HiraSBhupal7ਲੋਕਾਂ ਦੇ ਤਾਹਨਿਆਂ ਦੀਆਂ ਅਵਾਜ਼ਾਂ ਹਾਲੇ ਤੱਕ ਵੀ ਪਾਪਾ ਦੇ ਕੰਨਾਂ ਵਿੱਚ ਗੂੰਜਦੀਆਂ ਸਨ ...
(8 ਦਸੰਬਰ 2021)

 

ਮੈਨੂੰ ਡਾਕਟਰ ਬਨਾਉਣਾ ਪਾਪਾ ਜੀ ਦਾ ਸੁਫਨਾ ਸੀ, ਪਰ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਮੇਰੀ ਸਾਰੀ ਪੜ੍ਹਾਈ ਤਕਰੀਬਨ ਸਰਕਾਰੀ ਸਕੂਲ ਵਿੱਚ ਹੀ ਹੋਈ ਹੈ! ਬਾਰ੍ਹਵੀਂ ਜਮਾਤ (ਮੈਡੀਕਲ) ਵਿੱਚੋਂ ਪੰਜਾਬ ਪੱਧਰ ਦੀ ਮੈਰਿਟ ਸੂਚੀ ਵਿੱਚ ਮੈਂ ਆਪਣਾ ਨਾਂ ਦਰਜ ਕਰਾਇਆ ਤਾਂ ਕੁਝ ਲੋਕਾਂ ਦੇ ਮਨਾਂ ਵਿੱਚ ਇਹ ਵਸ ਗਿਆ ਕਿ ‘ਭੂਪਾਲ’ ਵਰਗੇ ਪਛੜੇ ਪਿੰਡ ਦੇ ਮੁੰਡੇ ਦਾ ਤੁੱਕਾ ਲੱਗ ਗਿਆ ਕਿਉਂਕਿ ਕਈ ਵੱਡੇ ਲੋਕਾਂ ਦੇ ਲਾਡਲਿਆਂ ਨੂੰ ਮੈਂ ਨੰਬਰਾਂ ਵਿਚ ਪਛਾੜਿਆ ਸੀ ਕਈਆਂ ਨੇ ਹੌਸਲਾ ਦੇਣ ਦੀ ਬਜਾਏ ਮਜ਼ਾਕੀਆ ਵਿਅੰਗਮਈ ਢੰਗ ਨਾਲ ਮੈਨੂੰ ਅਤੇ ਪਾਪਾ ਨੂੰ ਧੁਰ ਅੰਦਰ ਤੱਕ ਠੇਸ ਪਹੁੰਚਾਈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ। ਪਰ ਆਪਾਂ ਆਪਣੀ ਚਾਲ ਚਲਦੇ ਰਹੇ, ਕਿਸੇ ਵੀ ਅੜਿੱਕੇ ਜਾਂ ਔਕੜਾਂ ਦੀ ਪ੍ਰਵਾਹ ਕੀਤੇ ਬਿਨਾਂ!

ਦਰਅਸਲ ਨਿਗੂਣੇ ਅੰਕਾਂ ਕਰਕੇ ਮੇਰਾ ਐੱਮਬੀਬੀਐੱਸ ਵਿੱਚ ਦਾਖਲਾ ਨਹੀਂ ਹੋ ਸਕਿਆ ਤੇ ਬੀਡੀਐੱਸ ਮੈਂ ਕਰਨਾ ਨਹੀਂ ਸੀ ਚਾਹੁੰਦਾ ਇਸਦਾ ਮੁੱਢਲਾ ਕਾਰਨ ਮੈਨੂੰ ਯੋਗ ਨਸੀਹਤ ਅਤੇ ਸੇਧ ਦੀ ਘਾਟ ਹੀ ਜਾਪਦੀ ਹੈ, ਕਿਉਕਿ ਵਿਸ਼ੇਸ਼ ਦਾਖਲਾ-ਮੁਕਾਬਲਿਆਂ/ਪ੍ਰੀਖਿਆਵਾਂ ਲਈ ਸਵੈ-ਅਧਿਐਨ ਦੇ ਨਾਲ ਹੌਸਲਾ-ਅਫ਼ਜ਼ਾਈ ਤੇ ਰਾਹ-ਦਸੇਰਿਆਂ ਦਾ ਯੋਗਦਾਨ ਵੀ ਬਰਾਬਰ ਦਾ ਕਾਰਗਰ ਹੁੰਦਾ ਹੈ

ਜਦ ਪਹਿਲੀ ਵਾਰ ਮੈਂ ਲੁਧਿਆਣੇ ਯੂਨੀਵਰਸਿਟੀ ਗਿਆ ਤਾਂ ਜਾਪਿਆਂ ਜਿਵੇਂ ਰੂਹਾਨੀ ਸਕੂਨ ਮਿਲ ਗਿਆ ਹੋਵੇ। ਉੱਥੇ ਦੇ ਰੁੱਖ-ਬੂਟੇ ਮੈਨੂੰ ਬਾਹਾਂ ਖੋਲ ਕੇ ਮੇਰਾ ਸੁਆਗਤ ਕਰਦੇ ਜਾਪੇ। ਆਖ਼ਰ ਮੇਰਾ ਇੱਥੇ ਦਾਖਲਾ ਹੋ ਗਿਆ ਸੋਹਣੇ ਹੋਸਟਲ, ਜੰਨਤ ਰੂਪੀ ਖੁੱਲ੍ਹਮ-ਖੁੱਲ੍ਹਾ ਵਾਤਾਵਰਨ, ਕੋਲਿਆਂ ਦੀ ਅੱਗ ਉੱਤੇ ਸੇਕੀਆਂ ਤੇ ਸਵਾਹ ਨਾਲ ਲਿੱਬੜੀਆਂ ਰੋਟੀਆਂ ਦੇ ਨਾਲ-ਨਾਲ ਰਾਤ ਨੂੰ ਸਵੀਟ ਡਿਸ਼ ਮਿਲਿਆ ਕਰੇ। ਇਸ ਮਾਹੌਲ ਨੇ ਮੈਨੂੰ ਆਪਣੇ ਕਲੇਵੇ ਵਿੱਚ ਮਾਂ ਦੀ ਤਰ੍ਹਾਂ ਲੈ ਲਿਆ ਪਹਿਲੇ ਹੀ ਦਿਨ ਤੋਂ ਮੈੱਸ ਦੇ ਕਾਮੇ, ਵਿਦਿਆਰਥੀਆਂ ਨੂੰ ‘ਡਾਕਟਰ ਸਾਬ’ ਕਹਿ ਕੇ ਪੁਕਾਰਿਆ ਕਰਨ, ਜੋ ਕੁਦਰਤੀ ਤੌਰ ’ਤੇ ਡੋਪਾਮਾਈਨ ਅਤੇ ਸੇਰੋਟੋਨਿਨ ਵਧਾ ਦਿੰਦੇ ਤੇ ਵੱਖਰਾ ਜਿਹਾ ਸਵਾਦ ਆਉਣ ਲੱਗਾ ਮਾਪਿਆਂ ਰੂਪੀ ਸਲਾਹਕਾਰ ਅਤੇ ਪ੍ਰੋਫੈਸਰ ਵੀ ਵਧੀਆ ਮਿਲੇ

ਗੱਡੀ ਲੀਹ ’ਤੇ ਹੀ ਆਈ ਸੀ ਕਿ ਕਿਸੇ ਅਣਜਾਣ ਵਿਅਕਤੀ ਨੇ ਪਾਪਾ ਨੂੰ ਸਲਾਹ ਦਿੱਤੀ ਕਿ ਤੇਰਾ ਮੁੰਡਾ ਲਾਇਕ ਆ, ਉਸ ਨੂੰ ਕਿਸੇ ਹੋਰ ਲਾਈਨ ’ਚ ਪਾ ਜਿੱਥੇ ਨੌਕਰੀ ਦੇ ਅਵਸਰ ਜ਼ਿਆਦਾ ਹੋਣ। ਉਹ ਇਨਸਾਨ ਮੇਰੀ ਜ਼ਿੰਦਗੀ ਵਿੱਚ ਸਾੜ੍ਹਸਤੀ ਦੀ ਤਰ੍ਹਾਂ ਆਇਆ ਫੁਰਮਾਨ ਹੋਇਆ ਕਿ ਤੂੰ ਦਸਵੀਂ ਪੱਧਰ ਦਾ ਵੈਟਨਰੀ ਡਿਪਲੋਮਾ ਕਰੇਂਗਾ। ਨਾਲੇ ਵਿਚਾਰ ਇਹ ਬਣਾਇਆ ਕਿ ਤੂੰ ਐੱਮਬੀਬੀਐੱਸ ਦਾ ਪੇਪਰ ਫੇਰ ਦੇਈਂ, ਕਿਉਂਕਿ ਲੋਕਾਂ ਦੇ ਤਾਹਨਿਆਂ ਦੀਆਂ ਅਵਾਜ਼ਾਂ ਹਾਲੇ ਤੱਕ ਵੀ ਪਾਪਾ ਦੇ ਕੰਨਾਂ ਵਿੱਚ ਗੂੰਜਦੀਆਂ ਸਨ। ਇਹ ਅਵਾਜ਼ਾਂ ਅਕਸਰ ਹੀ ਪਾਪਾ ਦੀ ਰਾਤਾਂ ਦੀ ਨੀਂਦ ਉਡਾ ਦਿੰਦੀਆਂ ਸਨ ਮੈਂ ਅਧੂਰੇ ਮਨ ਨਾਲ ਯੂਨੀਵਰਸਿਟੀ ਦੇ ਪਹਿਲੇ ਸਮੈਸਟਰ ਦੇ ਪੇਪਰ ਦਿੱਤੇ ਤੇ ਨਾਲ ਹੀ ਛੁੱਟੀਆਂ ਹੋਣ ’ਤੇ ਹੋਸਟਲ ਖਾਲੀ ਕਰਕੇ, ਝੋਲਾ ਚੁੱਕ ਕੇ ਪਿੰਡ ਅੱਪੜ ਗਿਆ

ਕਿਸੇ ਵੀ ਕੋਨੇ ਤੋਂ ਮੇਰੀ ਆਤਮਾ ਯੂਨੀਵਰਸਿਟੀ ਛੱਡਣ ਦੀ ਗਵਾਹੀ ਨੀ ਸੀ ਭਰਦੀ ਪਰ ਅਗਲੇ ਸਮੈਸਟਰ ਦੀ ਨਾ ਰਜਿਸਟਰੇਸ਼ਨ ਕਰਵਾਈ ਤੇ ਨਾ ਹੀ ਫੀਸ ਭਰੀ ਡਿਪਲੋਮੇ ਦੇ ਦਾਖਲੇ ਦੀ ਲਿਸਟ ਆਈ ਤਾਂ ਮੇਰਾ ਕਿਤੇ ਕੋਈ ਨਾਂ ਥੇਹ ਨਾ। ਨਾ ਮੈਂ ਘਰ ਦਾ ਰਿਹਾ, ਨਾ ਹੀ ਘਾਟ ਦਾ। ਅਸਹਿ ਸਦਮਾ

ਪਰ ਜੋ ਰੱਬ ਕਰਦਾ, ਉਹ ਭਵਿੱਖ ਲਈ ਬਿਹਤਰ ਹੋਣ ਦੇ ਨਾਲ ਸਾਡੀ ਸੋਚ ਤੋਂ ਪਰੇ ਹੁੰਦਾ ਹੈ ਇੱਕ ਆਸ ਨਾਲ ਕਿ ਕੋਈ ਤਾਂ ਬਾਂਹ ਫੜੂ, ਮੈਂ ਪਹੁੰਚ ਗਿਆ ਯੂਨੀਵਰਸਿਟੀ। ਉਦੋਂ ਮੋਬਾਈਲ ਵਰਗੀ ਸ਼ੈਅ ਨਾ ਹੋਣ ਕਰਕੇ ਕਿਸੇ ਨਾਲ ਕੋਈ ਰਾਬਤਾ ਵੀ ਨਹੀਂ ਹੋ ਸਕਦਾ ਸੀ ਅਕਾਦਮਿਕ ਸਾਖਾ ਵਿੱਚ ਜਾ ਕੇ ਸ਼੍ਰੀ ਜਸਵੀਰ ਸਿੰਘ (ਅਕਾਦਮਿਕ ਕਲਰਕ) ਨੂੰ ਮਿਲਿਆ, ਉਹਨਾਂ ਨੂੰ ਸਾਰੀ ਦਾਸਤਾਨ ਸੁਣਾਈ

ਡੀਨ ਸਾਹਿਬ ਹੀ ਕੁਝ ਕਰ ਸਕਦੇ ਨੇ” ਆਖ ਕੇ ਉਹ ਡੀਨ ਸਾਹਿਬ ਦੇ ਕਮਰੇ ਵਿੱਚ ਚਲੇ ਗਏਡਾ. ਪਾਲ ਸਿੰਘ ਸਿੱਧੂ ਉਸ ਸਮੇਂ ਡੀਨ ਸਨ ਜੋ ਅੰਤਰਰਾਸ਼ਟਰੀ ਪੱਧਰ ਦੇ ਭੂਮੀ ਵਿਗਿਆਨੀ ਤੇ ਇੱਕ ਸਰਵਸ੍ਰੇਸ਼ਠ ਅਧਿਆਪਕ ਵੀ ਸਨ! ਕੁਝ ਦੇਰ ਬਾਅਦ ਮੈਨੂੰ ਡਾ. ਸਿੱਧੂ ਨੇ ਅੰਦਰ ਬੁਲਾਇਆ ਤੇ ਇਸ਼ਾਰੇ ਨਾਲ ਬੈਠਣ ਲਈ ਕਿਹਾਸਭ ਨੂੰ ਬਾਹਰ ਭੇਜ ਕੇ ਉਨ੍ਹਾਂ ਗੱਲ ਸ਼ੁਰੂ ਕੀਤੀ ਹੀ ਸੀ ਕਿ ਸੇਵਾਦਾਰ ਇੱਕ ਫਾਈਲ ਲੈ ਕੇ ਆ ਗਿਆ, ਜਿਹੜੀ ਉਸ ਨੂੰ ਜਸਵੀਰ ਸਿੰਘ ਨੇ ਦਿੱਤੀ ਸੀ ਬਹੁਤ ਗਹੁ ਨਾਲ ਡਾ. ਸਿੱਧੂ ਨੇ ਸਾਰੇ ਪੰਨੇ ਦੇਖੇਫਰੋਲਾ-ਫਰਾਲੀ ਕਰਦਿਆਂ ਉਨ੍ਹਾਂ ਮੈਨੂੰ ਪੁੱਛਿਆ, “ਤੂੰ ਪਿੰਡ ’ਚ ਰਹਿਕੇ ਪੜ੍ਹਿਆਂ?” ਮੈਂ ‘ਹਾਂ’ ਵਿੱਚ ਸਿਰ ਹਿਲਾਇਆ

ਇੱਕ ਪੰਨੇ ’ਤੇ ਅਚਾਨਕ ਡਾ. ਸਿੱਧੂ ਰੁਕੇਮੈਂ ਉਹਨਾਂ ਦੀ ਨਜ਼ਾਕਤ ਤੇ ਸਰੀਰਕ ਭਾਸ਼ਾ ਵਿੱਚ ਕੁਝ ਤਬਦੀਲੀ ਮਹਿਸੂਸ ਕੀਤੀਉਹ ਮੇਰਾ ਬਾਰਵੀਂ ਦਾ ਸਰਟੀਫਿਕੇਟ ਦੇਖ ਰਹੇ ਸਨ ਫਾਈਲ ਬੰਦ ਕਰਕੇ ਉਨ੍ਹਾਂ ਪਰੇ ਰੱਖ ਦਿੱਤੀ “ਤੇਰੇ ਹਰ ਜਮਾਤ ’ਚੋਂ ਬਹੁਤ ਵਧੀਆ ਅੰਕ ਨੇ” ਗੰਭੀਰਤਾ ਨਾਲ ਉਹ ਕਹਿਣ ਲੱਗੇ, “ਹੁਣ ਤੇਰੇ ਕੋਲ ਕੀ ਵਿਕਲਪ ਹੈ?

ਕੁਝ ਦੇਰ ਦੀ ਚੁੱਪ ਤੋਂ ਬਾਅਦ ਮੈਂ ਸਾਰੀ ਦਾਸਤਾਨ ਤਫਸੀਲ ਨਾਲ ਦੱਸ ਦਿੱਤੀਮੈਂ ਸਕਾਰਾਤਮਕ ਤਰੰਗਾਂ ਮਹਿਸੂਸ ਕੀਤੀਆਂ, ਸੋਚਿਆ, ਜੋ ਕੁਝ ਹੋਊ ਹੀਰਿਆ, ਚੰਗਾ ਹੀ ਹੋਊ। ਮਨ ਵਿੱਚ ਵਲਵਲੇ ਉੱਠਣ ਲੱਗੇ ਮੈਂ ਪਹਿਲੇ ਸਮੈਸਟਰ ਦੇ ਪੇਪਰ ਘੱਟ ਸੰਜੀਦਗੀ ਨਾਲ ਦਿੱਤੇ ਸੀ, ਫਿਰ ਵੀ ਮੈਂ ਕਲਾਸ ਦੇ ਪਹਿਲੇ ਕੁਝ ਵਿਦਿਆਥੀਆਂ ਵਿੱਚੋਂ ਸੀ ਡਾਕਟਰ ਸਿੱਧੂ ਨੇ ਮੈਨੂੰ ਹਰ ਪੱਖ ਤੋਂ ਪਰਖਿਆ ਫਿਰ ਉਨ੍ਹਾਂ ਸੁਪਰਡੈਂਟ ਨੂੰ ਆਦੇਸ਼ ਦਿੰਦਿਆਂ ਕਿਹਾ, “ਇਸ ਮੁੰਡੇ ਦੀ ਐਡਮਿਸ਼ਨ ਹੋਣੀ ਚਾਹੀਦੀ ਹੈ, ਜਿਵੇਂ ਮਰਜ਼ੀ ਕਰੋ” ਤੇ ਮੈਨੂੰ ਬਾਹਰ ਬੈਠਣ ਲਈ ਕਿਹਾ

ਮੇਰਾ ਦਿਲ ਧੱਕ-ਧੱਕ ਕਰੀ ਜਾਵੇ ਤੇ ਉੱਤੋਂ ਭੁੱਖਾ ਢਿੱਡ, ਪਰ ਪੂਰੀ ਕਾਇਨਾਤ ਮੇਰੇ ਵੱਲ ਸੀ

ਪ੍ਰਸ਼ਾਸਨਿਕ ਹੱਲ ਕੱਢ ਕੇ ਡਾ. ਸਿੱਧੂ ਨੇ ਮੈਨੂੰ ਫਿਰ ਬੁਲਾਇਆ ਤੇ ਕਿਹਾ, “ਇੱਕੋ ਸ਼ਰਤ ’ਤੇ ਤੈਨੂੰ ਦਾਖਲਾ ਮਿਲੂ ਜੇ ਤੂੰ ਇਸੇ ਤਰ੍ਹਾਂ ਮਿਹਨਤ ਕਰੇਂਗਾ ਤੇ ਪੀਐੱਚਡੀ ਤੱਕ ਪੜ੍ਹੇਂਗਾਹੁਣ ਤੇਰੇ ਕੋਲ ਕੱਲਂ ਦੁਪਿਹਰ ਤੱਕ ਦਾ ਵਕਤ ਹੈ, ਰਜਿਸਟਰੇਸਨ ਕਰਨ ਲਈ ਫੀਸ ਲਈ ਪੈਸੇ ਹੈਗੇ ਨੇ?”

ਮੈਂ ਐਵੇਂ ਹੀ ‘ਹਾਂ’ ਵਿੱਚ ਡੋਲੂ ਵਾਂਗੂੰ ਸਿਰ ਹਲਾ ਦਿੱਤਾ ਇੱਕ ਦੋ ਸੀਨੀਅਰ ਮੁੰਡਿਆਂ ਨੇ ਫੀਸ ਦਾ ਪ੍ਰਬੰਧ ਕਰ ਦਿੱਤਾ ਭੱਜ-ਭਜਾਈ ਨਾਲ ਦੂਜੇ ਦਿਨ ਸ਼ਾਮ ਤੱਕ ਰਜਿਸਟਰੇਸ਼ਨ ਹੋ ਗਈ ਤੇ ਸੁੱਖ ਦਾ ਸਾਹ ਆਇਆ

ਥੱਕ-ਟੁੱਟ ਕੇ ਹੋਸਟਲ ਦੇ ਮੰਜੇ ’ਤੇ ਲੰਮੇ ਪਏ ਦੇ ਆਪ ਮੁਹਾਰੇ ਹੀ ਹੰਝੂ ਵਗਣ ਲੱਗੇ। ਰੱਬ ਦਾ ਸ਼ੁਕਰਾਨਾ ਕਰਨ ਦੇ ਨਾਲ-ਨਾਲ ਡਾ. ਸਿੱਧੂ ਨੂੰ ਸਹਿਜ ਸੁਭਾ ਹੀ ਮਨ ਵਿੱਚੋਂ ਦੁਆਵਾਂ ਦੇਈ ਜਾਵਾਂ

ਕੁਝ ਹੀ ਦਿਨਾਂ ਬਾਅਦ ਪਤਾ ਲੱਗਿਆ ਕਿ ਡਾ. ਸਿੱਧੂ ਵਰਡ-ਬੈਂਕ ਵਿੱਚ ਉੱਚ ਅਹੁਦੇ ਲਈ ਨਾਮਜ਼ਦ ਹੋ ਗਏ ਹਨਮਨ ਨੂੰ ਅਥਾਹ ਖੁਸ਼ੀ ਹੋਈ ਇਹੋ ਜਿਹੇ ਵਿਅਕਤੀਆਂ ਦੀ ਗਿਣਤੀ ਸਮਾਜ ਵਿੱਚ ਬਹੁਤ ਥੋੜ੍ਹੀ ਹੁੰਦੀ ਹੈ ਜਿਨ੍ਹਾਂ ਦਾ ਕੱਦ ਤੇ ਕਿਰਦਾਰ ਆਮ ਇਨਸਾਨਾਂ ਨਾਲੋਂ ਵਧੇਰੇ ਉੱਚਾ ਤੇ ਸੁੱਚਾ ਹੁੰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3191)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਪ੍ਰੋ. ਹੀਰਾ ਸਿੰਘ ਭੂਪਾਲ

ਪ੍ਰੋ. ਹੀਰਾ ਸਿੰਘ ਭੂਪਾਲ

Assistant Professor PAU Ludhiana, Punjab, India.
Phone: (91 - 95016 - 01144)
Email: (hirapau@gmail.com)