“ਲੜਾਈ ਝਗੜੇ ਦੀਆਂ ਖ਼ਬਰਾਂ ਸੁਣ ਕੇ ਮੈਂਨੂੰ ਦੋਹਾਂ ਰਾਜਾਂ ਦੀ ਮਾਨਸਿਕਤਾ ...”
(2 ਮਈ 2020)
ਮੈਂ ਇਸ ਸਮੇਂ ਕੇਰਲਾ ਰਾਜ ਦੀ ਰਾਜਧਾਨੀ ਤਿਰੂਵਨੰਤਪੁਰਮ ਵਿਖੇ ਆਪਣੇ ਵੱਡੇ ਬੇਟੇ ਕੋਲ ਹਾਂ। ਮੇਰੀ ਤੇਈ ਮਾਰਚ ਦੀ ਚੰਡੀਗੜ੍ਹ ਵਾਪਸੀ ਦੀ ਫਲਾਈਟ ਪੰਜਾਬ ਸਰਕਾਰ ਵੱਲੋਂ ਕਾਹਲੀ ਵਿੱਚ ਐਲਾਨੇ ਕਰਫਿਊ ਕਰਕੇ ਏਅਰਲਾਈਨ ਨੇ ਮੌਕੇ ’ਤੇ ਰੱਦ ਕਰ ਦਿੱਤੀ। ਟਿਕਟ ਦੇ ਦਸ ਹਜ਼ਾਰ ਰੁਪਏ ਵੀ ਏਅਰਲਾਈਨ ਨੇ ਨਹੀਂ ਵਾਪਸ ਕੀਤੇ। ਪੱਚੀ ਮਾਰਚ ਤੋਂ ਦੇਸ਼ ਵਿੱਚ ਲਾਕਡਾਊਨ ਕਰ ਦਿੱਤਾ ਗਿਆ। ਜੋ ਕੋਈ ਵੀ ਜਿੱਥੇ ਸੀ ਉੱਥੋਂ ਜੋਗਾ ਹੀ ਰਹਿ ਗਿਆ। ਭਿਆਨਕ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਜ਼ਰੂਰੀ ਕਦਮ ਉਠਾਉਣੇ ਹੀ ਸਨ ਪਰ ਕਿੰਨਾ ਚੰਗਾ ਹੁੰਦਾ ਜੇ ਲੋਕਾਂ ਨੂੰ ਘਰੋ ਘਰੀ ਪਹੁੰਚਣ ਲਈ ਇੱਕ ਦੋ ਦਿਨਾਂ ਦੀ ਮੋਹਲਤ ਦੇ ਦਿੱਤੀ ਜਾਂਦੀ। ਲੋਕਾਂ ਨੂੰ ਭਰੋਸੇ ਵਿੱਚ ਲਿਆ ਜਾਂਦਾ ਤਾਂ ਸ਼ਾਇਦ ਹੁਕਮਾਂ ਦੀ ਪਾਲਣਾ ਸੌਖੇ ਢੰਗ ਨਾਲ ਹੋ ਜਾਂਦੀ।
ਇਸ ਸਮੇਂ ਘਰੇ ਘਰਦਿਆਂ ਨੂੰ ਰੋਟੀ ਦਾ ਔਖਾ ਹੋਇਆ ਪਿਆ ਹੈ, ਬਾਹਰ ਰਹਿ ਗਏ ਫਿਕਰਾਂ ਵਿੱਚ ਗਲਤਾਨ ਹਨ। ਚੌਦਾਂ ਅਪ੍ਰੈਲ ਦੀ ਉਡੀਕ ਕੀਤੀ ਕਿ ਕੋਈ ਰਾਹਤ ਮਿਲੇਗੀ ਪਰ ਉਡੀਕ ਤਿੰਨ ਮਈ ਤਕ ਲੰਮੀ ਹੋ ਗਈ। ਖ਼ੈਰ, ਜੋ ਕੁਝ ਵੀ ਹੋਇਆ ਵੱਸੋਂ ਬਾਹਰ ਹੈ। ਨਾ ਮੇਰੀ ਕਿਸੇ ਸਰਕਾਰ ਤਕ ਪਹੁੰਚ ਹੈ ਅਤੇ ਕਰੋਨਾ ਵਾਇਰਸ ਤਾਂ ਹੈ ਹੀ ਨਹਿਸ਼। ਹੁਣ ਤਾਂ ਸਿਰਫ਼ ‘ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਆਉਣਗੇ’ ਬਾਰੇ ਹੀ ਸੋਚੀਦਾ ਹੈ। ਔਨਲਾਈਨ ਪੰਜਾਬੀ ਅਖ਼ਬਾਰਾਂ ਪੜ੍ਹ ਕੇ ਪੰਜਾਬ ਨਾਲ ਜੁੜੇ ਰਹੀਦਾ ਹੈ ਅਤੇ ‘ਦਾ ਹਿੰਦੂ’ ਅਖਬਾਰ ਕੇਰਲਾ ਅਤੇ ਆਸ ਪਾਸ ਦੀਆਂ ਖ਼ਬਰਾਂ ਸੁਣਾ ਦਿੰਦਾ ਹੈ।
ਜਦੋਂ ਮੈਂ ਮਲਟੀ ਸਟੋਰੀ ਬਿਲਡਿੰਗ ਦੀ ਬਾਲਕੋਨੀ ਵਿੱਚ ਬੈਠ ਕੇ ਅੱਗਿਉਂ ਲੰਘਦੀ ਸੜਕ ਤੇ ਆਉਂਦੇ ਜਾਂਦੇ ਮਲਿਆਲੀ ਲੋਕ ਅਤੇ ਉਨ੍ਹਾਂ ਦੇ ਵਾਹਨ ਦੇਖਦੀ ਹਾਂ ਤਾਂ ਉਹ ਰਾਜ ਸਰਕਾਰ ਦੀ ਦਰਿਆਦਿਲੀ ਦਾ ਸਬੂਤ ਦਿੰਦੇ ਹਨ। ਇੱਥੋਂ ਦੀ ਸਰਕਾਰ ਨੇ ਰਾਜ ਵਿੱਚ ਕਰਫਿਊ ਨਹੀਂ ਲਾਇਆ। ਲਾਕਡਾਊਨ ਇੱਥੇ ਵੀ ਹੈ, ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀਆਂ ਹਦਾਇਤਾਂ ਹਨ। ਸਕੂਲ, ਦਫਤਰ ਅਤੇ ਹੋਰ ਅਦਾਰੇ ਬੰਦ ਹਨ ਪਰ ਰਾਜ ਵਿੱਚ ਜ਼ਿੰਦਗੀ ਅਜੇ ਵੀ ਧੜਕਦੀ ਹੈ। ਲੋਕ ਜ਼ਰੂਰੀ ਕੰਮਾਂ ਲਈ ਜਿਵੇਂ ਰਾਸ਼ਨ, ਸਬਜ਼ੀਆਂ, ਫਲ ਆਦਿ ਖਰੀਦਣ ਲਈ ਬਾਜ਼ਾਰ ਜਾ ਸਕਦੇ ਹਨ। ਪੁਲੀਸ ਗਸ਼ਤ ਕਰ ਰਹੀ ਹੈ ਪਰ ਲੋਕਾਂ ਵਿੱਚ ਕੋਈ ਦਹਿਸ਼ਤ ਨਹੀਂ ਹੈ। ਪੁਲੀਸ ਦੇ ਆਦਮੀ ਲੋਕਾਂ ਤੋਂ ਬਾਹਰ ਨਿਕਲਣ ਦਾ ਕਾਰਨ ਪੁੱਛ ਕੇ ਉਸ ਨੂੰ ਜਾਣ ਦੇ ਦਿੰਦੇ ਹਨ। ਉਹਨਾਂ ਦਾ ਵਿਵਹਾਰ ਚੰਗਾ ਹੁੰਦਾ ਹੈ।
ਬਿੱਗ ਬਾਜ਼ਾਰ, ਪੋਥੀਜ਼, ਮੋਰ ਅਤੇ ਰਿਲਾਇੰਸ ਫ਼ਰੈਸ਼ ਵਰਗੀਆਂ ਸੁਪਰ ਮਾਰਕੀਟ ਅਤੇ ਹੋਰ ਲੋੜੀਂਦੇ ਸਮਾਨ ਦੀਆਂ ਦੁਕਾਨਾਂ ਸਭ ਖੁੱਲ੍ਹੀਆਂ ਹਨ, ਜਿੱਥੇ ਜਾ ਕੇ ਲੋਕ ਅੱਠ ਦਸ ਦਿਨ ਦੀ ਲੋੜ ਦਾ ਸਮਾਨ ਲੈ ਆਉਂਦੇ ਹਨ। ਉਹ ਘਰਾਂ ਵਿੱਚ ਵੀ ਸਪਲਾਈ ਕਰ ਦਿੰਦੇ ਹਨ ਪਰ ਸਰਕਾਰ ਨੂੰ ਲੋਕਾਂ ਦੇ ਜ਼ਰੂਰੀ ਕੰਮ ਲਈ ਬਾਜ਼ਾਰ ਜਾਣ ’ਤੇ ਕੋਈ ਇਤਰਾਜ਼ ਨਹੀਂ। ਲੋਕ ਵੀ ਸਰਕਾਰ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਦੇ ਹਨ। ਹਰੇਕ ਵਿਅਕਤੀ ਦੇ ਮੂੰਹ ਉੱਤੇ ਮਾਸਕ ਬੰਨ੍ਹਿਆ ਹੁੰਦਾ ਹੈ। ਖਰੀਦਦਾਰੀ ਕਰਨ ਵੇਲੇ ਇੱਕ ਦੂਜੇ ਤੋਂ ਇੱਕ ਮੀਟਰ ਦੀ ਵਿੱਥ ਤੇ ਲਾਈਨ ਵਿੱਚ ਖੜ੍ਹਦੇ ਹਨ। ਬੇਮਤਲਬ ਸੜਕਾਂ ਉੱਤੇ ਨਹੀਂ ਘੁੰਮਦੇ ਅਤੇ ਸੜਕ ਤੇ ਚੁੱਪਚਾਪ ਚੱਲਦੇ ਹਨ। ਪੰਜਾਬ ਵੱਲੋਂ ਪਹੁੰਚਦੀਆਂ ਲੜਾਈ ਝਗੜੇ ਦੀਆਂ ਖ਼ਬਰਾਂ ਸੁਣ ਕੇ ਮੈਂਨੂੰ ਦੋਹਾਂ ਰਾਜਾਂ ਦੀ ਮਾਨਸਿਕਤਾ ਵਾਲਾ ਫ਼ਰਕ ਸਪਸ਼ਟ ਦਿਖਾਈ ਦਿੰਦਾ ਹੈ। ਪੰਜਾਬ ਵਿੱਚ ਕਰਫਿਊ ਦੇ ਬਾਵਜੂਦ ਰਾਜ ਵਿੱਚ ਸ਼ਾਂਤੀ ਨਹੀਂ। ਲੋਕ ਬੇਚੈਨ ਹਨ, ਹੁਕਮ ਅਦੂਲੀ ਕਰਦੇ ਹਨ। ਕਿਸੇ ਪਾਸੇ ਕੋਈ ਤਾਂ ਕਮੀ ਹੈ।
ਸਭ ਤੋਂ ਪਹਿਲਾਂ ਕਰੋਨਾ ਵਾਇਰਸ ਨੇ ਕੇਰਲਾ ਰਾਜ ਨੂੰ ਹੀ ਆਪਣੀ ਗ੍ਰਿਫਤ ਵਿੱਚ ਲਿਆ ਸੀ। ਇਟਲੀ ਤੋਂ ਕੇਰਲਾ ਘੁੰਮਣ ਫਿਰਨ ਆਏ ਇਸ ਬਿਮਾਰੀ ਤੋਂ ਪੀੜਤ ਇੱਕ ਜੋੜੇ ਨੇ ਇਸ ਨਾਮੁਰਾਦ ਵਾਇਰਸ ਨੂੰ ਇੱਥੇ ਲਿਆਂਦਾ। ਪੀੜਤ ਲੋਕਾਂ ਦੀ ਗਿਣਤੀ ਵੀ ਕੇਰਲਾ ਵਿੱਚ ਇੱਕ ਦਮ ਵਧ ਗਈ। ਪਰ ਸਰਕਾਰ ਦੇ ਤਹੱਮਲ, ਮੈਡੀਕਲ ਸਟਾਫ ਦੀ ਮਿਹਨਤ ਅਤੇ ਯੋਗਤਾ ਨਾਲ ਅਤੇ ਲੋਕਾਂ ਦੇ ਸਹਿਯੋਗ ਨਾਲ ਹਾਲਾਤ ਕਾਬੂ ਵਿੱਚ ਆ ਗਏ ਹਨ। ਕਾਫੀ ਲੋਕ ਠੀਕ ਹੋ ਰਹੇ ਹਨ, ਨਵੇਂ ਕੇਸ ਬਹੁਤ ਘੱਟ ਆ ਰਹੇ ਹਨ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਛੇਤੀ ਤੋਂ ਛੇਤੀ ਦੁਨੀਆਂ ਨੂੰ ਇਸ ਮਹਾਮਾਰੀ ਤੋਂ ਨਿਜਾਤ ਦਿਵਾਏ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2098)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)







































































































