“ਅਸੀਂ ਕੇਵਲ ਉਹੀ ਰਿਸ਼ਤੇ ਰੱਖਣਾ ਚਾਹੁੰਦੇ ਹਾਂ ਜਿਨ੍ਹਾਂ ਵਿੱਚੋਂ ਸਾਨੂੰ ਸਿੱਧਾ ਜਾਂ ਅਸਿੱਧਾ ਆਰਥਿਕ ਲਾਭ ...”
(15 ਮਾਰਚ 2022)
ਮਹਿਮਾਨ: 270.
ਪੈਸਾ ਸਾਡੀ ਜਿੰਦ-ਜਾਨ ਹੈ। ਸਾਰੀ ਜ਼ਿੰਦਗੀ ਪੈਸੇ ਦੇ ਦੁਆਲੇ ਹੀ ਘੁੰਮਦੀ ਹੈ। ਜੇਕਰ ਜੀਵਨ ਵਿੱਚੋਂ ਪੈਸਾ ਮਨਫੀ ਹੋ ਜਾਵੇ ਤਾਂ ਜ਼ਿੰਦਗੀ ਵਿੱਚ ਠਹਿਰਾਵ ਆ ਜਾਂਦਾ ਹੈ। ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਨਾਲੋਂ ਵੀ ਮਾੜੀ ਹੁੰਦੀ ਹੈ। ਗਰੀਬੀ ਦਾ ਫਾਂਡਾ ਵਰ੍ਹਦਾ ਹੋਵੇ ਤਾਂ ਵਿਅਕਤੀ ਪੈਰ-ਪੈਰ ’ਤੇ ਤਿਲਕਦਾ ਹੈ। ਪੈਸੇ ਦੀ ਕਮੀ ਵਿਅਕਤੀ ਨੂੰ ਕਿਨ੍ਹਾਂ-ਕਿਨ੍ਹਾਂ ਘਾਟਾਂ ਦਾ ਪਾਣੀ ਪੀਣ ਲਈ ਮਜਬੂਰ ਕਰ ਦਿੰਦੀ ਹੈ, ਇਸਦਾ ਅਹਿਸਾਸ ਇਸ ਨੂੰ ਹੰਢਾਉਣ ਵਾਲੇ ਹੀ ਜਾਣਦੇ ਹਨ। ਅਜਿਹੇ ਹਾਲਾਤ ਵਿੱਚ ਜ਼ਿੰਦਗੀ ਨੂੰ ਮਾਣਿਆ ਨਹੀਂ, ਕੇਵਲ ਢੋਇਆ ਹੀ ਜਾਂਦਾ ਹੈ। ਜ਼ਿੰਦਗੀ ਵਿੱਚੋਂ ਜ਼ਿੰਦਗੀ ਦੇ ਰੰਗ ਮਨਫੀ ਹੋ ਜਾਂਦੇ ਹਨ। ਸੋਹਣੀ ਜ਼ਿੰਦਗੀ ਜਿਊਣ ਦੀ ਖਾਹਿਸ਼ ਹਰ ਵਿਅਕਤੀ ਵਿੱਚ ਹੁੰਦੀ ਹੈ ਪਰ ਗਰੀਬੀ ਦੇ ਫੰਡੇ ਲੋਕਾਂ ਦੀਆਂ ਆਸਾਂ ਤੇ ਸੁਪਨੇ ਸੁੱਕੇ ਪੱਤਿਆਂ ਵਾਂਗ ਬਿਖਰ ਜਾਂਦੇ ਹਨ। ਘਰੋਗੀ ਆਰਥਿਕ ਤੰਗੀਆਂ ਵਿਅਕਤੀ ਦੇ ਸੰਕਲਪ ਦੇ ਰਸਤੇ ਵਿੱਚ ਕਦਮਾਂ ਵਾਸਤੇ ਜ਼ਖਮਾਂ ਅਤੇ ਛਾਲਿਆਂ ਦਾ ਰੂਪ ਧਾਰਨ ਕਰਕੇ ਪਰਖਾਂ ਕਰਦੀਆਂ ਰਹਿੰਦੀਆਂ ਹਨ। ਗਰੀਬੀ ਦਾ ਹਥਿਆਰ ਆਦਮੀ ਨੂੰ ਸਿਰਫ ਜ਼ਖਮੀ ਨਹੀਂ ਕਰਦਾ ਸਗੋਂ ਅੰਦਰੋਂ-ਅੰਦਰ ਖੋਰਦਾ ਵੀ ਰਹਿੰਦਾ ਹੈ। ਗਰੀਬੀ ਖੂਬਸੂਰਤ ਚਿਹਰੇ ਨੂੰ ਝੁਰੜੀਆਂ ਨਾਲ ਭਰ ਦਿੰਦੀ ਹੈ। ਤਾਕਤਵਰ ਜਿਸਮ ਢਲ ਜਾਂਦਾ ਹੈ ਜਿਸਦੇ ਸਿੱਟੇ ਵਜੋਂ ਬੁਢਾਪਾ ਜਲਦੀ ਦਸਤਕ ਦੇ ਦਿੰਦਾ ਹੈ। ਇਮਾਨਦਾਰ ਆਦਮੀ ਦੇ ਦਿਲ ’ਤੇ ਖੰਜਰ ਵਾਂਗ ਲਗਦੀ ਹੈ ਗਰੀਬੀ, ਜਦੋਂ ਲੋੜ ਪੈਣ ’ਤੇ ਨਜ਼ਦੀਕੀ ਰਿਸ਼ਤੇਦਾਰ ਵੀ ਬੂਹਾ ਢੋਅ ਲੈਂਦੇ ਹਨ। ਸਿਆਣੇ ਕਹਿੰਦੇ ਹਨ:
“ਟੁੱਟ ਜਾਂਦੇ ਨੇ ਗਰੀਬੀ ਵਿੱਚ ਉਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ, ਯਾਰ ਤਾਂ ਹਜ਼ਾਰਾਂ ਬਣਦੇ ਜਦੋਂ ਪੈਸੇ ਕੋਲ ਹੁੰਦੇ ਨੇ।”
ਗਰੀਬ ਨੂੰ ਥੋੜ੍ਹੇ ਜਿਹੇ ਪੈਸਿਆਂ ਲਈ ਵੀ ਗੁਲਾਮੀ ਕਰਨੀ ਪੈ ਜਾਂਦੀ ਹੈ ਅਤੇ ਬਹੁਤੇ ਵਾਰ ਨਜ਼ਦੀਕੀਆਂ ਦੀਆਂ ਚੋਟਾਂ ਵੀ ਸਹਿਣੀਆਂ ਪੈਂਦੀਆਂ ਹਨ। ਰਿਸ਼ਤੇਦਾਰੀ ਵਿੱਚ ਦਰਾੜ ਪੈ ਜਾਂਦੀ ਹੈ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਖਤਮ ਹੋ ਜਾਂਦੀ ਹੈ। ਗਰੀਬਾਂ ਨਾਲ ਤਾਂ ਰਿਸ਼ਤਾ ਦੱਸਣ ਲਈ ਵੀ ਪੈਸੇ ਵਾਲਿਆਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ। ਅਕਸਰ ਗਰੀਬਾਂ ਦੇ ਮੋਬਾਇਲ ਨੰਬਰ ਵੀ ਨਜ਼ਦੀਕੀਆਂ ਕੋਲੋਂ ਗੁਆਚ ਜਾਂਦੇ ਹਨ। ਅੱਜ ਦੇ ਯੁਗ ਵਿੱਚ ਹਾਲ-ਚਾਲ ਵੀ ਲੋਕ ਅਮੀਰ ਰਿਸ਼ਤੇਦਾਰਾਂ ਨੂੰ ਹੀ ਪੁੱਛਦੇ ਹਨ ਜਾਂ ਜਿਨ੍ਹਾਂ ਕੋਲੋਂ ਕਿਸੇ ਮਤਲਬ ਦੀ ਆਸ ਹੋਵੇ। ਕਿਸੇ ਨੇ ਸੱਚ ਹੀ ਕਿਹਾ ਹੈ ਕਿ:
“ਗਰੀਬ ਸੇ ਕਰੀਬ ਕਾ ਰਿਸ਼ਤਾ ਭੀ
ਛੁਪਾਏ ਰੱਖਤੇ ਹੈਂ ਲੋਗ
ਅਮੀਰੋਂ ਸੇ ਦੂਰ ਕਾ ਰਿਸ਼ਤਾ ਭੀ
ਬੜ੍ਹਾ-ਚੜ੍ਹਾ ਕਰ ਬਤਾਤੇ ਹੈਂ ਲੋਗ।”
ਗਰੀਬ ਵਿਅਕਤੀ ਆਪਣੇ ਬੱਚਿਆਂ ਦੇ ਅਰਮਾਨਾਂ ਨੂੰ ਵੀ ਕੁਚਲਣ ਲਈ ਮਜਬੂਰ ਹੋ ਜਾਂਦਾ ਹੈ ਜਿਸ ਕਾਰਨ ਉਸ ਦਾ ਕਲੇਜਾ ਛਲਣੀ ਹੋਇਆ ਰਹਿੰਦਾ ਹੈ ਕਿਉਂਕਿ ਨਾ ਤਾਂ ਉਹ ਆਪਣੇ ਬੱਚਿਆਂ ਨੂੰ ਆਪਣੇ ਗਰੀਬੀ ਦੇ ਲੀਰਾਂ ਵਾਲੇ ਖਿੱਦੋ ਨੂੰ ਵਿਖਾ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਪੂਰਾ ਕਰ ਸਕਦਾ ਹੈ। ਉਸ ਨੂੰ ਆਪਣੇ ਸੁਪਨੇ ਟੁੱਟਦੇ ਪ੍ਰਤੀਤ ਹੁੰਦੇ ਹਨ ਤੇ ਮਹਿਸੂਸ ਹੁੰਦਾ ਹੈ, ਜਿਵੇਂ ਉਸ ਲਈ ਦੁਨੀਆਂ ਦਾ ਅੰਤ ਹੋ ਗਿਆ ਹੋਵੇ। ਰੱਬ ਨੇ ਵੀ ਤਾਂ ਗਰੀਬਾਂ ਨੂੰ ਅਮੀਰਾਂ ਵਰਗੀਆਂ ਚਾਹਤਾਂ ਦੇ ਕੇ ਪਰ ਸਾਧਨ ਨਾ ਬਣਾ ਕੇ ਉਨ੍ਹਾਂ ਨਾਲ ਜ਼ਿਆਦਤੀ ਹੀ ਕੀਤੀ ਹੈ। ਗਰੀਬੀ ਦੇ ਗ੍ਰਹਿਣ ਕਾਰਨ ਗਰੀਬਾਂ ਦੀ ਕਾਬਲੀਅਤ ਵੀ ਪੂਰੀ ਤਰ੍ਹਾਂ ਨਹੀਂ ਨਿੱਖਰ ਸਕਦੀ। ਸੰਤੁਲਿਤ ਤਬੀਅਤ ਵਿਅਕਤੀ ਸਮਾਜ ਵਿੱਚ ਵਿਚਰਣ ਦੇ ਯੋਗ ਨਹੀਂ ਰਹਿੰਦਾ। ਗਰੀਬੀ ਬਰਾਬਰ ਕੋਈ ਵੀ ਸੰਸਾਰਿਕ ਬਿਮਾਰੀ ਨਹੀਂ ਹੈ। ਹੋਰ ਬਿਮਾਰੀਆਂ ਤਾਂ ਇੱਕ ਵਾਰ ਦੇ ਇਲਾਜ ਨਾਲ ਸ਼ਾਂਤ ਹੋ ਜਾਂਦੀਆਂ ਹਨ ਪਰ ਗਰੀਬੀ ਦਾ ਇਲਾਜ ਤਾਂ ਰੋਜ਼ ਹੀ ਕਰਨਾ ਪੈਂਦਾ ਹੈ। ਗਰੀਬੀ ਦਾ ਸੰਤਾਪ ਹੰਢਾਉਣ ਵਾਲੇ ਵਿਅਕਤੀ ਦੀਆਂ ਵੇਦਨਾਵਾਂ ਨੂੰ ਕਿਸੇ ਸਿਆਣੇ ਨੇ ਕਿੰਨੀ ਖੂਬਸੂਰਤੀ ਨਾਲ ਚਿਤਰਿਆ ਹੈ:
ਪੀੜਾਂ ਵਿੱਚੋਂ ਪੀੜ ਅਨੋਖੀ,
ਨਾਮ ਹੈ ਉਸ ਦਾ ਗਰੀਬੀ
ਔਖੇ ਵੇਲੇ ਕੰਧ ਕਰ ਲੈਂਦੇ,
ਰਿਸ਼ਤੇਦਾਰ ਕਰੀਬੀ।
ਪੈਸਾ ਹੀ ਮਨੁੱਖੀ ਰਿਸ਼ਤਿਆਂ ਦਾ ਆਧਾਰ ਰਹਿ ਗਿਆ ਹੈ। ਸਮੁੱਚਾ ਰਿਸ਼ਤਨਾਮਾ ਗਰੀਬੀ ਦੇ ਦਬਾਅ ਹੇਠ ਤਿੜਕ ਰਿਹਾ ਹੈ ਜਿਸਦੀ ਚੀਸ ਵਿਅਕਤੀ ਨੂੰ ਅੰਦਰੋਂ-ਅੰਦਰ ਖੋਖਲਾ ਕਰ ਦਿੰਦੀ ਹੈ। ਅਸੀਂ ਕੇਵਲ ਉਹੀ ਰਿਸ਼ਤੇ ਰੱਖਣਾ ਚਾਹੁੰਦੇ ਹਾਂ ਜਿਨ੍ਹਾਂ ਵਿੱਚੋਂ ਸਾਨੂੰ ਸਿੱਧਾ ਜਾਂ ਅਸਿੱਧਾ ਆਰਥਿਕ ਲਾਭ ਮਿਲ ਰਿਹਾ ਹੈ ਜਾਂ ਮਿਲਣ ਦੀ ਆਸ ਹੈ। ਬਾਬਾ ਨਜ਼ਮੀ ਜੀ ਨੇ ਵੀ ਕਿੰਨਾ ਖੂਬ ਕਿਹਾ ਹੈ:
“ਜਿਨ੍ਹਾਂ ਦੇ ਗੱਲ ਲੀਰਾਂ ਪਈਆਂ,
ਉਨ੍ਹਾਂ ਵੱਲ ਤਾਂ ਤੱਕਦੇ ਨਹੀਂ।
ਕਬਰਾਂ ਉੱਤੇ ਤਿੱਲੇ ਜੜੀਆਂ
ਚਾਦਰਾਂ ਚੜ੍ਹਾਈ ਜਾਂਦੇ ਨੇ।”
ਜ਼ਰੂਰਤ ਵਿਅਕਤੀ ਦੀ ਸਭ ਤੋਂ ਵੱਡੀ ਮਜਬੂਰੀ ਹੁੰਦੀ ਹੈ। ਜ਼ਰੂਰਤ ਪੈਣ ’ਤੇ ਮਨੁੱਖ ਹਰ ਗੱਲ ਮੰਨਣ ਲਈ ਤਿਆਰ ਹੋ ਜਾਂਦਾ ਹੈ। ਕਿਸੇ ਦੇ ਬੋਲਾਂ-ਕਬੋਲਾਂ ਨੂੰ ਵੀ ਬਰਦਾਸ਼ਤ ਕਰ ਲੈਂਦਾ ਹੈ। ਗਰੀਬ ਦਾ ਕੋਈ ਨਾਂ ਨਹੀਂ ਹੁੰਦਾ। ਜੋ ਲੋਕ ਰੱਖ ਲੈਣ ਉਹੀ ਉਸ ਨੂੰ ਕਬੂਲਣਾ ਪੈਂਦਾ ਹੈ। ਜ਼ਰੂਰਤ ਪੈਣ ’ਤੇ ਕੱਚੇ ਰੰਗਾਂ ਵਰਗੇ ਦੋਸਤ-ਰਿਸ਼ਤੇ ਉਦਾਸੀਆਂ ਸ਼ਕਲਾਂ ਦਾ ਪ੍ਰਗਟਾਵਾ ਕਰਦੇ ਹੋਏ ਮੈਦਾਨ ਛੱਡ ਜਾਂਦੇ ਹਨ। ਜਿਨ੍ਹਾਂ ਤੋਂ ਉਮੀਦ ਹੋਵੇ ਤੇ ਉਹੋ ਹੀ ਦਿਲ ਦੁਖਾ ਦੇਣ ਤਾਂ ਪੂਰੀ ਦੁਨੀਆਂ ਤੋਂ ਹੀ ਭਰੋਸਾ ਉੱਠ ਜਾਂਦਾ ਹੈ। ਅਜਿਹੇ ਹਾਲਾਤ ਨੂੰ ਹੰਢਾ ਚੁੱਕੇ ਇੱਕ ਵਿਅਕਤੀ ਨੇ ਆਪਣੇ ਮਨ ਦੇ ਭਾਵਾਂ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ:
“ਪੱਥਰ ਨਹੀਂ ਹਾਂ,
ਮੇਰੇ ਵਿੱਚ ਵੀ ਨਮੀ ਹੈ।
ਦਰਦ ਬਿਆਂ ਨਹੀਂ ਕਰਦਾ,
ਬੱਸ ਇੰਨੀ ਹੀ ਕਮੀ ਹੈ।”
ਇਸ ਲਈ ਗਰੀਬ, ਲਾਚਾਰ, ਅਤੇ ਬੇਸਹਾਰਾ ਦਾ ਮਨ ਕਦੇ ਨਹੀਂ ਦੁਖਾਉਣਾ ਚਾਹੀਦਾ। ਜੇਕਰ ਟਿੱਚਰ ਜਾਂ ਮਜ਼ਾਕ ਕਰ ਦਿੱਤਾ ਜਾਵੇ ਜਾਂ ਉੱਚਾ ਬੋਲ ਦਿੱਤਾ ਜਾਵੇ ਤਾਂ ਉਹ ਡੋਲ ਜਾਂਦਾ ਹੈ। ਉਸ ਦੇ ਦਿਲ ਵਿੱਚੋਂ ਬਦ-ਦੁਆਵਾਂ ਹੀ ਨਿਕਲਦੀਆਂ ਹਨ ਜੋ ਵਕਤ ਆਉਣ ’ਤੇ ਦਿਲ ਦੁਖਾਉਣ ਵਾਲੇ ’ਤੇ ਭਾਰੂ ਪੈ ਜਾਂਦੀਆਂ ਹਨ। ਕਦੇ ਵੀ ਗਰੀਬ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਨਾ ਕਰੋ। ਗਰੀਬ ਦੀ ਹਾਅ ਬਹੁਤ ਮਾੜੀ ਹੁੰਦੀ ਹੈ। ਜੇਕਰ ਅਸੀਂ ਕਿਸੇ ਦੇ ਹਨੇਰੇ ਰਾਹਾਂ ’ਤੇ ਮੁਹੱਬਤ ਦਾ ਦੀਵਾ ਨਹੀਂ ਬਾਲ ਸਕਦੇ ਤਾਂ ਸਾਨੂੰ ਕਿਸੇ ਦੇ ਜ਼ਖਮਾਂ ’ਤੇ ਲੂਣ ਛਿੜਕਣ ਦਾ ਵੀ ਕੋਈ ਹੱਕ ਨਹੀਂ। ਕਿਸੇ ਨੇ ਸੱਚ ਹੀ ਕਿਹਾ ਹੈ:
ਕੀ ਮਿਲਦਾ ਏ ਤੁਹਾਨੂੰ ਉਡਾ ਕੇ ਮਜ਼ਾਕ ਗਰੀਬਾਂ ਦਾ,
ਸਭ ਨੂੰ ਭੁਗਤਣਾ ਪੈਂਦਾ ਏ ਹਾਲ ਨਸੀਬਾਂ ਦਾ।
ਮਜਬੂਰੀ, ਬੇਵਸੀ ਤੇ ਗਰੀਬੀ ਹੀ ਮਨੁੱਖ ਨੂੰ ਗੁਨਾਹ ਕਰਨ ਲਈ ਉਕਸਾਉਂਦੇ ਹਨ ਜਿਸ ਕਾਰਨ ਇੱਕ ਹੋਰ ਸਥਿਤੀ ਉਤਪਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਵਿੱਚ ਆਦਾਨ-ਪ੍ਰਦਾਨ, ਵਿਚਾਰ-ਵਟਾਂਦਰੇ ਅਤੇ ਸੇਵਾ-ਸਨਮਾਨ ਵਰਗੇ ਚੰਗੇ ਗੁਣਾਂ ਦੀ ਹਰ ਪਲ ਹੱਤਿਆ ਹੁੰਦੀ ਰਹਿੰਦੀ ਹੈ।
ਅਜਿਹੀ ਸਥਿਤੀ ਹੰਢਾਉਣ ਵਾਲੇ ਲੋਕਾਂ ਦੀ ਰੱਬ ਨੂੰ ਕੀਤੀ ਫਰਿਆਦ ਨੂੰ ਕਿਸੇ ਸਿਆਣੇ ਨੇ ਇਸ ਤਰ੍ਹਾਂ ਦਰਸਾਇਆ ਹੈ:
ਦਾਤਾ ਕੋਈ ਗਰੀਬ ਨਾ ਹੋਵੇ,
ਮਾੜਾ ਕਿਸੇ ਦਾ ਨਸੀਬ ਨਾ ਹੋਵੇ।
ਗਰੀਬ ਨੂੰ ਮਾਰ ਜਾਂਦੀ
ਤਕੜੇ ਦੀ ਘੂਰੀ ਏ,
ਰੱਬਾ, ਦੋ ਵਕਤ ਦੀ ਰੋਟੀ
ਤੇ ਸਿਰ ’ਤੇ ਛੱਤ ਜ਼ਰੂਰੀ ਏ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3430)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)