SurinderGeet7ਮੈਨੂੰ ਫ਼ਖਰ ਹੈ ਕਿ ... ਮੈਂ ਤੇ ਮੇਰਾ ਮਾਲਿਕ ... ਉਸ ਮਿੱਟੀ ਦੀ ਉਪਜ ਹਾਂ ...
(4 ਫਰਵਰੀ 2021)
(ਸ਼ਬਦ: 690)

 

1. ਕਿਸਾਨ ਦੀ ਅੱਖ ’ਚੋਂ ਕਿਰੇ ਹੰਝੂ ਨੂੰ ਸਮਰਪਿਤ

ਮੈਂ ਤੇਰੇ ਜੋਸ਼ ਨੂੰ ਵੇਖਾਂ ਮੈਂ ਤੇਰੇ ਹੋਸ਼ ਨੂੰ ਵੇਖਾਂ
ਤੇਰੇ ਨੈਣਾਂ ’ਚ ਸੂਰਜ ਵਾਂਗ ਮਘਦਾ ਸੇਕ ਮੈਂ ਸੇਕਾਂ

ਬਣਾ ਕੇ ਕਾਫ਼ਲੇ ਬੈਠੇ ਬਰੂਹਾਂ ਤੇਰੀਆਂ ’ਤੇ ਜੋ,
ਚਿਰਾਂ ਤੋਂ ਸੌਂ ਰਹੇ ਸਨ ਉਹ ਤੇ ਹੁਣ ਮੈਂ ਜਾਗਦੇ ਵੇਖਾਂ

ਉਬਾਲਾ ਸੀਤ ਸਾਗਰ ਵਿੱਚ ਕਦੇ ਏਦਾਂ ਵੀ ਆ ਸਕਦੈ,
ਕਿਸਾਨੀ ਦਰਦ ਦੀ ਅੱਖ ’ਚੋਂ ਕਿਰੀ ਇਕ ਹਿੰਝ ਮੈਂ ਵੇਖਾਂ

ਉਦਾਸੀ ਛਾ ਗਈ ਸੀ ਲਹਿ ਲਹਾਉਂਦੇ ਖੇਤ ਮੇਰੇ ’ਤੇ,
ਸਰ੍ਹੋਂ ਦੀ ਫ਼ਸਲ ’ਤੇ ਨੱਚਦੀ ਨਵੀਂ ਮੁਸਕਾਨ ਮੈਂ ਵੇਖਾਂ।

ਕਿਸੇ ਦੇ ਹੱਕ ਦੀ ਮਿਹਨਤ ਪਵੇ ਤੇਰੀ ਤਿਜੌਰੀ ਵਿੱਚ,
ਨਹੀਂ ਮਨਜ਼ੂਰ ਮੈਨੂੰ ਜ਼ਿੰਦਗੀ ਵਿੱਚ ਮੈਂ ਕਦੇ ਵੇਖਾਂ

ਲਹੂ ਇਤਿਹਾਸ ਬਣਦਾ ਤਾਂ ਅਨੇਕਾਂ ਵਾਰ ਮੈਂ ਤੱਕਿਆ,
ਬਣੇ ਇਤਿਹਾਸ ਇਕ ਹੰਝੂ ਇਹ ਪਹਿਲੀ ਵਾਰ ਮੈਂ ਵੇਖਾਂ

ਕਰਾਂ ਸਿਜਦਾ ਮੈਂ ਹੰਝੂ ਨੂੰ ਜੋ ਤੇਰੀ ਅੱਖ ’ਚੋਂ ਕਿਰਿਆ,
ਤੇ ਇਸ ਕੋਸੀ ਜਿਹੀ ਤਿੱਪ ਵਿੱਚ ਕਿਸਾਨੀ ਹੋਂਦ ਮੈਂ ਵੇਖਾਂ

                          **

2.   ਦੁਆ ਕਰਾਂ ਮੈਂ ...

ਦੁਆ ਕਰਾਂ ਮੈਂ ਕਿ ਸਾਡੇ ਵਿਹੜੇ,
ਹਮੇਸ਼ ਖਿੜਦਾ ਗੁਲਾਬ ਹੋਵੇ
ਜੋ ਮਹਿਕ ਪੁੱਛਦੀ ਸਵਾਲ ਸਾਨੂੰ,
ਹਰੇਕ ਦਾ ਹੀ ਜਵਾਬ ਹੋਵੇ

ਤੂੰ ਨੀਰ ਬਣਕੇ ਅੱਗ ਦੇ ਨੈਣੀਂ,
ਸਮਾ ਸਕੇਂ ਤਾਂ ਸਮਾ ਹੀ ਜਾਵੀਂ।
ਨਾ ਕੋਈ ਭਾਂਬੜ ਮੈਂ ਬਲਦਾ ਦੇਖਾਂ,
ਨਾ ਅੱਗ ਨੂੰ ਮਿਲਦਾ ਖਿਤਾਬ ਹੋਵੇ

ਇਹ ਕਿਸ ਤਰ੍ਹਾਂ ਦੀ ਹੈ ਰਾਜਨੀਤੀ,
ਜੋ ਅੱਗ ਖਾਂਦੀ ਜੋ ਅੱਗ ਪੀਂਦੀ।
ਕਿੰਨਾ ਕੁ ਇਸਦੇ ਹੈ ਸਿਰ ’ਤੇ ਕਰਜ਼ਾ,
ਕਦੀ ਤੇ ਕੋਈ ਹਿਸਾਬ ਹੋਵੇ

ਤੂੰ ਬਾਲ ਦੀਵੇ ਨਾ ਡਰ ਹਵਾ ਤੋਂ,
ਇਹ ਵਾਵਰੋਲੇ ਤਾਂ ਉੱਠਦੇ ਰਹਿਣੇ।
ਜੋ ਜੂਝ ਮਰਦਾ ਸ਼ਹੀਦ ਹੁੰਦਾ,
ਉਹ ਜ਼ਿੰਦਗੀ ਦੀ ਕਿਤਾਬ ਹੋਵੇ

ਮੈਂ ਜ਼ਿੰਦਗੀ ਦਾ ਉਹ ਗੀਤ ਪੂਜਾਂ,
ਜੋ ਸੱਚ ਹੋਵੇ ਜੋ ਰੱਬ ਹੋਵੇ।
ਲਹੂ ’ਚ ਧੋਤੀ ਉਹ ਤੇਗ ਹੋਵੇ,
ਜਾਂ ਸੱਚ ਗਾਉਂਦੀ ਰਬਾਬ ਹੋਵੇ

            **

3. ਮਾਂ ਦੀ ਕਹਾਣੀ

ਉਮਰ ਦੇ ਆਖਰੀ ਪਹਿਰ
ਜ਼ਿੰਦਗੀ ਦੇ ਬੋਝ ਥੱਲੇ
ਦੂਹਰੀ ਹੋ ਕੇ ਤੁਰਦੀ
ਡੂੰਘੀ ਗੁਫਾ ਵਰਗੇ
ਕਮਰੇ ਵਿੱਚ
ਕੱਲਮ-ਕੱਲੀ
ਦਿਨ ਕਟੀ ਕਰਦੀ
ਮਿਹਨਤ ਮਜ਼ਦੂਰੀ ਕਰਕੇ
ਪੇਟ ਪਾਲਦੀ
ਬੁੱਢੀ ਔਰਤ ਦੀਆਂ
ਡੂੰਘੀਆਂ ਧਸੀਆਂ
ਗਿੱਡ ਨਾਲ ਭਰੀਆਂ
ਅੱਖਾਂ ’ਚੋਂ
ਆਪ ਮੁਹਾਰੇ ਵਗਦਾ ਪਾਣੀ

ਆਪਣੀ ਚੁੱਪ ਦੀ ਭਾਸ਼ਾ ਵਿੱਚ
ਸੁਣਾ ਦਿੰਦਾ ਹੈ
ਉਹ ਕਹਾਣੀ
ਕਿ ਕਿਵੇਂ
ਉਸਨੇ ਆਪਣੇ
ਜਿਗਰ ਦੇ ਟੋਟੇ
ਛੇ ਫੁੱਟੇ
ਗਭਰੂ ਜਵਾਨ ਬੇਟੇ ਨੂੰ
ਦਹੀਂ ਦਾ ਕਟੋਰਾ ਖਵਾ
ਮੈਲੀ ਜਿਹੀ ਚੁੰਨੀ ਦੇ
ਲੜ ਬੰਨ੍ਹੇ

ਪੰਜ ਰੁਪਈਆਂ ਦੀ
ਗੁਰਦੁਆਰੇ ਦੇਗ ਕਰਵਾ
ਗੁਰੂ ਮਹਾਰਾਜ ਦੇ ਚਰਨਾਂ ਵਿੱਚ

ਮੱਥਾ ਟਿਕਾ
ਫੌਜ ਵਿੱਚ ਭਰਤੀ ਹੋਣ ਲਈ

ਤੋਰ ਦਿੱਤਾ ਸੀ

ਤੇ ਫਿਰ
ਛੁੱਟੀ ਆਏ ਪੁੱਤ ਦੀ
ਛੁੱਟੀ ਦੇ ਐਨ ਵਿਚਕਾਰ
ਆ ਗਈ ਸੀ
ਵੱਡੇ ਸਾਬ੍ਹ ਦੀ ਤਾਰ
ਕਿ ਜੰਗ ਸ਼ੁਰੂ ਹੈ
ਪਲਟਣ ਮੋਰਚੇ ’ਤੇ ਜਾਣ ਲਈ
ਤਿਆਰ ਹੈ
ਜਲਦੀ ਪੁੱਜੋ!

ਮਾਂ ਤੇ ਪੁੱਤ ਦੋਨਾਂ ਨੇ
ਉਹ ਰਾਤ ਜਾਗ ਕੇ ਕਟੀ
ਪਰ ਆਪਣੀ ਪਰੇਸ਼ਾਨੀ

ਇਕ ਦੂਸਰੇ ਤੋਂ
ਛੁਪਾ ਕੇ ਰੱਖੀ

ਅਗਲੀ ਸਵੇਰ
ਪੁੱਤ ਨੂੰ ਸੀਨੇ ਨਾਲ ਲਾ

ਅੱਖਾਂ, ਮੱਥਾ ਤੇ ਹੱਥ ਚੁੰਮ
ਜਾ ਪੁੱਤ
ਤੈਨੂੰ ਰੱਬ ਦੀਆਂ ਰੱਖਾਂ
ਗੁਰੂ ਦਾ ਸਿੰਘ ਹੋ ਕੇ
ਵੈਰੀ ਨੂੰ ਪਿੱਠ ਨਾ ਵਿਖਾਵੀਂ
ਭਾਰਤ ਮਾਂ ਦੀ ਲਾਜ ਬਚਾਵੀਂ
ਮੇਰੇ ਦੁੱਧ ਨੂੰ ਲੀਕ ਨਾ ਲਾਵੀਂ
ਆਖ
ਭਰੇ ਮਨ ਨਾਲ
ਪੁੱਤ ਨੂੰ ਜੰਗ ਦੇ ਮੈਦਾਨ ਵੱਲ ਤੋਰ
ਨਜ਼ਰਾਂ ਤੋਂ ਓਹਲੇ ਜਾਂਦੀ ਗੱਡੀ ਵੱਲ
ਵੇਖਦੀ ਰਹੀ
ਹੰਝੂ ਕੇਰਦੀ ਰਹੀ

ਤੇ ਫਿਰ
ਇਕ ਦਿਨ

ਤਿਰੰਗੇ ’ਚ ਲਪੇਟੇ ਬਕਸੇ ਵਿੱਚ
ਸ਼ਹੀਦ ਪੁੱਤ ਦੀ ਲਾਸ਼ ਦੇਖ
ਉਸਦਾ ਕਾਲਜਾ ਫਟਿਆ
ਅਸਮਾਨ ਸਿਰ ’ਤੇ ਡਿਗਿਆ
ਉਸਦਾ ਸੰਸਾਰ
ਭੈੜੀ ਜੰਗ ਨੇ ਲੁੱਟਿਆ

ਸਰਕਾਰੀ ਤੋਪਾਂ ਦੀ ਸਲਾਮੀ ਨਾਲ
ਉਸਨੇ ਵੀ ਆਪਣੇ ਕੰਬਦੇ ਹੱਥ ਨਾਲ
ਆਪਣੇ ਬਹਾਦਰ ਪੁੱਤ ਨੂੰ
ਸਲੂਟ ਮਾਰਿਆ

ਉਸਨੂੰ ਲੱਗਿਆ
ਜਿਵੇਂ ਉਸਦਾ ਪੁੱਤ
ਆਪਣੀ ਬੁੱਢੀ ਮਾਂ ਦੇ ਸਲੂਟ ਤੇ
ਉੱਚੀ ਉੱਚੀ ਹੱਸਿਆ ਹੋਵੇ

ਤੇ ਹੁਣ
ਪਿੰਡ ਦੀ ਫਿਰਨੀ ’ਤੇ ਖੜ੍ਹੇ
ਆਪਣੇ ਸ਼ਹੀਦ ਪੁੱਤ ਦੇ ਬੁੱਤ ਨੂੰ
ਉਹ ਰੋਜ਼
ਆਪਣੀ ਫਟੀ ਪੁਰਾਣੀ ਚੁੰਨੀ ਨਾਲ
ਸਾਫ ਕਰਦੀ ਹੈ
ਬੱਚਿਆਂ ਵਾਂਗ ਪਲੋਸਦੀ ਹੈ
ਤੇ ਆਖਦੀ ਹੈ
ਪੁੱਤ ਤੂੰ ਤਾਂ
ਭਾਰਤ ਮਾਤਾ ਦੀ ਰੱਖਿਆ ਲਈ
ਆਪਣਾ ਖੂਨ ਡੋਲ੍ਹਿਆ
ਪਰ ਤੇਰੇ ਜਾਣ ਬਾਅਦ
ਭਾਰਤ ਮਾਤਾ ਨੇ
ਕਦੇ ਮੇਰਾ ਹੰਝੂ ਨਹੀਂ ਪੂੰਝਿਆ

           **

4. ਕਣਕ

ਖੇਤ ਦੀ
ਵੱਟ ਤੇ ਖੜ੍ਹਕੇ
ਮੈਂ ਗੋਡੇ ਗੋਡੇ ਹੋਈ
ਕਣਕ ਦਾ ਹਾਲ ਪੁੱਛਿਆ

ਕਿ
ਬੜੇ ਦਿਨਾਂ ਤੋਂ ਤੇਰਾ ਮਾਲਿਕ
ਤੈਨੂੰ ਮਿਲਣ ਨਹੀਂ ਆਇਆ
ਚਿੱਤ ਉਦਾਸ ਤਾਂ ਨਹੀਂ ਹੋਇਆ।

ਆਪਣੇ ਮਾਲਿਕ ਦਾ ਨਾਮ ਸੁਣ
ਕਣਕ ਮੁਸਕਰਾਈ
ਝੂਮ ਉੱਠੀ
ਤੇ ਬੋਲੀ

ਮੈਨੂੰ ਪਤਾ ਹੈ
ਮੇਰਾ ਮਾਲਿਕ
ਸਿਆਲੂ ਠੰਢੀਆਂ ਰਾਤਾਂ
ਟਰਾਲੀਆਂ ਵਿੱਚ ਕੱਟਦਾ ਹੈ

ਆਪਣੇ ਤਨ ਮਨ ’ਤੇ
ਤਕਲੀਫ਼ ਝੱਲਦਾ ਹੈ।

ਮੈਨੂੰ ਫ਼ਖਰ ਹੈ ਕਿ
ਮੈਂ ਤੇ ਮੇਰਾ ਮਾਲਿਕ
ਉਸ ਮਿੱਟੀ ਦੀ ਉਪਜ ਹਾਂ
ਜਿਸਦੀ ਤਾਸੀਰ
ਹੱਕ ਤੇ ਸੱਚ ਖਾਤਿਰ
ਲੜਦੀ ਮਰਦੀ ਤੇ ਜਿੱਤਦੀ ਹੈ।

ਉਹ ਦਿੱਲੀ ਦੀਆਂ ਬਰੂਹਾਂ ’ਚ ਬੈਠ
ਦਿੱਲੀ ਦੇ ਪੰਨਿਆਂ ’ਤੇ ਆਪਣੀ
ਹੋਂਦ

ਸਭਿਆਚਾਰ
ਤੇ ਭਾਈਚਾਰੇ ਦਾ
ਨਵਾਂ ਇਤਿਹਾਸ ਸਿਰਜ ਰਿਹਾ ਹੈ
ਤੇ ਮੈਂ
ਉਸਦੀ ਜਿੱਤ ਲਈ
ਦਿਨ ਰਾਤ ਅਰਦਾਸ ਕਰਦੀ ਹਾਂ

          *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2565)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਰਿੰਦਰ ਗੀਤ

ਸੁਰਿੰਦਰ ਗੀਤ

Calgary, Alberta, Canada.
Phone: (403 - 605 - 3734)
Email: (sgeetgill@gmail.com)