JagwinderJodha7ਉਸ ਦੌਰ ਦੀਆਂ ਅੰਤਰਰਾਸ਼ਟਰੀ ਘਟਨਾਵਾਂ ਨੇ ਜੁਝਾਰ ਵਿਦਰੋਹੀ ਲਹਿਰ ਦੇ ਪੈਦਾ ...
(6 ਅਪਰੈਲ 2020)

 

PashA1ਪਾਸ਼ ਨੂੰ ਇਸ ਦੁਨੀਆਂ ਤੋਂ ਸਰੀਰਕ ਰੂਪ ਵਿੱਚ ਵਿਦਾ ਹੋਇਆਂ ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਗਿਆ ਹੈਇਸ ਅਰਸੇ ਦੌਰਾਨ ਸੰਸਾਰ ਪੱਧਰ ’ਤੇ ਵੱਡੀਆਂ ਤਬਦੀਲੀਆਂ ਵਾਪਰੀਆਂ ਜਿਨ੍ਹਾਂ ਦੀ ਲਾਗ ਹਿੰਦੁਸਤਾਨ ਤੇ ਪੰਜਾਬ ਤਕ ਪਹੁੰਚੀ ਹੈਉਸਦੀ ਮੌਤ ਤੋਂ ਬਾਅਦ ਪੈਦਾ ਹੋਈ ਇੱਕ ਨਵੀਂ ਪੀੜ੍ਹੀ ਜਵਾਨੀ ਦੀ ਸਿਖ਼ਰ ਛੂਹ ਕੇ ਅੱਧਖੜਤਾ ਵਲ ਵਧੀ ਹੈਪਾਸ਼ ਦੀ ਹੋਂਦ, ਮੌਤ ਤੇ ਕਵਿਤਾ ਨਾਲ ਸੰਬੰਧਿਤ ਸਵਾਲ ਵੀ ਇਸ ਅਰਸੇ ਵਿੱਚ ਕਈ ਕੋਣਾਂ ਤੋਂ ਤਿੱਖੇ ਰੂਪ ਵਿੱਚ ਉੱਭਰੇ ਹਨਪਾਸ਼ ਦੀ ਮੌਤ ਸ਼ਹਾਦਤ ਸੀ ਜਾਂ ਹੱਕੀ ਕਤਲ ਇਹ ਸਵਾਲ ਇਨ੍ਹਾਂ ਤਰਕਾਂ ਦੇ ਆਸ-ਪਾਸ ਨਜਿੱਠਿਆ ਜਾਂਦਾ ਰਿਹਾ ਹੈ ਕਿ ਉਸ ਨੂੰ ਮਾਰਨ ਵਾਲੀ ਗੋਲ਼ੀ ਦਹਿਸ਼ਤ ਦੀ ਆਵਾਜ਼ ਸੀ ਜਾਂ ਧਾਰਮਿਕ ਅਧਿਕਾਰਾਂ ਦੀ ਆਜ਼ਾਦੀ ਦਾ ਨਾਹਰਾਇਸ ਲਈ ਪਾਸ਼ ਨੂੰ ਇੱਕ ਮੌਤ ਨਾਲ ਮਾਰਨਾ ਸੰਭਵ ਨਹੀਂ ਹੋਇਆ ਉਸ ਨੂੰ ਲਗਾਤਾਰ ਮਾਰਿਆ ਜਾਂਦਾ ਰਿਹਾਇਸ ਕੰਮ ਲਈ ਹਜ਼ਾਰਾਂ ਜ਼ੁਬਾਨਾਂ ਲਗਾਤਾਰ ਸਰਗਰਮ ਰਹੀਆਂਉਸਦੇ ਸਮਕਾਲੀ ਕਵੀਆਂ, ਜਿਨ੍ਹਾਂ ਦੀ ਇਨਕਲਾਬ ਪ੍ਰਤੀ ਪਹੁੰਚ ਦਾ ਪਾਸ਼ ਨੇ ਮਖੌਲ ਉਡਾਇਆ ਸੀ, ਤੋਂ ਲੈ ਕੇ ਖਾਲਿਸਤਾਨੀ ਤਰਜ਼ ਦੇ ਰਾਜ ਦੇ ਹਮਾਇਤੀਆਂ ਨੂੰ ਪਾਸ਼ ਦੀ ਮੌਤ ਤੋਂ ਉੰਨਾ ਹੀ ਖਤਰਾ ਰਿਹਾ ਜਿੰਨਾ ਉਸਦੇ ਜਿਉਂਦੇ ਜੀ ਸੀਲਿਹਾਜ਼ਾ ਉਸਦੀ ਮੌਤ ਦੇ ‘ਅਸਲ ਕਾਰਨਾਂ’ ਦੀ ਪੜਚੋਲ ਦੇ ਨਾਲ ਨਾਲ ਮੌਤ ਦੀ ਤਰੀਕ ਬਾਰੇ ਇੱਕ ਬਹਿਸ ਕਦੇ ਮੱਧਮ ਨਹੀਂ ਪਈ ਸੋਸ਼ਲ ਮੀਡੀਆ ਉੱਪਰ ਇਹ ਕਾਰਵਾਈ ਨਿਰੰਤਰ ਜਾਰੀ ਰਹਿੰਦੀ ਹੈ ਪਰ 23 ਮਾਰਚ ਦੇ ਆਸ-ਪਾਸ ਹੋਰ ਜ਼ੋਰ ਨਾਲ ਪਾਸ਼ ਦੇ ਪੁਨਰ-ਕਤਲ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈਸਵਾਲ ਬੜਾ ਜਾਇਜ਼ ਹੈ ਕਿ ਕਿਸੇ ਨੂੰ ਸਰੀਰਕ ਕਤਲ ਤੋਂ ਬਾਅਦ ਉਸਦੇ ਵਿਚਾਰਾਂ ਜਾਂ ਬਿੰਬ ਨੂੰ ਵਾਰ-ਵਾਰ ਕਿਉਂ ਮਾਰਨਾ ਪੈਂਦਾ ਹੈ?? ਇਹ ਸਵਾਲ ਸਾਡੇ ਯੁਗ ਦੇ ਸੁਲਗਦੇ ਵਿਚਾਰਾਂ ਦੇ ਇਰਦ-ਗਿਰਦ ਫੈਲੀ ਧੁੰਦ ਨਹੀਂ ਸਗੋਂ ਕਿਸੇ ਇਤਿਹਾਸਕ ਹਸਤੀ ਨੂੰ ਜਾਨਣ ਦੇ ਦ੍ਰਿਸ਼ਟੀ-ਬਿੰਦੂ ਵੀ ਹਨ

ਇਹ ਨਹੀਂ ਕਿ ਪਾਸ਼ ਬਾਰੇ ਇਹ ਕਾਰਵਾਈ ਇਕਤਰਫਾ ਹੀ ਹੋਵੇਉਸਦੇ ਹੱਕ ਜਾਂ ਸਾਰਥਕਤਾ ਦੀ ਤਲਾਸ਼ ਦੇ ਯਤਨ ਵੀ ਹੁੰਦੇ ਰਹੇ ਹਨਨਾਇਕ ਵਿਹੂਣੇ ਸਮਿਆਂ ਵਿੱਚ ਪਾਸ਼ ਨੂੰ ਇਨਕਲਾਬ ਅਤੇ ਸੰਘਰਸ਼ ਦੇ ਨਾਇਕ ਵਜੋਂ ਸਥਾਪਿਤ ਕਰਨ ਦੇ ਯਤਨ ਵੀ ਹੋਏਉਸਦੀ ਯਾਦ ਵਿੱਚ ਬਣਿਆ ਟਰਸਟ ਹਰ ਵਰ੍ਹੇ ਜਨਮ ਦਿਨ ਮੌਕੇ ਸਮਾਗਮ ਵੀ ਕਰਾਉਂਦਾ ਹੈਉਸਦੇ ਨਾਂ ਵਾਲੀਆਂ ਟੀ ਸ਼ਰਟਾਂ ਇਨਕਲਾਬੀ ਸੋਚ ਵਾਲੇ ਨੌਜਵਾਨ ਪਹਿਨਦੇ ਹਨਕਵਿਤਾ ਦੀਆਂ ਟੂਕਾਂ ਦਾ ਚਲਨ ਵਧੀਆ ਹੈਸੰਪੂਰਨ ਪਾਸ਼ ਕਾਵਿ ਪੜ੍ਹਿਆ ਜਾ ਰਿਹਾ ਹੈ ਤੇ ਪਾਸ਼ ਦੀ ਵਾਰਤਕ ਅਤੇ ਚਿੱਠੀਆਂ ਵੀ ਛਪੀਆਂ ਤੇ ਪੜ੍ਹੀਆਂ ਗਈਆਂ ਹਨਵਿਦਵਾਨਾਂ ਨੇ ਲਗਾਤਾਰ ਉਸਦੇ ਬਾਰੇ ਖੋਜ ਪੱਤਰ ਲਿਖੇ ਤੇ ਪਾਸ਼ ਦਾ ਵਿਸ਼ਲੇਸ਼ਣ ਕੀਤਾ ਹੈਪਾਸ਼ ਦੇ ਸਾਥੀ ਤੇ ਦੋਸਤਾਂ ਦੇ ਇੰਟਰਵਿਊ ਲਏ ਗਏਜਾਨਣ ਦੀ ਕੋਸ਼ਿਸ਼ ਕੀਤੀ ਗਈ ਕਿ ਪਾਸ਼ ਕਿਵੇਂ ਬੋਲਦਾ-ਚਾਲਦਾ ਸੀ, ਕਿਵੇਂ ਉੱਠਦਾ-ਬੈਠਦਾ ਸੀ, ਕਿਵੇਂ ਲਿਖਦਾ ਸੀਪਾਸ਼ ਬਾਰੇ ਜਾਨਣ ਦਾ ਇੱਕ ਮਾਹੌਲ ਜੋ ਹੁਣ ਹੈ, ਉਹ ਸ਼ਾਇਦ ਉਸਦੇ ਜਿਉਂਦੇ ਜੀ ਵੀ ਨਹੀਂ ਸੀਪਰ ਇਸ ਸਾਰੇ ਮਾਹੌਲ ਵਿੱਚ ਕੁਝ ਵੀ ‘ਪਾਸ਼-ਨੁਮਾ’ ਨਹੀਂ ਹੈਸਾਰਾ ਕੁਝ ਪਾਸ਼ ਦੀ ਬੁੱਤ-ਸਾਜ਼ੀ ਜਾਂ ਬੁੱਤ-ਸ਼ਿਕਨੀ ਦਾ ਅਮਲ ਜਾਪਦਾ ਹੈਅੱਜ ਵੀ ਪਾਸ਼ ਬਾਰੇ ਕਿਸੇ ਬੱਝਵੀਂ ਵਿਚਾਰਧਾਰਕ ਸਮਝ ਦੀ ਥਾਂ ਅਕਾਦਮਿਕ ਧਾਰਨਾਵਾਂ ਨਾਲ ਬੁੱਤਾ ਸਾਰਨ ਦੀ ਰੁਚੀ ਹਾਵੀ ਹੈਪਾਸ਼ ਦੀ ਸਾਹਿਤਕ ਹਸਤੀ ਨੂੰ ਜਾਨਣ ਲਈ ਉਸਦੀ ਕਵਿਤਾ, ਵਾਰਤਕ, ਡਾਇਰੀ, ਚਿੱਠੀਆਂ ਆਦਿ ਇੱਕ ਸਮੁੱਚਾ ਪਰਿਪੇਖ ਬਣਾਉਂਦੇ ਹਨਇਨ੍ਹਾਂ ਵਿੱਚੋਂ ਕਿਸੇ ਇੱਕ ਦੀ ਗ਼ੈਰਹਾਜ਼ਰੀ ਉਸ ਬਾਰੇ ਅਧੂਪਨ ਦਾ ਅਹਿਸਾਸ ਕਰਾਉਣ ਲਗਦੀ ਹੈਉਸਦੀ ਹਸਤੀ ਨੂੰ ਖੱਬੀਆਂ ਧਿਰਾਂ ਨਾਲ ਸੰਬੰਧਿਤ ਕਰਕੇ ਦੇਖਣ ਵਾਲਿਆਂ ਨੇ ਚੈਨ ਸਿੰਘ ਚੈਨ ਨੂੰ ਪਾਸ਼ ਵਲੋਂ ਲਿਖੇ ਖ਼ਤ ਦੀ ਇਬਾਰਤ ਨਹੀਂ ਪੜ੍ਹੀ ਜਿਸ ਵਿੱਚ ਉਹ ਖੱਬੀਆਂ ਪਾਰਟੀਆਂ ਨੂੰ ‘ਬੋਸੀਦਾ ਸੰਸਥਾਵਾਂ ‘ਕਹਿੰਦਾ ਹੈਪਾਸ਼ ਦੇ ਕਾਵਿਕ ਲਹਿਜ਼ੇ ਨੂੰ ਅਪਣਾ ਕੇ ਆਪਣੇ ਸਮਕਾਲ ਬਾਰੇ ਉੱਚੀ ਸੁਰ ਵਿੱਚ ਕਵਿਤਾ ਵਰਗੀਆਂ ਸਤਰਾਂ ਜੋੜਨ ਵਾਲਿਆਂ ਨੂੰ ਉਸਦੇ ਕਵਿਤਾ ਤੇ ਸੰਘਰਸ਼ ਬਾਰੇ ਵਿਚਾਰਾਂ ਤੋਂ ਵਾਕਿਫ ਹੋਣ ਦੀ ਲੋੜ ਹੈਪੰਜਾਬੀ ਸਭਿਆਚਾਰਕ ਤੋਰ ਨੂੰ ਰੱਦ ਕਰਨ ਵਾਲੇ ਮਿੱਤਰਾਂ ਨੇ ਪਾਸ਼ ਦੇ ਪੰਜਾਬੀਅਤ ਬਾਰੇ ਵਿਚਾਰ ਨਹੀਂ ਪੜ੍ਹੇ ਲਗਦੇਉਸਦੀਆਂ ਪਰਤਾਂ ਅਸੰਖ ਹਨ ਤੇ ਇਨ੍ਹਾਂ ਪਰਤਾਂ ਨੂੰ ਜ਼ਿੰਦਗੀ ਤੋਂ ਕੋਰੀ ਮਕਾਨਕੀਅਤਾ ਨਾਲ ਸਮਝਿਆ ਹੀ ਨਹੀਂ ਜਾ ਸਕਦਾਪਾਸ਼ ਨੂੰ ਸਮਝਣ ਲਈ ਪਾਸ਼ ਦੇ ਰਾਹ ਦਾ ਪਾਂਧੀ ਹੋਣਾ ਪੈਂਦਾ ਹੈਇਹ ਰਾਹ ਹਰ ਸਥਾਪਤੀ ਦੇ ਉਲਟ ਖੜ੍ਹੇ ਹੋ ਕੇ ਮਨੁੱਖੀ ਸਮਰਥਾ ਵਿੱਚ ਯਕੀਨ ਦਾ ਹੈਕਿਸੇ ਕਿਸਮ ਦੀ ਸ਼ਰਧਾ ਜਾਂ ਸਮਰਪਣ ਲਈ ਇਸ ਰਾਹ ਵਿੱਚ ਕੋਈ ਗੁੰਜਾਇਸ਼ ਹੀ ਨਹੀਂ ਹੈ

ਪਾਸ਼ ਬਾਰੇ ਚਲਦੇ ਮੁਬਾਹਿਸਿਆਂ ਵਿੱਚ ਤੁਲਨਾ ਦਾ ਇੱਕ ਦੌਰ ਹਾਵੀ ਰਹਿੰਦਾ ਹੈ90 ਵਿਆਂ ਦੇ ਆਰੰਭ ਵਿੱਚ ਚੱਲੀ ਦਲਿਤ ਸਾਹਿਤ ਦੀ ਲਹਿਰ ਨਾਲ ਉਪਜੀ ਊਰਜਾ ਦੇ ਚਾਨਣ ਵਿੱਚ ਕੁਝ ਲੇਖਕ ਪਾਸ਼ ਅਤੇ ਲਾਲ ਸਿੰਘ ਦਿਲ ਨੂੰ ਪਾਸ਼ ਬਨਾਮ ਲਾਲ ਸਿੰਘ ਦਿਲ ਤਕ ਲੈ ਆਏਇਸ ਵਿਚਾਰ ਦੇ ਹੱਕ ਵਿੱਚ ਦਲਿਤ ਸੰਵੇਦਨਾ ਦੇ ਵਰਗ ਵਿੱਚ ਲਿਖਣ ਵਾਲੇ ਲੋਕ ਤਾਂ ਸਨ ਹੀ, ਉਨ੍ਹਾਂ ਦੇ ਨਾਲ ਹਥਿਆਰਬੰਦ ਖੱਬੇਪੱਖੀ ਸੰਘਰਸ਼ ਦੇ ਵਿਰੋਧੀ ਸਮੀਖਿਅਕ ਵੀ ਸਨਉਨ੍ਹਾਂ ਸਮੀਖਿਅਕਾਂ ਦਾ ਕਰੂਰਾ ਖੱਬੀਆਂ ਪਾਰਟੀਆਂ ਨਾਲ ਮਿਲਦਾ ਸੀਲੋਕਤੰਤਰੀ ਕੀਮਤਾਂ ਪ੍ਰਤੀ ਅਕੀਦਾ ਖੱਬੇ ਪੱਖੀ ਅਭਿਆਸ ਨੇ ਕੁੱਟ ਕੁੱਟ ਕੇ ਉਨ੍ਹਾਂ ਦੇ ਵਿਚਾਰਾਂ ਵਿੱਚ ਭਰਿਆ ਹੋਇਆ ਸੀਇਸ ਵਿਚਾਰ ਨੇ ਲਾਲ ਸਿੰਘ ਦਿਲ ਤੇ ਪਾਸ਼ ਨੂੰ ਉਨ੍ਹਾਂ ਦੇ ਵਿਸ਼ੇਸ਼ ਪ੍ਰਸੰਗਾਂ ਵਿੱਚ ਸਮਝਣ ਦੀ ਥਾਂ ਉਨ੍ਹਾਂ ਨੂੰ ਖਿੱਚ ਕੇ ਆਪਣੇ ਬੌਣੇਪਨ ਦੇ ਹਾਣੀ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀਲਾਲ ਸਿੰਘ ਦਿਲ ਕੋਲ ਦਲਿਤ ਸਮਾਜ ਦਾ ਨੇੜਲਾ ਅਨੁਭਵ ਸੀ ਤੇ ਪਾਸ਼ ਕੋਲ ਕਿਸਾਨੀ ਸਮਾਜ ਦਾਦੋਵਾਂ ਦੀ ਸਾਂਝ ਇਨ੍ਹਾਂ ਦੀ ਮੁਕਤੀ ਦੇ ਸੰਘਰਸ਼ ਲਈ ਕੀਤੇ ਸੰਘਰਸ਼ ਵਿੱਚ ਪਈ ਸੀਦੋਵਾਂ ਦਾ ਮਾਧਿਅਮ ਕਵਿਤਾ ਸੀਪਾਸ਼ ਕੋਲ ਵਿਚਾਰਾਂ ਦੀ ਪ੍ਰਚੰਡਤਾ ਉਗਰ ਕਿਸਾਨੀ ਅਨੁਭਵਾਂ ਦੀ ਪ੍ਰਤੀਨਿਧਤਾ ਵਜੋਂ ਸੀ ਤਾਂ ਲਾਲ ਸਿੰਘ ਦਿਲ ਕੋਲ ਦਲਿਤ ਸਮਾਜ ਦੀ ਸੰਵੇਦਨਾ ਦੀ ਪੇਸ਼ਕਾਰੀ ਲਈ ਸੁਹਜ ਤੇ ਸ਼ਿਲਪ ਦੀ ਤੀਬਰਤਾ ਸੀਪਾਸ਼ ਕੋਲ ਆਪਣੇ ਸਮਕਾਲ ਨੂੰ ਸਮਝਣ ਲਈ ਸਥਾਨਕ ਵਰਤਾਰਿਆਂ ਦੇ ਨਾਲ-ਨਾਲ ਵਿਸ਼ਵ ਦੀਆਂ ਸਮਾਜ-ਆਰਥਿਕ ਧਾਰਨਾਵਾਂ ਦੀ ਸਮਝ ਸੀ ਜਦਕਿ ਦਿਲ ਨੇ ਸਮਕਾਲੀ ਪੂੰਜੀਵਾਦੀ ਜ਼ੁਲਮਤ ਬਾਰੇ ਸਮਝਦਿਆਂ ਸਥਾਨਕ ਇਤਿਹਾਸ, ਇਨਕਲਾਬੀ ਇਤਿਹਾਸ ਅਤੇ ਇਸਲਾਮ ਦੇ ਮਨੁੱਖਵਾਦੀ ਵਿਚਾਰਾਂ ਦਾ ਸਮਾਵੇਸ਼ ਕੀਤਾਦੋਵਾਂ ਨੂੰ ਸਾਂਝੇ ਪ੍ਰਸੰਗ ਵਿੱਚ ਸਮਝਿਆਂ ਉਸ ਦੌਰ ਦੇ ਸਮਾਜ ਦੇ ਵਿਭਿੰਨ ਸਰੋਕਾਰਾਂ ਦੀ ਥਾਹ ਪਾਈ ਜਾ ਸਕਦੀ ਹੈਪਰ ਇਹ ਸਾਂਝ ਸਾਡੇ ਦੌਰ ਦੀਆਂ ਪਛਾਣਾਂ ਨੂੰ ਰਾਸ ਆਉਣ ਵਾਲੀ ਨਹੀਂਇਸਦੇ ਨਾਲ ਹੀ ਸੰਤ ਰਾਮ ਉਦਾਸੀ ਨੂੰ ਵੀ ਇਸ ਵਿਰੋਧ ਦਾ ਇੱਕ ਸਿਰਾ ਬਣਾਉਣ ਦੀ ਕੋਸ਼ਿਸ਼ ਦੇਖੀ ਜਾ ਸਕਦੀ ਹੈ

ਪਾਸ਼ ਬਾਰੇ ਸਮਝਕਾਰੀ ਦਾ ਇੱਕ ਹੋਰ ਅਧਿਆਇ ਪੰਜਾਬ ਦੇ ਇਤਿਹਾਸ ਦੀ ਇਕਵਾਗੀ ਸਿੱਖ ਪਛਾਣ ਪੱਖੋਂ ਵਿਆਖਿਆ ਕਰਨ ਵਾਲਿਆਂ ਵੱਲੋਂ ਪੇਸ਼ ਕੀਤਾ ਗਿਆ ਇੱਕ ਕਿਤਾਬ ਪਾਸ਼ ਬਾਰੇ ਸਾਮ੍ਹਣੇ ਆਈ ਜਿਸ ਵਿੱਚ ਪਾਸ਼ ਦੇ ਪਿੰਡ, ਘਰ, ਖੂਹ, ਆਲੇ-ਦੁਆਲੇ, ਦੋਸਤ, ਚਿੱਠੀਆਂ, ਉਸ ਬਾਰੇ ਪ੍ਰਚਲਿਤ ਮਿੱਥਾਂ (ਜਿਹੜੀਆਂ ਉਸ ਨੂੰ ਖਰੂਦੀ ਸਾਬਿਤ ਕਰਦੀਆਂ ਸਨ) ਦਾ ਹਵਾਲਾ ਦੇ ਕੇ ਉਸਦੀ ਤੁਲਨਾ ਇੱਕ ਹੋਰ ਕਿਰਦਾਰ ਨਾਲ ਕੀਤੀ ਗਈ ਜੋ ਵਾਸਤਵਿਕ ਹੁੰਦਾ ਹੋਇਆ ਵੀ ਗਾਲਪਨਿਕ ਹੈਉਹ ਕਿਰਦਾਰ ਵੱਡੇ ਸ਼ਹਿਰ ਵਿੱਚ ਸਲੀਕੇ ਨਾਲ ਰਹਿੰਦਾ ਹੈ, ਪੰਜਾਬ ਦੀ ਉਸਾਰੀ ਦਾ ਵਿਗਿਆਨਕ ਮਾਡਲ ਉਸ ਕੋਲ ਹੈ ਤੇ ਉਹ ਸਿੱਖਵਾਦੀ ਸੰਘਰਸ਼ ਦਾ ਹਮਾਇਤੀ ਵੀ ਹੈਇਹ ਸਭ ਉਸ ਏਜੰਡੇ ਦਾ ਹਿੱਸਾ ਸੀ ਜਿਸਨੇ ਸਾਬਿਤ ਕਰਨਾ ਸੀ ਕਿ ਨਕਸਲੀ ਸੰਘਰਸ਼ ਤੇ ਕਵਿਤਾ ਕੁਝ ਉਪੱਦਰੀ ਕਿਸਮ ਦੇ ਨੌਜਵਾਨਾਂ ਦੇ ਆਵੇਸ਼ ਦਾ ਸਿੱਟਾ ਸੀਇਨ੍ਹਾਂ ਦੀ ਪ੍ਰਤੀਨਿਧਤਾ ਲਈ ਜਸਵੰਤ ਖਟਕੜ ਨੂੰ ਪੇਸ਼ ਕੀਤਾ ਗਿਆ (ਦਰਸ਼ਨ ਖਟਕੜ ਨੂੰ ਨਹੀਂ)ਦੂਜੇ ਪਾਸੇ ਵਿਚਾਰਾਂ ਦਾ ਬੱਝਵਾਂ ਰੂਪ ਉਸ ਗਾਲਪਨਿਕ ਕਿਰਦਾਰ ਦੇ ਖਾਤੇ ਪਾ ਦਿੱਤਾ ਗਿਆਖਾਸ ਗੱਲ ਇਹ ਕਿ ਖੱਬੇ ਪੱਖ ਦੇ ਅਕਾਦਮਿਕ ਵਿਦਵਾਨਾਂ ਨੇ ਇਸ ਕਿਤਾਬ ਦੀ ਰਾਜਨੀਤੀ ਸਮਝੇ ਬਿਨਾਂ ਸਿਫ਼ਤੀ ਟਿੱਪਣੀਆਂ ਕੀਤੀਆਂਇਸ ਲਿਖਤ ਦੀ ਰੌਚਿਕਤਾ ਨੂੰ ਸਭ ਤੋਂ ਮੀਰੀ ਗੁਣ ਦੱਸਿਆਇਸ ਨਾਲ ਪਾਸ਼ ਬਾਰੇ ਬਹਿਸ ਫਿਰ ਤੋਂ ਸਰਗਰਮ ਹੋਈਉਸਦੇ ਦੋਸਤਾਂ ਤੇ ਹੋਰ ਚਿੰਤਕਾਂ ਨੇ ਕਈ ਕਿਤਾਬਾਂ ਸਾਹਮਣੇ ਲਿਆਂਦੀਆਂਇਹ ਪਾਸ਼ ਨੂੰ ਡਿਫੈਂਡ ਕਰਨ ਦੀ ਕਵਾਇਦ ਦਾ ਹਿੱਸਾ ਸੀਪਰ ਇਸ ਸਭ ਵਿੱਚੋਂ ਪਾਸ਼ ਦੇ ਅਸਲ ਪ੍ਰਸੰਗ ਨਦਾਰਦ ਸਨਪਾਸ਼ ਨਾਲ ਜੁੜੀਆਂ ਮਿੱਥਾਂ ਤੇ ਲਿਖਣ ਵਾਲੇ ਨਾਲ ਜੁੜੇ ਅਨੁਭਵਾਂ ਦੇ ਆਧਾਰ ’ਤੇ ਉਸ ਨੂੰ ਮਹਾਨ ਸਿੱਧ ਕਰਨ ਦੀਆਂ ਇਹ ਪੇਤਲੀਆਂ ਕੋਸ਼ਿਸ਼ਾਂ ਅਸਲ ਵਿੱਚ ਉਸਦੇ ਵਿਰੋਧ ਵਿੱਚ ਭੁਗਤ ਰਹੀਆਂ ਸਨਇਸ ਨਾਲ ਪਾਸ਼ ਦਾ ਅਕਸ ਐਸੇ ਬੰਦੇ ਦਾ ਬਣ ਰਿਹਾ ਸੀ ਜੋ ਨਾ ਸਿਰਫ ਗ਼ੈਰ-ਸੰਜੀਦਾ ਸੀ ਬਲਕਿ ਉਸ ਕੋਲ ਕਿਸੇ ਬੱਝਵੀਂ ਦ੍ਰਿਸ਼ਟੀ ਦੀ ਅਣਹੋਂਦ ਸੀ ਤੇ ਉਹ ਅਨਾਰਕੀ ਵਿਚਾਰਾਂ ਦਾ ਗਠਜੋੜ ਮਾਤਰ ਸੀਕਿਸੇ ਇਨਕਲਾਬੀ ਵਿਚਾਰ ਦਾ ਵਾਹਨ ਕਵਿਤਾ ਦੇ ਹਵਾਲੇ ਨਾਲ ਕੋਈ ਮਨੁੱਖ ਜਿਵੇਂ ਬਣ ਸਕਦਾ ਹੈ, ਉਹ ਸੰਕਲਪ ਪਾਸ਼ ਦੇ ਹੱਕ ਵਿੱਚ ਪੇਸ਼ ਤਰਕਾਂ ਵਿੱਚੋਂ ਨਹੀਂ ਝਲਕਦੇ ਸਨ

ਪਾਸ਼ ਦੇ ਵਿਚਾਰਾਂ ਦੀ ਸੰਰਚਨਾ ਵਿੱਚ ਉਸਦੇ ਯੁਗ ਦੇ ਗਿਆਨਕਰਨ ਦੇ ਪ੍ਰਭਾਵਾਂ ਅਤੇ ਸੱਤਾ ਦੇ ਦਬਾਵਾਂ ਵਿਚਕਾਰ ਕਸ਼ਮਕਸ਼ ਦਿਖਾਈ ਦਿੰਦੀ ਹੈਉਸ ਦੌਰ ਦੀਆਂ ਅੰਤਰਰਾਸ਼ਟਰੀ ਘਟਨਾਵਾਂ ਨੇ ਜੁਝਾਰ ਵਿਦਰੋਹੀ ਲਹਿਰ ਦੇ ਪੈਦਾ ਹੋਣ ਵਿੱਚ ਅਹਿਮ ਹਿੱਸਾ ਪਾਇਆ ਸੀ1960 ਵਿਆਂ ਦੇ ਅੰਤ ਤਕ ਰੂਸੀ ਪ੍ਰਧਾਨ ਬਰੇਜ਼ਨੇਵ ਵਲੋਂ ਪੂੰਜੀਵਾਦ ਅਤੇ ਨਿੱਜ ਆਧਾਰਿਤ ਵਿੱਤੀ ਪ੍ਰਬੰਧ ਲਈ ਰਾਹ ਖੋਲ੍ਹਣ ਕਾਰਨ ਪੂਰੇ ਯੂਰਪ ਦੀ ਇਨਕਲਾਬੀ ਲਹਿਰ ਦੀਆਂ ਰੂਸ ਤੋਂ ਉਮੀਦਾਂ ਸਮਾਪਤ ਹੋ ਗਈਆਂਫਰਾਂਸ ਦੀ ਵਿਦਿਆਰਥੀ ਲਹਿਰ ਅਤੇ ਵੀਅਤਨਾਮੀ ਜੰਗ ਵਿਰੁੱਧ ਨੌਜਵਾਨਾਂ ਦੇ ਪ੍ਰਦਰਸ਼ਨ ਰੂਸੀ ਸਮਾਜਵਾਦੀ ਰਾਜ ਦੇ ਸਿਖਾਏ ਜਮਾਤੀ ਸੰਘਰਸ਼ ਤੋਂ ਵੱਖਰੀ ਦਿਸ਼ਾ ਤਲਾਸ਼ ਰਹੇ ਸਨਕਿਊਬਾ ਦਾ ਉਭਾਰ ਦੱਖਣੀ ਅਮਰੀਕੀ ਮੰਚ ਉੱਪਰ ਚੀ ਗੁਵੇਰਾ ਤੇ ਕਾਸਤਰੋ ਦੇ ਸੱਤਾ-ਬਦਲਾਅ ਮਾਡਲ ਦਾ ਅਨੁਸਾਰੀ ਬਣ ਰਿਹਾ ਸੀਭਾਰਤ ਦੀ ਸੱਤਾ ਵਿੱਚ ਜਮਾਤ ਨਹਿਰੂ ਤੋਂ ਬਾਅਦ ਅਮਰੀਕਾ ਪੱਖੀ ਝੁਕਾਅ ਇੱਥੋਂ ਦੀ ਵਿਦਿਆਰਥੀ ਜਮਾਤ ਨੂੰ ਚੁੱਭਦਾ ਸੀਨਕਸਲਵਾੜੀ ਅੰਦੋਲਨ ਨੇ ਇਸ ਸਾਰੇ ਅਸੰਤੋਖ ਨੂੰ ਇੱਕ ਬਾਹਰਮੁਖੀ ਪ੍ਰਗਟਾਵਾ ਦਿੱਤਾਇਸ ਲਹਿਰ ਨੇ ਪੂਰਬਲੇ ਸਾਹਿਤਕ ਅਤੇ ਸੁਹਜਾਤਮਕ ਮਿਆਰਾਂ ਉੱਪਰ ਵੀ ਸੱਟ ਮਾਰੀਵਿਸ਼ੇਸ਼ ਕਰਕੇ ਪ੍ਰਗਤੀਸ਼ੀਲ ਅੰਦੋਲਨ ਦੇ ਜਮਾਤੀ ਸੰਘਰਸ਼ ਦੇ ਸਾਹਿਤਕ ਪ੍ਰਗਟਾਅ ਦੀ ਵਿਧੀ ਇਸ ਲਹਿਰ ਦੇ ਲੇਖਕਾਂ ਦੇ ਕਾਟਵੇਂ ਅੰਦਾਜ਼ ਦੇ ਨਿਸ਼ਾਨੇ ਹੇਠ ਰਹੀਆਂਧਰਾ ਪ੍ਰਦੇਸ਼, ਬੰਗਾਲ, ਕੇਰਲਾ ਵਿੱਚ ਇਨਕਲਾਬੀ ਮੁਹਾਵਰੇ ਵਾਲਾ ਸਾਹਿਤ ਲਿਖਿਆ ਗਿਆ ਜੋ ਲੋਕ-ਸਾਹਿਤ ਦੇ ਤਰਜ਼-ਅੰਦਾਜ਼ ਵਾਲਾ ਸੀਤੇਲਗੂ ਕਵੀ ਗਦਰ ਦੀ ਕਵਿਤਾ ਨੂੰ ਉਸ ਦੌਰ ਦੀਆਂ ਭਾਰਤੀ ਭਾਸ਼ਾਵਾਂ ਵਿੱਚ ਤੇਜ਼ੀ ਨਾਲ ਅਨੁਵਾਦ ਕਰਵਾ ਕੇ ਵੰਡਿਆ ਜਾਣਾ ਇਸੇ ਪ੍ਰਵਾਨਗੀ ਦਾ ਪ੍ਰਮਾਣ ਸੀਸਤਿਆਜੀਤ ਰੇਅ ਨੇ ਇਸ ਮਾਹੌਲ ਬਾਰੇ ਕਈ ਫਿਲਮਾਂ ਬਣਾਈਆਂ ਜਿਨ੍ਹਾਂ ਵਿੱਚੋਂ ‘ਸੀਮਾਬੱਧ’ ਵਿਸ਼ੇਸ਼ ਕਲਾਤਮਕ ਨੁਹਾਰ ਵਾਲੀ ਸੀਹਿੰਦੀ ਕਵੀ ਸੁਦਾਮਾ ਪਾਂਡੇ ‘ਧੁਮਿਲ’ ਦੀਆਂ ਉਸ ਦੌਰ ਵਿੱਚ ਲਿਖੀਆਂ ਕਵਿਤਾਵਾਂ ਨੂੰ ਕੌਣ ਭੁੱਲ ਸਕਦਾ ਹੈ ਜਿਨ੍ਹਾਂ ਦੀ ਪਾਸ਼ ਵਲੋਂ ਨਕਲ ਕੀਤੇ ਜਾਣ ਦੀ ਇੱਕ ਧਾਰਨਾ ਵੀ ਕਦੇ-ਕਦਾਈਂ ਸਿਰ ਚੁੱਕਦੀ ਦਿਸਦੀ ਹੈਇਸ ਸਾਰੇ ਆਲਮ ਵਿੱਚ ਪੰਜਾਬੀ ਕਵੀਆਂ ਦਾ ਇੱਕ ਪੂਰ ਸਾਮ੍ਹਣੇ ਆਉਂਦਾ ਹੈਲਾਲ ਸਿੰਘ ਦਿਲ ਤੇ ਪਾਸ਼ ਤੋਂ ਬਿਨਾਂ ਇਸ ਪੂਰ ਵਿੱਚ ਅਮਰਜੀਤ ਚੰਦਨ, ਸੰਤ ਸੰਧੂ, ਦਰਸ਼ਨ ਖਟਕੜ, ਜਗਤਾਰ, ਸੀ ਮਾਰਕੰਡਾ, ਲੋਕ ਨਾਥ, ਫਤਹਿਜੀਤ ਤੇ ਕਈ ਹੋਰ ਨਾਂ ਵੀ ਲਏ ਜਾ ਸਕਦੇ ਹਨਇਹ ਸਾਰੇ ਨਾਂ ਐਸੀ ਕਵਿਤਾ ਲਿਖਦੇ ਹਨ ਜਿਸ ਵਿੱਚ ਅਮੂਰਤ ਨੂੰ ਸੰਬੋਧਨ ਦੀ ਪੁਰਾਣੀ ਪੰਜਾਬੀ ਕਾਵਿ-ਰੁਚੀ ਜਾਂ ਅਮੀਰ/ਪੂੰਜੀਵਾਦੀ ਨੂੰ ਸੰਬੋਧਿਤ ਹੋਣ ਦੀ ਪ੍ਰਗਤੀਵਾਦੀ ਕਾਵਿ ਰੁਚੀ ਦੀ ਜਗ੍ਹਾ ਅਸੀਂ-ਤੁਸੀਂ ਦੇ ਵਿਰੋਧ ਜੁੱਟਾਂ ਵਿੱਚ ਗੱਲ ਕਹੀ ਗਈਬਹੁਤੀ ਕਵਿਤਾ ਕਿਉਂਕਿ ਵੇਗ ਵਿੱਚ ਲਿਖੀ ਗਈ ਸੀ, ਉਸ ਵਿੱਚ ਵਰਤਾਰੇ ਦੀ ਜਗ੍ਹਾ ਘਟਨਾਵਾਂ ਨੂੰ ਮੁਖਾਤਿਬ ਹੋਣ ਦੀ ਰੁਚੀ ਸੀ ਇਸ ਲਈ ਉਹ ਕਵਿਤਾ ਵਕਤ ਦੀ ਗਰਦ ਵਿੱਚ ਗੁੰਮ-ਗਵਾਚ ਗਈ ਹੈਇਸ ਤੋਂ ਇਲਾਵਾ ਜੁਝਾਰੂ ਕਵੀਆਂ ਨੇ ਪੰਜਾਬੀ ਬੰਦੇ ਤਕ ਗੱਲ ਸੌਖੀ ਤਰ੍ਹਾਂ ਸੰਚਾਰਨ ਲਈ ਇਤਿਹਾਸ ਦੇ ਮਿਥੀਕਰਨ ਦੀ ਰੁਚੀ ਦੀ ਪੈਰਵੀ ਨੂੰ ਇੱਕ ਵਿਧੀ ਵਾਂਗ ਵਰਤਿਆਗੁਰੂ ਗੋਬਿੰਦ ਸਿੰਘ, ਬਾਬਾ ਦੀਪ ਸਿੰਘ, ਬੰਦਾ ਬਹਾਦਰ ਤੇ ਹੋਰ ਵੇਰਵਿਆਂ ਨੂੰ ਮੁੱਖ ਕਾਵਿ ਵਿਧੀ ਬਣਾਇਆਇਹ ਇਸ ਲਹਿਰ ਦੇ ਵਿਚਾਰਾਂ ਦਾ ਮਕਬੂਲ ਇਤਿਹਾਸਕਾਰੀ ਤੋਂ ਪ੍ਰਭਾਵਿਤ ਹੋਣ ਦਾ ਸਬੂਤ ਹੈ

ਪਾਸ਼ ਇਸ ਸਭ ਦੇ ਸਮਾਂਤਰ ਕ੍ਰਾਂਤੀ, ਸਥਾਨਕਤਾ, ਵਿਦਰੋਹ, ਸੁਚੇਤਨਾ ਅਤੇ ਕਵਿਤਾ ਦੀ ਆਰਗੈਨਿਕ ਸਮੁੱਚਤਾ ਦਾ ਪ੍ਰਤੀਕ ਬਣਦਾ ਹੈਉਸਦੀ ਸਮੁੱਚੀ ਰਚਨਾਕਾਰੀ ਆਪਣੇ ਯੁਗ ਵਿਸ਼ੇਸ਼ ਵਿੱਚ ਮਨੁੱਖ ਦੀ ਪੇਸ਼ਕਾਰੀ ਇੱਕ ਸਮੁੱਚ ਵਿੱਚ ਕਰਦੀ ਹੈ ਤੇ ਉਸਦੇ ਵਿਚਾਰ ਤੇ ਵਿਹਾਰ ਵੀ ਪੇਸ਼ ਸਥਾਪਤੀ ਅਤੇ ਵਿਰੋਧ ਦੇ ਢਾਂਚੇ ਨੂੰ ਅਸਵੀਕਾਰ ਕਰਦੇ ਹਨਲੋਹ ਕਥਾ ਤੋਂ ਉੱਡਦੇ ਬਾਜ਼ਾਂ ਮਗਰ ਰਾਹੀਂ ਸਾਡੇ ਸਮਿਆਂ ਵਿੱਚ ਤੇ ਅਣਛਪੀਆਂ ਕਵਿਤਾਵਾਂ ਅਤੇ ਵਾਰਤਕ ਵਿੱਚ ਪਾਸ਼ ਦਾ ਲਗਾਤਾਰ ਵਿਕਾਸ ਉਜਾਗਰ ਹੋ ਰਿਹਾ ਹੈਪਹਿਲਾਂ ਪਹਿਲ ਦੀਆਂ ਕਵਿਤਾਵਾਂ ਵਿੱਚ ਅਬੋਧ ਮੁੰਡੇ ਦੇ ਜਜ਼ਬੇ ਵਧੇਰੇ ਹਮਲਾਵਰ ਹਨਉਹ ਨੌਉਮਰ ਮੁੰਡਾ ਹਰ ਚੀਜ਼ ਤੋਂ ਖਿਝਿਆ ਹੋਇਆ ਹੈ ਜੋ ਵਰਤਾਰਿਆਂ ਦੀ ਮੁੜ-ਉਸਾਰੀ ਨਾਲੋਂ ਉਨ੍ਹਾਂ ਨੂੰ ਤੋੜਨ ਦੀ ਊਰਜਾ ਨਾਲ ਲੈਸ ਹੈਇਤਿਹਾਸ, ਮਿਥਿਹਾਸ, ਸਮਕਾਲ, ਕਲਾ, ਕਵਿਤਾ ਤੇ ਸੁਹਜ ਸਭ ਕੁਝ ਨੂੰ ਰੱਦਣ ਦਾ ਅਮਲ ਹਾਵੀ ਹੈਇਹ ਪਾਸ਼ ਦਾ ਇਨਕਾਰ ਹੈ ਜੋ ਪ੍ਰਤੀਰੋਧ ਤੇ ਵਿਦਰੋਹ ਦੇ ਬੀਜ-ਰੂਪ ਵਿੱਚ ਹੈਉਹ ਖੂਬਸੂਰਤ ਪੈਡ ਦੀ ਥਾਂ ਜੇਲ ਦੀਆਂ ਕੰਧਾਂ ਉੱਪਰ ਕਵਿਤਾ ਲਿਖਣ ਦੀ ਇੱਛਾ ਵਿੱਚ ਹਰ ਵਰਤਾਰੇ ਦੇ ਗ਼ੁਬਾਰੇ ਵਿੱਚ ਪਿੰਨ ਮਾਰੀ ਜਾਂਦਾ ਹੈ:

ਹੁਣ ਖੂਬਸੂਰਤ ਪੈਡ ਲੂਹ ਦਿੱਤੇ ਹਨ
ਤੇ ਕਲਮ ਨੂੰ ਸੰਗੀਨ ਲਾ ਕੇ
ਜੇਲ ਦੀਆਂ ਕੰਧਾਂ ’ਤੇ ਲਿਖਣਾ ਲੋਚਦਾ ਹਾਂ ...

ਇਸਦੇ ਮੁਕਾਬਲੇ ਸਾਡੇ ਸਮਿਆਂ ਵਿੱਚ ਦਾ ਪਾਸ਼ ਆਪਣੇ ਇਨਕਾਰ ਪ੍ਰਤੀ ਸੰਜੀਦਾ ਹੈਉਸ ਦੌਰ ਵਿੱਚ ਉਸਦੀ ਕਵਿਤਾ ਆਕਾਰ ਪੱਖੋਂ ਲੰਮੇਰੀ ਹੈ ਤੇ ਵਿਚਾਰ ਵਧੇਰੇ ਦਵੰਦਾਤਮਕ ਹਨਉਸਦੀ ਪ੍ਰਤੀਬੱਧਤਾ ਐਵੇਂ ਮੁੱਚੀਂ ਦੇ ‘ਕੁਝ’ ਤੋਂ ਇਨਕਾਰੀ ਹੈਉਹ ਕਾਮਰੇਡ ਨਾਲ ਵਿਸ਼ਲੇਸ਼ਣੀ ਗੱਲਬਾਤ ਕਰਕੇ ਵਿਰੋਧ ਦੀ ਰਾਜਨੀਤੀ ਦੇ ਪਰਖਚੇ ਉਧੇੜ ਸਕਦਾ ਹੈ:

ਕਾਮਰੇਡ ਕੀ ਬਣੇਗਾ ਉਸ ਦਿਨ
ਜੇ ਕਦੀ ਰਾਜ ਸੱਤਾ ਖੋਹਣ ਦੀ ਹਸਰਤ ਨੂੰ
ਇੰਝ ਤੱਕਣਾ ਪਿਆ,
ਜਿਵੇਂ ਕੋਈ ਬਿਰਧ ਜੋੜੀ ਹਾਰੇ ਅੰਗਾਂ ਚੋਂ
ਲੋਚੇ ਚੰਦਰਮਾ ਫੜਨਾ
ਜੋ ਮੁਕਲਾਵੇ ਦੇ ਪਹਿਲੇ ਤੜਕੇ ਅੰਦਰ ਅਸਤ ਹੋਇਆ ਸੀ

ਪਾਸ਼ ਆਪਣੇ ਇਬਕਲਾਬੀ ਇਤਿਹਾਸ ਨਾਲ ਸੰਬੰਧਾਂ ਦੇ ਸਹੀ ਤਵਾਜ਼ਨ ਦੀ ਹਮਾਇਤ ਵਿੱਚ ਖੜ੍ਹਾ ਹੋਇਆ ਇੱਕ ਇੰਟਰਵਿਊ ਵਿੱਚ ਉਸਨੇ ਆਪਣੀ ਕਵਿਤਾ ਨੂੰ ਗਦਰ ਤੇ ਕਿਰਤੀ ਕਾਵਿ ਦੀ ਵਿਰਾਸਤ ਵਜੋਂ ਸਮਝੇ ਜਾਣ ਦੀ ਗੱਲ ਕੀਤੀਉਸਨੇ ਨਾ ਸਿਰਫ ਜ਼ਿੰਦਗੀ ਵਿੱਚ ਐਵੇਂ ਮੁੱਚੀਂ ਦਾ ਸਾਰਾ ਕੁਝ ਰੱਦ ਕੀਤਾ ਸਗੋਂ ਇਸੇ ਵਿਚਾਰਕਤਾ ਦਾ ਪ੍ਰਗਟਾਵਾ ਉਸਦੀ ਕਵਿਤਾ ਵਿੱਚ ਬਹੁਤ ਸੁਚੇਤ ਤਰ੍ਹਾਂ ਹੋਇਆ ਹੈਪ੍ਰਗਤੀਵਾਦੀ ਕਵਿਤਾ ਵਿਅਕਤੀ ਨਹੀਂ ਆਦਰਸ਼ਾਂ ਉੱਪਰ ਖੜ੍ਹ ਕੇ ਉਚਰਿਤ ਹੁੰਦੀ ਸੀਪਾਸ਼ ਨੇ ਆਦਰਸ਼ ਨੂੰ ਦੁਜੈਲੇ ਰੂਪ ਵਿੱਚ ਰੱਖ ਕੇ ਕੇਂਦਰ ਵਿੱਚ ਵਿਅਕਤੀ ਨਾਲ ਜੁੜੀ ਸੰਵੇਦਨਾ ਨੂੰ ਲਿਆਂਦਾਪ੍ਰਗਤੀਸ਼ੀਲ ਕਵਿਤਾ ਦੇ ਕਵੀ ਆਪਣੀ ਸ਼ਹਿਰੀ ਸਮਾਜਕ ਪਿੱਠਭੂਮੀ ਕਾਰਨ ਪਿੰਡ ਦਾ ਆਦਰਸ਼ ਰੂਪ ਪੇਸ਼ ਕਰਦੇ ਸਨਪਿੰਡ ਉਨ੍ਹਾਂ ਲਈ ਕੋਈ ਸਵਰਗ ਸੀ ਜਿਸਦੀ ਖੂਹ ਦੀ ਗਾਂਧੀ ਤੇ ਰੱਬ ਝੂਟੇ ਲੈਂਦਾ ਸੀਖੂਹ ’ਤੇ ਪਾਣੀ ਭਰਦੀ ਜਵਾਨੀ ਆਪਣੇ ਸੁੱਚਮ ਦੇ ਰੂਪ ਵਿੱਚ ਦੂਸ਼ਿਤ ਸਭਿਅਤਾ ਤੋਂ ਦੂਰ ਸੀਪਾਸ਼ ਨੇ ਪਿੰਡ ਦੇ ਸ਼ੋਸ਼ਣੀ ਖ਼ਾਸੇ ਨੂੰ ਵੀ ਪੇਸ਼ ਕੀਤਾ ਤੇ ਉਸਦੇ ਜੁਝਾਰੂ ਰੂਪ ਨੂੰ ਵੀਪਿੰਡ ਜਾਤੀ ਵਿਤਕਰੇ ਦੀ ਟਕਸਾਲ ਅਤੇ ਲੜਾਕੂ ਵਿਚਾਰਾਂ ਦਾ ਸੁਮੇਲ ਉਸਦੀ ਕਵਿਤਾ ਦੇ ਮੰਚ ਉੱਪਰ ਬਣਦਾ ਹੈ

ਨਾਲ ਹੀ ਆਪਣੇ ਯੁਗ ਦੀ ਸੁਹਜ ਚੇਤਨਾ ਸਾਮ੍ਹਣੇ ਸਵਾਲ ਖੜ੍ਹੇ ਕਰਦਿਆਂ ਪਾਸ਼ ਨੇ ਅਕਾਦਮਿਕਤਾ ਵਲੋਂ ਸੁਹਜਾਤਮਕ ਕਵਿਤਾ ਅਤੇ ਪ੍ਰਯੋਗਸ਼ੀਲ ਕਵਿਤਾ ਦੀ ਪਹੁੰਚ ਨੂੰ ਵੀ ਕਾਟੇ ਹੇਠ ਧਰਿਆਪ੍ਰਯੋਗਸ਼ੀਲ ਕਾਵਿ ਵਿੱਚ ਪੇਸ਼ ਵਿਅਕਤੀ ਦੇ ਵਿਕਾਸ ਦੀਆਂ ਸੀਮਤ ਸੰਭਾਵਨਾਵਾਂ ਪਾਸ਼ ਕਾਵਿ ਵਿੱਚ ਨਵੇਂ ਸਰੋਕਾਰਾਂ ਨਾਲ ਬਾਵਸਤਗੀ ਹਾਸਿਲ ਕਰਦੀਆਂ ਹਨਸੁਹਜਵਾਦੀ ਕਵਿਤਾ ਵਿੱਚ ਨਿੱਜ ਦੇ ਸੁਹਜਾਤਮਕ ਰੁਦਨ ਦੀ ਥਾਂ ਲੋਕ-ਰੋਹ ਦਾ ਲੜਨ ਲਈ ਤਿਆਰ ਖਾਸਾ ਪਾਸ਼ ਕਾਵਿ ਦੀ ਉੱਭਰਵੀਂ ਸੁਰ ਹੈਇਸ ਲਈ ਉਸਨੇ ਸਰੋਤੇ ਦੇ ਵਿਚਾਰਾਂ ਨੂੰ ਝੰਜੋੜਨ ਦਾ ਕਾਰਜ ਕੀਤਾ:

ਤੁਸੀਂ ਚਾਹੁੰਦੇ ਹੋ
ਅਸੀਂ ਮਹਿਕਦਾਰ ਸ਼ੈਲੀ ਵਿੱਚ ਲਿਖੀਏ
ਫੁੱਲਾਂ ਦੇ ਗੀਤ,
ਸੁੱਕੇ ਸਲਵਾੜ ਵਿੱਚੋਂ ਲੱਭਦੇ ਹੋ
ਬਹਾਰ ਦੀ ਰੂਹ -
ਕਿੰਨੀ ਗਲਤ ਥਾਂ ’ਤੇ ਆ ਗਏ ਹੋ ਤੁਸੀਂ

ਪਾਸ਼ ਦੀ ਰਚਨਾਕਾਰੀ ਸਰੋਤੇ ਨੂੰ ਸੱਤਾ ਦੀਆਂ ਸੰਰਚਨਾਵਾਂ ਨਾਲ ਆਪਣੇ ਸੰਬੰਧਾਂ ਬਾਰੇ ਸੋਚਣ ਲਈ ਮਜਬੂਰ ਕਰਦੀ ਹੈਇਹ ਰਚਨਾਕਾਰੀ ਸਮੇਂ ਦੇ ਹਰ ਪੜਾਅ ਉੱਪਰ ਰੜਕਵੀਂ ਹੈ

ਜਿਵੇਂ ਮਾਰਕਸਵਾਦ ਵਿਰੋਧ-ਵਿਕਾਸੀ ਵਿਚਾਰਾਂ ਦੀ ਫਲਸਫ਼ਾਨਾ ਵਿਧੀ ਹੈ ਜੋ ਹਰ ਯੁਗ ਵਿੱਚ ਹਰ ਵਰਤਾਰੇ ਦਾ ਵਿਸ਼ਲੇਸ਼ਣ ਕਰਦਿਆਂ ਇਹ ਧਿਆਨ ਵਿੱਚ ਰੱਖਦੀ ਹੈ ਕਿ ਉਸ ਵਰਤਾਰੇ ਬਾਰੇ ਮਾਰਕਸ ਨੇ ਕਿਵੇਂ ਸੋਚਣਾ ਸੀਇਸੇ ਤਰ੍ਹਾਂ ਪਾਸ਼ ਦੀ ਕਵਿਤਾ ਦੀ ਵਿਰਾਸਤ ਆਪਣੇ ਸਮਕਾਲ ਨਾਲ ਪ੍ਰਤੀਰੋਧੀ ਭਾਂਤ ਦੇ ਕਾਵਿ ਵਿਚਾਰਾਂ ਨੂੰ ਜਾਗ੍ਰਿਤ ਰੱਖਦੀ ਹੈਪਾਸ਼ ਸਮੇਂ ਦੀ ਹਿੱਕ ਵਿੱਚ ਖੁੱਭਿਆ ਵਿਚਾਰ ਹੈ ਜੋ ਵਿਸਥਾਪਤੀ ਤੇ ਅਸਹਿਮਤੀ ਦਾ ਪ੍ਰਵਚਨ ਹੈਇਸੇ ਲਈ ਸਥਾਪਤੀ ਤੇ ਸਹਿਮਤੀ ਦੀ ਰਾਜਨੀਤੀ ਨੂੰ ਪਾਸ਼ ਚੁੱਭਦਾ ਰਿਹਾ ਹੈਇਹ ਚੁਭਨ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖੀ ਹੋਵੇਗੀ, ਇਸਦੀ ਪੂਰਨ ਆਸ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2041)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਜਗਵਿੰਦਰ ਜੋਧਾ

ਜਗਵਿੰਦਰ ਜੋਧਾ

Phone: (91 - 94654 - 64502)
Emai;: (jodha.js@gmail.com)