SadhuBinning5ਜੇ ਕੱਲ੍ਹ ਤੋਂ ਸਕੂਲੇ ਨਾ ਗਿਆ ਤਾਂ ਪਰਸੋਂ ਨੂੰ ਮੈਂ ਤੈਨੂੰ ...
(17 ਜਨਵਰੀ 2021)
(ਸ਼ਬਦ: 3470)

 

ਸਵੇਰੇ ਆਪਣੇ ਪੋਤੇ ਦੀ ਕਾਰ ਵਿੱਚ ਰੇਡੀਓ ’ਤੇ ਸੁਣੀ ਇਹ ਗੱਲ ਕਿ ‘ਬੰਦੇ ਦਾ ਨਾਂ ਤੇ ਜਨਮ ਤਰੀਕ ਉਹਦੀ ਹੋਂਦ ਦੀਆਂ ਦੋ ਬਹੁਤ ਹੀ ਮੁੱਢਲੀਆਂ ਗੱਲਾਂ ਹੁੰਦੀਆਂ ਹਨ’ ਮੇਰੇ ਕੰਨਾਂ ਵਿੱਚ ਗੂੰਜ ਰਹੀ ਹੈਮੇਰੇ ਲਈ ਤਾਂ ਇਹ ਦੋਵੇਂ ਚੀਜ਼ਾਂ ਹੀ ਰਲਗੱਡ ਜਿਹੀਆਂ ਰਹੀਆਂ ਹਨ ਸਦਾਮਾਂ ਮੇਰਾ ਜਨਮ ਕਿਸੇ ਹੋਰ ਮਹੀਨੇ ਹੋਇਆ ਦੱਸਦੀ ਰਹੀ ਤੇ ਮੇਰੇ ਪੇਪਰ ਕੋਈ ਹੋਰ ਹੀ ਮਹੀਨਾ ਦਰਸਾਉਂਦੇ ਰਹੇ ਇੰਨਾ ਸ਼ੁਕਰ ਹੈ ਕਿ ਸਾਲ ਉਹੀ ਆ, ਕਈ ਮੇਰੇ ਵਰਗਿਆਂ ਦੇ ਤਾਂ ਸਾਲ ਵੀ ਇੱਧਰ ਉੱਧਰ ਹੋਏ ਪਏ ਨੇ

ਬੇਬੇ ਮੇਰੀ ਨੇ, ਦੱਸਦੇ ਆ, ਮੇਰਾ ਨਾਂ ਰੱਖਿਆ ਸੀ ਬਹਾਦਰ ਸਿੰਘਉਹ ਜਿੰਨਾ ਚਿਰ ਜਿਊਂਦੀ ਰਹੀ ਆਪਣੇ ‘ਸੌ ਸੁੱਖਾਂ ਬਾਅਦ ਮਿਲੇ’ ਜੇਠੇ ਪੋਤੇ ਨੂੰ, ਜਾਣੀ ਕਿ ਮੈਂਨੂੰ, ਇਸੇ ਨਾਂ ਨਾਲ ਬੁਲਾਉਂਦੀ ਰਹੀਪਰ ਪੇਪਰਾਂ ਵਿੱਚ ਮੇਰਾ ਨਾਂ ਗੁਰਮੁਖ ਸਿੰਘ ਲਿਖਿਆ ਗਿਆ ਤੇ ਬਾਕੀ ਸਾਰੀ ਦੁਨੀਆਂ ਮੈਂਨੂੰ ਇਸੇ ਨਾਂ ਨਾਲ ਹੀ ਜਾਣਦੀ ਹੈਖੈਰ ਜਿੱਦਾਂ ਹੁੰਦਾ ਹੀ ਆ, ਇਸ ਸਾਰੇ ਪਿੱਛੇ ਵੀ ਇੱਕ ਕਹਾਣੀ ਹੈ

ਜਦੋਂ ਮੈਂ ਨਿੱਕਾ ਜਿਹਾ ਸੀ ਤਾਂ ਜੀਵਨ ਦੀ ਤੋਰ ਬੜੀ ਮਜ਼ੇਦਾਰ ਹੁੰਦੀ ਸੀ ਬੱਸ ਮੌਜਾਂ ਹੀ ਮੌਜਾਂਸਵੇਰੇ ਮਰਜ਼ੀ ਨਾਲ ਉੱਠਣਾ ਚੁੱਲ੍ਹੇ ਲਾਗੇ ਬੈਠ ਕੇ ਚਾਹ ਦੀ ਬਾਟੀ ਪੀ ਕੇ ਸੁਸਤੀ ਜਿਹੀ ਉਤਾਰਨ ਲਈ ਕਈ ਕਈ ਮਿੰਟ ਸ਼ੌਕ ਵਜੋਂ ਹੀ ਸਿਰ, ਢਿੱਡ ਜਾਂ ਚਿੱਤੜਾਂ ਨੂੰ ਖਨੂੰਹੀ ਜਾਣਾਜੇ ਲੱਗਾ ਪਈ ਬੀਬੀ ਜਾਂ ਬੇਬੇ ਕੋਲ ਧਿਆਨ ਦੇਣ ਦਾ ਟੈਮ ਹੈਗਾ, ਇਸ ਗੱਲ ਦਾ ਕੁਦਰਤੋਂ ਅੰਦਾਜ਼ਾ ਜਿਹਾ ਹੋ ਜਾਂਦਾ ਸੀ, ਤਾਂ ਐਂਵੀਂ ਬੇਮਤਲਬ ਜਿਹਾ ਰੋਣਾ ਸ਼ੁਰੂ ਕਰ ਦੇਣਾ

ਪਤਾ ਤਾਂ ਉਨ੍ਹਾਂ ਨੂੰ ਵੀ ਹੁੰਦਾ ਹੀ ਸੀ ਪਈ ਮੇਰੇ ਸਵੇਰ ਸਾਰ ਰੋਣ ਵਿੱਚ ਕੋਈ ਅਸਲੀਅਤ ਤਾਂ ਹੈ ਹੀ ਨਹੀਂ ਪਰ ਫੇਰ ਵੀ ਜੇ ਕਿਤੇ ਬੇਬੇ ਕੋਲ ਟੈਮ ਹੋਣਾ ਤਾਂ ਉਹਨੇ ਚੁੱਕ ਲੈਣਾਬੀਬੀ ਕੋਲ ਤਾਂ ਸਵੇਰ ਵੇਲੇ ਟੈਮ ਹੋਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾਬੇਬੇ ਨੇ ਮੇਰੇ ਨਿੱਕੇ ਜਿਹੇ ਢਿੱਡ ’ਤੇ ਹੱਥ ਫੇਰ ਕੇ ਕਹਿਣਾ, “ਕੀ ਹੋਇਆ ਮੇਰੇ ਪੁੱਤ ਨੂੰ? ਹੈਂ ਕਿਉਂ ਰੋਂਦੀ ਆ ਮੇਰੀ ਨਿੱਕੀ ਜਿਹੀ ਡਿੱਡੀ ਸਵੇਰੇ ਸਵੇਰੇ? ਚਾਹ ਥੋੜ੍ਹੀ ਮਿਲੀ ਆ ਅੱਜ ਮੇਰੇ ਬਹਾਦਰ ਸਿੰਓਂ ਨੂੰ?” ਖੁਸ਼ੀ ਤਾਂ ਇਸੇ ਗੱਲ ਦੀ ਬਹੁਤ ਹੁੰਦੀ ਸੀ ਪਈ ਬੇਬੇ ਨੇ ਚੁੱਕ ਲਿਆਇਸ ਖੁਸ਼ੀ ਵਿੱਚ ਥੋੜ੍ਹਾ ਜਿਹਾ ਜਿੱਤ ਦਾ ਵੀ ਰਲ਼ਾਅ ਹੁੰਦਾ ਸੀਨਾਲ ਚਾਹ ਦੀ ਹੋਰ ਸੁਲ੍ਹਾ ਤਾਂ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਹੁੰਦੀ ਸੀਆਪਾਂ ਸਿਰ ਥੱਲੇ ਨੂੰ ਮਾਰ ਦੇਣਾਬਾਟੀ ਚਾਹ ਦੀ ਹੋਰ ਮਿਲ਼ ਜਾਣੀ

ਉੱਦਾਂ ਜੇ ਬੇਬੇ ਨੇ ਕੁਛ ਹੋਰ ਵੀ ਕਹਿ ਦਿੱਤਾ, ਜਿੱਦਾਂ ਪਈ “ਬਿਸਕੁਟ ਲੈਣਾ?” ਤਾਂ ਆਪਣਾ ਸਿਰ ਉਸੇ ਦਿਸ਼ਾ ਵਿੱਚ ਹਿੱਲਣਾ ਹੁੰਦਾ ਸੀ, ਸਗੋਂ ਹੋਰ ਜੋਸ਼ ਨਾਲਸਾਡੇ ਘਰ ਦੀ ਪਿਛਲੀ ਕੋਠੜੀ ਵਿੱਚ ਇੱਕ ਨਿੱਕੀ ਜਿਹੀ ਪੀਪੀ ਵਿੱਚ ਬੇਬੇ ‘ਆਏ ਗਏ ਲਈ’ ਬਿਸਕੁਟ ਰੱਖਦੀ ਹੁੰਦੀ ਸੀ ਇੱਕ ਦਿਨ ਬੀਬੀ ਨੇ ਕਿਸੇ ਗੱਲੋਂ ਖਿਝ ਕੇ ਮੈਂਨੂੰ ਉਸ ਕੋਠੜੀ ਵਿੱਚ ਹੁੜ ਦਿੱਤਾਨ੍ਹੇਰੇ ਵਿੱਚ ਹੱਥ ਪੈਰ ਮਾਰਦੇ ਦੇ ਮੇਰੇ ਗੋਡੇ ਵਿੱਚ ਉਹ ਪੀਪੀ ਲੱਗ ਗਈ ਤੇ ਉਹਦੇ ਟੁੱਟੇ ਹੋਏ ਕੰਢੇ ਨੇ ਗੋਡੇ ਵਿੱਚੋਂ ਲਹੂ ਕੱਢ ਦਿੱਤਾਪਰ ਫੇਰ ਮੈਂਨੂੰ ਵਰਾਉਣ ਲਈ ਤੇ ਖਬਰੇ ਪੀਪੀ ਨੂੰ ਸਜ਼ਾ ਦੇਣ ਲਈ, ਬੇਬੇ ਨੇ ਦੋ ਤਿੰਨ ਬਿਸਕੁਟ ਮੈਨੂੰ ਦੇ ਦਿੱਤੇਬਿਸਕੁਟਾਂ ਨੇ ਜੋ ਸੁਆਦ ਦਿੱਤਾ ਸੀ, ਮੈਂ ਹਾਣੀ ਨਿਆਣਿਆਂ ਨੂੰ ਦੱਸ ਦੱਸ ਕੇ ਉਨ੍ਹਾਂ ਦੇ ਮੂੰਹਾਂ ਵਿੱਚ ਕਈ ਦਿਨ ਲਾਲ਼ਾਂ ਵਗਾਉਂਦਾ ਰਿਹਾ

ਸੋ ਜੇ ਕਿਤੇ ਬੇਬੇ ਰੋਂਦੇ ਨੂੰ ਚੁੱਕ ਕੇ ਬਿਸਕੁਟਾਂ ਦੀ ਸੁਲ੍ਹਾ ਮਾਰ ਲੈਂਦੀ ਤਾਂ ਆਪਾਂ ਪਲ ਵਿੱਚ ਮੰਨ ਜਾਂਦੇ ਤੇ ਚੇਤਾ ਹੀ ਨਾ ਰਹਿੰਦਾ ਪਈ ਰੋਣਾ ਕਾਹਦੇ ਲਈ ਸ਼ੁਰੂ ਕੀਤਾ ਸੀ

ਪਰ ਇੱਦਾਂ ਹੁੰਦੀ ਬਹੁਤ ਘੱਟ ਸੀਸਵੇਰ ਨੂੰ ਨਾ ਬੇਬੇ ਨੂੰ ਤੇ ਨਾ ਹੀ ਕਦੇ ਬੀਬੀ ਨੂੰ ਵਿਹਲ ਹੁੰਦੀ ਸੀ ਪਈ ਮੈਂਨੂੰ ਚੁੱਕ ਲੈਣਬੀਬੀ ਨੂੰ ਮੈਥੋਂ ਛੋਟੀ ਭੈਣ ਤੇ ਉਹਦੇ ਤੋਂ ਛੋਟਾ ਭਰਾ ਹੀ ਨਹੀਂ ਸੀ ਛੱਡਦੇ ਸਵੇਰੇ ਕਦੇਨਾਲੇ ਉਹਨੇ ਖੂਹ ਨੂੰ ਚਾਹ ਤੇ ਰੋਟੀਆਂ ਲੈ ਕੇ ਜਾਣੀਆਂ ਹੁੰਦੀਆਂਪਹਿਲਾਂ ਤੜਕੇ ਉਹ ਦੋ ਮਹੀਂਆਂ ਚੋ ਕੇ ਲਿਆਉਂਦੀਮੀਲ ਭਰ ’ਤੇ ਸਾਡਾ ਖੂਹ ਸੀਜਿੱਦਾਂ ਬੇਬੇ ਤੇ ਬੀਬੀ ਆਪ ਹੀ ਕਹਿੰਦੀਆਂ ਹੁੰਦੀਆਂ ਸੀ ਪਈ ਉਨ੍ਹਾਂ ਕੋਲ ਤਾਂ ‘ਮਰਨ ਦੀ ਵਿਹਲ ਨਹੀਂ’, ਸਾਨੂੰ ਮਲੰਗਾਂ ਨੂੰ ਕੌਣ ਚੁੱਕੇ ਤੇ ਕੌਣ ਵਰਾਵੇ

ਹਾਲਾਤ ਨੇ ਸਾਨੂੰ ਵੀ ਫੱਕਰਪੁਣਾ ਸਿਖਾ ਦਿੱਤਾਚਾਹ ਪੀਣੀ, ਢਿੱਡ ’ਤੇ ਫੇਰਨਾ ਹੱਥ ਤੇ ਉੱਠ ਪੈਣਾ ਚੜ੍ਹਦੇ ਦਿਨ ਨਾਲ ਸਿੱਧੀ ਟੱਕਰ ਲੈਣਜੇ ਰਾਤ ਦੀ ਨਿੱਕੀ ਜਿਹੀ ਕੱਛੀ ਪਾਈ ਹੁੰਦੀ ਤਾਂ ਉਹਦੇ ’ਚ, ਨਹੀਂ ਤਾਂ ਨਿੱਕੀਆਂ ਨਿੱਕੀਆਂ ਰੰਗ ਬਰੰਗੀਆਂ ਘੁੰਗਰੀਆਂ ਵਾਲੀ ਯਾਰਾਂ ਦੀ ਤੜਾਗੀਸੁੱਤੇ ਉੱਠਦਿਆਂ ਪਹਿਲਾ ਕੰਮ ਹੁੰਦਾ ਸੀ ਹੱਥ ਵਿੱਚ ਛਿਟੀ ਜਿਹੀ ਫੜ ਕੇ ਵਿਹੜੇ ਵਿੱਚ ਗੇੜਾ ਮਾਰਨਾਜਿੱਦਾਂ ਪੁਲਿਸ ਦਾ ਛੋਟਾ ਅਫਸਰ ਵੱਡੇ ਅਫਸਰ ਦੀ ਗੈਰ ਹਾਜ਼ਰੀ ਵਿੱਚ ਆਪਣੀ ਚੌਧਰ ਦਿਖਾਉਣ ਲਈ ਠਾਣੇ ਵਿੱਚ ਗੇੜਾ ਮਾਰਦਾ ਹੁੰਦਾ ਸੀ ਨਾ, ਐੱਨ ਉਸੇ ਤਰ੍ਹਾਂਜੇ ਕੁੱਕੜੀ ਮੋਹਰੇ ਆ ਗਈ ਤਾਂ ਹੱਥ ਦੀ ਛਿਟੀ ਨੇ ਉਹਦੇ ਵਲ ਉੱਠਣਾ ਤੇ ਜੇ ਬਿੱਲੀ ਦਿਸ ਪਈ ਤਾਂ ਉਹਦੀ ਸ਼ਾਮਤਚਿੜੀਆਂ ਤੇ ਸਾਰਕਾਂ ਦੁਹਾਈਆਂ ਪਾਉਂਦੀਆਂ ਉੱਡ ਜਾਂਦੀਆਂ ਹੁੰਦੀਆਂ ਸੀ ਮੈਂਨੂੰ ਦੇਖ ਕੇ ਜਮਾਨੇ ਜਮਾਨੇ ਦੀਆਂ ਗੱਲਾਂ, ਸਾਡੇ ਆਪਣੇ ਵਿਹੜੇ ਵਿੱਚ ਉਨ੍ਹਾਂ ਦਿਨਾਂ ਵਿੱਚ ਸਾਡੀ ਤੜਾਗੀ ਵਿੱਚ ਹੀ ਕਈ ਕਈ ਫੀਤੀਆਂ ਲੱਗੀਆਂ ਵਾਲੇ ਅਫਸਰਾਂ ਜਿੰਨੀ ਟੌਹਰ ਹੁੰਦੀ ਸੀਪਰ ਫੇਰ ਤੜਾਗੀ ਵਾਲੀ ਆਜ਼ਾਦੀ ਤਾਂ ਜਾਂਦੀ ਲੱਗੀ ਕਿਉਂਕਿ ਸੁੱਤੇ ਉੱਠਦੇ ਦੇ ਹੀ ਬੀਬੀ ਜਾਂ ਬੇਬੇ ਨੇ ਕੁਝ ਨਾ ਕੁਝ ਲੱਤਾਂ ਵਿੱਚ ਅੜਾ ਦੇਣਾਜੇ ਗਰਮੀਆਂ ਹੋਣ ਤਾਂ ਨਿੱਕੀ ਜਿਹੀ ਕੱਛੀ ਤੇ ਜੇ ਸਰਦੀਆਂ ਹੋਣ ਤਾਂ ਲੰਡੀ ਜਿਹੀ ਪੰਜਾਮੀ ਜਿਹਦੇ ਥੱਲੇ ਪਿੱਛੇ ਐਮਰਜੈਂਸੀ ਵੇਲੇ ਲਈ ਮਘੋਰਾ ਰੱਖਿਆ ਹੁੰਦਾ ਸੀ

ਖੈਰ, ਛਿਟੀ ਦੇ ਸਹਾਰੇ ਵਿਹੜੇ ਵਿੱਚ ਆਪਣੀ ਸਰਦਾਰੀ ਕਾਇਮ ਕਰਕੇ ਫੇਰ ਮੈਂ ਗਲ਼ੀ ਵਿੱਚ ਗੇੜਾ ਦੇਣ ਚਲੇ ਜਾਣਾਸਾਡੇ ਘਰ ਦਾ ਬੂਹਾ ਚੜ੍ਹਦੇ ਵਲ ਨੂੰ ਖੁੱਲ੍ਹਦਾ ਸੀਸੱਜੇ ਪਾਸੇ, ਨਾਲ ਲਗਦਾ ਘਰ ‘ਤਾਂਗੇ ਆਲਿਆਂ’ ਦਾ ਸੀਉਹ ਦੋ ਭਰਾ ਸਿਗੇ ਤੇ ਸਿਗੇ ਵੀ ਸਾਡੇ ਸਕਿਆਂ ਵਿੱਚੋਂ ਪਰ ਸਾਡੇ ਟੱਬਰ ਨਾਲ ਬਹੁਤੀ ਬੋਲ ਚਾਲ ਨਹੀਂ ਸੀਵੱਡੇ ਦਾ ਨਾਂਅ ਸੀ ਭਗਤਾਉਹ ਖੇਤੀ ਕਰਦਾ ਸੀ ਤੇ ਵਿਆਹਿਆ ਹੋਇਆ ਸੀਆਪਣੇ ਨਾਂ ਵਾਂਗ ਪੂਰਾ ਭਗਤ ਕਿਸਮ ਦਾ ਬੰਦਾ ਸੀ ਉਹੋਨਾ ਕਿਸੇ ਨਾਲ ਵਾਧੂ ਨਾ ਘਾਟੂ, ਬੱਸ ਆਪਣੇ ਕੰਮ ਨਾਲ ਮਤਲਬਉਹਦੇ ਬਾਰੇ ਪਿੰਡ ਵਿੱਚ ਅਕਸਰ ਚਰਚਾ ਚਲਦੀ ਪਈ ਉਹ ਬੰਦਾ ਸੱਚੀਂ ਭਗਤ ਕਿਸਮ ਦਾ ਹੋਣ ਕਰਕੇ ਉਹਦਾ ਨਾਂਅ ਭਗਤਾ ਸੀ ਜਾਂ ਉਹਦਾ ਨਾਂਅ ਭਗਤਾ ਹੋਣ ਕਰਕੇ ਉਹ ਭਗਤ ਬਣ ਗਿਆ ਸੀਭਗਤਾ ਦਿਨੇ ਨੂੰ ਬਹੁਤਾ ਖੂਹ ’ਤੇ ਹੀ ਕੰਮ ਕਾਰ ਕਰਦਾ ਰਹਿੰਦਾ ਬੱਸ ਰਾਤ ਪਈ ’ਤੇ ਘਰ ਆਉਂਦਾ ਤੇ ਸਵੇਰੇ ਤੜਕਿਉਂ ਖੂਹ ਨੂੰ ਚਲੇ ਜਾਂਦਾਇਸ ਗੱਲੋਂ ਉਹ ਬਿਲਕੁਲ ਮੇਰੇ ਭਾਈਏ ਵਰਗਾ ਹੀ ਸੀ ਇਸੇ ਕਰਕੇ ਮੈਂਨੂੰ ਅਜੇ ਤਕ ਵੀ ਭਗਤੇ ਦਾ ਚੇਤਾ ਨਹੀਂ ਭੁੱਲਿਆ ਭਾਵੇਂ ਮੈਂ ਉਹਨੂੰ ਦੇਖਿਆ ਬਹੁਤ ਘੱਟ ਸੀ

ਤੇ ਭਗਤੇ ਤੋਂ ਛੋਟਾ ਤਾਰੂ ਤਾਂਗਾ ਵਾਹੁੰਦਾ ਸੀਪਹਿਲਾਂ ਉਨ੍ਹਾਂ ਦਾ ਇੱਕ ਛੜਾ ਚਾਚਾ ਤਾਂਗਾ ਵਾਹੁੰਦਾ ਰਿਹਾ ਸੀ ਤੇ ਕਿਤੇ ਉਦੋਂ ਦੀ ਹੀ ਉਨ੍ਹਾਂ ਦੀ ਇਹ ਅੱਲ ਪੈ ਗਈ ਸੀ ‘ਤਾਂਗੇ ਆਲੇ’ਤਾਰੂ ਕੱਦ ਦਾ ਕਾਫੀ ਮੱਧਰਾ ਸੀਸਾਰੇ ਜਾਣਦੇ ਸੀ ਪਈ ਪਿੰਡ ਵਿੱਚ ਇੱਕ ਪਾਸੇ ਲੰਬੜਾਂ ਦਾ ਕੈਲੋ ਸਭ ਤੋਂ ਉੱਚਾ ਸੀ ਤੇ ਦੂਜੇ ਪਾਸੇ ਸੀ ਤਾਂਗੇ ਆਲਿਆਂ ਦਾ ਤਾਰੂਪਤਲਾ ਜਿਹਾ ਤੇ ਨਿੱਕਾ ਜਿਹਾ ਤਾਰੂ ਵੈਲੀ ਬੰਦਾ ਸੀ ਪਰ ਆਪਣੇ ਚਾਚੇ ਵਾਂਗ ਛੜਾ ਹੀ ਰਹਿ ਗਿਆ ਸੀਡੋਡੇ ਤੇ ਫੀਮ ਉਹਦੇ ਸ਼ੌਕ ਸਨ ਤੇ ਬਣ ਠਣ ਕੇ ਰਹਿਣਾ ਜਨੂੰਨਆਪਣੀ ਮਾੜਕੂ ਜਿਹੀ ਘੋੜੀ ਦੀ ਦੇਖ ਰੇਖ ਧੀਆਂ ਪੁੱਤਾਂ ਵਾਂਗ ਕਰਦਾ

ਮੇਰੇ ਨਾਲ ਚਾਚੇ ਤਾਰੂ ਦੀ ਬਣਦੀ ਵੀ ਬਹੁਤ ਸੀਮੇਰੀ ਬੇਬੇ ਤੋਂ ਬਿਨਾਂ ਉਹੀ ਇੱਕ ਜੀਅ ਸੀ ਜਿਹੜਾ ਮੈਂਨੂੰ ਮੇਰੇ ਬੇਬੇ ਵਾਲੇ ਨਾਂ ਨਾਲ ਬੁਲਾਉਂਦਾ ਹੁੰਦਾ ਸੀ ਮੈਂਨੂੰ ਦੂਰੋਂ ਦੇਖ ਕੇ ਉਹਨੇ ਵਾਜ ਮਾਰਨੀ, “ਉਏ ਆ ਬਈ ਬਹਾਦਰਾ, ਅੱਜ ਕਿੱਧਰ ਦੀਆਂ ਤਿਆਰੀਆਂ?” ਚਾਚੇ ਤਾਰੂ ਨੂੰ ਪਤਾ ਤਾਂ ਹੁੰਦਾ ਸੀ ਪਈ ਮੈਂ ਕਿਹੜਾ ਤਸੀਲੇ ਤਰੀਕ ’ਤੇ ਜਾਣਾਵੱਧ ਤੋਂ ਵੱਧ ਬੋੜੀ ਖੂਹੀ ਸਾਡੀ ਮੰਜ਼ਲੇ-ਮਕਸੂਦ ਹੁੰਦੀ ਸੀ ਉਨ੍ਹਾਂ ਦਿਨਾਂ ’ਚਪਰ ਜਦੋਂ ਉਹਨੇ ਮੈਂਨੂੰ ਇੱਦਾਂ ਪੁੱਛਣਾ ਤਾਂ ਮੈਂਨੂੰ ਇਹ ਗੱਲ ਚੰਗੀ ਬਹੁਤ ਲੱਗਣੀ ਇਸੇ ਕਰਕੇ ਮੈਂਨੂੰ ਚਾਚਾ ਤਾਰੂ ਸਾਰਿਆਂ ਨਾਲੋਂ ਚੰਗਾ ਲਗਦਾ ਸੀਕਦੇ ਕਦੇ ਉਹ ਮੈਂਨੂੰ ਤਾਂਗੇ ’ਤੇ ਝੂਟਾ ਵੀ ਦੇ ਦਿੰਦਾ ਹੁੰਦਾ ਸੀ

ਪਰ ਮੇਰੀ ਚਾਚੇ ਤਾਰੂ ਦੇ ਕੁੱਤੇ ਨਾਲ ਗੜਬੜ ਰਹਿੰਦੀ ਸੀਮਾੜੂ ਨਾਂ ਦਾ ਪਤਲਾ ਜਿਹਾ, ਮਰਿਆ ਜਿਹਾ ਕੁੱਤਾ ਸੀ ਉਨ੍ਹਾਂ ਦਾਘੋੜੀ ਤੇ ਕੁੱਤਾ ਹੀ ਨਹੀਂ, ਉਨ੍ਹਾਂ ਦੇ ਬਾਕੀ ਪਸ਼ੂ ਤੇ ਉਹ ਆਪ ਵੀ ਸਾਰੇ ਪਤਲੇ ਜਿਹੇ ਹੀ ਸੀਪਿੰਡ ਦੇ ਕਈ ਨਘੋਚੀ ਕਿਸਮ ਦੇ ਬੰਦੇ ਕਈ ਵਾਰੀ ਕਹਿੰਦੇ ਹੁੰਦੇ ਸੀ ਪਈ ਇਨ੍ਹਾਂ ਦੀ ਅੱਲ ਤਾਂ ‘ਪਤਲਿਆਂ ਦੇ’ ਜਾਂ ‘ਛੜਿਆਂ ਦੇ’ ਹੋਣੀ ਚਾਹੀਦੀ ਸੀ ‘ਤਾਂਗੇ ਆਲਿਆਂ’ ਦੀ ਨਹੀਂਪਰ ਪਿੰਡ ਦੇ ਸਿਆਣੇ ਲੋਕ ਅੱਲ ਉਹ ਪਾਉਂਦੇ ਆ ਜਿਹੜੀ ਟੱਬਰ ਦੀ ਵਿਲੱਖਣਤਾ ਦੱਸੇਹੁਣ ਦੋ ਦੋ ਖੱਤਿਆਂ ਵਾਲੇ ਕਈਆਂ ਟੱਬਰਾਂ ਵਿੱਚ ਪਤਲੇ ਬੰਦਿਆਂ ਦੀਆਂ ਤਾਂ ਕਤਾਰਾਂ ਲੱਗੀਆਂ ਹੁੰਦੀਆਂ ਤੇ ਇੱਦਾਂ ਦੇ ਪੰਜਾਂ ਸੱਤਾਂ ਘਰਾਂ ਵਿੱਚ ਛੜਿਆ ਦਾ ਹੋਣਾ ਤਾਂ ਇੱਦਾਂ ਹੀ ਕੁਦਰਤੀ ਹੁੰਦਾ ਜਿੱਦਾਂ ਛੱਪੜ ਵਿੱਚ ਡੱਡੂਆਂ ਦਾ ਹੋਣਾਪਰ ਸਾਰੇ ਪਿੰਡ ਵਿੱਚ ਤਾਂਗੇ ਆਲਾ ਇਹ ਇੱਕੋ ਘਰ ਸੀ

ਮੇਰੀ ਬੇਬੇ ਕਹਿੰਦੀ ਸੀ ਪਈ ਤਾਰੂ ਕਾ ਮਾੜੂ ਕੁੱਤਾ ਮੇਰਾ ਹਾਣੀ ਆਂਜਦੋਂ ਮੈਂ ਜੰਮਿਆਂ ਸੀ ਉਦੋਂ ਕੁ ਹੀ ਕਿਤੇ ਉਹ ਕਤੂਰਾ ਤਾਰੂ ਕੇ ਦਰੀਂ ਆ ਗਿਆ ਸੀਤਾਰੂ ਨੇ ਰੋਟੀ ਖਾਂਦੇ ਨੇ ਉਹਨੂੰ ਵੀ ਬੁਰਕੀ ਸੁੱਟ ਦੇਣੀ ਬੱਸ ਇੱਦਾਂ ਹੀ ਕਿਤੇ ਤਾਰੂ ਦੀ ਤਾਂ ਮਾੜੂ ਦੀ ਸਾਂਝ ਪੈ ਗਈਕੁੱਤਾ ਬਹੁਤ ਮਾੜਾ ਸੀ ਤੇ ਨਾਂ ਵੀ ਉਹਦਾ ਮਾੜੂ ਹੀ ਸੀਜਿੰਨਾ ਇਸ ਕੁੱਤੇ ਦਾ ਨਾਂ ਉਹਦੇ ਫਿੱਟ ਸੀ ਇੰਨਾ ਨਾਂ ਕਿਸੇ ਦੇ ਮੇਚ ਆਉਂਦਾ ਮੈਂ ਮੁੜਕੇ ਨਹੀਂ ਦੇਖਿਆ ਕਦੀਉਹਦੇ ਅਕਸਰ ਖਸ ਪਈ ਰਹਿੰਦੀਵਿਚਾਰਾ ਸਵੇਰ ਨੂੰ ਚੜ੍ਹਦੇ ਸੂਰਜ ਦਾ ਨਿੱਘ ਮਾਨਣ ਲਈ ਸਾਡੇ ਬੂਹੇ ਦੇ ਬਾਹਰ ਕੰਧ ਨਾਲ ਲੱਗ ਕੇ ਬੈਠਾ ਹੁੰਦਾਮੈਂ ਨਿਕਲਦਿਆਂ ਹੀ ਦੋ ਤਿੰਨ ਛਿਟੀਆਂ ਜੜਨੀਆਂ ਉਹਦੇਉਹਨੇ ਚਊਂ ਚਊਂ ਕਰਦੇ ਨੇ ਦੌੜਨਾਬੜਾ ਆਨੰਦ ਆਉਣਾ

ਇਹ ਕੰਮ ਉਦਾਂ ਮੈਂਨੂੰ ਆਲਾ ਦੁਆਲਾ ਦੇਖ ਕੇ ਕਰਨਾ ਪੈਂਦਾ ਸੀ ਇੱਕ ਦਿਨ ਜਦੋਂ ਮੈਂ ਅੰਦਰੋਂ ਨਿਕਲ ਕੇ ਕੁੱਤੇ ਦੇ ਅਜੇ ਪਹਿਲੀ ਹੀ ਛਿਟੀ ਮਾਰੀ ਸੀ ਤੇ ਉਹਨੇ ਵਿਚਾਰੇ ਨੇ ਆਪਣੀ ਪਤਲੀ ਤੇ ਮਰੀ ਜਿਹੀ ਆਵਾਜ਼ ਵਿੱਚ ਚਊਂ ਚਊਂ ਸ਼ੁਰੂ ਹੀ ਕੀਤੀ ਸੀ ਤਾਂ ਉਸੇ ਵੇਲੇ ਕਿਤੇ ਬਾਹਰੋਂ ਕੂੜਾ ਸਿੱਟ ਕੇ ਮੁੜੀ ਆਉਂਦੀ ਬੀਬੀ ਨੇ ਦੇਖ ਲਿਆ ਇਹ ਤਮਾਸ਼ਾਉਹਨੇ ਖੱਬੇ ਹੱਥ ਵਿੱਚ ਕੂੜੇ ਵਾਲਾ ਖਾਲੀ ਟੋਕਰਾ ਲਟਕਾਇਆ ਹੋਇਆ ਸੀ ਤੇ ਸੱਜੇ ਹੱਥ ਨਾਲ ਚੁੰਨੀ ਦਾ ਲੜ ਮੂੰਹ ਅੱਗੇ ਕੀਤਾ ਹੋਇਆ ਸੀ, ਜਾਣੀ ਘੁੰਡ ਕੱਢਿਆ ਹੋਇਆ ਸੀਸਾਡੀ ਬੀਬੀ ਵਿਚਾਰੀ ਨੂੰ ਸਵੇਰੇ ਘੁੰਡ ਜ਼ਰੂਰ ਕੱਢਣਾ ਪੈਂਦਾ ਸੀਸਾਡਾ ਘਰ ਪਿੰਡ ਦੇ ਬਾਹਰਵਰ ਹੋਣ ਕਰਕੇ ਬਾਬੇ ਦਾਸੂ ਦੇ ਗੁਰਦਵਾਰੇ ਨੂੰ ਜਾਣ ਵਾਲੇ ਕਈ ਬੁੜ੍ਹੇ ਏਧਰੋਂ ਹੀ ਲੰਘਦੇ ਹੁੰਦੇ ਸੀਜਦੋਂ ਕਿਤੇ ਪਿੰਡ ਵਿੱਚ ਘੁੰਡ ਕੱਢਣ ਦਾ ਰਿਵਾਜ ਪਿਆ ਹੋਊ, ਉਦੋਂ ਤੋਂ ਹੀ ਪਿੰਡ ਦੇ ਬੁੜ੍ਹਿਆਂ ਲਈ ਇਹ ਜ਼ਰੂਰੀ ਹੁੰਦਾ ਸੀ ਪਈ ਘੁੰਡ ਕੱਢਣ ਵਾਲੀ ਦਾ ਮੂੰਹ ਹਰ ਹੀਲੇ ਦੇਖਣ ਦੀ ਕੋਸ਼ਿਸ਼ ਕਰਨੀਇਸ ਕੰਮ ਵਿੱਚ ਕਾਮਯਾਬੀ ਦਾ ਅਰਥ ਹੁੰਦਾ ਸੀ ਦੁਪਹਿਰੋਂ ਬਾਅਦ ਪਿੰਡ ਦੇ ਦਰਵਾਜੇ ਬੈਠ ਕੇ ਦੂਜਿਆਂ ’ਤੇ ਆਪਣਾ ਰੋਅਬ ਪਾਉਣਾ

ਮੇਰੀ ਮਾੜੀ ਕਿਸਮਤ ਨੂੰ ਤੇ ਮਾੜੂ ਦੀ ਚੰਗੀ ਕਿਸਮਤ ਨੂੰ ਉਸ ਵੇਲੇ ਗਲ਼ੀ ਵਿੱਚ ਕੋਈ ਬੁੜ੍ਹਾ ਹੈ ਨਹੀਂ ਸੀਬੀਬੀ ਨੇ ਘੁੰਡ ਛੱਡ ਕੇ ਸੱਜੇ ਹੱਥ ਨਾਲ ਮੇਰੀ ਛਿਟੀ ਖੋਹ ਕੇ ਚੰਗੀ ਖਿੱਚ ਕੇ ਮੇਰੇ ਗਿੱਟਿਆਂ ਵਿੱਚ ਲਾਈ, “ਮਰ ਜਾਣਿਆ ਘੀਚਰਾ ਜਿਹਾ, ਇਸ ਪਤੰਦਰ ਨੂੰ ਕਿਉਂ ਤੰਗ ਕਰਦਾ ਰਹਿੰਨਾ ਸਵੇਰੇ ਸਵੇਰੇ?” ਬੀਬੀ ਨੇ ਅਜੇ ਇੱਕੋ ਛਿਟੀ ਮਾਰੀ ਸੀ, ਆਪਾਂ ਗਲ਼ੀ ਦੇ ਗੱਭੇ ਬਣੀ ਗੰਦੀ ਨਾਲੀ ਉੱਪਰ ਦੀ ਛੜੱਪਾ ਮਾਰ ਕੇ ਗਲ਼ੀ ਦੇ ਮੋੜ ’ਤੇ ਬੋੜੀ ਖੂਹੀ ’ਤੇ ਜਾ ਖੜ੍ਹੇ ਹੋਏਬੀਬੀ ਗਾਲ਼ਾਂ ਦਿੰਦੀ ਘਰ ਅੰਦਰ ਜਾ ਵੜੀ

ਖੈਰ, ਮਾੜੂ ਨਾਲ ਮਿਲਣੀ ਤੋਂ ਬਾਅਦ ਸਵੇਰ ਵੇਲੇ ਕਿਸੇ ਨਾ ਕਿਸੇ ਤਰ੍ਹਾਂ ਪਹੁੰਚਣਾ ਬੋੜੀ ਖੂਹੀ ’ਤੇ ਹੀ ਹੁੰਦਾ ਸੀਉਦੋਂ ਤਕ ਕੋਈ ਨਾ ਕੋਈ ਆਪਣਾ ਯਾਰ ਬੇਲੀ ਪਹਿਲਾਂ ਹੀ ਪਹੁੰਚਿਆ ਹੁੰਦਾ ਸੀ ਉੱਥੇਨਲਕਿਆਂ ਵਾਲੇ ਇੱਕ ਦੋ ਘਰਾਂ ਤੋਂ ਬਿਨਾਂ ਬਾਕੀ ਸਾਰੇ ਪਾਣੀ ਬੋੜੀ ਖੂਹੀ ਤੋਂ ਹੀ ਭਰਦੇ ਸੀਬੋੜੀ ਖੂਹੀ ਦਾ ਪਾਣੀ ਕਦੇ ਕਦੇ ਗਰਮੀਆਂ ਨੂੰ ਥੱਲੇ ਚਲੇ ਜਾਂਦਾ ਸੀ, ਨਹੀਂ ਤਾਂ ਕਾਫੀ ਉੱਤੇ ਹੀ ਹੁੰਦਾਬਰਸਾਤਾਂ ਦੁਆਲ਼ੇ ਤਾਂ ਅਸੀਂ ਅੱਕਾਂ ਦੇ ਲੰਮੇ ਡੰਡੇ ਲੈ ਕੇ ਖੂਹੀ ਵਿੱਚ ਡਿਗੇ ਚੂਹਿਆਂ ਨਾਲ ਛੇੜਖਾਨੀ ਵੀ ਕਰ ਲੈਂਦੇ ਹੁੰਦੇ ਸੀਕਹੀ ਵਾਰੀ ਜੇ ਕੋਈ ਅਜੇ ਜਿਊਂਦਾ ਚੂਹਾ ਹੋਣਾ ਤਾਂ ਸਾਡੇ ਲਈ ਤਾਂ ਇਹ ਖਬਰ ਨੇੜਲੇ ਸ਼ਹਿਰ ਆਈ ਸਰਕਸ ਜਿੰਨੀ ਹੀ ਵਧੀਆ ਹੁੰਦੀ ਸੀਖੂਹੀ ’ਤੇ ਉੰਨਾ ਚਿਰ ਨਿਆਣਿਆਂ ਦੀਆਂ ਰੌਣਕਾਂ ਰਹਿਣੀਆਂ ਜਿੰਨਾ ਚਿਰ ਕਿਸੇ ਸਿਆਣੇ ਨੇ ਆ ਕੇ ਉੱਚੀ ਉੱਚੀ ਗਾਲ਼ਾਂ ਕੱਢ ਕੇ ਸਾਰਿਆਂ ਨੂੰ ਦੁੜਾਉਣਾ ਨਾਬੋੜੀ ਖੂਹੀ ’ਤੇ ਉਸ ਵੇਲੇ ਸਵੇਰੇ ਸਵੇਰੇ ਸਕੂਲ ਖੁੱਲ੍ਹਣ ਤੋਂ ਪਹਿਲਾਂ ਸਾਥੋਂ ਵੱਡੀ ਉਮਰ ਦੇ ਮੁੰਡੇ ਕੁੜੀਆਂ ਹੀ ਹੁੰਦੇ ਸੀ ਪਾਣੀ ਭਰਨ ਵਾਲੇਉਨ੍ਹਾਂ ਨੂੰ ਕੱਚੀ ਨੀਂਦੋਂ ਉਠਾ ਕੇ ਘਰਦਿਆਂ ਨੇ ਗਾਲ਼ਾਂ ਕੱਢ ਕੱਢ ਕੇ ਭੇਜਿਆ ਹੁੰਦਾ ਸੀਖੂਹੀ ’ਤੇ ਆ ਕੇ ਉਹ ਆਪਣੀ ਖਿਝ ਇੱਕ ਦੂਜੇ ਉੱਪਰ ਲਾਹੁੰਦੇਉਨ੍ਹਾਂ ਦੀਆਂ ਲੜਾਈਆਂ ਸਾਡੇ ਸਵੇਰੇ ਕਨੇਡਾ ਵਿਚਲੇ ਨਿਆਣਿਆਂ ਦੇ ਕਾਰਟੂਨਾਂ ਨਾਲੋਂ ਵੀ ਜਿਆਦਾ ਅਨੰਦ ਵਾਲੀਆਂ ਹੁੰਦੀਆਂ ਸੀ

ਬੋੜੀ ਖੂਹੀ ਤੋਂ ਬਾਅਦ ਮੈਂ ਤੇ ਮੇਰੇ ਖਾਸ ਆੜੀ, ਲੰਗਿਆਂ ਦੇ ਭਜੀ ਨੇ ਗਲ਼ੀਆਂ ਵਿੱਚ ਗੇੜੇ ਕੱਢਣੇ ਤੇ ਹੌਲੀ ਹੌਲੀ ਸਕੂਲ ਖੁੱਲ੍ਹਣ ਤਕ ਅਸੀਂ ਵੀ ਸਕੂਲ ਲਾਗੇ ਪਹੁੰਚ ਜਾਣਾਸਕੂਲ ਪਿੰਡ ਦੇ ਨਾਲ ਹੀ ਸੀ ਵੱਡੇ ਥੜ੍ਹੇ ਦੇ ਦੂਜੇ ਪਾਸੇ ਪਰ ਸਾਨੂੰ ਨਿਆਣਿਆਂ ਨੂੰ ਪਿੰਡ ਤੋਂ ਕਾਫੀ ਦੂਰ ਲਗਦਾ ਹੁੰਦਾ ਸੀਸਕੂਲ ਅੰਦਰ ਜਾਣ ਤੋਂ ਪਹਿਲਾਂ ਥੜ੍ਹੇ ਦੇ ਓਹਲੇ ਮੁੰਡਿਆਂ ਨੇ ਆਪਣੇ ਬਸਤੇ ਰੱਖ ਕੇ ਬੰਟਿਆਂ ਨਾਲ ਖੇਡਣਾਅਸੀਂ ਆਪਣੀਆਂ ਤੜਾਗੀਆਂ ਵਿੱਚ ਗੂਠੇ ਅੜਾ ਕੇ ਉਨ੍ਹਾਂ ਦੀ ਹਰ ਹਰਕਤ, ਹਰ ਅਦਾ ਨੂੰ, ਬਹੁਤ ਹੀ ਧਿਆਨ ਨਾਲ ਦੇਖਣਾ ਜਿੱਦਾਂ ਗੌਲਫ ਦੇ ਸ਼ੁਕੀਨ ਟਾਈਗਰ ਵੁੱਡ ਨੂੰ ਦੇਖਦੇ ਹੋਣਘੰਟੀ ਵੱਜਣ ’ਤੇ ਸਾਰੇ ਨਿਆਣਿਆਂ ਨੇ ਆਪੋ ਆਪਣੇ ਬਸਤੇ ਚੁੱਕ ਕੇ ਸਕੂਲ ਵੱਲ ਨੂੰ ਦੌੜ ਜਾਣਾ ਤੇ ਅਸੀਂ ਵਿਹਲੇ ਜਿਹੇ ਹੋ ਜਾਣਾਜੇ ਕਿਤੇ ਇੱਕ ਅੱਧ ਬੰਟਾ ਸਾਡੇ ਵੀ ਹੱਥ ਆ ਜਾਂਦਾ ਤਾਂ ਅਸੀਂ ਥੋੜ੍ਹੀ ਦੇਰ ਉਹਦੇ ਨਾਲ ਵੱਡਿਆਂ ਦੀ ਰੀਸੇ ਆਪਣੇ ਬੰਟੇ ਖੇਡਣ ਦੇ ਹੁਨਰ ਨੂੰ ਤਿੱਖਾ ਕਰਦੇਕਦੇ ਕਦੇ ਜੇ ਕਿਤੇ ਸਕੂਲ ਤੋਂ ਪਹਿਲਾਂ ਸਕੂਲ ਦਾ ਵੱਡਾ ਮਾਸਟਰ ਨਿਆਣਿਆਂ ਨੂੰ ਗਲ਼ੀ ਵਿੱਚ ਤੁਰਿਆ ਆਉਂਦਾ ਦਿਸ ਪੈਂਦਾ ਤਾਂ ਉਹ ਡਰਦੇ ਆਪਣੇ ਬਸਤੇ ਚੁੱਕ ਕੇ ਦੌੜਨ ਦੀ ਕਰਦੇ ਤੇ ਉਨ੍ਹਾਂ ਦੇ ਦੋ ਚਾਰ ਬੰਟੇ ਖੁੱਤੀ ਵਿੱਚ ਤੇ ਆਲੇ ਦੁਆਲੇ ਪਏ ਰਹਿ ਜਾਂਦੇਇਸ ਮੁਫਤ ਵਿੱਚ ਮਿਲੀ ਲੁੱਟ ਲਈ ਸਾਡੀ ਛੋਟਿਆਂ ਦੀ ਬਹੁਤੀ ਵਾਰੀ ਜੁੱਤੀ ਖੜ੍ਹਕਦੀਅਸੀਂ ਉਨ੍ਹਾਂ ਚਿਰ ਗੁੱਥ-ਮ-ਗੁੱਥਾ ਹੁੰਦੇ ਰਹਿੰਦੇ ਜਿਨ੍ਹਾਂ ਚਿਰ ਕੋਈ ਸਿਆਣਾ ਆ ਕੇ ਦਬਕਾ ਨਾ ਮਾਰਦਾ

ਇਨ੍ਹਾਂ ਗਤੀਆਂ ਵਿਧੀਆਂ ਤੋਂ ਵਿਹਲੇ ਹੋ ਕੇ ਸਵੇਰ ਦੇ ਗਿਆਂ ਭੁੱਖ ਲੱਗੀ ’ਤੇ ਘਰ ਮੁੜਨਾਪਰ ਜਿੱਦਾਂ ਕਹਿੰਦੇ ਹੁੰਦੇ ਆ ਕਿ ਭਲੇ ਦਿਨ ਸਦਾ ਨਹੀਂ ਰਹਿੰਦੇ ਇੱਕ ਦਿਨ ਸਾਡੇ ਵੀ ਇਨ੍ਹਾਂ ਖੂਬਸੂਰਤ ਦਿਨਾਂ ਦਾ ਅੰਤ ਹੋ ਗਿਆ ਤੇ ਅੰਤ ਕਰਨ ਵਾਲਾ ਸੀ ਮੇਰਾ ‘ਕਾਲੀ ਤਾਇਆ

ਸਾਡਾ ਇਹ ਤਾਇਆ ਆਪ ਤਾਂ ਛੜਾ ਛਾਂਟ ਹੀ ਸੀ ਪਰ ਉਹਨੂੰ ਨਿਆਣਿਆਂ ਦਾ ਬੜਾ ਫਿਕਰ ਰਹਿੰਦਾਉਹ ਬੰਦਾ ਬੜਾ ਰੰਗੀਲਾ ਸੀਜਵਾਨੀ ਦੇ ਦਿਨਾਂ ਵਿੱਚ ਥੋੜ੍ਹਾ ਬਹੁਤਾ ਘੁਲਦਾ ਵੀ ਰਿਹਾ ਸੀ ਤੇ ਮੇਲਿਆਂ, ਛਿੰਝਾਂ ’ਤੇ ਜਾਣ ਦਾ ਤੇ ਖਾਣ ਪੀਣ ਦਾ ਪੂਰਾ ਸ਼ੌਕੀਨਘਰ ਦੀ ਜ਼ਮੀਨ ਥੋੜ੍ਹੀ ਤੇ ਉੱਤੋਂ ਚਾਰ ਭਰਾ, ਤੇ ਤਾਇਆ ਵਿਆਹ ਦੀ ਦੌੜ ਵਿੱਚ ਫਾਡੀ ਰਹਿ ਗਿਆਪਿੰਡ ਦੇ ਇੱਕ ਕਦੇ ਕਦਾਈਂ ਦਿਸਣ ਵਾਲੇ ਅਕਾਲੀ ਲੀਡਰ ਦੇ ਅਸਰ ਥੱਲੇ ਤਾਇਆ ‘ਕਾਲੀ’ ਬਣ ਗਿਆਉਹਨੇ ਨੀਲੀ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਤੇ ਅੰਮ੍ਰਿਤ ਛਕ ਲਿਆਪਹਿਲਾਂ ਸਾਰੀ ਉਮਰ ਉਹ ਛਿੱਬੀ ਰਿਹਾ ਸੀ ਤੇ ਫੇਰ ਅੰਮ੍ਰਿਤ ਛੱਕ ਕੇ ਬਣ ਗਿਆ ਸਰਦਾਰ ਸ਼ਿਵ ਸਿੰਘਉੱਦਾਂ ਸਿੰਘ ਸਜਣ ਤੋਂ ਪਹਿਲਾਂ ਵੀ ਉਹ ਪਾਕਿਸਤਾਨ ਬਣਨ ਵੇਲੇ ਆਲ਼ੇ ਦੁਆਲ਼ੇ ਦੇ ਸਿੰਘਾਂ ਨਾਲ ਰਲ ਕੇ ਦੁਸ਼ਮਣਾਂ ਨੂੰ ਸੋਧਣ ਵਿੱਚ ਹਿੱਸਾ ਲੈਂਦਾ ਰਿਹਾ ਸੀਫੇਰ ਉਹ ਪੰਥ ਦਾ ਜ਼ਿਆਦਾ ਫਿਕਰ ਕਰਨ ਲੱਗ ਪਿਆਉਹਦਾ ਵਿਚਾਰ ਸੀ ਪਈ ਨਿਆਣਿਆਂ ਨੂੰ ਪੜ੍ਹਾਉਣਾ ਲਿਖਾਉਣਾ ਚਾਹੀਦਾ ਤਾਂ ਕਿ ਸਿਆਣੇ ਹੋ ਕੇ ਪੰਥ ਦੀ ਰਖਵਾਲੀ ਕਰਨ

ਜਿੱਦਾਂ ਮੇਰੀ ਚਾਚੇ ਕੇ ਮਾੜੂ ਨਾਲ ਦਾਲ਼ ਨਹੀਂ ਸੀ ਗਲ਼ਦੀ, ਇੱਦਾਂ ਹੀ ਸਾਡੇ ਤਾਏ ਦੀ ਤੇ ਚਾਚੇ ਤਾਰੂ ਦੀ ਆਪਸ ਵਿੱਚ ਬਹੁਤੀ ਨਹੀਂ ਸੀ ਬਣਦੀ ਇੱਕ ਵਾਰੀ ਮੇਰੇ ਤਾਏ ਨੇ ਬੇਬੇ ਨੂੰ ਕਿਹਾ ਪਈ ਆਹ ਨਿੱਕੇ ਦੇ ਹੁਣ ਵਾਲ ਨਹੀਂ ਮੁਨਾਉਣੇਇਹਨੂੰ ਸਿੰਘ ਬਣਾਉਣਾ ਆਂਚਾਚਾ ਤਾਰੂ ਆਪ ਤਾਂ ਦੂਏ ਤੀਏ ਦਾਸ ਨਾਈ ਕੋਲੋਂ ਕਦੇ ਵਾਲ ਤੇ ਕਦੇ ਦਾਹੜੀ ਮੁਨਾਉਣ ਤੁਰਿਆ ਹੀ ਰਹਿੰਦਾ ਸੀਕਦੇ ਕਦੇ ਮੈਂਨੂੰ ਵੀ ਨਾਲ ਲੈ ਜਾਂਦਾ ਹੁੰਦਾ ਸੀ ਮੇਰੀ ਹਜਾਮਤ ਕਰਾਉਣ ਇੱਕ ਦਿਨ ਜਦ ਉਹਨੇ ਮੈਂਨੂੰ ਨਾਲ ਲਿਜਾਣ ਲਈ ’ਵਾਜ ਮਾਰੀ ਤਾਂ ਮੇਰੀ ਬੇਬੇ ਨੇ ਕਿਹਾ, “ਵੇਅ ਤਾਰੂ ਭਾਈ, ਇਹਨੂੰ ਨਾ ਲੈ ਕੇ ਜਾਈਂਇਹਦਾ ਤਾਇਆ ਕਹਿੰਦਾ ਪਈ ਹੁਣ ਮੁੰਡੇ ਦੀ ਹਜਾਮਤ ਨਹੀਂ ਕਰਾਉਣੀਇਹਨੂੰ ਸਿੰਘ ਬਣਾਉਣਾ ਆਂ।”

ਸੁਣ ਕੇ ਤਾਰੂ ਚਾਚਾ ਕਹਿੰਦਾ, “ਤਾਈ, ਤੇਰੇ ਕਾਲੀ ਪੁੱਤ ਦਾ ਤਾਂ ਸਿਰ ਹਿੱਲ ਗਿਆ ਲਗਦਾਅਜੇ ਇਹ ਰੀਣ ਭਰ ਤਾਂ ਹੈਗਾਇਹਨੂੰ ਕੀ ਪਤਾ ਸਿੱਖੀ ਕੀ ਹੁੰਦੀ ਆ ਤੇ ਕੇਸ ਕੀ ਹੁੰਦੇ ਆਤਾਈ, ਨਾ ਤੇਰੇ ਕੋਲ, ਨਾ ਭਾਬੀ ਕੋਲ ਇਹਦਾ ਮੂੰਹ ਧੋਣ ਲਈ ਕਦੇ ਟੈਮ ਤਾਂ ਹੁੰਦਾ ਨਹੀਂਇਹਨੂੰ ਨਲ੍ਹਾਉਣ ਲਈ ਤੇ ਗੁੱਟੀਆਂ ਕਰਨ ਲਈ ਤੁਹਾਨੂੰ ਕਿੱਥੇ ਵਿਹਲ ਮਿਲਣ ਲੱਗੀ ਆਮਹੀਨੇ ਵਿੱਚ ਇਹਦਾ ਸਿਰ ਜੂੰਆਂ ਨਾਲ ਭਰ ਜਾਣਾਕੋਈ ਅਕਲ ਦੀ ਗੱਲ ਕਰੋ।”

ਬੇਬੇ ਹੌਲ਼ੀ ਜਿਹੀ ਕਹਿਣ ਲੱਗੀ, “ਪੁੱਤ ਤੇਰੀ ਗੱਲ ਤਾਂ ਹੈਗੀ ਆ ਠੀਕ, ਪਰ ਹੁਣ ਘਰ ਦੇ ਬੰਦੇ ਕਹਿਣ ਤਾਂ ਫੇਰ ਕਰਨਾ ਤਾਂ ਪਊਗਾ ਈ।”

ਉਹ ਤੂੰ ਰਹਿਣ ਦੇ ਤਾਈਮੈਂ ਕਰ ਲਊਂਗਾ ਵੱਡੇ ਭਾਈ ਕਾਲੀ ਨਾਲ ਆਪੇ ਗੱਲਨਾਲੇ ਜੇ ਇਹਨੇ ਕੇਸ ਰੱਖਣੇ ਹੋਏ, ਆਪੇ ਬੜਾ ਹੋ ਕੇ ਰੱਖ ਲਊਗਾ।” ਫੇਰ ਚਾਚਾ ਮੈਂਨੂੰ ਕਹਿਣ ਲੱਗਾ, “ਚੱਲ ਬਈ ਸ਼ੇਰ ਬਹਾਦਰ ਉੱਠ।”

ਮੇਰਾ ਸਿਰ ਮਨਾਉਣ ਨੂੰ ਤਾਂ ਕਦੇ ਵੀ ਜੀਅ ਨਹੀਂ ਸੀ ਕਰਦਾ ਹੁੰਦਾਹਜਾਮਤ ਕਰਾਉਂਦਾ ਬਹੁਤਾ ਟੈਮ ਤਾਂ ਮੈਂ ਦਾਸ ਬਾਬੇ ਮੂਹਰੇ ਬੈਠਾ ਰੋਂਦਾ ਹੀ ਰਹਿੰਦਾ ਸੀਪਰ ਚਾਚਾ ਤਾਰੂ ਮੈਂਨੂੰ ਮਗਰੋਂ ਆਣੀ ਪ੍ਰੀਤਮ ਦੀ ਹੱਟੀ ਤੋਂ ਮਿੱਠੀਆਂ ਗੋਲ਼ੀਆਂ ਲੈ ਦਿੰਦਾ ਹੁੰਦਾ ਸੀਗੋਲ਼ੀਆਂ ਦੇ ਲਾਲਚ ਨੂੰ ਮੈਂ ਪੈਰ ਜਿਹੇ ਮਲਦਾ ਉਹਦੇ ਮਗਰ ਤੁਰ ਪਿਆ

ਥੋੜ੍ਹੇ ਜਿਹੇ ਦਿਨਾਂ ਬਾਅਦ ਤਕਾਲਾਂ ਜਿਹੀਆਂ ਵੇਲੇ ਤਾਏ ਨੂੰ ਗੁਰਦਵਾਰੇ ਲਾਗੇ ਚਾਚਾ ਤਾਰੂ ਵੀਹੀ ਵਿੱਚ ਤੁਰਿਆ ਜਾਂਦਾ ਦਿਸ ਪਿਆਉਹ ਦੋਵੇਂ ਉੱਥੇ ਵੀਹੀ ਵਿੱਚ ਹੀ ਇੱਕ ਦੂਜੇ ਨਾਲ ਖਹਿਬੜ ਪਏਤਾਏ ਬਰਾਬਰ ਚਾਚਾ ਤਾਰੂ ਲਗਦਾ ਤਾਂ ਛੋਕਰਾ ਜਿਹਾ ਹੀ ਸੀ ਪਰ ਉਹ ਡਰਿਆ ਨਹੀਂ ਉਹਦੇ ਕੋਲੋਂਅਸੀਂ ਨਿਆਣਿਆਂ ਨੇ, ਗੁਰਦਵਾਰੇ ਦੀ ਨਿੱਕੀ ਕੰਧ ’ਤੇ ਬੈਠ ਕੇ, ਉਨ੍ਹਾਂ ਦੀ ਲੜਾਈ ਦਾ ਬੜਾ ਅਨੰਦ ਲਿਆਪਰ ਉਹ ਗੱਲਾਂ ਜਿਹੀਆਂ ਕਰ ਕੇ ਹੀ ਹਟ ਗਏਅਸੀਂ ਤਾਂ ਆਸ ਲਾਈ ਬੈਠੇ ਸੀ ਪਹੀ ਇੱਕ ਦੂਜੇ ਨਾਲ ਹੱਥੋਪਾਈ ਹੋਣਗੇਹੁਣ ਲੜਾਈ ਦੇਖਣ ਦਾ ਤਾਂ ਆਪਣਾ ਹੀ ਮਜ਼ਾ ਹੁੰਦਾ ਹੈ ਖਾਸ ਕਰ ਵੀਹੀ ਵਿੱਚਉੱਥੇ ਥਾਂ ਥੋੜ੍ਹੀ ਹੁੰਦੀ ਹੈ ਤੇ ਆਲ਼ੇ ਦੁਆਲ਼ੇ ਕੰਧਾਂਬੰਦਾ ਕਿਸੇ ਪਾਸੇ ਭੱਜ ਨਹੀਂ ਸਕਦਾਉਨ੍ਹਾਂ ਦੇ ਜਾਣ ਬਾਅਦ ਮੇਰੀ ਤੇ ਲੰਬੜਾਂ ਦੇ ਕੀਰਤੂ ਦੀ ਚੰਗੀ ਖੜਕੀਉਹ ਮੈਂਨੂੰ ਕਹਿੰਦਾ “ਤੂੰ ਇੱਥੇ ਬੈਠਾ ਦੰਦੀਆਂ ਕੱਢੀ ਜਾਨਾਂ, ਤੇਰੇ ਈ ਕਰਕੇ ਤਾਂ ਉਹ ਲੜਦੇ ਸੀਗੇ।” ਜਦੋਂ ਉਹਨੇ ਮੈਂਨੂੰ ਇੰਨੀ ਗੱਲ ਕਹੀ, ਮੈਂ ਪੈ ਗਿਆ ਉਹਨੂੰਮੈਂ ਅੱਗੇ ਵੀ ਕਈ ਵਾਰੀ ਘੁਲਿਆ ਸੀ ਉਹਦੇ ਨਾਲ ਤੇ ਮੈਂਨੂੰ ਪਤਾ ਸੀ ਪਈ ਉਹ ਮੇਰੇ ਨਾਲੋਂ ਮਾੜਾ ਸੀਮੈਂ ਕੰਧ ਤੋਂ ਛਾਲ ਮਾਰ ਕੇ ਢਾਹ ਲਿਆ ਉਹਨੂੰਗਲ਼ੀ ਵਿੱਚ ਤੁਰੀ ਜਾਂਦੀ ਇੱਕ ਬੁੜ੍ਹੀ ਨੇ ਮਸੀਂ ਕੀਰਤੂ ਨੂੰ ਮੇਰੇ ਥੱਲਿਓਂ ਕੱਢਿਆ

ਇਹ ਤਾਇਆ ਮੇਰਾ ਵੀ ਦਿਨੇ ਬਹੁਤਾ ਸਮਾਂ ਖੂਹ ’ਤੇ ਹੀ ਰਹਿੰਦਾ ਸੀ ਤੇ ਤਰਕਾਲਾਂ ਵੇਲੇ ਹੀ ਪਿੰਡ ਗੇੜ੍ਹਾ ਮਾਰਦਾ ਸੀ ਇੱਕ ਦਿਨ ਸਵੇਰੇ ਹੀ ਉਹਨੂੰ ਕਿਸੇ ਕੰਮ ਘਰ ਨੂੰ ਆਉਣਾ ਪਿਆ

ਉਸ ਦਿਨ ਬੀਬੀ ਸਾਡੀ ਕਿਸੇ ਮੁਕਾਣੇ ਗਈਓ ਸੀ ਤੇ ਬੇਬੇ ਇਕੱਲੀ ਸੀ ਘਰਮੈਥੋਂ ਛੋਟੀ ਮੇਰੀ ਭੈਣ ਬੇਬੇ ਲਾਗੇ ਬੈਠੀ ਖੇਲਦੀ ਸੀਮੇਰਾ ਛੋਟਾ ਭਰਾ ਜਿਹੜਾ ਉਦੋਂ ਅਜੇ ਸੱਤਾਂ ਅੱਠਾਂ ਕੁ ਮਹੀਨਿਆਂ ਦਾ ਹੀ ਸੀ ਬੇਬੇ ਨੇ ਆਪਣੇ ਲਾਗੇ ਮੰਜੀ ’ਤੇ ਲਿਟਾਇਆ ਹੋਇਆ ਸੀਅਚਾਨਕ ਘਰ ਆਏ ਤਾਏ ਨੇ ਆਲੇ ਦੁਆਲੇ ਦੇਖਿਆ ਤੇ ਬੇਬੇ ਨੂੰ ਪੁੱਛਿਆ ਪਈ ਨਿਆਣੇ ਕਿੱਧਰ ਆਉਹਦਾ ਸਿੱਧਾ ਇਸ਼ਾਰਾ ਮੇਰੇ ਵੱਲ ਸੀਬੇਬੇ ਵੀ ਕਿਸੇ ਗੱਲੋਂ ਅੱਕੀ ਬੈਠੀ ਸੀ ਵਿਹੜੇ ਵਿੱਚ ਡੇਕ ਥੱਲੇਬੇਬੇ ਨੇ ਆਪਣੇ ਆਲਾ ਪੂਰਾ ਰਿਕਾਰਡ ਲਾ ਦਿੱਤਾ ਪਈ “ਵੱਡਾ ਤਾਂ ਸਾਰਾ ਸਾਰਾ ਦਿਨ ਘਰ ਈ ਨਹੀਂ ਵੜਦਾਨਾ ਮੂੰਹ ਧੋਂਦਾ ਨਾ ਕੋਈ ਕੱਪੜਾ ਲੀੜਾ ਪਾਉਂਦਾ ਆਆਹ ਗਧੀਲਿਆਂ ਦੇ ਨਿਆਣਿਆਂ ਆਂਗ ਗਲੀਆਂ ਕੱਛਦਾ ਫਿਰਦਾ ਆ ਸਾਰਾ ਦਿਨਕੋਈ ਪੁੱਛਣ ਆਲਾ ਹੈ ਨਈ ਇਸ ਘਰ ’ਚ।”

ਲਓ ਜੀ, ਸਾਡੇ ਚੰਗੇ ਦਿਨਾਂ ਦੇ ਅੰਤ ਦੀ ਉਹ ਸ਼ੁਰੂਆਤ ਸੀ

ਮੇਰੇ ਜੀਵਨ ਵਿੱਚ ਤਬਦੀਲੀ ਲਿਆਉਣ ਦੇ ਇਰਾਦੇ ਨਾਲ ਤਾਇਆ ਮੇਰਾ ਘਰੋਂ ਮੈਂਨੂੰ ਲੱਭਣ ਤੁਰ ਪਿਆਉਸ ਕੁ ਵੇਲੇ ਮੈਂ ਵੀ ਘਰ ਵਲ ਮੋੜਾ ਪਾਇਆ ਹੋਇਆ ਸੀਉਹ ਨਿਹੰਗਾਂ ਵਾਲੀ ਗਲ਼ੀ ਥਾਣੀਂ ਥੜ੍ਹੇ ਵੱਲ ਨੂੰ ਗਿਆ ਤੇ ਮੈਂ ਗਭਲੀ ਵੀਹੀ ਘਰ ਆ ਵੜਿਆਬੇਬੇ ਕਹਿੰਦੀ, “ਵੇ ਤੇਰਾ ਤਾਇਆ ਤੈਨੂੰ ਲੱਭਦਾ ਫਿਰਦਾ ਸੀ, ਕਿੱਥੇ ਚਲੇ ਜਾਨਾ ਆਂ ਤੂੰ ਸਵੇਰੇ ਈ?”

ਮੈਂ ਘੇਸਲ ਜਿਹੀ ਵੱਟ ਕੇ ਅੰਦਰ ਜਾ ਵੜਿਆ ਤੇ ਗਰੀਬੜਾ ਜਿਹਾ ਮੂੰਹ ਬਣਾ ਕੇ ਬੇਬੇ ਵੱਲ ਦੇਖਣ ਲੱਗ ਪਿਆਬੇਬੇ ਨੂੰ ਤਾਂ ਸਾਰੀ ਗੱਲ ਦੀ ਪਹਿਲਾਂ ਹੀ ਸਮਝ ਸੀਉਹ ਬੁੜਬੁੜ ਕਰਦੀ ਉੱਠੀ ਤੇ ਉਹਨੇ ਕੌਲੀ ਵਿੱਚ ਥੋੜ੍ਹਾ ਜਿਹਾ ਦਹੀਂ ਪਾ ਕੇ ਮੈਂਨੂੰ ਇੱਕ ਰੋਟੀ ਫੜਾ ਦਿੱਤੀਮੈਂ ਵੀ ਕਿਸੇ ਕਿਸਮ ਦੀ ਕੋਈ ਅੜੀ ਫੜੀ ਨਾ ਕੀਤੀ ਤੇ ਚੁੱਪ ਕਰਕੇ ਰੋਟੀ ਖਾਣ ਲੱਗ ਪਿਆ

ਮੈਂ ਅਜੇ ਰੋਟੀ ਖਤਮ ਹੀ ਕੀਤੀ ਸੀ ਕਿ ਮੇਰਾ ਤਾਇਆ ਲੈਫਟ ਰਾਈਟ ਕਰਦਾ ਘਰ ਨੂੰ ਮੁੜ ਆਇਆ ਮੈਂਨੂੰ ਰੋਟੀ ਖਾਂਦੇ ਨੂੰ ਦੇਖ ਕੇ ਉਹਨੇ ਦੋ ਤਿੰਨ ਹਲਕੀਆਂ ਹਲਕੀਆਂ ਜਿਹੀਆਂ ਗਾਲ੍ਹਾਂ ਕੱਢੀਆਂ ਤੇ ਕੰਨੋ ਫੜ ਕੇ ਉਠਾਲ ਲਿਆ “ਤੈਨੂੰ ਮੈਂ ਸਾਰੇ ਪਿੰਡ ਵਿੱਚ ਟੋਲ੍ਹਦਾ ਆਇਆਂ ਤੂੰ ਕਿੱਧਰ ਦੀ ਘਰ ਆ ਵੜਿਆਂ ਛਲੇਡਿਆ ਜਿਹਾ? ਤੇਰਾ ਈ ਪਤਾ ਨਹੀਂ ਲਗਦਾ ਵੱਡੇ ਜੈਲਦਾਰ ਦਾਚੱਲ, ਤੈਨੂੰ ਸਕੂਲੇ ਦਾਖਲ ਕਰਾ ਕੇ ਆਉਨਾਜੇ ਕੱਲ੍ਹ ਤੋਂ ਸਕੂਲੇ ਨਾ ਗਿਆ ਤਾਂ ਪਰਸੋਂ ਨੂੰ ਮੈਂ ਤੈਨੂੰ ਤੜਕਿਓਂ ਖੂਹ ਨੂੰ ਲੈ ਜਾਣਾ ਤੇ ਗਾਧੀ ’ਤੇ ਦੇਣਾ ਆ ਬਠਾਲ।”

ਮੈਂ ਚੁੱਪ ਕਰਕੇ ਉਹਦੇ ਨਾਲ ਤੁਰ ਪਿਆਬੇਬੇ ਨੇ ਵਾਜ ਮਾਰ ਕੇ ਕਿਹਾ, “ਵੇਅ ਮੁੰਡੇ ਦਾ ਮਾੜਾ ਮੋਟਾ ਮੂੰਹ ਤਾਂ ਧੋ ਲੈਣ ਦੇਨਾਲੇ ਕੋਈ ਦਾਅ ਦਾ ਕੱਪੜਾ ਪਾ ਦਿੰਨੀ ਆਂ ਏਹਦੇ।”

ਪਰ ਤਾਏ ਸਾਡੇ ਨੇ ਬੇਬੇ ਦੀ ਗੱਲ ਵੱਲ ਕੋਈ ਧਿਆਨ ਹੀ ਨਾ ਦਿੱਤਾ ਤੇ ਮੈਂਨੂੰ ਸਿੱਧਾ ਹੀ ਲੈ ਗਿਆ ਸਕੂਲੇ

ਵੱਡੇ ਮਾਸਟਰ ਨੂੰ ਤਾਇਆ ਕਹਿਣ ਲੱਗਾ, “ਪੰਡਤ ਜੀ, ਆਹ ਫੜੋ ਆਪਣਾ ਸ਼ਗਿਰਦ ਤੇ ਕਰੋ ਸਿੱਧਾ ਏਹਨੂੰ।”

ਮਾਸਟਰ ਹੱਥ ਵਿੱਚ ਛਿਟੀ ਫੜੀ ਚੌਥੀ ਜਮਾਤ ਦੇ ਨਿਆਣਿਆਂ ਨੂੰ ਇੱਕ ਪਾਸੇ ਕਤਾਰ ਵਿੱਚ ਖੜ੍ਹੇ ਕਰਾ ਕੇ ਪਹਾੜੇ ਯਾਦ ਕਰਾ ਰਿਹਾ ਸੀਪਹਿਲੀ ਦੂਜੀ ਵਾਲੇ ਥੋੜ੍ਹੀ ਜਿਹੀ ਦੂਰ ਸਕੂਲ ਦੇ ਵਰਾਂਡੇ ਵਿੱਚ ਆਪਣੀਆਂ ਬੋਰੀਆਂ ਵਿਛਾਈ ਬੈਠੇ ਆਲਾ ਦੁਆਲਾ ਜਿਹਾ ਦੇਖੀ ਜਾਂਦੇ ਸੀ ਤੇ ਤੀਜੀ ਜਮਾਤ ਵਾਲੇ ਆਪਣੀਆਂ ਫੱਟੀਆਂ ’ਤੇ ਕੁਛ ਲਿਖਣ ਲੱਗੇ ਹੋਏ ਸੀਜਦੋਂ ਮੈਂ ਉੱਥੇ ਜਾ ਕੇ ਖੜ੍ਹਾ ਹੋਇਆ ਤਾਂ ਸਕੂਲ ਦੇ ਸਾਰੇ ਨਿਆਣੇ ਪੂਰਾ ਧਿਆਨ ਲਾ ਕੇ ਮੇਰੇ ਵਲ ਹੀ ਦੇਖਣ ਲੱਗ ਪਏਮਾਸਟਰ ਜੀ ਨੇ ਹੋਰਾਂ ਨੂੰ ਪਹਾੜੇ ਯਾਦ ਕਰਾਉਣ ਦਾ ਕੰਮ ਜਮਾਤ ਦੇ ਮਨੀਟਰ ਦੇ ਹਵਾਲੇ ਕੀਤਾ ਤੇ ਆਪ ਉਹ ਸਕੂਲ ਦੇ ਵਿਹੜੇ ਵਿਚਲੀ ਨਿੱਕੀ ਜਿਹੀ ਪਿਪਲੀ ਥੱਲੇ ਡਾਹੀ ਹੋਈ ਆਪਣੀ ਕੁਰਸੀ ’ਤੇ ਜਾ ਬੈਠੇਉਹਦੇ ਲਾਗੇ ਇੱਕ ਛੋਟਾ ਜਿਹਾ ਬੈਂਚ ਪਿਆ ਸੀਤਾਏ ਨੂੰ ਸੈਨਤ ਕਰਕੇ ਆਪਣੇ ਸਾਹਮਣੇ ਪਏ ਬੈਂਚ ’ਤੇ ਬਿਠਾ ਲਿਆ

ਮਾਸਟਰ ਨੇ ਮੇਜ਼ ’ਤੇ ਪਿਆ ਇੱਕ ਰਜਿਸਟਰ ਜਿਹਾ ਖੋਲ੍ਹਿਆ ਤੇ ਤਾਏ ਨੂੰ ਪੁੱਛਿਆ, “ਸਰਦਾਰ ਸ਼ਿਵ ਸਿੰਘ ਜੀ, ਨਾਂ ਕੀ ਆ ਆਪਣੇ ਛੋਟੂ ਦਾ?”

ਨਾਂ ਤਾਂ ਪਤਾ ਨਹੀਂ ਸੌਹਰੇ ਦਾ ਇਹਦਾ ਕੀ ਰੱਖਿਆ ਹੋਇਆ ਪਰ ਤੁਸੀਂ ਗੁਰਮੁਖ ਸਿੰਘ ਲਿਖੋ ਜੀ।”

ਇੱਦਾਂ ਹੀ ਸਾਡੇ ਤਾਏ ਨੇ ਆਪਣੇ ਅੰਦਾਜ਼ੇ ਨਾਲ ਸਾਡੀ ਜਨਮ ਤਰੀਕ ਲਿਖਾ ਦਿੱਤੀ

ਮਾਸਟਰ ਨੇ ਪਲ ਕੁ ਲਈ ਰਜਿਸਟਰ ਤੋਂ ਨਿਗਾਹ ਉਠਾ ਕੇ ਮੇਰੇ ਵੱਲ ਵੇਖਿਆ ਤੇ ਮੈਂਨੂੰ ਕਹਿਣ ਲੱਗਾ, “ਚੱਲ ਬਈ ਗੁਰਮੁਖ ਸਿਹਾਂ, ਚੱਲ ਕੇ ਔਹ ਪਹਿਲੀ ਜਮਾਤ ਵਾਲੀ ਕਤਾਰ ਵਿੱਚ ਬਹਿ ਜਾ।”

ਤੇ ਉਸ ਪਲ ਤੋਂ ਬੇਬੇ ਅਤੇ ਚਾਚੇ ਤਾਰੂ ਦੇ ਬਹਾਦਰ ਸੌਂਹ ਦੀ ਥਾਂ ਅਸੀਂ ਸਦਾ ਲਈ ਗੁਰਮੁਖ ਸਿੰਘ ਬਣ ਗਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2529)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸਾਧੂ ਬਿਨਿੰਗ

ਸਾਧੂ ਬਿਨਿੰਗ

Burnaby, B.C, Canada.
Phone: (778 - 773 1886)
(sadhu.binning@gmail.com)