇ ਬੱਚਿਆਂ ਦੀ ਸੂਚਨਾ ਮੰਗੀ ਸੀ ਬੀ ਪੀ ਈ ਓ ਦਫਤਰ ਨੇ ਐਵੇਂ ਕਿਸਨੂੰ ਕਹੋਂਗੇ ਜਾਣ ਲਈ ਤੁਸੀਂ ਮੇਰੀ ਡਿਊਟੀ ਕੱਢ ਦਿਓ, ਮੈਂ ਦੇ ਆਊਂ।” ਕਰਨ ਵਾਲੇ ਅਜਿਹੇ ਕੰਮਾਂ ਦੀ ਤਲਾਸ਼ ਵੀ ਕੁਲਵੰਤ ਸਿੰਘ ਆਪ ਹੀ ਕਰਦਾ

ਹੁਣ ਵੀ ਡੀ ਈ ਓ ਦਫਤਰ ਤੁਰਿਆ ਫਿਰਦਾ ਜੇ ਉਹ ਵਕਤ ਸਿਰ ਆ ਜਾਂਦਾ ਤਾਂ ਮੈਂ ਜਾਣਾ ਸੀ ਡੀ ਓ ਦਫਤਰ ਸਵਰਨ ਸਿੰਘ ਵਾਲੀ ਫਾਈਲ ਦਾ ਪਤਾ ਕਰਨਾ ਸੀ ਦਸ ਅਗਸਤ ਹੋ ਚੱਲੀ, ਪਰ ਅਜੇ ਤਕ ਉਸਦੀ ਫਾਈਲ ਦਾ ਪਤਾ ਨਹੀਂ ਲੱਗਾ ਡੀ ਸੀ ਦਫਤਰ 'ਚੋਂ ਤਾਂ ਉਸਦੇ ਨਾਂ ਦੀ ਪ੍ਰਵਾਨਗੀ ਜ਼ਿਲ੍ਹਾ ਸਿੱਖਿਆ ਦਫਤਰ ਆ ਚੁੱਕੀ ਹੋਊ ਡੀ ਈ ਓ ਦਫਤਰ ਦਾ ਤਾਂ ਬਾਬਾ ਆਲਮ ਹੀ ਨਿਰਾਲਾ ਸੀ ਸਮੇਂ ਸਿਰ ਕੋਈ ਡਾਕ ਥੱਲੇ ਭੇਜਦੇ ਹੀ ਨਹੀਂ ਸੁਪਰਡੈਂਟ ਜਾਂ ਡੀਲਿੰਗ ਸਹਾਇਕ ਦੇ ਟੇਬਲ ਦੀ ਦਰਾਜ਼ ਵਿੱਚ ਹੀ ਸ਼ਹਿ ਲਾ ਕੇ ਬੈਠੀ ਰਹਿੰਦੀ

‘ਕੀ ਪਤਾ ਸਵਰਨ ਸਿੰਘ ਵਾਲੀ ਚਿੱਠੀ ਵੀ ਕੋਲ ਹੀ ਰੱਖ ਛੱਡਣ ਪੰਦਰਾਂ ਅਗਸਤ ਤੋਂ ਬਾਅਦ ਭੇਜ ਦੇਣਗੇ ਕੱਲ੍ਹ ਆਪ ਹੀ ਪਤਾ ਕਰੂੰ ਉਹਨਾਂ ਦੀਆਂ ਦਰਾਜ਼ਾਂ ਵਿੱਚੋਂ ਕਢਵਾ ਕੇ ਬੀ ਪੀ ਈ ਓ ਦਫਤਰ ਪੁੱਜਦੀ ਕਰੂੰ ਤੇ ਉੱਥੋਂ ਹੱਥ ਦਸਤੀ ਲੈ ਆਊਂ ਜੇ ਕਿਸੇ ਦਾ ਮੱਥਾ ਡੰਮ੍ਹਣਾ ਪਿਆ, ਉਹ ਵੀ ਡੰਮ੍ਹ ਦੇਊਂ ਸਰਕਾਰੀ ਕੰਮ ਤਾਂ ਇਉਂ ਹੀ ਕਰਨੇ ਪੈਂਦੇ ਐ’ ਮੈਂ ਸੋਚਣ ਲੱਗਾ।

ਕੋਈ ਹੋਰ ਕੰਮ ਹੁੰਦਾ ਤਾਂ ਉਸ ਢੀਠ ਬੰਦੇ ਕੁਲਵੰਤ ਸਿੰਘ ਨੂੰ ਹੀ ਆਖ ਦਿੰਦਾ ਬਾਹਰਲੇ ਕੰਮ ਕਰਕੇ ਤਾਂ ਇਸ ਨੂੰ ਸੁਆਦ ਹੀ ਬੜਾ ਆਉਂਦਾ ਪਰ ਸਵਰਨ ਸਿਂਘ ਵਾਲੀ ਫਾਈਲ ਤਾਂ ਇਸ ਤੋਂ ਚੋਰੀ ਚੋਰੀ ਹੀ ਅੱਗੇ ਤੋਰੀ ਸੀ ਇਹਨੂੰ ਤਾਂ ਭਿਣਕ ਤਕ ਨਹੀਂ ਪੈਣ ਦਿੱਤੀ ਜੇ ਪਤਾ ਲੱਗ ਜਾਂਦਾ, ਇਹਨੇ ਹੋਰ ਈ ਅੜੰਗਾ ਡਾਹ ਦੇਣਾ ਸੀ

“ਕੀ ਮਹੱਤਤਾ ਐਹੋ ਜਿਹੇ ਸਨਮਾਨਾਂ ਦੀ? ਕੋਈ ਨ੍ਹੀ ਪੁੱਛਦਾ ਐਹੋ ਜਿਹੇ ਸਨਮਾਨਾਂ ਨੂੰ ਐਹੋ ਜਿਹੇ ਟੁੱਚੇ ਸਨਮਾਨ ਤਾਂ ਭਾਵੇਂ ਆਥਣ ਨੂੰ ਵੀਹ ਇਕੱਠੇ ਕਰਲਾਂ।” ਜਦੋਂ ਵੀ ਸਵਰਨ ਸਿੰਘ ਨੂੰ ਕਿਸੇ ਥਾਂ ਤੋਂ ਕੋਈ ਸਨਮਾਨ ਮਿਲਦਾ, ਕੁਲਵੰਤ ਸਿੰਘ ਅਜਿਹੀਆਂ ਟਿੱਪਣੀਆਂ ਕਰਦਾ ਰਹਿੰਦਾ

ਮਾਨਾਂ ਸਨਮਾਨਾਂ ਦੀ ਮਹੱਤਤਾ ਤਾਂ ਸਵਰਨ ਸਿੰਘ ਵੀ ਨਹੀਂ ਸਮਝਦਾ ਸੀ ਉਹ ਆਖਦਾ, “ਆਪਾਂ ਤਾਂ ਆਪਣਾ ਫਰਜ਼ ਅਦਾ ਕਰਦੇ ਹਾਂ ਇਨਾਮਾਂ ਸਨਮਾਨਾਂ ਲਈ ਕੰਮ ਨਹੀਂ ਕਰਦੇ।”

ਮਾਸਟਰ ਸਵਰਨ ਸਿੰਘ ਦੀ ਕੀਤੀ ਮਿਹਨਤ ਸਕੂਲ ਦੇ ਦਫਤਰ ਵਿੱਚ ਪਈਆਂ ਸ਼ੀਲਡਾਂ, ਟਰਾਫ਼ੀਆਂ, ਮੈਡਲਾਂ ਅਤੇ ਟੰਗੇ ਹੋਏ ਸਰਟੀਫਿਕੇਟਾਂ ਤੋਂ ਝਾਕਦੀ ਉਸਦੇ ਤਿਆਰ ਕੀਤੇ ਬੱਚੇ ਖੋ ਖੋ, ਕਬੱਡੀ, ਦੌੜਾਂ, ਭਾਸ਼ਣ, ਕਵਿਤਾ, ਸੁੰਦਰ ਲਿਖਾਈ ਤੇ ਹੋਰ ਅਜਿਹੇ ਮੁਕਾਬਲਿਆਂ ਵਿੱਚ ਰਾਜ ਪੱਧਰ ਤਕ ਜਾ ਆਏ ਸਨ ਦੌੜਾਂ ਵਿੱਚ ਦੋ ਕੁੜੀਆਂ ਤਾਂ ਨੈਸ਼ਨਲ ਤਕ ਖੇਡ ਆਈਆਂ ਸਨ ਢੇਰਾਂ ਪ੍ਰਾਪਤੀਆਂ ਦੇ ਬਾਵਜੂਦ ਉਹ ਕਿਸੇ ਐਵਾਰਡ ਦੀ ਦੌੜ ਵਿੱਚ ਨਹੀਂ ਪੈਂਦਾ ਐਵਾਰਡ ਲਈ ਕਿਧਰੇ ਅਰਜ਼ੀ ਪਾਉਣੀ ਉਸ ਨੂੰ ਚੰਗੀ ਨਹੀਂ ਲਗਦੀ ਉਹ ਆਖਦਾ, “ਮੰਗ ਕੇ ਐਵਾਰਡ ਲੈਣ ਦਾ ਕੀ ਅਰਥ? ਜੇ ਅਸੀਂ ਕਿਸੇ ਨੂੰ ਬੈਠੇ ਨਹੀਂ ਦਿਖਾਈ ਦਿੰਦੇ, ਖੜ੍ਹੇ ਹੋਇਆਂ ਵੀ ਨਹੀਂ ਦਿਸਣਾ ਕੌਣ ਚੰਗਾ ਕੰਮ ਕਰਦਾ, ਕਿਸ ਨੂੰ ਸਨਮਾਨ ਦੇਣਾ, ਇਹ ਸਰਕਾਰ ਵੇਖੇ ਅਸੀਂ ਭਲਾ ਅਰਜ਼ੀਆਂ ਕਿਉਂ ਪਾਈਏ?

ਉਸਦੇ ਵਾਰ ਵਾਰ ਮਨ੍ਹਾਂ ਕਰਨ ਦੇ ਬਾਵਜੂਦ ਪੰਦਰਾਂ ਅਗਸਤ ਆਜ਼ਾਦੀ ਦਿਹਾੜੇ ਦੇ ਫੰਕਸ਼ਨਾਂ ’ਤੇ ਡੀ ਸੀ ਸਾਹਿਬ ਤੋਂ ਸਨਮਾਨਿਤ ਕਰਵਾਉਣ ਲਈ ਮੈਂ ਫਾਈਲ ਉੱਪਰ ਭੇਜ ਦਿੱਤੀ ਮੇਰੀ ਇਹ ਦਿਲੀ ਇੱਛਾ ਸੀ ਕਿ ਇਸ ਨੂੰ ਸਟੇਟ ਐਵਾਰਡ ਮਿਲੇ ਉਹ ਸੀ ਵੀ ਸਹੀ ਹੱਕਦਾਰ ਡੀ ਸੀ ਸਾਹਬ ਵੱਲੋਂ ਸਨਮਾਨ ਦਿੰਦਿਆਂ ਦੀ ਫੋਟੋ ਅਖਬਾਰ ਵਿੱਚ ਲੱਗ ਨਾਲ ਸਵਰਨ ਸਿੰਘ ਦੀ ਸਟੇਟ ਐਵਾਰਡ ਲਈ ਪ੍ਰੋਫਾਈਲ ਹੋਰ ਵੀ ਮਜ਼ਬੂਤ ਹੋ ਜਾਣੀ ਸੀ। ਬੜੀ ਮੁਸ਼ਕਲ ਨਾਲ ਹੀ ਉਸ ਨੂੰ ਸਟੇਟ ਐਵਾਰਡ ਵਾਸਤੇ ਫਾਈਲ ਤਿਆਰ ਕਰਨ ਲਈ ਮਨਾਇਆ ਸੀ

ਕੁਲਵੰਤ ਸਿੰਘ ਦੀ ਵੱਡੀ ਸਾਰੀ ਗੱਡੀ ਸਕੂਲ ਗੇਟ ਲੰਘ ਆਈ ਜ਼ਹਿਰ ਮੋਰੇ ਰੰਗ ਦੀ ਸ਼ਰਟ ਪੱਗ ਨਾਲ ਮੈਚ ਕਰਦੀ ਮੁੱਛਾਂ ਮਰੋੜ ਮਰੋੜ ਕੇ ਉਚੇਚਾ ਖੜ੍ਹੀਆਂ ਕੀਤੀਆਂ ਲੱਗਦੀਆਂ ਅੱਖਾਂ ਵਿੱਚ ਵੱਖਰੀ ਤਰ੍ਹਾਂ ਦੀ ਖੁਸ਼ੀ ਉਛਾਲੇ ਮਾਰਦੀ ਸੀ। ਤੋਰ ਅੱਗੇ ਤੋਂ ਵੱਧ ਮੜਕ ਵਾਲੀ ਹੱਥ ਵਿੱਚ ਕੋਈ ਡੱਬਾ ਫੜੀ ’ਉਹ ਸਿੱਧਾ ਦਫਤਰ ਵੱਲ ਨੂੰ ਹੀ ਤੁਰਿਆ ਆਇਆ।

“ਸਤਿ ਸ੍ਰੀ ਅਕਾਲ ਹੈੱਡ ਸਾਹਿਬ ਜੀ।” ‘ਹੈੱਡ ਸਾਹਿਬ’ ਸ਼ਬਦ ਉਸਨੇ ਘਰੋੜ ਕੇ ਬੋਲਿਆ

“ਸਾਅਸਰੀ ‘ਕਾਅਲ!” ਮੈਂ ਅਣਮੰਨੇ ਜਿਹੇ ਮਨ ਨਾਲ ਜਵਾਬ ਦਿੱਤਾ

“ਲਓ, ਸਭ ਤੋਂ ਪਹਿਲਾਂ ਮੂੰਹ ਮਿੱਠਾ ਕਰੋ।” ਉਸਨੇ ਨਾਰੀਅਲ ਵਾਲੀ ਮਹਿੰਗੀ ਬਰਫ਼ੀ ਦੇ ਡੱਬੇ ਦਾ ਢੱਕਣ ਖੋਲ੍ਹ ਕੇ ਮੇਰੇ ਅੱਗੇ ਕਰ ਦਿੱਤਾ

“ਇਹ ਕਿਹੜੀ ਖੁਸ਼ੀ ’ਚ?” ਮੈਂ ਇੱਕ ਪੀਸ ਚੁੱਕ ਲਿਆ

“ਆਪਣੇ ਸਕੂਲ ਦੇ ਅਧਿਆਪਕ ਨੂੰ ਪੰਦਰਾਂ ਅਗਸਤ ਵਾਲੇ ਦਿਨ ਸਨਮਾਨਿਤ ਕਰ ਰਹੇ ਨੇ ਡੀ ਸੀ ਸਾਹਬ ਆਹ ਲਓ ਪੱਤਰ ਆਹ ਚਿੱਠੀ ਲੈਣ ਵਾਸਤੇ ਹੀ ਤਾਂ ਡੀ ਈ ਓ ਦਫਤਰ ਗਿਆ ਸੀ ਕੱਲ੍ਹ ਫੋਨ ਆਇਆ ਸੀ ਦਫਤਰੋਂ।” ਇਹ ਦੱਸਦਿਆਂ ਕੁਲਵੰਤ ਸਿੰਘ ਨੇ ਚਿੱਠੀ ਮੇਰੇ ਅੱਗੇ ਕਰ ਦਿੱਤੀ ਮੈਂ ਮਨ ਹੀ ਮਨ ‘ਪਹਿਲੀ ਵਾਰ ਇਹਨੇ ਕੋਈ ਚੰਗਾ ਕੰਮ ਕੀਤਾ’ ਆਖਦਿਆਂ ਛੇਤੀ ਛੇਤੀ ਪੱਤਰ ਖੋਲ੍ਹ ਕੇ ਪੜ੍ਹਨ ਲੱਗਾ

“ਅਧਿਆਪਨ ਕਾਰਜਾਂ ਵਿੱਚ ਪਾਏ ਅਹਿਮ ਯੋਗਦਾਨ ਬਦਲੇ ਮਾਸਟਰ ਕੁਲਵੰਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਉਸਮਾਨ ਵਾਲਾ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਸਨਮਾਨਿਤ ਕੀਤਾ ਜਾਵੇਗਾ।” ਪੱਤਰ ਦੇ ਇਹ ਸ਼ਬਦ ਮੇਰੀਆਂ ਅੱਖਾਂ ਵਿੱਚ ਜਲੂਣ ਕਰਨ ਲੱਗੇ ਬਰਫ਼ੀ ਦਾ ਟੁਕੜਾ ਮੇਰੇ ਸੰਘ ਵਿੱਚ ਅੜ ਗਿਆ ਮੇਰਾ ਜੀਅ ਕੀਤਾ ਉੱਚੀ ਉੱਚੀ ਧਾਹਾਂ ਮਾਰਾਂ ਮੇਰਾ ਗਲ਼ਾ ਭਰ ਆਇਆ ਕਿੰਨਾ ਚਿਰ ਮੈਥੋਂ ਬੋਲਿਆ ਹੀ ਨਾ ਗਿਆ ਹੌਲੀ ਹੌਲੀ ਆਪਣੇ ਆਪ ਨੂੰ ਸੰਭਾਲਿਆ ਕੁਲਵੰਤ ਸਿੰਘ ਕੁਰਸੀ ਵਿੱਚ ਚੌੜਾ ਹੋਇਆ ਬੈਠਾ ਮੁਸਕਰਾਈ ਗਿਆ

“ਬਹੁਤ ਵਧੀਆ! ਬਹੁਤ ਵਧੀਆ ਹੋਇਆ ਕੁਲਵੰਤ ਸਿੰਘ ਜੀ ਐਹੋ ਜਿਹੇ ਸਨਮਾਨ ਤੁਹਾਡੇ ਵਰਗੇ ‘ਖਾਨਦਾਨੀ’ ਬੰਦਿਆਂ ਨੂੰ ਹੀ ਮਿਲਣੇ ਚਾਹੀਦੇ ਐ ਐਹ ਸਵਰਨ ਵਰਗਿਆਂ ਨੇ ਤਾਂ ਦੇਸ਼ ਦਾ ਭੱਠਾ ਹੀ ਬਹਾ ਕੇ ਰੱਖ ਦਿੱਤਾ।” ਕੁਰਸੀ ਤੋਂ ਉੱਠ ਬਹਾਨੇ ਨਾਲ ਮੂੰਹ ਦੂਜੇ ਪਾਸੇ ਕਰਕੇ ਮੈਂ ਅੱਖਾਂ ਵਿੱਚ ਉੱਤਰ ਆਈ ਨਮੀ ਸਾਫ਼ ਕਰ ਲਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3824)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਗੁਰਮੀਤ ਕੜਿਆਲਵੀ

ਗੁਰਮੀਤ ਕੜਿਆਲਵੀ

Phone: (91 - 98726 - 40994)
Email: (gurmeetkaryalvi@gmail.com)