JaswinderSandhu7ਇਹੋ ਜਿਹੇ ਸੀਰੀਅਲ ਸਾਡੇ ਬੱਚਿਆਂ ਨੂੰ ਸਾਡੇ ਤੋਂ ਦੂਰ ਭੇਜਣ ਲਈ ...
(ਫਰਵਰੀ 24, 2016)

 

ਕਹਿੰਦੇ ਨੇ ਕਿ ਕਹਾਣੀਆਂ, ਡਰਾਮੇ, ਫਿਲਮਾਂ, ਕਵਿਤਾਵਾਂ, ਨਾਵਲ ਜਾਂ ਹੋਰ ਆਰਟ ਸਭ ਆਰਟਿਸਟਾਂ ਦੁਆਰਾ ਤਤਕਾਲੀ ਸਮਾਜਿਕ ਵਰਤਾਰਿਆਂ ਨੂੰ ਦਰਸਾ ਕੇ ਨਵੇਂ ਰਾਹ ਸਿਰਜਣ ਦੇ ਹਾਮੀ ਹੁੰਦੇ ਹਨ। ਮਤਲਬ ਕਿ ਸਾਡੇ ਚਿੰਤਕਾਂ ਦੁਆਰਾ ਕੀਤੇ ਇਹ ਕੰਮ ਸਾਡੇ ਸਮਾਜ ਨੂੰ ਨਵੀਆਂ ਖੁਸ਼ਨੁਮਾ ਤਰੱਕੀ ਦੀਆਂ ਪਗਡੰਡੀਆਂ ਪਰਦਾਨ ਕਰਦੇ ਹਨ। ਪਰ ਜੇ ਅੱਜ-ਕੱਲ੍ਹ ਦੇ ਇਨ੍ਹਾਂ ਚੀਜ਼ਾਂ ਦੇ ਨਮੂਨਿਆਂ ਵੱਲ ਨਜ਼ਰ ਮਾਰੀ ਜਾਵੇ ਤਾਂ ਮੋਟੇ ਤੌਰ ’ਤੇ ਇਹੀ ਨਜ਼ਰ ਆਏਗਾ ਕਿ ਇਹ ਵਿਚਾਰ ਸਿਰਫ਼ ਇੱਕ ਕਿਤਾਬੀ ਵਿਚਾਰ ਬਣ ਕੇ ਰਹਿ ਗਿਆ ਹੈ। ਹਾਂ, ਕਦੇ ਕਦੇ ਕੋਈ ਅਜਿਹਾ ਕੰਮ ਵੀ ਸਾਹਮਣੇ ਆ ਜਾਂਦਾ ਹੈ ਜੋ ਇਹ ਭਰੋਸਾ ਦਿੰਦਾ ਹੈ ਕਿ ਅਜੇ ਕੋਈ ਕੋਈ ਚਿੰਤਕ ਅਜਿਹੀ ਸੋਚ ਦਾ ਮਾਲਕ ਵੀ ਹੈ। ਇਸ ਸਿਲਸਿਲੇ ਦੀ ਇੱਕ ਪਿੱਛੇ ਜਿਹੇ ਰਿਲੀਜ਼ ਹੋਈ ਫਿਲਮ ਹੈ ਪੀ ਕੇ”, ਜੋ ਧਾਰਮਿਕ ਭੰਬਲ਼ਭੂਸਿਆਂ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਪਰ ਉਸ ਫਿਲਮ ਵਿਰੁੱਧ ਭਾਰਤ ਵਿਚ ਇੰਨਾ ਰੌਲ਼ਾ ਪਿਆ ਸੀ, ਲਗਦਾ ਸੀ ਕਿ ਬੀ ਜੇ ਪੀ ਦੀ ਧਾਰਮਿਕ ਅਜੰਡੇ ’ਤੇ ਉੱਭਰੀ ਸਰਕਾਰ ਇਸ ਫਿਲਮ ਨੂੰ ਚਾਰੋ ਖਾਨੇ ਚਿੱਤ ਕਰਨ ਵਾਲ਼ੀ ਕੋਈ ਨਾ ਕੋਈ ਚਾਲ ਜ਼ਰੂਰ ਚੱਲੂਗੀ।

ਖ਼ੈਰ, ਇਸ ਬਾਰੇ ਜੋ ਹੋਊ ਜਾਂ ਹੋਇਆ ਉਹ ਬਾਅਦ ਵਿਚ ਦੇਖਾਂਗੇ, ਹੁਣ ਜੋ ਆਮ ਡਰਾਮਾ ਸੀਰੀਅਲ ਅੱਜ-ਕੱਲ੍ਹ ਟੀਵੀ ’ਤੇ ਦਿਖਾਏ ਜਾ ਰਹੇ ਨੇ ਉਨ੍ਹਾਂ ਤੇ ਜ਼ਰਾ ਝਾਤ ਮਾਰ ਕੇ ਦੇਖੀਏ ਕਿ ਸਾਡੇ ਬੱਚਿਆਂ ਨੂੰ ਇਹ ਲੋਕ ਕਿਹੜੇ ਰਾਹਾਂ ’ਤੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ? ਇਤਿਹਾਸਕ ਬਰੈਂਡ ਦੇ ਸੀਰੀਅਲ ਜਿਵੇਂ ਕਿ ਲਕਸ਼ਮੀ ਬਾਈ, ਮਹਾਰਾਣਾ ਪਰਤਾਪ, ਜੋਧਾ-ਅਕਬਰ ਆਦਿ ਤਾਂ ਪਰਵਾਰਾਂ ਜਾਂ ਰਿਸ਼ਤੇਦਾਰਾਂ ਵੱਲੋਂ ਸਾਜ਼ਿਸ਼ਾਂ ਨਾਲ਼ ਭਰਪੂਰ ਦਿਖਾਏ ਗਏ ਜਾਂ ਦਿਖਾਏ ਜਾ ਰਹੇ ਨੇ। ਸ਼ਾਇਦ ਅਜਿਹਾ ਕੁੱਝ ਇਨ੍ਹਾਂ ਲਾਲਚੀ ਪਰਵਾਰਾਂ ਵਿਚ ਹੁੰਦਾ ਵੀ ਹੋਏਗਾ ਕਿਉਂਕਿ ਇਨ੍ਹਾਂ ਨੇ ਬਣੀ-ਬਣਾਈ ਹਕੂਮਤ ਨੂੰ ਹਥਿਆਉਣਾ ਹੁੰਦਾ ਸੀ। ਪਰ ਜੇ ਬਾਕੀ ਆਮ-ਜ਼ਿੰਦਗੀ ਦੇ ਅਕਸ ਸਮਝੇ ਜਾਣ ਵਾਲ਼ੇ ਸੀਰੀਅਲ ਡਰਾਮਿਆਂ ਤੇ ਨਜ਼ਰ ਮਾਰੀਏ ਤਾਂ ਇਹ ਸ਼ਾਹੀ ਚਾਲ-ਬਾਜ਼ੀਆਂ ਜਾਂ ਕਹਿ ਲਓ ਕਿ ਚਲਾਕੀਆਂ ਹਰ ਇੱਕ ਵਿਚ ਸ਼ਾਮਿਲ ਨੇ। ਡੋਲੀ ਅਰਮਾਨੋਂ ਕੀ, ਇੱਤੀ ਸੀ ਖੁਸ਼ੀ, ਜਮਾਈ-ਰਾਜਾ, ਕੁਮਕੁਮ ਭਾਗਿਆ, ਕਬੂਲ ਹੈ, ਹਮਸਫ਼ਰ, ਇਤਨਾ ਕਰੋ ਨਾ ਮੁਝਸੇ ਪਿਆਰ ਆਦਿ ਸਭ ਵਿਚ ਇੱਕ ਨਾ ਇੱਕ ਅਜਿਹਾ ਕਿਰਦਾਰ ਜ਼ਰੂਰ ਹੈ ਜੋ ਆਮ ਸੋਚ ਵਾਲ਼ੇ ਇਨਸਾਨਾਂ ਲਈ ਚਿੜ੍ਹਾਉਣ ਵਾਲ਼ਾ ਹੁੰਦਾ ਹੈ। ਡਰਾਮਾ ਦੇਖਣ ਵੇਲੇ ਉਸ ਦੇ ਸਕਰੀਨ ’ਤੇ ਆਉਂਦੇ ਸਾਰ ਹੀ ਟੀਵੀ ਬੰਦ ਕਰਨ ਨੂੰ ਜੀ ਕਰਦਾ ਹੈ।

ਗੱਲ ਇਹ ਨਹੀਂ ਹੈ ਕਿ ਅਜਿਹੇ ਕਿਰਦਾਰ ਆਮ ਜ਼ਿੰਦਗੀ ਵਿਚ ਹੁੰਦੇ ਹਨ ਜਾਂ ਨਹੀਂ, ਪਰ ਐਨੀ ਕੁ ਗੱਲ ਜ਼ਰੂਰ ਹੈ ਕਿ ਆਮ ਜ਼ਿੰਦਗੀ ਵਿਚ ਅਜਿਹੇ ਕਿਰਦਾਰ ਇੰਨੀ ਗਿਣਤੀ ਵਿਚ ਨਹੀਂ ਹੁੰਦੇ। ਘੱਟੋ-ਘੱਟ ਜੋ ਅਹਿਸਾਸ ਇਹ ਸੀਰੀਅਲ ਸਾਡੇ ਬੱਚਿਆਂ ਨੂੰ ਦੇ ਰਹੇ ਹਨ ਕਿ ਹਰ ਪਰਵਾਰ ਵਿਚ ਹੀ ਅਜਿਹਾ ਇੱਕ ਨਾ ਅੱਧ ਕਿਰਦਾਰ ਹੁੰਦਾ ਹੈ, ਸਾਡੇ ਪਰਵਿਾਰਾਂ ਨੂੰ ਜੋੜਨ ਨਾਲੋਂ ਤੋੜਨ ਦਾ ਕੰਮ ਕਰਦਾ ਹੈ। ਦੇਸ਼ੋਂ (ਭਾਰਤ ਤੋਂ) ਬਾਹਰ ਰਹਿੰਦੇ ਬੱਚੇ, ਜਿਨ੍ਹਾਂ ਲਈ ਇਹ ਸੀਰੀਅਲ ਖਾਸ ਕਰਕੇ ਭਾਰਤੀ ਸੱਭਿਅਤਾ ਦਾ ਅਕਸ ਬਣਦੇ ਹਨ, ਉਨ੍ਹਾਂ ਦੇ ਆਤਮ-ਵਿਸ਼ਵਾਸ ਲਈ ਇਹ ਬਹੁਤ ਹੀ ਘਾਤਕ ਹਨ। ਉਹ ਸਿਰਫ਼ ਇਨ੍ਹਾਂ ਡਰਾਮਿਆਂ ਨੂੰ ਹੀ ਨਹੀਂ ਦੇਖਦੇ, ਉਹ ਤਾਂ ਇੱਥੋਂ ਦੇ ਮੇਨ-ਸਟਰੀਮ ਵਾਲ਼ੇ ਅੰਗਰੇਜ਼ੀ, ਫਰੈਂਚ ਅਤੇ ਸਪੈਨਿਸ਼ ਸੀਰੀਅਲ ਵੀ ਦੇਖਦੇ ਨੇ। ਜਦੋਂ ਉਹ ਬੱਚੇ ਭਾਰਤੀ ਤੇ ਇੱਥੋਂ ਦੇ ਮੇਨ-ਸਟਰੀਮ ਵਾਲ਼ੇ ਸੀਰੀਅਲਾਂ ਨੂੰ ਸਾਹਮਣੇ ਰੱਖ ਕੇ ਸੋਚਦੇ ਹੋਣਗੇ ਤਾਂ ਸਹਿਜੇ ਹੀ ਉਨ੍ਹਾਂ ਨੂੰ ਆਪਣੇ ਸੱਭਿਆਚਾਰ `ਚ ਖੋਟ ਨਜ਼ਰ ਆਏਗੀ, ਜੋ ਝੂਠ ਤੇ ਮੱਕਾਰੀ ਭਰੇ ਕਿਰਦਾਰਾਂ ਕਾਰਨ ਹੋਏਗੀ। ਉਹ ਆਪਣੇ ਪਰਿਵਾਰਕ ਰਿਸ਼ਤਿਆਂ ’ਤੇ ਵੀ ਅਜਿਹੀ ਨਜ਼ਰ ਹੀ ਰੱਖਣਗੇ। ਉਨ੍ਹਾਂ ਨੂੰ ਸਾਡੇ ਪਿਆਰ ਵਿਚ ਵੀ ਝੂਠ ਦਿਸੇਗਾ। ਪਹਿਲਾਂ ਹੀ ਸਾਡਾ ਬੇਥਾਹਾ ਪਰਿਵਾਰਕ ਪਿਆਰ ਅਤੇ ਫਿਕਰ ਉਨ੍ਹਾਂ ਦੀਆਂ ਆਸਾਂ-ਉਮੀਦਾਂ ਦੇ ਵਿਰੁੱਧ ਰੋਕਾਂ-ਟੋਕਾਂ ਰਾਹੀਂ ਉਨ੍ਹਾਂ ਦੀ ਅਜ਼ਾਦੀ ਦੇ ਰਾਹ ਵਿਚ ਰੋੜਾ ਬਣ ਰਿਹਾ ਹੈ। ਇਹੋ ਜਿਹੇ ਸੀਰੀਅਲ ਸਾਡੇ ਬੱਚਿਆਂ ਨੂੰ ਸਾਡੇ ਤੋਂ ਦੂਰ ਭੇਜਣ ਲਈ ਕਾਫ਼ੀ ਬੁਰੀ ਭੂਮਿਕਾ ਨਿਭਾ ਰਹੇ ਨੇ ਜੋ ਅਦਿੱਖ ਰੂਪ ਵਿਚ ਨਾਲ਼ ਨਾਲ਼ ਚੱਲ ਰਹੀ ਹੈ। ਭਾਵੇਂ ਇਹ ਇੱਕ ਵੱਖਰਾ ਵਿਸ਼ਾ ਹੈ ਕਿ ਸਾਨੂੰ ਕਿੰਨਾ ਕੁ ਤੇ ਕਦੋਂ ਆਪਣਾ ਇਹ ਪਰਵਾਰਕ ਪਿਆਰ ਦਿਖਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਬੱਚੇ ਵੀ ਆਮ ਕਨੇਡੀਅਨ/ਅਮਰੀਕਣ/ਜਾਂ ਯੂਰਪੀਅਨ ਬੱਚਿਆਂ ਵਾਂਗ ਅਜ਼ਾਦੀ ਨਾਲ਼ ਆਪਣੀ ਜ਼ਿੰਦਗੀ ਦੇ ਫੈਸਲੇ ਲੈ ਸਕਣ, ਪਰ ਸਾਨੂੰ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਸੀਰੀਅਲਾਂ ਦੇ ਸਾਜਕਾਂ ਜਾਂ ਨਿਰਮਾਤਿਆਂ ਨੂੰ ਐਨਾ ਕੁ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਸਾਡੇ ਪਰਿਵਾਰਾਂ ਨੂੰ ਜੇ ਜੋੜ ਕੇ ਰੱਖਣ ਵਿਚ ਜੇ ਸਾਡੀ ਸਹਾਇਤਾ ਨਹੀਂ ਕਰ ਸਕਦੇ ਤਾਂ ਨਾ ਸਹੀ, ਸਾਡੇ ਰਿਸ਼ਤਿਆਂ ਨੂੰ ਘੱਟੋ-ਘੱਟ ਤੋੜਨ ਦਾ ਯਤਨ ਤਾਂ ਨਾ ਕਰਨ।

ਕੋਈ ਵੀ ਸੀਰੀਅਲ ਲੈ ਲਓ, ਇਤਿਹਾਸਕ, ਸਮਾਜਿਕ, ਪਿਆਰ ਸਬੰਧਾਂ ’ਤੇ ਅਧਾਰਿਤ, ਲੋਕਯਾਨ ਦੀਆਂ ਕਹਾਣੀਆਂ ’ਤੇ ਅਧਾਰਿਤ ਜਾਂ ਮਿਥਿਹਾਸਕ, ਸਭ ਕਹਾਣੀਆਂ ਵਿਚ ਅਜਿਹੇ ਕਿਰਦਾਰ ਜ਼ਰੂਰ ਦਿਸਦੇ ਹਨ ਜੋ ਝੂਠ ਬੋਲਦੇ ਹਨ, ਚਾਲਾਂ ਚੱਲਦੇ ਹਨ ਅਤੇ ਝੂਠ ਨਾ ਬੋਲਣ ਵਾਲ਼ੇ ਇਨਸਾਨ ਨੂੰ ਕਮਲ਼ਾ, ਉੱਲੂ, ਮੂਰਖ ਜਾਂ ਸਿੱਧੜ ਸਿੱਧ ਕਰਦੇ ਹਨ। ਇਨ੍ਹਾਂ ਕਹਾਣੀਆਂ ਨੂੰ ਦੇਖਣ ਜਾਂ ਸੁਣਨ ਵਾਲ਼ਾ ਬੱਚਾ ਕਿਉਂ ਕਿਸੇ ਅਜਿਹੇ ਕਿਰਦਾਰ ਨੂੰ ਆਪਣਾ ਆਦਰਸ਼ ਮੰਨੇਗਾ ਜੋ ਝੂਠ ਤਾਂ ਨਹੀਂ ਬੋਲਦਾ ਪਰ ਜੋ ਸਾਡੀਆਂ ਸੱਭਿਆਚਾਰਕ ਕਹਾਣੀਆਂ ਵਿਚ ਕਿਸੇ ਵੀ ਸਤਿਕਾਰ ਦਾ ਹੱਕਦਾਰ ਨਹੀਂ ਦਰਸਾਇਆ ਹੁੰਦਾ। ਉਹ ਸਭ ਦੇ ਹਾਸਿਆਂ ਦਾ ਪਾਤਰ ਹੀ ਹੁੰਦਾ ਹੈ। ਕਈ ਵਾਰੀ ਤਾਂ ਇੰਨੀ ਹੱਦ ਕਰ ਦਿੱਤੀ ਜਾਂਦੀ ਹੈ ਕਿ ਲਿਖਾਰੀ/ਡਾਇਰੈਕਟਰ ਆਪ ਹੀ ਭੁੱਲ ਜਾਂਦੇ ਹਨ ਕਿ ਉਸ ਕਿਰਦਾਰ ਤੋਂ ਪਹਿਲਾਂ ਕਿਹੜਾ ਝੂਠ ਬੁਲਵਾਇਆ ਸੀ। ਆਮ ਡਰਾਮਿਆਂ ਵਿਚ ਹੀ ਇਹ ਗੱਲ ਬੜੇ ਜ਼ੋਰ ਨਾਲ਼ ਦਰਸਾਈ ਜਾਂਦੀ ਹੈ ਕਿ ਇਹ ਸਾਊ ਤੇ ਸਿੱਧਾ-ਸਾਦਾ ਕਿਰਦਾਰ (ਅੱਜ-ਕੱਲ੍ਹ ਚੱਲ ਰਹੇ ਸੀਰੀਅਲ ਪਰਵਰਿਸ਼ ਦੀ ਭੋਲ਼ੀ ਕੁੜੀ ਜੱਸੀ ਵਰਗਾ) ਝੂਠ ਬੋਲ ਕੇ ਆਪਣੇ ਘਰ-ਪਰਿਵਾਰ ਨੂੰ ਬਚਾਉਂਦਾ ਹੈ। ਹਾਲਾਂਕਿ ਉਹ ਇਹ ਕੰਮ ਬਿਨਾਂ ਝੂਠ ਬੋਲੇ ਵੀ ਅਰਾਮ ਨਾਲ਼ ਕਰ ਸਕਦੀ ਸੀ।

ਸ਼ਾਇਦ ਝੂਠ ਸਾਡੀ ਸੋਚ ਵਿੱਚ ਇੰਨਾ ਡੂੰਘਾ ਉੱਤਰ ਚੁੱਕਾ ਹੈ ਕਿ ਸਾਡੇ ਆਮ ਲਿਖਾਰੀਆਂ ਨੂੰ ਇਸ ਤੋਂ ਪਿੱਛਾ ਛੁਡਾਉਣਾ ਸੰਭਵ ਹੀ ਨਹੀਂ ਹੈ। ਝੂਠ ਬੋਲਣਾ ਤੇ ਫਿਰ ਇਹ ਕਹਿ ਕੇ ਉਸ ਝੂਠ ਨੂੰ ਸਹੀ ਠਹਿਰਾਉਣਾ ਕਿ ਕਿਸੇ ਦੇ ਭਲੇ ਲਈ ਬੋਲਿਆ ਝੂਠ, ਝੂਠ ਨਹੀਂ ਹੁੰਦਾ, ਸਗੋਂ ਸੱਚ ਤੋਂ ਵੀ ਚੰਗਾ ਹੁੰਦਾ ਹੈ। ਇਹ ਡਾਇਲਾਗ ਤਕਰੀਬਨ ਹਰ ਸੀਰੀਅਲ ਵਿਚ ਹੀ ਕਿਤੇ ਨਾ ਕਿਤੇ ਵਰਤਿਆ ਜਾਂਦਾ ਹੈ। ਵੈਸੇ ਸਾਡੇ ਸਮਾਜ ਵਿਚ ਇਹ ਗੱਲ ਵੀ ਪਰਚੱਲਤ ਹੈ ਕਿ ਸੌ ਵਾਰ ਬੋਲਿਆ ਝੂਠ ਸੱਚ ਹੀ ਬਣ ਜਾਂਦਾ ਹੈ। ਜਾਣੀ ਕਿ ਸੱਚ ਜਾਂ ਝੂਠ ਬੋਲਣ ਵਿਚ ਕੋਈ ਫਰਕ ਹੀ ਨਹੀਂ। ਸ਼ਾਇਦ ਇਸੇ ਲਈ ਸਾਡੇ ਧਾਰਮਿਕ ਠੇਕੇਦਾਰ ਤੇ ਸਿਆਸਤਦਾਨ ਹਰ ਰੋਜ਼ ਸੈਂਕੜੇ ਝੂਠ ਬੋਲਦੇ ਹਨ ਅਤੇ ਉਨ੍ਹਾਂ ਦੇ ਚਿਹਰਿਆਂ ਤੇ ਕਦੇ ਸ਼ਿਕਨ ਵੀ ਦੇਖਣ ਨੂੰ ਨਹੀਂ ਮਿਲਦਾ, ਕਿਉਂਕਿ ਉਹ ਜਾਣਦੇ ਹਨ ਕਿ ਜਨਤਾ ਪਾਗਲ ਤਾਂ ਹੈ ਹੀ ਜੋ ਸਾਨੂੰ ਝੂਠਿਆਂ ਨੂੰ ਮੁੜ ਮੁੜ ਕੇ ਆਪਣੇ ਲੀਡਰ ਆਪ ਸਥਾਪਿਤ ਕਰਦੀ ਹੈ। ਮੁੜ ਮੁੜ ਕੇ ਆਪਣੇ ਧਾਰਮਿਕ ਅਸਥਾਨਾਂ ਦੀ ਵਾਗਡੋਰ ਸਾਡੇ ਹੱਥਾਂ ਵਿਚ ਦਿੰਦੀ ਹੈ। ਜੇ ਤਾਂ ਇਹੀ ਵਰਤਾਰਾ ਅਸੀਂ ਚੱਲਦਾ ਰੱਖਣ ਵਿਚ ਦਿਲਚਸਪੀ ਰੱਖਦੇ ਹਾਂ ਫੇਰ ਤਾਂ ਠੀਕਹੈ ਚੱਲੀ ਜਾਣ ਦਿਓ ਇਸ ਘਪਲ਼ੇਬਾਜ਼ੀ ਨੂੰ, ਜੇ ਨਹੀਂ ਤਾਂ ਫਿਰ ਸਾਨੂੰ ਕਮਰਕੱਸੇ ਕੱਸ ਕੇ ਇਨ੍ਹਾਂ ਨੂੰ ਇਹ ਸੁਨੇਹਾ ਦੇਣਾ ਪੈਣਾ ਹੈ ਕਿ ਸਾਨੂੰ ਇਹ ਕੁੱਝ ਮਨਜ਼ੂਰ ਨਹੀਂ ਹੈ।

ਕਈ ਵਾਰੀ ਬਚਪਨ ਦਾ ਮਾਪਿਆਂ ਵੱਲੋਂ ਸਾਨੂੰ ਬੋਲਿਆ ਝੂਠ ਯਾਦ ਆਉਂਦਾ ਹੈ ਜੋ ਉਹ ਕਦੇ ਕਦੇ ਸਾਡੇ ਚੀਜ਼ ਮੰਗਣ ’ਤੇ ਸਾਡੇ ਨਾਲ਼ ਬੋਲਦੇ ਸਨ, ਸ਼ਾਇਦ ਉਨ੍ਹਾਂ ਨੂੰ ਵੀ ਉਹ ਝੂਠ ਬੋਲਣ ਦੀ ਜ਼ਰੂਰਤ ਨਹੀਂ ਸੀ। ਉਹ ਸਾਨੂੰ ਸਮਝਾ ਸਕਦੇ ਸਨ ਕਿ ਬੱਚੇ ਸਾਡੇ ਕੋਲ਼ ਅਜੇ ਇੰਨੇ ਪੈਸੇ ਨਹੀਂ ਜੋ ਅਸੀਂ ਇਹ ਚੀਜ਼ ਤੈਨੂੰ ਲੈ ਕੇ ਦੇ ਸਕੀਏ। ਸ਼ਾਇਦ ਅਸੀਂ ਬੱਚੇ ਵੀ ਇਹ ਗੱਲਾਂ ਸਮਝ ਸਕਦੇ ਸੀ, ਪਰ ਅੱਜ ਦੇ ਦੌਰ ਵਿਚ ਤਾਂ ਅਸੀਂ ਇਹ ਚੀਜ਼ ਅਜ਼ਮਾ ਕੇ ਦੇਖ ਸਕਦੇ ਹਾਂ। ਅਸੀਂ ਖ਼ੁਦ ਆਪਣੇ ਦੋ ਬੱਚਿਆਂ ਨਾਲ਼ ਇਹ ਚੀਜ਼ ਅਜਮਾ ਕੇ ਦੇਖੀ ਹੈ ਤੇ ਕਾਰਗਰ ਵੀ ਰਹੀ ਹੈ। ਮੇਰਾ ਆਪਣਾ ਵਿਚਾਰ ਇਹ ਹੈ ਕਿ ਸਾਨੂੰ ਬੱਚਿਆਂ ਨਾਲ਼ ਜਾਂ ਕਿਸੇ ਹੋਰ ਨਾਲ਼ ਵੀ ਝੂਠ ਬੋਲਣ ਦੀ ਲੋੜ ਨਹੀਂ ਹੈ। ਅਸੀਂ ਆਪਣੇ ਕੰਮ ਬਗੈਰ ਝੂਠ ਬੋਲੇ ਵੀ ਕਰ ਸਕਦੇ ਹਾਂ। ਜਿਸ ਕਿਸੇ ਨੇ ਵੀ ਇਹ ਅਖਾਉਤ ਬਣਾਈ ਹੈ, “ਇਮਾਨਦਾਰੀ ਸਭ ਤੋਂ ਵਧੀਆ ਨੀਤੀ ਹੈਬਿਲਕੁੱਲ ਸਹੀ ਹੈ। ਇਹਦੇ ਨਾਲ਼ ਘੱਟ ਤੋਂ ਘੱਟ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਨੇ ਤੇ ਰਿਸ਼ਤੇ ਵੀ ਵਿਗੜਦੇ ਨਹੀਂ ਹਨ।

ਕੀ ਅੱਜ-ਕੱਲ੍ਹ ਕੋਈ ਵੀ ਅਜਿਹਾ ਅਦਾਰਾ ਨਹੀਂ ਹੈ ਜੋ ਸਾਰਥਕ ਨੀਤੀਆਂ ਨੂੰ ਮੱਦੇ-ਨਜ਼ਰ ਰੱਖਦਾ ਹੋਇਆ ਅਜਿਹੇ ਲਿਖਾਰੀਆਂ ਨੂੰ ਬਣਦੀ ਸਲਾਹ ਜਾਂ ਫਿਟਕਾਰ ਦੇ ਸਕੇ? ਜਦੋਂ ਤੱਕ ਲੋਕਾਂ ਵੱਲੋਂ ਜਾਂ ਸਾਡੇ ਚਿੰਤਕਾਂ ਵੱਲੋਂ ਅਜਿਹੀ ਪੈਰਵਾਈ ਨਹੀਂ ਹੁੰਦੀ ਤੇ ਇਨ੍ਹਾਂ ਦੇ ਇਕੱਠੇ ਹੋ ਰਹੇ ਪੈਸੇ ਨੂੰ ਠੱਲ੍ਹ ਨਹੀਂ ਪੈਂਦੀ, ਓਦੋਂ ਤੱਕ ਇਹ ਵਰਤਾਰਾ ਇਵੇਂ ਹੀ ਚੱਲਦਾ ਰਹਿਣਾ ਹੈ। ਹੈਰਾਨੀ ਹੈ ਕਿ ਕਰਾਈਮ ਪੈਟਰੋਲਵਰਗਾ ਲੜੀਵਾਰ ਸੀਰੀਅਲ, ਜੋ ਅਜਿਹੀ ਸੇਧ ਵਾਲ਼ਾ ਹੈ ਉਹ ਵੀ ਚੱਲੀ ਜਾਂਦਾ ਹੈ ਅਤੇ ਉਸਦੇ ਨਾਲ਼ ਨਾਲ਼ ਇਹ ਨਕਾਰਾ ਸੀਰੀਅਲ ਵੀ। ਲਗਦਾ ਏ ਸਾਨੂੰ ਆਮ ਜਨਤਾ ਨੂੰ ਹੀ ਅਜਿਹਾ ਕੂੜ-ਪਰਚਾਰ ਕਰ ਰਹੇ ਸੀਰੀਅਲਾਂ ਵਿਰੁੱਧ ਇਕੱਠੇ ਹੋ ਕੇ ਕਾਰਵਾਈ ਕਰਨੀ ਪੈਣੀ ਹੈ। ਇਨ੍ਹਾਂ ਕਰੂਰ ਸੀਰੀਅਲਾਂ ਦਾ ਹੋਰ ਕਰੂਰ ਕਾਰਨਾਮਾ ਇਹ ਹੈ ਕਿ ਵਾਹ ਲਗਦੇ ਇਹ ਆਪਣੇ ਕਿਰਦਾਰਾਂ ਦੀ ਸਫ਼ਲਤਾ ਦੀ ਕਹਾਣੀ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦੇ ਲੇਖੇ ਲਾ ਲਾ ਦਿਖਾਉਂਦੇ ਹਨ ਜਿਵੇਂ ਕਿ ਰੱਬ ਜਾਂ ਉਸਦੇ ਏਜੰਟ ਉਨ੍ਹਾਂ ਦੇ ਕੰਮ ਕਰਦੇ ਹੋਣ। ਸਾਨੂੰ ਸੁਚੇਤ ਹੋ ਕੇ ਅਜਿਹੇ ਕੰਮਾਂ ਨੂੰ ਪਛਾੜਨ ਦੀ ਲੋੜ ਹੈ ਤਾਂ ਜੋ ਸਾਡੇ ਭੋਲ਼ੇ-ਭਾਲ਼ੇ ਬੱਚੇ ਸਾਡੇ ਸੱਭਿਆਚਾਰ ਦੇ ਨਰੋਏ ਪੱਖਾਂ ਨੂੰ ਮਾਣ ਸਕਣ ਤੇ ਉਸ ਤੇ ਮਾਣ ਮਹਿਸੂਸ ਕਰ ਸਕਣ।

*****

(196)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਜਸਵਿੰਦਰ ਸੰਧੂ

ਡਾ. ਜਸਵਿੰਦਰ ਸੰਧੂ

Brampton, Ontario, Canada.
Email: (jaswindersandhu@rogers.com)