“ਮੁੰਡੇ ਨੇ ਦੋਹਾਂ ਹੱਥਾਂ ਨਾਲ ਆਪਣੀ ਜੇਬ ਨੂੰ ਘੁੱਟਿਆ ਹੋਇਆ ਸੀ। ਇੱਕ ਲੜਖੜਾਉਂਦਾ ਹੋਇਆ ਬੰਦਾ ...”
(27 ਜਨਵਰੀ 2022)
ਗੋਡਿਆਂ ਵਿੱਚ ਸਿਰ ਦੇਈ ਦਸ-ਬਾਰਾਂ ਸਾਲਾਂ ਦਾ ਮੁੰਡਾ ਰੋ ਰਿਹਾ ਸੀ। ਸੰਦੂਕੜੀ, ਬੁਰਸ਼ ਅਤੇ ਪਾਲਸ਼ ਦੀਆਂ ਡੱਬੀਆਂ ਉਸ ਦੇ ਕੋਲ-ਪਈਆਂ ਸਨ।
ਮੈਂ ਅਤੇ ਮੇਰੀ ਬੱਚੀ ਉਸ ਦੇ ਕੋਲੋਂ ਲੰਘਦਿਆਂ ਰੁਕ ਗਈਆਂ। ਮੈਂ ਉਸ ਨੂੰ ਪਿਆਰ ਨਾਲ ਪੁੱਛਿਆ, “ਬੇਟੇ ਤੂੰ ਕਿਉਂ ਰੋ ਰਿਹਾ ਹੈਂ? ਤੈਨੂੰ ਕਿਸੇ ਮਾਰਿਐ?”
ਮੇਰੇ ਪਿਅਰ ਭਰੇ ਸ਼ਬਦ ਸੁਣ ਕੇ ਉਸ ਨੇ ਆਪਣਾ ਸਿਰ ਉਤਾਂਹ ਚੁੱਕਿਆ। ਉਸ ਨੇ ਹੈਰਾਨੀ ਨਾਲ ਮੇਰੇ ਮੂੰਹ ਵੱਲ ਦੇਖਿਆ। ਫਿਰ ਉਹ ਬੋਲਿਆ, “ਮੈਨੇ ਬੀਸ ਰੁਪਏ ਕਮਾਏ ਥੇ … ਵੋਹ ਖੋਸ ਕਰ ਲੇ ਗਿਆ।” ਤੇ ਫਿਰ ਉਹ ਸਿਸਕੀਆਂ ਭਰਨ ਲੱਗਿਆ।
ਮੇਰੀ ਬੱਚੀ ਕਦੇ ਉਸ ਮੁੰਡੇ ਵੱਲ ਅਤੇ ਕਦੇ ਮੇਰੇ ਵੱਲ ਦੇਖ ਲੈਂਦੀ।
ਮੈਂ ਕਿੰਨਾ ਕੁਝ ਪਲਾਂ ਵਿੱਚ ਹੀ ਸੋਚ ਗਈ, “ਇਹ ਉਮਰ ਪੜ੍ਹਾਈ ਲਿਖਾਈ ਦੀ ਹੈ। ਵਿਚਾਰੇ ਨੂੰ ਪੇਟ ਦੀ ਖ਼ਾਤਰ ਕੰਮ ਕਰਨਾ ਪੈ ਰਿਹਾ ਹੈ। ਕਿੰਨੇ ਜ਼ਾਲਮ ਨੇ ਲੋਕ ਇੱਥੇ! ਇੱਕ ਬੱਚੇ ਦੀ ਖ਼ੂਨ ਪਸੀਨੇ ਦੀ ਕਮਾਈ ਖੋਹਣ ਵਾਲੇ ਤੇਰਾ ਬੇੜਾ ਗਰਕ!”
ਇਹ ਕੁਝ ਬੋਲਦਿਆਂ ਮੈਂ ਉਸ ਮੁੰਡੇ ਨੂੰ ਇੰਨਾ ਹੀ ਕਹਿ ਸਕੀ, “ਬੇਟੇ ਹੌਸਲਾ ਰੱਖੋ। ਰੋਇਆ ਨਹੀਂ ਕਰਤੇ।”
ਤੇ ਫਿਰ ਮੈਂ ਉੱਥੇ ਖੜ੍ਹ ਨਹੀਂ ਸਕੀ। ਅੱਗੇ ਆ ਕੇ ਮੇਰੀ ਬੱਚੀ ਬੋਲੀ, “ਮੰਮੀ, ਤੁਸੀਂ ਉਸ ਦੀ ਮਦਦ ਕਰ ਦਿੰਦੇ। ਤੁਸੀਂ ਉਸ ਨੂੰ ਵੀਹ ਰੁਪਏ ਦੇ ਦਿੰਦੇ।”
ਬੱਚੀ ਦੇ ਸ਼ਬਦਾਂ ਨੇ ਮੈਂਨੂੰ ਝੰਜੋੜ ਦਿੱਤਾ। ਠੀਕ ਹੀ ਤਾਂ ਕਹਿ ਰਹੀ ਸ਼ੀ ਉਹ। ਮੈਂਨੂੰ ਮਦਦ ਕਰਨੀ ਚਾਹੀਦੀ ਸੀ। ਮੈਂ ਵੀ ਤਾਂ ਹਮਦਰਦੀ ਜਤਾ ਕੇ ਤੁਰ ਆਈ ਹਾਂ।”
ਬੱਚੀ ਫਿਰ ਕਹਿਣ ਲੱਗੀ, “ਮੰਮੀ, ਫਿਰ ਤੁਸੀਂ ਉਸ ਕੋਲ ਰੁਕੇ ਕਿਉਂ? ਤੁਸੀਂ ਉਸ ਨੂੰ ਪੁੱਛਣਾ ਹੀ ਨਹੀਂ ਸੀ।”
ਸੱਚਮੁੱਚ ਮੈਂ ਗੁਨਾਹਗਾਰ ਸਾਂ। ਜੇ ਮੈਂ ਵੀਹ ਰੁਪਏ ਦੇ ਵੀ ਦਿੰਦੀ ਤਾਂ ਕੀ ਹਰਜ਼ ਸੀ? ਪਰ ਜੇ ਉਹ ਨਾ ਲੈਂਦਾ? ਮਿਹਨਤ ਕਰਨ ਵਾਲੇ ਇਸ ਤਰ੍ਹਾਂ ਪੈਸੇ ਲੈਂਦੇ ਵੀ ਨਹੀਂ। ਇਸ ਆਦਰਸ਼ਵਾਦੀ ਖਿਆਲ ਨੇ ਮੈਂਨੂੰ ਥੋੜ੍ਹਾ ਜਿਹਾ ਸਕੂਨ ਦਿੱਤਾ, ਪਰ ਬੱਚੀ ਦੀਆਂ ਗੱਲਾਂ ਨੇ ਮੇਰੇ ਮਨ ਦਾ ਚੈਨ ਖੋਹ ਲਿਆ ਸੀ। ਮੁੰਡੇ ਦਾ ਗਲੇਡੂਆਂ ਨਾਲ ਭਰਿਆ ਚਿਹਰਾ ਵਾਰ-ਵਾਰ ਮੇਰੀਆਂ ਅੱਖਾਂ ਅੱਗੇ ਘੁੰਮੀ ਜਾ ਰਿਹਾ ਸੀ।
ਮੈਂਨੂੰ ਰਾਤ ਦੀ ਰੋਟੀ ਵੀ ਚੰਗੀ ਨਹੀਂ ਲੱਗੀ। ਮਸਾਂ ਹੀ ਮੈਂ ਇੱਕ ਰੋਟੀ ਖਾ ਸਕੀ। ਪਤੀ-ਦੇਵ ਨੂੰ ਮੈਂ ਇਹ ਗੱਲ ਨਹੀਂ ਦੱਸੀ। ਉਹ ਮੇਰੀਆਂ ਇਨ੍ਹਾਂ ਗੱਲਾਂ ਦਾ ਮੌਜੂ ਉਡਾਉਂਦੇ ਹਨ। ਉਹ ਮੈਂਨੂੰ ਲਾਪਰਵਾਹੀ ਨਾਲ ਜੀਣ ਦੀ ਸਿੱਖਿਆ ਦਿੰਦੇ ਰਹਿੰਦੇ ਹਨ, ਪਰ ਮੈਂ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਹੋਈ ਹਾਂ।
ਰਾਤ ਨੂੰ ਪਹਿਲਾਂ ਤਾਂ ਨੀਂਦ ਹੀ ਨਹੀਂ ਆਈ। ਦੇਰ ਗਈ ਜੇ ਝਪਕੀ ਲੱਗੀ ਵੀ ਤਾਂ ਕੀ ਵੇਖਦੀ ਹਾਂ ਕਿ ਸੁਪਨੇ ਵਿੱਚ ਉਹੀ ਮੁੰਡਾ ਰੋਈ ਜਾ ਰਿਹਾ ਹੈ।
ਮੈਂ ਉੱਭੜਵਾਹੇ ਉੱਠ ਪਈ ਤੇ ਸੋਚਣ ਲੱਗੀ, ਬੰਦੇ ਦਾ ਦਿਮਾਗ ਇੰਨਾ ਸੰਵੇਦਨਸ਼ੀਲ ਵੀ ਨਹੀਂ ਹੋਣਾ ਚਾਹੀਦਾ। ਇਸ ਕਠੋਰ ਸਮਾਜ ਵਿੱਚ ਕਿੰਨਾ ਕੁ ਚਿਰ ਬੰਦਾ ਆਪਣੇ ਮਨ ਦੀ ਕੋਮਲਤਾ ਨੂੰ ਬਚਾ ਕੇ ਰੱਖ ਸਕਦਾ ਹੈ? ਮੈਂਨੂੰ ਪਿਤਾ ਜੀ ਦੀ ਗੱਲ ਯਾਦ ਆਈ, “ਬੇਟਾ, ਤੇਰਾ ਨਾਂਅ ‘ਕਰੁਣਾ’ ਰੱਖ ਕੇ ਸ਼ਾਇਦ ਮੈਂ ਠੀਕ ਨਹੀਂ ਕੀਤਾ। ਤੂੰ ਤਾਂ ਸੱਚਮੁੱਚ ਹੀ ਕਰੁਣਾ ਬਣ ਗਈ ਏਂ। ਇਸ ਸਮਾਜ ਵਿੱਚ ਤਾਂ ਕਰੁਣਾ ਦਾ ਜੀਣਾ ਮੁਸ਼ਕਲ ਹੈ।”
ਦੂਸਰੇ ਦਿਨ ਮੈਂ ਸ਼ਾਮ ਨੂੰ ਸਬਜ਼ੀ ਲਿਆਉਣ ਦੇ ਬਹਾਨੇ ਫਿਰ ਬਾਜ਼ਾਰ ਚਲੀ ਗਈ। ਬੱਚੀ ਨੂੰ ਮੈਂ ਜਾਣ-ਬੁੱਝ ਕੇ ਨਾਲ ਲੈ ਲਿਆ ਤਾਂ ਕਿ ਉਸ ਦੇ ਸਾਹਮਣੇ ਉਸ ਮੁੰਡੇ ਦੀ ਮਦਦ ਕਰਾਂ।
ਹੁਣ ਮੈਂਨੂੰ ਲੱਗ ਰਿਹਾ ਸੀ ਕਿ ਜਦੋਂ ਤਕ ਮੈਂ ਉਸ ਮੁੰਡੇ ਦੀ ਮਦਦ ਨਹੀਂ ਕਰ ਲੈਂਦੀ, ਉਦੋਂ ਤਕ ਮੇਰੇ ਮਨ ਤੋਂ ਇਹ ਬੋਝ ਨਹੀਂ ਉੱਤਰੇਗਾ। ਮੈਂਨੂੰ ਤਾਂ ਇੱਥੋਂ ਤਕ ਮਹਿਸੂਸ ਹੋ ਰਿਹਾ ਸੀ ਕਿ ਮੈਂ ਉੰਨੀ ਹੀ ਗੁਨਾਹਗਾਰ ਹਾਂ, ਜਿੰਨਾ ਉਹ ਰੁਪਏ ਖੋਹਣ ਵਾਲਾ ਬੰਦਾ।
ਅਸੀਂ ਦੋਵੇਂ ਉਸ ਥਾਂ ਦੇ ਨੇੜੇ ਪਹੁੰਚ ਗਈਆਂ ਸਾਂ, ਜਿੱਥੇ ਉਹ ਮੁੰਡਾ ਬੈਠਦਾ ਸੀ। ਪਰ ਇਹ ਕੀ? ਮੁੰਡੇ ਨੇ ਦੋਹਾਂ ਹੱਥਾਂ ਨਾਲ ਆਪਣੀ ਜੇਬ ਨੂੰ ਘੁੱਟਿਆ ਹੋਇਆ ਸੀ। ਇੱਕ ਲੜਖੜਾਉਂਦਾ ਹੋਇਆ ਬੰਦਾ ਉਸ ਨੂੰ ਉੱਚੀ-ਉੱਚੀ ਕਹਿ ਰਿਹਾ ਸੀ, “ਨਿਕਾਲ ਦੇ ਆਪਣੇ ਆਪ! ਨਹੀਂ ਤੋਂ ਮੈਂ ਖ਼ੂਬ ਪੀਟੂੰਗਾ।”
ਮੁੰਡਾ ਰੋਂਦਾ ਹੋਇਆ ਕਹਿ ਰਿਹਾ ਸੀ, “ਨਹੀਂ ਦੂੰਗਾ … ਨਹੀਂ ਦੂੰਗਾ। ਮੈਨੇਂ ਕਮਾਏਂ ਹੈਂ।”
“ਬਾਪ ਕੇ ਆਗੇ ਬੋਲਤਾ ਹੈ? … ਸਾਲਾ … ਹਰਾਮਜ਼ਾਦਾ …।” ਉਸ ਬੰਦੇ ਨੇ ਜ਼ਬਰਦਸਤੀ ਉਸ ਮੁੰਡੇ ਦੀ ਜੇਬ ਵਿੱਚੋਂ ਸਾਰੇ ਪੈਸੇ ਕੱਢ ਲਏ। ਆਸ-ਪਾਸ ਖੜ੍ਹੇ ਦੋ ਚਾਰ ਬੰਦੇ ਇਹ ਤਮਾਸ਼ਾ ਦੇਖੀ ਜਾ ਰਹੇ ਸਨ।
ਮੈਂਨੂੰ ਅਤੇ ਮੇਰੀ ਬੱਚੀ ਨੂੰ ਗੱਲ ਦੀ ਸਮਝ ਆ ਗਈ ਸੀ। ਪੈਸੇ ਖੋਹਣ ਵਾਲਾ ਹੋਰ ਕੋਈ ਨਹੀਂ ਸੀ, ਮੁੰਡੇ ਦਾ ਆਪਣਾ ਪਿਓ ਹੀ ਸੀ।
ਇੰਨੇ ਬੰਦਿਆਂ ਦੇ ਸਾਹਮਣੇ ਇਸ ਮਾਮਲੇ ਵਿੱਚ ਅਸੀਂ ਮਾਂ-ਧੀ ਕੀ ਮਦਦ ਕਰ ਸਕਦੀਆਂ ਸਾਂ? ਮੈਂ ਬੱਚੀ ਦਾ ਹੱਥ ਫੜ ਕੇ ਪਿੱਛੇ ਨੂੰ ਮੁੜ ਪਈ। ਭਾਵੇਂ ਮੈਂ ਇਹ ਜਾਣ ਲਿਆ ਸੀ ਕਿ ਮੁੰਡੇ ਤੋਂ ਪੈਸੇ ਖੋਹਣ ਵਾਲਾ ਉਸ ਦਾ ਆਪਣਾ ਪਿਓ ਹੀ ਸੀ, ਫਿਰ ਵੀ ਸਾਰੀ ਰਾਤ ਮੇਰੀ ਅੱਖ ਨਹੀਂ ਲੱਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3313)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)