GurmeetKaryalvi7ਗੋਰਖੀ ਨਿਰਾਸ਼ਤਾ ਦਾ ਕਹਾਣੀਕਾਰ ਨਹੀਂ ਸੀ, ਉਹ ਤਾਂ ਕਿਰਤੀਆਂ ਦੇ ਵਿਹੜਿਆਂ ਵਿੱਚੋਂ ...PremGorkhi1
(4 ਮਈ 2021)

 

PremGorkhi1ਪ੍ਰੇਮ ਗੋਰਖੀ ਪੰਜਾਬੀ ਮਾਂ ਬੋਲੀ ਦਾ ਨਵੇਕਲੀ ਨੁਹਾਰ ਵਾਲਾ ਵੱਡਾ ਕਹਾਣੀਕਾਰ ਸੀ ਜਿਸਦੀ ਮੌਤ ਨੇ ਪੰਜਾਬੀ ਸਾਹਿਤ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈਸਾਰੇ ਸਾਹਿਤਕ ਖੇਤਰ ਵਿੱਚ ਸੁੰਨ ਪਸਰ ਗਈ ਹੈਗੋਰਖੀ ਜਿਵੇਂ ਸਾਰਿਆਂ ਦੀ ਰੂਹ ਹੀ ਕੱਢ ਕੇ ਲੈ ਗਿਆ ਹੋਵੇਉਸਦੇ ਸਮਕਾਲੀਆਂ ਦੀਆਂ ਅੱਖਾਂ ਭਰ ਆਈਆਂਸਰਹੱਦ ਪਾਰੋਂ, ਲਹਿੰਦੇ ਪੰਜਾਬ ਵਿੱਚੋਂ ਵੀ ਹਉਕੇ ਕੰਡਿਆਲੀਆਂ ਤਾਰਾਂ ਲੰਘ ਆਏਸਮੁੰਦਰਾਂ ਤੋਂ ਪਾਰ ਬੈਠੇ ਪੰਜਾਬੀ ਲੇਖਕ ਤੇ ਪਾਠਕ ਵੀ ਧੁਰ ਅੰਦਰ ਤਕ ਉਦਾਸ ਹੋਏਨਵੇਂ ਪੋਚ ਦੇ ਲੇਖਕਾਂ ਨੂੰ ਉਂਗਲੀ ਫੜ ਕੇ ਨੱਕ ਦੀ ਸੇਧੇ ਤੋਰਨ ਵਾਲਾ ਮਹਿਬੂਬ ਕਹਾਣੀਕਾਰ ਅੱਧਵਾਟੇ ਛੱਡ ਗਿਆਅਪਰੈਲ ਮਹੀਨੇ ਦੀ 25 ਤਾਰੀਕ ਨੂੰ ਚੰਡੀਗੜ੍ਹ ਦੇ 32 ਸੈਕਟਰ ਦੇ ਹਸਪਤਾਲ ਵਿੱਚੋਂ ਪ੍ਰੇਮ ਗੋਰਖੀ ਨਹੀਂ ਗਿਆ, ਪੰਜਾਬੀ ਕਹਾਣੀ ਦਾ ਇੱਕ ਯੁਗ ਚਲਾ ਗਿਆ ਸੀ

ਪ੍ਰੇਮ ਗੋਰਖੀ ਅਣਹੋਏ, ਹਿਰਾਸੇ, ਉਦਾਸ, ਬੇਨੂਰ ਚਿਹਰਿਆਂ ਵਾਲੇ, ਸਾਰੀ ਉਮਰਾਂ ਪੱਤਝੜ ਜਿਹੀ ਜੂਨ ਭੋਗ ਕੇ ਤੁਰ ਜਾਣ ਵਾਲੇ, ਕੱਚੇ ਢਾਰਿਆਂ ਵਿੱਚ ਨਰਕ ਜਿਹੀ ਜ਼ਿੰਦਗੀ ਜਿਉਂਦੇ, ਗਰੀਬੀ ਦੀ ਦਲਦਲ ਵਿੱਚ ਲੱਕ ਲੱਕ ਖੁੱਭੇ, ਜਾਤੀਵਾਦ ਦੀ ਮਾਰ ਸਹਿੰਦੇ ਅਤੇ ਦਿਨ ਦਿਹਾੜੇ ਆਪਣੀ ਕਿਰਤ ਦੀ ਲੁੱਟ ਕਰਵਾਉਣ ਲਈ ਮਜਬੂਰ ਊਣੇ ਤੇ ਵਿਹੂਣੇ ਲੋਕਾਂ ਦਾ ਕਹਾਣੀਕਾਰ ਸੀਉਸਦੀਆਂ ਕਹਾਣੀਆਂ ਥੁੜਾਂ ਮਾਰੇ ਲੋਕਾਂ ਅੰਦਰਲੀਆਂ ਪੀੜਾਂ ਦੀ ਬਾਤ ਪਾਉਂਦੀਆਂਉਹ ਹਜ਼ਾਰਾਂ ਸਾਲਾਂ ਤੋਂ ਜਾਤੀਵਾਦ ਦੀ ਜ਼ਿੱਲਤ ਹੰਡਾਉਂਦੇ ਲੋਕਾਂ ਅੰਦਰ ਹੁੰਦੀ ਮਾਨਸਿਕ ਟੁੱਟ ਭੱਜ ਨੂੰ ਚਿਤਰਦਾਉਹ ਲੁੱਟ ਦਾ ਸ਼ਿਕਾਰ ਹੁੰਦੇ ਲੋਕਾਂ ਅੰਦਰ ਦੱਬੀ ਪਈ ਚੀਕ ਨੂੰ ਪੇਸ਼ ਕਰਦਾਉਸਦੇ ਪਾਤਰ ਵਿਤਕਰਿਆਂ, ਵੰਡਾਂ ਨੂੰ ਜਨਮ ਦੇਣ ਵਾਲੀ ਵਿਵਸਥਾ ਨੂੰ ਚੀਰ ਕੇ ਭਰਾੜ ਕਰ ਦੇਣ ਲਈ ਅਹੁਲਦੇਗੋਰਖੀ ਨਿਰਾਸ਼ਤਾ ਦਾ ਕਹਾਣੀਕਾਰ ਨਹੀਂ ਸੀ, ਉਹ ਤਾਂ ਕਿਰਤੀਆਂ ਦੇ ਵਿਹੜਿਆਂ ਵਿੱਚੋਂ ਲਾਟ ਬਣ ਕੇ ਉੱਠਦੀ ਹੂਕ ਦਾ ਪੇਸ਼ਕਾਰ ਸੀ

ਪ੍ਰੇਮ ਗੋਰਖੀ ਦਾ ਜਨਮ 15 ਜੂਨ 1947 ਨੂੰ ਨਾਨਕੇ ਪਿੰਡ ਬੁਹਾਨੀ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿੱਚ ਮਾਤਾ ਰੱਖੀ ਦੀ ਕੁੱਖੋਂ ਹੋਇਆਉਹਨਾਂ ਦਾ ਬਾਪ ਅਰਜਨ ਦਾਸ ਇੱਕ ਕਿਰਤੀ ਵਿਅਕਤੀ ਸੀ ਜਿਹੜਾ ਕੋਠੀਆਂ ਨੂੰ ਸਫੈਦੀ ਕਰਨ ਦਾ ਕੰਮ ਕਰਦਾ ਹੋਣ ਕਰਕੇ ‘ਅਰਜਨ ਸਫੈਦੀ ਵਾਲਾ’ ਵਜੋਂ ਮਸ਼ਹੂਰ ਸੀਘਰ ਦੀ ਗਰੀਬੀ ਕਾਰਨ ਛੇ ਭੈਣਾਂ ਭਰਾਵਾਂ ਦੇ ਪਰਿਵਾਰ ਵਿੱਚੋਂ ਪ੍ਰੇਮ ਨੂੰ ਹੀ ਕੁਝ ਪੜ੍ਹਨ ਲਿਖਣ ਦਾ ਮੌਕਾ ਮਿਲਿਆਪ੍ਰੇਮ ਦੇ ਬਚਪਨ ਨੇ ਗਰੀਬੀ ਦੀਆਂ ਅਥਾਹ ਡੂੰਘਾਣਾਂ ਦੇਖੀਆਂਘਰ ਵਿੱਚ ਹਰ ਵਕਤ ਗਰੀਬੀ ਨਾਲ ਜੰਗ ਚੱਲਦੀ ਰਹਿੰਦੀਗਰੀਬੀ ਸਰ੍ਹਾਲ ਬਣਕੇ ਘਰ ਦੇ ਛੋਟੇ ਵੱਡੇ ਜੀਆਂ ਦੇ ਸਾਹ ਪੀਂਦੀ ਰਹਿੰਦੀਦੁਖੀ ਹੋਏ ਪ੍ਰੇਮ ਨੇ ਘਰ ਦੀ ਗਰੀਬੀ ਦੂਰ ਕਰਨ ਲਈ ਕਿਸੇ ਸਾਧ ਦੇ ਆਖੇ ਸਿਵਿਆਂ ਵਿੱਚ ਚਾਲੀ ਦਿਨ ਸਿਲਾ ਕੱਢਿਆਬਾਪ ਨੇ ਕੁੱਟ ਕੇ ਸਮਝਾਇਆ, “ਇਹਨਾਂ ਹੱਥਾਂ ਨਾਲ ਕਾਰ ਕੀਤੇ ਬਿਨਾਂ ਨਹੀਂ ਸਰਨਾਇਹ ਕੰਮ ਹਾਰੇ ਹੋਏ ਲੋਕ ਕਰਦੇ ਹਨ ਜਿਨ੍ਹਾਂ ਦੀ ਦੇਹ ਵਿੱਚ ਲਹੂ ਨਹੀਂ, ਕੀੜੇ ਰੀਂਘਦੇ ਹਨ।” ਪ੍ਰੇਮ ਨੂੰ ਜਿਵੇਂ ਜ਼ਿੰਦਗੀ ਦੇ ਫਲਸਫੇ ਦੀ ਸਮਝ ਆ ਗਈਉਸਨੇ ਸਾਰੀ ਉਮਰ ਗਰੀਬੀ ਅਤੇ ਦੁਸ਼ਵਾਰੀਆਂ ਨਾਲ ਆਢਾ ਲਾਈ ਰੱਖਿਆ

ਪ੍ਰੇਮ ਗੋਰਖੀ ਨੇ ਬਾਪ ਨਾਲ ਅਮੀਰ ਘਰਾਂ ਦੀਆਂ ਕੋਠੀਆਂ ਨੂੰ ਸਫੈਦੀ ਕਰਨ ਲਈ ਕੂਚੀ ਚਲਾਈਪੱਤਿਆਂ ਦੇ ਡੂੰਨੇ ਪੱਤਲ ਲਾਏ ਕਾਰਖਾਨੇ ਵਿੱਚ ਢਲਾਈ ਦਾ ਔਖਾ ਕੰਮ ਕੀਤਾ ਬਿਜਲੀ ਮਹਿਕਮੇ ਵਲੋਂ ਕੰਢੀ ਦੇ ਇਲਾਕੇ ਵਿੱਚ ਪਾਈਆਂ ਜਾ ਰਹੀਆਂ ਨਵੀਆਂ ਲਾਈਨਾਂ ਦੇ ਖੰਭਿਆਂ ਲਈ ਖੱਡੇ ਪੱਟੇ ਕੁਲਫੀਆਂ ਵੇਚਣ ਦਾ ਕੰਮ ਕੀਤਾ ਲਾਇਲਪੁਰ ਖਾਲਸਾ ਕਾਲਜ ਦੀ ਲਾਇਬਰੇਰੀ ਵਿੱਚ ਕਿਤਾਬਾਂ ਦੀ ਝਾੜ-ਪੂੰਝ ਤੇ ਸਾਂਭ ਸੰਭਾਲ ਕੀਤੀ ਕਾਰਖਾਨਿਆਂ ਵਿੱਚ ਬੋਰੀਆਂ ਢੋਈਆਂ ਪੈਟਰੋਲ ਪੰਪ ’ਤੇ ਰਾਤ ਦੀ ਚੌਕੀਦਾਰੀ ਕੀਤੀ ਪ੍ਰਭਾਤ, ਨਵਾਂ ਜ਼ਮਾਨਾ ਤੇ ਅਜੀਤ ਅਖਬਾਰ ਵਿੱਚ ਪਰੂਫ਼ ਰੀਡਰੀ ਕੀਤੀਬਦਨਸੀਬੀ ਤੇ ਗਰੀਬੀ ਗੋਰਖੀ ਨੂੰ ਵਾਰ ਵਾਰ ਘੇਰਦੀਆਂ, ਉਸਦੀ ਇੱਛਾ ਸ਼ਕਤੀ ਬਦਨਸੀਬੀਆਂ ਨੂੰ ਧੂੰਏਂ ਦੇ ਬੱਦਲਾਂ ਵਾਂਗ ਹਵਾ ਵਿੱਚ ਉਡਾ ਦਿੰਦੀ

ਪ੍ਰੇਮ ਗੋਰਖੀ ਨੇ ਸਮਾਜਿਕ ਵਿਤਕਰਿਆਂ ਅਤੇ ਵਧੀਕੀਆਂ ਨੂੰ ਨੰਗੇ ਪਿੰਡੇ ’ਤੇ ਹੰਢਾਇਆ ਸੀਨਾਨਕੇ ਪਿੰਡ ਝੋਨੇ ਦੀ ਲਵਾਈ ਨੂੰ ਲੈ ਕੇ ਗਰੀਬ ਮਜ਼ਦੂਰਾਂ ਦੇ ਹੁੰਦੇ ਬਾਈਕਾਟ ਨੇ ਉਸਦੇ ਮਨ ਵਿੱਚ ਸਵਾਲ ਪੈਦਾ ਕਰਨੇ ਸ਼ੁਰੂ ਕੀਤੇ ਕਿ ਇਹ ਸਭ ਕਿਉਂ ਹੁੰਦਾ ਹੈਪਿੰਡ ਦੇ ਹੀ ਇੱਕ ਪੁਲਿਸ ਟਾਊਟ ਜ਼ਿਮੀਦਾਰ ਵਲੋਂ ਸਾਈਕਲ ਚੋਰੀ ਦੇ ਝੂਠੇ ਕੇਸ ਵਿੱਚ ਫਸਾਉਣ ’ਤੇ ਗੋਰਖੀ ਨੂੰ ਬੇਤਹਾਸ਼ਾ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਜਿਸਨੇ ਉਸਦੇ ਅੰਦਰ ਸਮਾਜਿਕ ਵਿਵਸਥਾ ਖ਼ਿਲਾਫ ਰੋਹ ਤੇ ਵਿਦਰੋਹ ਭਰ ਦਿੱਤਾਅਨਪੜ੍ਹ ਬਾਪ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਸਮਝਦਾ ਸੀਉਸ ਵਲੋਂ ਰਾਤ ਵੇਲੇ ਸੁਣਾਈਆਂ ਬਾਤਾਂ ਨੇ ਜਿੱਥੇ ਗੋਰਖੀ ਅੰਦਰ ਕਠੋਰ ਹਾਲਤਾਂ ਵਿੱਚ ਵੀ ਨਾ ਡੋਲਣ ਦੀ ਭਾਵਨਾ ਪੈਦਾ ਕੀਤੀ, ਉੱਥੇ ਉਸ ਅੰਦਰ ਕਹਾਣੀਆਂ ਦਾ ਬੀਅ ਵੀ ਬੀਜ ਦਿੱਤਾ

ਆਪਣੇ ਪਿੰਡ ਲਾਡੋਵਾਲੀ ਦੇ ਸਕੂਲ ਵਿੱਚ ਪੜ੍ਹਦਿਆਂ ਪ੍ਰੇਮ ਨੂੰ ਆਪਣੇ ਜਮਾਤੀ ਆਤਮਜੀਤ ਜੋ ਕਿ ਅੱਜ ਦਾ ਵੱਡਾ ਨਾਟਕਕਾਰ ਡਾ. ਆਤਮਜੀਤ ਹੈ, ਤੋਂ ਕਿਤਾਬਾਂ ਪੜ੍ਹਨ ਦਾ ਸ਼ੌਕ ਪੈਦਾ ਹੋਇਆਦਸਵੀਂ ਬਾਅਦ ਲਾਇਲਪੁਰ ਖਾਲਸਾ ਕਾਲਜ ਦੀ ਲਾਇਬਰੇਰੀ ਵਿੱਚ ਨੌਕਰੀ ਨੇ ਉਸ ਨੂੰ ਪੂਰੀ ਤਰ੍ਹਾਂ ਕਿਤਾਬਾਂ ਦੀ ਦੁਨੀਆਂ ਨਾਲ ਜੋੜ ਦਿੱਤਾਇੱਥੇ ਹੀ ਉਸ ਨੂੰ ਅਮਰਜੀਤ ਚੰਦਨ, ਚਿਰੰਜੀਵ ਸਿੰਘ, ਸ਼ਿੰਗਾਰਾ ਸਿੰਘ ਭੁੱਲਰ, ਗੁਰਦੇਵ ਸਿੰਘ ਸਿੱਧੂ ਸਮੇਤ ਅਨੇਕਾਂ ਲੇਖਕ ਮਿਲੇਪੁਲਿਸ ਕੁੱਟ ਦਾ ਝੰਬਿਆ ਕਦੇ ਉਹ ਆਤਮ ਹੱਤਿਆ ਬਾਰੇ ਸੋਚਦਾ ਪਰ ਕਿਤਾਬਾਂ ਉਸ ਨੂੰ ਭਟਕਣ ਨਾ ਦਿੰਦੀਆਂਉਸਦੇ ਅੰਦਰਲਾ ਗੁਬਾਰ ਸ਼ਬਦਾਂ ਦੇ ਰੂਪ ਵਿੱਚ ਸਫਿਆਂ ’ਤੇ ਫੈਲਣ ਲੱਗਾਪ੍ਰੇਮ ਨਿਮਾਣਾ ਦੇ ਨਾਂ ਹੇਠ ਨਾਗਮਣੀ ਵਿੱਚ ਛਪੀ ਉਸਦੀ ਕਹਾਣੀ ਅਤੇ ਨਾਗਮਣੀ ਦੀ ਸੰਪਾਦਕ ਅੰਮ੍ਰਿਤਾ ਪ੍ਰੀਤਮ ਦੇ ਖ਼ਤ ਨੇ ਗੋਰਖੀ ਨੂੰ ਅੰਦਰੋਂ ਬਾਹਰੋਂ ਨੂਰ ਨਾਲ ਭਰ ਦਿੱਤਾਨਾਗਮਣੀ ਦੀਆਂ ਕਹਾਣੀਆਂ ਨੇ ਹੀ ਉਸ ਨੂੰ ਪੁਲਿਸ ਵਲੋਂ ਬਣਾਏ ਕੇਸਾਂ ਵਿੱਚੋਂ ਅਦਾਲਤ ਵਿੱਚੋਂ ਬਰੀ ਕਰਵਾਇਆਪ੍ਰੇਮ ਗੋਰਖੀ ਦੇ ਆਪਣੇ ਲਿਖਣ ਵਾਂਗ- ਅੰਮ੍ਰਿਤਾ ਦੇ ਖ਼ਤ ਅਤੇ ਨਾਗਮਣੀ ਦੀ ਕਹਾਣੀ ਨੇ ਉਸ ਨੂੰ ਕੰਡੇ ਤੋਂ ਫੁੱਲ ਬਣਾ ਦਿੱਤਾ ਸੀ

ਪ੍ਰੇਮ ਗੋਰਖੀ ਦਾ ਮਨ ਜਦੋਂ ਵੀ ਕਦੇ ਡੋਲਦਾ, ਅੰਮ੍ਰਿਤਾ ਪ੍ਰੀਤਮ ਅਤੇ ਹੋਰ ਦੋਸਤਾਂ ਦੇ ਖ਼ਤ ਉਸ ਨੂੰ ਸਹਾਰਾ ਦਿੰਦੇ ਰਹੇ, ਇਸੇ ਕਰਕੇ ਉਹ ਖ਼ਤਾਂ ਦੀ ਮਹੱਤਤਾ ਸਮਝਦਾ ਸੀਜਿੱਥੇ ਉਸਨੇ ਆਪਣੇ ਸਮਕਾਲੀਆਂ ਨੂੰ ਖ਼ਤ ਲਿਖੇ, ਉੱਥੇ ਆਪਣੇ ਤੋਂ ਅਗਲੀ ਪੀੜ੍ਹੀ ਦਾ ਸ਼ਾਇਦ ਹੀ ਕੋਈ ਲੇਖਕ ਹੋਵੇ, ਜਿਸ ਨੂੰ ਚਿੱਠੀਆਂ ਰਾਹੀਂ ਸੇਧ ਤੇ ਹੌਸਲਾ ਨਾ ਦਿੱਤਾ ਹੋਵੇਉਹ ਮੇਰੇ ਵਰਗਿਆਂ ਨੂੰ ਕਹਾਣੀ ਨੂੰ ਹੋਰ ਬਿਹਤਰ ਬਣਾਉਣ ਲਈ ਨਵੇਂ ਨਵੇਂ ਸੁਝਾਅ ਦਿੰਦਾਉਸਦੇ ਖ਼ਤ ਹਰ ਤਰ੍ਹਾਂ ਦੇ ਔਖੇ ਹਾਲਾਤ ਵਿੱਚ ਵੀ ਸਾਬਤ ਰਹਿਣ ਲਈ ਪ੍ਰੇਰਨਾ ਦਿੰਦੇ, “ਤੇਰੇ ਆਉਣ ਦਾ ਪਤਾ ਲੱਗਾ, ਅਫਸੋਸ ਆਪਣਾ ਮੇਲ ਨਹੀਂ ਹੋ ਸਕਿਆਤੇਰੇ ਵਿਆਹ ਦਾ ਕੀ ਬਣਿਆ? ਗੱਲ ਸਿਰੇ ਲੱਗੀ ਜਾਂ ਨਹੀਂ? ਕਿਸੇ ਗੱਲ ਤੋਂ ਡੋਲੀਦਾ ਨਹੀਂ ਹੁੰਦਾ, ਔਖੇ ਵਕਤ ਦਾ ਤਕੜੇ ਹੋ ਕੇ ਸਾਹਮਣਾ ਕਰੀਦਾ।”

ਪ੍ਰੇਮ ਗੋਰਖੀ ਨੇ ਸ਼ੁਰੂ-ਸ਼ੁਰੂ ਵਿੱਚ ਪ੍ਰੇਮ ਨਿਮਾਣਾ ਦੇ ਕਲਮੀ ਨਾਂ ਹੇਠ ਕਹਾਣੀਆਂ ਛਪਵਾਈਆਂ ਸਨਇੱਕ ਨੇਪਾਲਣ ਕੁੜੀ ‘ਗੋਰਖੀ’ ਦੀ ਖਾਮੋਸ਼ ਮੁਹੱਬਤ ਸਦਕਾ ਉਸਨੇ ਆਪਣਾ ਤਖ਼ੱਲਸ ‘ਨਿਮਾਣਾ’ ਤੋਂ ‘ਗੋਰਖੀ’ ਕਰ ਲਿਆਹੁਣ ਉਹ ਪ੍ਰੇਮ ਨਿਮਾਣਾ ਤੋਂ ਪ੍ਰੇਮ ਗੋਰਖੀ ਬਣ ਕੇ ਸਾਹਿਤਕ ਅੰਬਰ ’ਤੇ ਉੱਚੀਆਂ ਉਡਾਰੀਆਂ ਭਰਨ ਲੱਗਾਉਸ ਸਮੇਂ ਦੇ ਸਾਰੇ ਚਰਚਿਤ ਮੈਗਜ਼ੀਨਾਂ ਜਿਵੇਂ ‘ਕਵਿਤਾ’, ਹੇਮ ਜਯੋਤੀ, ਰੋਹਲੇ ਬਾਣ, ਨਾਗਮਣੀ, ਲਕੀਰ, ਸਰਦਲ ਤੇ ਸਿਰਜਣਾ ਵਿੱਚ ਕਹਾਣੀਆਂ ਛਪਣ ਲੱਗੀਆਂਕਹਾਣੀਆਂ ਦੀ ਪਹਿਲੀ ਕਿਤਾਬ “ਜੀਣ ਮਰਣ” ਛਪੀ ਤਾਂ ਸਾਹਿਤਕ ਹਲਕਿਆਂ ਵਿੱਚ ਭਰਵੀਂ ਚਰਚਾ ਛਿੜੀਨਾਵਲੈੱਟ “ਤਿੱਤਰ ਖੰਭੀ ਜੂਹ” ਬਰਜਿੰਦਰ ਸਿੰਘ ਹਮਦਰਦ ਦੀ ਸੰਪਾਦਨਾ ਵਿੱਚ ਛਪਦੇ ਸਾਹਿਤਕ ਮੈਗਜ਼ੀਨ ਵਿੱਚ ਛਪਿਆ ਤਾਂ ਚਾਰ ਚੁਫੇਰੇ ਉਸਦੇ ਨਾਂ ਦੀ ਚਰਚਾ ਹੋਣ ਲੱਗੀਆਪਣੇ ਸਮਕਾਲੀ ਕਹਾਣੀਕਾਰ ਦੋਸਤਾਂ ਕਿਰਪਾਲ ਕਜ਼ਾਕ, ਨਛੱਤਰ, ਸੁਰਿੰਦਰ ਸ਼ਰਮਾ, ਮੁਖਤਾਰ ਗਿੱਲ, ਗੁਰਚਰਨ ਚਾਹਲ ਭੀਖੀ, ਰਾਮ ਸਰੂਪ ਅਣਖੀ, ਮੋਹਨ ਭੰਡਾਰੀ, ਦਲਬੀਰ ਚੇਤਨ ਅਤੇ ਮੁਖਤਿਆਰ ਸਿੰਘ ਵਰਗਿਆਂ ਨਾਲ ਰਲਕੇ “ਦੀਵਾ ਬਲੇ ਸਾਰੀ ਰਾਤ” ਨਾਂ ਹੇਠ ਪ੍ਰੋਗਰਾਮ ਵਿੱਢੇਸਾਰੀ ਰਾਤ ਕਹਾਣੀਆਂ ’ਤੇ ਨਿੱਠ ਕੇ ਚਰਚਾ ਹੁੰਦੀਲੇਖਕ ਬੇਲਿਹਾਜ਼ ਹੋ ਕੇ ਇੱਕ ਦੂਜੇ ਦੀ ਕਹਾਣੀ ਦੀ ਚੀਰਫਾੜ ਕਰਦੇਇਹ ਪੰਜਾਬੀ ਕਹਾਣੀ ਦਾ ਸੁਨਹਿਰਾ ਦੌਰ ਸੀਪ੍ਰੇਮ ਗੋਰਖੀ ਕਹਾਣੀਆਂ ਦੀਆਂ ਰਾਤਾਂ ਦਾ ਮੁੱਖ ਧੁਰਾ ਹੁੰਦਾ ਸੀਉਹ ਪੋਸਟ ਕਾਰਡ ਲਿਖਕੇ ਲੇਖਕਾਂ ਅਤੇ ਵਿਦਵਾਨਾਂ ਨੂੰ ਕਹਾਣੀ ਵਾਲੀ ਰਾਤ ਵਿੱਚ ਸ਼ਾਮਲ ਹੋਣ ਦੀ ਦਾਅਵਤ ਦਿੰਦਾਵਰਿਆਮ ਸੰਧੂ ਅਤੇ ਲਾਲ ਸਿੰਘ ਸਮੇਤ ਅਨੇਕਾਂ ਵੱਡੇ ਵੱਡੇ ਲੇਖਕ ਗੋਰਖੀ ਦੇ ਪ੍ਰੇਮ ਮੋਹ ਵਿੱਚ ਬੱਝੇ ਸਮਾਗਮ ਵਿੱਚ ਕਹਾਣੀਆਂ ਪੜ੍ਹਨ ਲਈ ਆਉਂਦੇ ਰਹੇਨਵੇਂ ਪੁਰਾਣੇ ਲੇਖਕਾਂ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਂਦਾ

ਚੰਡੀਗੜ੍ਹ ਤੋਂ ਨਵਾਂ ਪੰਜਾਬੀ ਅਖਬਾਰ “ਪੰਜਾਬੀ ਟ੍ਰਿਬਿਊਨ” ਨਿਕਲਣ ਲੱਗਾ ਤਾਂ ਪ੍ਰੇਮ ਗੋਰਖੀ ਬਤੌਰ ਪਰੂਫ਼ ਰੀਡਰ ਨੌਕਰੀ ਕਰਨ ਲਈ ਆ ਗਿਆਗੋਰਖੀ ਦੀ ਥੁੜੀ ਟੁੱਟੀ ਆਰਥਿਕਤਾ ਨੂੰ ਕੁਝ ਠੁੰਮ੍ਹਣਾ ਮਿਲਿਆਉਸ ਕੋਲ ਉਡਾਰੀਆਂ ਭਰਨ ਲਈ ਹੁਣ ਨਵਾਂ ਅੰਬਰ ਸੀਰੋਜ਼ੀ ਰੋਟੀ ਦੇ ਚੱਕਰਾਂ ਵਿੱਚੋਂ ਵਿਹਲ ਮਿਲੀ ਤਾਂ ਕਲਮ ਛੋਹਲੇ ਕਦਮੀ ਤੁਰਨ ਲੱਗੀਕਿਤਾਬਾਂ ਛਪਣ ਲੱਗੀਆਂ - ਚਰਚਾ ਹੋਣ ਲੱਗੀਗੋਰਖੀ ਦੇ ਰੂਬਰੂ ਹੋਣ ਲੱਗੇਸਾਹਿਤ ਸਭਾਵਾਂ ਵਿੱਚ ਬੁਲਾਇਆ ਜਾਣ ਲੱਗਾਵੱਡੇ ਲੇਖਕਾਂ ਅਤੇ ਆਲੋਚਕਾਂ ਵਲੋਂ ਸੰਪਾਦਿਤ ਕੀਤੇ ਜਾਣ ਵਾਲੇ ਕਥਾ ਸੰਗ੍ਰਹਿਆਂ ਵਿੱਚ ਉਸਦੀਆਂ ਕਹਾਣੀਆਂ ਨੂੰ ਸ਼ਾਮਲ ਕੀਤਾ ਜਾਣ ਲੱਗਾਉਸ ਨੂੰ ਦਲਿਤ ਲੋਕਾਂ ਦੀ ਮਾਨਸਿਕਤਾ ਨੂੰ ਚਿਤਰਨ ਵਾਲਾ ਕਹਾਣੀਕਾਰ ਕਿਹਾ ਜਾਣ ਲੱਗਾ

ਪ੍ਰੇਮ ਗੋਰਖੀ ਨੇ “ਗ਼ੈਰ-ਹਾਜ਼ਿਰ ਆਦਮੀ” ਦੇ ਸਿਰਲੇਖ ਹੇਠ ਨਾਗਮਣੀ ਵਿੱਚ ਸਵੈ ਬਿਰਤਾਂਤਕ ਕਾਲਮ ਲਿਖਿਆ ਜੋ ਦੇਰ ਬਾਅਦ ਜਾ ਕੇ ਪੁਸਤਕ ਰੂਪ ਵਿੱਚ ਛਪਿਆਇਹ ਪਿੰਡਾਂ/ਸ਼ਹਿਰਾਂ ਦੇ ਤੰਗੀਆਂ ਤੁਰਸ਼ੀਆਂ ਹੰਡਾਉਂਦੇ ਅਤੇ ਬੇਇਨਸਾਫੀਆਂ ਦੇ ਸ਼ਿਕਾਰ ਸਾਧਾਰਨ ਬੰਦੇ ਦੀ ਸਵੈ-ਜੀਵਨੀ ਹੈ ਜਿਸ ਵਿੱਚ ਗੋਰਖੀ ਨੇ ਆਪਣੇ ਆਪ ਨੂੰ ਬਿਨਾ ਕਿਸੇ ਪਰਦੇ ਤੋਂ ਪੇਸ਼ ਕੀਤਾ ਹੈਗੋਰਖੀ ਨੇ ਆਪਣੇ ਆਪ ਨੂੰ ਵਡਿਆਇਆ ਨਹੀਂ ਸੀ “ਗ਼ੈਰ ਹਾਜ਼ਿਰ ਆਦਮੀ” ਇੱਕ ਸਾਧਾਰਨ ਮਨੁੱਖ ਦੀ ਸਾਧਾਰਨਤਾ ਦੀ ਬਾਤ ਸੀਬਲਦੇਵ ਸਿੰਘ ਦੇ ਕਾਲਮ ‘ਸੜਕਨਾਮਾ’ ਵਾਂਗ ਗੋਰਖੀ ਦਾ ‘ਗ਼ੈਰ-ਹਾਜ਼ਿਰ ਆਦਮੀ’ ਕਾਲਮ ਵੀ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਕਾਲਮ ਸੀ

ਪ੍ਰੇਮ ਗੋਰਖੀ ਇੱਕ ਨਾਫ਼ੀਸ ਇਨਸਾਨ ਸੀਉਹ ਯਾਰੀਆਂ ਨਿਭਾਉਣੀਆਂ ਜਾਣਦਾ ਸੀਉਸ ਕੋਲ ਯਾਰਾਂ ਦਾ ਵੱਡਾ ਘੇਰਾ ਸੀ ਜਿਹੜੇ ਔਖੇ ਵੇਲੇ ਉਸ ਨੂੰ ਬਾਹਾਂ ਦੇ ਘੇਰੇ ਵਿੱਚ ਲੈ ਲੈਂਦੇਲੋੜ ਵੇਲੇ ਦਲਬੀਰ ਚੇਤਨ ਹਾਜ਼ਰ ਹੋ ਜਾਂਦਾਨਛੱਤਰ ਕੋਲ ਕਈ ਕਈ ਦਿਨ ਰਹਿ ਆਉਂਦਾਬਹੁ-ਚਰਚਿਤ ਨਾਵਲੈੱਟ “ਤਿੱਤਰ ਖੰਭੀ ਜੂਹ” ਉਸਨੇ ਕਿਰਪਾਲ ਕਜ਼ਾਕ ਕੋਲ ਰਹਿ ਕੇ ਲਿਖਿਆ “ਬੁੱਢੀ ਰਾਤ ਤੇ ਸੂਰਜ” ਸਿੱਧੂ ਦਮਦਮੀ ਕੋਲ ਅਨੰਦਪੁਰ ਰਹਿ ਕੇ ਨੇਪਰੇ ਚਾੜ੍ਹਿਆਸ਼ਾਹਕਾਰ ਕਹਾਣੀ “ਇੱਕ ਟਿਕਟ ਰਾਮਪੁਰਾ ਫੂਲ” ਰੇਲਵੇ ਮਹਿਕਮੇ ਵਾਲੇ ਯਾਰ ਸੁਰਿੰਦਰ ਸ਼ਰਮਾ ਕੋਲ ਬਨਾਰਸ ਘੁੰਮਣ ਗਏ ਨੇ ਲਿਖੀਉਦਾਸ ਹੁੰਦਾ ਤਾਂ ਕਈ ਵਾਰ ਮੁਖਤਾਰ ਗਿੱਲ ਕੋਲ ਪ੍ਰੀਤ ਨਗਰ ਰਹਿ ਆਉਂਦਾਉਸਦੇ ਸੈਕਟਰ 29 ਡੀ ਟ੍ਰਿਬਿਊਨ ਕਾਲੋਨੀ ਵਾਲੇ ਘਰ ਨਵੇਂ ਪੁਰਾਣੇ ਲੇਖਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ

ਪ੍ਰੇਮ ਗੋਰਖੀ ਨੇ ਦੁਆਬੇ ਦੇ ਦਲਿਤ ਲੋਕਾਂ ਅੰਦਰ ਆ ਰਹੀਆਂ ਆਰਥਿਕ, ਸਮਾਜਿਕ ਅਤੇ ਮਾਨਸਿਕ ਤਬਦੀਲੀਆਂ ਬਾਰੇ ਜਿੰਨੀ ਸਹਿਜਤਾ ਅਤੇ ਸੂਖ਼ਮਤਾ ਨਾਲ ਲਿਖਿਆ, ਸ਼ਾਇਦ ਹੋਰ ਕੋਈ ਲੇਖਕ ਨਾ ਲਿਖ ਸਕਿਆ ਹੋਵੇਉਸਨੇ “ਜੀਣ ਮਰਣ” “ਮਿੱਟੀ ਰੰਗੇ ਲੋਕ” “ਅਰਜਨ ਸਫੈਦੀ ਵਾਲਾ” “ਧਰਤੀ ਪੁੱਤਰ” ਅਤੇ “ਜਨਰੇਸ਼ਨ ਗੈਪ” ਕਹਾਣੀ ਸੰਗ੍ਰਹਿ ਅਤੇ ‘ਤਿੱਤਰ ਖੰਭੀ ਜੂਹ’ ‘ਵਣਵੇਲਾ’ ‘ਬੁੱਢੀ ਰਾਤ ਤੇ ਸੂਰਜ’ ਨਾਵਲੈੱਟ ਪਾਠਕਾਂ ਦੀ ਝੋਲੀ ਪਾਏਭੇਤੀ ਬੰਦੇ, ਵਿੱਥ, ਜੀਣ ਮਰਨ, ਆਪਣਾ ਅੱਧ, ਇੱਕ ਟਿਕਟ ਰਾਮਪੁਰਾ ਫੂਲ, ਕੰਡਾ, ਬਚਨਾ ਬੱਕਰਵੱਢ, ਅਰਜਨ ਸਫੈਦੀ ਵਾਲਾ, ਜੜ੍ਹ ਸੰਸਕਾਰ, ਆਖਰੀ ਕਾਨੀ ਅਤੇ ਧੀਆਂ ਵਰਗੀਆਂ ਸ਼ਾਹਕਾਰ ਕਹਾਣੀਆਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਜੋ ਗੋਰਖੀ ਨੂੰ ਹਮੇਸ਼ਾ ਜਿੰਦਾ ਰੱਖਣਗੀਆਂ

ਕੁਝ ਸਾਲ ਪ੍ਰੇਮ ਗੋਰਖੀ ਦਾ ਭਿਆਨਕ ਐਕਸੀਡੈਂਟ ਹੋਇਆਜਾਨ ਤਾਂ ਬਚ ਗਈ ਪਰ ਸਿਰ ਦੀ ਸੱਟ ਨੇ ਉਸ ਨੂੰ ਸਾਵਾਂ ਨਾ ਰਹਿਣ ਦਿੱਤਾਉਸਦੀਆਂ ਸਰਗਰਮੀਆਂ ਵਿੱਚ ਪਹਿਲਾਂ ਜਿਹਾ ਤਿੱਖਾਪਣ ਨਾ ਰਿਹਾਕੁਝ ਠੀਕ ਹੋਇਆ ਤਾਂ ਪੰਜਾਬੀ ਟ੍ਰਿਬਿਊਨ ਵਿੱਚ ‘ਕਹਾਣੀਆਂ ਵਰਗੇ ਲੋਕ’ ਲਿਖਣ ਲੱਗਾਉਸਦੀ ਕਲਮ ਰਵਾਂ ਹੋਣ ਲੱਗੀਪ੍ਰਕਾਸ਼ਕ ਉਸਦੀਆਂ ਕਿਤਾਬਾਂ ਦੇ ਨਵੇਂ ਐਡੀਸ਼ਨ ਛਾਪਣ ਲਈ ਅਹੁਲਣ ਲੱਗੇਗੋਰਖੀ ਦੇ ਯਾਰਾਂ ਨੂੰ ਆਸ ਬੱਝੀ ਕਿ ਉਸ ਨੂੰ ਅਣਗੌਲਿਆਂ ਕਰਨ ਵਾਲੀਆਂ ਵੱਡੀਆਂ ਸੰਸਥਾਵਾਂ ਛੇਤੀ ਆਪਣੀ ਭੁੱਲ ਸੁਧਾਰ ਲੈਣਗੀਆਂਸਭ ਕੁਝ ਠੀਕ ਹੋ ਰਿਹਾ ਸੀ ਕਿ ਕੁਝ ਵੀ ਠੀਕ ਨਾ ਰਿਹਾਗੋਰਖੀ ਅਣਦੱਸੇ ਰਾਹਾਂ ’ਤੇ ਤੁਰ ਗਿਆ

ਅਫਸੋਸ ਹੁਣ ਫੋਨ ’ਤੇ ਉਸਦੀ ਪਿਆਰੀ ਤੇ ਗੜ੍ਹਕਵੀਂ ਆਵਾਜ਼, “ਕੈਸੇ ਹੋ ਪਿਆਰਿਓ? ਲਿਖੀ ਕੋਈ ਨਵੀਂ ਕਹਾਣੀ?” ਸੁਣਨ ਨੂੰ ਨਹੀਂ ਮਿਲੇਗੀਗੋਰਖੀ ਆਪਣੇ ਪਿੱਛੇ ਵੱਡਾ ਖਲਾਅ ਛੱਡ ਗਿਆ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2752)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਗੁਰਮੀਤ ਕੜਿਆਲਵੀ

ਗੁਰਮੀਤ ਕੜਿਆਲਵੀ

Phone: (91 - 98726 - 40994)
Email: (gurmeetkaryalvi@gmail.com)