“ਅਚਾਨਕ ਮੇਰਾ ਪੈਰ ਐਕਸੀਲੇਟਰ ਤੋਂ ਚੁੱਕਿਆ ਗਿਆ ਤੇ ਕਾਰ ਦੀ ਸਪੀਡ ...”
(25 ਅਕਤੂਬਰ 2018)
ਰੋਜ਼ਾਨਾ ਦੇ ਰੁਝੇਵਿਆਂ ਤੋਂ ਜਦੋਂ ਇੱਕ ਦਿਨ ਮਨ ਉਕਤਾ ਜਿਹਾ ਗਿਆ ਤਾਂ ਦਿਲ ਕੀਤਾ ਕਿ ਕਿਸੇ ਪਾਸੇ ਘੁੰਮ ਆਈਏ। ਪਰ ਘੁੰਮਣ ਜਾਣ ਲਈ ਪ੍ਰੋਗਰਾਮ ਪਹਿਲਾਂ ਉਲੀਕਣਾ ਪੈਂਦਾ ਹੈ, ਜਦਕਿ ਮੇਰਾ ਮਨ ਅੱਜ ਹੀ ਉਤਾਵਲਾ ਸੀ। ਮਨ ਦੇ ਮਗਰ ਲੱਗਦਿਆਂ ਸਾਰੀਆਂ ਰਿਸ਼ਤੇਦਾਰੀਆਂ ’ਤੇ ਨਜ਼ਰ ਦੌੜਾਈ ਕਿ ਕਿਸ ਮਾਸੀ, ਚਾਚੀ, ਤਾਈ, ਭੂਆ, ਫੁੱਫੜ ਜਾਂ ਨਾਨਕੇ ਜਾਇਆ ਜਾਵੇ ਤਾਂ ਜੋ ਮਨ ਫਿਰ ਸਥਿਰ ਹੋ ਕੇ ਦੁਨੀਆਦਾਰੀ ਵਿਚ ਮਸਰੂਫ ਹੋ ਜਾਵੇ। ਅੱਗੋਂ ਸ਼੍ਰੀਮਤੀ ਜੀ ਕਹਿੰਦੇ, “ਮੈਂ ਤਾਂ ਨੀ ਕਿਸੇ ਰਿਸ਼ਤੇਦਾਰ ਦੇ ਜਾਣਾ ਬਿਨਾਂ ਬੁਲਾਏ ...।” ਮੈਂ ਹਾਰ ਕੇ ਮੋਬਾਇਲ ’ਤੇ ਉਂਗਲਾਂ ਮਾਰਨ ਲੱਗਾ। ਕੁਝ ਚਿਰ ਬਾਅਦ ਮੈਂ ਖੁਸ਼ੀ ਵਿਚ ਉੱਛਲਿਆ ਤੇ ਬੋਲਿਆ, “ਮੈਂ ਤਾਂ ਆਪਣੇ ਪੁਰਾਣੇ ਮਿੱਤਰ ਜੋਗੇ ਵਾਲੇ ਦਰਸ਼ਨ ਕੋਲ ਮਾਨਸਾ ਜਾ ਕੇ ਆਊਂ ...।”
ਸ਼੍ਰੀਮਤੀ ਜੀ ਬੋਲੇ, “ਅੱਜ ਤੁਹਾਨੂੰ ਹੋਇਆ ਕੀ ਆ? ਵਟਸਐਪ ’ਤੇ ਰੋਜ਼ਾਨਾ ਤਾਂ ਤੁਸੀਂ ਓਹਦੇ ਨਾਲ ਚੈਟ ਕਰਦੇ ਹੋ। ਫੋਨ ਕਰ ਕੇ ਗੱਲ ਕਰ ਲਓ ਜਾਂ ਵੀਡੀਓ ਕਾਲ ਕਰ ਲਓ ...।”
ਇਸ ਤੋਂ ਪਹਿਲਾਂ ਕਿ ਸ਼੍ਰੀਮਤੀ ਜੀ ਦੀ ਟਿੱਪਣੀ ਪੂਰੀ ਹੁੰਦੀ, ਮੈਂ ਦਰਸ਼ਨ ਨੂੰ ਫੋਨ ਮਿਲਾ ਕੇ ਆਪਣੇ ਆਉਣ ਦਾ ਸੁਨੇਹਾ ਦੇ ਚੁੱਕਾ ਸਾਂ।
ਉਕਤਾਏ ਮਨ ਨੇ ਹੀ ਮੈਨੂੰ ਇਸ ਦੁਨੀਆਦਾਰੀ ਦੇ ਝਮੇਲਿਆਂ ਤੋਂ ਉੱਪਰ ਉੱਠ ਕੇ ਉਸ ਮਿੱਤਰ ਨੂੰ ਮਿਲਣ ਦਾ ਰਾਹ ਖੋਲ੍ਹਿਆ, ਜੋ ਤਕਰੀਬਨ 32 ਸਾਲ ਪਹਿਲਾਂ ਕਾਲਜ ਵਿਚ ਮੇਰਾ ਹਮ-ਜਮਾਤੀ ਸੀ। ਮੈਂ ਇਸ ਹੋਣ ਵਾਲੀ ਅਚਾਨਕ ਮਿਲਣੀ ਬਾਰੇ ਸੋਚ ਕੇ ਅੰਦਰੋ-ਅੰਦਰੀ ਭਾਵੁਕ ਹੋ ਰਿਹਾ ਸਾਂ ਅਤੇ ਸ਼੍ਰੀਮਤੀ ਅਤੇ ਬੱਚੇ ਮੇਰੇ ਵੱਲ ਦੇਖ ਕੇ ਹੈਰਾਨ। ਸ਼ਾਇਦ ਆਪਣੀ ਥਾਂ ਸਾਰੇ ਸਹੀ ਸਨ।
ਮੈਂ ਆਪਣੇ ਬਣਾਏ ਪ੍ਰੋਗਰਾਮ ਮੁਤਾਬਿਕ ਸ਼ਾਮ 5 ਵਜੇ ਮਾਨਸਾ ਲਈ ਇੱਕਲਾ ਹੀ ਆਪਣੀ ਕਾਰ ’ਤੇ ਰਵਾਨਾ ਹੋ ਗਿਆ। ਜੁਲਾਈ ਦਾ ਮਹੀਨਾ ਸੀ, ਗਰਮੀ ਸਿਖਰਾਂ ’ਤੇ ਸੀ ਪਰ ਮਨ ਅੰਦਰੋਂ ਇਕ ਮਿੱਤਰ ਨੂੰ ਮਿਲਣ ਦੀ ਖੁਸ਼ੀ ਵਿਚ ਜਿਵੇਂ ਠੰਢਕਾਂ ਬਿਖੇਰ ਰਿਹਾ ਸੀ, ਗਦਗਦ ਹੋ ਰਿਹਾ ਸੀ। ਅਚਾਨਕ ਮੇਰਾ ਪੈਰ ਐਕਸੀਲੇਟਰ ਤੋਂ ਚੁੱਕਿਆ ਗਿਆ ਤੇ ਕਾਰ ਦੀ ਸਪੀਡ ਇਕਦਮ ਘਟ ਗਈ, ਜਦੋਂ ਮੇਰੇ ਦਿਲ ਦੇ ਕਿਸੇ ਕੋਨੇ ਵਿੱਚੋਂ ਆਵਾਜ਼ ਆਈ – ‘ਗੁਪਤਾ, ਯਾਰ ਕੀ ਤੇਰਾ ਇਸ ਤਰ੍ਹਾਂ ਮੱਲੋ-ਮੱਲੀ ਕਿਸੇ ਦਾ ਮਹਿਮਾਨ ਬਣਨਾ ਸ਼ੋਭਾ ਦੇਵੇਗਾ? ਦਰਸ਼ਨ ਦੇ ਘਰਵਾਲੀ ਅਤੇ ਬੱਚੇ, ਜੋ ਤੈਨੂੰ ਜਾਣਦੇ ਵੀ ਨਹੀਂ, ਜਿਨ੍ਹਾਂ ਤੈਨੂੰ ਕਦੇ ਦੇਖਿਆ ਵੀ ਨਹੀਂ, ਅਚਾਨਕ ਆਪਣੇ ਘਰ ਦੇਖ ਕੀ ਸੋਚਣਗੇ?’ ਮੈਂ ਕੋਲ ਪਈ ਪਾਣੀ ਦੀ ਬੋਤਲ ਚੁੱਕੀ ਤੇ ਦੋ ਘੁੱਟ ਪਾਣੀ ਪੀ ਕੇ ਖੁਦ ਹੀ ਬੁੜਬੜਾਇਆ, ‘ਕੁੱਝ ਵੀ ਹੋਵੇ, ਅੱਜ ਤਾਂ ਮਿੱਤਰਾਂ ਦਾ ਮਿਲਣ ਹੋ ਕੇ ਰਹੂ ਕਿਉਂਕਿ ‘ਕਮਾਏ ਹੋਏ ਦੋਸਤ ਵਿਛੜ ਗਏ, ਕਮਾਨੇ ਕੇ ਚੱਕਰ ਮੇਂ।’
ਮੈਂ ਪੂਰੇ ਛੇ ਵਜੇ ਮਾਨਸਾ ਵਿਚ ਦਾਖਲ ਹੋ ਰਿਹਾ ਸਾਂ। ਉਦੋਂ ਹੀ ਦਰਸ਼ਨ ਦਾ ਤੀਸਰਾ ਫੋਨ ਆਇਆ, “ ...ਮੈਂ ਰੇਲਵੇ ਫਾਟਕ ਕੋਲ ਖੜ੍ਹਾ ਹਾਂ ਤਾਂ ਜੋ ਤੈਨੂੰ ਘਰ ਲੱਭਣ ਵਿਚ ਪਰੇਸ਼ਾਨੀ ਨਾ ਹੋਵੇ।”
ਮੈਂ ਜਿਉਂ ਹੀ ਫਾਟਕ ਕਰਾਸ ਕੀਤਾ, ਖੱਬੇ ਪਾਸੇ ਮੇਰਾ ਮਿੱਤਰ ਦਰਸ਼ਨ ਆਪਣੀ ਐਕਟਿਵਾ ਲਈ ਖੜ੍ਹਾ ਸੀ।
ਮੈਂ ਗੱਡੀ ਪਾਸੇ ਲਾ ਕੇ ਜਿਉਂ ਹੀ ਉਸ ਨਾਲ ਹੱਥ ਮਿਲਾਇਆ ਤਾਂ ਉਸਨੇ ਮੈਨੂੰ ਖਿੱਚ ਕੇ ਸੀਨੇ ਨਾਲ ਲਾਉਂਦਿਆ ਕਿਹਾ, “ਵਾਹ ਓ ਗੁਪਤਾ, ਅੱਜ ਤਾਂ ਕਮਾਲ ਹੀ ਕਰ ਦਿੱਤੀ ... ਸ਼ੁੱਕਰ ਐ ਰੱਬ ਦਾ।”
ਫਿਰ ਅਸੀਂ ਉਨ੍ਹਾਂ ਭਾਵੁਕ ਪਲਾਂ ਨੂੰ ਸਾਂਭਦਿਆਂ ਘਰ ਪਹੁੰਚ ਗਏ। ਘਰ ਦੇ ਮੇਨ ਗੇਟ ’ਤੇ ਭਰਜਾਈ ਸਾਡਾ ਇੰਤਜ਼ਾਰ ਕਰ ਰਹੀ ਸੀ। ਮੈਂ ਆਪਣਾ ਨਿੱਘਾ ਸਵਾਗਤ ਦੇਖ ਕੇ ਖੁਸ਼ ਸਾਂ। ਦਰਸ਼ਨ ਦੇ ਦਰਸ਼ਨ ਕਰਕੇ ਮਨ ਸੋਚ ਰਿਹਾ ਸੀ ਕਿ ਮਾਨਸਾ ਆਉਣ ਦਾ ਫੈਸਲਾ ਬਿਲਕੁਲ ਸਹੀ ਸੀ। ਉਹ ਪੇਸ਼ੇ ਵਜੋਂ ਇੱਕ ਸਰਕਾਰੀ ਸਕੂਲ ਵਿੱਚ ਸਾਇੰਸ ਮਾਸਟਰ ਹੈ ਤੇ ਉਸਦੀ ਘਰਵਾਲੀ ਸਰਕਾਰੀ ਸਕੂਲ ਵਿਚ ਕਮਰਸ ਦੀ ਲੈਕਚਰਾਰ। ਅਸੀਂ ਚਾਹ-ਪਾਣੀ ਪੀਣ ਉਪਰੰਤ ਗੱਲਾਂ ਸਾਂਝੀਆਂ ਕਰਨੀਆਂ ਸ਼ੁਰੂ ਕੀਤੀਆਂ।
ਦਰਸ਼ਨ ਨੇ ਦੱਸਿਆ, “ਮੇਰੇ ਦੋ ਲੜਕੀਆਂ ਹੀ ਹਨ। ਲੜਕਾ ਨਾ ਹੋਣ ਕਾਰਨ ਮੈਂ ਤੇ ਤੇਰੀ ਭਰਜਾਈ ਕਈ ਸਾਲ ਟੈਨਸ਼ਨ ਵਿਚ ਰਹੇ ਪਰ ਫਿਰ ਅਖੀਰ ਰੱਬ ਦਾ ਭਾਣਾ ਮੰਨ ਲਿਆ। ਉਸ ਤੋਂ ਬਾਅਦ ਇਨ੍ਹਾਂ ਬੱਚੀਆਂ ਨੇ ਉਹ ਖੁਸ਼ੀ ਦਿੱਤੀ ਕਿ ਸਾਨੂੰ ਮੁੰਡੇ ਕੁੜੀ ਦਾ ਫਰਕ ਹੀ ਭੁਲਾ ਦਿੱਤਾ। ਵੱਡੀ ਬੇਟੀ ਦਿੱਲੀ ਵਿਚ ਰਹਿ ਕੇ ਐੱਮਬੀਬੀਐੱਸ ਕਰ ਰਹੀ ਹੈ, ਜੋ ਮੈਂ ਨਾ ਕਰ ਸਕਿਆ ਤੇ ਛੋਟੀ ਬੇਟੀ ਨੇ ਐੱਮਐੱਸਸੀ ਮੈਥ ਯੂਨੀਵਰਸਿਟੀ ਵਿੱਚੋਂ ਟੌਪ ਕੀਤਾ ਹੈ। ਅਜਿਹੀ ਲਾਇਕ ਔਲਾਦ ਰੱਬ ਸਭ ਨੂੰ ਦੇਵੇ ...।” ਇਹ ਕਹਿੰਦਿਆਂ ਹੋਇਆ ਦਰਸ਼ਨ ਭਾਵੁਕ ਹੋ ਗਿਆ ਤੇ ਮੈਂ ਉਸਦਾ ਹੱਥ ਆਪਣੇ ਹੱਥਾਂ ਵਿਚ ਲੈ ਲਿਆ। ਕਮਰੇ ਵਿਚ ਸੰਨਾਟਾ ਸੀ ਤੇ ਉਸ ਨੂੰ ਤੋੜਿਆ ਦਰਸ਼ਨ ਦੀ ਛੋਟੀ ਬੇਟੀ ਨੇ, ਜੋ ਹੁਣੇ ਹੀ ਟਿਊਸ਼ਨ ਤੋਂ ਵਾਪਸ ਆਈ ਸੀ।
ਦਰਸ਼ਨ ਤੋਂ ਵੀ ਵੱਧ ਮਿਲਣਸਾਰ ਸੁਭਾਅ ਭਰਜਾਈ ਅਤੇ ਭਤੀਜੀ ਦਾ ਸੀ। ਗੱਲਾਂ ਕਰਦੇ ਹੋਏ ਅਸੀਂ ਚਾਰੇ ਖਿੜਖਿੜਾ ਕੇ ਇਸ ਤਰ੍ਹਾਂ ਹੱਸ ਰਹੇ ਸਾਂ ਜਿਵੇਂ ਵਰ੍ਹਿਆਂ ਤੋਂ ਜਾਣਦੇ ਹੋਈਏ। ਸੁਹਾਵਣਾ ਮੌਸਮ ਦੇਖਦੇ ਹੋਏ ਰਾਤੀਂ ਖਾਣਾ ਖਾਣ ਤੋਂ ਬਾਅਦ ਚਾਰ ਮੰਜੇ ਛੱਤ ਉੱਤੇ ਹੀ ਡਾਹ ਲਏ। ਰਾਤੀਂ 12 ਵਜੇ ਤੱਕ ਗੱਲਾਂ ਚੱਲਦੀਆਂ ਰਹੀਆਂ। ਭਰਜਾਈ ਅਤੇ ਭਤੀਜੀ ਸਾਡੀਆਂ ਗੱਲਾਂ ਸੁਣ ਕੇ ਮਜ਼ੇ ਲੈ ਰਹੀਆਂ ਸਨ। ਮੈਂ ਤੇ ਦਰਸ਼ਨ ਗੱਲਾਂ ਕਰਦੇ ਰਹੇ ਕਿ ਕਿਵੇਂ ਅਸੀਂ ਇੱਕੋ ਮੈਡੀਕਲ ਗਰੁੱਪ ਵਿੱਚ ਐੱਸ ਡੀ ਕਾਲਜ ਬਰਨਾਲਾ ਵਿਚ ਪੜ੍ਹਦੇ ਸਾਂ।
ਪ੍ਰੈਕਟੀਕਲ ਦਾ ਗਰੁੱਪ ਵੀ ਸਾਡਾ ਇੱਕ ਸੀ। ਇੱਕੋ ਬੈਂਚ ’ਤੇ ਬੈਠਦੇ ਸਾਂ ਤੇ ਇੱਕਠੇ ਫਿਲਮ ਦੇਖਣ ਜਾਂਦੇ ਸਾਂ। ਲੋੜ ਪੈਣ ’ਤੇ ਇੱਕ ਦੂਜੇ ਦੀ ਹਾਜ਼ਰੀ ਵੀ ਬੋਲ ਦਿੰਦੇ ਸਾਂ। ਖੈਰ, ਉਸ ਜ਼ਿੰਦਗੀ ਦਾ ਆਪਣਾ ਹੀ ਮਜ਼ਾ ਸੀ। ਹੁਣ ਤਾਂ ਬਿਨਾਂ ਮਤਲਬ ਦੇ ਬੋਝ ਹੀ ਚਿਹਰੇ ’ਤੇ ਝੁਰੜੀਆਂ ਪਾਈ ਬੈਠੇ ਹਨ। ਗੱਲਾਂ-ਗੱਲਾਂ ਵਿਚ ਭਰਜਾਈ ਨੇ ਆਪਣੇ ਦਿਲ ਦੀ ਗੱਲ ਵੀ ਕਹਿ ਦਿੱਤੀ, “ਵੀਰ ਜੀ, ਮੈਂ ਤਾਂ ਝਕਦੀ ਸੀ ਕਿ ਪਹਿਲੀ ਵਾਰ ਆ ਰਹੇ ਹੋ, ਉਹ ਵੀ ਅਚਨਚੇਤ, ਪਤਾ ਨਹੀਂ ਕਿਹੋ ਜਿਹੇ ਸੁਭਾਅ ਦੇ ਹੋਵੋਗੇ ਪਰ ਲੱਗਦਾ ਈ ਨਹੀਂ ਕਿ ਤੁਸੀਂ ਪਹਿਲੀ ਵਾਰ ਮਿਲੇ ਹੋ। ਹੁਣ ਮੈਂ ਸੋਚਦੀ ਹਾਂ ਕਿ ਇਹ ਤੁਹਾਡੀ ਤਾਰੀਫ ਐਵੇਂ ਨਹੀਂ ਸੀ ਕਰਦੇ।” ਇਸ ਵਾਰ ਮੈਂ ਸਿਰਫ ਇੰਨਾ ਹੀ ਕਹਿ ਸਕਿਆ, “ਤਾਰੀਫ ਲਈ ਸ਼ੁਕਰੀਆ ਭਾਬੀ ਜੀ, ਤੇ ਤੁਹਾਡਾ ਇਸ ਤਰ੍ਹਾਂ ਸੋਚਣਾ ਵੀ ਜਾਇਜ਼ ਸੀ।”
ਹੁਣ ਨੀਂਦ ਨਾਲ ਅੱਖਾਂ ਬੋਝਲ ਹੋਣ ਦੀ ਤਾਕ ਵਿਚ ਹੀ ਸਨ ਕਿ ਮਿੰਨੀ-ਮਿੰਨੀ ਕਣੀ ਅਸਮਾਨ ਵਿੱਚੋਂ ਟਪਕਣ ਲੱਗ ਪਈ। ਸ਼ਾਇਦ ਪਰਮਾਤਮਾ ਦੋਂਹ ਮਿੱਤਰਾਂ ਦੇ ਪੁਨਰ ਮਿਲਣ ’ਤੇ ਖੁਸ਼ੀਆਂ ਬਿਖੇਰ ਰਿਹਾ ਸੀ। ਅਸੀਂ ਸਾਰੇ ਹੇਠਾਂ ਕਮਰੇ ਵਿਚ ਜਾ ਕੇ ਪੈ ਗਏੇ। ਗੱਲਾਂ ਕਰਦਿਆਂ ਕਦੋਂ ਨੀਂਦ ਆ ਗਈ, ਇਹ ਤਾਂ ਯਾਦ ਨਹੀਂ ਪਰ ਅੱਖ ਸਵੇਰੇ ਸਭ ਦੀ ਅੱਠ ਵਜੇ ਹੀ ਖੁੱਲ੍ਹੀ। ਮੀਂਹ ਅਜੇ ਵੀ ਪੈ ਰਿਹਾ ਸੀ। ਅਸੀਂ ਤਿਆਰ ਹੋ ਕੇ ਨਾਸ਼ਤਾ ਕੀਤਾ ਪਰ ਪਰਮਾਤਮਾ ਚਾਹੁੰਦਾ ਸੀ ਕਿ ਅਸੀਂ ਦੋ ਘੰਟੇ ਹੋਰ ਗੱਲਾਂਬਾਤਾਂ ਕਰੀਏ। ਸ਼ਾਇਦ ਇਸੇ ਲਈ ਤਕਰੀਬਨ ਦਸ ਕੁ ਵਜੇ ਬਾਰਿਸ਼ ਰੁਕੀ।
ਮੈਂ ਵਾਪਸ ਆਉਣ ਦੀ ਇਜਾਜ਼ਤ ਲੈਣੀ ਚਾਹੀ ਤਾਂ ਮਾਹੌਲ ਹੀ ਬਦਲ ਗਿਆ ਕਿਉਂਕਿ ਅੱਖਾਂ ਚਾਰਾਂ ਦੀਆਂ ਨਮ ਸਨ। ਕੁਝ ਘੰਟਿਆਂ ਦੀ ਮੁਲਾਕਾਤ ਨੇ ਉਨ੍ਹਾਂ ਦਿਲਾਂ ਨੂੰ ਵੀ ਵਿਛੜਨ ਵੇਲੇ ਝੰਜੋੜ ਕੇ ਰੱਖ ਦਿੱਤਾ, ਜੋ ਕੱਲ੍ਹ ਤੱਕ ਰੂਹਾਂ ਦੇ ਵਾਕਿਫ ਤਕ ਨਹੀਂ ਸਨ। ਸ਼ਾਇਦ ਇਹੀ ਮਿੱਤਰਤਾ ਦੀ ਖੁਸ਼ਬੂ ਹੈ ਜੋ ਜ਼ਿੰਦਗੀ ਨੂੰ ਉਮਰ ਭਰ ਮਹਿਕਾਉਂਦੀ ਰਹਿੰਦੀ ਹੈ। ਫਿਰ ਮੇਰੇ ਮਿੱਤਰ ਦਰਸ਼ਨ ਨੇ ਮੈਨੂੰ ਘੁੱਟ ਕੇ ਗਲਵੱਕੜੀ ਵਿਚ ਲੈ ਲਿਆ। ਮੈਨੂੰ ਲੱਗਿਆ ਜਿਵੇਂ ਮੇਰਾ ਦਿਲ ਕਹਿ ਰਿਹਾ ਹੋਵੇ:
ਸਾਰੀ ਸ਼ਿਕਾਇਤੋਂ ਕਾ ਹਿਸਾਬ ਜੋੜ ਕਰ ਰੱਖਾ ਥਾ ਮੈਨੇ,
ਦੋਸਤ ਨੇ ਗਲੇ ਲਗਾਕਰ ਸਾਰਾ ਗਣਿਤ ਹੀ ਬਿਗਾੜ ਦੀਆ।
*****
(1362)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)