“ਤੂੰ ਹੁਣ ਮਲੇਰਕੋਟਲੇ ਸਰਕਾਰੀ ਕਾਲਜ ਵਿਚ ਸਾਇੰਸ ਵਾਲੀ ਬਾਰ੍ਹਵੀਂ ਵਿੱਚ ਦਾਖਲਾ ਲੈ ਲਾ ...”
(11 ਜੁਲਾਈ 2018)
ਭਰਾਵਾਂ ਨਾਲੋਂ ਅੱਡ ਹੋ ਕੇ ਨਵਾਂ ਘਰ ਬਣਾਉਣਾ ਕੋਈ ਸੌਖਾ ਕੰਮ ਨਹੀਂ ਸੀ ਮੇਰੇ ਬਾਪੂ ਜੀ ਵਾਸਤੇ। ਉਹ ਵੀ ਅਜਿਹੀ ਹਾਲਤ ਵਿੱਚ ਜਦੋਂ ਬਹੁਤ ਥੋੜ੍ਹੀ ਜਮੀਨ ਦੀ ਬਹੁਤ ਹੀ ਸੀਮਤ ਜਿਹੀ ਆਮਦਨ ਹੋਵੇ। ਕੁਝ ਮਹੀਨੇ ਪਿੰਡ ਵਿੱਚ ਖਾਲੀ ਪਏ ਕਿਸੇ ਦੇ ਘਰ ਵਿੱਚ ਰਹਿ ਕੇ ਆਪਣੇ ਖੇਤ ਵਿੱਚ ਹੀ ਤਿੰਨ ਕਮਰਿਆਂ ਤੇ ਇੱਕ ਬਰਾਂਡੇ ਵਾਲਾ ਘਰ ਬਣ ਗਿਆ। ਵੱਡੇ ਭਰਾ ਨੇ ਦਸਵੀਂ ਉਸੇ ਸਾਲ ਪਾਸ ਕੀਤੀ ਸੀ। ਭੈਣ ਪੰਜਵੀਂ ਪਾਸ ਕਰਕੇ ਬੇਬੇ ਜੀ ਨਾਲ ਹੱਥ ਵਟਾਉਣ ਲੱਗ ਪਈ ਸੀ। ਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਬਾਪੂ ਜੀ ਦੀ ਦਿਲੀ ਇੱਛਾ ਵੱਡੇ ਵੀਰ ਜੀ ਨੂੰ ਕਾਲਜ ਵਿੱਚ ਪੜ੍ਹਾਉਣ ਦੀ ਸੀ,ਪਰ ਇੱਕ ਧੋਖੇਬਾਜ ਤੇ ਲਾਲਚੀ ਬੰਦੇ ਦੇ ਬਾਹਰਲੇ ਦੇਸ਼ ਲਿਜਾਣ ਦੇ ਝਾਂਸੇ ਵਿੱਚ ਆ ਕੇ ਕਾਲਜ ਦੇ ਦਾਖਲਿਆਂ ਦੀ ਤਰੀਕ ਲੰਘਾ ਲਈ। ਬਾਪੂ ਜੀ ਨੇ ਝੱਟ ਫੈਸਲਾ ਕਰਕੇ ਵੀਰ ਜੀ ਨੂੰ ਨੇਵੀ ਵਿੱਚ ਭਰਤੀ ਕਰਵਾ ਦਿੱਤਾ। ਬਾਪੂ ਜੀ ਦੀ ਦਿਨ ਰਾਤ ਦੀ ਸਖ਼ਤ ਮਿਹਨਤ ਨਾਲ ਅਸੀਂ ਪੈਰਾਂ ਸਿਰ ਹੋ ਗਏ।
ਜਦੋਂ ਮੈਂ ਅੱਠਵੀਂ ਪਾਸ ਕੀਤੀ ਤਾਂ ਬਾਪੂ ਜੀ ਹਮੇਸ਼ਾ ਮੈਨੂੰ ਇੱਕੋ ਗੱਲ ਆਖਦੇ, “ਲੈ ਬਈ, ਹੁਣ ਦੱਬ ਕੇ ਪੜ੍ਹਿਆ ਕਰ, ਨਾਲੇ ਸਾਇੰਸ ਤੇ ਡਰਾਇੰਗ ਜਰੂਰ ਪੜ੍ਹਨੀ ਐਂ।”
ਮੈਂ ਪੁੱਛਣਾ ਕਿ ਸਾਇੰਸ ਤੇ ਡਰਾਇੰਗ ਹੀ ਕਿਉਂ? ਜਵਾਬ ਹੁੰਦਾ, “ਫੇਰ ਗਿੱਲਾਂ ਆਲੇ ਕਾਲਜ ਵਿਚ ਦਾਖਲਾ ਮਿਲ ਜਾਂਦੈ, ਜਿੱਥੋਂ ਓਵਰਸੀਰ ਬਣ ਕੇ ਨਿੱਕਲਦੇ ਐ। ਆਪਾਂ ਓਵਰਸੀਰ ਬਣਨੈ।”
ਮੈਂ ਇੰਨੇ ਨਾਲ ਹੀ ਖੁਸ਼ ਹੋ ਜਾਂਦਾ। ਸਕੂਲ ਹਾਇਰ ਸੈਕੰਡਰੀ ਸਕੂਲ (ਗਿਆਰਵੀਂ ਕਲਾਸ ਤੱਕ) ਸੀ। ਸਾਇੰਸ ਗਰੁੱਪ ਤਾਂ ਰੱਖ ਲਿਆ ਪਰ ਡਰਾਇੰਗ ਵਿਸ਼ਾ ਸਲੇਬਸ ਤੋਂ ਬਾਹਰ ਸੀ। ਹਾਇਰ ਸੈਕੰਡਰੀ ਪਾਸ ਕੀਤੀ ਤਾਂ ਬਾਪੂ ਜੀ ਕਹਿਣ ਲੱਗੇ, “ਅੱਜ ਕੱਲ੍ਹ ਓਵਰਸੀਰਾਂ ਨੂੰ ਵੀ ਕੋਈ ਨੀ ਪੁੱਛਦਾ। ਤੂੰ ਹੁਣ ਮਲੇਰਕੋਟਲੇ ਸਰਕਾਰੀ ਕਾਲਜ ਵਿਚ ਸਾਇੰਸ ਵਾਲੀ ਬਾਰ੍ਹਵੀਂ ਵਿੱਚ ਦਾਖਲਾ ਲੈ ਲਾ। ਬਾਰ੍ਹਵੀਂ ਤੋਂ ਪਿੱਛੋਂ ਐੱਸ.ਡੀ. ਓ ਵਾਲੇ ਕੋਰਸ ਵਿੱਚ ਦਾਖਲਾ ਮਿਲ ਜਾਂਦੈ।”
ਮੈਨੂੰ ਨਹੀਂ ਸੀ ਪਤਾ ਕਿ ਉਹ ਕਿੱਥੋਂ ਜਾਣਕਾਰੀ ਹਾਸਲ ਕਰਦੇ ਨੇ ਅਤੇ ਕਿਸ ਨਾਲ ਸਲਾਹ ਮਸ਼ਵਰਾ ਕਰਦੇ ਸਨ। ਮੈਨੂੰ ਸਿਰਫ਼ ਇਹ ਪਤਾ ਸੀ ਕਿ ਜਦੋਂ ਉਹ ਮੰਡੀ ਜਾਂਦੇ ਸਨ ਤਾਂ ਆਪਣੇ ਪਰਮ ਮਿੱਤਰ ਦੋ ਦੁਕਾਨਦਾਰਾਂ ਕੋਲ ਬੈਠੇ ਕਿੰਨਾ ਕਿੰਨਾ ਚਿਰ ਹੀ ਗੱਲਾਂ ਕਰਦੇ ਰਹਿੰਦੇ। ਛੋਟਾ ਹੁੰਦਾ ਜੇਕਰ ਮੈਂ ਕਦੇ ਉਹਨਾਂ ਨਾਲ ਸਾਈਕਲ ਦੇ ਪਿੱਛੇ ਬੈਠ ਕੇ ਮੰਡੀ ਜਾਂਦਾ ਤਾਂ ਮੈਂ ਉਹਨਾਂ ਨੂੰ ਗੱਲਾਂ ਕਰਦਿਆਂ ਨੂੰ ਦੇਖ ਕੇ ਹੈਰਾਨ ਹੋਇਆ ਇਹੀ ਸੋਚਦਾ ਰਹਿੰਦਾ ਕਿ ਇਹਨਾਂ ਨੂੰ ਐਨੀਆਂ ਗੱਲਾਂ ਕਿਵੇਂ ਔੜ੍ਹਦੀਆਂ ਨੇ। ਇੱਕ ਵਾਰੀ ਜਦੋਂ ਉਹਨਾਂ ਨੇ ਮੰਡੀਉਂ ਆ ਕੇ ਗੱਲਾਂ ਕਰਦੇ ਹੋਏ ਕਿਹਾ ਕਿ ਬੱਸ ਹੁਣ ਤਾਂ ਇੱਕ ਰੇਡੀਓ ਆਊਗਾ, ਜਿਸ ਵਿਚ ਬੋਲਣ ਵਾਲੇ ਦੀ ਫੋਟੋ ਵੀ ਆਇਆ ਕਰੂ, ਤਾਂ ਸਭ ਨੇ ਗੱਪ ਮੰਨਿਆ। ਲੋਕਾਂ ਨੂੰ ਤਾਂ ਹਾਲੇ ਤੱਕ ਰੇਡੀਓ ਹੀ ਗੁੰਝਲਦਾਰ ਬੁਝਾਰਤ ਲੱਗਦਾ ਸੀ। ਪੰਜਾਬੀ ਦੀ ਕਿਸੇ ਲਿਖਤ ਦੇ ਅੱਖਰ ਜੋੜ ਜੋੜ ਕੇ ਉਹ ਸ਼ਬਦ ਬਣਾ ਲੈਂਦੇ ਸਨ ਅਤੇ ਲੰਬੀ ਸਾਰੀ ਸਿੱਧੀ ਲਕੀਰ ਖਿੱਚ ਕੇ ਆਪਣਾ ਨਾਂ ‘ਮਹਿੰਦਰਸਿੰਘ’ ਲਿਖ ਲੈਂਦੇ ਸਨ। ਬੇਬੇ ਜੀ ਅਤੇ ਬਾਪੂ ਜੀ ਦੋਵੇਂ ਅਫਰੀਕਾ ਵਿੱਚ ਕੁਝ ਸਮਾਂ ਮੇਰੇ ਤਾਇਆ ਜੀ ਕੋਲ ਰਹਿ ਕੇ ਆਏ ਸਨ। ਕਦੇ ਕਦੇ ਉਹ ਉੱਥੋਂ ਦੀਆਂ ਗੱਲਾਂ ਕਿੰਨਾ ਕਿੰਨਾ ਚਿਰ ਸੁਣਾਈ ਜਾਂਦੇ। ਕਈ ਵਾਰ ਜਾਣ ਬੁੱਝ ਕੇ ਉਹ ਦੋਵੇਂ ਓਧਰਲੀ ਬੋਲੀ (ਜਿਸ ਨੂੰ ‘ਸਹੇਲੀ’ ਕਹਿੰਦੇ ਸਨ) ਵਿੱਚ ਗੱਲਾਂ ਕਰਨ ਲੱਗ ਜਾਂਦੇ ਤੇ ਸਾਡੇ ਪੱਲੇ ਕੱਖ ਨਾ ਪੈਂਦਾ।
ਭਾਵੇਂ ਬਾਪੂ ਜੀ ਨੂੰ ਇਸ ਸੰਸਾਰ ਵਿੱਚੋਂ ਅਲਵਿਦਾ ਹੋਇਆਂ ਬਹੁਤ ਵਰ੍ਹੇ ਬੀਤ ਗਏ ਹਨ ਅਤੇ ਮੈਂ ਖੁਦ ਵੀ ਬੀ.ਐੱਸ ਸੀ ਕਰਕੇ ਸਾਇੰਸ ਮਾਸਟਰ ਤੇ ਫੇਰ ਲੈਕਚਰਾਰ ਦੀ ਤੇਤੀ ਸਾਲ ਤੋਂ ਉੱਪਰ ਸੇਵਾ ਨਿਭਾਅ ਕੇ ਅੱਜ ਤੋਂ ਗਿਆਰਾਂ ਸਾਲ ਪਹਿਲਾਂ ਸੇਵਾ ਮੁਕਤ ਹੋ ਚੁੱਕਿਆਂ ਹਾਂ ਪਰ ਇਸ ਗੱਲ ਤੇ ਹੁਣ ਵੀ ਹੈਰਾਨੀ ਹੁੰਦੀ ਹੈ ਕਿ ਉਸ ਜ਼ਮਾਨੇ ਵਿੱਚ ਇੱਕ ਅਨਪੜ੍ਹ ਵਿਅਕਤੀ ਪੜ੍ਹੇ ਲਿਖਿਆਂ ਨੂੰ ਮਾਤ ਪਾਉਂਦਾ ਸੀ।
*****
(1224)