“ਕੰਮ ਕਰਾਓ, ਆਪਣੇ ਜਾਣਕਾਰ ਤੋਂ! ਸਾਰੇ ਦੁੱਧ ਧੋਤੇ ਨਹੀਂ ਟੱਕਰਦੇ। ਥੋਡੇ ਘਰ ਸੱਦਿਆ ...”
(16 ਦਸੰਬਰ 2020)
ਮਿਸਤਰੀ ਅਮਰ ਸਿੰਘ ਸਾਰੀ ਉਮਰ ਆਪਣੇ ਪਿੰਡ ਨੂੰ ਸਮਰਪਿਤ ਰਿਹਾ। ਉਸ ਨੇ ਇਹ ਕਿੱਤਾ ਸ਼ੁਰੂ ਕੀਤਾ ਤਾਂ ਸਾਡਾ ਸਾਰਾ ਪਿੰਡ ਕੱਚਾ ਸੀ। ਜਦੋਂ ਇਸ ਕਾਰੀਗਰ ਹਸਤੀ ਨੇ ਸੰਸਾਰ ਤੋਂ ਕੂਚ ਕੀਤਾ, ਸਭ ਦੇ ਪੱਕੇ ਮੰਦਰ। ਕਿਸੇ ਗਰੀਬ ਦਾ ਕੱਚਾ ਕੋਠੜਾ ਢੂੰਡਿਆ ਨਹੀਂ ਸੀ ਲੱਭਦਾ। ਜਿਸ ਦਿਨ ਤੋਂ ਉਹ ਪੂਰੇ ਸ਼ਗਨਾਂ ਨਾਲ ਕੋਈ ਨਵਾਂ ਘਰ ਉਸਾਰਨ ਦਾ ਪਵਿੱਤਰ ਕਾਰਜ ਆਰੰਭਦਾ, ਉਸ ਦੀ ਖ਼ਾਸ ਖਾਤਰਦਾਰੀ ਸ਼ੁਰੂ ਹੋ ਜਾਂਦੀ। ਉਹ ਨਿੱਤ ਦਾ ਮਹਿਮਾਨ ਹੁੰਦਾ। ਹਾਜ਼ਰੀ ਵਕਤ ਪਰਾਉਂਠੇ, ਰਾਤ ਵੇਲੇ ਮਿੱਠਾ ਥਿੰਧਾ[A1] । ਹਰ ਸ਼ਾਮ ਦਾਰੂ-ਦਰਮਲ ਵੀ। ਕਿਰਤ ਕਰਦਾ, ਉਹ ਗੱਲਾਂ ਦਾ ਗਾਉਣ ਲਾਈ ਰੱਖਦਾ:
ਘਰ ਆ ਉੱਤਰੇ ਦੇਵਤੇ,
ਘਰ ਕਿੱਥੇ ਭਾਈ?
ਢਾਕ ਮਰੋੜੇ ਗੱਲ ਕਰੇ,
ਜਦ ਨੀਂਹ ਟਿਕਾਈ।
ਬੰਨ੍ਹ ਬਨੇਰਾ ਉੱਤਰੇ,
ਜਮ ਦੇਣ ਦਿਖਾਈ।
ਇੰਜ ਲਗਾਤਾਰ ਉਹ ਆਪਣੇ ਕਿੱਤੇ ਸੰਬੰਧੀ ਕੰਠ ਕੀਤੇ ਗੁਰ ਦੱਸਦਾ ਰਹਿੰਦਾ:
ਰਾਜਗਿਰੀ ਦਾ ਕੀ ਕਰਨਾ,
ਦਰਜ਼ ਬਚਾ ਕੇ ਰੋੜਾ ਧਰਨਾ।
ਉਸ ਕੋਲ ਰਾਜ ਮਿਸਤਰੀਆਂ ਬਾਰੇ, ਵੱਖੋ ਵੱਖਰੇ ਸੁਭਾਅ ਵਾਲੀਆਂ ਸੁਆਣੀਆਂ ਸੰਬੰਧੀ ਕਿੰਨੀਆਂ ਹੀ ਕਥਾ ਕਹਾਣੀਆਂ ਸਨ। ਚਿਣਾਈ ਲਿਪਾਈ ਦਾ ਔਖਾ ਭਾਰਾ ਕਾਰਜ ਕਾਹਲੀ ਨਾਲ ਨਿਪਟਾਉਂਦਾ ਜਾਂ ਧੀਮੀ ਚਾਲ ਫੁੱਲ ਬੂਟੀਆਂ ਪਾਉਣ ਵਾਲੀ ਬਾਰੀਕ ਕਾਢ ਕੱਢਦਾ; ਉਹ ਪਖਾਣੇ ਸੁਣਾਈ ਜਾਂਦਾ, “ਲਉ ਜੀ ਸਰਦਾਰ ਬਹਾਦਰ, ਸੁਣ ਲੌ ਮੇਰੀ ਗੱਲ। ਕਾਰੀਗਰ ਨੂੰ ਹਰ ਤਰ੍ਹਾਂ ਦੇ ਬੰਦੇ ਅਰ ਸੁਆਣੀਆਂ ਟੱਕਰਦੀਆਂ। ਮਹਾਂ ਕੰਜੂਸ ਅਰ ਥੁੜੀ ਨੀਤ ਆਲਿਆਂ ਨਾਲ ਵੀ ਵਾਹ ਪੈਂਦਾ। ਹਰੇਕ ਥੋਡੇ ਵਰਗਾ ਸਖੀ ਦਿਲ ਅਰ ਰੱਜੀ ਰੂਹ ਵਾਲਾ ਥੋੜ੍ਹੋ ਬਣ ਜੂ?”
ਉਸ ਦੀ ਮੱਠੀ ਤੋਰ ਤੋਂ ਨਰਾਜ਼ ਦਿਸਦੇ ਘਰ ਦੇ ਮਾਲਕ ਨੂੰ ਉਹ ਖੁਸ਼ ਕਰ ਦਿੰਦਾ। “ਲਉ ਸੁਣ ਲੋ ਮੇਰੀ ਗੱਲ! ਕਿਸੇ ਅੱਕੀ ਹੋਈ ਮਾਈ ਨੇ ਆਪਣੇ ਨਿੱਕਾ ਸਿੰਘ ਵਰਗੇ ਕਾਰੀਗਰ ਨੂੰ ਮਿੱਠਾ ਥਿੰਧਾ ਤਾਂ ਕੀ ਪਾਉਣਾ, ਮਿੱਸੀ ਰੋਟੀ ਉੱਤੇ ਗੰਢਾ ਧਰ ਕੇ ਫੜਾ ਦਿੱਤਾ। ਨਿਮੋਝੂਣੇ ਹੋਏ, ‘ਰੋਹੜੂ ਪਰਸ਼ਾਦ’ ਨਾਲ ਰੋਟੀ ਛਕਦੇ ਮਿਸਤਰੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉੱਪਰੋਂ ਬੁੜ੍ਹੀ ਪੁੱਛਦੀ, “ਮਿਸਤਰੀ ਜੀ ਰੋਂਦੇ ਓਂ?” ... ਇੱਥੇ ਆ ਕੇ ਅਮਰ ਸਿਹੁੰ ਮੁਸਕਰਾਉਂਦਾ ਹੋਇਆ ਸਾਹਮਣੇ ਦੇਖਦਾ। ਮਾਲਕ ਦੇ ਮੱਥੇ ਦੀ ਤਿਊੜੀ ਢਿੱਲੀ ਪਈ ਨਾ ਦਿਸਦੀ ਤਾਂ ਦਿਹਾੜੀਏ ਮਜ਼ਦੂਰਾਂ ਵੱਲ ਦਹਾੜਦਾ, “ਤੁਸੀਂ ਤਾਂ ਮੇਰੇ ਯਾਰ ਮੌਜ ਨਾਲ ਸੁੱਸਰੀ ਬਣ ’ਗੇ? ਮਖਿਆ, ਜੇ ਤੁਸੀਂ ਵੀ ਸਾਡਾ ਚਿੱਠਾ ਸੁਣਨ ਦੇ ਕੰਨ ਰਸ ਵਿੱਚ ਪੈ ’ਗੇ, ਕੰਮ ਕੌਣ ਕਰੂ? ਆਪਾਂ ਮਜੂਰ ਲੋਕ ਹਾਂ। ਇਸ ਸਰਦਾਰ ਜੀ ਨੇ ਸਾਨੂੰ ਹੀਰ ਸੁਣਨ ਖਾਤਰ ਨ੍ਹੀਂ ਸੱਦਿਆ। ... ਗਾਰਾ ਲਿਆਓ, ਗਾਰਾ! ਓਏ ਮਸਾਲਾ ਵੀ ਨਾਲ ਦੀ ਨਾਲ ਤਿਆਰ ਹੋਇਆ ਚਾਹੀਦਾ! ... ਓ ਭਈਆ, ਤੂੰ ਮੇਰੇ ਸਿਰ ’ਤੇ ਖੜ੍ਹਾ ਭਿੱਜੇ ਕਾਂ ਵਾਂਗ ਕਿੱਧਰ ਝਾਕੀ ਜਾਂਦਾ ਹੈਂ? ਚੱਲ ਤੁਰ, ਇੱਟਾਂ ਤਰ ਕਰ ਲੈ, ਪੂਰਬ ਦੀਏ ਰੋਸ਼ਨੀਏਂ!” ਆਪਣੇ ਪੱਕੇ ਰੱਖੇ ਮਜ਼ਦੂਰਾਂ ਨੂੰ ਦੜਕਦਾ, ਸ਼ਾਂਤ ਖੜੋਤੇ ਮਕਾਨ ਮਾਲਕ ਵੱਲ ਮੁਸਕਰਾਉਂਦਾ, ਦੁਬਾਰਾ ਕਥਾ ਛੋਂਹਦਾ, “ਮਖਿਆ, ਸੁਣਦੇ ਓ ਸਰਦਾਰ ਬਹਾਦਰ? ... ਉਹ ਰਾਜ ਮਿਸਤਰੀ ਰੋਟੀ ਖਾਂਦਾ, ਪਤਾ ਹੈ ਕੀ ਕਹਿੰਦਾ; “ਮਾਈ ਏ ਮਾਈ! ਮੈਂ ਤਾਂ ਹੁਣੇ ਰੋਂਦੈਂ, ਤੂੰ ਸਾਰੀ ਉਮਰ ਅੱਖਾਂ ਵਿੱਚ ਘਸੁੰਨ ਦੇ ਕੇ ਨਾ ਰੋਵੇਂ ਤਾਂ ਮੈਂਨੂੰ ਵੀ ਨਿੱਕਾ ਸਿਹੁੰ ਨਾ ਆਖੀਂ।”
“ਮਖਿਆ ਹੈੱਡ ਮਿਸਤਰੀ, ਰਾਜ ਨੇ ਐਹੋ ਜ੍ਹੀ ਕਿਹੜੀ ਕਾਰੀਗਰੀ ਦਿਖਾਤੀ?” ਇੱਕ ਵਾਰੀ ਕਥਾ ਰਸ ਦਾ ਸਤਾਇਆ ਮਜ਼ਦੂਰ ਸਪੋਲੀਏ ਵਰਗੀ ਗਿੱਠ ਕੁ ਦੀ ਕਰਾਂਡੀ ਨਾਲ ਮਹੀਨ ਉੱਕਰੇ ਫੁੱਲ ਬੂਟਿਆਂ ਤੋਂ ਲੀਰ ਨਾਲ ਸੀਮਿੰਟ ਝਾੜਦੇ ਰਾਜ ਦੇ ਮੁੜ ਸਿਰਹਾਣੇ ਆ ਖੜੋਤਾ।
“ਭਲੇ ਵੇਲਿਆਂ ਦੀਆਂ ਭਲੀਆਂ ਗੱਲਾਂ। ਉਹਨਾਂ ਸਮਿਆਂ ਵਿੱਚ ਕੱਚੇ ਕੋਠਿਆਂ ਵਿੱਚ ਵਸਦੇ, ਲੱਸੀਆਂ ਪੀਂਦੇ ਸਾਡੇ ਲੋਕ ਠੰਢੇ ਮਤਿਆਂ ਦੇ ਮਾਲਕ ਹੁੰਦੇ। ਹੁਣ ਵਾਂਗ ਭਬੂਕੇ ਵਾਂਗ ਨਾ ਮੱਚਦੇ। ਰਾਜ ਨੇ ਬੁੜ੍ਹੀ ਦੀ ਅੰਦਰਲੀ ਸੁਬਾਤ ਵਿੱਚ ਖਿੰਡਾਏ ਗੰਢਿਆਂ ਦੇ ਢੇਰ ਵਿੱਚੋਂ ਇੱਕ ਨਿੱਗਰ ਗੱਠਾ ਚੱਕਿਆ ਅਰ ਲਟੈਣ ਦੇ ਹੇਠਾਂ ਰੱਖ ’ਤਾ। ਭਾਰ ਨਾਲ ਗੰਢੇ ਨੇ ਫੁੱਟਣਾ ਈ ਸੀ। ਚੱਲ ਮੇਰੇ ਭਾਈ! ਲਟੈਣ ਪਰਨਾਲ਼ੇ ਕੰਨੀਓਂ ਉੱਚੀ ਅਰ ਪਿੱਛੇ ਨੂੰ ਨੀਵੀਂ! ਸਾਉਣ ਭਾਦੋਂ ਦਾ ਬੱਦਲ ਹਾਲੇ ਨੇੜਲੇ ਮਾਣਕੀ ਬਘੌਰ ’ਤੇ ਘੋਰਦਾ, ਮਾਈ ਦਾ ਮਕਾਨ ਪਹਿਲਾਂ ਤਿਪਕਣ ਲੱਗ ਜਾਇਆ ਕਰੇ।”
ਤੇ ਫੇਰ ਉਹ ਇੱਕ ਹੋਰ ਲੰਬੀ ਕਥਾ ‘ਤਿੱਪ ਤਿੱਪ ਤਪਕਊਆ’ ਛੇੜਦਾ:
ਸ਼ੇਰ ਤੋਂ ਨਾ ਡਰਦੀ,
ਬਘੇਰੇ ਤੋਂ ਨਾ ਡਰਦੀ
ਵੇ ਮੈਂ ਡਰਦੀ ਤਪਕਊਏ ਤੋਂ।
ਕਿਸੇ ਮਜ਼ਦੂਰ ਨੂੰ ਕੂਲੇ ਦੁਪਹਿਰੇ ਢਿੱਲਾ ਹੋਇਆ ਦੇਖਦਾ, ਕੁੱਦ ਕੇ ਪੈ ਜਾਂਦਾ, “ਓਏ, ਤੂੰ ਹੁਣੇ ਮਿਚਕ ਮਿਚਕ ਤੁਰਨ ਲੱਗ ਪਿਐਂ। ਅਜੇ ਘੁੱਗੀ ਨੇ ਕਦ ਆਹਲਣੇ ਆਉਣਾ ਕੰਜਰਾ।”
ਦੁਪਹਿਰ ਦੀ ਰੈਸਟ ਵੇਲੇ ਵਿਹਲੇ ਬੈਠੇ ਮਜ਼ਦੂਰ ਉਸ ਨੂੰ ਬੁਰੇ ਲੱਗਦੇ। “ਮੇਰੇ ਆਉਂਦੇ ਨੂੰ ਆਹ ਕਰ ਲੀਂ! ਤੂੰ ਔਹ ਕਰ ਲੀਂ! ਮੈਂਨੂੰ ਮਸਾਲਾ ਤਿਆਰ ਚਾਹੀਦਾ।” ਦਾ ਆਡਰ ਛੱਡ ਕੇ ਪਿੰਡ ਵਿੱਚ ਦਰਵਾਜੇ ਧਰਮਸ਼ਾਲਾ ਦਾ ਭਲਵਾਨੀ ਗੇੜਾ ਕੱਢਣ ਤੁਰ ਜਾਂਦਾ। ਮੁੜ ਕੇ ਆਉਂਦਾ ਤਾਂ ਕਿਸੇ ਛਾਂ ਵਿੱਚ ਬੈਠੇ ਹਾਸਾ-ਖੇਡਾ ਕਰਦੇ ਮਜ਼ਦੂਰ ਉਸ ਨੂੰ ਛੇੜਦੇ, “ਭਲਾ ਅੱਜ ਆਪਣੀ ਕਿਹੜੀ ਸਹੇਲੀ ਨੂੰ ਮਿਲ ਆਏ, ਹੈੱਡ ਸਾਹਬ?”
“ਵਾਹ ਬਈ ਵਾਹ! ਇੱਜਤਦਾਰ, ਚਿੱਟੀ ਕੁੱਕੜ ਦਾੜ੍ਹੀ ਨਾਲ ਮੈਂ ਤੈਨੂੰ ਕੁਨਸਲ ਨੂੰ ਆਸ਼ਕੀ ਕਰਦਾ ਦੀਂਹਦਾ ਹੋਊਂ।” ਉਹ ਕੌੜਾ ਝਾਕਦਾ। ਕਿਸੇ ਨਾਲ ਨਾ ਬੋਲਦਾ। ਉਸ ਲਈ ਆਈ ਅਲਹਿਦਾ ਚਾਹ ਪੀ ਕੇ, ਧੁੱਪ ਨਾਲ ਸੜਿਆ ਪਿੰਡਾਂ ਖੁਰਚਦਾ, ਕੰਮ ਲੱਗਣ ਲਈ ‘ਹੋ ਹੱਲਾ’ ਮਚਾਉਂਦਾ। ਰਾਹ ਵਿੱਚ ਪਏ ਤਸਲੇ ਬਾਲਟੀਆਂ ਨੂੰ ਠੋਹਕਰਾਂ ਮਾਰਦਾ, ਮਜ਼ਦੂਰਾਂ ਨੂੰ ਕੁੱਦ ਕੁੱਦ ਪੈਂਦਾ। “ਓਏ ਤੈਨੂੰ ਗਰੌੜਾ ਹੋਇਆ ਨ੍ਹੀਂ ਦੀਂਹਦਾ? ਜੇ ਮੀਂਹ ਉੱਤਰ ਪਿਆ, ਗਿੱਲਾ ਕੀਤਾ ਇੰਨਾ ਮਸਾਲਾ ਕਿੱਥੇ ਮੱਥੇਂਗਾ? ... ਓਏ ਤੈਂ ਇੱਟਾਂ ਰੋਣ ਲਾ ’ਤੀਆਂ, ਪਤੀਲੇ ਦਿਆ ਢੱਕਣਾ?” ਉਹ ਖਿਝਦਾ, ਝਰਾਟੇ ਛੱਡਦਾ। ਘਰ ਦਾ ਮਾਲਕ ਨਾਲ ਆ ਲੱਗਦਾ। ਕੰਮ ਰੋਹੜੇ ਪੈ ਜਾਂਦਾ।
ਸ਼ਾਂਤ ਜਾਪਦਾ ਮਿਸਤਰੀ ਹੁਣ ਇੱਧਰ ਉੱਧਰ ਨਜ਼ਰ ਦੁੜਾਉਂਦਾ। ਕਿਧਰੇ ਕੋਈ ਕੁੜੀ ਕੱਤਰੀ ਨੇੜੇ ਨਾ ਸੁਣਦੀ ਹੋਵੇ। ਘਰ ਦੀ ਸੁਆਣੀ ਵੀ ਨਜ਼ਦੀਕ ਨਾ ਦਿਸਦੀ। ਉਹ ਧੀਮੀ ਆਵਾਜ਼ ਵਿੱਚ ਆਪਣੇ ਲੰਬੇ ਸਮੇਂ ਤੋਂ ਸਾਥੀ ਚਲੇ ਆਉਂਦੇ ਮਜ਼ਦੂਰ ਨੂੰ ਮੁਖਾਤਬ ਹੁੰਦਾ, “ਇਕ ਲੇਖੇ ਨਾਲ ਤੂੰ ਵੀ ਸੱਚਾ ਹੈਂ, ਨੌਰਾਤਾ ਸਿਆਂ। ਦੇਖੋ ਜੀ, ਸਾਨੂੰ ਓਪਰੇ ਬੰਦੇ ਘਰ ਨ੍ਹੀਂ ਸੱਦਣੇ ਚਾਹੀਦੇ। ਕੰਮ ਕਰਾਓ, ਆਪਣੇ ਜਾਣਕਾਰ ਤੋਂ! ਸਾਰੇ ਦੁੱਧ ਧੋਤੇ ਨਹੀਂ ਟੱਕਰਦੇ। ਥੋਡੇ ਘਰ ਸੱਦਿਆ ਅਨੋਭੜ ਕਾਰੀਗਰ ਕੀ ਪਤਾ ਕਿਹੋ ਜਿਹਾ ਹੋਵੇ।” ਉਹ ਮੂੰਹ ਵਿਗਾੜੀਂ ਫਿਰਦੇ ਆਪਣੇ ਪੱਕੇ ਸਾਥੀ ਨੂੰ ਵਡਿਆਉਣਾ ਲੋਚਦਾ। “ਲੈ ਤੂੰ ਸਹੇਲੀ ਦੀ ਗੱਲ ਵੀ ਸੁਣ ਲੈ। ਹੁਣ ਨਾਉਂ ਨਾ ਪੁੱਛੀਂ। ਆਪਣੇ ਪਿੰਡ ਕੋਈ ਰਾਜ ਚੁਬਾਰਾ ਛੱਤਦਾ, ਉਸ ਘਰ ਦੀ ਸੁਆਣੀ ਨਾਲ ਅੱਖ ਮਟੱਕਾ ਕਰਨ ਲੱਗ ਪਿਆ। ਐਹੋ ਜਿਹੇ ਮੁਸ਼ਕੀ ਬੰਦੇ ਵੀ ਹੋ ਗੁਜ਼ਰੇ ਨੇ, ਥਾਲ਼ੀ ਵਿੱਚ ਛੇਕ ਕਰਨ ਆਲ਼ੇ! ਸੱਚਾ ਤੂੰ ਵੀ ਹੈਂ।” ਮਿਸਤਰੀ ਹੱਸਦਾ।
“ਆ ਗਿਆ ਨਾ ਟਿਕਾਣੇ ਮਿਸਤਰੀ? ਦੂਏ ਦੀ ਨਸਲ ਕੁਨਸਲ ਪਰਖਣ ਤੋਂ ਪਹਿਲਾਂ ਆਪਣੀ ਪੀਹੜੀ ਥੱਲੇ ਸੋਟਾ ਫੇਰਨਾ ਚਾਹੀਦਾ। ਹੁਣ ਮੰਨਦਾ ਹੈਂ ਕਿ ਨਹੀਂ?” ਇੰਜ ਗੱਲਾਂ ਗੱਲਾਂ ਵਿੱਚ ਕਈ ਵਾਰੀ ਤਕਰਾਰ ਹੋ ਜਾਂਦਾ।
“ਓਏ, ਨਹੀਂ ਨਹੀਂ। ਆਹ ਗੱਲ ਨ੍ਹੀਂ ਹੁੰਦੀ। ਇਹ ਤਾਂ ਮੇਰੇ ਯਾਰ ਦਿਲ ਮਿਲਿਆਂ ਦੇ ਮੇਲੇ, ਕੌਣ ਸਾਧ ਕੀਹਦੇ ਚੇਲੇ। ਹੁਣ ਮੇਰੀ ਇਸ ਗੱਲ ਨੂੰ ਸੱਚ ਮੰਨਦਾ, ਕਿਤੇ ਚੁਬਾਰੇ ਆਲ਼ਿਆਂ ਦੇ ਘਰ ਪੁੱਛਣ ਨਾ ਵਗ ਜਾਈਂ। ਕੁਛ ਗੱਲਾਂ ਤੇਰੇ ਵਰਗੇ ਦਾ ਮੂੰਹ ਚੁਰਚੁਰਾ ਕਰਨ ਖਾਤਰ ਸੁਣਾਉਣੀਆਂ ਪੈਂਦੀਆਂ।” ਇਸ ਤੋਂ ਅੱਗੇ ਕਈ ਵਾਰੀ ਭੁੱਲ ਭੁਲੇਖੇ ਪੂਰਾ ਕੋਕ ਸ਼ਾਸਤਰੀ ਪੁਰਾਣ ਖੁੱਲ੍ਹ ਜਾਂਦਾ।
“ਓਏ, ਯਾਰੋ! ਕਿਉਂ ਤੁਸੀਂ ਸ਼ਰਮ ਲਾਹੀ ਐ?” ਇੱਥੇ ਆ ਕੇ ਮਾਲਕ ਨੂੰ ਦਖ਼ਲ ਦੇਣਾ ਪੈਂਦਾ ਤੇ ਫੇਰ ਕਿੰਨੀ ਦੇਰ ਚੁੱਪ ਵਰਤੀ ਰਹਿੰਦੀ। ਐਪਰ ਮਿਸਤਰੀ ਦੀ ਕਾਰੀਗਰੀ ਦਾ ਮੁੱਲ ਪਾਉਣ ਵਾਲੇ ਕਦਰਦਾਨ ਅਜਿਹੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ, ਇਮਾਰਤ ਦੀ ਮਜ਼ਬੂਤੀ ਲਈ ਸਦਾ ਉਸ ਨੂੰ ਹੀ ਬੁਲਾਉਂਦੇ। ਪਿੰਡ ਵਿਚਲੇ ਇੱਕ ਮੋਹਤਬਰ ਬੰਦੇ ਦੀ ਰੂੜੀਆਂ ਤਰਫ਼ ਦੀ ਸੌ ਫੁੱਟ ਲੰਬੀ ਪੱਕੀ ਦੀਵਾਰ ਹਰੇਕ ਬਰਸਾਤ ਵਿੱਚ ਬਾਹਰ ਡੂੰਘੇ ਟੋਇਆਂ ਵੱਲ ਡਿਗ ਜਾਂਦੀ। ਉਹ ਓਪਰੇ ਰਾਜਾਂ ਤੋਂ ਦੋ ਤਿੰਨ ਵਾਰ ਬਣਵਾ ਚੁੱਕਿਆ ਸੀ। ਹੁਣ ‘ਹੈੱਡ ਮਿਸਤਰੀ’ ਉਸ ਦੀ ਇੱਕੋ ਇੱਕ ਆਸ ਬਚੀ ਸੀ।
ਤਿੰਨ ਕੁ ਦਿਨਾਂ ਵਿੱਚ ਆਪਣੇ ਹੱਥੀਂ ਉਸਾਰੀ ਨਵੀਂ ਦੀਵਾਰ ਨੂੰ ਕਿਸੇ ਚਿੱਤਰਕਾਰ ਵਾਂਗ ਨਿਹਾਰਦਾ ਅਮਰ ਸਿੰਘ ਹੁੱਬ ਕੇ ਬੋਲਿਆ, “ਲੈ ਹੁਣ ਗਿਰ ਕੇ ਦਿਖਾਵੇ ਤਾਂ ਭਲਾ।”
“ਬਹੁਤੀ ਹਮੀਂ ਨ੍ਹੀਂ ਦਿਖਾਈਦੀ ਹੈੱਡ ਸਾਹਬ। ਜੇ ਡਿਗ ਪਈ ਫੇਰ?” ਦੁਮਾਲਾ ਸਜਾਈ ਖੜੋਤੇ ਜਥੇਦਾਰ ਨੂੰ ਅਜੇ ਵੀ ਯਕੀਨ ਨਹੀਂ ਸੀ।
“ਮੈਂ ਰਾਜਗਿਰੀ ਕਰਨੀ ਛੱਡ ਦੂੰ, ਸਰਦਾਰ ਬਹਾਦਰ। ਥੋਡੇ ਲੋਕਾਂ ਨੂੰ ਵੀ ਦਬੜੂ-ਘੁਸੜੂ ਮਿਸਤਰੀਆਂ ਤੋਂ ਕੰਮ ਦਾ ਘੜੰਮ ਕਰਾ ਕੇ ਈ ਇਹ ਖਾਨਦਾਨੀ ਰਾਜ ਚੇਤੇ ਆਉਂਦੈ।” ਸੱਚਮੁੱਚ ਦੁਬਾਰਾ ਕੀਤੀ ਉਹ ਕੰਧ ਮੁੜ ਕੇ ਨਹੀਂ ਡਿਗੀ।
“ਤੈਂ ਭਲਾ ਐਸੇ ਕਿਹੜੇ ਕੋਕੇ ਜੜ’ ਤੇ?” ਜਥੇਦਾਰ ਨੇ ਜਾਣਨਾ ਚਾਹਿਆ।
“ਤੁਸੀਂ ਫੰਨੇ ਖਾਨ ਮਿਸਤਰੀ ਸੱਦ ਕੇ ਦੇਖ ਲੇ। ਹਰੇਕ ਜਣਾ ਕੰਧ ਨੂੰ ਸਿੱਧੀ ਸਤੋਰ ਸਾਹਲ ਵਿੱਚ ਬਣਾਉਂਦਾ। ਮੀਂਹ ਪੈਣ ਨਾਲ ਜਿਉਂ ਟੋਏ ਪਾਣੀ ਨਾਲ ਭਰਦੇ, ਉਹ ਆਪਣਾ ਈ ਭਾਰ ਨਾ ਸਹਾਰਦੀ, ਉੱਧਰ ਨੂੰ ਪਾਟ ਜਾਂਦੀ। ਮੈਂ ਹੇਠ ਤੋਂ ਉੱਪਰ ਤਕ ਉਸਾਰੀ ਵੇਲੇ ਅੰਦਰ ਵੱਲ ਮਾਮੂਲੀ ਟੇਢ ਦਿੰਦਾ ਗਿਆ। ਉੱਤੇ ਤਕ ਸਾਰੀਓ ਛੇ ਇੰਚੀ ਟੇਪਰ ਮਸਾਂ ਦਿੱਤੀ ਹੋਊ। ਹੁਣ ਬਾਹਰ ਵੱਲ ਦਬਦੀ ਹੋਈ ਵੀ ਉਹ ਆਪਣਾ ਬੈਲੈਂਸ ਨ੍ਹੀਂ ਗਵਾਉਣ ਲੱਗੀ। ਕਾਰੀਗਰੀ ਦਾ ਘਰ ਬਹੁਤ ਦੂਰ ਹੈ ਜੀ। ਸੈਕਲ ਨੂੰ ਗਜ਼ ਬੰਨ੍ਹ ਕੇ ਤਾਂ ਹਰੇਕ ਐਰਾ ਗੈਰਾ ਨੱਥੂ ਖੈਰਾ ਆਹਲਾ ਰਾਜ ਬਣਿਆ ਫਿਰਦਾ।”
ਇੱਕ ਵਾਰੀ ਆਪਣੀ ਨਵੀਂ ’ਸਾਮੀ ਦੀ ਵਡਿਆਈ ਕਰਦਾ, ਹੈੱਡ ਮਿਸਤਰੀ ਮੇਰੇ ਵਰਗੇ ਪੁਰਾਣੇ ਪੱਕੇ ਗਾਹਕ ਦੀ ਬਦਖੋਈ ਕਰ ਬੈਠਾ: “ਥੋਡੇ ਵਰਗਾ ਅੰਨ ਪਾਣੀ ਹਰੇਕ ਥੋੜੋ ਬਣਾਲੂ? ਭਲਾ ਇੱਕ ਗੱਲ ਐ। ਹਰੇਕ ਦੇ ਘਰ ਕੰਮ ਸਾਨੂੰ ਕਰਨਾ ਪੈਂਦਾ। ਇੱਕ ਬਾਹਲੀ ਪੜ੍ਹੀ ਲਿਖੀ ਸੁਆਣੀ ਦੀ ਬਣਾਈ ਦਾਲ ਵਿੱਚੋਂ ਡੁਬਕੀ ਮਾਰੀ ਤੋਂ ਕੋਈ ਦਾਣਾ ਨ੍ਹੀਂ ਲੱਭਦਾ। ਕੜਾਹ ਵਿੱਚ ਗੰਢਾਂ ਪੈ ਜਾਂਦੀਆਂ। ਚਾਹ ਹੋਊ, ਜਿਵੇਂ ਸੇਵੀਆਂ ਦਾ ਪਾਣੀ! ਭਲਾ ਇੱਕ ਗੱਲ ਐ। ਦੁੱਪੜਾਂ ਤਾਂ ਹਰੇਕ ਏ ਥੱਪ ਲਿੰਦੈ। ਰਸੋਈ ਕਲਾ ਦਾ ਘਰ ਬਹੁਤ ਦੂਰ ਐ, ਸਰਦਾਰ ਸਾਹਬ। ਊਂ ਅੰਨ ਪਾਣੀ ਤਾਂ ਕਹਿੰਦੇ, ਨਿੰਦਣਾ ਨ੍ਹੀਂ ਚਾਹੀਦਾ।” ਹੁਣ ਅਜਿਹੀ ਗੱਲ ਹਰੇਕ ਦੇ ਕਿੱਥੇ ਹਜ਼ਮ ਹੁੰਦੀ। ਪਹੁੰਚ ਗਈ ਟਿਕਾਣੇ। ਪੁਰਾਣੀ ਸੁਆਣੀ ਸੁਣਦੇ ਸਾਰ ਭੜਕ ਪਈ, “ਹਰ ਸਾਲ ਬਰਸਾਤ ਦੇ ਮੌਸਮ ਵਿੱਚ ਜਦ ਰਾਜਾਂ ਨੂੰ ਕੋਈ ਨ੍ਹੀਂ ਪੁੱਛਦਾ, ਉਹ ਬੁੜ੍ਹਾ ਧੱਕੇ ਨਾਲ ਸਾਡੀ ਅਧੂਰੀ ਕੋਠੀ ਨੂੰ ਆ ਚਿੰਬੜਦਾ। ਮਹੀਨੇ ਸਵਾ ਮਹੀਨੇ ਵਿੱਚ ਪੂਰਾ ਪੀਪਾ ਘਿਓ ਦਾ ਚੱਟ ਜਾਂਦਾ। ਸ਼ਰਾਬ ਦਾ ਡਰੰਮ ਸੜ੍ਹਾਕ ਲੈਂਦਾ। ਅਜੇ ਫੇਰ ਵੀ ਸਾਡਾ ਦਾਲ ਪਾਣੀ ਉਹਦੇ ਨੱਕ ਹੇਠ ਨਹੀਂ ਸੀ ਆਉਂਦਾ? ਆਉਣ ਦਿਓ ਸਾਡੇ ਘਰ?”
ਇੱਕ ਦਿਨ ਸੁਖ ਸਾਂਦ ਪੁੱਛਣ ਆਏ ਕਾਰੀਗਰ ਨੂੰ ਬੜੇ ਸਤਿਕਾਰ ਨਾਲ ਚਾਹ ਦਾ ਕੱਪ ਫੜਾਉਂਦੀ, ਉਹ ਪੜ੍ਹੀ ਲਿਖੀ ਬੋਲੀ, “ਅਨਪੜ੍ਹ ਲੋਕਣੀਆਂ ਵਰਗੇ ਛੱਤੀ ਪਦਾਰਥ ਤਾਂ ਮੈਂਨੂੰ ਪੜ੍ਹੀ ਲਿਖੀ ਨੂੰ ਬਣਾਉਣੇ ਕੋਈ ਨ੍ਹੀਂ ਆਉਂਦੇ, ਮਿਸਤਰੀ ਜੀ। ਜਿਵੇਂ ਇੰਨੀ ਦੇਰ ਸਾਡੀ ਪਤਲੀ ਪੋਲੀ ਦਾਲ ਖਾਂਦੇ ਰਹੇ ਹੋ, ਉਵੇਂ ਇਸ ਚਾਹ ਦੀ ਕੱਪੀ ਨੂੰ ਵੀ ਤੁਸੀਂ ‘ਸੇਵੀਆਂ ਦਾ ਪਾਣੀ’ ਸਮਝ ਕੇ ਪਰਵਾਨ ਕਰੋ ਤਾਇਆ ਜੀ।” ਮੁਸਕੜੀਆਂ ਹੱਸਦੀ ਮੇਰੀ ਪਤਨੀ ਰਸੋਈ ਵੱਲ ਪਰਤ ਗਈ ਤਾਂ ਅਚਨਚੇਤ ਸੁਚੇਤ ਹੋਇਆ ਹੈੱਡ ਮਿਸਤਰੀ ਬੋਲਿਆ; “ਏਹ ਤੂੰ ਕਿਹੜੀ ਗੱਲ ਕਰਤੀ ਭਾਈ ਸਾਊ? ਥੋਡੇ ਪੜ੍ਹਿਆਂ ਲਿਖਿਆਂ ਵਰਗਾ ਅੰਨ ਪਾਣੀ ਉਹ ਮੂਲ਼ੋਂ ਗਵਾਰ ਲੋਕ ਕਿੱਥੋਂ ਬਣਾ ਲੈਣਗੇ।” ਛਿੱਥਾ ਪਿਆ ਸਾਡਾ ਅਮਰ ਸਿਹੁੰ ਚਾਹ ਪੀ ਕੇ ਜਲਦੀ ਉੱਠਿਆ, ਦੂਰ ਤਕ ਬੋਲਦਾ ਗਿਆ; “ਆਹ ਤਾਂ ਹੱਦ ਏ ਕਰਤੀ, ਬਿੱਜੂ ਬੰਦੇ ਨੇ। ਕਾਹਦਾ ‘ਡਾਕਦਾਰ’ ਹੋਇਆ ਉਹ? ਤਿੰਨ ਉਂਗਲਾਂ ਮਾਸ ਦੇ ਟੁਕੜੇ ’ਤੇ ਭੋਰਾ ਵੀ ਕਾਬੂ ਨਹੀਂ! ਤਾਂ ਹੀ ਕਹਿੰਦੇ ਮੇਰੇ ਯਾਰ;
ਚੋਰੀ ਚੁਗਲੀ ਜਾਮਨੀ ਗੱਲਾਂ ਛੱਡ ਦੇ ਚਾਰ ... ਮਖਿਆ, ਸਾਡੇ ਇਹ ਅਨਪੜ੍ਹ ਲੋਕ ਜ਼ਬਾਨ ਸੰਭਾਲਣੀ ਕਿੱਦਣ ਸਿੱਖਣਗੇ?” ਉਸ ਦਿਨ ਅਮਰ ਸਿੰਘ ਨੂੰ ਹੈਰਾਨ ਪਰੇਸ਼ਾਨ ਦੇਖਦੇ ਜਾਣਕਾਰਾਂ ਦਾ ਵੀ ਬੁਲਾਉਣ ਦਾ ਹੌਸਲਾ ਨਹੀਂ ਸੀ ਪਿਆ।
ਅੱਸੀਵਿਆਂ ਵਿੱਚ ਜਦੋਂ ਹਰਾ ਇਨਕਲਾਬ ਆਪਣਾ ਥੋੜ੍ਹਚਿਰਾ ਜਲਵਾ ਦਿਖਾ ਕੇ ਅਲੋਪ ਹੋ ਗਿਆ ਤਾਂ ਖੇਤੀ ਤੋਂ ਨਿਰਾਸ ਹੋਏ ਪਛੜੀ ਜਾਤੀ, ਦਲਿਤ ਬਰਾਦਰੀਆਂ ਵਿੱਚੋਂ ਨਵੇਂ ਉੱਠੇ ਨੌਜਵਾਨ ਅਤੇ ਇੱਕ ਦੋ ਜੱਟ ਕਿਰਸਾਣ ਵੀ ਰਾਜਗਿਰੀ ਕਰਨ ਲੱਗੇ। ਉਹਨਾਂ ਮੁੰਡਿਆਂ ਨੂੰ ਚੰਗੇ ਕਾਰੀਗਰ ਹੋਣ ਦੇ ਬਾਵਜੂਦ ਅਮਰ ਸਿੰਘ ‘ਗਜ਼ ਟੰਗੂ ਰਾਜ’ ਆਖਦਾ, ਟਿੱਚਰ ਟਕੋਰ ਕਰਦਾ ਖੁਸ਼ ਹੁੰਦਾ, ਆਖਰੀ ਉਮਰ ਤਕ ਕਿਰਤ ਨਾਲ ਪਰਚਿਆ ਰਿਹਾ।
“ਕਦੇ ਸੋਚਿਆ, ਹੁਣ ਪਹਿਲਾਂ ਜਿੰਨਾ ਕੰਮ ਕਿਉਂ ਨੀਂਹ ਮਿਲਦਾ ਤਾਇਆ ਸਿਆਂ?” ਉਸ ਰੰਗੀਲੇ ਰਾਜ ਮਿਸਤਰੀ ਨੂੰ ਇੱਕ ਵਾਰੀ ਮੈਂ ਪੁੱਛਿਆ।
“ਦਬੜੂ ਘੁਸੜੂ ਰਾਜਾਂ ਦੀ ਸਤੌਲ਼ ਜੋ ਪੈਦਾ ਹੋਗੀ ਆਪਣੇ ਪਿੰਡ ’ਚ? ਨਾਲੇ ਤੁਸੀਂਓਂ ਟੋਟਕਾ ਸੁਣਾਉਂਦੇ ਹੁੰਦੇ, “ਐਸਾ ਕੌਣ ਜਹਾਨ ’ਤੇ ਦਿਆ ਸਿੰਘਾ, ਜਿਸਦੀ ਸ਼ੁਰੂ ਦੇ ਵਾਂਗ ਅਖੀਰ ਹੋਵੇ।” ਤੇ ਉਹ ਸਾਈਕਲ ਉੱਤੇ ਅੱਡੀ ਦਿੰਦਾ ਆਪਣੇ ਰਾਹ ਪਿਆ।
“ਜੇ ਕਿਤੇ ਇਸ ਕਿਰਤੀ ਨੇ ਬਿਦੇਸ਼ ਵਿੱਚ ਚਾਲ਼ੀ ਸਾਲ ਹੱਡ ਭੰਨਵੀਂ ਮਿਹਨਤ ਕੀਤੀ ਹੁੰਦੀ, ਅੱਜ ਇਹ ਚਾਰ ਪੈਨਸ਼ਨਾਂ ਲੈਂਦਾ।” ਅੱਖਾਂ ਤੋਂ ਓਝਲ ਹੋਏ ਅਮਰ ਸਿੰਘ ਦੀ ਪਿੱਠ ਨਿਹਾਰਦਾ, ਮੈਂ ਖੜ੍ਹਾ ਖੜੋਤਾ ਬੇਅਰਥ ਸੋਚਦਾ ਰਿਹਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2468)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)