ParkashSJaito7ਬੀਬੀ, ਮੈਂ ਤਾਂ ਟੇਪ ਰਿਕਾਰਡ ਲੈ ਕੇ ਜਾਣੀ ਆ, ਜੇ ਦੇਣੀ ਆ ਦੱਸ, ਨਹੀਂ ਤਾਂ ...
(28 ਮਈ 2021)

 

ਘਰ ਦਿਆਂ ਨੇ ਦਸਵੀਂ ਮਸਾਂ ਕਰਵਾਈ ਸੀਦਸਵੀਂ ਕਰਨ ਤੋਂ ਨੌਕਰੀ ਲੱਗਣ ਤਕ ਟਾਈਮ ਪਾਸ ਕਰਨ ਲਈ ਮੈਂ ਨੇੜੇ ਹੀ ਇੱਕ ਬਾਬੇ ਦੇ ਘਰ ਵਿੱਚ ਚਲਦੇ ਡੇਰੇ ਜਾਣ ਲੱਗ ਪਿਆਬਾਬਾ ਜਿਸ ਕਮਰੇ ਵਿੱਚ ਗੱਦੀ ਲਾਕੇ ਲੋਕਾਂ ਨੂੰ ਮਿਲਦਾ ਸੀ, ਉੱਥੇ ਉਸ ਨੇ ਗੁਰੂ ਗ੍ਰੰਥ ਸਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਸੀਉਹ ਬਾਬਾ ਆਪਣੇ ਭਗਤਾਂ ਦੇ ਦੁੱਖ ਦੂਰ ਕਰਨ ਲਈ ਸਵਾ ਸੌ ਰੁਪਏ ਵਿੱਚ ਹਰ ਐਤਵਾਰ ਇੱਕ ਸਹਿਜ ਪਾਠ ਦਾ ਭੋਗ ਪਾਉਂਦਾ ਸੀ, ਪਰ ਮੈਂ ਉਸ ਨੂੰ ਪਾਠ ਕਰਦਿਆਂ ਕਦੇ ਸੀ ਨਹੀਂ ਵੇਖਿਆ ਮੈਂ ਉਸ ਬਾਬੇ ਕੋਲ ਪਾਠ ਕਰਨ ਲੱਗ ਪਿਆ। ਬਾਬਾ ਮੈਂਨੂੰ ਇੱਕ ਪਾਠ ਦੇ ਪੰਜਾਹ ਰੁਪਏ ਦੇਣ ਲੱਗ ਪਿਆਦੋ ਕੁ ਮਹੀਨਿਆਂ ਵਿੱਚ ਤਿੰਨ ਕੁ ਸੌ ਰੁਪਇਆ ਇਕੱਠਾ ਹੋ ਗਿਆਮਨ ਦੀ ਇੱਕੋ ਰੀਝ ਸੀ ਕਦੋਂ ਪੰਜ ਸੌ ਰੁਪਇਆ ਇਕੱਠਾ ਹੋਵੇ ਤੇ ਉਹਨਾਂ ਸਮਿਆਂ ਵਿੱਚ ਨਵੀਂ ਨਵੀਂ ਚੱਲੀ ਇੱਟ ਦੀ ਸ਼ਕਲ ਵਰਗੀ, ਚਾਰ ਚਿੱਟੇ ਤੇ ਇੱਕ ਲਾਲ ਬਟਨ ਵਾਲੀ ਟੇਪ ਰਿਕਾਰਡਰ ਲੈ ਕੇ ਆਵਾਂ‘ਬਿੱਲੀ ਦੇ ਭਾਗੀਂ ਮਸਾਂ ਛਿੱਕੂ ਟੁੱਟਿਆ’, ਇੱਕ ਦਿਨ ਮਹਿਰੇ ਸਿੱਖਾਂ ਦਾ ਮੁੰਡਾ ਜਿਸ ਨੂੰ ਜੂਆ ਖੇਡਣ ਦੀ ਆਦਤ ਸੀ ਜੂਏ ਵਿੱਚ ਪੈਸੇ ਹਾਰ ਗਿਆ ਤੇ ਹਫਤਾ ਕੁ ਪਹਿਲਾਂ ਲਿਆਂਦੀ ਨਵੀਂ ਟੇਪ ਰਿਕਾਰਡ ਉਹ ਮੈਂਨੂੰ ਤਿੰਨ ਸੌ ਰੁਪਏ ਵਿੱਚ ਹੀ ਦੇ ਗਿਆਟੇਪ ਰਿਕਾਰਡਰ ਕਾਰਨ ਹੁਣ ਮੇਰੀ ਵੱਖਰੀ ਟੌਹਰ ਸੀਗਾਣੇ ਸੁਣਨ ਦੇ ਸ਼ੌਂਕੀ ਮੁੰਡੇ ਮੱਲੋਮੱਲੀ ਮੇਰੇ ਨਾਲ ਯਾਰੀ ਪਾਉਣ ਨੂੰ ਫਿਰਦੇ

ਇੱਕ ਦਿਨ ਸ਼ਾਮ ਵੇਲੇ ਮੇਰੇ ਸਭ ਤੋਂ ਵੱਡੇ ਮਾਮੇ ਦਾ ਪੁੱਤ, ਜੋ ਮੈਥੋਂ ਤਿੰਨ-ਚਾਰ ਸਾਲ ਵੱਡਾ ਸੀ, ਆ ਗਿਆਤਿੰਨ ਕੁ ਦਿਨ ਸਾਡੇ ਕੋਲ ਰਹਿ ਕੇ ਜਾਣ ਲੱਗਾ ਤਾਂ ਮੇਰੀ ਮਾਂ ਨੂੰ ਕਹਿੰਦਾ, “ਭੂਆ, ਮੈਂਨੂੰ ਵੀਰੇ ਤੋਂ ਟੇਪ ਰਿਕਾਰਡ ਦਿਵਾ ਦੇ, ਮੈਂ ਹਫਤਾ ਕੁ ਸੁਣ ਕੇ ਮੋੜ ਦੇਊਂਗਾ।” ਮੇਰੇ ਨਾ ਚਾਹੁੰਦਿਆਂ ਵੀ ਮਾਮੇ ਦਾ ਪੁੱਤ ਮੇਰੀ ਮਾਂ ਤੋਂ ਟੇਪ ਰਿਕਾਰਡਰ ਲੈ ਗਿਆ ਜਿਹੜੀ ਰੌਣਕ ਮੇਰੇ ਕੋਲ ਲਗਦੀ ਸੀ, ਉਹ ਮੇਰੇ ਨਾਨਕੀ ਲੱਗਣ ਲੱਗ ਪਈਉਦੋਂ ਨਵੇਂ ਗੀਤ ਟੇਪ ਵਿੱਚ ਭਰਨ ਦੇ ਪੰਜ ਕੁ ਰੁਪਏ ਲਗਦੇ ਸੀ, ਮੇਰੇ ਮਾਮੇ ਦਾ ਪੁੱਤ ਨਿੱਤ ਨਵੇਂ ਗੀਤ ਭਰਵਾ ਕੇ ਉੱਚੀ ਅਵਾਜ਼ ਵਿੱਚ ਗੁਆਂਢੀਆਂ ਤੇ ਖਾਸ ਕਰਕੇ ਛੋਟੇ ਮਾਮੇ ਕਿਆਂ ਨੂੰ ਸੁਣਾਇਆ ਕਰੇ

ਮੇਰੇ ਮਾਮੇ ਹੋਰੀਂ ਤਿੰਨ ਭਰਾ ਸਨਦੋਨੇ ਛੋਟੇ ਇਕੱਠੇ ਸਨ ਤੇ ਵੱਡਾ ਇਕੱਲਾ ਸੀਛੋਟਿਆਂ ਦੀ ਵੱਡੇ ਮਾਮੇ ਨਾਲ ਘੱਟ ਹੀ ਬਣਦੀ ਸੀ ਸਾਰਾ ਦਿਨ ਟੇਪ ਰਿਕਾਰਡਰ ਵੱਜਿਆ ਕਰੇ ਤੇ ਛੋਟੀ ਮਾਮੀ ਨੂੰ ਵੀ ਪਤਾ ਲੱਗ ਗਿਆ ਕਿ ਇਹ ਟੇਪ ਰਿਕਾਰਡਰ ਤਾਂ ਭੂਆ ਕੀ ਆਉਦੋਂ ਫੋਨ ਤਾਂ ਹੁੰਦੇ ਨਹੀਂ ਸੀ, ਮਸਾਂ ਚਿੱਠੀਆਂ ਪਾ ਕੇ ਵੀਹ ਦਿਨਾਂ ਬਾਅਦ ਟੇਪ ਰਿਕਾਰਡਰ ਵਾਪਸ ਮੰਗਵਾਈਜਦ ਗੁਆਂਢ ਟੇਪ ਰਿਕਾਰਡ ਵੱਜਣੋ ਬੰਦ ਹੋ ਗਈ ਤਾਂ ਛੋਟੀ ਮਾਮੀ ਨੂੰ ਪਤਾ ਲੱਗ ਗਿਆ ਕਿ ਟੇਪ ਰਿਕਾਰਡ ਭੂਆ ਦੇ ਪਿੰਡ ਵਾਪਸ ਚਲੀ ਗਈ ਹੈਦੋ ਦਿਨ ਹਿ ਲੰਘੇ ਸਨ ਕਿ ਸਵੇਰੇ ਦਸ ਕੁ ਵਜੇ ਮੇਰੀ ਸਭ ਤੋਂ ਛੋਟੀ ਮਾਮੀ ਆ ਗਈਮਾਮੀ ਨੇ ਚਾਹ ਪਾਣੀ ਪੀਤਾ ਤਾਂ ਮੇਰੀ ਮਾਂ ਨੇ ਮੇਰੀ ਮਾਮੀ ਦਾ ਖਰਾਬ ਜਿਹਾ ਮੂਡ ਵੇਖ ਕੇ ਪੁੱਛ ਹੀ ਲਿਆ ਕਿ “ਕਿਵੇਂ ਬਹੂ ਸੁੱਖ ਆ? ਮੂੰਹ ਜਿਹਾ ਸੁਜਾਈ ਬੈਠੀ ਐਂ।”

ਮਾਮੀ ਵੀ ਜਿਵੇਂ ਬੋਲਣ ਨੂੰ ਤਿਆਰ ਹੀ ਸੀ, ਕਹਿੰਦੀ, “ਹੁਣ ਵੱਡੇ ਸਾਥੋਂ ਚੰਗੇ ਹੋ ਗਏ। ਸਾਨੂੰ ਤਾਂ ਪਤਾ ਵੀ ਨਹੀਂ ਸੀ ਬਈ ਤੁਸੀਂ ਟੇਪ ਰਿਕਾਰਡ ਲਈ ਆ ਤੇ ਵੱਡੇ ਦਾ ਮੁੰਡਾ ਸਾਡੇ ਸਿਰਹਾਣੇ ਵਜਾਉਂਦਾ ਰਿਹਾ।”

ਫੇਰ ਮਾਮੀ ਕੁਝ ਰੁਕ ਕੇ ਬੋਲੀ, “ਬੀਬੀ, ਮੈਂ ਤਾਂ ਟੇਪ ਰਿਕਾਰਡ ਲੈ ਕੇ ਜਾਣੀ ਆ, ਜੇ ਦੇਣੀ ਆ ਦੱਸ, ਨਹੀਂ ਤਾਂ …” ਮਾਮੀ ਅੱਗੇ ਕੁਝ ਨਹੀਂ ਬੋਲੀਫੇਰ ਮੇਰੀ ਮਾਂ ਨੇ ਮੈਂਨੂੰ ਬਿਨਾਂ ਪੁੱਛਿਆਂ ਹੀ ਟੇਪ ਰਿਕਾਰਡਰ ਕੱਪੜੇ ਵਿੱਚ ਲਪੇਟ ਕੇ ਮੇਰੀ ਮਾਮੀ ਦੇ ਮੂਹਰੇ ਲਿਆ ਧਰੀ ਤੇ ਬੋਲੀ, “ਲੈ ਚੱਕ, ਟੇਪ ਰਿਕਾਰਡ ਸੋਥੋਂ ਚੰਗੀ ? ਤੂੰ ਬੈਠ, ਮੈਂ ਰੋਟੀ ਬਣਾਉਨੀ ਆਂ।”

ਮਾਮੀ ਦੀ ਸਾਰੀ ਭੁੱਖ ਮਰ ਗਈ, ਉਹ ਟੇਪ ਰਿਕਾਰਡਰ ਆਪਣੇ ਨਾਲ ਲਿਆਂਦੇ ਦਰੀ ਦੇ ਝੋਲੇ ਵਿੱਚ ਪਾ ਕੇ ਖੜ੍ਹੀ ਹੋ ਗਈ, ਤੇ ਇਸ ਵਾਰ ਬੇਬੇ ਨੂੰ ਬਹੁਤ ਈ ਪਿਆਰ ਨਾਲ ਬੋਲੀ, “ਬੀਬੀ ਜੀ, ਮੈਂਨੂੰ ਰੋਟੀ ਦੀ ਕੋਈ ਭੁੱਖ ਨਹੀਂ, ਮੈਂ ਤਾਂ ਛੇਤੀ ਮੁੜਨਾ, ਤੇਰੇ ਬਾਈ ਦੀ ਅੱਜ ਪਾਣੀ ਦੀ ਵਾਰੀ ਆ। ਜਵਾਕ ਘਰੇ ਇਕੱਲੇ ਆ।” ਇਹ ਕਹਿੰਦਿਆਂ ਮਾਮੀ ਨੇ ਮੇਰਾ ਮੋਢਾ ਪਲੋਸਿਆ ਤੇ ਬੇਬੇ ਦੇ ਪੈਰੀਂ ਹੱਥ ਲਾ ਕੇ ਟੇਪ ਰਿਕਾਰਡ ਵਾਲਾ ਝੋਲਾ ਚੁੱਕ ਕੇ ਤੁਰ ਪਈ

ਮਾਮੀ ਹੱਥ ਵਿੱਚ ਟੇਪ ਰਿਕਾਰਡ ਵਾਲਾ ਝੋਲਾ ਲੈ ਕੇ ਜੇਤੂ ਅੰਦਾਜ਼ ਵਿੱਚ ਜਾ ਰਹੀ ਸੀ ਤੇ ਮਨ ਵਿੱਚ ਇੱਕੋ ਚਾਅ ਸੀ ਕਿ ਦਿਨ ਛਿਪਣ ਤੋਂ ਪਹਿਲਾਂ ਪਹਿਲਾਂ ਗੁਆਢੀਆਂ ਨੂੰ ਟੇਪ ਰਿਕਾਰਡ ਲਾ ਕੇ ਸੁਣਾ ਦਿਆਂ

ਉਸ ਵੇਲੇ ਨੂੰ ਹੁਣ ਜਦ ਯਾਦ ਕਰਦੇ ਹਾਂ ਤਾਂ ਸੋਚਦੇ ਹਾਂ ਕਿ ਕਿੱਡੀਆਂ ਛੋਟੀਆਂ ਸਨ ਸਾਡੀਆਂ ਖੁਸ਼ੀਆਂਹੁਣ ਚਾਰ ਸਾਲ ਦੀ ਮੇਰੀ ਪੋਤਰੀ ਵੀ ਮੇਰਾ ਮੋਬਾਇਲ ਨਹੀਂ ਲੈਦੀਂ ਸਗੋਂ ਆਪਣੇ ਮੰਮੀ ਪਾਪਾ ਵਾਲੇ ਮਹਿੰਗੇ ਮੋਬਾਇਲ ਨਾਲ ਖੇਡਣਾ ਪਸੰਦ ਕਰਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2810)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪਰਕਾਸ਼ ਸਿੰਘ ਜੈਤੋ

ਪਰਕਾਸ਼ ਸਿੰਘ ਜੈਤੋ

Retired Assistant Superintendent Jail.
Phone: (91 - 97805 - 01017)
Email (sidhuparkash.84@gmail.com)