RakeshRaman8ਉਸਦੀਆਂ ਕਈ ਪੁਸਤਕਾਂ ਸਰਹੱਦੋਂ ਪਾਰ ਲਹਿੰਦੇ ਪੰਜਾਬ ਵਿੱਚ ...
(10 ਨਵੰਬਰ 2019)

 

HardevChauhanA2ਪੰਜਾਬ ਸਰਕਾਰ ਦੁਆਰਾ ਅੱਜ ਸਾਡੇ ਬਾਲ ਸਾਹਿਤਕਾਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਰੌਸ਼ਨੀ ਵਿੱਚ 550 ਅੰਤਰਰਾਸ਼ਟਰੀ ਸਨਮਾਨਯੋਗ ਹਸਤੀਆਂ ਨਾਲ ਸਨਮਾਨਿਤ ਕਰਕੇ ਇਸ ਵੱਡੇ ਲੇਖਕ ਦੀ ਸਾਹਿਤਕ ਘਾਲਣਾ ਅਤੇ ਪੰਜਾਬੀ ਬਾਲ ਸਾਹਿਤ ਨੂੰ ਉਚੇਚਾ ਮਾਣ ਬਖਸ਼ਿਆ ਜਾ ਰਿਹਾ ਹੈ ...।

ਹਰਦੇਵ ਚੌਹਾਨ ਨੂੰ ਕਦੀ ਬਹੁਤ ਨੇੜੀਓ ਤੱਕਣ ਦਾ ਮੌਕਾ ਮਿਲੇਗਾ, ਉਸ ਨਾਲ ਜ਼ਿੰਦਗੀ ਦੇ ਬਹੁਤ ਸਾਰੇ ਕਿਰਮਚੀ ਪਲ ਸਾਂਝੇ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ, ਅਜਿਹਾ ਕਦੇ ਮੈਂ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। ਢਾਈ ਕੁ ਦਹਾਕੇ ਪਹਿਲਾਂ ਹਰਦੇਵ ਚੌਹਾਨ ਨੂੰ ਮਿਲਣ ਦਾ ਵੀ ਇੱਕ ਅਜੀਬ ਇਤਫਾਕ ਸੀ।

ਮੇਰੇ ਜਿਗਰੀ ਯਾਰ ਮਰਹੂਮ ਗੁਲਜ਼ਾਰ ਮੁਹੰਮਦ ਗੌਰੀਆ ਨੇ ਮੈਂਨੂੰ ਕਿਹਾ ਸੀ ਕਿ ਆਪਾਂ ਡੀ ਪੀ ਆਈ ਦਫਤਰ, ਚੰਡੀਗੜ੍ਹ ਚੱਲਣਾ ਹੈ, ਉੱਥੇ ਕਿਸੇ ਜ਼ਰੂਰੀ ਕੰਮ ਦੇ ਸਿਲਸਿਲੇ ਵਿੱਚ ਹਰਦੇਵ ਚੌਹਾਨ ਨੂੰਮਿਲਣਾ ਹੈ। ਨਾਲ ਹੀ ਉਹਨੇ ਇਹ ਵੀ ਕਿਹਾ ਸੀ, “ਤੂੰ ਚੌਹਾਨ ਨੂੰ ਤਾਂ ਜਾਣਦਾ ਹੀ ਹੋਵੇਂਗਾ?”

ਮੈਂ ‘ਹਾਂ’ ਵਿੱਚ ਜਵਾਬ ਦੇ ਦਿੱਤਾ। ਪਰ ਜਦੋਂ ਡੀ ਪੀ ਆਈ ਦਫਤਰ ਵਿੱਚ ਗੁਲਜ਼ਾਰ ਨੇ ਮੈਂਨੂੰ ਉਸ ਸ਼ਖਸ ਨੂੰ ਮਿਲਾਇਆ, ਜਿਸ ਨੂੰ ਅਸੀਂ ਮਿਲਣ ਆਏ ਸਾਂ, ਤਾਂ ਦੇਖ ਕੇ ਹੈਰਾਨੀ ਦੇ ਨਾਲ ਸ਼ਰਮਿੰਦਗੀ ਵੀ ਹੋਈ ਕਿਉਂਕਿ ਇਹ ਤਾਂ ਉਹ ਚੌਹਾਨ ਨਹੀਂ ਸੀ, ਜਿਸਨੂੰ ਜਾਣਦੇ ਹੋਣ ਦਾ ਮੈਂ ਦਾਅਵਾ ਕੀਤਾ ਸੀ। ਦਰਅਸਲ, ਆਪਣੇ ਭਾਣੇ ਤਾਂ ਮੈਂ ਗੁਰਦੇਵ ਚੌਹਾਨ ਨੂੰ ਮਿਲਣ ਨਿੱਕਲਿਆ ਸੀ ... ਜਿਵੇਂ ਕੋਲੰਬਸ ਭਾਰਤ ਪਹੁੰਚਣ ਲਈ ਕਿਸੇ ਅੰਨ੍ਹੀ ਯਾਤਰਾ ਉੱਤੇ ਨਿਕਲਿਆ ਹੋਵੇ ... ਉਹ ਭੁੱਲਿਆ, ਭਟਕਿਆ ਖਜ਼ਾਨੇ ਭਰਪੂਰ ਅਮਰੀਕਾ ਪਹੁੰਚ ਗਿਆ।

ਇਉਂ ਮੈਂ ਵੀ ਮਨ ਵਿੱਚ ਧਾਰੇ ਕਵੀ ਗੁਰਦੇਵ ਚੌਹਾਨ ਦੀ ਥਾਂ ਹਰਦੇਵ ਚੌਹਾਨ ਕੋਲ ਪਹੁੰਚ ਗਿਆ ਤੇ ਮੈਂਨੂੰ ਵੀ ਬਾਲ-ਸਾਹਿਤ ਦਾ ਖਜ਼ਾਨਾ ਲੱਭ ਪਿਆ।

ਮੈਂ ਚੰਡੀਗੜ੍ਹ ਜਦੋਂ ਵੀ ਗਿਆ, ਹਰਦੇਵ ਚੌਹਾਨ ਨੂੰ ਹਮੇਸ਼ਾ ਮਿਲਦਾ ਰਿਹਾ ਹਾਂ। ਜਦੋਂ ਵੀ ਉਸ ਕੋਲ ਜਾਂਦਾ ਉਹਦੇ ਬੈਗ ਵਿੱਚ ਕੁਝ ਬਾਲ ਕਹਾਣੀਆਂ ਅਤੇ ਕਵਿਤਾਵਾਂ ਹੁੰਦੀਆਂ। ਬੜੀ ਰੀਝ ਨਾਲ ਉਹਦੀਆਂ ਕਹਾਣੀਆਂ ਦਾ ਸਰੋਤਾ ਬਣਦਾ ਸਾਂ। ਸੈਕਟਰ 17 ਵਿਖੇ ਅਮਰ ਗਿਰੀ, ਦੇਵ ਭਾਰਦਵਾਜ ਅਤੇ ਮੋਹਨ ਭੰਡਾਰੀ ਦੀ ਹਾਜ਼ਰੀ ਦੌਰਾਨ ਆਪਣੀਆਂ ਕਹਾਣੀਆਂ ਵਿੱਚ ਸਾਡੀ ਗਹਿਰੀ ਦਿਲਚਸਪੀ ਦੇਖ ਕੇ ਉਹ ਰਾਏ ਲੈਣ ਲਈ ਚਾਹ ਪੀਂਦਿਆਂ, ਆਪਣੇ ਦਫਤਰ ਦੀਆਂ ਚਾਰ ਮੰਜ਼ਲੀ ਪੌੜੀਆਂ ਚੜ੍ਹਦਿਆਂ, ਆਪੂ ਉਸਾਰੇ ਕਿਤਾਬਾਂ ਦੇ ਮੰਦਰ ਵਿੱਚ ਬੈਠਿਆਂ, ਇੱਥੋਂ ਤੱਕ ਕਿ ਲਾਗਲੇ ਪੋਸਟ ਆਫਿਸ ਦੀ ਕੈਂਟੀਨ ਵਾਲੀ ਲਿਫ਼ਟ ਵਿੱਚ ਵੀ ਕੋਈ ਨਾ ਕੋਈ ਕਹਾਣੀ, ਕਵਿਤਾ ਛੋਹੀ ਰੱਖਦਾ ਸੀ। ਹੱਥਲੇ ਸਮੇਂ ਨੂੰ ਕਦੀ ਵੀ ਵਿਅਰਥ ਨਹੀਂ ਸੀ ਜਾਣ ਦਿੰਦਾ।

ਚਿੜੀ-ਜਨੌਰ ਉਹਦੀਆਂ ਕਹਾਣੀਆਂ ਦੇ ਸਜਿੰਦ ਪਾਤਰ ਹੁੰਦੇ ਹਨ। ਚੌਹਾਨ ਉਨ੍ਹਾਂ ਰਾਹੀਂ ਨੀਤੀ ਕਥਾਵਾਂ ਦਾ ਅਦਭੁੱਤ ਸੰਸਾਰ ਸਿਰਜ ਲੈਂਦਾ ਹੈ। ਉਸਦੀਆਂ ਕਹਾਣੀਆਂ ਦੇ ਚਿੜੀ-ਜਨੌਰ ਮਨੁੱਖ ਲਈ, ਸਮਾਜ ਲਈ ਦਰਪਣ ਦੇ ਸਮਾਨ ਹੁੰਦੇ ਹਨ। ਹੁਣ ਹਰਦੇਵ ਚੌਹਾਨ ਨਾਲ ਮੇਰਾ ਮੇਲ, ਮਿਲਾਪ ਭਾਵੇਂ ਘਟ ਗਿਆ ਹੈ, ਪਰ ਉਹਦੀ ਮੌਲਿਕ ਅਤੇ ਕਰਤਾਰੀ ਪ੍ਰਤਿਭਾ ਸਦਾ ਮੇਰੇ ਅੰਗ-ਅੰਗ ਰਹਿੰਦੀ ਹੈ।

ਮਹਾ ਵਿਦਵਾਨ ਡਾ. ਹਜ਼ਾਰੀ ਪ੍ਰਸਾਦ ਦਿਵੇਦੀ ਦਾ ਕਥਨ ਹੈ ਕਿ ‘ਸੀਧੀ ਲਕੀਰ ਖੀਂਚਨਾ ਬਹੁਦ ਟੇਢਾ ਕਾਮ ਹੈ’। ਇਸੇ ਤਰ੍ਹਾਂ ਓਪਰੀ ਨਜ਼ਰੇ ਸਰਲ ਅਤੇ ਸਹਿਲ ਜਿਹਾ ਜਾਪਣ ਵਾਲਾ ਬਾਲ ਸਾਹਿਤ ਰਚਣਾ ਵੀ ਕੋਈ ਆਸਾਨ ਕਾਰਜ ਨਹੀਂ। ਮਿਆਰੀ ਬਾਲ ਸਾਹਿਤ ਸਿਰਜਣ ਵਾਲਾ ਲੇਖਕ ਇੱਕ ਤਰ੍ਹਾਂ ਨਾਲ ਬਾਲ-ਮਨੋਵਿਗਿਆਨੀ ਹੁੰਦਾ ਹੈ। ਹਰਦੇਵ ਚੌਹਾਨ ਵੀ ਬਾਲ ਸਾਹਿਤ ਸਿਰਜਦਿਆਂ ਇੱਕ ਗਹਿਰ, ਗੰਭੀਰ ਬਾਲ ਮਨੋਵਿਗਿਆਨੀ ਦੀ ਭੂਮਿਕਾ ਵਿੱਚ ਵਿਚਰ ਰਿਹਾ ਹੁੰਦਾ ਹੈ। ਉਸ ਨੇ ਬਾਲ ਮਨ ਨੂੰ ਟੁੰਬ ਕੇ ਉਨ੍ਹਾਂ ਦੇ ਵਿਅਕਤੀਤਵ ਦੀ ਉਸਾਰੀ ਲਈ ਸਾਹਿਤ ਦੀਆਂ ਲਗਭਗ ਸਾਰੀਆਂ ਸਿਨਫ਼ਾਂ ਵਿੱਚ ਦਰਜਨਾਂ ਪੁਸਤਕਾਂ ਲਿਖੀਆਂ ਹਨ। ਇੱਥੋਂ ਤੱਕ ਕਿ ਉਸਨੇ ਪਹਿਲੀ ਵਾਰ ਨਿਵੇਕਲੀਆਂ ਅਤੇ ਬਹੁ ਦਿਸ਼ਾਈ ਬਾਲ-ਪਹੇਲੀਆਂ ਦੀ ਰਚਨਾ ਵੀ ਕੀਤੀ, ਜਿਹੜੀਆਂ ਬਾਲ ਮਨਾਂ ਨੂੰ ਚੁਸਤ-ਫੁਰਤ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ।

ਪਹਿਲੀ ਜਨਵਰੀ 1955 ਅੰਮ੍ਰਿਤਸਰ ਵਿਖੇ ਪੁਲੀਸ ਅਫਸਰ ਸੂਰਤ ਸਿੰਘ ਦੇ ਘਰ ਜਨਮਿਆ ਅਤੇ ਸਾਡੇ ਮਕਬੂਲ ਕਹਾਣੀਕਾਰ ਅਤੇ ਕਵੀ ਗੁਲ ਚੌਹਾਨ ਦਾ ਛੋਟਾ ਭਾਈ ਹਰਦੇਵ ਚੌਹਾਨ ਹੁਣ ਤੱਕ 34 ਉਮਦਾ ਬਾਲ ਸਾਹਿਤ ਪੁਸਤਕਾਂ ਦੀ ਰਚਨਾ ਕਰ ਚੁੱਕਾ ਹੈ। ਇਹ ਪੁਸਤਕਾਂ ਪੰਜਾਬੀਤੋਂ ਇਲਾਵਾ ਹਿੰਦੀ, ਗੁਜਰਾਤੀ ਅਤੇ ਸ਼ਾਹਮੁਖੀ ਵਿੱਚ ਪਾਕਿਸਤਾਨ ਵਿੱਚ ਵੀ ਪ੍ਰਕਾਸ਼ਿਤ ਹੋਈਆਂ ਹਨ। ਕਿੱਤੇ ਵਜੋਂ ਉਸ ਨੇ ਅੰਮ੍ਰਿਤਸਰ ਵਿਖੇ ਸਰਕਾਰੀ ਸੇਵਾ ਬਤੌਰ ਪੰਜਾਬੀ ਅਧਿਆਪਕ ਸ਼ੁਰੂ ਕੀਤੀ ਸੀ। ਕਾਫੀ ਸਮਾਂ ਚੰਡੀਗੜ੍ਹ ਵਿਖੇ ਡੀ. ਪੀ. ਆਈ, ਕਾਲਜਿਜ਼ ਪੰਜਾਬ ਵਿਖੇ ‘ਸੰਪਾਦਕ’ ਪੁਸਤਕਾਂ ਦੇ ਅਹੁਦੇ ਉੱਤੇ ਤਾਇਨਾਤ ਰਹੇ ਤੇ ਪੰਜਾਬ ਦੀਆਂ ਜ਼ਿਲ੍ਹਾ ਲਾਇਬ੍ਰੇਰੀਆਂ ਰਾਹੀਂ ਪੁਸਤਕ-ਗਿਆਨ ਵੰਡਣ ਵਿੱਚ ਵੱਡਾ ਹਿੱਸਾ ਪਾਇਆ। ਸੇਵਾ ਦੇ ਆਖਰੀ ਸਾਲ ਸੈਕੰਡਰੀ ਸਕੂਲ ਦੇ ਪੰਜਾਬੀ ਲੈਕਚਰਾਰ ਵਜੋਂ ਸੇਵਾ ਨਿਵਿਰਤੀ ਹਾਸਲ ਕਰਨ ਉਪਰੰਤ ਅੱਜ ਕੱਲ੍ਹ ਉਹ ਸ਼ੌਕ ਵਜੋਂ ਪੰਜਾਬੀ ਟ੍ਰਿਬਿਊਨ ਅਖਬਾਰ ਲਈ ਸਾਹਿਤਕ ਰਿਪੋਰਟਰ ਦੀ ਸੇਵਾ ਵੀ ਨਿਭਾਅ ਰਹੇ ਹਨ।

ਹਰਦੇਵ ਚੌਹਾਨ ਦੇ ਅਤਿਅੰਤ ਸਰਗਰਮ ਸਾਹਿਤਕ ਜੀਵਨ ਅਤੇ ਉਸਦੀ ਸਪਰਪਿਤ ਭਾਵਨਾ ਨਾਲ ਕੀਤੀ ਸਰਕਾਰੀ ਅਤੇ ਸਾਹਿਤਕ ਸੇਵਾ ਨੂੰ ਕਈ ਮਾਨ, ਸਨਮਾਨ ਹਾਸਲ ਹੋਏ ਹਨ। ਸੀ.ਸੀ.ਆਰ.ਟੀ. ਭਾਰਤ ਸਰਕਾਰ ਨਵੀਂ ਦਿੱਲੀ ਦੁਆਰਾ ਰਾਸ਼ਟਰੀ ਅਧਿਆਪਕ ਪੁਰਸਕਾਰ ਪ੍ਰਾਪਤ ਹੋਇਆ। ਐੱਮਐੱਚਆਰਡੀ ਭਾਰਤ ਸਰਕਾਰ, ਨਵੀਂ ਦਿੱਲੀ ਦੁਆਰਾ ਰਾਸ਼ਟਰੀ ਜੂਨੀਅਰ ਫੈਲੋਸ਼ਿੱਪ ਮਿਲੀ ਜਿਸਦੇ ਤਹਿਤ ਉਨ੍ਹਾਂ ਨੇ ‘ਪੁਤਲੀ ਤਮਾਸ਼ਾ’ ਸਚਿੱਤਰ ਬਾਲ ਸਾਹਿਤ ਦੀ ਪੁਸਤਕ ਤਿਆਰ ਕੀਤੀ। ਐੱਨਸੀਈਆਰਟੀ, ਭਾਰਤ ਸਰਕਾਰ, ਨਵੀਂ ਦਿੱਲੀ, ਦੁਆਰਾ ਬਾਲ ਸਾਹਿਤ ਲਈ ਉਨ੍ਹਾਂ ਦੀ ਪੁਸਤਕ ‘ਚਤੁਰ ਚਿੰਤੋ ਅਤੇ ਭੁੱਖੜ ਭਾਲੂ’ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਪੰਜਾਬ ਦੁਆਰਾ ਉਨ੍ਹਾਂ ਦੀ ਪੁਸਤਕ ‘ਚਾਂਦੀ ਦਾ ਕੱਪ’ ਨੂੰ ਬਾਲ ਸਾਹਿਤ ਅਵਾਰਡ ਨਾਲ ਨਿਵਾਜਿਆ ਗਿਆ। ਹੋਰ ਤੇ ਹੋਰ, ਪੰਜਾਬ ਸਰਕਾਰ ਦੇ ਵੱਡ-ਵਡੇਰੇ ਸ਼੍ਰੋਮਣੀ ਬਾਲ ਸਾਹਿਤ ਪਰਰਸਕਾਰ ਨੂੰ ਵੀ ਉਹ ਆਪਣੀ ਝੋਲੀ ਵਿੱਚ ਪੁਆਈ ਬੈਠਾ ਹੈ।

ਹਰਦੇਵ ਚੌਹਾਨ ਦੁਆਰਾ ਰਚੇ ਸਾਹਿਤ ਵਿੱਚ ਉਹਦੇ ਬਾਲ ਨਾਵਲ, ਬਾਲ ਕਹਾਣੀਆਂ, ਬਾਲ ਖੇਡਾਂ, ਬਾਲ ਸਿਹਤ, ਸ਼ਬਦ ਪਹੇਲੀਆਂ ਆਦਿ ਦੀਆਂ ਪੁਸਤਕਾਂ ਵੀ ਹਨ। ਪ੍ਰਤੱਖ ਹੈ ਕਿ ਹਰਦੇਵ ਚੌਹਾਨ ਦਾ ਰਚਨਾ ਸੰਸਾਰ ਬਹੁਤ ਵਿਸ਼ਾਲ ਹੈ। ਇਹ ਉਸਦੀ ਬਾਲ ਸਾਹਿਤ ਸਿਰਜਣਾ ਦਾ ਹੀ ਕਮਾਲ ਹੈ ਕਿ ਉਸਦੀਆਂ ਕਈ ਪੁਸਤਕਾਂ ਸਰਹੱਦੋਂ ਪਾਰ ਲਹਿੰਦੇ ਪੰਜਾਬ ਵਿੱਚ ਸ਼ਾਹਮੁਖੀ ਲਿੱਪੀ ਵਿੱਚ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਹਰਦੇਵ ਚੌਹਾਨ ਦੁਆਰਾ ਲਿਖੀਆਂ ਕਹਾਣੀਆਂ ਦਾ ਬੁਨਿਆਦੀ ਪੈਟਰਨ ਭਾਵੇਂ ਰਵਾਇਤੀ ਬਾਲ ਕਹਾਣੀਆਂ ਵਾਲਾ ਹੈ, ਉਸ ਦੇ ਪਾਤਰ ਵੀ ਜ਼ਿਆਦਾਤਰ ਪੰਚਤੰਤਰ ਦੀਆਂ ਕਹਾਣੀਆਂ ਵਾਲੇ ਹੀ ਹਨ ਪਰ ਕਹਾਣੀਆਂ ਦੇ ਕਥਾਨਕ ਆਧੁਨਿਕ ਜੀਵਨ ਸ਼ੈਲੀ ਵਿੱਚ ਢਲੇ ਹੋਏ ਹਨ। ਇਸ ਕਾਰਨ ਹੀ ਇਹ ਸਾਡੇ ਸਮਕਾਲੀ ਬਾਲ ਪਾਠਕਾਂ ਨੂੰ ਓਪਰੇ ਅਤੇ ਰਹੱਸਮਈ ਸੰਸਾਰ ਵਿੱਚ ਵਿਚਰਣ ਵਾਲੇ ਪ੍ਰਤੀਤ ਨਹੀਂ ਹੁੰਦੇ। ਉਹ ਜਿੱਥੇ ਆਪਣੇ ਪਾਠਕਾਂ ਦੀ ਨਬਜ਼ ਬਾਖੂਬੀ ਪਕੜਨੀ ਜਾਣਦਾ ਹੈ, ਉੱਥੇ ਬਾਲ ਮਨਾਂ ਦੀਆਂ ਅਨੇਕਾਂ ਉਲਝਣਾ ਦਾ ਉਪਚਾਰ ਵੀ ਕਰਦਾ ਹੈ। ਪੰਜਾਬੀ ਬਾਲ ਸਾਹਿਤ ਦੇ ਇਸ ਚਮਕਦੇ ਸਿਤਾਰੇ ਨੂੰ ਸਲਾਮ ... ਸਲਾਮ ਕਿ ਉਸਨੇ ਪੰਜਾਬੀ ਬਾਲ ਸਾਹਿਤ ਨੂੰ ਵਿਸ਼ਵ ਪੱਧਰ ਦੀ ਪਛਾਣ ਬਖਸ਼ੀ ਹੈ।

ਸਾਨੂੰ ਖੁਸ਼ੀ ਹੈ ਕਿ ਪੰਜਾਬ ਸਰਕਾਰ ਦੁਆਰਾ ਅੱਜ ਸਾਡੇ ਬਾਲ ਸਾਹਿਤਕਾਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਰੌਸ਼ਨੀ ਵਿੱਚ 550 ਅੰਤਰਰਾਸ਼ਟਰੀ ਸਨਮਾਨਯੋਗ ਹਸਤੀਆਂ ਨਾਲ ਸਨਮਾਨਿਤ ਕਰਕੇ ਇਸ ਵੱਡੇ ਲੇਖਕ ਦੀ ਸਾਹਿਤਕ ਘਾਲਣਾ ਅਤੇ ਪੰਜਾਬੀ ਬਾਲ ਸਾਹਿਤ ਨੂੰ ਉਚੇਚਾ ਮਾਣ ਬਖਸ਼ਿਆ ਜਾ ਰਿਹਾ ਹੈ।

*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1804)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰੋ. ਰਾਕੇਸ਼ ਰਮਨ

ਪ੍ਰੋ. ਰਾਕੇਸ਼ ਰਮਨ

Email: (raman.mlp@gmail.com)
Phone: 91 - 98785 - 31166