GurpreetSJakhwali7ਆਉ ਸਾਰੇ ਹੀ ਨਵੇਂ ਸੁਪਨਿਆਂ ਦੇ ਪੰਜਾਬ ਦੀ ਗੱਲ ਕਰੀਏ। ਨਵੀਂ ਬਣੀ ਸਰਕਾਰ ਦਾ ਇੱਕ ਚੰਗੇ ...BhagwantMann3
(13 ਮਾਰਚ 2022)
ਮਹਿਮਾਨ: 396.

BhagwantMann2

 ***

ਤੁਸੀਂ ਮੇਰੇ ’ਤੇ ਯਕੀਨ ਰੱਖਿਓ, ਮੇਰੀ ਨੀਅਤ ਵਿੱਚ ਕੋਈ ਖੋਟ ਨਹੀਂ ...” - ਭਗਵੰਤ ਮਾਨ


ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਅਤੇ ਚੰਗੇ ਚੰਗੇ ਦਿਗਜ਼ਾਂ ਨੂੰ ਹਾਰ ਦੀ ਧੂਲ ਚਟਾਉਣ ਤੋਂ ਬਾਅਦ ਜਦੋਂ ਭਗਵੰਤ ਮਾਨ ਆਪਣੇ ਘਰ ਤੋਂ ਸਮੂਹ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਬੋਲੇ, ਉਸਦੇ ਬੋਲ ਸੱਚਮੁੱਚ ਦਿਲ ਨੂੰ ਛੂਹ ਗਏ। ਉਹ ਬੋਲ ਸਨ, “ਤੁਸੀਂ ਮੇਰੇ ’ਤੇ ਯਕੀਨ ਰੱਖਿਓ
, ਮੇਰੀ ਨੀਅਤ ਵਿੱਚ ਕੋਈ ਖੋਟ ਨਹੀਂ।” ਇਹ ਬੋਲ ਜਿਵੇਂ ਦਿਲੋਂ ਆਪੇ ਮੁਹਾਰੇ ਨਿਕਲੇ ਹੋਣ। ਇਹਨਾਂ ਬੋਲਾਂ ਦਾ ਸਭ ਨੇ ਸਵਾਗਤ ਕੀਤਾ। ਸਰਦਾਰ ਭਗਤ ਸਿੰਘ ਸ਼ਹੀਦ ਦੀ ਗੱਲ ਕਰਦੇ ਹੋਏ ਜਦੋਂ ਉਹ ਪੰਜਾਬ ਵਿੱਚ ਫੈਲੇ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਸਿੱਖਿਆ, ਨਸ਼ਿਆਂ ਬਾਰੇ ਬੋਲ ਰਹੇ ਸੀ ਤਾਂ ਇੰਝ ਲੱਗ ਰਿਹਾ ਸੀ ਕਿ ਕੋਈ ਪੰਜਾਬ ਦਾ ਸੱਚਾ ਸੁੱਚਾ ਜਰਨੈਲ਼ ਪੰਜਾਬ ਦੀ ਗੱਲ ਕਰ ਰਿਹਾ ਹੈ। ਮਾਨ ਸਾਬ ਦੇ ਬੋਲਣ ਤੋਂ ਲੱਗ ਰਿਹਾ ਸੀ ਕਿ ਉਹ ਪੰਜਾਬ ਪ੍ਰਤੀ ਫ਼ਿਕਰਮੰਦ ਹਨ, ਨੌਜਵਾਨੀ ਬਾਰੇ ਸੋਚਦੇ ਹਨ, ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਉਣ ਵਾਰੇ ਸੋਚਦੇ ਹਨ।

ਸੱਚਮੁੱਚ ਹੀ ਮਾਨ ਪੰਜਾਬ ਪ੍ਰਤੀ ਫ਼ਿਕਰ ਮੰਦ ਹੈ। ਸਮੂਹ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਜਿੱਥੇ ਉਨ੍ਹਾਂ ਨੇ ਪਹਿਲਾਂ ਭਗਵੰਤ ਮਾਨ ਉੱਤੇ ਐਨਾ ਭਰੋਸਾ ਕੀਤਾ, ਅਗਾਂਹ ਵੀ ਸਾਰੇ ਇਹ ਭਰੋਸਾ ਬਣਾਈ ਰੱਖਣਾ। ਜੇਕਰ ਅਸੀਂ ਤੁਸੀਂ ਸੋਚੀਏ ਕਿ ‘ਆਪ’ ਪਾਰਟੀ ਜਾਂ ਇਕੱਲਾ ਭਗਵੰਤ ਮਾਨ ਇੱਕ ਸਾਲ ਜਾਂ ਪੰਜ ਸਾਲ ਵਿੱਚ ਸਭ ਠੀਕ ਕਰ ਦੇਣਗੇ, ਇਹ ਵੀ ਗੱਲ ਠੀਕ ਨਹੀਂ ਹੋਵੇਗੀ। ਪੰਜਾਬ ਦੀ ਸਿਆਸਤ ਵਿੱਚ ਗੰਦ ਬਹੁਤ ਪੈ ਚੁੱਕਾ ਹੈ। ਪੂਰਾ ਪੰਜਾਬ ਇਸ ਸਮੇਂ ਹਿੱਲਿਆ ਹੋਇਆ ਹੈ, ਠੀਕ ਕਰਨ ਅਤੇ ਠੀਕ ਕਰਵਾਉਣ ਲਈ ਸਾਡੇ ਨਵੇਂ ਬਣੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਸਮੂਹ ਲੀਡਰਸ਼ਿੱਪ ਅਤੇ ਕੇਜਰੀਵਾਲ ਜੀ ਉੱਤੇ ਭਰੋਸਾ ਕਰਨਾ ਅਤੇ ਸਹਿਯੋਗ ਦੇਣਾ ਹਰੇਕ ਪੰਜਾਬੀ ਦਾ ਫ਼ਰਜ਼ ਬਣਦਾ ਹੈ।

ਜਦੋਂ ਮਾਨ ਸਾਹਬ ਮੁੱਖ ਮੰਤਰੀ ਪੰਜਾਬ ਦੀ ਸੌਂਹ ਚੁੱਕਣਗੇ ,ਉਦੋਂ ਸਾਨੂੰ ਵੀ ਇਹ ਸੌਂਹ ਚੁੱਕਣੀ ਪਵੇਗੀ ਕਿ ਮਾਨ ਸਾਹਬ, ਜੇਕਰ ਤੁਸੀਂ ਨੀਅਤ ਠੀਕ ਰੱਖਕੇ ਪੰਜਾਬ ਲਈ ਕੰਮ ਕਰੋਂਗੇ ਤਾਂ ਅਸੀਂ ਵੀ ਸਮੂਹ ਪੰਜਾਬ ਵਾਸੀ ਤੁਹਾਡਾ ਸਾਥ ਦੇਵਾਂਗੇ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ। ਆਉ ਸਾਰੇ ਹੀ ਨਵੇਂ ਸੁਪਨਿਆਂ ਦੇ ਪੰਜਾਬ ਦੀ ਗੱਲ ਕਰੀਏ। ਨਵੀਂ ਬਣੀ ਸਰਕਾਰ ਦਾ ਇੱਕ ਚੰਗੇ ਨਾਗਰਿਕ ਦੀ ਤਰ੍ਹਾਂ ਸਾਥ ਦਈਏ।

*****

ਸ਼੍ਰੀ ਫ਼ਤਹਿਗੜ੍ਹ ਸਾਹਿਬ ਹਲ਼ਕੇ ਦੇ ਲੋਕਾਂ ਬੇਹਿਸਾਬ ਖੁਸ਼ੀ ਹੋਈ ਹੈ --- ਗੁਰਪ੍ਰੀਤ ਸਿੰਘ ਜਖ਼ਵਾਲੀ

ਸ਼੍ਰੀ ਫ਼ਤਹਿਗੜ੍ਹ ਸਾਹਿਬ ਹਲ਼ਕੇ ਦੇ ਲੋਕਾਂ ਨੂੰ ਜਿੱਤਣ ਵਾਲੇ ਨਾਲੋਂ ਵੱਧ ਕੁਲਜੀਤ ਸਿੰਘ ਨਾਗਰਾ ਦੇ ਹਾਰਨ ’ਤੇ ਬੇਹਿਸਾਬ ਖੁਸ਼ੀ ਹੋਈ ਹੈ। ਕਿਉਂ?

ਮੇਰਾ ਹਲਕਾ ਵੀ ਸ੍ਰੀ ਫ਼ਤਹਿਗੜ੍ਹ ਸਾਹਿਬ ਹੀ ਹੈ। ਆਪ ਪਾਰਟੀ ਦੀ ਬਹੁਮਤ ਨਾਲ ਬਣੀ ਸਰਕਾਰ ਨੇ ਪੰਜਾਬ ਵਿੱਚ ਇਹ ਸਾਬਿਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਹੁਣ ਰਿਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਸਨ। ਚਾਹੇ ਉਹ ਹਲਕੇ ਦਾ ਵਿਧਾਇਕ ਹੋਵੇ ਜਾਂ ਉਹਨਾਂ ਵਿਧਾਇਕਾਂ ਵੱਲੋਂ ਅੱਗੇ ਚੁਣੇ ਹੋਏ ਚਮਚੇ ਭਾਵ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ, ਪੰਚ, ਮਰਜ਼ੀ ਅਨੁਸਾਰ ਲਗਾਏ ਹੋਏ SP, DC, SHO, ਪੰਚਾਇਤ ਅਫ਼ਸਰ ਤਕ ਮਰਜ਼ੀ ਅਨੁਸਾਰ ਲਾ ਕੇ ਸਾਰੇ ਦਾ ਸਾਰਾ ਹਲਕਾ ਆਪਣੀ ਮਰਜ਼ੀ ਅਨੁਸਾਰ ਚਲਾਉਣਾ ਇੱਕ ਮੂਰਖਤਾ ਸੀ। ਸਭ ਕੁੱਝ ਮੇਰੀ ਮਰਜ਼ੀ ਨਾਲ ਹੋਵੇ, ਲੋਕਾਂ ਦੀ ਨਾ ਸੁਣੀ ਜਾਵੇ, ਜੋ ਵਿਧਾਇਕ ਕਹੇ ਉਹ ਸੱਚ ਬਾਕੀ ਸਭ ਝੂਠ। ਦੂਸਰੀ ਗੱਲ, ਪਰਿਵਾਰਕ ਮੈਂਬਰਾਂ ਨੂੰ ਹੱਦ ਤੋਂ ਵੱਧ ਮਨਮਰਜ਼ੀ ਕਰਨ ਦੇਣਾ, ਜੋ ਸੰਵਿਧਾਨਕ ਤੌਰ ’ਤੇ ਗ਼ਲਤ ਅਤੇ ਲੋਕਾਂ ਨਾਲ ਧੱਕਾ ਹੀ ਸੀ। ਵਿਧਾਇਕ ਇਵੇਂ ਹੀ ਕਰਦੇ ਆ ਰਹੇ ਸੀ। ਅਸਲ ਵਿੱਚ ਇਹਨਾਂ ਦੇ ਮਨ ਅੰਦਰ ਹੰਕਾਰ ਆ ਗਿਆ ਸੀ। ਸਿਆਣੇ ਕਹਿੰਦੇ ਨੇ ਰੱਬ ਨੂੰ ਘੜੱਬ ਦੱਸਣਾ, ਬੰਦੇ ਨੂੰ ਬੰਦਾ ਨਾ ਸਮਝਣਾ, ਇਹ ਹੰਕਾਰੀ ਵਿਧਾਇਕਾਂ ਅਤੇ ਉਹਨਾਂ ਦੇ ਚਮਚਿਆਂ ਦੀ ਸੋਚ ਬਣ ਗਈ ਸੀ। ਪੰਜ ਪੰਜ ਸਾਲ ਵਾਲ਼ੀ ਗੱਲ ਘਰ ਕਰ ਗਈ ਸੀ। ਉਹ ਸੋਚਦੇ ਸੀ ਕਿ ਹਲ਼ਕੇ ਦੇ ਲੋਕ ਮੂਰਖ ਹਨ। ਇਹਨਾਂ ਨੇ ਤਾਂ ਅੱਖਾਂ ਬੰਦ ਕਰਕੇ ਵੋਟਾਂ ਪਾ ਦੇਣੀਆਂ ਨੇ। ਪਰ ਇਸ ਵਾਰ ਜ਼ਰੂਰ ਅੱਖਾਂ ਬੰਦ ਕਰਕੇ ਵੋਟਾਂ ਪਾਈਏ, ਸਿਰਫ਼ ਤੇ ਸਿਰਫ਼ ਆਪ ਪਾਰਟੀ ਨੂੰ, ਹੋਰ ਕੋਈ ਸੂਝਵਾਨ ਵੋਟਰਾਂ ਨੂੰ ਨਜ਼ਰ ਹੀ ਨਹੀਂ ਆਇਆ।

ਇਸ ਵਾਰ ਸ਼੍ਰੀ ਫ਼ਤਹਿਗੜ੍ਹ ਸਾਹਿਬ ਹਲ਼ਕੇ ਦੇ ਲੋਕਾਂ ਨੂੰ ਜਿੱਤਣ ਵਾਲੇ ਨਾਲੋਂ ਕੁਲਜੀਤ ਸਿੰਘ ਨਾਗਰਾ ਦੀ ਹਾਰ ਦੀ ਬੇਹਿਸਾਬ ਖੁਸ਼ੀ ਹੋਈ ਹੈ, ਕਾਰਨ ਧੱਕੇਸ਼ਾਹੀ, ਝੂਠੇ ਪਰਚੇ, ਬੀਬੀ ਨਾਗਰਾ ਦੀ ਜ਼ਿਆਦਾ ਦਖਲਅੰਦਾਜ਼ੀ, ਪਿੰਡਾਂ ਵਿੱਚ ਖ਼ੁਦ ਨਾਗਰੇ ਦਾ ਨਾ ਆਉਣਾ, ਭਾਵ ਹਲ਼ਕੇ ਦੇ ਲੋਕਾਂ ਤੋਂ ਦੂਰੀ ਬਣਾਉਣੀ, ਗ਼ਲਤ ਲੋਕਾਂ ਦੇ ਹੱਥਾਂ ਵਿੱਚ ਪਿੰਡਾਂ,ਸ਼ਹਿਰਾਂ ਦੀ ਕਮਾਂਡ  ਦੇਣਾ, ਬੇਸ਼ੱਕ ਸਾਰੇ ਨਹੀਂ ਸਨ, ਫੇਰ ਵੀ ਕਹਿੰਦੇ ਹਨ ਕਿ ਇੱਕ ਮੱਝ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ। ਇਸੇ ਤਰ੍ਹਾਂ ਕੁਲਜੀਤ ਸਿੰਘ ਨਾਗਰੇ ਜੀ ਨਾਲ ਹੋਇਆ। ਕਈ ਵਾਰ ਕਹਿੰਦੇ ਨੇ ਕੋਈ ਕੰਨਾਂ ਦਾ ਕੱਚਾ ਅਤੇ ਗ਼ਲਤ ਸਲਾਹਕਾਰ ਵੀ ਬੰਦੇ ਨੂੰ ਹੀਰੋ ਤੋਂ ਜ਼ੀਰੋ ਕਰ ਦਿੰਦੇ ਹਨ। ਇਹ ਸਭ ਕੁਲਜੀਤ ਸਿੰਘ ਨਾਗਰੇ ਨਾਲ ਹੋਇਆ। ਜੋ ਵਿਧਾਇਕ ਲਗਾਤਾਰ ਜਿੱਤਣ ਦੀ ਸੋਚ ਅਤੇ ਕਾਬਲੀਅਤ ਰੱਖਦਾ ਹੋਵੇ, ਇਸ ਵਾਰ ਲੋਕਾਂ ਦਾ ਫ਼ਤਵਾ 31000 ਹਜ਼ਾਰ ਤੋਂ ਵੱਧ ਵੋਟਾਂ ਦਾ ਫ਼ਰਕ ਪੈ ਜਾਵੇ ਤਾਂ ਉਸ ਨੂੰ  ਸਮਝਣ ਲੈਣਾ ਚਾਹੀਦਾ ਹੈ ਕਿ ਉਹ ਹੀਰੋ ਤੋਂ ਜ਼ੀਰੋ ਹੋ ਗਏ ਹਨ। ਉਹ ਆਮ ਲੋਕਾਂ ਤੋਂ ਦੂਰ ਹੁੰਦੇ ਗਏ, ਚਮਚਿਆਂ ਦੇ ਨੇੜੇ। ਇਸ ਦੇ ਉਲਟ ਸਰਦਾਰ ਲਖਵੀਰ ਸਿੰਘ ਰਾਏ ਨੇ ਆਮ ਅਤੇ ਖ਼ਾਸ ਲੋਕਾਂ ਨਾਲ ਆਪਣਾ ਰਾਬਤਾ ਲਗਾਤਾਰ ਜਾਰੀ ਰੱਖਿਆ। ਲਖਵੀਰ ਸਿੰਘ ਰਾਏ ਨੇ ਆਮ ਲੋਕਾਂ ਦੀ ਨਬਜ਼ ਫੜੀ ਅਤੇ ਸਮਝੀ, ਅੱਜ ਉਹ ਹਲ਼ਕੇ ਦੇ ਅਤੇ ਆਮ ਲੋਕਾਂ ਦੇ ਚਹੇਤੇ ਵਿਧਾਇਕ ਬਣਕੇ ਉੱਭਰੇ ਹਨ। ਉਹਨਾਂ ਨੂੰ ਮਿਲਕੇ ਵੀ ਨਹੀਂ ਲੱਗਦਾ ਕਿ ਉਹ MLA ਸਾਹਬ ਹਨ। ਸ਼ਾਇਦ ਲਖਵੀਰ ਸਿੰਘ ਰਾਏ ਅਤੇ ਹਰੇਕ ਵਿਧਾਇਕ ਆਮ ਆਦਮੀ ਪਾਰਟੀ ਦੀ ਤਰ੍ਹਾਂ ਆਮ ਆਦਮੀ ਬਣਕੇ ਆਪਣੇ ਲੋਕਾਂ ਵਿੱਚ ਵਿਚਰਦੇ ਰਹਿਣ ਤਾਂ ਉਹ ਸਦਾ ਹੀ ਆਮ ਲੋਕਾਂ ਦੇ ਚਹੇਤੇ ਵਿਧਾਇਕ ਬਣੇ ਰਹਿਣਗੇ।

ਇਸ ਵਾਰ ਹਰੇਕ ਵਿਧਾਇਕ ਤੋਂ ਉਸਦੇ ਹਲਕੇ ਦੇ ਲੋਕਾਂ ਨੂੰ ਬਹੁਤ ਬਹੁਤ ਉਮੀਦਾਂ ਹਨ। ਹੁਣ ਇਹ ਸਾਰੇ ਵਿਧਾਇਕ ਆਮ ਲੋਕਾਂ ਅਤੇ ਆਪਣੇ ਹਲ਼ਕੇ ਦੇ ਲੋਕਾਂ ਦਾ ਵਿਸ਼ਵਾਸ ਨਾ ਟੁੱਟਣ ਦੇਣ ਕਿਉਂਕਿ ਆਪ ਪਾਰਟੀ ਨਾਲ ਲੋਕਾਂ ਦਾ ਜੁੜਨਾ ਦੂਸਰੀਆਂ ਪਾਰਟੀਆਂ ਤੋਂ ਟੁੱਟੇ ਹੋਣ ਦਾ ਕਾਰਨ ਸੀ। ਹੁਣ ਆਪ ਦੇ ਵਿਧਾਇਕ ਆਪਣੇ ਆਪਣੇ ਹਲ਼ਕੇ ਦੇ ਲੋਕਾਂ ਨਾਲ ਇਮਾਨਦਾਰੀ ਨਾਲ ਖੜ੍ਹਨ, ਹੱਕ ਸੱਚ ਦੀ ਗੱਲ ਕਰਨ, ਚਮਚਿਆਂ ਤੋਂ ਦੂਰ ਰਹਿਣ, ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਇੱਕ ਵਾਰ ਗਰਾਊਂਡ ਪੱਧਰ ਦੀ ਸੱਚਾਈ ਜ਼ਰੂਰ ਵੇਖ ਲੈਣ ਤਾਂ ਜੋ ਸਹੀ ਅਤੇ ਗਲਤ ਦਾ ਪਤਾ ਲੱਗ ਜਾਵੇ, ਕਿਸੇ ਨਾਲ ਧੱਕੇਸ਼ਾਹੀ ਨਾ ਹੋਵੇ।

ਸਾਰੇ ਹੀ ਨਵੇਂ ਬਣੇ ਵਿਧਾਇਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਮੇਰੇ ਹਲ਼ਕੇ ਦੇ MLA ਸਾਹਬ ਲਖਵੀਰ ਸਿੰਘ ਰਾਏ ਨੂੰ ਬੇਨਤੀ ਕਿ ਤੁਸੀਂ ਵੀ ਕੁਲਜੀਤ ਸਿੰਘ ਨਾਗਰੇ ਵਾਲੀਆ ਗ਼ਲਤੀਆਂ ਨਾ ਕਰਨਾ, ਸਗੋਂ ਉਹਨਾਂ ਦੀਆਂ ਕੀਤੀਆਂ ਗਈਆਂ ਗ਼ਲਤੀਆਂ ਤੋਂ ਸਬਕ ਲੈਣ ਦੀ ਸਖ਼ਤ ਲੋੜ ਹੈ। ਅਕਸਰ ਲੋਕੀ ਕਹਿੰਦੇ ਹਨ ਕਿ ਸਬਕ ਸਿਖਾਏ ਨਹੀਂ ਜਾਂਦੇ, ਸਬਕ ਹਮੇਸ਼ਾ ਸਿੱਖੇ ਜਾਂਦੇ ਹਨ, ਸੋ ਰਾਏ ਸਾਹਬ ਅਸੀਂ ਤੁਸੀਂ ਸਬਕ ਸਿਖਾਉਣੇ ਨਹੀਂ ਕਿਸੇ ਨੂੰ, ਆਪਾਂ ਸਬਕ ਸਿੱਖਣੇ ਹਨ। ਆਪਣੇ ਹਲਕੇ ਦੇ ਲੋਕਾਂ ਲਈ ਕੰਮ ਕਰਨੇ ਹਨ। ਚੰਗੇ ਵਿਅਕਤੀ ਅੱਗੇ ਲਿਆਉਣੇ ਹਨ ਅਤੇ ਮਾੜੀ ਸੋਚ ਰੱਖਣ ਵਾਲਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਹੈ। ਸੋ ਸਾਰਿਆਂ ਨੂੰ ਜਿੱਤ ਮੁਬਾਰਕ। ਹਾਰੇ ਹੋਏ ਵਿਧਾਇਕ ਆਪਣੀ ਹਾਰ ਤੋਂ ਸਬਕ ਲੈਣ, ਕੁਝ ਸਿੱਖਣ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3426)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਗੁਰਪ੍ਰੀਤ ਸਿੰਘ ਜਖਵਾਲੀ

ਗੁਰਪ੍ਰੀਤ ਸਿੰਘ ਜਖਵਾਲੀ

Jakhwali, Fatehgarh Sahib, Punjab, India.
Phone: (91 - 98550 - 36444)
Email: (jakhwali89@gmail.com)

More articles from this author