SatnamSmalsar7ਉਹਦੇ ਚਿਹਰੇ ’ਤੇ ਘੋਰ ਉਦਾਸੀ ਅਤੇ ਅੱਖਾਂ ਵਿੱਚ ਜਿਉਣ ਦੀ ਆਸ ਐਨੀ ਕੁ ਸੀ ਜਿੰਨੀ ਕੁ ...
(3 ਮਈ 2022)
ਮਹਿਮਾਨ: 157.


ਮੈਂ ਦੁਕਾਨ ’ਤੇ ਬੈਠਾ ਇੱਕ ਅਰਜ਼ੀ ਟਾਈਪ ਕਰ ਰਿਹਾ ਸੀ। ਇੱਕ ਸੱਤ ਅੱਠ ਸਾਲਾਂ ਦੀ ਕੁੜੀ ਅਤੇ ਨਾਲ ਇੱਕ ਬਹੁਤ ਹੀ ਕਮਜ਼ੋਰ ਜਿਹੀ ਮਸਾਂ ਤੀਹ ਬੱਤੀ ਸਾਲ ਦੀ ਔਰਤ ਜਿਹੜੀ ਸ਼ਾਇਦ ਕਿਸੇ ਬਿਮਾਰੀ ਨਾਲ ਪੀੜਤ ਹੋਵੇ, ਮੇਰੇ ਕਾਊਟਰ ਮੂਹਰੇ ਲੱਗੀਆਂ ਕੁਰਸੀਆਂ ’ਤੇ ਆ ਕੇ ਬੈਠ ਗਈਆਂ। ਜਦੋਂ ਮੈਂ ਨਿਗ੍ਹਾ ਉੱਪਰ ਕਰਕੇ ਉਹਨਾਂ ਵੱਲ ਤੱਕਿਆ ਤਾਂ ਉਸ ਮਾਂ ਦੀਆਂ ਅੱਖਾਂ ਵਿੱਚ ਕਿੰਨੀਆਂ ਹੀ ਬੇਵਸੀਆਂ ਦੀ ਝਲਕ ਸਾਫ ਦਿਸ ਪਈ। ਉਹਦੇ ਚਿਹਰੇ ਦਾ ਪੀਲਾ ਪਿਆ ਰੰਗ ਅਤੇ ਉਮਰ ਤੋਂ ਪਹਿਲਾਂ ਮੂੰਹ ’ਤੇ ਪਈਆਂ ਝੁਰੜੀਆਂ ਉਹਦੇ ਫਿਕਰ ਅਤੇ ਡਰ ਨੂੰ ਸਾਫ ਵਿਅਕਤ ਕਰ ਰਹੀਆਂ ਸਨ। ਮੈਂ ਆਪਣੇ ਸੁਭਾਅ ਮੁਤਾਬਿਕ ਪੁੱਛ ਲਿਆ, “ਹਾਂ ਜੀ ਭੈਣੇ ਕੀ ਕਰਵਾਉਣਾ?”

“ਕਰਵਾਉਣਾ ਤਾਂ ਕੀ ਐ ਬਾਈ ...” ਏਨੇ ਸ਼ਬਦ ਕਹਿੰਦਿਆਂ ਉਹ ਰੋ ਪਈ ਜਿਵੇਂ ਮੈਂ ਉਹਦੀ ਕਿਸੇ ਦੁਖਦੀ ਰਗ ’ਤੇ ਹੱਥ ਰੱਖ ਦਿੱਤਾ ਹੋਵੇ। ਮੈਂ ਕਿਹਾ, “ਤੂੰ ਰੋ ਨਾ ਭੈਣੇ, ਗੱਲ ਦੱਸ ਕੀ ਐ।”

ਆਪਣੀ ਮਾਂ ਕੋਲ ਅੱਖਾਂ ਭਰੀ ਬੈਠੀ ਛੋਟੀ ਕੁੜੀ ਕਹਿਣ ਲੱਗੀ, “ਅੰਕਲ, ਮੇਰੀ ਮੰਮੀ ਬਿਮਾਰ ਰਹਿੰਦੀ ਏ।”

ਮਾਸੂਮ ਕੁੜੀ ਦੇ ਮੂੰਹੋਂ ਬਿਮਾਰ ਸ਼ਬਦ ਸੁਣ ਕੇ ਮੇਰੇ ਅੰਦਰ ਇੱਕ ਝਰਨਾਹਟ ਜਿਹੀ ਫਿਰ ਗਈ। ਮੈਂ ਆਪਣੀ ਕੁਰਸੀ ਤੋਂ ਉੱਠ ਕੇ ਦੋਂਹ ਗਲਾਸਾਂ ਵਿੱਚ ਪਾਣੀ ਭਰ ਕੇ ਉਨ੍ਹਾਂ ਨੂੰ ਪੀਣ ਲਈ ਦਿੱਤਾ। ਫਿਰ ਮਨ ਕੁਝ ਸਥਿਰ ਹੋਣ ਤੋਂ ਬਾਅਦ ਕੁੜੀ ਦੀ ਮਾਂ ਕਹਿਣ ਲੱਗੀ, “ਬਾਈ, ਅਸੀਂ ਆਪਣਾ ਰਾਸ਼ਨ ਕਾਰਡ ਬਣਵਾਉਣਾ ਹੈ। ਮੇਰੇ ਘਰ ਵਾਲਾ ਵਿਚਾਰਾ ਭੱਠੇ ਦਾ ਕੰਮ ਕਰਦਾ ਹੈ। ਮੇਰੀਆਂ ਦੋ ਨਿੱਕੀਆਂ ਨਿੱਕੀਆਂ ਕੁੜੀਆਂ ਹਨ। ਪਿਛਲੇ ਦਸ ਸਾਲਾਂ ਤੋਂ ਰਾਸ਼ਨ ਕਾਰਡ ਬਣਾਉਣ ਲਈ ਕਿੰਨੇ ਹੀ ਮੈਂਬਰਾਂ, ਸਰਪੰਚਾਂ ਨੂੰ ਫਾਰਮ ਭਰ ਭਰ ਦਿੱਤੇ ਹਨ ਪਰ ਹਾਲੇ ਤੱਕ ਸਾਡਾ ਰਾਸ਼ਨ ਕਾਰਡ ਨਹੀਂ ਬਣਿਆ। ਮੈਂਨੂੰ ਗੁਰਦਿਆਂ ਦੀ ਬਿਮਾਰੀ ਹੈ। ਘਰ ਵਾਲਾ ਜਿੰਨੇ ਕਮਾਉਂਦਾ ਹੈ, ਸਾਰੇ ਮੇਰੀ ਦਵਾਈ ਬੂਟੀ ’ਤੇ ਲੱਗ ਜਾਂਦੇ ਐ। ਘਰ ਵਿੱਚ ਹੋਰ ਕੋਈ ਨਹੀਂ। ਨਾ ਮਾਪੇ ਸਿਆਣਦੇ ਐ। ਆਹ ਮੇਰੀ ਕੁੜੀ ਭਾਂਡੇ ਮਾਂਜਦੀ ਐ, ਬਹੁਕਰ ਮਾਰਦੀ ਐ। ਲੀੜੇ ਲੱਤੇ ਮਾੜੇ ਮੋਟੇ ਧੋ ਦਿੰਦੀ ਐ। ਰੋਟੀਆਂ ਚਾਰ ਮੈਂ ਇਨ੍ਹਾਂ ਨੂੰ ਥੱਪ ਦਿੰਦੀ ਆਂ ਡਿੱਗਦੀ ਢਹਿੰਦੀ। ਕੁੜੀ ਮੇਰੇ ਨੇੜੇ ਆਟਾ ਕੋਟਾ ਕਰ ਦਿੰਦੀ ਐ। ਘਰ ਵਾਲਾ ਰਾਤ ਨੂੰ ਦੋ ਵਜੇ ਭੱਠੇ ’ਤੇ ਜਾਂਦਾ ਐ। ਉਹ ਆਵਦੀਆਂ ਟੇਡੀਆਂ ਵਿੰਗੀਆਂ ਲਾਹ ਕੇ ਲੈ ਜਾਂਦਾ ਐ।” ਇਹ ਦੱਸਦਿਆਂ ਉਹਦੀਆਂ ਅੱਖਾਂ ਫਿਰ ਭਰ ਆਈਆਂ, ਜਿਹੜੀਆਂ ਉਹਨੇ ਆਪਣੀ ਚੁੰਨੀ ਦੇ ਪੱਲੇ ਨਾਲ ਪੂਝ ਲਈਆਂ।

ਮੈਨੂੰ ਜਾਪਿਆ ਜਿਵੇਂ ਉਹ ਆਪਣੀਆਂ ਇਹ ਗੱਲਾਂ ਕਰਕੇ ਮੇਰੇ ਜਰੀਏ ਰੱਬ ਨੂੰ ਉਲਾਂਬਾ ਦੇ ਰਹੀ ਹੋਵੇ। ਉਹ ਕਹਿਣ ਲੱਗੀ, “ਸਾਨੂੰ ਕਿਸੇ ਡਾਕਟਰ ਨੇ ਕਿਹਾ ਸੀ, ਤੁਸੀਂ ਆਪਣਾ ਫਰੀ ਇਲਾਜ ਵਾਲਾ ਕਾਰਡ ਬਣਵਾ ਲਉ ਤਾਂ ਥੋਡਾ ਇਲਾਜ ਹੋ ਜਾਉ। ਪਰ ਬਾਈ, ਰਾਸ਼ਨ ਕਾਰਡ ਤੋਂ ਬਿਨਾਂ ਉਹ ਕਾਰਡ ਨਹੀਂ ਬਣਦਾ।”

ਉਹਦੇ ਚਿਹਰੇ ’ਤੇ ਘੋਰ ਉਦਾਸੀ ਅਤੇ ਅੱਖਾਂ ਵਿੱਚ ਜਿਉਣ ਦੀ ਆਸ ਐਨੀ ਕੁ ਸੀ ਜਿੰਨੀ ਕੁ ਮਾਂਹ ਦੇ ਦਾਣੇ ’ਤੇ ਸਫੈਦੀ। ਆਪਣੀਆਂ ਇਹ ਸਾਰੀਆਂ ਗੱਲਾਂ ਕਹਿ ਕੇ ਉਹਨੇ ਜਿਵੇਂ ਆਪਣਾ ਸਾਰਾ ਮਨ ਦਾ ਬੋਝ ਹੌਲਾ ਕਰ ਲਿਆ ਹੋਵੇ, ਜਿਹੜਾ ਕਿ ਕਦੇ ਕੋਈ ਧੀ ਆਪਣੀ ਮਾਂ ਕੋਲ ਜਾਂ ਭੈਣ ਕੋਲ ਫੋਲਦੀ ਹੈ। ਕੋਲ ਕੁਰਸੀ ’ਤੇ ਬੈਠੀ ਉਸ ਭੋਰਾ ਭਰ ਬਾਲੜੀ, ਜਿਹਦੇ ਬਾਰੇ ਕੁਝ ਸਮਾਂ ਪਹਿਲਾਂ ਮਾਂ ਦੱਸ ਕੇ ਹਟੀ ਸੀ, ਬਈ ਸਾਰਾ ਕੰਮ ਕਰਦੀ ਏ, ਵੇਖ ਮੈਨੂੰ ਐਨਾ ਤਰਸ ਆਇਆ ਕਿ ਜੀਹਦੀ ਉਮਰ ਹਾਲੇ ਖੇਡਣ ਮੱਲਣ ਦੀ ਹੈ, ਭਾਂਡੇ ‌ਮਾਂਜਣ, ਕੱਪੜੇ ਧੋਣ ਦੀ ਨਹੀਂ; ਜਿਹੜੀ ਕਦੇ ਆਪਣੀ ਮਾਂ ਦੇ ਮੂੰਹ ਵੱਲ ਅਤੇ ਕਦੇ ਦੁਕਾਨ ’ਤੇ ਰੱਖੇ ਰੰਗ ਬਰੰਗੇ ਡੱਬਿਆਂ ਵੱਲ ਵੇਖੀ ਜਾਂਦੀ ਸੀ। ਮੈਂ ਉਹਨੂੰ ਬੜੀ ਤਸੱਲੀ ਨਾਲ ਕਿਹਾ, “ਕੋਈ ਨੀ ਭੈਣੇ, ਤੂੰ ਫਿਕਰ ਨਾ ਕਰ, ਤੇਰਾ ਕਾਰਡ ਮੈਂ ਬਣਵਾ ਕੇ ਦੇਉਂਗਾ। ਤੇ ਤੂੰ ਠੀਕ ਵੀ ਹੋ ਜਾਣਾ ਏਂ।” ਮੇਰੇ ਇਨ੍ਹਾਂ ਬੋਲ੍ਹਾਂ ਨਾਲ ਉਸ ਔਰਤ ਦੀਆਂ ਅੱਖਾਂ ਵਿੱਚ ਚਮਕ ਆ ਗਈ ਸੀ ਤੇ ਉਹ ਬਜ਼ੁਰਗ ਬੰਦਿਆਂ ਵਾਂਗ ਮੈਨੂੰ ਅਸੀਸਾਂ ਦੇਣ ਲੱਗੀ, “ਤੇਰੇ ਬੱਚੇ ਜਿਉਣ, ਤੇਰੀ ਵੱਡੀ ਉਮਰ ਹੋਵੇ।”

ਮੈਂ ਉਸ ਔਰਤ ਦਾ ਆਧਾਰ ਕਾਰਡ ਫੜ ਕੇ ਐੱਸ.ਸੀ ਕਮਿਸ਼ਨ ਨੂੰ ਇੱਕ ਚਿੱਠੀ ਲਿਖ ਦਿੱਤੀ। ਉਸ ਚਿੱਠੀ ਵਿੱਚ ਉਸ ਔਰਤ ਦੀ ਸਾਰੀ ਹਾਲਤ ਬਿਆਨ ਕਰ ਦਿੱਤੀ। ਦਸਤਖਤ ਕਰਾ ਕੇ ਡਾਕਖਾਨੇ ਵਿੱਚ ਮੈਂ ਆਪ ਜਾ ਕੇ ਜਮ੍ਹਾਂ ਕਰਵਾ ਆਇਆ।

ਇਸ ਗੱਲ ਨੇ ਕਿੰਨੇ ਦਿਨਾਂ ਤੱਕ ਮੈਨੂੰ ਬੇਚੈਨ ਕਰੀ ਰੱਖਿਆ ਕਿ ਇਹਦੇ ਵਰਗੀਆਂ ਕਿੰਨੀਆਂ ਭੈਣਾਂ ਇਲਾਜ ਖੁਣੋਂ ਮਰ ਰਹੀਆਂ ਹੋਣਗੀਆਂ ਤੇ ਕਿੰਨੀਆਂ ਮਾਸੂਮ ਬੱਚੀਆਂ ਦਾ ਭਵਿੱਖ ਖਤਰੇ ਵਿੱਚ ਹੋਵੇਗਾ।

ਇਸ ਗੱਲ ਨੂੰ ਕੋਈ ਇੱਕ ਸਾਲ ਦੇ ਕਰੀਬ ਹੋ ਗਿਆ ਹੈ। ਮੈਂ ਵੀ ਕੁਝ ਆਪਣੇ ਰੁਝੇਵਿਆਂ ਵਿੱਚ ਉਲਝਿਆ ਰਿਹਾ। ਇੱਕ ਦਿਨ ਉਹ ਮਾਸੂਮ ਜਿਹੀ ਕੁੜੀ ਮੈਲੇ ਕੁਚੈਲੇ ਜਿਹੇ ਕੱਪੜੇ ਪਾਈ ਇੱਕ ਚਿੱਠੀ ਵਾਲਾ ਲਿਫ਼ਾਫ਼ਾ ਲੈ ਕੇ ਮੇਰੀ ਦੁਕਾਨ ’ਤੇ ਆ ਗਈ ਤੇ ਕਹਿਣ ਲੱਗੀ, “ਅੰਕਲ ਜੀ, ਆਹ ਸਾਡੇ ਘਰ ਚਿੱਠੀ ਆਈ ਸੀ। ਮੇਰਾ ਡੈਡੀ ਕਹਿੰਦਾ, ਪੁੱਤ ਆਹ ਤੂੰ ਆਵਦੇ ਓਸ ਅੰਕਲ ਨੂੰ ਦਿਖਾ ਆਈਂ।”।

ਚਿੱਠੀ ਪੜ੍ਹਨ ਦੀ ਉਤਸੁਕਤਾ ਵਿੱਚ ਮੈਂ ਉਸ ਬੱਚੀ ਕੋਲੋਂ ਉਹਦੀ ਮੰਮੀ ਬਾਰੇ ਪੁੱਛਣਾ ਹੀ ਭੁੱਲ ਗਿਆ। ਉਸ ਚਿੱਠੀ ਵਿੱਚ ਐੱਸ.ਸੀ ਕਮਿਸ਼ਨ ਦੇ ਵੱਲੋਂ ਫੂਡ ਸਪਲਾਈ ਮਹਿਕਮੇ ਨੂੰ ਹਦਾਇਤ ਕੀਤੀ ਗਈ ਸੀ ਕਿ ਇਸ ਪਰਿਵਾਰ ਦਾ ਰਾਸ਼ਨ ਕਾਰਡ ਬਣਵਾਇਆ ਜਾਵੇ। ਜਦੋਂ ਮੈਂ ਉਸ ਬੱਚੀ ਨੂੰ ਕਿਹਾ ਕਿ ਪੁੱਤ, ਥੋਡਾ ਕਾਰਡ ਬਣਾਉਣ ਵਾਸਤੇ ਅਰਜ਼ੀ ਪਾਸ ਹੋ ਗਈ ਹੈ, ਤਾਂ ਕੁੜੀ ਰੋਂਦੀ-ਰੋਂਦੀ ਕਹਿਣ ਲੱਗੀ, “ਅੰਕਲ, ਜਦੋਂ ਹੁਣ ਮਾਂ ਹੀ ਨੀ ਰਹੀ, ਫਿਰ ਕਾਰਡ ਕਾਹਦੇ ਵਾਸਤੇ ਬਣਾਉਣਾ?”

ਕੁੜੀ ਦੇ ਇਨ੍ਹਾਂ ਬੋਲਾਂ ਨਾਲ ਮੇਰੀ ਭੁੱਬ ਨਿੱਕਲ ਗਈ ਤੇ ਮੈਂਨੂੰ ਇਉਂ ਲੱਗਾ ਜਿਵੇਂ ਮੇਰੀ ਆਪਣੀ ਧੀ ਕੋਲੋਂ ਉਹਦੀ ਮਾਂ ਸਦਾ ਲਈ ਵਿੱਛੜ ਗਈ ਹੋਵੇ। ਮੈਂ ਉਹਨੂੰ ਆਪਣੀ ਬੁੱਕਲ ਵਿੱਚ ਲੈ ਵਰਾਉਣ ਲੱਗਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3542)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਸਤਨਾਮ ਸਮਾਲਸਰ

ਸਤਨਾਮ ਸਮਾਲਸਰ

Tel: (91 - 99142 - 98580)
Email: (satnamsmalsar@gmail.com)