“ਸਾਰੀ ਪ੍ਰਯੋਗਸ਼ਾਲਾ ਵਿੱਚ ਇੱਕ ਦਮ ਗੈਸ ਫੈਲ ਗਈ। ਭਾਈ ਸਾਹਿਬ ਅਤੇ ਬੱਚੇ ਇੱਕ ਦਮ ਬਾਹਰ ਵੱਲ ਭੱਜ ਗਏ ...”
(10 ਫਰਬਰੀ 2018)
ਇਹ ਗੱਲ ਸਨ 1973-74 ਦੇ ਵਿੱਦਿਅਕ ਸੈਸ਼ਨ ਦੀ ਹੈ ਜਦੋਂ ਮੈਂ ਆਪਣੇ ਵਿਗਿਆਨ ਅਧਿਆਪਕ ਦੇ ਕਿੱਤੇ ਦੇ ਪਹਿਲੇ ਸਾਲ ਦੀ ਦਸਵੀਂ ਕਲਾਸ ਦੇ ਵਿਦਿਆਰਥੀਆਂ ਦਾ ਸਾਇੰਸ ਵਿਸ਼ੇ ਦਾ ਪ੍ਰੈਕਟੀਕਲ ਦਾ ਪੇਪਰ ਦਵਾ ਰਿਹਾ ਸੀ। ਪ੍ਰੀਖਿਅਕ ਕਾਫੀ ਸੀਨੀਅਰ ਅਧਿਆਪਕ ਸੀ। ਪਹਿਲੇ ਗਰੁੱਪ ਦਾ ਪ੍ਰੈਕਟੀਕਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸਨੇ ਵਿਦਿਆਰਥੀਆਂ ਨੂੰ ਕੁਝ ਸਖਤ ਸ਼ਬਦਾਂ ਨਾਲ ਘੂਰ ਦਿੱਤਾ ਅਤੇ ਫੇਰ ਇਕੱਲੇ ਇਕੱਲੇ ਵਿਦਿਆਰਥੀ ਨੂੰ ਵੱਖਰੇ ਵੱਖਰੇ ਪ੍ਰੈਕਟੀਕਲ ਅਲਾਟ ਕਰਕੇ ਪ੍ਰੈਕਟੀਕਲ ਦੀਆਂ ਕਾਪੀਆਂ ਆਪਣੇ ਕੋਲ ਰਖਾ ਲਈਆਂ। ਮੈਨੂੰ ਕੋਲ ਸੱਦ ਕੇ ਪੁੱਛਣ ਲੱਗਾ, “ਕਿਉਂ ਬਈ, ਪ੍ਰੈਕਟੀਕਲ ਕਰਵਾਏ ਵੀ ਐ ਕਿ ਊਈਂ ਸਾਰਤਾ?”
ਮੈਂ ਝੱਟ ਜਵਾਬ ਦਿੱਤਾ, “ਨਹੀਂ ਸਰ ਜੀ, ਸਾਰੇ ਪ੍ਰੈਕਟੀਕਲ ਇਹਨਾਂ ਨੇ ਆਪਣੇ ਹੱਥੀਂ ਆਪ ਕੀਤੇ ਹੋਏ ਆ।”
“ਅੱਛਾ! ਤਾਂ ਫੇਰ ਲੈ ਲਈਏ ਅਸਲੀ ਇਮਤਿਹਾਨ?” ਪ੍ਰੀਖਿਅਕ ਸਾਹਿਬ ਨੇ ਮੇਰੇ ਵੱਲ ਟੇਢਾ ਜਿਹਾ ਝਾਕਦੇ ਹੋਏ ਸਵਾਲ ਕੀਤਾ।
“ਹਾਂ ਜੀ, ਹਾਂ ਜਿਵੇਂ ਮਰਜ਼ੀ ਲਵੋ ਜੀ ਪੇਪਰ। ਵਧੀਆ ਤਿਆਰੀ ਕਰਵਾਈ ਹੋਈ ਐ।” ਮੈਂ ਬੜੇ ਭਰੋਸੇ ਨਾਲ ਜਵਾਬ ਦਿੱਤਾ।
“ਉਹ ਤਾਂ ਲੱਗ ਜੂ ਪਤਾ ...।” ਮੈਨੂੰ ਉਸਦੇ ਮੂੰਹੋਂ ਨਿੱਕਲੀ ਧੀਮੀ ਜਿਹੀ ਆਵਾਜ਼ ਸੁਣਾਈ ਦਿੱਤੀ ਪਰ ਮੈਂ ਇਸ ਨੂੰ ਬਹੁਤਾ ਗੌਲਿਆ ਨਾ। ਸਹਾਇਕ ਤਾਂ ਕੋਈ ਹੈ ਨਹੀਂ ਸੀ। ਮੈਂ ਸਾਰੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਦਾ ਸਮਾਨ ਖੁਦ ਵੰਡ ਕੇ ਹਟਿਆ ਤਾਂ ਉਸ ਸਾਹਿਬਾਨ ਨੇ ਮੈਨੂੰ ਝੱਟ ਆਪਣੇ ਕੋਲ ਸੱਦ ਲਿਆ। “ਆ ਜੋ ਬਹਿ ਜੋ ਮਾਸਟਰ ਜੀ, ਹੁਣ ਇਹਨਾਂ ਨੂੰ ਆਪੇ ਕਰਨ ਦਿਉੁ।”
ਮੈਨੂੰ ਮਹਿਸੂਸ ਹੋਇਆ ਕਿ ਉਹ ਮੇਰੇ ’ਤੇ ਸ਼ੱਕ ਕਰਦਾ ਹੈ ਕਿ ਕਿਧਰੇ ਮੈਂ ਕਿਸੇ ਬੱਚੇ ਦੀ ਮਦਦ ਨਾ ਕਰ ਦੇਵਾਂ। ਮੈਂ ਬੜਾ ਨਿਸਚਿੰਤ ਹੋ ਕੇ ਉਸਦੇ ਨਾਲ ਵਾਲੀ ਕੁਰਸੀ ’ਤੇ ਬੈਠ ਗਿਆ। ਥੋੜ੍ਹੀ ਬਹੁਤੀ ਵਾਕਫੀਅਤ ਕੀਤੀ। ਕੁੱਝ ਸਮੇਂ ਬਾਅਦ ਇੱਕ ਵਿਦਿਆਰਥੀ ਨੇ ਹਲਕਾ ਨਮਕ ਦਾ ਤੇਜ਼ਾਬ ਮੰਗ ਲਿਆ। ਮੈਂ ਉੱਠਣ ਲੱਗਿਆ ਤਾਂ ਭਾਈ ਸਾਹਿਬ ਨੇ ਮਨ੍ਹਾਂ ਕਰ ਦਿੱਤਾ। ਉਸ ਵਿਦਿਆਰਥੀ ਨੂੰ ਤੇਜ਼ਾਬ ਦੀ ਘਣਤਾ ਘੱਟ ਕਰਕੇ ਦੇਣੀ ਸੀ। ਮੈਨੂੰ ਹੁਕਮ ਹਇਆ ਕਿ ਮੈਂ ਤੇਜ਼ਾਬ ਉਹਨਾਂ ਕੋਲ ਲਿਆਵਾਂ ਅਤੇ ਹਲਕਾ ਉਸ ਨੂੰ ਉਹ ਖੁਦ ਕਰਨਗੇ। ਮੈਂ ਤੇਜ਼ਾਬ ਵਾਲੀ ਬੋਤਲ ਅਤੇ ਪਾਣੀ ਲਿਆ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤਾ। ਉਹਨਾਂ ਨੇ ਬੀਕਰ ਵਿੱਚ ਤੇਜ਼ਾਬ ਪਾ ਕੇ (ਮੇਰੇ ਰੋਕਦੇ ਰੋਕਦੇ) ਉਸ ਵਿੱਚ ਝੱਟ ਪਾਣੀ ਉਲੱਦ ਦਿੱਤਾ। (ਤੇਜ਼ਾਬ ਨੂੰ ਹਲਕਾ ਕਰਨ ਲਈ ਉਸ ਨੂੰ ਹਮੇਸਾ ਪਾਣੀ ਵਿੱਚ ਬਹੁਤ ਹੌਲੀ ਹੌਲੀ ਹਿਲਾਉਂਦੇ ਹੋਏ ਪਾਉਣਾ ਹੁੰਦਾ ਹੈ।) ਬੱਸ ਫੇਰ ਕੀ ਸੀ, ਬੀਕਰ ਵਿੱਚੋਂ ਤੇਜ਼ਾਬ ਉੱਬਲ਼ ਕੇ ਭਾਈ ਸਹਿਬ ਦੇ ਹੱਥ ’ਤੇ ਪੈ ਗਿਆ। ਮੈਂ ਝੱਟ ਉੱਠ ਕੇ ਅਮੋਨੀਆ(ਅਮੋਨੀਅਮ ਹਾਈਡਰੋਕਸਾਈਡ) ਚੁੱਕਣ ਲਈ ਭੱਜਿਆ ਤਾਂ ਕਿ ਉਸਦੇ ਹੱਥ ’ਤੇ ਤੇਜ਼ਾਬ ਦਾ ਅਸਰ ਘੱਟੋ ਘੱਟ ਹੋਵੇ। ਕਾਹਲੀ ਨਾਲ ਅਲਮਾਰੀ ਵਿੱਚ ਝੁਕ ਕੇ ਅਮੋਨੀਆ ਦੀ ਬੋਤਲ ਨੂੰ ਹੱਥ ਪਾਇਆ ਹੀ ਸੀ ਕਿ ਗਰਮੀ ਹੋਣ ਕਾਰਨ ਬੋਤਲ ਦਾ ਕਾਰਕ ਖੁੱਲ਼੍ਹ ਗਿਆ ਅਤੇ ਅਮੋਨੀਆ ਦਾ ਜ਼ੋਰਦਾਰ ਫੁਹਾਰਾ ਮੇਰੇ ਮੂੰਹ ਉੱਪਰ ਪੈ ਗਿਆ। ਸਾਰੀ ਪ੍ਰਯੋਗਸ਼ਾਲਾ ਵਿੱਚ ਇੱਕ ਦਮ ਗੈਸ ਫੈਲ ਗਈ। ਭਾਈ ਸਾਹਿਬ ਅਤੇ ਬੱਚੇ ਇੱਕ ਦਮ ਬਾਹਰ ਵੱਲ ਭੱਜ ਗਏ। ਮੈਂ ਵੀ ਪੂਰੇ ਜ਼ੋਰ ਨਾਲ ਦਰਵਾਜ਼ੇ ਵੱਲ ਨੂੰ ਭੱਜਿਆ ਪਰ ਮੈਨੂੰ ਦਿਸਣੋ ਬੰਦ ਹੋ ਗਿਆ। ਇੱਕ ਕਬੱਡੀ ਦੇ ਖਿਡਾਰੀ ਵਿਦਿਆਰਥੀ ਨੇ ਝੱਟ ਮੇਰੀ ਬਾਂਹ ਫੜ ਕੇ ਬਾਹਰ ਖਿੱਚ ਲਿਆ। ਮੈਂ ਨਾ ਦੇਖ ਸਕਦਾ ਸੀ ਨਾ ਬੋਲ ਸਕਦਾ ਸੀ ਅਤੇ ਸਾਹ ਵੀ ਔਖਾ ਆ ਰਿਹਾ ਸੀ। ਮੈਨੂੰ ਉਸ ਭਾਈ ਸਾਹਿਬ ਦੀ ਅਵਾਜ਼ ਸੁਣਾਈ ਦਿੱਤੀ। ਉਹ ਕਹਿ ਰਹੇ ਸਨ ਕਿ ਥੋੜ੍ਹਾ ਤੇਜ਼ਾਬ ਲਿਆਓ। ਮੈਂ ਸਮਝ ਗਿਆ ਅਤੇ ਇਸ਼ਾਰੇ ਨਾਲ ਮਨ੍ਹਾਂ ਕਰ ਦਿੱਤਾ। ਬਾਹਰ ਪਏ ਪਾਣੀ ਵਾਲੇ ਘੜੇ ਵਿੱਚੋਂ ਪਾਣੀ ਦੇ ਛਿੱਟੇ ਮਾਰਨ ਲਈ ਇਸ਼ਾਰਾ ਕੀਤਾ। ਲਗਾਤਾਰ ਪਾਣੀ ਪਾਉਣ ਨਾਲ ਮੈਨੂੰ ਕੁਝ ਰਾਹਤ ਮਹਿਸੂਸ ਹੋਈ। ਮੇਰਾ ਬੋਲ ਚੱਲ ਪਿਆ।
ਇੰਨੇ ਨੂੰ ਕੁੱਝ ਹੋਰ ਅਧਿਆਪਕ ਵੀ ਆ ਗਏ। ਮੈ ਉਹਨਾਂ ਨੂੰ ਨਿੰਬੂ ਲਿਆਉਣ ਲਈ ਕਿਹਾ। ਔਖੇ ਸੌਖੇ ਨਿੰਬੂ ਵਾਲਾ ਪਾਣੀ ਪੀਤਾ। ਸਕੂਲ ਬੱਸ ਅੱਡੇ ਦੇ ਕੋਲ ਹੀ ਸੀ। ਸਾਥੀ ਅਧਿਆਪਕਾਂ ਨੇ ਬਰਨਾਲੇ ਜਾਣ ਵਾਲੀ ਬੱਸ ਰੋਕ ਕੇ ਡਰਾਈਵਰ ਨੂੰ ਸਾਰੀ ਗੱਲ ਦੱਸ ਦਿੱਤੀ। ਮੈਂ ਬੱਸ ਵਿੱਚ ਬੈਠਾ ਮਨ ਵਿੱਚ ਸੋਚ ਰਿਹਾ ਸੀ, ‘ਲੈ ਮਿੱਤਰਾ ਤੂੰ ਬਚ ਤਾਂ ਗਿਆ ਪਰ ਅੰਨ੍ਹਾ ਤਾਂ ਪੱਕਾ ਹੋ ਹੀ ਗਿਆ।’
ਬੱਸ ਡਰਾਈਵਰ ਨੇ ਸਵਾਰੀਆਂ ਨੂੰ ਗੱਲ ਸਮਝਾ ਕੇ ਬੇਨਤੀ ਕਰ ਲਈ। ਉਸਨੇ ਬੱਸ ਸਿੱਧੀ ਬਰਨਾਲੇ ਜਾ ਕੇ ਹੀ ਰੋਕੀ। ਰਿਕਸ਼ੇ ’ਤੇ ਬਿਠਾ ਕੇ ਚੰਡੀਗੜ੍ਹੀਏ ਅੱਖਾਂ ਦੇ ਡਾਕਟਰ ਕੋਲ ਲਿਜਾਇਆ ਗਿਆ। ਡਾਕਟਰ ਨੇ ਮੈਥੋਂ ਪੁੱਛਗਿੱਛ ਕਰਕੇ ਲਗਾਤਾਰ ਦਵਾਈ ਪਾਉਣੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਦਿਖਾਈ ਦੇਣ ਬਾਰੇ ਪੁੱਛਦਾ ਰਿਹਾ। ਕੁਝ ਸਮੇਂ ਬਾਅਦ ਮੈਨੂੰ ਡਾਕਟਰ ਸਾਹਿਬ ਦਾ ਧੁੰਦਲਾ ਜਿਹਾ ਚਿਹਰਾ ਵਿਖਾਈ ਦਿੱਤਾ। ਮੈਂ ਝੱਟ ਡਾਕਟਰ ਨੂੰ ਦੱਸਿਆ।
“ਬਚ ਗਏ ਜੀ,ਜੇ ਥੋਹੜੀ ਹੋਰ ਦੇਰ ਹੋ ਜਾਂਦੀ ਤਾਂ ਮੁਸ਼ਕਿਲ ਸੀ।” ਡਾਕਟਰ ਦੇ ਮੂੰਹੋਂ ਇਹ ਸੁਣ ਕੇ ਮੈਨੂੰ ਹੌਸਲਾ ਹੋ ਗਿਆ। ਦੋ ਤਿੰਨ ਘੰਟੇ ਬਾਅਦ ਡਾਕਟਰ ਨੇ ਅੱਖਾਂ ਨੂੰ ਪੂਰੀ ਤਰ੍ਹਾਂ ਪੱਟੀਆਂ ਨਾਲ ਢਕ ਕੇ ਦੂਜੇ ਦਿਨ ਆਉਣ ਲਈ ਕਹਿ ਕੇ ਹਦਾਇਤ ਦਿੱਤੀ ਕਿ ਅੱਜ ਰਾਤ ਨੂੰ ਸੌਣਾ ਨਹੀਂ।
ਉਦੋਂ ਗੁਰਮੇਲ ਠੂਲੀਵਾਲ ਮੇਰੇ ਨਾਲ ਸੀ। ਅਸੀਂ ਇੱਕੋ ਕਮਰੇ ਵਿੱਚ ਇਕੱਠੇ ਰਹਿੰਦੇ ਸੀ। ਅਸੀਂ ਸਾਰੇ ਜਣੇ ਸ਼ਹਿਣੇ ਵਾਪਸ ਆ ਗਏ। ਅੱਧੀ ਰਾਤ ਤੱਕ ਨਾਲ ਦੇ ਅਧਿਆਪਕ, ਪਿੰਡ ਦੇ ਲੋਕ ਤੇ ਵਿਦਿਆਰਥੀ ਲਗਾਤਾਰ ਆਉਂਦੇ ਜਾਂਦੇ ਰਹੇ। ਅਖੀਰ ਮੈਂ ਤੇ ਗੁਰਮੇਲ ਇਕੱਲੇ ਰਹਿ ਗਏ। ਬੈਠੇ ਗੱਲਾਂ ਕਰਦੇ ਰਹੇ। ਕੁਝ ਚਿਰ ਬਾਅਦ ਮੈਂ ਗੁਰਮੇਲ ਨੂੰ ਕਿਹਾ ਕਿ ਤੂੰ ਅਰਾਮ ਕਰ ਲੈ ਮੈਨੂੰ ਤਾਂ ਪੱਟੀਆਂ ਕਰਕੇ ਵੈਸੇ ਵੀ ਨੀਂਦ ਨਹੀਂ ਆਉਣੀ। ਉਹ ਸੁੱਤਾ ਹੀ ਸੀ ਕਿ ਮੈਨੂੰ ਵੀ ਨੀਂਦ ਨੇ ਆ ਘੇਰਿਆ।
ਸਵੇਰ ਵੇਲੇ ਗੁਰਮੇਲ ਨੂੰ ਜਾਗ ਆਈ ਤਾਂ ਉਸਨੇ ਝੱਟ ਮੈਨੂੰ ਹਲੂਣ ਕੇ ਜਗਾਇਆ। ਉਹ ਡਰ ਗਿਆ ਸੀ। ਫਿਕਰ ਮੈਨੂੰ ਵੀ ਹੋ ਗਿਆ। ਚਾਹ ਦਾ ਘੁੱਟ ਪੀ ਕੇ ਅਸੀਂ ਸਵਖਤੇ ਹੀ ਬਰਨਾਲੇ ਵਾਲੀ ਬੱਸ ਫੜ ਕੇ ਡਾਕਟਰ ਕੋਲ ਪਹੁੰਚ ਗਏ ਅਤੇ ਡਾਕਟਰ ਨੂੰ ਸਾਰੀ ਸੱਚੀ ਗੱਲ ਦੱਸ ਦਿਤੀ। ਡਾਕਟਰ ਨੇ ਪੱਟੀਆਂ ਖੋਲ੍ਹ ਕੇ ਚੈੱਕ ਕੀਤਾ ਤਾਂ ਸਭ ਕੁਝ ਠੀਕ ਠਾਕ ਰਹਿ ਗਿਆ ਸੀ।
ਪੱਟੀ ਕਰਵਾ ਕੇ ਅਸੀਂ ਵਾਪਸ ਸਹਿਣੇ ਪਹੁੰਚ ਗਏ। ਪ੍ਰੀਖਿਅਕ ਭਾਈ ਸਾਹਿਬ ਦੂਸਰੇ ਦਿਨ ਆਪਣੇ ਚਿੱਤ ਦੀਆਂ ਚਿੱਤ ਵਿੱਚ ਰੱਖਦੇ ਹੋਏ ਇਕੱਲੇ ਹੀ ਪ੍ਰੈਕਟੀਕਲ ਦਾ ਤੁੱਥ ਮੁੱਥ ਕਰਕੇ ਚਲਦੇ ਬਣੇ।
*****
(1006)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)







































































































