RanjeetLehra7ਦੋ ਦਿਨ ਦੇਖਿਆਚਾਰ ਦਿਨ ਦੇਖਿਆਆਖ਼ਿਰ ਇਸ ਨਵੇਂ ਝਮੇਲੇ ਤੋਂ ਅੱਕੀ ...
(27 ਫਰਵਰੀ 2023)
ਇਸ ਸਮੇਂ ਪਾਠਕ: 308.

 

ਸਾਡੀ ਮੁਲਾਜ਼ਮ ਯੂਨੀਅਨ ਵਿੱਚ ਇੱਕ ਸਾਥੀ ਹੁੰਦੇ ਸੀ ਸਿੰਘਲ ਸਾਹਿਬ! ਯੂਨੀਅਨ ਦੇ ਸਰਗਰਮ ਮੈਂਬਰ ਤੇ ਤੀਜਾ ਦਰਜਾ ਮੁਲਾਜ਼ਮ ਸਨਹੈ ਉਹ ਮਹਾਜਨਾਂ ਵਿੱਚੋਂ ਸਨ ਪਰ ਤਰਬੀਅਤ ਪੱਖੋਂ ਜੱਟ-ਬਾਣੀਏਦਾਅ ਲੱਗਣ ’ਤੇ ਦੁੱਕੀ-ਪੰਜੀ ਕਰ ਲੈਣ ਦੇ ਬਾਵਜੂਦ ਯਾਰਾਂ ਦੇ ਯਾਰ ਸਨਜਿੱਥੇ ਖੜ੍ਹ ਗਏ, ਬੱਸ ਖੜ੍ਹ ਗਏਦਿਨ ਛਿਪਦੇ ਨਾਲ ਚੁੰਝ ਹਰੀ ਕਰਨ ਕਰ ਲੈਣ ਦਾ ਅਵੱਲਾ ਸ਼ੌਕ ਵੀ ਸੀ। ਨਾ ਸਿਰਫ਼ ਸ਼ੌਕ ਸੀ, ਸਗੋਂ ਖਿੜਾਉਣ ਦੀ ਆਦਤ ਵੀ ਸੀਜੇ ਹੋਰ ਨਹੀਂ ਤਾਂ ਘਰਦਿਆਂ ’ਤੇ ਹੀ ਖਿੜਾ ਲੈਂਦੇ ਸਨ

ਇੱਕ ਵਾਰ ਯੂਨੀਅਨ ਦੀ ਸਭ ਤੋਂ ਹੇਠਲੀ ਇਕਾਈ, ਯਾਨੀ ਬਰਾਂਚ ਕਮੇਟੀ ਦੀ ਚੋਣ ਸੀਸਾਡੀ ਇੱਕ ਬਰਾਂਚ ਵਿੱਚ ਲਾ-ਪਾ ਕੇ ਪੰਜਾਹ-ਸੱਠ ਮੈਂਬਰ ਹੁੰਦੇ ਸਨਇੰਨੇ ਕੁ ਮੈਂਬਰਾਂ ਵਿੱਚੋਂ ਜਦੋਂ ਬਾਰਾਂ-ਪੰਦਰਾਂ ਮੈਂਬਰੀ ਕਮੇਟੀ ਤੇ ਉਹਦੇ ਅਹੁਦੇਦਾਰ ਚੁਣਨੇ ਹੋਣ ਤਾਂ ਸਾਰੇ ਖਰੇ ਸੋਨੇ ਵਰਗੇ ਤਾਂ ਹੋ ਨਹੀਂ ਸਨ ਸਕਦੇ, ਅਜਿਹੀ ਹਾਲਤ ਵਿੱਚ ਸਿੰਘਲ ਸਾਹਿਬ ਵਰਗਿਆਂ ਦੀ ਝੋਲੀ ਵਿੱਚ ਕੋਈ ਨਾ ਕੋਈ ਛੋਟੀ ਮੋਟੀ ਪ੍ਰਧਾਨਗੀ/ਅਹੁਦਾ ਪੈ ਜਾਣਾ ਸੁਭਾਵਿਕ ਹੁੰਦਾਉਸ ਚੋਣ ਵਿੱਚ ਸਿੰਘਲ ਸਾਹਿਬ ਵੀ ਮੀਤ ਪ੍ਰਧਾਨ ਵਰਗੇ ਕਿਸੇ ਅਹੁਦੇ ਲਈ ਚੁਣੇ ਗਏ

ਪ੍ਰਧਾਨਗੀ ਭਾਵੇਂ ਛੋਟੀ ਸੀ ਪਰ ਸਿੰਘਲ ਸਾਹਿਬ ਦੇ ਸਿਰ ਨੂੰ ਨਸ਼ਾ ਬਣ ਕੇ ਚੜ੍ਹ ਗਈਉਹ ਦਿਨ ਛਿਪਦੇ ਨੂੰ ਚੁੰਝ ਹਰੀ ਕਰਿਆ ਕਰਨ ’ਤੇ ਫੜ ਕੇ ਹੱਥ ਵਿੱਚ ਡਾਂਗ ਦਰਾਂ ਵਿੱਚ ਕੁਰਸੀ ’ਤੇ ਬਹਿ ਜਾਇਆ ਕਰਨ; ਤੇ ਫਿਰ ਆਉਂਦਿਆਂ ਜਾਂਦਿਆਂ ਨੂੰ ਸੁਣਾ ਸੁਣਾ ਕੇ ਕਿਹਾ ਕਰਨ, “ਊਈਂ ਨਾ ਜਾਣਿਓਂ … … ਅਸੀਂ ਛੱਬੀਆਂ ਪਿੰਡਾਂ ਦੇ ਪ੍ਰਧਾਨ ਆਂ।”

ਦੋ ਦਿਨ ਦੇਖਿਆ, ਚਾਰ ਦਿਨ ਦੇਖਿਆ, ਆਖ਼ਿਰ ਇਸ ਨਵੇਂ ਝਮੇਲੇ ਤੋਂ ਅੱਕੀ ਸਿੰਘਲ ਸਾਹਿਬ ਦੀ ਘਰਵਾਲ਼ੀ ਨੇ ਸਾਡੇ ਇੱਕ ਸਾਥੀ ਨੂੰ ਫੋਨ ਲਾ ਲਿਆਸਾਰੀ ਰਾਮ ਕਹਾਣੀ ਸੁਣਾ ਕੇ ਕਹਿੰਦੀ, “ਮੈਨੂੰ ਇਹ ਦੱਸੋ, ਬਈ ਤੁਸੀਂ ਇਹਨੂੰ ਕਾਹਦਾ ਪ੍ਰਧਾਨ ਬਣਾ’ਤਾ, ਸਾਨੂੰ ਤਾਂ ਨਵੀਂ ਬਿਪਤਾ ਛੇੜ ਦਿੱਤੀ ਤੁਸੀਂਅਸੀਂ ਰੱਜੇ ਇਹੋ ਜਿਹੀ ਪ੍ਰਧਾਨਗੀ ਤੋਂ।” ਉਹ ਕਹਿੰਦੀ ਜਾਂ ਤਾਂ ਇਹਨੂੰ ਪ੍ਰਧਾਨਗੀ ਤੋਂ ਲਾਹੋ, ਨਹੀਂ ਇਹਦੇ ਖਾਨੇ ਵਿੱਚ ਕੋਈ ਸਿਆਣੀ ਗੱਲ ਵਾੜੋ

ਘਰਵਾਲ਼ੀ ਦੇ ਫੋਨ ਤੋਂ ਬਾਅਦ ਜਥੇਬੰਦੀ ਲਈ ਸਮੱਸਿਆ ਖੜ੍ਹੀ ਹੋ ਗਈਜੇ ਜਥੇਬੰਦੀ ਸਿੰਘਲ ਸਾਹਿਬ ਨੂੰ ਅਹੁਦੇ ’ਤੇ ਰੱਖਦੀ ਤਾਂ ਬਦਨਾਮ ਹੁੰਦੀ, ਤੇ ਜੇ ਅਹੁਦੇ ਤੋਂ ਲਾਹੁਣ ਦੀ ਕਾਰਵਾਈ ਕਰਦੀ ਤਾਂ ਸਿੰਘਲ ਸਾਹਿਬ ਦੇ ਰੁੱਸ ਕੇ ਜਥੇਬੰਦੀ ਵਿੱਚ ਖਲਾਰਾ ਪਾ ਦੇਣ ਦਾ ਖ਼ਤਰਾ ਖੜ੍ਹਾ ਹੁੰਦਾ ਹੈਉਸ ਦਾ ਇਹ ਇਤਬਾਰ ਨਹੀਂ ਸੀ ਕਿ ਰੁੱਸ ਕੇ ਕਿਸੇ ਦੂਜੀ ਜਥੇਬੰਦੀ ਦਾ ਬਿੱਲਾ ਲਾ ਲੈਂਦਾ ਤੇ ਦੋ-ਚਾਰ ਜੁੰਡੀ ਦੇ ਯਾਰਾਂ ਨੂੰ ਹੋਰ ਵੀ ਨਾਲ ਲੈ ਵੜਦਾਖੈਰ, ਸਿੰਘਲ ਸਾਹਿਬ ਤਾਂ ਪੜ੍ਹੇ-ਲਿਖੇ ਸਨ, ਮੁਲਾਜ਼ਮ ਸਨ ਤੇ ਛੱਬੀ ਕੁ ਪਿੰਡਾਂ ਦੀ ਛੋਟੇ ਜਿਹੇ ਰੁਤਬੇ ਵਾਲੀ ਪ੍ਰਧਾਨਗੀ ਦੇ ਹੀ ਮਾਲਕ ਸਨ, ਇਸ ਲਈ ਸਾਥੀਆਂ ਦੇ ਸਮਝਾਏ-ਬੁਝਾਏ ਤੋਂ ਰਾਹ ’ਤੇ ਆ ਗਏ ਅਤੇ ਡਾਂਗ ਖੂੰਜੇ ਧਰ ਦਿੱਤੀ

ਉਂਝ, ਗੱਲ ਸਿਰਫ਼ ਸਿੰਘਲ ਸਾਹਿਬ ਅਤੇ ਸਾਡੀ ਯੂਨੀਅਨ ਦੀ ਨਹੀਂ ਸਗੋਂ ਅਜਿਹੇ ਲੋਕਾਂ ਦੀ ਹਰ ਜਥੇਬੰਦੀ ਵਿੱਚ ਮੌਜੂਦਗੀ ਦੀ ਹੈ, ਜਿਨ੍ਹਾਂ ਦੇ ਸਿਰ ਨੂੰ ਅਹੁਦੇਦਾਰੀ ਦਾ ਨਸ਼ਾ ਚੜ੍ਹ ਜਾਂਦਾ ਹੈਟਰੇਡ ਯੂਨੀਅਨਾਂ ਤੇ ਜਨਤਕ ਜਥੇਬੰਦੀਆਂ ਅਤੇ ਲੋਕ ਲਹਿਰਾਂ ਦੀ ਅਗਵਾਈ ਕਰਨ ਵਾਲੇ ਲੋਕ ਕਿਤਿਓਂ ਆਸਮਾਨੋਂ ਨਹੀਂ ਉੱਤਰਦੇ, ਉਹ ਸਾਡੇ ਗਲੇ-ਸੜੇ ਸਮਾਜ ਵਿੱਚੋਂ ਹੀ ਆਉਂਦੇ ਹਨ, ਜਿਸ ਖਿਲਾਫ਼ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹੁੰਦੀਆਂ ਹਨਇਨ੍ਹਾਂ ਵਿੱਚੋਂ ਕਈ ਲੀਡਰ/ਕਾਰਕੁਨ ਕਈ ਤਰ੍ਹਾਂ ਦੀ ਲੱਗ-ਲਪੇਟ ਅਤੇ ਭੈੜ ਵੀ ਆਪਣੇ ਨਾਲ ਲੈ ਕੇ ਆਉਂਦੇ ਹਨਕਿਸੇ ਵਿੱਚ ਦੁੱਕੀ-ਪੰਜੀ ਕਰਨ, ਕਿਸੇ ਵਿੱਚ ਚੁੰਝ ਹਰੀ ਕਰਨ, ਕਿਸੇ ਵਿੱਚ ਫੰਡਾਂ ’ਤੇ ਹੱਥ ਸਾਫ ਕਰਨ, ਕਿਸੇ ਵਿੱਚ ਫੋਕੀ ਮੈਂ-ਮੈਂ ਕਰਨ ਅਤੇ ਕਿਸੇ ਵਿੱਚ ਸਰਕਾਰੇ-ਦਰਬਾਰੇ ਪਹੁੰਚ ਬਣਾ ਕੇ ਲਾਹਾ ਖੱਟਣ ਦੀ ਕਮਜ਼ੋਰੀ ਹੋਣੀ ਕੋਈ ਆਲੋਕਾਰੀ ਗੱਲ ਨਹੀਂਇਸੇ ਕਰਕੇ ਜਥੇਬੰਦੀਆਂ ਭਾਵੇਂ ਮੁਲਾਜ਼ਮਾਂ ਦੀਆਂ ਹੋਣ ਜਾਂ ਕਿਸਾਨਾਂ-ਮਜ਼ਦੂਰਾਂ ਦੀਆਂ, ਉਨ੍ਹਾਂ ਨੂੰ ਅਜਿਹੇ ਲੱਗ-ਲਪੇਟ ਵਾਲਿਆਂ ਤੋਂ ਮੁਕਤ ਰੱਖਣ ਲਈ ਲਗਾਤਾਰ ਸਾਫ਼-ਸਫ਼ਾਈ ਕਰਨੀ ਪੈਂਦੀ ਹੈਜਿਵੇਂ ਸਿਆਸੀ ਪਾਰਟੀਆਂ ਵਿੱਚ ਕੁਰਸੀ ਪੁਆੜੇ ਪਾਉਂਦੀ ਹੈ, ਉਵੇਂ ਹੀ ਜਥੇਬੰਦੀਆਂ ਵਿੱਚ ਪ੍ਰਧਾਨਗੀ ਵੀ ਕਈ ਤਰ੍ਹਾਂ ਦੇ ਪੁਆੜਿਆਂ ਦੀ ਵਜਾਹ ਬਣਦੀ ਹੈ

ਕਿਸੇ ਜਥੇਬੰਦੀ ਦੀ ਵਿਚਾਰਕ-ਸਿਆਸੀ ਪਕਿਆਈ ਅਤੇ ਲੋਕ ਹਿਤਾਂ ਲਈ ਸਮਰਪਨ ਤੇ ਸਮੂਹਿਕ ਲੀਡਰਸ਼ਿੱਪ ਦੀ ਭਾਵਨਾ ਹੀ ਅੰਤਿਮ ਰੂਪ ਵਿੱਚ ਤੈਅ ਕਰਦੀ ਹੈ ਕਿ ਉਹ ਅਜਿਹੇ ਲੋਕਾਂ ਨੂੰ ਕਿੰਨਾ ਕੁ ਕਾਬੂ ਰੱਖ ਸਕਦੀ ਹੈ, ਸੁਧਾਰ ਸਕਦੀ ਹੈ ਜਾਂ ਬਾਹਰ ਦਾ ਰਸਤਾ ਦਿਖਾ ਕੇ ਖੁਦ ਨੂੰ ਸੁਰਖਰੂ ਕਰਦੀ ਹੈਕਈ ਵਾਰ ਅਜਿਹੇ ਲੋਕ ਕੇਡਰ ਨੂੰ ਗੁਮਰਾਹ ਕਰ ਕੇ ਜਥੇਬੰਦੀ ਨੂੰ ਹੀ ਕਾਬੂ ਕਰ ਲੈਂਦੇ ਹਨ ਤੇ ਫਿਰ ਆਪਣੀ ਮਨਮਰਜ਼ੀ ਕਰਦੇ ਹਨਅਜਿਹੇ ਅਨਸਰਾਂ ਤੋਂ ਜਥੇਬੰਦੀਆਂ ਨੂੰ ਮੁਕਤ ਕਰਨਾ ਜੇ ਅਸੰਭਵ ਨਹੀਂ ਤਾਂ ਸੌਖਾ ਕਾਰਜ ਵੀ ਨਹੀਂਅਜਿਹੇ ਲੋਕ ਆਪਣੇ ਬਚਾਓ ਲਈ ਦੂਜਿਆਂ ’ਤੇ ਚਿੱਕੜ ਸੁੱਟਣ ਤਕ ਚਲੇ ਜਾਂਦੇ ਹਨ ਅਤੇ ਲੋਕਾਂ ਨੂੰ ਠੀਕ ਗ਼ਲਤ ਦਾ ਨਿਖੇੜਾ ਕਰਨਾ ਔਖਾ ਹੋ ਜਾਂਦਾ ਹੈ ਤੇ ਨਿਰਾਸ਼ਾ ਦੇ ਆਲਮ ਵਿੱਚ ਉਹ ਸਭ ਨੂੰ ‘ਇੱਕੋ ਜਿਹੇ’ ਕਹਿਣ ਤਕ ਚਲੇ ਜਾਂਦੇ ਹਨ

ਜ਼ਰਾ ਸੋਚੋ, ਜੇ ਕਿਸੇ ਯੂਨੀਅਨ ਦੇ ਪ੍ਰਧਾਨ/ਅਹੁਦੇਦਾਰ ਨੂੰ ‘ਪ੍ਰਧਾਨਗੀ ਦਾ ਨਸ਼ਾ’ ਚੜ੍ਹ ਜਾਵੇ ਤੇ ਉਹ ਹੋਵੇ ਵੀ ਛੱਬੀ ਨਹੀਂ, ਸੈਂਕੜੇ ਪਿੰਡਾਂ ਦੇ ਵੱਡੇ ਰੁਤਬੇ ਵਾਲਾ ਪ੍ਰਧਾਨ ਤਾਂ ਉਸ ਜਥੇਬੰਦੀ ਵਿੱਚ ਕੀ ਕੁਝ ਨਹੀਂ ਵਾਪਰ ਸਕਦਾ! ਕਹਿੰਦੇ ਨੇ, ਜੱਟ ਤਾਂ ਸੁਹਾਗੇ ’ਤੇ ਚੜ੍ਹਿਆ ਨੀ ਮਾਣ ਹੁੰਦਾ! ਫਿਰ ਉਹਨੂੰ ਸ਼ਾਇਦ ਹੀ ਕੋਈ ਸਮਝਾ ਸਕੇ ਕਿ ਗ਼ਲਤੀ ਕਬੂਲਣ ਨਾਲ ‘ਕਿਤੇ ਨੀ ਤੇਰਾ ਰੁਤਬਾ ਘਟਦਾ!’ ਜਦੋਂ ਹੱਥੀਂ ਲਾਏ ਬੂਟੇ ਠੰਢੀਆਂ ਛਾਵਾਂ ਕਰਨ ਦੀ ਥਾਂ ਕੰਡਿਆਲੀ ਥੋਹਰ ਬਣ ਜਾਣ ’ਤੇ ਉਨ੍ਹਾਂ ਨੂੰ ਆਪਣੇ ਹੱਥੀਂ ਹੀ ਪੁੱਟਣਾ ਪਵੇ ਤਾਂ ਦਰਦ ਬੜਾ ਗਹਿਰਾ ਹੁੰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3820)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਰਣਜੀਤ ਲਹਿਰਾ

ਰਣਜੀਤ ਲਹਿਰਾ

Lehragaga, Sangrur, Punjab, India.
Phone: (91 - 94175 - 88616)
Email: (ranlehra@gmail.com)