AmritpalSamrala7ਪਲਾਸਟਿਕ ਜਿੱਥੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈਉੱਥੇ ...
(19 ਸਤੰਬਰ 2019)

 

ਪਲਾਸਟਿਕ ਸਾਡੇ ਦੇਸ਼ ਲਈ ਇੱਕ ਕੁਸ਼ਟ ਰੋਗ ਦੇ ਬਰਾਬਰ ਹੈ, ਜੋ ਸਾਡੇ ਵਾਤਾਵਰਨ ਅਤੇ ਧਰਤੀ ਹੇਠਲੇ ਪਾਣੀ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪਲਾਸਟਿਕ ਦੇ ਲਿਫਾਫੇ ਤੇ ਹੋਰ ਵਸਤਾਂ ਧਰਤੀ ਹੇਠਾਂ ਦਬਾ ਦਿੱਤੇ ਜਾਣ ਬਾਅਦ ਵੀ ਨਹੀਂ ਗਲ਼ਦੇ, ਸਗੋਂ ਸਾਲਾਂ ਬਾਅਦ ਵੀ ਜਿਉਂ ਦੇ ਤਿਉਂ ਹੀ ਬਾਹਰ ਕੱਢ ਕੇ ਦੇਖੇ ਜਾ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਲਾਸਟਿਕ ਜਿੱਥੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ, ਉੱਥੇ ਮਨੁੱਖਾਂ, ਜੀਵ-ਜੰਤੂਆਂ ਅਤੇ ਫ਼ਸਲਾਂ ਲਈ ਵੀ ਬਹੁਤ ਹਾਨੀਕਾਰਕ ਹੈ। ਮਨੁੱਖ ਦੀਆਂ ਗਲਤੀਆਂ ਕਾਰਨ ਲਾਵਾਰਿਸ ਘੁੰਮਦੇ ਪਸ਼ੂ ਆਪਣੀ ਭੁੱਖ ਸ਼ਾਂਤ ਕਰਨ ਲਈ ਅਕਸਰ ਇਨ੍ਹਾਂ ਪਲਾਸਟਿਕ ਲਿਫਾਫਿਆਂ ਨੂੰ ਖਾਂਦੇ ਦੇਖੇ ਜਾ ਸਕਦੇ ਹਨ, ਜਿਸ ਨਾਲ ਅਨੇਕਾਂ ਪਸ਼ੂਆਂ ਦੀ ਮੌਤ ਹੋਈ ਹੈ।

ਦੇਸ਼ ਵਿੱਚ ਜਿਉਂ ਹੀ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਉੱਤੇ ਰੋਕ ਲੱਗਣ ਦਾ ਫੁਰਮਾਨ ਸੁਣਿਆ ਤਾਂ ਦਿਲ ਨੂੰ ਬੜੀ ਤਸੱਲੀ ਮਿਲੀ ਕਿ ਚਲੋ ਇੱਥੋਂ ਦੇ ਹੁਕਮਰਾਨਾਂ ਵੱਲੋਂ ਕੋਈ ਫੈਸਲਾ ਤਾਂ ਕੁਦਰਤ ਅਤੇ ਵਾਤਾਵਰਨ ਬਚਾਉਣ ਦੇ ਹੱਕ ਵਿੱਚ ਲਿਆ ਗਿਆ ਹੈ। ਠੀਕ ਉਸੇ ਵਕਤ ਮੇਰਾ ਧਿਆਨ ਦੇਸ਼ ਦੀਆਂ ਵੱਡੀਆਂ ਕੰਪਨੀਆਂ ਦੀ ਤਰਫ਼ ਵੀ ਗਿਆ ਜਿਨ੍ਹਾਂ ਵੱਲੋਂ ਆਪਣੇ ਉਤਪਾਦ ਜਿਵੇਂ ਕਿ ਬਿਸਕੁਟ, ਸਨੈਕਸ, ਆਲੂ ਚਿਪਸ, ਨੂਡਲਜ਼, ਡਿਟਰਜੈਂਟ ਪਾਊਡਰ, ਘਿਓ, ਰਿਫਾਈਂਡ, ਬਰੈੱਡ, ਚਾਕਲੇਟ, ਟਾਫ਼ੀਆਂ ਸਮੇਤ ਹੋਰ ਅਨੇਕਾਂ ਵਸਤਾਂ ਪਲਾਸਟਿਕ ਲਿਫਾਫਿਆਂ ਵਿੱਚ ਪੈਕ ਕਰਕੇ ਵੇਚੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਕੋਲਡ ਡਰਿੰਕਸ ਤੇ ਪਾਣੀ ਦੀਆਂ ਬੋਤਲਾਂ ਵੀ ਪਲਾਸਟਿਕਨੁਮਾ ਹੁੰਦੀਆਂ ਹਨ, ਉਹ ਵੀ ਧੜੱਲੇ ਨਾਲ ਵਿਕ ਰਹੀਆਂ ਹਨ। ਹੋ ਸਕਦਾ ਹੈ ਸਾਡੇ ਦੇਸ਼ ਦਾ ਕਾਨੂੰਨ ਇਨ੍ਹਾਂ ਪਲਾਸਟਿਕ ਲਿਫਾਫਿਆਂ ਜਾਂ ਬੋਤਲਾਂ ਨੂੰ ਵਾਤਾਵਰਨ ਜਾਂ ਮਨੁੱਖਾਂ ਲਈ ਖ਼ਤਰਨਾਕ ਨਾ ਸਮਝਦਾ ਹੋਵੇ। ਇੱਕ ਸਾਇੰਸ ਵਿਦਿਆਰਥੀ ਅਨੁਸਾਰ ਕੁਝ ਵੀ ਵੇਚਣ ਸਮੇਂ ਦੁਕਾਨਦਾਰ ਜਿਸ ਲਿਫਾਫੇ ਵਿੱਚ ਸਮਾਨ ਪਾ ਕੇ ਗ੍ਰਾਹਕ ਨੂੰ ਦਿੰਦਾ ਹੈ, ਉਸ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਇਹ ਰੰਗਦਾਰ ਛਪੇ ਹੋਏ ਲਿਫਾਫੇ ਹੁੰਦੇ ਹਨ, ਜਿਨ੍ਹਾਂ ਵਿੱਚ ਸਮਾਨ ਪਹਿਲਾਂ ਤੋਂ ਹੀ ਬਰਾਂਡਿਡ ਕੰਪਨੀਆਂ ਵੱਲੋਂ ਪੈਕ ਤੇ ਸੀਲ ਕਰਕੇ ਭੇਜਿਆ ਗਿਆ ਹੁੰਦਾ ਹੈ।

ਕੋਈ ਪੰਜਾਬੀ ਵੀ ਇਸ ਕਾਰਵਾਈ ਦਾ ਵਿਰੋਧੀ ਨਹੀਂ ਕਿ ਕਿਉਂ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਆਮ ਦੁਕਾਨਦਾਰਾਂ ਉੱਤੇ ਲਿਫਾਫੇ ਵਰਤੇ ਜਾਣ ਸਬੰਧੀ ਸ਼ਿਕੰਜਾ ਕੱਸਿਆ ਗਿਆ ਹੈ। ਸਗੋਂ ਹਰ ਕੋਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਇਹ ਜਾਨਣ ਦਾ ਇੱਛੁਕ ਹੋਵੇਗਾ ਕਿ ਵੱਡੀਆਂ ਕੰਪਨੀਆਂ ਅਜਿਹਾ ਕਿਹੜਾ ਪਲਾਸਟਿਕ ਵਰਤਦੀਆਂ ਹਨ, ਜੋ ਕੁਦਰਤ ਅਤੇ ਇਨਸਾਨੀ ਜ਼ਿੰਦਗੀਆਂ ਲਈ ਸੁਰੱਖਿਅਤ ਹੈ? ਜੇਕਰ ਇਹ ਵੱਡੀਆਂ ਕੰਪਨੀਆਂ ਵਿੱਚ ਵਰਤਿਆ ਜਾਣ ਵਾਲਾ ਪਲਾਸਟਿਕ ਵੀ ਖ਼ਤਰਨਾਕ ਹੈ ਤਾਂ ਫਿਰ ਉਨ੍ਹਾਂ ਉੱਤੇ ਕਾਰਵਾਈ ਕਿਉਂ ਨਹੀਂ? ਸੂਬੇ ਦੇ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਅਧਿਕਾਰੀਆਂ ਵੱਲੋਂ ਦੁਕਾਨਾਂ ਉੱਤੇ ਜਾ ਕੇ ਛਾਪਾਮਾਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਜਿੱਥੇ ਕਿਤੇ ਵੀ ਕੋਈ ਦੁਕਾਨਦਾਰ ਪਲਾਸਟਿਕ ਲਿਫਾਫੇ ਵਰਤਦਾ ਹੈ, ਉਸ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਇਹ ਕਾਰਵਾਈ ਹੋਣੀ ਵੀ ਚਾਹੀਦੀ ਹੈ ਕਿਉਂਕਿ ਜੋ ਵੀ ਕਾਨੂੰਨੀ ਪ੍ਰਣਾਲੀ ਨੂੰ ਨਹੀਂ ਮੰਨੇਗਾ, ਉਹ ਦੋਸ਼ੀ ਅਖਵਾਏਗਾ ਤੇ ਸਜ਼ਾ ਦਾ ਹੱਕਦਾਰ ਹੋਵੇਗਾ। ਇਲਾਕੇ ਦੇ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਕਾਨੂੰਨ ਸਭਨਾਂ ਲਈ ਸਾਂਝਾ ਹੈ ਤੇ ਇੱਕ ਸਾਰਤਾ ਵਾਲਾ ਰਵੱਈਆ ਅਪਣਾਉਂਦੇ ਹੋਏ ਸਰਕਾਰ ਅਤੇ ਪ੍ਰਸ਼ਾਸਨ ਸਾਰਿਆਂ ਉੱਤੇ ਇੱਕੋ ਜਿਹੀ ਬਣਦੀ ਕਾਰਵਾਈ ਕਰੇ, ਫਿਰ ਚਾਹੇ ਉਹ ਕਿਸੇ ਵੱਡੀ ਕੰਪਨੀ ਦਾ ਮਾਲਕ ਹੈ ਜਾਂ ਫਿਰ ਇੱਕ ਰੇਹੜੀ ਲਗਾ ਕੇ ਸਬਜ਼ੀਆਂ-ਫਲ ਵੇਚਣ ਵਾਲਾ ਆਮ ਇਨਸਾਨ। ਹਿਮਾਚਲ ਪ੍ਰਦੇਸ਼ ਨੇ ਵਿੱਚ ਤਾਂ ਪਿਛਲੇ ਲੰਮੇ ਸਮੇਂ ਤੋਂ ਪਲਾਸਟਿਕ ਲਿਫਾਫਿਆਂ ਉੱਤੇ ਪਾਬੰਦੀ ਲਗਾ ਰੱਖੀ ਹੈ। ਉੱਥੇ ਅਖ਼ਬਾਰੀ ਲਿਫਾਫੇ ਹੀ ਵਰਤੇ ਜਾ ਰਹੇ ਹਨ, ਪਰ ਵੱਡੀਆਂ ਕੰਪਨੀਆਂ ਦੇ ਉਤਪਾਦ ਉੱਥੇ ਵੀ ਬਾਕੀ ਦੇਸ਼ ਵਾਂਗ ਪਲਾਸਟਿਕ ਲਿਫਾਫਿਆਂ ਵਿੱਚ ਹੀ ਵੇਚੇ ਜਾ ਰਹੇ ਹਨ। ਸੋ ਉਮੀਦ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਗੱਲ ਨੂੰ ਗੰਭੀਰਤਾ ਨਾਲ ਲਏਗਾ ਅਤੇ ਪਲਾਸਟਿਕ ਵਰਤਣ ਵਾਲੀਆਂ ਧਨਾਢ ਕੰਪਨੀਆਂ ਉੱਤੇ ਵੀ ਸਖ਼ਤ ਕਾਰਵਾਈ ਕਰੇਗਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1740)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅੰਮ੍ਰਿਤਪਾਲ ਸਮਰਾਲਾ

ਅੰਮ੍ਰਿਤਪਾਲ ਸਮਰਾਲਾ

Samrala, Ludhiana, Punjab, India.
Phone: (91 - 95692 - 16001)