DharamPalSahil7ਇੰਜ ਮੇਰੇ ਹਕੀਕੀ ਪਰਿਵਾਰ ਤੋਂ ਇਲਾਵਾ ਵੀ ਮੇਰੇ ਪਾਤਰਾਂ ਦਾ ਇੱਕ ਆਭਾਸੀ ਸੰਸਾਰ ...
(28 ਜੁਲਾਈ 2021)

 

ਮੇਰੇ ਆਪਣੇ ਘਰ ਵਿੱਚ ਮੇਰਾ ਇੱਕ ਛੋਟਾ ਜਿਹਾ ਸਟਡੀ ਰੂਮ ਹੈ, ਜਿਸ ਵਿੱਚ ਦੋ ਰੈਕਸ ਤੇ ਮੇਰੀਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ, ਹਰ ਵਿਸ਼ੇ ਨਾਲ ਸੰਬੰਧਤ ਤਾਬਾਂ ਹੀ ਕਿਤਾਬਾਂ ਹਨਫਰਸ਼ ’ਤੇ ਵੀ ਕਿਤਾਬਾਂ ਟਿਕਾਈਆਂ ਹੋਈਆਂ ਹਨਟੇਬਲ ਅਤੇ ਕਿਤਾਬਾਂ ਵਿਚਾਲੇ ਮਸਾਂ ਰਾਈਟਿੰਗ ਪੈਡ ਰੱਖਣ ਜੋਗੀ ਥਾਂ ਬਚੀ ਹੈਉਂਜ ਮੈਂਨੂੰ ਤਖਤਪੋਸ਼ ਤੇ ਆਲੇ ਦੁਆਲੇ ਖਿੱਲਰੀਆ ਕਿਤਾਬਾਂ ਵਿਚਕਾਰ ਕੰਧ ਨਾਲ ਢਾਸਣਾ ਲਾ ਕੇ, ਪਾਲਥੀ ਮਾਰ ਕੇ ਪੱਟਾਂ ਤੇ ਰਾਈਟਿੰਗ ਬੋਰਡ ਰੱਖ ਕੇ ਲਿਖਣਾ-ਪੜ੍ਹਨਾ ਸੌਖਾ ਲੱਗਦਾ ਹੈਇਸ ਕਮਰੇ ਦੀ ਸੱਜੀ ਕੰਧ ’ਤੇ ਬਣਵਾਇਆ ਵੱਡਾ ਰੈਕ, ਲਗਭਗ 35 ਵਰ੍ਹਿਆਂ ਦੇ ਸਾਹਿਤਕ ਸਫਰ ਦੌਰਾਨ ਉਪਲਬਧੀਆਂ ਵਜੋਂ ਮਿਲੇ ਮੋਮੈਂਟੋਜ਼, ਮੈਡਲਾਂ, ਕੱਪਾਂ ਅਤੇ ਸ਼ੀਲਡਾਂ ਨਾਲ ਨੱਕੋ ਨੱਕ ਭਰਿਆ ਪਿਆ ਹੈਖੱਬੀ ਕੰਧ ’ਤੇ 26 ਜਨਵਰੀ 2007 ਨੂੰ ਸਾਬਕਾ ਰਾਸ਼ਟਰਪਤੀ ਸਵਰਗੀ ਡਾ. ਅਬਦੁਲ ਕਲਾਮ ਜੀ ਨਾਲ ਰਾਸ਼ਟਰਪਤੀ ਭਵਨ ਵਿਖੇ ਦੇਸ਼ ਦੀਆਂ ਚੋਣਵੀਆਂ ਸਿਰਜਣਸ਼ੀਲ ਹਸਤੀਆਂ ਨਾਲ ਮੁਲਾਕਾਤ ਦੀਆਂ ਯਾਦਗਾਰੀ ਤਸਵੀਰਾਂ ਹਨਮੇਰੇ ਪ੍ਰੇਰਣਾ ਸਰੋਤ, ਮੇਰੇ ਆਦਰਸ਼ ਅਤੇ ਮਾਰਗਦਰਸ਼ਕ ਡਾ. ਕਲਾਮ ਜੀ ਦਾ ਹੰਸੂ-ਹੰਸੂ ਕਰਦਾ ਚਿਹਰਾ ਕਿਸੇ ਪੀਰ ਫਕੀਰ ਜਾਂ ਦਰਵੇਸ਼ ਦੀ ਦੁਆ ਵਾਂਗ ਮੇਰੇ ਅੰਦਰ ਨਿੱਤ ਨਵੀਂ ਊਰਜਾ ਅਤੇ ਤਾਜ਼ਗੀ ਭਰਦਾ ਹੈ

ਆਪਣੇ ਸਟਡੀ ਰੂਮ ਅੰਦਰ ਪ੍ਰਵੇਸ਼ ਕਰਦਿਆਂ ਹੀ ਮੈਂ ਇੱਕ ਵਿਲੱਖਣ ਅਤੇ ਅਲੌਕਿਕ ਦੁਨੀਆ ਵਿੱਚ ਪ੍ਰਵੇਸ਼ ਕਰ ਜਾਂਦਾ ਹਾਂਇੱਥੇ ਮੈਂ ਕਿਤਾਬਾਂ ਵਿਚਕਾਰ ਬੈਠ ਕੇ ਆਪਣੇ ਆਪ ਨੂੰ ਦੁਨੀਆਂ ਦੇ ਸਭ ਤੋਂ ਚੰਗੇ ਦੋਸਤਾਂ ਨਾਲ ਘਿਰਿਆ ਮਹਿਸੂਸ ਕਰਦਾ ਹਾਂਇਹ ਕਮਰਾ ਮੇਰੀ ਸਾਹਿਤਕ ਕਰਮ ਭੂਮੀ ਹੈਸਾਹਿਤ ਸਾਧਨਾ ਲਈ ਇੱਕ ਤਪ ਅਸਥਾਨ ਹੈਇਸ ਕਮਰੇ ਦਾ ਸੰਨਾਟਾ ਵੀ ਮੇਰਾ ਹਮ ਸਫਰ ਹੈਇੱਥੇ ਮੈਂ ਕਹਾਣੀ, ਨਾਵਲ ਲਿਖਦਾ ਆਪਣੇ ਪਾਤਰਾਂ ਨਾਲ ਬਹਿਸ ਵੀ ਪੈਂਦਾ ਹਾਂਕਦੇ ਰੁੱਸ ਵੀ ਜਾਂਦਾ ਹਾਂਉਨ੍ਹਾਂ ਨਾਲ ਦਲੀਲਬਾਜ਼ੀ ਵੀ ਕਰ ਲੈਂਦਾ ਹਾਂਇਸ ਬਹਿਸ ਮੁਬਾਹਸੇ ਵਿੱਚ ਕਦੇ ਮੈਂ ਜਿੱਤ ਜਾਂਦਾ ਹਾਂ, ਕਦੇ ਉਹ ਜਿੱਤ ਜਾਂਦੇ ਹਨ ਮੈਂਨੂੰ ਰੁੱਸੇ ਹੋਏ ਨੂੰ ਕਦੇ ਉਹ ਮਨਾ ਲੈਂਦੇ ਹਨਕਦੇ ਮੈਂ ਆਪ ਹੀ ਮੰਨ ਜਾਂਦਾ ਹਾਂਇੱਥੇ ਮੈਂ ਆਪਣੀਆਂ ਸਾਰੀਆਂ ਕਮਜ਼ੋਰੀਆਂ, ਘਾਟਾਂ ਅਤੇ ਆਪਹੁਦਰੀਆਂ ਦੇ ਰੂਬਰੂ ਹੁੰਦਾ ਹਾਂਇੱਥੇ ਆਪਣੇ ਆਪ ਨਾਲ ਮੁਲਾਕਾਤ ਦਾ ਸਬੱਬ ਵੀ ਬਣ ਜਾਂਦਾ ਹੈਇਸ ਕਮਰੇ ਵਿੱਚ ਬੈਠ ਕੇ ਮੈਂ ਉਹ ਕੁਝ ਵੀ ਸੁਣ ਲੈਂਦਾ ਹਾਂ ਜੋ ਕਿਸੇ ਹੋਰ ਨੂੰ ਸੁਣਾਈ ਨਹੀਂ ਦਿੰਦਾਉਹ ਕੁਝ ਵੇਖ ਲੈਂਦਾ ਹਾਂ ਜੋ ਕਿਸੇ ਹੋਰ ਨੂੰ ਵਿਖਾਈ ਨਹੀਂ ਦਿੰਦਾਇੱਥੇ ਬੈਠ ਕੇ ਮੈਂਨੂੰ ਉਹ ਕੁਝ ਵੀ ਸੁੱਝ ਜਾਂਦਾ ਹੈ ਜੋ ਕਿਸੇ ਆਮ ਨੂੰ ਨਹੀਂ ਸੁਝਾਈ ਦਿੰਦਾਮੇਰਾ ਸਟਡੀ ਰੂਮ ਸਮਰਿਤੀਆਂ ਦੀ ਲਾਲਟੇਨ ਨਾਲ ਰੌਸ਼ਨ ਰਹਿੰਦਾ ਹੈਇਹ ਮਿੱਠੀਆਂ-ਕੌੜੀਆਂ ਸਮਰਿਤੀਆਂ ਹੀ ਤਾਂ ਹਨ ਜਿਹੜੀਆਂ ਕਥਾ-ਕਹਾਣੀ, ਨਾਵਲ, ਕਵਿਤਾ ਆਦਿ ਵਿੱਚ ਢਲ ਕੇ, ਫਿਰ ਪੁਸਤਕਾਂ ਦਾ ਰੂਪ ਧਾਰਣ ਕਰਕੇ ਪਾਠਕਾਂ ਦੇ ਹੱਥਾਂ ਤੀਕ ਅੱਪੜਦੀਆਂ ਹਨ ਤੇ ਸਮਾਜ ਵਿੱਚ ਮੇਰੀ ਪਛਾਣ ਇੱਕ ਲੇਖਕ ਵਜੋਂ ਬਣੀ ਹੋਈ ਹੈਆਪਣੇ ਸਟਡੀ ਰੂਮ ਦਾ ਬੂਹਾ ਢੋਅ ਕੇ ਮੈਂ ਆਪਣੇ ਦੁੱਖਾਂ, ਨਾਕਾਮਯਾਬੀਆਂ, ਆਪਣੇ ਨਾਲ ਹੋਈਆਂ ਬੇਵਫਾਈਆਂ, ਵਧੀਕੀਆਂ ਅਤੇ ਵਿਛੜੇ ਹੋਏ ਰਿਸ਼ਤੇਦਾਰਾਂ, ਸੱਜਣਾਂ-ਸਨੇਹੀਆਂ ਨੂੰ ਚੇਤੇ ਕਰ ਕੇ ਰੋ ਕੇ ਆਪਣਾ ਮਨ ਹਲਕਾ ਕਰ ਲੈਂਦਾ ਹਾਂਕਿਓਂਕਿ ਮੈਂ ਆਪਣੇ ਬੱਚਿਆਂ ਅਤੇ ਪਰਿਵਾਰ ਸਾਹਮਣੇ ਅੱਖਾਂ ਭਰ ਕੇ ਆਪਣੇ ਆਪ ਨੂੰ ਕਮਜ਼ੋਰ ਤੇ ਬੁਜਦਿਲ ਸਾਬਿਤ ਨਹੀਂ ਕਰ ਸਕਦਾਉਹ ਮੈਂਨੂੰ ਮਜ਼ਬੂਤ ਇੱਛਾ ਸ਼ਕਤੀ, ਵੱਡੇ ਜਿਗਰੇ ਤੇ ਹੌਸਲੇ ਵਾਲਾ ਆਦਮੀ ਸਮਝ ਕੇ ਆਪ ਦਲੇਰ ਬਣੇ ਰਹਿੰਦੇ ਹਨਮੈਂ ਆਪਣੇ ਬਾਰੇ ਬਣਿਆ ਇਹ ਭਰਮ ਬਣਾਈ ਰੱਖਣਾ ਚਾਹੁੰਦਾ ਹਾਂ

ਮੇਰੇ ਸਟਡੀ ਰੂਮ ਦੀ ਹਵਾ ਕਿਤਾਬਾਂ ਦੀ ਮਹਿਕ ਦੇ ਨਾਲ-ਨਾਲ ਮੇਰੇ ਹਉਕਿਆਂ, ਆਹਾਂ ਅਤੇ ਹੰਝੂਆਂ ਦੀ ਨਮੀ ਨਾਲ ਸਿੱਲ੍ਹੀ-ਸਿੱਲ੍ਹੀ ਰਹਿੰਦੀ ਹੈਇਹ ਨਮੀ ਮੇਰੀ ਸੰਵੇਦਨਸ਼ੀਲਤਾ ਨੂੰ ਜਿਊਂਦਾ ਰੱਖਦੀ ਹੈ ਤੇ ਕੁਝ ਨਵਾਂ ਸਿਰਜਣ ਲਈ ਪ੍ਰੇਰਦੀ ਰਹਿੰਦੀ ਹੈਇੱਥੇ ਮੈਂ ਪੜ੍ਹਦਿਆਂ-ਲਿਖਦਿਆਂ ਸਾਰੀ ਕਾਇਨਾਤ ਤੋਂ ਬੇਖਬਰ ਕਿਸੇ ਸੱਚ ਦੀ ਖੋਜ ਵਿੱਚ ਲੀਨ ਹੁੰਦਾ ਹਾਂਕਿਸੇ ਧਿਆਨ ਵਿੱਚ ਗੋਤੇ ਲਾ ਰਿਹਾ ਹੁੰਦਾ ਹਾਂਸ਼ਾਇਦ ਇਹ ਮੁਦਰਾ ਹੀ ਤਾਂ ਮੇਡੀਟੇਸ਼ਨ ਦੀ ਅਵਸਥਾ ਹੁੰਦੀ ਹੈਇੱਥੇ ਬੈਠ ਕੇ ਮੈਂ ਬਾਕੀ ਸਾਰੀ ਦੁਨੀਆ ਤੋਂ ਟੁੱਟ ਕੇ ਆਪਣੇ ਅੰਦਰਲੇ ਦੀ ਤਲਾਸ਼ ਕਰਦਾ ਹਾਂਸਾਹਿਤ ਸਿਰਜਣਾ ਵੀ ਤਾਂ ਅਸਲ ਸੱਚ ਦੀ ਖੋਜ ਹੀ ਹੈਇਸ ਲਈ ਮੈਂਨੂੰ ਕਦੇ ਕਿਸੇ ਹੋਰ ਪੂਜਾ-ਪਾਠ ਜਾਂ ਧਿਆਨ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀਜਦੋਂ ਮੈਂ ਕੋਈ ਨਵੀਂ ਕਹਾਣੀ ਜਾਂ ਨਾਵਲ ਲਿਖਣਾ ਸ਼ੁਰੂ ਕਰਦਾ ਹਾਂ ਤਾਂ ਪਾਤਰਾਂ ਦੇ ਝੁਰਮਟ ਵਿੱਚ ਫਸਿਆ ਮੈਂ ਉਨ੍ਹਾਂ ਅੰਦਰ ਪਰਕਾਇਆ ਪ੍ਰਵੇਸ਼ ਕਰ ਜਾਂਦਾ ਹਾਂਕਈ ਵਾਰੀ ਉਹ ਪਾਤਰ ਮੇਰੀ ਉਂਗਲੀ ਫੜ ਕੇ ਤੁਰਨ ਦੀ ਬਜਾਏ ਆਪ ਮੁਹਾਰੇ ਹੋ ਜਾਂਦੇ ਹਨਮੇਰੀ ਸੋਚ ਨਾਲ ਬਗਾਵਤ ਕਰ ਜਾਂਦੇ ਹਨਇੰਜ ਲੱਗਣ ਲਗਦਾ ਹੈ ਜਿਵੇਂ ਮੈਂ ਰਚਨਾ ਨੂੰ ਨਹੀਂ ਸਗੋਂ ਰਚਨਾ ਇੱਕ ਲੇਖਕ ਨੂੰ ਸਿਰਜ ਰਹੀ ਹੋਵੇ।। ਫਿਰ ਉਹ ਪਾਤਰ ਸਟਡੀ ਰੂਮ ਤੋਂ ਬਾਹਰ ਆਉਣ ਮਗਰੋਂ ਵੀ ਮੇਰੇ ਅੰਗ-ਸੰਗ ਬਣੇ ਰਹਿੰਦੇ ਹਨਮੈਂ ਕੋਈ ਸ੍ਰਿਸ਼ਟੀ ਦਾ ਰਚਨਹਾਰਾ ਨਹੀਂ ਹਾਂ ਪਰ ਇਹ ਨਿਸ਼ਚਿਤ ਹੈ ਕਿ ਮੇਰੀ ਕਲਮ ਹੱਥੋਂ ਸਿਰਜੇ ਗਏ ਇਨ੍ਹਾਂ ਪਾਤਰਾਂ ਦੀ ਉਮਰ ਮੇਰੇ ਨਾਲੋਂ ਲੰਮੀ ਹੀ ਹੋਵੇਗੀਇੰਜ ਮੇਰੇ ਹਕੀਕੀ ਪਰਿਵਾਰ ਤੋਂ ਇਲਾਵਾ ਵੀ ਮੇਰੇ ਪਾਤਰਾਂ ਦਾ ਇੱਕ ਆਭਾਸੀ ਸੰਸਾਰ ਮੇਰੇ ਸਟਡੀ ਰੂਮ ਵਿੱਚ ਵਸਦਾ ਹੈ, ਜਿਨ੍ਹਾਂ ਕਰਕੇ ਮੈਂ ਕਦੇ ਇੱਕਲਾਪਣ ਮਹਿਸੂਸ ਨਹੀਂ ਕਰਦਾਮੈਂ ਆਪਣੇ ਸਟਡੀ ਰੂਮ ਵਿੱਚ ਜਿੱਥੇ ਕਈ ਪੁਸਤਕਾਂ ਦੇ ਜਨਮ ਦਾ ਜਸ਼ਨ ਮਨਾਇਆ ਹੈ, ਉੱਥੇ ਕਈ ਰਚਨਾਵਾਂ ਦੀ ਕੁੱਖ ਵਿੱਚ ਹੀ ਮੌਤ ਦਾ ਸੋਗ ਵੀ

ਰੈਕ ’ਤੇ ਪਈਆਂ ਪੁਸਤਕਾਂ ਬਾਰ ਬਾਰ ਮੇਰੇ ਹੱਥਾਂ ਦੇ ਸਪਰਸ਼ ਲਈ ਲੋਚਦੀਆਂ ਹਨਜਦੋਂ ਕਿਸੇ ਲੋੜੀਂਦੀ ਕਿਤਾਬ ਨੂੰ ਲੱਭਣ ਲਈ ਮੇਰੇ ਹੱਥ ਇਨ੍ਹਾਂ ਨੂੰ ਸਪਰਸ਼ ਕਰਦੇ ਹੋਣਗੇ, ਸਚਮੁਚ ਇਨ੍ਹਾਂ ਕਿਤਾਬਾਂ ਨੂੰ ਚੰਗਾ-ਚੰਗਾ ਮਹਿਸੂਸ ਹੁੰਦਾ ਹੋਵੇਗਾਇਸ ਸਟਡੀ ਰੂਮ ਵਿੱਚ ਇਨ੍ਹਾਂ ਕਿਤਾਬਾਂ ਦੇ ਨਾਲ ਨਾਲ ਕਿਸੇ ਅਜਾਇਬਘਰ ਵਾਂਗ ਆਉਟਡੇਟਡ ਬਲੈਕ ਐਂਡ ਵਾਈਟ ਯਾਸ਼ੀਕਾ ਕੈਮਰਾ, ਸਿਆਹੀ ਵਾਲੇ ਫਾਊਂਟੇਨ ਪੈੱਨ, ਬਲੈਕ ਐਂਡ ਵਾਈਟ ਛੋਟਾ ਟੀ.ਵੀ., ਟੇਪ ਰਿਕਾਰਡਰ ਅਤੇ ਫੈਕਸ ਮਸ਼ੀਨ ਆਦਿ ਪਏ ਹੋਏ ਹਨਕਦੇ ਇਹ ਮੇਰੀ ਲਿਖਣ ਯਾਤਰਾ ਦੌਰਾਨ ਸਭ ਤੋਂ ਚੰਗੇ, ਵਫਾਦਾਰ ਤੇ ਸੁਹਿਰਦ ਸਾਥੀ ਰਹੇ ਸਨਹੁਣ ਇਨ੍ਹਾਂ ਸਾਰਿਆਂ ਦੀ ਥਾਂ ਇਕੱਲੇ ਮੁਬਾਈਲ ਨੇ ਲੈ ਲਈ ਹੈਕੁਝ ਆਪ ਖਰੀਦੀਆਂ, ਕੁਝ ਲੇਖਕ ਮਿੱਤਰਾਂ ਵਲੋਂ ਭੇਂਟ ਕੀਤੀਆਂ, ਅਖਬਾਰਾਂ ਤੇ ਪੱਤਰਕਾਵਾਂ ਵਲੋਂ ਸਮੀਖਿਆ ਹਿਤ ਭੇਜੀਆਂ ਪੁਸਤਕਾਂ ਨਾਲ ਜਦੋਂ ਮੇਰਾ ਸੱਟਡੀ ਰੂਮ ਨੱਕੋ-ਨੱਕ ਭਰ ਜਾਂਦਾ ਹੈ ਤਾਂ ਮੈਂ ਉਨ੍ਹਾਂ ਵਿੱਚੋਂ ਚੋਣਵੀਆਂ ਪੁਸਤਕਾਂ ਸਾਂਭ ਕੇ ਬਾਕੀ ਦੀਆਂ ਕਿਸੇ ਸਕੂਲ ਜਾਂ ਕਾਲਿਜ ਨੂੰ ਭੇਂਟ ਕਰ ਦਿੰਦਾ ਹਾਂਇਸ ਕਮਰੇ ਵਿੱਚ ਬੈਠਿਆਂ-ਬੈਠਿਆਂ ਇਹ ਖਿਆਲ ਜ਼ਰੂਰ ਆਉਂਦਾ ਹੈ ਕਿ ਮੇਰੇ ਬਾਅਦ ਇਸ ਸਟਡੀ ਰੂਮ ਦਾ ਕੀ ਬਣੇਗਾ? ਮੇਰੇ ਪਰਿਵਾਰ ਵਿੱਚ ਤਾਂ ਕਿਸੇ ਹੋਰ ਨੂੰ ਪੜ੍ਹਨ-ਲਿਖਣ ਦਾ ਇਹ ਐਬ ਨਹੀਂ ਹੈਇਹ ਸੋਚ ਕੇ ਮੈਂ ਕੁਝ ਪਲਾਂ ਲਈ ਉਦਾਸ ਜ਼ਰੂਰ ਹੋ ਜਾਂਦਾ ਹਾਂਇਸ ਕਮਰੇ ਦੇ ਚੀਕਦੇ ਸੰਨਾਟੇ ਦੇ ਸ਼ੋਰ ਵਿੱਚ ਮੈਂਨੂੰ ਅਸੀਮ ਸ਼ਾਂਤੀ ਅਤੇ ਸਕੂਨ ਹਾਸਿਲ ਹੁੰਦਾ ਹੈਮੇਰੀ ਇੱਛਾ ਹੈ ਕਿ ਅੰਤਿਮ ਸਮੇਂ ਵੀ ਮੈਂ ਆਪਣੇ ਸੱਟਡੀ ਰੂਮ ਵਿੱਚ ਹੀ ਹੋਵਾਂ ਅਤੇ ਕਿਤਾਬਾਂ ਰੂਪੀ ਸਭ ਤੋਂ ਚੰਗੇ ਦੋਸਤਾਂ ਦੀ ਹਾਜ਼ਰੀ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2922)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਧਰਮਪਾਲ ਸਾਹਿਲ

ਡਾ. ਧਰਮਪਾਲ ਸਾਹਿਲ

Hoshiarpur, Punjab, India.
Phone: (91 - 98761 - 56954)

Email: (dpsahil_panchvati@yahoo.com)

More articles from this author